ਗਰੀਬ ਕਿਸਾਨ ਦੀ ਬੇਟੀ ਨੇ ਬਣਾਈ ਭਾਰਤੀ ਮਹਿਲਾ ਕ੍ਰ&#26

[JUGRAJ SINGH]

Prime VIP
Staff member
ਨਵੀਂ ਦਿੱਲੀ- ਇਕ ਕਿਸਾਨ ਦੀ ਬੇਟੀ ਨੇ ਆਪਣੀ ਅਣਥੱਕ ਮਿਹਨਤ ਅਤੇ ਦ੍ਰਿੜ ਇਰਾਦੇ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ 'ਚ ਜਗ੍ਹਾ ਬਣਾ ਲਈ ਹੈ। ਇਸ ਹੋਣਹਾਰ ਖਿਡਾਰਨ ਦਾ ਨਾਂ ਹੈ ਸਨੇਹ ਰਾਣਾ ਅਤੇ ਉਹ ਦੇਹਰਾਦੂਨ ਦੀ ਰਹਿਣ ਵਾਲੀ ਹੈ। ਸਨੇਹ ਦੀ ਚੋਣ ਹਾਲ ਹੀ 'ਚ ਵਨ-ਡੇ ਤੇ ਟੀ-20 ਲਈ ਚੁਣੀ ਗਈ ਮਹਿਲਾ ਟੀਮ 'ਚ ਹੋਈ ਹੈ। ਸਨੇਹ ਨੇ ਪਹਿਲਾ ਵਨ-ਡੇ ਸ਼੍ਰੀਲੰਕਾ ਖਿਲਾਫ ਵਿਸ਼ਾਖਾਪਟਨਮ ਵਿਖੇ ਖੇਡਿਆ, ਜਿਸ 'ਚ ਸਨੇਹ ਨੇ ਬਤੌਰ ਗੇਂਦਬਾਜ਼ 6 ਓਵਰ ਸੁੱਟੇ, ਜਿਨ੍ਹਾਂ 'ਚੋਂ 4 ਮੇਡਨ ਸਨ। ਉਸ ਨੇ 7 ਦੌੜਾਂ ਦੇ ਕੇ ਇਕ ਵਿਕਟ ਲਈ। ਛੇਤੀ ਹੀ ਸਨੇਹ ਟੀਮ ਇੰਡੀਆ ਨਾਲ ਸ਼੍ਰੀਲੰਕਾ ਦੇ ਦੌਰੇ 'ਤੇ ਵੀ ਜਾਵੇਗੀ, ਜੋ ਉਸ ਦਾ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ।
ਸਨੇਹ ਜ਼ਿਲਾ ਦੇਹਰਾਦੂਨ ਦੇ ਪਿੰਡ ਸਿਨੋਲਾ ਦੀ ਰਹਿਣ ਵਾਲੀ ਹੈ। ਖੇਡਾਂ 'ਚ ਕੈਰੀਅਰ ਬਣਾਉਣ ਦੇ ਇਰਾਦੇ ਨਾਲ ਉਹ ਸ਼ੁਰੂਆਤੀ ਦੌਰ 'ਚ ਹਰਿਆਣਾ ਚਲੀ ਗਈ, ਫਿਰ ਉੱਥੋਂ ਉਹ ਪੰਜਾਬ ਸ਼ਿਫਟ ਹੋ ਗਈ, ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀ.ਸੀ.ਸੀ.ਆਈ) ਤੋਂ ਉਤਰਾਖੰਡ ਕ੍ਰਿਕਟ ਸੰਘ ਮਾਨਤਾ ਪ੍ਰਾਪਤ ਨਹੀਂ ਹੈ। ਅਜਿਹੇ 'ਚ ਇਸ ਸੰਘ 'ਚ ਖੇਡਣ 'ਤੇ ਵੀ ਸਨੇਹ ਨੂੰ ਟੀਮ ਇੰਡੀਆ 'ਚ ਨਾ ਤਾਂ ਮੌਕਾ ਮਿਲਦਾ ਅਤੇ ਨਾ ਹੀ ਉਸ ਦੇ ਹੁਨਰ ਦਾ ਕੋਈ ਮੁੱਲ ਪੈਂਦਾ।
ਕਈ ਮੁਸ਼ਕਲਾਂ ਸਾਹਮਣੇ ਆਈਆਂ
ਸਨੇਹ ਰਾਣਾ ਨੂੰ ਖੇਡ ਅਤੇ ਉਹ ਵੀ ਕ੍ਰਿਕਟ 'ਚ ਕੈਰੀਅਰ ਬਣਾਉਣ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੂੰ ਮਨਾਉਣ ਲਈ ਕਾਫੀ ਮਸ਼ੱਕਤ ਕਰਨੀ ਪਈ। ਸਨੇਹ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤੀ ਵਧੀਆ ਨਹੀਂ ਹੈ। ਉਸ ਦਾ ਪਿਤਾ ਕਿੱਤੇ ਤੋਂ ਕਿਸਾਨ ਹੈ, ਪਰ ਸਨੇਹ ਨੇ ਮਨ 'ਚ ਪੱਕਾ ਧਾਰ ਲਿਆ ਸੀ ਕਿ ਉਸ ਨੇ ਨੀਲੀ ਜਰਸੀ ਪਹਿਨ ਕੇ ਮੁਲਕ ਦਾ ਨਾਂ ਰੌਸ਼ਨ ਕਰਨਾ ਹੈ। ਉਹ ਦੇਹਰਾਦੂਨ 'ਚ ਆਪਣੀ ਕ੍ਰਿਕਟ ਅਕੈਡਮੀ ਤੱਕ ਪਹੁੰਚਣ ਲਈ ਰੋਜ਼ਾਨਾ 9 ਕਿ.ਮੀ ਸਾਈਕਲ ਚਲਾ ਕੇ ਜਾਂਦੀ ਸੀ। ਫਿਰ ਅਕੈਡਮੀ ਦੀ ਮਾਨਤਾ ਦੇ ਚੱਕਰ ਕਾਰਨ ਉਸ ਨੂੰ ਆਪਣਾ ਠਿਕਾਣਾ ਬਦਲਣਾ ਪਿਆ। ਪੰਜਾਬ ਪਹੁੰਚਣ ਤੋਂ ਬਾਅਦ ਆਪਣੇ ਪ੍ਰਦਰਸ਼ਨ ਦੇ ਦਮ 'ਤੇ ਸਨੇਹ ਅੰਡਰ-19 ਟੀਮ ਦੀ ਕਪਤਾਨ ਬਣ ਗਈ। ਘਰੇਲੂ ਟੂਰਨਾਮੈਂਟ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਛੇਤੀ ਹੀ ਚੋਣਕਰਤਾਂ ਦੀ ਨਜ਼ਰ ਉਸ 'ਤੇ ਪਈ।
ਆਪਣੇ ਹਾਲ ਹੀ ਦੇ ਪ੍ਰਦਰਸ਼ਨ ਬਾਰੇ ਸਨੇਹ ਨੇ ਕਿਹਾ ਕਿ ਮੈਂ ਫਿਲਹਾਲ ਆਪਣੀ ਗੇਂਦਬਾਜ਼ੀ 'ਤੇ ਪੂਰੀ ਤਰ੍ਹਾਂ ਧਿਆਨ ਦੇ ਰਹੀ ਹਾਂ। ਮੇਰਾ ਮਕਸਦ ਹੈ ਸ਼੍ਰੀਲੰਕਾ ਦੌਰੇ ਦੌਰਾਨ ਵਧੀਆ ਪ੍ਰਦਰਸ਼ਨ ਕਰਨਾ ਤਾਂ ਕਿ ਵਿਸ਼ਵ ਕੱਪ ਲਈ ਜਦੋਂ ਟੀਮ ਇੰਡੀਆ ਦੀ ਚੋਣ ਹੋਵੇ ਤਾਂ ਮੈਨੂੰ ਵੀ ਇਸ ਦਾ ਹਿੱਸਾ ਬਣਨ ਦਾ ਮੌਕਾ ਮਿਲੇ।
 
Top