gurshamcheema
Member
ਅਠਾਰ੍ਹਵੀਂ ਸਦੀ ਵਿਚ ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਲਾਸਾਨੀ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਕਾ ਸਰਹਿੰਦ ਦੇ ਮੁੱਖ ਦੋਸ਼ੀ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ। ਵਜ਼ੀਰ ਖਾਂ ਦਾ ਕਤਲ ਅਤੇ ਬੰਦਾ ਬਹਾਦਰ ਦੀ ਕਮਾਨ ਹੇਠ ਸਿੱਖਾਂ ਦਾ ਸਰਹਿੰਦ 'ਤੇ ਕਾਬਜ਼ ਹੋ ਜਾਣਾ, ਇਕ ਅਜਿਹੀ ਵਿਲੱਖਣ ਘਟਨਾ ਸੀ, ਜਿਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਇਸ ਘਟਨਾ ਤੋਂ ਬਾਅਦ ਇਤਿਹਾਸ ਇਕ ਨਵੇਂ ਦੌਰ ਵਿਚ ਦਾਖਲ ਹੁੰਦਾ ਹੈ ਅਤੇ ਨਵੀਆਂ ਸੰਭਾਵਨਾਵਾਂ ਜਨਮ ਲੈਂਦੀਆਂ ਹਨ। ਤੁਸੀਂ ਵੇਖੋਗੇ ਕਿ ਇਸ ਘਟਨਾ ਤੋਂ ਫੌਰਨ ਬਾਅਦ ਇਤਿਹਾਸ ਇਕ ਤਿੱਖਾ ਮੋੜ ਕੱਟਦਾ ਹੈ ਅਤੇ ਸਿੱਖ, ਪਹਿਲੀ ਵੇਰ, ਭਾਰਤ ਦੇ ਨਕਸ਼ੇ 'ਤੇ ਇਕ ਰਾਜਸੀ ਤਾਕਤ ਦੇ ਰੂਪ ਵਿਚ ਉਂਭਰ ਕੇ ਸਾਹਮਣੇ ਆਉਂਦੇ ਹਨ। ਜਾਂ ਇਉਂ ਕਹਿ ਲਵੋ ਕਿ ਸਰਹਿੰਦ ਦੀ ਜਿੱਤ ਤੋਂ ਬਾਅਦ ਸਿੱਖ ਉਸ ਸ਼ਾਹਰਾਹ 'ਤੇ ਹੋ ਤੁਰੇ ਜੋ ਉਨ੍ਹਾਂ ਨੂੰ ਸਿੱਧਾ ਸਿੱਖ ਰਾਜ ਦੀ ਕਾਇਮੀ ਵੱਲ ਲਿਜਾ ਰਿਹਾ ਸੀ। ਜ਼ਾਹਿਰ ਹੈ, ਸਰਹਿੰਦ ਦੀ ਜਿੱਤ ਨੇ ਸਿੱਖ ਇਤਿਹਾਸ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਅਤੇ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ' ਦੀ ਬਹੁਚਰਚਿਤ ਦਾਸਤਾਨ ਦੇ ਇਤਿਹਾਸਕ ਮਹੱਤਵ ਦੀ ਪਛਾਣ ਕਰਨ ਲਈ, ਇਹ ਜ਼ਰੂਰੀ ਬਣਦਾ ਹੈ ਕਿ ਪਹਿਲਾਂ ਇਸ ਘਟਨਾ ਦੇ ਇਤਿਹਾਸਕ ਪਿਛੋਕੜ ਅਤੇ ਸਮਕਾਲੀ ਅਵਸਥਾ ਬਾਰੇ ਸੰਖੇਪ ਵਿਚ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਲਈ ਜਾਵੇ, ਤਾਂਕਿ ਵਿਸ਼ੇ ਤੋਂ ਬਿਲਕੁਲ ਅਣਜਾਣ ਪਾਠਕ ਨੂੰ ਵੀ ਨਾਲ ਲੈ ਕੇ ਤੁਰਿਆ ਜਾ ਸਕੇ।
ਪਿਛੋਕੜ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਵੱਲੋਂ ਜ਼ਿੰਦਾ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕਰਨ ਦੀ ਮੰਦਭਾਗੀ ਘਟਨਾ ਨੇ ਸਿੱਖ ਸਮਾਜ ਨੂੰ ਗ਼ਮਾਂ ਦੇ ਡੂੰਘੇ ਸਮੁੰਦਰ ਵਿਚ ਡੁਬੋ ਦਿੱਤਾ। ਸਿੱਖ ਮਾਨਸਿਕਤਾ ਲੀਰੋ ਲੀਰ ਹੋ ਗਈ। ਇਸ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਸਿੱਖਾਂ ਦੇ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਨਫਰਤ ਦੀ ਅੱਗ ਭੜਕ ਉਂਠੀ ਅਤੇ ਸਿੱਖਾਂ ਦੇ ਸੰਘਰਸ਼ ਨੇ ਇਕ ਕ੍ਰਾਂਤੀਕਾਰੀ ਲਹਿਰ ਅਤੇ ਜ਼ੁਲਮ ਵਿਰੁੱਧ ਉਂਠੇ ਇਨਕਲਾਬ ਦਾ ਰੂਪ ਧਾਰਨ ਕਰ ਲਿਆ। ਦੂਜੇ ਸ਼ਬਦਾਂ ਵਿਚ ਸ਼ਹਾਦਤ ਦੀ ਇਸ ਬੇਨਜ਼ੀਰ ਘਟਨਾ ਨੇ ਸਿੱਖਾਂ ਨੂੰ ਮੁਗ਼ਲਾਂ ਵਿਰੁੱਧ ਲਾਮਬੰਦ ਹੋਣ ਲਈ ਠੋਸ ਅਧਾਰ ਮੁਹੱਈਆ ਕੀਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਾਕਾ ਸਰਹਿੰਦ ਤੇ ਬੰਦਾ ਬਹਾਦਰ ਵੱਲੋਂ ਸਰਹਿੰਦ ‘ਇੱਟ ਨਾਲ ਇੱਟ ਖੜਕਾਉਣ' ਦੀ ਘਟਨਾ ਦਾ ਆਪਸ ਵਿਚ ਸਿੱਧਾ ਸਬੰਧ ਹੈ। ਤੁਸੀਂ ਵੇਖੋਗੇ ਕਿ ਸਾਕਾ ਸਰਹਿੰਦ ਤੋਂ ਥੋੜ੍ਹੇ ਅਰਸੇ ਬਾਅਦ ਹੀ ‘ਬਸਤੀ ਸਰਹਿੰਦ ਕੀ ਈਟੋਂ ਕਾ ਢੇਰ ਥੀ।' (ਅੱਲ੍ਹਾ ਯਾਰ ਖ਼ਾਂ ਜੋਗੀ)। ਇਹ ਕਹਿਣਾ ਸੱਚ ਦੇ ਜ਼ਿਆਦਾ ਕਰੀਬ ਹੋਵੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ, ਸਾਕਾ ਸਰਹਿੰਦ ਦੇ ਪ੍ਰਤੀਕਰਮ ਵਜੋਂ ਹੀ ਪੰਜਾਬ ਦੇ ਇਤਿਹਾਸਕ ਰੰਗ ਮੰਚ 'ਤੇ ਇਕ ਨਾਇਕ ਦੇ ਰੂਪ ਵਿਚ ਉਂਭਰ ਕੇ ਸਾਹਮਣੇ ਆਏ।
ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਸਰਹਿੰਦ ਦੀ ਦਿਲ ਕੰਬਾਊ ਘਟਨਾ ਨੇ ਮੁਗ਼ਲਾਂ ਦੀ ਤਬਾਹੀ ਦਾ ਰਾਹ ਪੱਧਰਾ ਕੀਤਾ ਅਤੇ ਸਰਹਿੰਦ ਦੀ ਜਿੱਤ, ਮੁਗ਼ਲਾਂ ਦੀ ਤਬਾਹੀ ਵੱਲ ਵਧਿਆ ਸਿੱਖਾਂ ਦਾ ਪਹਿਲਾਂ ਭਰਵਾਂ ਕਦਮ ਸੀ।
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਗੋਬਿੰਦ ਸਿੰਘ ਸਭ ਕੁਝ ਲੁਟਾ ਕੇ ਵੀ ਅਡੋਲ ਰਹੇ, ਪਰ ਉਨ੍ਹਾਂ ਨੇ ਦੋਸ਼ੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਨਿਸਚਾ ਕਰ ਲਿਆ ਸੀ। ਇਸ ਕਾਰਜ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਮਾਨਸਿਕ ਤੇ ਜਥੇਬੰਦਕ ਤੌਰ 'ਤੇ ਤਿਆਰ ਕੀਤਾ। ਇਸ ਤਰ੍ਹਾਂ ਸਾਕਾ ਸਰਹਿੰਦ (27 ਦਸੰਬਰ 1704 ਈ.) ਤੋਂ ਲਗਭਗ ਚਾਰ ਸਾਲ ਬਾਅਦ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਸਮੁੱਚਾ ਸਿੱਖ ਜਗਤ, ਇਸ ਜ਼ੁਲਮ ਦਾ ਬਦਲਾ ਲੈਣ ਲਈ ਬੇਸਬਰੀ ਨਾਲ ‘ਪੱਬਾਂ ਭਾਰ ਹੋ ਕੇ' ਵਕਤ ਦਾ ਇੰਤਜ਼ਾਰ ਕਰਨ ਲੱਗਾ। ਇਤਿਹਾਸ ਦੇ ਇਸ ਨਾਜ਼ੁਕ ਤੇ ਕਾਲੇ ਦੌਰ ਵਿਚ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਬੜੇ ਨਾਟਕੀ ਢੰਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ।
ਬੰਦਾ ਬਹਾਦਰ ਦੀ ਉਮਰ ਉਸ ਵੇਲੇ 38 ਵਰ੍ਹਿਆਂ ਦੀ ਸੀ। ... ਚਿਹਰਾ ਬੜਾ ਰੋਅਬ ਦਾਅਬ ਵਾਲਾ ਅਤੇ ਸਭ ਤੋਂ ਵਧ ਕੇ ਵੈਰੀ ਨੂੰ ਖ਼ੌਫ ਜ਼ਦਾ ਕਰਨ ਵਾਲੀਆਂ ਮੋਟੀਆਂ-ਮੋਟੀਆਂ ਦਗਦੀਆਂ ਅੱਖਾਂ। ਨਿਰਾ ਤਾਕਤ ਦਾ ਪਹਾੜ... ਗੁਰੂ ਗੋਬਿੰਦ ਸਿੰਘ ਤੋਂ ਲਗਭਗ ਚਾਰ ਸਾਲ ਛੋਟਾ... ਸਿੱਖ ਕੌਮ ਦੀ ਕਿਸਮਤ ਦੀ ਵਾਗਡੋਰ ਸੰਭਾਲਣ ਵਾਲਾ ਸੁਭਾਗਾ ਵਿਅਕਤੀ, ਜਿਸ ਨੇ ਸਿੱਖਾਂ ਦੀ ਲਾਜ ਰੱਖ ਲਈ।
ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਨੂੰ ‘ਬਹਾਦਰ' ਦਾ ਖਿਤਾਬ ਦੇ ਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਉਂਝ ਵੀ ਪੰਜਾਬ 'ਤੇ ਚੜ੍ਹਾਈ ਕਰਨ ਲਈ ਇਹ ਐਨ ਢੁਕਵਾਂ ਸਮਾਂ ਸੀ, ਕਿਉਂਕਿ ਪੰਜਾਬ ਅੰਦਰ ਅਸਥਿਰਤਾ ਅਤੇ ਰਾਜਸੀ ਉਥਲ ਪੁਥਲ ਦਾ ਮਾਹੌਲ ਪੈਦਾ ਹੋ ਚੁੱਕਾ ਸੀ। ਦੂਜਾ, ਸਿੱਖ ਮਾਨਸਿਕ ਤੇ ਜਥੇਬੰਦਕ ਤੌਰ 'ਤੇ ਟੱਕਰ ਲੈਣ ਲਈ ਤਿਆਰ ਸਨ। ਇਸ ਸਮੇਂ ਬੰਦਾ ਬਹਾਦਰ ਨੂੰ ਮੈਦਾਨ ਵਿਚ ਉਤਾਰਨਾ, ਗੁਰੂ ਸਾਹਿਬ ਦੀ ਤੀਖਣ ਬੁੱਧੀ, ਉਂਚ ਮਨੋਵਿਗਿਆਨਕ ਯੋਗਤਾ, ਜੰਗੀ ਸੂਝ ਬੂਝ ਅਤੇ ਪੈਂਤੜੇਬਾਜ਼ੀ ਦਾ ਸਿਖ਼ਰ ਕਿਹਾ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਵੱਲੋਂ ਉਲੀਕਿਆ ਪ੍ਰੋਗਰਾਮ ਲੈ ਕੇ ਬੰਦਾ ਬਹਾਦਰ, ਨੰਦੇੜ (ਦੱਖਣ) ਤੋਂ ਹਨੇਰੀ ਵਾਂਗੂ ਪੰਜਾਬ ਵੱਲ ਵਧਣ ਲੱਗਾ। ਦਿੱਲੀ ਦੇ ਨੇੜੇ ਪੁੱਜਣ ਤੱਕ ਬੰਦਾ ਬਹਾਦਰ ਕਾਫ਼ੀ ਪ੍ਰਸਿੱਧੀ ਹਾਸਲ ਕਰ ਚੁੱਕਾ ਸੀ। ਗੁਰੂ ਸਾਹਿਬ ਦੇ ਹੁਕਮਨਾਮਿਆਂ ਸਦਕਾ ਅਤੇ ਬੰਦਾ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਉਸ ਦੇ ਝੰਡੇ ਹੇਠ ਇਕੱਠੀਆਂ ਹੋ ਗਈਆਂ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ, ਪੰਜਾਬ ਦੇ ਇਤਿਹਾਸਕ ਰੰਗ ਮੰਚ 'ਤੇ ਅਚਾਨਕ ਇਕ ਨਾਇਕ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਇਆ। ਛੇਤੀ ਹੀ ਲਗਭਗ 40 ਹਜ਼ਾਰ ਸੈਨਿਕ ਉਸ ਦੇ ਅਧੀਨ ਇਕੱਠੇ ਹੋ ਗਏ।
ਸਰਹਿੰਦ 'ਤੇ ਹਮਲੇ ਲਈ ਰਾਹ ਤਿਆਰ- ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੋਨੀਪਤ, ਕੈਥਲ, ਸਮਾਣਾ, ਘੁੜਾਮ, ਠਸਕਾ, ਮੁਸਤਫ਼ਾਬਾਦ, ਕਪੂਰੀ, ਸਢੌਰਾ ਤੇ ਬਨੂੜ ਨੂੰ ਫਤਿਹ ਕਰਨ ਉਪਰੰਤ ਸਿੱਖ ਆਪਣੇ ਮੁੱਖ ਨਿਸ਼ਾਨੇ-ਸਰਹਿੰਦ 'ਤੇ ਜ਼ੋਰਦਾਰ ਹੱਲਾ ਬੋਲਣ ਲਈ ਕਚੀਚੀਆਂ ਲੈਣ ਲੱਗੇ। ‘ਹਰ ਮੈਦਾਨ ਫ਼ਤਹਿ' ਵਾਲੇ ਹਾਲਾਤ ਨੇ ਸਿੱਖਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਸਨ, ਪਰ ਜੰਗੀ ਨੁਕਤਾ ਨਜ਼ਰ ਤੋਂ ਵੇਖਿਆ ਸਿੱਖਾਂ ਦੀ ਫੌਜੀ ਤਾਕਤ ਏਨੀ ਨਹੀਂ ਸੀ ਕਿ ਜਿਸ ਨਾਲ ਜਿੱਤ ਦਾ ਨਿਸ਼ਚਾ ਹੋ ਸਕੇ। ਸੋ, ਬੰਦਾ ਬਹਾਦਰ ਨੇ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਠੀਕ ਸਮਝਿਆ। ਜਲਦੀ ਹੀ, ਜਿੱਤਾਂ ਪ੍ਰਾਪਤ ਕਰਦਾ ਆ ਰਿਹਾ ਸਿੱਖਾਂ ਦਾ ਇਕ ਹੋਰ ਸ਼ਕਤੀਸ਼ਾਲੀ ਜਥਾ, ਬੰਦਾ ਬਹਾਦਰ ਦੇ ਦਲ ਨਾਲ ਆ ਮਿਲਿਆ, ਜਿਸ ਨਾਲ ਸਿੱਖ ਸ਼ਕਤੀ ਵਿਚ ਚੋਖਾ ਵਾਧਾ ਹੋਇਆ।
ਵਜ਼ੀਰ ਖ਼ਾਂ ਦੀ ਤਿਆਰੀ- ਬੰਦਾ ਬਹਾਦਰ ਦੀ ਕਮਾਨ ਹੇਠ ਖਾਲਸੇ ਦੀ ਚੜ੍ਹਤ ਵੇਖ ਕੇ ਸੂਬੇਦਾਰ ਵਜ਼ੀਰ ਖ਼ਾਂ ਨੂੰ ਕਾਂਬਾ ਛਿੜ ਗਿਆ। ਉਸ ਨੇ ਜੰਗ ਦੀ ਤਿਆਰੀ ਵਿਚ ਸਾਰੇ ਸਾਧਨ ਜੁਟਾ ਦਿੱਤੇ। ਆਪਣੇ ਸੱਜਣਾਂ-ਮਿੱਤਰਾਂ ਤੇ ਰਾਜੇ-ਰਜਵਾੜਿਆਂ ਨੂੰ ਬੁਲਾ ਲਿਆ। ਜਹਾਦ ਦਾ ਨਾਅਰਾ ਲਾ ਦਿੱਤਾ। ਉਸ ਨੇ ਸਿੱਕੇ ਅਤੇ ਬਾਰੂਦ ਦੇ ਕੋਠੇ ਭਰ ਲਏ। ਤੋਪਾਂ ਦੀ ਲਾਮ ਡੋਰੀ ਅਤੇ ਹਾਥੀ ਲੈ ਆਂਦੇ। ਇੰਝ 20 ਕੁ ਹਜ਼ਾਰ ਬਾਕਾਇਦਾ ਫ਼ੌਜ ਅਤੇ ਹੋਰ ਗਾਜ਼ੀਆਂ ਸਮੇਤ ਵਜ਼ੀਰ ਖ਼ਾਂ ਸਿੱਖਾਂ ਦਾ ਰਾਹ ਰੋਕਣ ਲਈ ਤੁਰ ਪਿਆ। ਪ੍ਰਸਿੱਧ ਇਤਿਹਾਸਕਾਰ ਤੇ ਖੋਜੀ, ਗਿਆਨੀ ਗਿਆਨ ਸਿੰਘ, ਵਜ਼ੀਰ ਖ਼ਾਂ ਦੀ ਮੋਰਚਾਬੰਦੀ ਦਾ ਜ਼ਿਕਰ ਇਉਂ ਕਰਦਾ ਹੈ - ‘ਵਜ਼ੀਰ ਖ਼ਾਂ ਨੇ ਇਕ ਪਾਸੇ ਤੋਪਾਂ ਬੀੜ ਦਿੱਤੀਆਂ, ਦੂਜੇ ਪਾਸੇ ਕੰਧ ਵਾਂਗ ਹਾਥੀ ਖੜ੍ਹੇ ਕਰ ਦਿੱਤੇ, ਤੀਜੇ ਪਾਸੇ ਨਵਾਬਾਂ ਤੇ ਜਾਗੀਰਦਾਰਾਂ ਦੀ ਫ਼ੌਜ ਖੜ੍ਹੀ ਕੀਤੀ ਅਤੇ ਚੌਥੇ ਪਾਸੇ ਆਪਣੀ ਫੌਜ ਵੀ ਜੰਬੂਰੇ ਤੇ ਰਹਿਕਲੇ ਆਦਿ ਬੀੜ ਕੇ ਆਪ ਗਾਜ਼ੀਆਂ ਦੇ ਵਿਚਕਾਰ ਇਕ ਉਂਚੇ ਹਾਥੀ ਉਂਤੇ ਚੜ੍ਹ ਗਿਆ।' ਬੰਦਾ ਬਹਾਦਰ ਨੇ ਵੀ ਆਪਣੀ ਫ਼ੌਜ ਨੂੰ ਕਈ ਜਥਿਆਂ ਵਿਚ ਵੰਡਿਆ ਹੋਇਆ ਸੀ। ਸਿੰਘਾਂ ਦੀ ਕਮਾਨ ਸਰਬ ਸਰਦਾਰ ਫ਼ਤਿਹ ਸਿੰਘ, ਬਾਜ਼ ਸਿੰਘ, ਆਲੀ ਸਿੰਘ, ਕਰਮ ਸਿੰਘ, ਧਰਮ ਸਿੰਘ ਤੇ ਸ਼ਾਮ ਸਿੰਘ ਹਵਾਲੇ ਸੀ। ਉਸ ਸਮੇਂ ਬੰਦਾ ਸਿੰਘ ਬਹਾਦਰ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਨ, ਇਥੋਂ ਤੱਕ ਕਿ ਚੰਗੇ ਘੋੜੇ ਵੀ ਕਾਫ਼ੀ ਗਿਣਤੀ ਵਿਚ ਨਹੀਂ ਸਨ।
ਸਰਹਿੰਦ ਦੀ ਜਿੱਤ- 12 ਮਈ 1710 ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ 'ਤੇ ਚੱਪੜਚਿੜੀ ਦੇ ਮੈਦਾਨ ਵਿਚ ਇਕ ਫੈਸਲਾਕੁੰਨ ਯੁੱਧ ਹੋਇਆ (ਚੱਪੜਚਿੜੀ, ਖਰੜ ਤੇ ਲਾਂਡਰਾ ਵਿਚਕਾਰ ਸਥਿਤ ਇਕ ਛੋਟਾ ਜਿਹਾ ਪਿੰਡ ਹੈ)। ਖਜ਼ਾਨ ਸਿੰਘ ਦਾ ਵਿਚਾਰ ਹੈ ਕਿ ਇਹ ਯੁੱਧ ਸਰਹਿੰਦ ਨੇੜੇ ਵਾਡਲੀ ਤੇ ਨਾਨ੍ਹਹੇੜੀ ਪਿੰਡਾਂ ਦੀ ਜੂਹ ਵਿਚ ਹੋਇਆ। ਜੰਗ ਦੀ ਮਿਤੀ ਬਾਰੇ ਵੀ ਇਤਿਹਾਸਕਾਰਾਂ ਵਿਚ ਮਤਭੇਦ ਹਨ। ਸੋਹਣ ਸਿੰਘ ਅਨੁਸਾਰ ਇਹ ਯੁੱਧ 30 ਮਈ 1710 ਈ. ਨੂੰ ਹੋਇਆ, ਪਰ ਡਾ. ਗੰਡਾ ਸਿੰਘ ਸਮੇਤ ਬਹੁ-ਸੰਮਤੀ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਯੁੱਧ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਹੋਇਆ। ਖ਼ੈਰ! ਜਦੋਂ ਜੰਗ ਦੇ ਪਹਿਲੇ ਪੜਾਅ ਵਿਚ ਵਜ਼ੀਰ ਖ਼ਾਂ ਦੀਆਂ ਫ਼ੌਜਾਂ ਟੱਕਰ ਲੈਣ ਲਈ ਅੱਗੇ ਵਧੀਆਂ ਤਾਂ ਬੰਦਾ ਬਹਾਦਰ ਨੇ ਵੀ ਆਪਣੇ ਕਮਾਂਡਰਾਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ ਅਤੇ ਆਪ, ਇਸ ਜੰਗੀ ਕਾਰਵਾਈ ਨੂੰ ਸੇਧ ਦੇਣ ਲਈ, ਨੇੜੇ ਹੀ ਇਕ ਉਂਚੀ ਥਾਂ 'ਤੇ ਬੈਠ ਗਿਆ। ਜੰਗ ਦੇ ਪਹਿਲੇ ਪੜਾਅ ਵਿਚ ਸ਼ਾਹੀ ਫ਼ੌਜਾਂ ਦਾ ਪੱਲੜਾ ਭਾਰੀ ਰਿਹਾ, ਕਿਉਂਕਿ ਬੰਦਾ ਬਹਾਦਰ ਦੀਆਂ ਸੈਨਾਵਾਂ ਵਿਚ ਲੁੱਟਮਾਰ ਦੇ ਇਰਾਦੇ ਨਾਲ ਸ਼ਾਮਲ ਹੋਏ ਚੋਰ-ਡਾਕੂ ਹਰਨ ਹੋ ਗਏ। ਸ਼ਾਇਦ ਇਨ੍ਹਾਂ ਲੋਕਾਂ ਬਾਰੇ ਹੀ ਪ੍ਰਸਿੱਧ ਇਤਿਹਾਸਕਾਰ ਇਰਵਿਨ ਆਪਣੀ ਪੁਸਤਕ ‘ਲੇਟਰ ਮੁਗ਼ਲਜ਼' ਵਿਚ ਲਿਖਦਾ ਹੈ ਕਿ ‘ਮੁੱਢਲੇ ਹੱਲੇ ਵਿਚ ਹੀ, ਮਾਮੂਲੀ ਰੋਕ ਪਿੱਛੋਂ ਹੀ ਸਿੱਖ ਭੱਜ ਨਿਕਲੇ।'
ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ, ਨਿਰਲੱਗ ਬੈਠਾ ਬੰਦਾ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ਵਿਚ ਆ ਗਿਆ। ਉਸ ਦੇ ਆਗਮਨ ਨੇ ਜਿੱਥੇ ਸਿੱਖਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਉਥੇ ਦੁਸ਼ਮਣਾਂ ਵਿਚ ਸਭ ਪਾਸੇ ਭੈਅ ਛਾ ਗਿਆ। ਇਸ ਸਬੰਧ ਵਿਚ ਨਾਮਵਰ ਇਤਿਹਾਸਕਾਰ ਕਰਮ ਸਿੰਘ ਲਿਖਦਾ ਹੈ- ‘ਜਿਸ ਵੇਲੇ ਉਪ ਕਮਾਂਡਰ ਬਾਜ ਸਿੰਘ ਨੇ ਬਾਜ਼ੀ ਹੱਥੋਂ ਜਾਂਦੀ ਵੇਖੀ ਤਾਂ ਘੋੜਾ ਦੌੜਾ ਕੇ ਬੰਦਾ ਬਹਾਦਰ ਕੋਲ ਪਹੁੰਚਿਆ ਅਤੇ ਕਿਹਾ ਕਿ ਉਸ ਬਾਝੋਂ ਮੈਦਾਨ ਹੱਥੋਂ ਜਾਂਦਾ ਨਜ਼ਰ ਆ ਰਿਹਾ ਹੈ, ਜੇਕਰ ਥੋੜ੍ਹਾ ਚਿਰ ਇਹੋ ਹਾਲ ਰਿਹਾ ਤਾਂ ਮੁੜ ਪੈਰ ਜਮਣੇ ਔਖੇ ਹੋ ਜਾਣਗੇ। ਬੰਦਾ ਬਹਾਦਰ ਵੀ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਝੱਟ ਸਵਾਰ ਹੋਇਆ ਅਤੇ ਝੱਟ ਮੈਦਾਨ ਵਿਚ ਆ ਉਤਰਿਆ।' ਸੋਹਣ ਸਿੰਘ ਇਸ ਤੱਥ 'ਤੇ ਆਪਣੀ ਮੋਹਰ ਕੁਝ ਇਸ ਤਰ੍ਹਾਂ ਲਗਾਉਂਦਾ ਹੈ- ‘ਤਦ ਉਹ (ਬੰਦਾ ਬਹਾਦਰ) ਉਂਠਿਆ, ਜਿਵੇਂ ਭੁੱਖਾ ਸ਼ੇਰ ਆਪਣੀ ਗੁਫ਼ਾ ਵਿਚੋਂ ਨਿਕਲਿਆ ਹੋਵੇ ਅਤੇ ਬਿਜਲੀ ਵਾਂਗ ਵੈਰੀ ਦੀ ਸੈਨਾਂ 'ਤੇ ਟੁੱਟ ਪਿਆ।' ਡਾ. ਗੰਡਾ ਸਿੰਘ ਆਪਣੀ ਪੁਸਤਕ ‘ਬੰਦਾ ਸਿੰਘ ਬਹਾਦਰ' ਦੇ ਪੰਨਾ 63 ਉਂਤੇ ਅਤੇ ਰਤਨ ਸਿੰਘ ਭੰਗੂ ਆਪਣੀ ਪ੍ਰਸਿੱਧ ਪੁਸਤਕ 'ਪ੍ਰਾਚੀਨ ਪੰਥ ਪ੍ਰਕਾਸ਼' ਦੇ ਪੰਨਾ 96 ਉਂਤੇ ਉਪਰੋਕਤ ਵਿਚਾਰਾਂ ਦੀ 'ਪੈਰ ਗੱਡ ਕੇ' ਪੁਸ਼ਟੀ ਕਰਦੇ ਹਨ।
ਬੰਦਾ ਬਹਾਦਰ ਦੀ ਹਿੰਮਤ ਤੇ ਹੌਂਸਲੇ ਤੋਂ ਪ੍ਰਭਾਵਿਤ ਹੋਏ ਸਿੰਘ, ਇਕ ਮੁੱਠ ਹੋ ਕੇ ਵੈਰੀਆਂ 'ਤੇ ਟੁੱਟ ਪਏ। ਹਮਲਾ ਏਨਾ ਜ਼ੋਰਦਾਰ ਸੀ ਕਿ ਦੁਸ਼ਮਣ ਖੜ੍ਹਾ ਨਾ ਰਹਿ ਸਕਿਆ। ਖ਼ੂਨ ਡੋਲਵੀਂ ਲੜਾਈ ਵਿਚ ਸੂਬੇਦਾਰ ਵਜ਼ੀਰ ਖ਼ਾਂ ਮਾਰਿਆ ਗਿਆ। ਪਾਠਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਸੂਬੇਦਾਰ ਵਜ਼ੀਰ ਖ਼ਾਂ ਦੀ ਮੌਤ ਕਿਵੇਂ ਤੇ ਕਿਸ ਹੱਥੋਂ ਹੋਈ? ਸੂਬੇਦਾਰ ਵਜ਼ੀਰ ਖ਼ਾਂ ਦੀ ਮੌਤ ਕਿਸ ਹੱਥੋਂ ਹੋਈ, ਇਸ ਬਾਰੇ ਇਤਿਹਾਸਕਾਰਾਂ ਵਿਚ ਡੂੰਘੇ ਮਤਭੇਦ ਹਨ। ਬਹੁ-ਸੰਮਤੀ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਵਜ਼ੀਰ ਖ਼ਾਂ ਦੀ ਮੌਤ, ਬੰਦਾ ਬਹਾਦਰ ਦੇ ਇਕ ਸਿਰਕੱਢ ਜਰਨੈਲ ਫ਼ਤਿਹ ਸਿੰਘ ਹੱਥੋਂ ਹੋਈ। ਡਾ. ਗੰਡਾ ਸਿੰਘ ਅਨੁਸਾਰ- 'ਬਾਜ ਸਿੰਘ ਨੇ ਵਜ਼ੀਰ ਖ਼ਾਂ ਦੇ ਹੱਥੋਂ ਨੇਜ਼ਾ ਖੋਹ ਕੇ ਉਸ ਦੇ ਘੋੜੇ ਦੇ ਸਿਰ ਵਿਚ ਖੋਭਿਆ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ, ਜਦ ਕਿ ਫ਼ਤਿਹ ਸਿੰਘ ਨੇ, ਜੋ ਕਿ ਨਾਲ ਹੀ ਖੜ੍ਹਾ ਸੀ, ਮਿਆਨ ਵਿਚੋਂ ਤਲਵਾਰ ਕੱਢੀ ਅਤੇ ਵਜ਼ੀਰ ਖ਼ਾਂ ਨੂੰ ਇੰਝ ਮਾਰੀ ਕਿ ਉਸ ਦੇ ਮੋਢੇ ਤੋਂ ਹੁੰਦੀ ਕਮਰ ਨੂੰ ਚੀਰ ਗਈ।' ਪ੍ਰਸਿੱਧ ਸ਼ਾਇਰ ਕਿਰਪਾਲ ਸਿੰਘ ਪ੍ਰੇਸ਼ਾਨ, ਫ਼ਤਿਹ ਸਿੰਘ ਹੱਥੋਂ ਵਜ਼ੀਰ ਖ਼ਾਂ ਦੇ ਮਾਰੇ ਜਾਣ ਦੇ ਦ੍ਰਿਸ਼ ਨੂੰ ਇਉਂ ਚਿਤਰਦਾ ਹੈ-
ਹਰ ਦਾਅ ਵਜ਼ੀਰ ਖ਼ਾਂ ਦਾ ਉਸ (ਫ਼ਤਿਹ ਸਿੰਘ) ਨੇ ਪਛਾੜ ਕੇ।
ਤਲਵਾਰ ਪੂਰੇ ਜ਼ੋਰ ਦੀ ਮੋਢੇ 'ਤੇ ਮਾਰੀ ਤਾੜ ਕੇ।
ਆਰੇ ਦੇ ਵਾਂਗ ਚੀਰ ਕੇ ਧਰ ਦਿੱਤਾ ਪਾੜ ਕੇ।
ਧਰਤੀ 'ਤੇ ਸੁੱਟਿਆ ਅੰਤ ਨੂੰ ਜ਼ਾਲਿਮ ਲਿਤਾੜ ਕੇ।
ਦੋਜ਼ਖ਼ ਨੂੰ ਪਰਚਾ ਕੱਟ ਕੇ, ਉਸ ਮੱਕਾਰ ਦਾ।
ਸਿੰਘਾਂ ਨੇ ਸ਼ੁਕਰ ਕੀਤਾ ਪਰਵਰਦਿਗਾਰ ਦਾ।
ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਬੰਦਾ ਬਹਾਦਰ ਅਤੇ ਵਜ਼ੀਰ ਖ਼ਾਂ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਸਬੰਧ ਵਿਚ ਅੰਗਰੇਜ਼ ਇਤਿਹਾਸਕਾਰ ਮੈਕਾਲਿਫ਼ ਦਾ ਹਵਾਲਾ ਜ਼ਿਕਰਯੋਗ ਹੈ। ਮੈਕਾਲਿਫ਼ ਅਨੁਸਾਰ- 'ਜਦੋਂ ਬਹੁਤ ਸਾਰੇ ਮੁਸਲਮਾਨ ਮਾਰੇ ਗਏ, ਬੰਦਾ ਤੇ ਵਜ਼ੀਰ ਆਪਸ ਵਿਚ ਉਲਝੇ। ...ਬੰਦੇ ਨੇ ਤਲਵਾਰ ਦੇ ਇਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ।' ‘ਸੂਰਜ ਪ੍ਰਕਾਸ਼' ਅਤੇ ‘ਮਹਿਮਾ ਪ੍ਰਕਾਸ਼' ਦੇ ਲੇਖਕਾਂ ਦੀ ਵੀ ਇਹੋ ਰਾਇ ਹੈ ਕਿ ਵਜ਼ੀਰ ਖ਼ਾਂ ਦੀ ਮੌਤ ਬੰਦਾ ਬਹਾਦਰ ਦੇ ਹੱਥੋਂ ਹੋਈ, ਪਰ ਤਲਵਾਰ ਨਾਲ ਨਹੀਂ, ਬਲਕਿ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਤੀਰਾਂ ਵਿਚੋਂ ਇਕ ਨਾਲ। ਇਸ ਸਬੰਧ ਵਿਚ ਭਾਈ ਕਰਮ ਸਿੰਘ ਲਿਖਦਾ ਹੈ ਕਿ ‘ਦੁਵੱਲਿਓਂ ਸੂਰਮੇ ਖਟਾ-ਖਟ ਤਲਵਾਰ ਚਲਾ ਰਹੇ ਸਨ ਕਿ ਅਚਨਚੇਤ ਹੀ ਵਜ਼ੀਰ ਖ਼ਾਂ ਨੂੰ ਇਕ ਤੀਰ ਜਾ ਲੱਗਾ ਅਤੇ ਉਹ ਧੜੱਮ ਕਰਕੇ ਘੋੜੇ ਤੋਂ ਜਾ ਡਿੱਗਾ।' (ਕਰਮ ਸਿੰਘ, 'ਬੰਦਾ ਬਹਾਦਰ', ਪੰਨਾ 72)। ਗਿਆਨੀ ਗਿਆਨ ਸਿੰਘ ਦਾ ਵਿਚਾਰ ਹੈ ਕਿ 'ਇਕ ਸਿੰਘ ਦੇ ਤੀਰ ਨਾਲ ਵਜ਼ੀਰ ਖ਼ਾਂ ਮਾਰਿਆ ਗਿਆ। ... ਫ਼ਤਿਹ ਸਿੰਘ ਨੇ ਵਜ਼ੀਰ ਖ਼ਾਂ ਦੀ ਲਾਸ਼ ਨੂੰ ਚੁੱਕ ਕੇ ਬੰਦੇ ਦੇ ਕੋਲ ਪੁਚਾਇਆ।' ਮੌਤ ਭਾਵੇਂ ਕਿਵੇਂ ਵੀ ਹੋਈ ਹੋਵੇ, ਸਿੱਖਾਂ ਨੇ ਉਸ ਦਾ 'ਕਰਜ਼ ਵਿਆਜ ਸਮੇਤ ਮੋੜ ਦਿੱਤਾ।' ਵਜ਼ੀਰ ਖ਼ਾਂ ਦੀ ਮੌਤ ਨਾਲ ਮੁਗ਼ਲਾਂ ਦੀ ਹਾਰ ਨਿਸ਼ਚਿਤ ਹੋ ਗਈ ਅਤੇ ਮੈਦਾਨ ਸਿੱਖਾਂ ਦੇ ਹੱਥ ਆਇਆ।
ਸਰਹਿੰਦ 'ਤੇ ਕਬਜ਼ਾ- 14 ਮਈ 1710 ਈ. ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿਚ ਸਰਹਿੰਦ ਵਿਚ ਦਾਖ਼ਲ ਹੋਏ। ਇਤਿਹਾਸਕਾਰ ਸੋਹਣ ਸਿੰਘ ਅਨੁਸਾਰ- 'ਵਜ਼ੀਰ ਖ਼ਾਂ ਦੀਆਂ ਲੱਤਾਂ ਇਕ ਰੱਸੀ ਨਾਲ ਬੰਨ੍ਹ ਦਿੱਤੀਆਂ ਗਈਆਂ, ਉਸ ਨੂੰ ਸ਼ਹਿਰ ਦੇ ਬਜ਼ਾਰਾਂ ਵਿਚ ਘਸੀਟਿਆ ਗਿਆ ਅਤੇ ਇੰਝ ਕੀਤੇ ਜਾਣ ਮਗਰੋਂ ਉਸ ਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ ਗਿਆ, ਜਿਥੇ ਉਸ ਦੀ ਲਾਸ਼ ਇੱਲਾਂ-ਚੀਲਾਂ ਲਈ ਦਾਅਵਤ ਦੇ ਕੰਮ ਆਈ।' (ਦੇਖੋ, ਸੋਹਣ ਸਿੰਘ ਦੀ ਪੁਸਤਕ, 'ਬੰਦਾ ਦੀ ਬਰੇਵ', ਪੰਨਾ 84-85) ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਅਤੇ ਦੋਸ਼ੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ।
ਮਹਿਲ-ਮਾੜੀਆਂ ਢਾਹ ਕੇ ਰੱਖ ਦਿੱਤੀਆਂ। ਸੁੱਚਾ ਨੰਦ ਦੀ ਹਵੇਲੀ ਸਵਾਹ ਦੇ ਢੇਰ ਵਿਚ ਬਦਲ ਦਿੱਤੀ, ਜਿਸ ਦਾ ਜ਼ਿਕਰ ਕਰਦਿਆਂ ਮੁਹੰਮਦ ਕਾਸਿਮ ਲਿਖਦਾ ਹੈ-'ਖ਼ਾਸ ਕਰਕੇ ਵਜ਼ੀਰ ਖ਼ਾਂ ਦੇ ਪੇਸ਼ਕਾਰ ਸੁੱਚਾ ਨੰਦ ਦੀ ਹਵੇਲੀ ਅਤੇ ਮਾਲ ਦੌਲਤ ਜਿਵੇਂ ਇਸ ਦਿਨ ਲਈ ਹੀ ਬਣੇ ਅਤੇ ਜਮ੍ਹਾਂ ਕੀਤੇ ਹੋਏ ਸਨ ਕਿ ਸਵਰਗਾਂ ਵਰਗੇ ਮਹਿਲ ਕਾਵਾਂ ਦੇ ਅੱਡੇ ਬਣਨ।' ਲੁੱਟ ਮਾਰ ਦਾ ਜ਼ਿਕਰ ਕਰਦਿਆਂ ਖ਼ਫੀ ਖ਼ਾਨ ਲਿਖਦਾ ਹੈ- 'ਕਿ ਧਨ, ਮਾਲ, ਘੋੜੇ, ਹਾਥੀ ਬੇਦੀਨਿਆਂ ਦੇ ਹੱਥ ਆਏ'। ਸੱਯਦ ਮੁਹੰਮਦ ਲਤੀਫ ਬੰਦਾ ਬਹਾਦਰ ਵਲੋਂ ਸਰਹੰਦ ਦੀ ਤਬਾਹੀ ਦਾ ਜ਼ਿਕਰ ਕਰਦਿਆਂ ਲਿਖਦਾ ਹੈ ‘ਬੰਦਾ ਹੁਣ ਸਰਹਿੰਦ ਵਿਚ ਦਾਖਲ ਹੋਇਆ ਅਤੇ ਸਾਰੇ ਸ਼ਹਿਰ ਨੂੰ ਜੰਗਲੀ ਅਤੇ ਬਦਲਾ ਲਊ ਢੰਗ ਨਾਲ ਸਜ਼ਾ ਦਿੱਤੀ।' ਚੇਤੇ ਰਹੇ! ਸਿੱਖ ਇਤਿਹਾਸ ਨੂੰ ਬਿਆਨ ਕਰਨ ਵਾਲੇ ਬਹੁਤੇ ਮੁਸਲਮਾਨ ਇਤਿਹਾਸਕਾਰਾਂ ਦਾ ਰਵੱਈਆ ਪੱਖਪਾਤੀ ਰਿਹਾ ਹੈ। ਇਹ ਉਨ੍ਹਾਂ ਦੀ ਮਜਬੂਰੀ ਵੀ ਹੋ ਸਕਦੀ ਹੈ।
ਬੇਸ਼ੱਕ ਇਹ ਕਹਿਣਾ ਇਕ ਰਵਾਇਤ ਹੀ ਬਣ ਚੁੱਕੀ ਹੈ ਕਿ ਬੰਦਾ ਬਹਾਦਰ ਨੇ ਸਰਹਿੰਦ ਦੀ 'ਇੱਟ ਨਾਲ ਇੱਟ ਵਜਾ ਦਿੱਤੀ' ਸੀ, ਭਾਵ ਕਿ ਸਰਹਿੰਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ, ਪਰ ਆਧੁਨਿਕ ਖੋਜ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਰਹਿੰਦ ਨੂੰ ਉਦੋਂ ਬੁਰ੍ਹੀ ਤਰ੍ਹਾਂ ਤਬਾਹ ਕੀਤਾ ਗਿਆ ਜਦੋਂ ਸੰਨ 1763 ਵਿਚ ਸ.ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖਾਂ ਨੇ ਸਰਹਿੰਦ ਨੂੰ ਮੁੜ ਫ਼ਤਿਹ ਕੀਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਇਕ ਬੰਦਾ ਬਹਾਦਰ ਦੀ ਕਮਾਨ ਹੇਠ ਸਰਹਿੰਦ ਨੂੰ ਫ਼ਤਿਹ ਕਰਨ ਉਪਰੰਤ ਸਿੱਖ ਸੈਨਾ ਨੇ ਸਰਹਿੰਦ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਬੰਦਾ ਬਹਾਦਰ ਨੇ, ਸਿੰਘਾਂ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ, ਨਿੱਜੀ ਪੱਧਰ 'ਤੇ ਦਖ਼ਲ ਦੇ ਕੇ ਇਸ ਕਾਰਵਾਈ ਨੂੰ ਬੰਦ ਕਰਵਾ ਦਿੱਤਾ ਸੀ। ਜਿੱਥੇ ਤੱਕ ਲੁੱਟ ਮਾਰ ਦਾ ਸਵਾਲ ਹੈ, ਡਾ. ਗੰਡਾ ਸਿੰਘ ਲਿਖਦਾ ਹੈ ਕਿ 'ਬੰਦੇ ਦੇ ਹੱਥ ਆਏ ਲੁੱਟ ਦੇ ਮਾਲ ਦੀ ਕੀਮਤ ਦਾ ਅੰਦਾਜ਼ਾ 2 ਕਰੋੜ ਹੋਵੇਗਾ, ਜੋ ਕਿ ਵਜ਼ੀਰ ਖ਼ਾਂ ਦੀ ਮਲਕੀਅਤ ਸੀ ਅਤੇ ਕੁਝ ਲੱਖ, ਜੋ ਕਿ ਸੁੱਚਾ ਨੰਦ ਅਤੇ ਦੂਜਿਆਂ ਦੀ ਮਲਕੀਅਤ ਸੀ।' (ਸੁੱਚਾ ਨੰਦ, ਸੂਬੇਦਾਰ ਵਜ਼ੀਰ ਖ਼ਾਂ ਦਾ ਪੇਸ਼ਕਾਰ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਬਹੁਤ ਹੀ ਭੱਦੀ ਭੂਮਿਕਾ ਨਿਭਾਈ ਸੀ।)
ਸਰਹਿੰਦ ਦੇ ਕਿਲ੍ਹੇ ਉਂਤੇ ਨਿਸ਼ਾਨ ਸਾਹਿਬ ਲਹਿਰਾਏ ਜਾਣ ਉਪਰੰਤ ਬੰਦਾ ਬਹਾਦਰ ਨੇ ਆਪਣੇ ਇਕ ਪ੍ਰਮੁੱਖ ਜਰਨੈਲ ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਆਲੀ ਸਿੰਘ ਨੂੰ ਉਸ ਦਾ ਡਿਪਟੀ ਥਾਪਿਆ।
ਨਵੇਂ ਇਤਿਹਾਸ ਦੀ ਸਿਰਜਣਾ- ਸਰਹਿੰਦ ਦੀ ਜਿੱਤ ਨੇ ਇਤਿਹਾਸ ਨੂੰ ਨਵੀਆਂ ਨਕੋਰ ਸੇਧਾਂ ਦਿੱਤੀਆਂ। ਸਿੱਖ ਚੜ੍ਹਤ ਤੇ ਗੌਰਵ ਦੀ ਪ੍ਰਤੀਕ ਇਸ ਘਟਨਾ ਨੇ ਸਿੱਖਾਂ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ-ਇਤਿਹਾਸ ਕੁਝ ਸਮੇਂ ਲਈ ਸਿੱਖਾਂ ਦੇ ਹੱਥਾਂ ਵਿਚ 'ਪਾਲਤੂ' ਬਣ ਗਿਆ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਇਤਿਹਾਸ ਦੀ ਸਿਰਜਣਾ ਕਰਨ ਲੱਗੇ। ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸਢੌਰਾ ਅਤੇ ਨਾਹਨ ਵਿਚਕਾਰ ਮੁਖ਼ਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ 'ਲੋਹਗੜ੍ਹ' ਦਾ ਨਾਂ ਦਿੱਤਾ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਸਿੱਕਾ ਜਾਰੀ ਕਰਕੇ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕੀਤੀ।
ਸੋ, ਬਾਬਾ ਬੰਦਾ ਸਿੰਘ ਬਹਾਦਰ (1670-1716) ਸਿੱਖਾਂ ਦਾ ਪਹਿਲਾਂ ਸੁਯੋਗ ਆਗੂ ਸੀ, ਜਿਸ ਨੇ ਪੰਜਾਬ ਵਿਚ ਸੁਤੰਤਰ ਸਿੱਖ ਰਾਜ ਕਾਇਮ ਕੀਤਾ ਅਤੇ ਸੱਤ ਸੌ ਸਾਲ ਪਹਿਲਾਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਬੰਦਾ ਬਹਾਦਰ ਨੇ ਸਦੀਆਂ ਦੀ ਗੁਲਾਮੀ ਤੋਂ ਬਾਅਦ ਸਰਹਿੰਦ ਦੀ ਜਿੱਤ ਪ੍ਰਾਪਤ ਕਰਕੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿਚੋਂ ਅਖਵਾਉਣ ਵਾਲਿਆਂ ਦੀ ਆਨ ਅਤੇ ਸ਼ਾਨ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ। ਇਤਫ਼ਾਕਵੱਸ, ਗੁਰੂ ਗੋਬਿੰਦ ਸਿੰਘ ਨੇ 1699 ਈ. ਵਿਚ ਆਨੰਦਪੁਰ ਸਾਹਿਬ ਵਿਖੇ ਜਿਸ ਇਨਕਲਾਬੀ ਤਹਿਰੀਕ ਦੀ ਨੀਂਹ ਰੱਖੀ ਸੀ, ਉਹ ਆਪਣਾ ਰੰਗ ਵਿਖਾਉਣ ਲੱਗੀ। ਮਿੱਟੀ ਮਿਲ ਰਹੇ ਮੁਗ਼ਲ ਸਾਮਰਾਜ ਨੇ ਇਸ ਲਹਿਰ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਅੰਦੋਲਨ, ਮੁਗ਼ਲਾਂ ਦੇ ਜ਼ੁਲਮੋਂ ਜਬਰ ਨੂੰ ਝੱਲਦਾ ਹੋਇਆ, ਆਪਣੀ ਮੰਜ਼ਿਲ ਵੱਲ ਨਿਰੰਤਰ ਵੱਧਦਾ ਰਿਹਾ।
ਜਿਸ ਸਿੱਖ ਰਾਜ ਦਾ ਨੀਂਹ ਪੱਥਰ ਬੰਦਾ ਬਹਾਦਰ ਨੇ ਸਰਹਿੰਦ 'ਤੇ ਜਿੱਤ ਪ੍ਰਾਪਤ ਕਰਕੇ ਰੱਖਿਆ ਸੀ, ਅੰਤ ਉਹੋ ਛੋਟੀ ਜਿਹੀ ਤਾਕਤ, ਵੱਡੇ ਵੱਡੇ ਸ਼ਹੀਦੀ ਸਾਕਿਆਂ ਤੇ ਘੱਲੂਘਾਰਿਆਂ ਵਿਚੋਂ ਦੀ ਗੁਜ਼ਰਦੀ ਹੋਈ, ਮਹਾਰਾਜਾ ਰਣਜੀਤ ਸਿੰਘ (1780-1839) ਵੇਲੇ ਇਕ ਵਿਸ਼ਾਲ ਸਿੱਖ ਸਲਤਨਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ।
ਹੁਣ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਰਹਿੰਦ ਦੀ ਜਿੱਤ, ਪੰਜਾਬ ਦੇ ਇਤਿਹਾਸ ਵਿਚ ਇਕ ਯੁੱਗ ਪਲਟਾਊ ਘਟਨਾ ਦੀ ਹੈਸੀਅਤ ਰੱਖਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਸਰਹਿੰਦ ਦੀ ਜਿੱਤ ਦਾ ਦਿਵਸ ਉਵੇਂ ਨਹੀਂ ਮਨਾਇਆ ਜਾਂਦਾ ਜਿਵੇਂ ਸਿੱਖ ਜਗਤ ਵਿਚ ਰਵਾਇਤਨ ਦੂਸਰੇ ਇਤਿਹਾਸਕ ਦਿਵਸ ਮਨਾਏ ਜਾਂਦੇ ਹਨ। ਸਿੱਖ ਜਗਤ, ਬੰਦਾ ਬਹਾਦਰ ਦੇ ਇਸ ਲਾਸਾਨੀ ਕਾਰਨਾਮੇ ਨੂੰ ਪਤਾ ਨਹੀਂ ਕਿਉਂ ਭੁਲਾਈ ਬੈਠਾ ਹੈ? ਚੱਪੜਚਿੜੀ ਦੇ ਮੈਦਾਨ ਵਿਚ 'ਸਰਹਿੰਦ ਦੀ ਜਿੱਤ' ਨੂੰ ਸਮਰਪਿਤ ਕਿਸੇ ਢੁਕਵੀਂ ਯਾਦਗਾਰ ਦਾ ਨਾ ਹੋਣਾ, ਬੰਦਾ ਬਹਾਦਰ ਪ੍ਰਤੀ ਪੰਥਕ ਆਗੂ ਕਹਾਉਣ ਵਾਲਿਆਂ ਦੀ ਸੋਚ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਵੈਸੇ, ਇਹ ਗੱਲ ਸੰਤੋਖ ਦੇਣ ਵਾਲੀ ਹੈ ਕਿ ਇਸ ਸਬੰਧ ਵਿਚ ਸਿੱਖ ਸਮਾਜ ਅੰਦਰ ਹਿਲਜੁਲ ਪੈਦਾ ਹੋ ਚੁੱਕੀ ਹੈ। ਚੱਪੜਚਿੜੀ ਵਿਖੇ ਇਕ ਢੁਕਵੀਂ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਤਿੰਨ ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਹਿੰਦ ਦੀ ਜਿੱਤ ਨੂੰ ਸਮਰਪਿਤ ਇਕ ਵੱਡਾ ਸੈਮੀਨਾਰ 12 ਮਈ 2003 ਈ. ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ ਸੀ, ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ 'ਬਾਬਾ ਬੰਦਾ ਸਿੰਘ ਬਹਾਦਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਛੀ ਗੱਲ ਹੈ ਕਿ ਸਿੱਖ ਜਗਤ ਦੀ ਸੋਚ ਵਿਚ ਪਰਿਵਰਤਨ ਆ ਰਿਹਾ ਹੈ- ਕਹਿੰਦੇ ਹਨ, 'ਦੇਰ ਆਇਦ ਦਰੁਸਤ ਆਇਦ।
ਲੇਖਕ:-(ਡਾ. ਹਰਚੰਦ ਸਿੰਘ ਸਰਹਿੰਦੀ)