ਬਾਬਾ ਬੰਦਾ ਸਿੰਘ ਜੀ ਬਹਾਦਰ

ਬਾਬਾ ਬੰਦਾ ਸਿੰਘ ਜੀ ਬਹਾਦਰ

ਬਾਬਾ ਬੰਦਾ ਸਿੰਘ ਜੀ ਬਹਾਦਰ ਪਹਿਲੇ ਸਿੱਖ ਬਾਦਸ਼ਾਹ ਸਨ। ਸਭ ਤੋਂ ਪਹਿਲਾਂ ਸਿੱਖ ਰਾਜ ਉਨ੍ਹਾਂ ਨੇ ਹੀ ਕਾਇਮ ਕੀਤਾ ਸੀ। ਆਪ ਪੁੱਣਛ (ਕਸ਼ਮੀਰ) ਦੇ ਜੰਮ-ਪਲ ਸਨ। ਆਪ ਜੀ ਦਾ ਪਹਿਲਾ ਨਾਂਅ ਲਛਮਣ ਦਾਸ ਸੀ। ਇੱਕ ਵਾਰ ਆਪ ਜੀ ਨੇ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿੱਚ ਬੱਚੇ ਸਨ, ਜੋ ਬਾਬਾ ਜੀ ਦੀਆਂ ਅੱਖਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਬਾਬਾ ਜੀ ਨੂੰ ਇਸ ਗੱਲ ਦਾ ਐਨਾ ਦੁੱਖ ਲਗਿਆ ਕਿ ਆਪ ਜੀ ਬੈਰਾਗੀ ਬਣ ਗਏ।

ਹੁਣ ਆਪ ਜੀ ਦਾ ਨਾਂਅ ਮਾਧੋ ਦਾਸ ਬੈਰਾਗੀ ਸੀ। ਆਪ ਜੀ ਨੇ ਪਹਿਲਾਂ ਜਾਨਕੀ ਦਾਸ ਨੂੰ ਆਪਣਾ ਗੁਰੂ ਬਣਾਇਆ ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ। ਇਸ ਤਰ੍ਹਾਂ ਵਾਰੀ-ਵਾਰੀ ਦੋ ਹੋਰ ਗੁਰੂ ਬਣਾਏ ਪਰ ਕੋਈ ਵੀ ਆਪ ਨੂੰ ਸੱਚ ਸੁੱਖ ਨਾ ਦੇ ਸਕਿਆ, ਕਿਉਂਕਿ ਆਪ ਜੀ ਨੇ ਜੋ ਗੁਰੂ ਧਾਰਨ ਕੀਤੇ ਉਨ੍ਹਾਂ ਵਿੱਚੋਂ ਸੱਚਾ ਗੁਰੂ ਕੋਈ ਨਹੀਂ ਸੀ।

ਆਪ ਜੰਤਰਾ-ਮੰਤਰਾਂ ਦੇ ਚੱਕਰ ਵਿੱਚ ਪੈ ਗਏ। ਦੱਖਣ ਵਿੱਚ ਗੋਦਾਵਰੀ ਦੇ ਕੰਢੇ ਤੇ ਆਪ ਜੀ ਦਾ ਡੇਰਾ ਸੀ, ਕੁੱਝ ਚੇਲੇ ਵੀ ਇਕੱਠੇ ਕਰ ਲਏ। ਜੰਤਰਾਂ ਰਾਹੀਂ ਸੰਤਾਂ ਸਾਧਾਂ ਨੂੰ ਤੰਗ ਕਰਨਾ, ਉਨ੍ਹਾਂ ਦਾ ਮਜਾਕ ਉਡਾਉਣਾ ਆਪ ਦਾ ਨਿੱਤ ਦਾ ਕਰਮ ਬਣ ਗਿਆ ਇਸ ਤਰ੍ਹਾਂ ਲੋਕਾਂ ਨੂੰ ਆਪ ਦੀਆਂ ਰਿਧੀਆਂ ਦਾ ਕੋਈ ਲਾਭ ਨਹੀਂ ਸੀ, ਸਗੋਂ ਉਲਟਾ ਨੁਕਸਾਨ ਸੀ। ਲੋਕ ਸਹਿਮ ਅਤੇ ਡਰ ਕਾਰਨ ਆਪ ਦੀ ਮਾਨਤਾ ਕਰਦੇ ਸਨ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵਿੱਚ ਗੋਦਾਵਰੀ ਦੇ ਕੰਢੇ ਪਹੁੰਚੇ ਤਾਂ ਇਸ ਬੈਰਾਗੀ ਸਾਧ ਦੇ ਡੇਰੇ ਜਾ ਕੇ ਇਸ ਦੇ ਪਲੰਘ ਤੇ ਬੈਠ ਗਏ। ਇਨ੍ਹਾਂ ਦੇ ਚੇਲਿਆਂ ਨੇ ਬੜਾ ਜ਼ੋਰ ਲਾਇਆ ਕਿ ਪਲੰਘ ਉਲਟ ਜਾਵੇ ਪਰ ਸਫਲ ਨਾ ਹੋ ਸਕੇ। ਆਪ ਮਾਧੋ ਦਾਸ ਨੇ ਆ ਕੇ ਬਹੁਤ ਜੰਤਰ ਮੰਤਰ ਪੜ੍ਹੇ ਪਰ ਸਭ ਫੇਲ੍ਹ ਹੋ ਗਏ। ਗੁਰੂ ਜੀ ਦੇ ਸਾਹਮਣੇ ਉਨ੍ਹਾਂ ਦੀ ਪੇਸ਼ ਨਾ ਗਈ। ਹਾਰ ਕੇ ਚਰਨੀਂ ਡਿੱਗ ਪਏ ਤੇ ਕਹਿਣ ਲਗੇ ਗੁਰੂ ਜੀ ਮੈਂ ਤੁਹਾਡਾ ਬੰਦਾ ਹਾਂ। ਬੰਦੇ ਦਾ ਮਤਲਬ ਹੈ ਸੇਵਕ। ਇਸ ਤਰ੍ਹਾਂ ਉਹਨਾਂ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਸ਼ਹੂਰ ਹੋਇਆ।

ਗੁਰੂ ਸਾਹਿਬ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੱਖ ਬਣਾਇਆ। ਅੰਮ੍ਰਿਤ ਨੇ ਬਾਬਾ ਜੀ ਅੰਦਰ ਅਜਿਹੀ ਸ਼ਕਤੀ ਭਰ ਦਿੱਤੀ ਕਿ ਹੁਣ ਉਹ ਬੈਰਾਗੀ ਨਹੀਂ ਸੀ। ਹੁਣ ਉਸ ਦਾ ਕੰਮ ਲੋਕਾਂ ਨੂੰ ਡਰਾਉਣ ਦਾ ਨਹੀਂ ਸੀ। ਹੁਣ ਉਹ ਕਿਸੋ ਕੋਲੋਂ ਡਰਨ ਵਾਲਾ ਨਹੀਂ ਸੀ ਰਿਹਾ। ਹੁਣ ਉਹ ਸੂਰਬੀਰ ਅੰਮ੍ਰਿਤਧਾਰੀ ਸਿੰਘ ਸੀ।

ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਜੱਥੇਦਾਰ ਥਾਪਿਆ। ਪੰਜ ਸਿੰਘ ਉਹਨਾਂ ਦੇ ਸਲਾਹਕਾਰ ਨਿਯੁਕਤ ਕੀਤੇ ਗਏ। ਸ਼ਸਤਰ ਦੇ ਕੇ ਸਿੰਘਾਂ ਸਮੇਤ ਉਸ ਨੂੰ ਪੰਜਾਬ ਭੇਜਿਆ ਤਾਂ ਕਿ ਜਾਲਮਾਂ ਨੂੰ ਸੋਧਿਆ ਕਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਜਾਲਮਾਂ ਦੇ ਦੰਦ ਖੱਟੇ ਕਰ ਦਿੱਤੇ। ਜਾਲਮਾਂ ਨੂੰ ਭਾਜੜਾਂ ਪੈ ਗਈਆਂ। ਗੁਰੂ ਦੇ ਸਿੱਖਾਂ ਦੀ ਧਾਂਕ ਤਾਂ ਪਹਿਲੋਂ ਹੀ ਬੈਠੀ ਹੋਈ ਸੀ। ਜਾਲਮ ਉਨ੍ਹਾਂ ਦੇ ਨਾਂ ਤੋਂ ਹੀ ਕੰਬਣ ਲੱਗੇ।

ਬਾਬਾ ਜੀ ਨੇ ਸਰਹੰਦ ਦੀ ਇੱਤ ਨਾਲ ਇੱਤ ਖੜਕਾ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੇ ਕਾਤਿਲ ਸੂਬਾ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ। ਇਸ ਤਰ੍ਹਾਂ ਹੋਰ ਜਾਲਮਾਂ ਨੂੰ ਵੀ ਉਹਨਾਂ ਨੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕੀਤਾ। ਆਪ ਜੀ ਨੇ ਗੁਰੂ ਜੀ ਦੇ ਨਾਂਅ ਦਾ ਸਿੱਕਾ ਵੀ ਚਲਾਇਆ। ਵੱਡੀਆਂ-ਵੱਡੀਆਂ ਔਕੜਾਂ 'ਚ ਆਪ ਘਬਰਾਏ ਨਹੀਂ।

ਜਦੋਂ ਦਿੱਲੀ ਦੇ ਬਾਦਸ਼ਾਹ ਫਰੁਖਸੀਅਰ ਗੱਦੀ ਤੇ ਬੈਠਾ ਤਾਂ ਉਸ ਨੇ ਸਿੱਖਾਂ ਦੀ ਦਿਨੋਂ-ਦਿਨ ਵੱਧ ਰਹੀ ਤਾਕਤ ਨੂੰ ਵੇਖ ਕੇ ਬਹੁਤ ਗੁੱਸਾ ਖਾਧਾ। ਬਾਬਾ ਜੀ ਨੂੰ ਫੜਨ ਲਈ ਭਾਰੀ ਗਿਣਤੀ ਵਿੱਚ ਫੌਜ ਭੇਜੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਵੈਰੀ ਦੇ ਟਿੱਡੀ ਦਲ ਦਾ ਡੱਟ ਕੇ ਮੁਕਾਬਲਾ ਕੀਤਾ। ਆਖਿਰਕਾਰ ਵੈਰੀ, ਬਾਬਾ ਬੰਦਾ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋ ਗਏ।

ਬਾਬਾ ਜੀ ਨਾਲ 700 ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ। ਜਾਲਮਾਂ ਨੇ ਕਿਹਾ ਜੋ ਵੀ ਸਿੱਖ ਧਰਮ ਛੱਡ ਕੇ ਮੁਸਲਮਾਨ ਹੋ ਜਾਵੇ, ਉਸ ਨੂੰ ਛੱਡ ਦਿੱਤਾ ਜਾਵੇਗਾ ਪਰ ਕਿਸੇ ਵੀ ਸਿੱਖ ਨੇ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਬਾਬਾ ਜੀ ਦੀ ਵਾਰੀ ਆਈ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੜੇ ਤਸੀਹੇ ਦਿੱਤੇ ਗਏ। ਗਰਮ ਜੰਬੂਰਾਂ ਨਾਲ ਬਾਬਾ ਜੀ ਦੇ ਸਾਰੇ ਸਰੀਰ ਦਾ ਮਾਸ ਨੋਚਿਆ ਗਿਆ। ਉਹਨਾਂ ਦੇ ਪੁੱਤਰ ਦਾ ਕਲੇਜਾ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਪਰ ਬਾਬਾ ਜੀ ਡੋਲੇ ਨਹੀਂ। ਉਹਨਾਂ ਨੇ ਸਿੱਖੀ ਸਿਦਕ ਨਹੀਂ ਛੱਡਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ ਨੂੰ ਸ਼ਹੀਦ ਕੀਤਾ ਗਿਆ। ਇਸ ਸਾਰੀ ਅੰਮ੍ਰਿਤ ਦੀ ਸ਼ਕਤੀ ਸੀ, ਗੁਰਬਾਣੀ ਦੀ ਸ਼ਕਤੀ ਸੀ ਜਿਸ ਨੇ ਬਾਬਾ ਬੰਦਾ ਸਿੰਘ ਜੀ ਨੂੰ ਇਨ੍ਹਾਂ ਬਹਾਦਰ ਬਣਾਇਆ।
 
Top