ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ਵਿਚ ਉੱਭਰ ਆਉਂਦਾ ਹੈ। ਸਰਹਿੰਦ ਦੀ 'ਖੂਨੀ ਦੀਵਾਰ' ਸਾਡੀ ਚੇਤਨਾ ਦਾ ਵਿਹੜਾ ਮੱਲ ਖਲੋਂਦੀ ਹੈ। ਗੱਲ ਕੀ, ਬੰਦਾ ਬਹਾਦਰ ਵਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ਵਿਚ ਬੜਾ ਨੇੜਲਾ ਤੇ ਅਟੁੱਟ ਰਿਸ਼ਤਾ ਹੈ, ਕਿਉਂਕਿ ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਬੰਦਾ ਬਹਾਦਰ ਸੂਬਾ ਸਰਹਿੰਦ ਨੂੰ ਲੋਹੇ ਦਾ ਸੁਹਾਗਾ ਬਣ ਕੇ ਟੱਕਰਿਆ ਅਤੇ ਉਸ ਨੂੰ ਭੋਇੰ ਵਿਚ ਮਿਲਾ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ 'ਤੇ ਡੂੰਘਾ ਪੱਛ ਮਾਰਿਆ। ਬੇਸ਼ੱਕ ਗੁਰੂ ਗੋਬਿੰਦ ਸਿੰਘ ਅਡੋਲ ਰਹੇ, ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ ਸੀ। ਉਧਰ, ਸਿੱਖਾਂ ਦੇ ਮਨਾਂ ਅੰਦਰ ਵੀ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉੱਠੀ ਸੀ।
ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ 3 ਸਤੰਬਰ, 1708 ਨੂੰ ਨੰਦੇੜ ਵਿਖੇ ਬੜੇ ਨਾਟਕੀ ਢੰਗ ਨਾਲ ਬੰਦਾ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਬੰਦਾ ਬਹਾਦਰ (ਉਦੋਂ ਮਾਧੋਦਾਸ) ਨੂੰ ਅੰਮ੍ਰਿਤ ਛਕਾ ਕੇ 'ਬਹਾਦੁਰ' ਦਾ ਖਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ।
ਦਿੱਲੀ ਪਹੁੰਚਣ ਤਕ ਉਸ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਦਿੱਲੀ ਟੱਪਦਿਆਂ ਹੀ ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲਵਾਹਕ ਵੱਡੀ ਗਿਣਤੀ ਵਿਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ''ਛੇਤੀ ਹੀ ਪੈਦਲ ਸੈਨਿਕਾਂ ਦੀ ਗਿਣਤੀ 8,900 ਹੋ ਗਈ ਅਤੇ ਅੰਤ 40,000 ਤਕ ਪਹੁੰਚ ਗਈ।''-ਡਾ. ਗੋਕਲ ਚੰਦ ਨਾਰੰਗ। ਘੋੜ ਸਵਾਰ ਸੈਨਿਕਾਂ ਦੀ ਗਿਣਤੀ ਬਾਰੇ ਮੁਹੰਮਦ ਕਾਸਮ ਲਿਖਦਾ ਹੈ ਕਿ ''ਥੋੜ੍ਹੇ ਅਰਸੇ ਦੌਰਾਨ ਹੀ ਬੰਦਾ ਬਹਾਦਰ ਦੀ ਕਮਾਨ ਹੇਠ 4,000 ਘੋੜ ਸਵਾਰ ਇਕੱਠੇ ਹੋ ਗਏ।''
ਬੰਦਾ ਬਹਾਦਰ ਦਾ ਸਿਦਕ, ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਹ ਜਿਧਰ ਨੂੰ ਵੀ ਹੋ ਤੁਰਿਆ, ਰਸਤਾ ਬਣਦਾ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫਤਹਿ ਕਰਨ ਉਪਰੰਤ ਸਿੱਖ ਆਪਣੇ ਮੁੱਖ ਨਿਸ਼ਾਨੇ-ਸਰਹਿੰਦ 'ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ।
ਸੂਬੇਦਾਰ ਵਜ਼ੀਰ ਖਾਂ ਲਗਭਗ 20 ਹਜ਼ਾਰ ਪੈਦਲ/ ਘੋੜ ਸਵਾਰ ਸੈਨਿਕਾਂ, ਵੱਡੀ ਗਿਣਤੀ ਵਿਚ ਤੋਪਾਂ ਤੇ ਹਾਥੀ ਲੈ ਕੇ ਸਿੱਖਾਂ ਦੇ ਤੂਫਾਨ ਨੂੰ ਰੋਕਣ ਲਈ ਅੱਗੇ ਵਧਿਆ।
12 ਮਈ 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਦੇਖ ਕੇ ਨਿਰਲੱਗ ਬੈਠਾ ਬੰਦਾ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਿਆ। ਬੰਦਾ ਬਹਾਦਰ ਨੇ ਪੰਜਾਬ ਦੀ ਧਰਤੀ ਤੋਂ ਜ਼ੁਲਮ ਤੇ ਜਬਰ ਨੂੰ ਜੜ੍ਹੋਂ ਪੁੱਟਣ ਲਈ ਚੱਪੜਚਿੜੀ ਦੇ ਮੈਦਾਨ ਵਿਚ ਉਸੇ ਕਰੋਧ ਨਾਲ ਖੰਡਾ ਖਿੱਚਿਆ, ਜਿਸ ਕਰੋਧ ਨਾਲ ਭਾਰਤੀ ਮਿਥਿਹਾਸ ਅਨੁਸਾਰ ਪਰਸਰਾਮ ਨੇ ਕਸ਼ੱਤਰੀ ਰਾਜਿਆਂ-ਮਹਾਰਾਜਿਆਂ ਵਿਰੁੱਧ ਖੜਗ ਖਿੱਚੀ ਸੀ।
14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖਲ ਹੋਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਨੂੰ ਸਦਾ ਯਾਦ ਰਹੇਗਾ।
ਇਹ ਸਰਹਿੰਦ ਦੀ ਜਿੱਤ ਦਾ ਹੀ ਸਿੱਟਾ ਸੀ ਕਿ ਇਕ 'ਬਚੂੰਗੜੀ' ਕੌਮ ਨੇ ਅਚਾਨਕ ਕੱਦ ਕੱਢਿਆ ਅਤੇ ਭਾਰਤ ਦੇ ਨਕਸ਼ੇ 'ਤੇ ਪਹਿਲੀ ਵਾਰ ਇਕ ਰਾਜਸੀ ਤਾਕਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ।[/img]
Last edited by a moderator: