ਉਦਾਸੀ ਸੰਪਰਦਾ ਦੇ ਬਾਨੀ – ਬਾਬਾ ਸ੍ਰੀਚੰਦ

ਬਾਬਾ ਸ੍ਰੀ ਚੰਦ ਦਾ ਪ੍ਰਕਾਸ਼ ਬਿਕ੍ਰਮੀ ਸੰਮਤ 1551 ਭਾਦੋਂ ਸੁਦੀ ਨੌਮੀ ਦੇ ਸ਼ੁੱਕਰਵਾਰ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਸੁਲਤਾਨਪੁਰ ਲੋਧੀ ਹੁਣ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਬਾਬਾ ਜੀ ਨੇ ਮੁੱਢਲੀ ਸਿੱਖਿਆ ਪੰਡਿਤ ਹਰਦਿਆਲ ਕੋਲੋਂ ਪ੍ਰਾਪਤ ਕੀਤੀ ਅਤੇ ਇਸ ਪਿੱਛੋਂ ਕਸ਼ਮੀਰ ਜਾ ਕੇ ਪੰਡਿਤ ਪਰਸ਼ੋਤਮ ਕੋਲੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕਸ਼ਮੀਰ ਵਿੱਚ ਹੀ ਉਦਾਸੀਨ ਮਹਾਂਪੁਰਸ਼ ਅਵਨਾਸੀ ਮੁਨੀ ਨੂੰ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਤੋਂ ਉਪਦੇਸ਼ ਗ੍ਰਹਿਣ ਕਰਕੇ ਜਗਤ ਉਧਾਰ ਕਰਨ ਲਈ ਤੁਰ ਪਏ।
ਉਸ ਸਮੇਂ ਮੁਗਲ ਬਾਦਸ਼ਾਹ, ਕਾਜ਼ੀ ਅਤੇ ਮੁਲਾਣੇ ਹਿੰਦੂ ਧਰਮ ’ਤੇ ਅੱਤਿਆਚਾਰ ਕਰ ਰਹੇ ਸਨ। ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਵਿਸ਼ੇਸ਼ ਉੱਦਮ ਕਰਦਿਆਂ ਧਰਮ ਪ੍ਰਚਾਰ ਦੇ ਪੰਜ ਕੇਂਦਰ ਸਥਾਪਿਤ ਕੀਤੇ। ਇਸ ਵਿੱਚ ਪਹਿਲਾ ਸਥਾਨ ਸ੍ਰੀਨਗਰ (ਕਸ਼ਮੀਰ ਵਿੱਚ), ਦੂਜਾ ਸਥਾਨ ਕਾਬੁਲ (ਅਫ਼ਗਾਨਿਸਤਾਨ), ਤੀਜਾ ਸਥਾਨ ਸੀਨਾ ਪ੍ਰਾਂਤ (ਪਿਸ਼ਾਵਰ), ਚੌਥਾ ਸਥਾਨ ਸਿੰਧ ਸੱਖ਼ਰ ਠੱਠਾ (ਹੁਣ ਪਾਕਿਸਤਾਨ) ਅਤੇ ਪੰਜਵਾਂ ਸਥਾਨ ਬਾਰਠ ਸਾਹਿਬ (ਗੁਰਦਾਸਪੁਰ) ਵਿੱਚ ਸਥਾਪਿਤ ਕੀਤੇ। ਉਸ ਸਮੇਂ ਦੌਰਾਨ ਮੁਗਲ ਬਾਦਸ਼ਾਹਾਂ ਨੇ ਜਿਹੜੇ ਮੰਦਿਰਾਂ ਨੂੰ ਬੰਦ ਕਰਵਾ ਦਿੱਤਾ ਸੀ, ਉਨ੍ਹਾਂ ਮੰਦਿਰਾਂ ਵਿੱਚ ਜਾ ਕੇ ਬਾਬਾ ਜੀ ਨੇ ਆਰਤੀਆਂ ਸ਼ੁਰੂ ਕਰਵਾਈਆਂ ਅਤੇ ਉਸ ਸਮੇਂ ਦੇ ਰਾਜਿਆਂ ਨੂੰ ਸਰਵ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।
ਇਸ ਉਪਰੰਤ ਉਹ ਬਾਰਠ ਸਾਹਿਬ, ਜੋ ਕਿ ਗੁਰਦਾਸਪੁਰ ਤੋਂ ਤਕਰੀਬਨ 22-23 ਕਿਲੋਮੀਟਰ ਦੀ ਦੂਰੀ ’ਤੇ ਪਠਾਨਕੋਟ ਮੁੱਖ ਸੜਕ ਦੇ ਸੱਜੇ ਪਾਸੇ ਵੱਲ ਹੈ, ਇਸ ਥਾਂ ਬਾਬਾ ਜੀ ਨੇ ਲਗਾਤਾਰ 62 ਸਾਲ ਤਪੱਸਿਆ ਕੀਤੀ। ਇੱਥੇ ਹੀ ਉਨ੍ਹਾਂ ਕੋਲ ਸਿੱਖ ਧਰਮ ਦੇ ਚਾਰ ਗੁਰੂ ਸਹਿਬਾਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਦਰਸ਼ਨ ਕਰਨ ਹਿੱਤ ਆਏ। ਇਸੇ ਸਥਾਨ ’ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਅਤੇ ਇਸੇ ਥਾਂ ’ਤੇ ਹੀ ਆਪ ਜੀ ਦੇ ਦਰਸ਼ਨ ਕਰਨ ਲਈ ਉਸ ਸਮੇਂ ਦਾ ਮੁਗ਼ਲ ਬਾਦਸ਼ਾਹ ਜਹਾਂਗੀਰ ਵੀ ਆਇਆ।
ਬਾਰਠ ਸਾਹਿਬ ਦੇ ਅਸਥਾਨ ਦੀ ਮੌਜੂਦਾ ਸਮੇਂ ਸ਼ਰਧਾਲੂਆਂ ਵਿੱਚ ਵੱਡੀ ਸ਼ਰਧਾ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਸ਼ਰਧਾਲੂ ਇਸ ਅਸਥਾਨ ਤੇ ਨਤਮਸਤਕ ਹੋਣ ਲਈ ਪੁੱਜਦੇ ਹਨ। ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਖ਼ਾਸ ਕਰਕੇ ਸੰਗਰਾਂਦ ਵਾਲੇ ਦਿਨ ਇਸ ਸਥਾਨ ’ਤੇ ਭਾਰੀ ਜੋੜ ਮੇਲਾ ਲੱਗਦਾ ਹੈ।
ਬਾਬਾ ਜੀ ਨੇ ਧਰਮ ਪ੍ਰਚਾਰ ਅਤੇ ਸਰਬ-ਸਾਂਝੀਵਾਲਤਾ ਦਾ ਪ੍ਰਚਾਰ ਕਰਨ ਲਈ ਉਦੋਂ ਬਾਬਾ ਗੁਰਦਿੱਤਾ ਜੀ, ਬਾਬਾ ਧਰਮ ਚੰਦ ਜੀ, ਬਾਬਾ ਬਾਲ ਰਾਏ ਜੀ, ਬਾਬਾ ਬੜਤੂ ਜੀ ਅਤੇ ਭਗਤ ਭਗਵਾਨ ਜੀ ਨੂੰ ਸਿੱਖਿਆ ਦੇ ਉਪਦੇਸ਼ ਦੇ ਕੇ ਵੱਖ-ਵੱਖ ਦਿਸ਼ਾਵਾਂ ਵੱਲ ਤੋਰਿਆ ਜਿਹਨਾਂ ਰਾਹੀਂ ਅੱਗੇ ਉਦਾਸੀਨ ਸੰਪ੍ਰਦਾਇ ਦਾ ਵਿਸਥਾਰ ਹੋਇਆ।
ਧਰਮ ਦਾ ਪ੍ਰਚਾਰ ਕਰਦੇ ਹੋਏ ਬਾਬਾ ਸ੍ਰੀ ਚੰਦ ਨੇ ਆਪਣੀ ਬਾਣੀ ’ਚ ਲਿਖਿਆ ਹੈ ਕਿ ਜਿਨ੍ਹਾਂ ਸਾਧੂਆਂ ਨੇ ਕਾਲੇ, ਚਿੱਟੇ, ਪੀਲੇ ਜਾਂ ਲਾਲ ਬਸਤਰ ਪਹਿਨੇ ਹੋਏ ਹਨ, ਉਹ ਸਾਡੇ ਗੁਰ-ਭਾਈ ਹਨ ਕਿਉਂਕਿ ਉਹ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਿਤ ਹਨ, ਪਰ ਧਰਮ ਦੇ ਨਾਲ ਨਾਲ ਨਾਮ-ਸਿਮਰਨ ਦਾ ਪ੍ਰਚਾਰ ਵੀ ਕਰਦੇ ਹਨ। ਕਿਹਾ ਜਾਂਦਾ ਹੈ ਕਿ ਬਾਬਾ ਜੀ ਪ੍ਰਚਾਰ ਕਰਦੇ ਹੋਏ ਚੰਬਾ (ਹਿਮਾਚਲ ਪ੍ਰਦੇਸ਼) ਚਲੇ ਗਏ, ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਐਰਾਵਤੀ ਨਦੀ ਪਾਰ ਕਰਦੇ ਹੋਏ ਕੈਲਾਸ਼ ਪਰਬਤ ’ਤੇ ਚਲੇ ਗਏ।
ਬਾਬਾ ਜੀ ਦੀ ਚਲਾਈ ਇਹ ਸੰਪਰਦਾ ‘ਉਦਾਸੀਨ ਭੇਖ ਮਹਾਂ ਮੰਡਲ’ ਵਜੋਂ ਜਾਣੀ ਜਾਂਦੀ ਹੈ। ਦੇਸ਼ ਤੋਂ ਇਲਾਵਾ ਬਾਹਰਲੇ ਕਈ ਮੁਲਕਾਂ ਵਿਚ ਵੀ ਉਨ੍ਹਾਂ ਦੇ ਉਦਾਸੀਨ ਡੇਰੇ ਕਾਇਮ ਹਨ, ਜੋ ਆਪਣੇ ਉਦਾਸੀਨ ਭੇਖ਼ ਵਿੱਚ ਰਹਿ ਕੇ ਧਰਮ ਦਾ ਪ੍ਰਚਾਰ ਕਰਦੇ ਹਨ। ਅੱਜ 30 ਅਗਸਤ ਨੂੰ ਉਨ੍ਹਾਂ ਦਾ 523 ਵਾਂ ਪ੍ਰਕਾਸ਼ ਦਿਹਾੜਾ ਉਨ੍ਹਾਂ ਦੇ ਸ਼ਰਧਾਂਲੂਆਂ ਅਤੇ ਹੋਰ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਪਿਆਰ ਨਾਲ ਦੇਸ਼ਾਂ ਤੇ ਵਿਦੇਸ਼ਾਂ ਵਿਚ ਮਨਾਇਆ ਜਾ ਰਿਹਾ ਹੈ।
 
Top