ਨਵੀਂ ਪੀੜ੍ਹੀ ਦਾ ਦੋਸਤ ਭਗਤ ਸਿੰਘ

ਅੱਜ ਦੇ ਮੌਜੂਦਾ ਮਾਹੌਲ ‘ਚ ਉਹ ਇਤਿਹਾਸ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਜਿਹੜਾ ਇਤਿਹਾਸ ਸਾਡੇ ਵੀਰਾਂ ਨੇ ਮਿਲ ਕੇ ਸਿਰਜਿਆ ਸੀ। ਉਹ ਇਤਿਹਾਸ ਜੱਦੋ-ਜਹਿਦ ‘ਚੋਂ ਨਿਕਲਿਆ ਸੀ, ਉਸ ਇਤਿਹਾਸ ਦੀ ਖੋਜ ਇਕ ਸਚਾਈ ਸੀ, ਤਿਆਗ ਤੇ ਏਕਤਾ ਦਾ ਪ੍ਰਤੀਕ ਸੀ। ਪਰ ਅੱਜ ਸ਼ਾਸਕ ਵਰਗ ਨੇ ਉਸ ਇਤਿਹਾਸ ਨੂੰ ਭੁਲਾ ਦਿੱਤਾ। ਇਕ ਨਵੇਂ ਇਤਿਹਾਸ ਦੀ ਰਚਨਾ ਜਾਰੀ ਹੈ। ਭ੍ਰਿਸ਼ਟਾਚਾਰ ਦਾ ਇਤਿਹਾਸ ਬਟਵਾਰੇ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਅਜਿਹੇ ਮਾਹੌਲ ‘ਚ ਵਿਚਰਦਿਆਂ ਸ਼ਹੀਦਾਂ ਦੀ ਟੋਲੀ ਯਾਦ ਆਉਂਦੀ ਹੈ, ਉਸ ਦੇ ਯਾਦ ਆਉਂਦਿਆਂ ਹੀ ਭਗਤ ਸਿੰਘ ਵੀ ਯਾਦ ਆਉਂਦਾ ਹੈ। ਭਾਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਬੰਗੇ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ (ਹੁਣ ਫੈਸਲਾਬਾਦ, ਪਾਕਿਸਤਾਨ) ‘ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਤੇ ਮਾਤਾ ਦਾ ਨਾਂ ਮਾਤਾ ਵਿਦਿਆਵਤੀ ਸੀ। 1907 ਤੋਂ 1931 ਤਕ ਸਿਰਫ ਸਾਢੇ ਤੇਈ ਸਾਲਾਂ ਦਾ ਛੋਟਾ ਜਿਹਾ ਜੀਵਨ ਰਿਹਾ ਭਗਤ ਸਿੰਘ ਦਾ। ਇਸ ਵਿੱਚੋਂ ਅਖ਼ੀਰਲੇ ਦੋ ਸਾਲ ਜੇਲ੍ਹਾਂ ‘ਚ ਗੁਜ਼ਾਰੇ। 1925 ‘ਚ 18 ਸਾਲ ਦੀ ਉਮਰ ‘ਚ ਭਗਤ ਸਿੰਘ ਨੇ ‘ਭਾਰਤ ਨੌਜਵਾਨ ਸਭਾ’ ਦੀ ਸਥਾਪਨਾ ਕੀਤੀ। 1927 ‘ਚ ‘ਹਿੰਦੁਸਤਾਨ ਗਣਤੰਤਰਕ ਸੰਗਠਨ’ ਦਾ ਨਿਰਮਾਣ ਹੋਇਆ। 1928 ‘ਚ ਉਸ ਨਾਲ ‘ਸਮਾਜਵਾਦੀ’ ਸ਼ਬਦ ਜੋੜਿਆ ਗਿਆ। ਭਾਰਤ ਵਿਚ ਕਿਸੇ ਰਾਜਨੀਤਕ ਸੰਗਠਨ ਨੇ ਪਹਿਲੀ ਵਾਰ ‘ਸਮਾਜਵਾਦੀ’ ਸ਼ਬਦ ਦਾ ਇਸਤੇਮਾਲ ਕੀਤਾ। 1928 ਭਾਰਤ ਦੇ ਗਣਤੰਤਰ ਸੰਗਰਾਮ ਦਾ ਇਕ ਮਹੱਤਵਪੂਰਨ ਕਾਲ ਸੀ। ਉਸੇ ਸਾਲ ਭਾਰਤ ਵਿਚ ਸਾਈਮਨ ਕਮਿਸ਼ਨ ਦਾ ਬਾਈਕਾਟ ਹੋਇਆ ਸੀ। ਭਾਰਤ ਦੀ ਆਜ਼ਾਦੀ ਦੇ ਸੁਆਲ ‘ਤੇ ਬਣੇ ਉਸ ਕਮਿਸ਼ਨ ‘ਚ ਇਕ ਵੀ ਭਾਰਤੀ ਪ੍ਰਤੀਨਿਧ ਨਹੀਂ ਸੀ।
30 ਅਕਤੂਬਰ 1928 ਨੂੰ ਲਾਹੌਰ ‘ਚ ਸਾਈਮਨ ਕਮਿਸ਼ਨ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਲਾਲਾ ਲਾਜਪਤ ਰਾਏ ਦੇ ਲਾਠੀਆਂ ਮਾਰੀਆਂ ਗਈਆਂ। 13 ਨਵੰਬਰ ਨੂੰ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਦਾ ਬਦਲਾ ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਦੀ ਅਗਵਾਈ ‘ਚ ਕ੍ਰਾਂਤੀਕਾਰੀਆਂ ਨੇ 17 ਦਸੰਬਰ ਨੂੰ ਅੰਗਰੇਜ਼ ਪੁਲੀਸ ਅਫ਼ਸਰ ਸਾਂਡਰਸ ਨੂੰ ਗੋਲੀ ਮਾਰ ਕੇ ਲਿਆ। ਇਨ੍ਹਾਂ ਕਾਰਵਾਈਆਂ ਦੇ ਚੱਲਦਿਆਂ ਭਗਤ ਸਿੰਘ ਦੀ ਕਲਮ ਰੁਕੀ ਨਹੀਂ। ਉਸ ਨੇ ਸੰਪਰਦਾਇਕਤਾ ਨੂੰ ਸਮਝਿਆ। ਉਸੇ ਸਾਲ ਲਾਹੌਰ ‘ਚ ਸੰਪਰਦਾਇਕ ਦੰਗਾ ਹੋਇਆ। ਇਸ ‘ਤੇ ਵੀ ਉਨ੍ਹਾਂ ਨੇ ਦੋ ਲੇਖ ਲਿਖੇ। ਭਗਤ ਸਿੰਘ ਦੇ ਚਰਿੱਤਰ ਦਾ ਸਭ ਤੋਂ ਵੱਡਾ ਪਹਿਲੂ ਇਹ ਵੀ ਸੀ ਕਿ ਉਹ ਭਾਵੁਕ ਹੋ ਕੇ ਕ੍ਰਾਂਤੀਕਾਰੀ ਨਹੀਂ ਬਣੇ ਸਨ ਸਗੋਂ ਇਕ ਵਿਗਿਆਨਕ ਦਰਸ਼ਨ ਅਤੇ ਸਪਸ਼ਟ ਵਿਚਾਰਾਂ ਕਰਕੇ। ਇਸ ਲਈ ਭਗਤ ਸਿੰਘ ਦੇ ਅਤੀਤ ਅਤੇ ਵਰਤਮਾਨ ਹੀ ਨਹੀਂ ਭਵਿੱਖ ਦੇ ਦਿਸ਼ਾ-ਨਿਰਦੇਸ਼ ਸਾਬਤ ਹੁੰਦੇ ਹਨ। ਉਸ ਨੇ ਮਈ 1928 ‘ਚ ਸਿਰਫ 21 ਸਾਲ ਦੀ ਉਮਰ ਵਿਚ ‘ਧਰਮ ਤੇ ਸਾਡੀ ਆਜ਼ਾਦੀ ਦੀ ਜੰਗ’ ਇਕ ਲੇਖ ਲਿਖਿਆ। ਉਸ ‘ਚ ਉਨ੍ਹਾਂ ਨੇ ਲਿਖਿਆ:”ਸਾਡੀ ਆਜ਼ਾਦੀ ਦਾ ਮਤਲਬ ਕੇਵਲ ਅੰਗਰੇਜ਼ੀ ਚੁੰਗਲ ਤੋਂ ਛੁਟਕਾਰਾ ਪਾਉਣ ਦਾ ਹੀ ਨਾਂ ਨਹੀਂ, ਉਹ ਪੂਰਨ ਆਜ਼ਾਦੀ ਦਾ ਨਾਂ ਹੈ, ਜਦੋਂ ਕਿ ਲੋਕੀਂ ਆਪੋ ਵਿਚ ਘੁਲ-ਮਿਲ ਕੇ ਰਹਿਣਗੇ ਅਤੇ ਦਿਮਾਗੀ ਗੁਲਾਮੀ ਤੋਂ ਵੀ ਆਜ਼ਾਦ ਹੋ ਜਾਣਗੇ।” ਜੂਨ 1928 ‘ਚ ਭਗਤ ਸਿੰਘ ਨੇ ਇਕ ਹੋਰ ਲੇਖ ‘ਸੰਪਰਦਾਇਕ ਦੰਗੇ ਅਤੇ ਉਨ੍ਹਾਂ ਦਾ ਇਲਾਜ’ ‘ਚ ਆਪਣੇ ਵਿਚਾਰਾਂ ਨੂੰ ਵਿਸਥਾਰ ਦਿੰਦਿਆਂ ਕਿਹਾ: ”ਜੇ ਇਨ੍ਹਾਂ ਫਿਰਕੂ ਫਸਾਦਾਂ ਦੀਆਂ ਜੜ੍ਹਾਂ ਨੂੰ ਲੱਭੀਏ ਤਾਂ ਉਸ ਦਾ ਕਾਰਨ ਆਰਥਿਕ ਹੀ ਜਾਪਦਾ ਹੈ। ਜਿੱਥੋਂ ਤਕ ਵੇਖਿਆ ਗਿਆ ਹੈ, ਇਨ੍ਹਾਂ ਫਸਾਦਾਂ ਦੇ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ।” ਇਹ ਲੇਖ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਯੁੱਧਿਆ ਕਾਂਡ ਤੋਂ ਬਾਅਦ ਲਿਖਿਆ ਗਿਆ ਹੋਵੇ। ਇਸੇ ਸੰਦਰਭ ‘ਚ ਰੂਸ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਲਿਖਿਆ ਸੀ ਕਿ ”ਜੋ ਲੋਕ ਰੂਸ ਦਾ ਇਤਿਹਾਸ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਜ਼ਾਰ ਦੇ ਸਮੇਂ ਉਥੇ ਵੀ ਅਜਿਹੀਆਂ ਸਥਿਤੀਆਂ ਸਨ ਪਰ ਜਿਸ ਦਿਨ ਉੱਥੇ ਸੋਵੀਅਤ ਵਿਵਸਥਾ ਬਣੀ ਨਕਸ਼ਾ ਹੀ ਬਦਲ ਗਿਆ। ਬਾਅਦ ‘ਚ ਕਦੇ ਦੰਗੇ ਨਹੀਂ ਹੋਏ। ਹੁਣ ਸਭ ਨੂੰ ਇਨਸਾਨ ਸਮਝਿਆ ਜਾਂਦਾ ਹੈ।” ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਉੱਥੇ ਸੰਪਰਦਾਇਕਤਾ, ਨਸਲਵਾਦ ਦੀ ਵਾਪਸੀ ਦੇ ਨਾਲ ਭਗਤ ਸਿੰਘ ਦੇ ਵਿਚਾਰ ਹੋਰ ਵੀ ਸਪਸ਼ਟ ਹੋ ਜਾਂਦੇ ਹਨ। ਗਦਰ ਪਾਰਦੀ ਦੇ ਅੰਦੋਲਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਲਿਖਿਆ, ”1914-15 ਦੇ ਸ਼ਹੀਦਾਂ ਨੇ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰ ਦਿੱਤਾ ਸੀ। ਉਹ ਸਮਝਦੇ ਸਨ ਕਿ ਧਰਮ ਵਿਅਕਤੀ ਦਾ ਵਿਅਕਤੀਗਤ ਮਾਮਲਾ ਹੈ। ਇਸ ਵਿਚ ਦੂਸਰੇ ਦਾ ਦਖ਼ਲ ਨਹੀਂ, ਨਾ ਹੀ ਉਸ ਨੂੰ ਰਾਜਨੀਤੀ ‘ਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ। ਇਸ ਲਈ ਗਦਰ ਪਾਰਟੀ ਇਕਜੁੱਟ ਇਕ ਜਾਨ ਰਹੀ, ਜਿਸ ਵਿਚ ਸਿੱਖਾਂ ਨੇ ਭੂਮਿਕਾ ਤਾਂ ਨਿਭਾਈ ਹੀ, ਹਿੰਦੂ ਤੇ ਮੁਸਲਮਾਨ ਵੀ ਪਿੱਛੇ ਨਹੀਂ ਰਹੇ।
ਪਿਛਲੇ ਦਿਨਾਂ ‘ਚ ‘ਬਾਬਰੀ ਮਸਜਿਦ’ ਨੂੰ ਲੈ ਕੇ ਚਾਰੇ ਪਾਸੇ ਇਕ ਨਾਅਰਾ ਗੂੰਜਿਆ ਸੀ ‘ਗਰਵ ਸੇ ਕਹੋ ਹਮ ਹਿੰਦੂ ਹੈਂ” ਇਸ ਨਾਅਰੇ ਦੇ ਖ਼ਿਲਾਫ਼ ਕੋਈ ਹੋਰ ਨਾਅਰਾ ਨਹੀਂ ਉੱਭਰ ਸਕਿਆ। ਇਹ ਸਭ ਖੱਬੇ ਪੱਖੀਆਂ ਦੀ ਦਿਸ਼ਾਹੀਣਤਾ ਦਾ ਹੀ ਪ੍ਰਮਾਣ ਹੈ।
ਅਪਰੈਲ 1928 ਨੂੰ ਜਦੋਂ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਅਸੈਂਬਲੀ ਹਾਲ ‘ਚ ਬੰਬ ਸੁੱਟਿਆ ਸੀ ਉਸ ਸਮੇਂ ਮਜ਼ਦੂਰ ਵਿਰੋਧੀ ਬਿਲ ‘ਤੇ ਬਹਿਸ ਹੋ ਰਹੀ ਸੀ। ਅੱਜ ਐਨੇ ਸਾਲਾਂ ਬਾਅਦ ਮਨਮੋਹਨ ਸਿੰਘ, ਚਿਦੰਬਰਮ ਦੇ ਨਿਰਦੇਸ਼ ‘ਚ ਬਹੁ-ਰਾਸ਼ਟਰੀ ਕੰਪਨੀਆਂ ਦੇ ਦਬਾਓ ਕਾਰਨ ਖ਼ਤਰਨਾਕ ਮਜ਼ਦੂਰ/ਕਿਸਾਨ ਵਿਰੋਧੀ ਕਾਨੂੰਨ ਬਣ ਰਹੇ ਹਨ। ਅਜਿਹੇ ਮਾਹੌਲ ‘ਚ ਭਗਤ ਸਿੰਘ ਨੂੰ ਖੋਜਣਾ ਜ਼ਰੂਰੀ ਹੈ।
4 ਅਪਰੈਲ 1929 ਤੋਂ 23 ਮਾਰਚ 1931 ਤਕ ਭਗਤ ਸਿੰਘ ਲਗਾਤਾਰ ਜੇਲ੍ਹ ‘ਚ ਰਹੇ। ਲੇਕਿਨ ਉਸ ਸਮੇਂ ਵੀ ਭਾਰਤ ਦੀ ਆਜ਼ਾਦੀ ਅਤੇ ਕ੍ਰਾਂਤੀ ਦੇ ਸੰਦਰਭ ‘ਚ ਧਰਮ ਅਤੇ ਰਾਜਨੀਤੀ ਦੇ ਸੁਆਲਾਂ ਬਾਰੇ ਸੋਚਦੇ ਰਹੇ। ਭਗਤ ਸਿੰਘ ਨੇ ਫਾਂਸੀ ਤੋਂ ਸਿਰਫ ਪੰਜ ਮਹੀਨੇ ਪਹਿਲਾਂ 6 ਅਕਤੂਬਰ 1930 ਨੂੰ ‘ਮੈਂ ਨਾਸਤਿਕ ਕਿਉਂ ਹਾਂ?” ਲਿਖਿਆ ਸੀ। ਧਰਮ ਦੇ ਠੇਕੇਦਾਰਾਂ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਨੇ ਇਸ ਲੇਖ ‘ਚ ਪੁੱਛਿਆ: ਮੈਨੂੰ ਇਹ ਦੱਸੋ ਕਿ ਤੁਹਾਡਾ ਸਰਬ-ਸ਼ਕਤੀਮਾਨ ਰੱਬ ਹਰ ਕਿਸੇ ਬੰਦੇ ਨੂੰ ਕਸੂਰ ਜਾਂ ਪਾਪ ਕਰਨੋਂ ਵਰਜਦਾ ਕਿਉਂ ਨਹੀਂ? ਉਸ ਲਈ ਤਾਂ ਇਹ ਕੰਮ ਬਹੁਤ ਸੌਖਾ ਹੈ। ਉਸ ਨੇ ਜੰਗਬਾਜ਼ਾਂ ਨੂੰ ਕਿਉਂ ਨਾ ਜਾਨੋਂ ਮਾਰਿਆ ਜਾਂ ਉਨ੍ਹਾਂ ਦੇ ਜੰਗੀ ਪਾਗਲਪਣ ਨੂੰ ਮਾਰ ਕੇ ਵੱਡੀ ਜੰਗ ਨਾਲ ਮਨੁੱਖਤਾ ਉਤੇ ਆਈ ਪਰਲੋ ਨੂੰ ਕਿਉਂ ਨਾ ਬਚਾਇਆ? ਉਹ ਅੰਗਰੇਜ਼ ਲੋਕਾਂ ਦੇ ਮਨਾਂ ਵਿਚ ਕੋਈ ਇਹੋ ਜਿਹਾ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਹਿੰਦੁਸਤਾਨ ਨੂੰ ਛੱਡ ਕੇ ਚਲੇ ਜਾਣ? ਉਹ ਸਾਰੇ ਸਰਮਾਏਦਾਰਾਂ ਦੇ ਦਿਲਾਂ ਵਿਚ ਇਹ ਜਜ਼ਬਾ ਕਿਉਂ ਨਹੀਂ ਭਰ ਦਿੰਦਾ ਕਿ ਉਹ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ ਨੂੰ ਛੱਡ ਦੇਣ ਤੇ ਸਾਰੇ ਮਿਹਨਤਕਸ਼ ਤਬਕੇ ਨੂੰ ਹੀ ਨਹੀਂ ਸਗੋਂ ਸਾਰੇ ਮਨੁੱਖੀ ਸਮਾਜ ਨੂੰ ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਪਾ ਦੇਣ। ਮੈਂ ਤੁਹਾਨੂੰ ਦੱਸਦਾ ਹਾਂ, ਜੇਕਰ ਹਿੰਦੁਸਤਾਨ ‘ਤੇ ਬਰਤਾਨਵੀ ਹਕੂਮਤ ਹੈ ਤਾਂ ਇਹ ਰੱਬ ਦੀ ਮਰਜ਼ੀ ਕਾਰਨ ਨਹੀਂ ਹੈ, ਸਗੋਂ ਇਸ ਕਾਰਨ ਹੈ ਕਿ ਸਾਡੇ ਵਿਚ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਉਨ੍ਹਾਂ ਨੇ ਰੱਬ ਦੀ ਮਦਦ ਨਾਲ ਨਹੀਂ ਸਗੋਂ ਬੰਦੂਕਾਂ, ਤੋਪਾਂ, ਬੰਬਾਂ, ਗੋਲੀਆਂ, ਪੁਲੀਸ ਫੌਜ ਦੀ ਮਦਦ ਨਾਲ ਸਾਨੂੰ ਗੁਲਾਮ ਬਣਾਇਆ ਹੋਇਆ ਹੈ। ਇਕ ਕੌਮ ਹੱਥੋਂ ਦੂਜੀ ਲੁੱਟੀ ਜਾ ਰਹੀ ਹੈ। ਕਿੱਥੇ ਹੈ ਰੱਬ? ਉਹ ਕੀ ਕਰ ਰਿਹਾ ਹੈ? ਕੀ ਉਹ ਇਨ੍ਹਾਂ ਦੁੱਖਾਂ/ਤਕਲੀਫਾਂ ਦਾ ਸੁਆਦ ਲੈ ਰਿਹਾ ਹੈ?”
23 ਮਾਰਚ 1931 ਨੂੰ ਸਮੇਂ ਤੋਂ ਪਹਿਲਾਂ ਅਚਾਨਕ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ। ਸ਼ਾਸਕ ਵਰਗ ਬੁਰੀ ਤਰ੍ਹਾਂ ਡਰ ਚੁੱਕਾ ਸੀ। ਭਗਤ ਸਿੰਘ ਅਖ਼ੀਰੀ ਸਮੇਂ ਇਕ ਕਿਤਾਬ ਪੜ੍ਹ ਰਿਹਾ ਸੀ, ਉਹ ਕਿਤਾਬ ਸੀ ਲੈਨਿਨ ਦੀ ‘ਰਾਜ ਅਤੇ ਕ੍ਰਾਂਤੀ’। ਉਸ ਸਮੇਂ ਭਗਤ ਸਿੰਘ ਨੇ ਕਿਹਾ ਕਿ ”ਕੁਝ ਸਮੇਂ ਲਈ ਰੁਕੋ। ਅਜੇ ਇਕ ਕ੍ਰਾਂਤੀਕਾਰੀ ਦੂਸਰੇ ਕ੍ਰਾਂਤੀਕਾਰੀ ਨਾਲ ਗਲ ਕਰ ਰਿਹਾ ਹੈ।” ਉਹ ਪਹਿਰਾ ਦੇਣ ਵਾਲਾ ਤਾਂ ਰੁਕਿਆ ਨਹੀਂ ਪਰ ਇਤਿਹਾਸ ਜ਼ਰੂਰ ਰੁਕ ਗਿਆ ਹੈ। ਭਗਤ ਸਿੰਘ ਨੂੰ ਕ੍ਰਾਂਤੀਕਾਰੀ ਤਾਕਤਾਂ ਲੱਭ ਰਹੀਆਂ ਹਨ। ਨਵੀਂ ਪੀੜ੍ਹੀ ਲਈ ਭਗਤ ਸਿੰਘ ਸ਼ਹੀਦ ਭਗਤ ਸਿੰਘ ਨਹੀਂ ਸਗੋਂ ਇਕ ਦੋਸਤ ਹੈ ਜਿਹੜਾ ਉਸ ਨੂੰ ਇਕ ਰਾਹ ਦਿਖਾਉਣ ਦਾ ਕੰਮ ਕਰਦਾ ਹੈ। 23 ਸਾਲ ਦੀ ਉਮਰ ਹੀ ਦੋਸਤੀ ਦਾ ਜਜ਼ਬਾ ਰੱਖਦੀ ਹੈ। ਅੱਜ ਉਸ ਦੇ ਜਨਮ ਦਿਨ ਨੂੰ ਇਸੇ ਸੰਦਰਭ ‘ਚ ਮਨਾਉਣਾ ਹੀ ਅਗਾਂਹਵਧੂ ਕਦਮ ਹੈ।
 
Top