ਪੰਜਾਬ ਦੀ ਆਜ਼ਾਦੀ ਦੀ ਪਹਿਲੀ ਜੰਗ

'MANISH'

yaara naal bahara
10 ਮਈ, 2007 ਪਾਰਲੀਮੈਂਟ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਹੋਰ ਅਹੁਦੇਦਾਰਾਂ ਨੇ ਮਿਲ ਕੇ 1857 ਦੇ ਗ਼ਦਰ ਦੀ ਡੇਢ ਸੌ ਸਾਲਾ ਬਰਸੀ ਮਨਾਈ। ਇਸ ਸਮੇਂ ਪਾਰਲੀਮੈਂਟ ਦੇ ਡਿਪਟੀ ਸਪੀਅਰ ਚਰਨਜੀਤ ਸਿੰਘ ਅਟਵਾਲ ਤੇ ਹੋਰ ਕੁਝ ਮੈਂਬਰਾਂ ਨੇ ਪਾਰਲੀਮੈਂਟ ਵਿਚ ਦੱਸਿਆ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ, ਪਹਿਲੀ ਪੰਜਾਬ ਦੀ ਜੰਗ ਸੀ, ਪਰ ਉਹ ਇਸ ਦਾ ਵਿਸਥਾਰ ਨਹੀਂ ਕਰ ਸਕੇ ਕਿ ਇਹ ਕਿਵੇਂ ਆਜ਼ਾਦੀ ਦੀ ਪਹਿਲੀ ਜੰਗ ਹੈ।
ਪੰਜਾਬ ਦੀ ਜੰਗ ਨੂੰ ਅੰਗਰੇਜ਼ਾਂ ਨੇ ਗਲਤ ਨਾਮ ਦੇ ਕੇ ਪਹਿਲੀ ਅੰਗਰੇਜ਼ਾਂ-ਸਿੱਖਾਂ ਦੀ ਲੜਾਈ ਕਿਹਾ ਹੈ। ਇਸ ਜੰਗ ਨੂੰ ਇਸ ਲਈ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਕਹਿ ਸਕਦੇ ਹਾਂ ਕਿਉਂਕਿ ਇਸ ਜੰਗ ਵਿਚ ਪਹਿਲੀ ਵਾਰੀ ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਤੇ ਏਸ਼ੀਆ ਵਿਚ ਇਹ ਪਹਿਲੀ ਜੰਗ ਸੀ ਜਿਸ ਵਿਚ ਅੰਗਰੇਜ਼ਾਂ ਨੂੰ ਹਾਰ ਹੁੰਦੀ। ਗੁਲਾਬ ਸਿੰਘ, ਤੇਜ ਸਿੰਘ, ਲਾਲ ਸਿੰਘ ਦੀ ਗੱਦਾਰੀ ਕਰਕੇ ਅੰਗਰੇਜ਼ ਬਚ ਗਏ ਸਨ। ਇਸ ਲੜਾਈ ਨੇ ਸਾਬਤ ਕਰ ਦਿੱਤਾ ਕਿ ਅੰਗਰੇਜ਼ੀ ਫੌਜ ਅਜਿੱਤ ਨਹੀਂ, ਹਿੰਦੁਸਤਾਨੀ ਫੌਜਾਂ ਵੀ ਇਨ੍ਹਾਂ ਨੂੰ ਹਰਾ ਸਕਦੀਆਂ ਹਨ। ਇਹ ਗੱਲ ਹਿੰਦੁਸਤਾਨੀ ਫੌਜਾਂ ਵਾਸਤੇ ਬੜੀ ਉਤਸ਼ਾਹਜਨਕ ਸੀ। ਇਸ ਜੰਗ ਤੋਂ ਉਤਸ਼ਾਹਤ ਹੋ ਕੇ ਹਿੰਦੁਸਤਾਨੀ ਸਿਪਾਹੀ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਦੇ ਵਿਰੁੱਧ ਉਠੇ। ਇਸ ਜੰਗ ਤੋਂ ਪਹਿਲਾਂ ਹਿੰਦੁਸਤਾਨੀਆਂ ਵਿਚ ਆਪਣੀ ਹੀਣਤਾ ਦੇ ਅਨੁਭਵ ਕਰਕੇ ਅੰਗਰੇਜ਼ਾਂ ਦੇ ਵਿਰੁੱਧ ਲੜਨ ਦੀ ਸਮਰੱਥਾ ਨਹੀਂ ਸੀ। ਇਹ ਅਸਲ ਵਿਚ ਭਾਰਤ ਦੇ ਇੱਕੋ ਆਜ਼ਾਦ ਇਲਾਕੇ ਸਾਰੇ ਪੰਜਾਬ ਦੀ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਸੀ ਇਹ ਆਜ਼ਾਦੀ ਲਈ ਕੌਮੀ ਲੜਾਈ ਸੀ। ਕੇਵਲ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਨਹੀਂ। ਇਸ ਵਿਚ ਪੰਜਾਬ ਦੇ ਸਿੱਖ, ਮੁਸਲਮਾਨ ਤੇ ਹਿੰਦੂ ਸਾਰੇ ਪੰਜਾਬੀ ਸ਼ਾਮਲ ਸਨ ਕਿਉਂਕਿ ਰਣਜੀਤ ਸਿੰਘ ਦੀ ਸੰਗਠਿਤ ਕੀਤੀ ਫੌਜ ਵਿਚ ਸਾਰੇ ਪੰਜਾਬੀ ਸਨ ਤੇ ਖਾਸ ਕਰਕੇ ਪੰਜਾਬੀ ਮੁਸਲਮਾਨਾਂ ਦੇ ਅਧੀਨ ਲਾਹੌਰ ਦਰਬਾਰ ਦਾ ਤੋਪਖਾਨਾ ਸੀ। ਪੰਜਾਬੀ ਮੁਸਲਮਾਨਾਂ ਦਾ ਇਸ ਵਿਚ ਵਧੇਰੇ ਸ਼ਾਮਲ ਹੋਣਾ ਸਮਕਾਲੀ ਲੇਖਕ ਸ਼ਾਹ ਮੁਹੰਮਦ ਨੇ ਸਪਸ਼ਟ ਲਿਖਿਆ ਹੈ ਉਸ ਦਾ 60ਵਾਂ ਬੰਧ ਇਸ ਤਰ੍ਹਾਂ ਹੈ:-
ਮਜ਼ਹਰ ਅਲੀ ਤੇ ਮਾਘੇ ਖ਼ਾਂ ਕੂਚ ਕੀਤਾ,
ਤੋਪਾਂ ਸ਼ਹਿਰ ਥੀਂ ਬਾਹਰ ਨਿਕਾਲੀਆਂ ਨੀ।
ਬੇੜਾ ਚੜ੍ਹਿਆ ਸੁਲਤਾਨ ਮਹਿਮੂਦ ਵਾਲਾ,
ਤੋਪਾਂ ਨਾਲ ਇਮਾਮ ਸ਼ਾਹ ਵਾਲੀਆ ਨੀ।
ਇਲਾਹੀ ਬਖ਼ਸ਼ ਪਟੋਲੀ ਨੇ ਮਾਂਜ ਕੇ ਜੀ,
ਧੂਪ ਦੇਇ ਕੇ ਤਖ਼ਤ ਬਹਾਲੀਆਂ ਨੀ।
ਸ਼ਾਹ ਮੁਹੰਮਦਾ ਐਸੀਆਂ ਲਿਸ਼ਕ ਆਈਆਂ,
ਬਿਜਲੀ ਵਾਂਗ ਜੋ ਦੇਣ ਵਖਾਲੀਆ ਨੀ।

ਇਕ ਥਾਂ ਹੋਰ ਸ਼ਾਹ ਮੁਹੰਮਦ ਲਿਖਦਾ ਹੈ:
ਚਲੀ ਸਭ ਪੰਜਾਬ ਦੀ ਪਾਤਸ਼ਾਹੀ
ਨਹੀਂ ਦਲਾਂ ਦਾ ਅੰਤ ਸੁਮਾਰ ਮੀਆਂ ( ਬੰਧ 63)

ਕੇਵਲ ਗੁਲਾਬ ਸਿੰਘ ਇਸ ਪੰਜਾਬ ਦੀ ਜੰਗ ਵਿਚ ਸ਼ਾਮਲ ਨਹੀਂ ਹੋਇਆ ਉਸ ਦੇ ਵੱਖਰੇ ਵਿਸ਼ੇਸ਼ ਕਾਰਨ ਸਨ। ਹਰ ਵਰਗ ਦੇ ਲੋਕ ਇਸ ਜੰਗ ਵਿਚ ਸ਼ਾਮਲ ਹੋਏ। ਜਦੋਂ ਵਿਸਕਾਊਟ ਹਾਰਡਿੰਗ ਗਵਰਨਰ ਜਨਰਲ ਬਣ ਕੇ 1844 ਵਿਚ ਕਲਕੱਤੇ ਆਇਆ ਤਾਂ ਗੁਲਾਬ ਸਿੰਘ ਕਲਕੱਤੇ ਜਾ ਕੇ ਉਸ ਨੂੰ ਮਿਲਿਆ ਤੇ ਪੰਜਾਬ ’ਤੇ ਹਮਲਾ ਕਰਨ ਲਈ ਪ੍ਰੇਰਿਆ ਕਿਉਂਕਿ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ।
ਅੰਗਰੇਜ਼ਾਂ ਦੀ ਅਕਰਮਣਸ਼ੀਲ ਨੀਤੀ: ਕਾਰਜਮਾਈਕਲ ਸਮਿੱਥ ਲਿਖਦਾ ਹੈ, ‘‘ਸਾਨੂੰ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੀ ਫੌਜ ਨੇ ਦਰਿਆ ਪਾਰ ਕਰਕੇ ਸੰਧੀ-ਪਤ੍ਰ ਨੂੰ ਭੰਗ ਕੀਤਾ ਹੈ। ਪ੍ਰੰਤੂ ਸਵਾਲ ਇਹ ਹੈ… ਅਸੀਂ ਆਪ ਮਿੱਤਰਤਾ ਦੇ ਨਿਯਮਾਂ ਨੂੰ ਪਹਿਲਾਂ ਤੋੜਿਆ ਸੀ ਜੰਗ ਲੱਗਣ ਤੋਂ ਪਹਿਲਾਂ ਅਸਾਂ ਫਿਰੋਜ਼ਪੁਰ ਤੇ ਪੰਜਾਬ ਦੇ ਵਿਚਕਾਰ ਉਸ ਇਲਾਕੇ ’ਤੇ ਕਬਜ਼ਾ ਕਰ ਲਿਆ ਸੀ ਜੋ ਸਿੱਖਾਂ ਦੇ ਤਹਿਤ ਸੀ। ਇਹ ਦਾਅਵਾ ਕਰਨਾ ਬੇਥਵਾ ਹੈ ਕਿ ਬੰਬਈ ਤੋਂ ਬੇੜੀਆਂ ਦਾ ਪੁਲ ਚੜ੍ਹਾਈ ਕਰਨ ਲਈ ਨਹੀਂ ਸਗੋਂ ਬਚਾਉ ਖਾਤਰ ਲਿਆਂਦਾ ਗਿਆ ਸੀ। ਇਹ ਗੱਲ ਵੀ ਵਰਨਣਯੋਗ ਹੈ ਕਿ ਉਨ੍ਹਾਂ (ਲਾਹੌਰ ਦਰਬਾਰ ਦੀਆਂ ਫੌਜਾਂ) ਨੇ ਸਾਡੇ ਇਲਾਕੇ ਵਿਚ ਨਹੀਂ ਸਗੋਂ ਆਪਣੇ ਇਲਾਕੇ ਵਿਚ ਡੇਰਾ ਕੀਤਾ।’’
ਇਸ ਜੰਗ ਦੀਆਂ ਚਾਰ ਵਿਸ਼ੇਸ਼ ਲੜਾਈਆਂ ਮੰਨੀਆਂ ਜਾਂਦੀਆਂ ਹਨ- ਮੁੱਦਕੀ, ਫੇਰੂਸ਼ਾਹ, ਅਲੀਵਾਲ ਤੇ ਸਭਰਾਉਂ। ਆਖਰੀ ਲੜਾਈ ਸਭਰਾਉ ਦਾ ਹਾਲ ਅੰਗਰੇਜ਼ ਲਿਖਾਰੀਆਂ ਨੇ ਤੇ ਹੋਰ ਲਿਖਾਰੀਆਂ ਨੇ ਬਹੁਤ ਵਿਸਥਾਰ ਨਾਲ ਲਿਖਿਆ ਹੈ। ਆਰ. ਬੋਸਵਰਥ ਸਮਿੱਥ ਲਿਖਦਾ ਹੈ:
‘‘ਸਰਦਾਰਾਂ ਦੀ ਧਾੜ ਵਿਚੋਂ ਇਕ ਵਫ਼ਾਦਾਰ ਬੁੱਢੇ ਸਰਦਾਰ ਸ਼ਾਮ ਸਿੰਘ ਦਾ ਨਾਂ ਵਰਨਣਯੋਗ ਹੈ। ਚਿੱਟਾ ਬਾਣਾ ਪਹਿਨ ਕੇ ਤੇ ਪ੍ਰਾਚੀਨ ਕਾਲ ਦੇ ਡੇਸੀਅਸ (4ecius) ਵਾਂਝ ਸਿਰ ਤਲੀ ’ਤੇ ਧਰ ਕੇ ਉਸ ਨੇ ਆਪਣੇ ਸਾਥੀਆਂ ਨੂੰ ਵੰਗਾਰਿਆ ਕਿ ਉਹ ਵਾਹਿਗੁਰੂ ਤੇ ਗੁਰੂ ਦੀ ਖਾਤਰ ਹੱਲਾ ਬੋਲ ਦੇਣ। ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਹ ਬਹਾਦਰੀ ਨਾਲ ਆਪਣੀ ਜਾਨ ’ਤੇ ਖੇਡ ਗਿਆ।’’
ਮੁਹੰਮਦ ਲਤੀਫ ਲਿਖਦਾ ਹੈ, ‘‘ਬੁੱਢੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੰਮੀ ਦੁੱਧ-ਚਿੱਟੀ (ਬਰਫ਼ਾਲੀ) ਦਾੜ੍ਹੀ ਵਰਗੀ ਸਫੈਦ ਪੁਸ਼ਾਕ ਪਾਈ, ਆਪਣੀ ਚੀਨੀ ਘੋੜੀ ਨੂੰ ਸਰਪਟ ਦੁੜਾਂਦਿਆਂ ਤੇ ਆਪਣੇ ਜੋਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦੇਂਦਿਆਂ ਉਹ ਅੱਗੇ ਵਧਿਆ ਤੇ ਅੰਤ ਤੱਕ ਮੌਤ ਨੂੰ ਟਿੱਚ ਜਾਣਦਾ ਹੋਇਆ (ਦੇਸ਼ ਦੀ ਸੁਤੰਤਰਤਾ ਦੀ ਖ਼ਾਤਰ) ਸ਼ਹੀਦੀ ਪ੍ਰਾਪਤ ਕਰ ਗਿਆ।’’ ਉਸ ਦੀ ਸ਼ਾਨਦਾਰ ਮਿਸਾਲ 1846 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਵਿਰੁੱਧ ਲੜਨ ਵਾਲੇ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਲਈ ਚਾਨਣ-ਮੁਨਾਰਾ ਤੇ ਪ੍ਰੇਰਨਾ ਦਾ ਸੋਮਾ ਬਣ ਗਈ।
ਸ਼ਾਮ ਸਿੰਘ ਦੇ ਐਲਾਨ ਦਾ ਲੋੜੀਂਦਾ ਅਸਰ ਪਿਆ। ਅਲੀਵਾਲ ਦੀ ਹਾਰ ਦੇ ਕਾਰਨ ਸਿੱਖ ਦਿਲ ਛੱਡ ਬੈਠੇ ਸਨ। ਸਰਦਾਰ ਸ਼ਾਮ ਸਿੰਘ ਦੀ ਸ਼ਾਨਦਾਰ ਮਿਸਾਲ ਨੇ ਉਨ੍ਹਾਂ ਨੂੰ ਨਵਾਂ ਜੋਸ਼, ਉਤਸ਼ਾਹ ਤੇ ਪ੍ਰੇਰਨਾ ਦਿੱਤੀ। ਕਨਿੰਘਮ ਨੇ ਇਸ ਹਾਲਤ ਨੂੰ ਹੂ-ਬ-ਹੂ ਬਿਆਨ ਕਰਦਿਆਂ ਹੋਇਆ ਇਉਂ ਲਿਖਿਆ ਹੈ:
‘‘ਜਿਨ੍ਹਾਂ ਖ਼ਤਰਿਆਂ ਵਿਚ ਸਿੱਖ ਕੌਮ ਘਿਰੀ ਹੋਈ ਸੀ, ਉਹ ਉਨ੍ਹਾਂ ਦੇ ਦਿਲ-ਦਿਮਾਗ ’ਤੇ ਛਾਏ ਹੋਏ ਸਨ ਤੇ ਉਨ੍ਹਾਂ ਨੂੰ ਵਿਦੇਸ਼ੀ ਗੁਲਾਮੀ ਵਿਚੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਬਿਰਧ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਆਪਣੇ ਕੌਮ ਦੇ ਦੁਸ਼ਮਣਾਂ ਨਾਲ ਟੱਕਰ ਵਿਚ ਸ਼ਹੀਦ ਹੋਣ ’ਤੇ ਇਸ ਤਰ੍ਹਾਂ (ਗੁਰੂ) ਗੋਬਿੰਦ (ਸਿੰਘ) ਦੀ ਸਪਿਰਟ ਤੇ ਉਸ ਦੇ ਰਹੱਸਵਾਦੀ ਪੰਚਾਇਤੀ ਰਾਜ ਨੂੰ ਰਿਝਾਉਣ ਲਈ ਆਪਣੀ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ।’’ ਅੰਗਰੇਜ਼ਾਂ ਦੇ ਪਹਿਲੇ ਹਮਲੇ ਸਮੇਂ ਸਰਦਾਰ ਸ਼ਾਮ ਸਿੰਘ ਲਗਪਗ ਹਰੇਕ ਥਾਂ ਮੌਜੂਦ ਦਿੱਸਦਾ ਸੀ। ਉਹ ਇਕ ਦਸਤੇ ਤੋਂ ਦੂਜੇ ਵੱਲ ਜਾਂਦਾ ਹੋਇਆ ਜਵਾਨਾਂ ਨੂੰ ਡਟ ਕੇ ਲੜਨ ਲਈ ਹੱਲਾਸ਼ੇਰੀ ਦੇਣ ’ਤੇ ਉਨ੍ਹਾਂ ਦਾ ਹੌਸਲਾ ਕਾਇਮ ਰੱਖਣ ਵਿਚ ਪੂਰੀ ਤਰ੍ਹਾਂ ਸਫਲ ਹੋ ਰਿਹਾ ਸੀ। ਉਸ ਦੇ ਇਸ ਕਰਤਵ ਨੇ ਸਿੱਖ ਫੌਜ ਨੂੰ ਵਧੇਰੇ ਜੋਸ਼ ਨਾਲ ਲੜਨ ਲਈ ਉਭਾਰਿਆ ਤੇ ਅੰਤ ’ਚ ਅੰਗਰੇਜ਼ਾਂ ਨੂੰ ਪਛਾੜ ਦਿੱਤਾ ਗਿਆ। ਵਿਲੀਅਮ ਐਡਵਰਡ ਨੇ, ਜੋ ਇਸ ਹਮਲੇ ਸਮੇਂ ਉਥੇ ਮੌਜੂਦ ਸੀ, ਇਸ ਸਮੇਂ ਦਾ ਹੂ-ਬ-ਹੂ ਦ੍ਰਿਸ਼ ਲਿਖਿਆ ਹੈ।
ਗਿਲਬਰਟ ਦੇ ਡਵੀਯਨ ਨੇ ਸਿੱਖਾਂ ਦੇ ਕੇਂਦਰੀ ਮੋਰਚੇ ਉੱਤੇ ਤੀਜਾ ਹਮਲਾ ਕੀਤਾ। ਇਕ-ਦੂਜੇ ਦੇ ਮੋਢਿਆਂ ਉੱਤੇ ਚੜ੍ਹਦੇ ਹੋਏ ਉਹ ਸਿੱਖਾਂ ਦੇ ਮੋਰਚਿਆਂ ਉੱਤੇ ਪਹੁੰਚ ਗਏ ਤੇ ਜਿਸ ਵੇਲੇ ਉਨ੍ਹਾਂ ਦੀ ਗਿਣਤੀ ਬਹੁਤ ਵਧ ਗਈ, ਉਨ੍ਹਾਂ ਨੇ ਝਪਟ ਕੇ ਸਿੱਖਾਂ ਦੀਆਂ ਤੋਪਾਂ ’ਤੇ ਕਬਜ਼ਾ ਕਰ ਲਿਆ। ਛੇਤੀ ਹੀ ਇਹ ਖ਼ਬਰ ਸਾਰੀ ਸਿੱਖ ਫੌਜ ਵਿਚ ਫੈਲ ਗਈ ਕਿ ਦੁਸ਼ਮਣ ਦੀਆਂ ਫੌਜਾਂ ਸਿੱਖਾਂ ਦੇ ਮੋਰਚਿਆਂ ਵਿਚ ਧਸ ਆਈਆਂ ਹਨ। ਜਦ ਸਰਦਾਰ ਸ਼ਾਮ ਸਿੰਘ ਨੇ ਆਪਣੀ ਫੌਜ ਦੀ ਹਾਰ ਹੁੰਦੀ ਦੇਖੀ, ਤਾਂ ਉਸ ਨੇ ਅੰਤਮ ਮਾਰੂ ਕਦਮ ਚੁੱਕਣ ਦਾ ਫੈਸਲਾ ਕਰ ਕੇ ਆਪਣੀ ਘੋੜੀ ਨੂੰ ਅੱਡੀ ਲਾਈ ਤੇ ਉਹ ਤਲਵਾਰ ਘੁਮਾਂਦਾ ਤੇ ਮਾਰੋ-ਮਾਰ ਕਰਦਾ ਹੋਇਆ ਪੰਜਾਹਵੀਂ ਪਿਆਦਾ ਫੌਜ ਵਿਚ ਜਾ ਘੁੱਸਿਆ। ਨਾਲ ਦੀ ਨਾਲ ਉਸ ਨੇ ਜਵਾਨਾਂ ਨੂੰ ਵੰਗਾਰਿਆ ਕਿ ਕੋਈ ਮੈਦਾਨ ਛੱਡ ਕੇ ਨਾ ਭੱਜੇ। ਜਦ ਉਸ ਦੀ ਛਾਤੀ ਸੱਤ ਗੋਲੀਆਂ ਨਾਲ ਵਿੰਨ੍ਹੀ ਗਈ ਤਾਂ ਉਹ ਸ਼ਹੀਦ ਹੋ ਕੇ ਘੋੜੀ ਤੋਂ ਡਿੱਗ ਪਿਆ।
ਸਰਦਾਰ ਸ਼ਾਮ ਸਿੰਘ ਦੀ ਦਲੇਰੀ ਅਤੇ ਦਿੜ੍ਹਤਾ ਨੇ ਸਭਰਾਉ ਨੂੰ ਭਾਰਤ ਦਾ ਵਾਟਰਲੂ ਬਣਾ ਦਿੱਤਾ। ਜੀ.ਬੀ. ਮੈਲੀਸਨ ਨੇ ਲਿਖਿਆ ਹੈ, ‘‘ਜੇਕਰ ਸਿੱਖ ਇੱਥੇ ਜਿੱਤ ਜਾਂਦੇ ਤਾਂ ਭਾਰਤ ਅੰਗਰੇਜ਼ਾਂ ਦੇ ਹੱਥੋਂ ਨਿਕਲ ਜਾਣਾ ਸੀ।’’ ਇਸ ਤਰ੍ਹਾਂ ਸ਼ਾਮ ਸਿੰਘ ਆਜ਼ਾਦੀ ਸੰਗਰਾਮ ਦਾ ਪਹਿਲਾ ਸ਼ਹੀਦ ਹੈ, ਇਸ ਦਾ ਬੁੱਤ ਵੀ ਪਾਰਲੀਮੈਂਟ ਵਿਚ ਲੱਗਣਾ ਚਾਹੀਦਾ ਹੈ।
 
Top