ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰ

ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ ਉਧਾਰਾ
ਗਮ ਤੋਂ ਬਗੈਰ ਦਿਲ ਦਾ,ਹੁੰਦਾ ਨਾ ਹੁਣ ਗੁਜ਼ਾਰਾ

ਕਣਕਾਂ ਤੇ ਕੋਰੇ ਵਾਂਙਣ ,ਜੰਮੀ ਸੀ ਰਾਤ ਅੱਖੀਂ
ਪੱਤੇ ਤਾਂ ਗੀਤ ਹੋਏ ,ਪੌਣਾਂ ਜੋ ਲਿਆ ਹੁਲਾਰਾ

ਮੰਡੀ ਦਾ ਸੀ ਤਕਾਜ਼ਾ,ਕੱਖਾਂ ਦੇ ਵਾਂਙ ਰੁਲ ਗਏ
ਮੈਂ ਹਸਰਤਾਂ ਦਾ ਕੁੱਪ ਤੇ ਉਹ ਹੁਸਨ ਦਾ ਮੁਹਾਰਾ

ਰੁਲੇ ਸਾਮਰਾਜ- ਖੰਭੀਂ ਅਸਾਂ ਬਲਖ ਤੇ ਬੁਖਾਰੀਂ
ਸੰਸਾਰੀਕਰਣ ਖਾਧਾ,ਪਿਛੇ ਛੱਜੂ ਦਾ ਚੁਬਾਰਾ

ਗਜ਼ ਛਾਤੀਆਂ ਦੇ ਜੁੱਸੇ,ਹੁਣ ਚਿਬ ਗਏ ਨੇ ਕਰਜ਼ੀਂ
ਨਾਜ਼ੁਕ ਸਰੋਂ ਦੀ ਗੰਦਲ਼,ਸ਼ਾਹ-ਹਵਸ ਦਾ ਹੈ ਚਾਰਾ

ਇਸ ਜਨਮ ਵਿਚ ਮਿਲੇ ਵੀ,ਉਸ ਨੂੰ ਗੁਆ ਲਿਆ ਹੈ
ਜਨਮਾਂ ਦਾ ਕੌਣ ਸੋਚੇ,ਕਿਸ ਆਵਣਾ ਦੁਬਾਰਾ

ਮੇਰੀ ਪੈੜ ਦੀ ਸੀ ਮਿੱਟੀ,ਅੱਖਾਂ ਦਾ ਪਾਣੀ ਗੁੰਨਿਆ
ਹਰ ਰਾਸਤੇ ਨੂੰ ਰੋਕੇ,ਘੁਪ ਨ੍ਹੇਰਿਆਂ ਦਾ ਗਾਰਾ

ਢਹ ਢੇਰੀ ਹੋ ਗਿਆ ਹੈ ਹਰ ਅਹਦ ਮੇਰੇ ਦਿਲ ਦਾ
ਤੇਰੀ ਯਾਦ ਥੰਮਲੀ ਹੋਰ ਕੋਈ ਨਹੀਂ ਸਹਾਰਾ

ਹਰ ਕਾਰ ਵਿਚ ਹੈ ਮੋਹਰੀ,ਫਿਰ ਵੀ ਗ਼ੁਲਾਮ ਹੁਣ ਤਕ
ਔਰਤ ਦੇ ਗਲ ਪੰਜਾਲੀ,ਰੀਤਾਂ ਦਾ ਬੋਝ ਭਾਰਾ
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

dhanvad darshan veere................
 
Re: ਕੋਈ ਸੁਖ ਨਹੀਂ ਤੇ ਨਾ ਸਹੀ,ਇਕ ਦੁਖ ਹੀ ਦੇ

dhanvad darshan veere................
 
Top