ਸਿਰਫ਼ ਇਕ ਭਗਤ ਸਿੰਘ ਨਾਲ ਨਹੀਂ ਸਰਨਾ…

ਸ਼ਹੀਦ ਭਗਤ ਸਿੰਘ ਨੇ ਜਿਸ ਦਿਨ ਤੋਂ ਆਪਣੀ ਜ਼ਿੰਦਗੀ ਦਾ ਮਕਸਦ ਪਛਾਣਿਆ, ਉਸ ਦਿਨ ਤੋਂ ਹੀ ਉਸ ਦੀ ਆਪਣੀ ਜੀਵਨ-ਜਾਚ ਵਿੱਚ ਸਪੱਸ਼ਟ ਤਬਦੀਲੀ ਨਜ਼ਰ ਆਉਣ ਲੱਗ ਪਈ। ਸ਼ਹੀਦ ਭਗਤ ਸਿੰਘ ਦੀ ਜਿਊਣ-ਜਾਚ ਦਾ ਕੇਂਦਰੀ ਨੁਕਤਾ ਜਾਣਨਾ ਹੋਵੇ ਤਾਂ ਉਹ ਹੈ—ਤਰਕਸ਼ੀਲ ਸੋਚ। ਉਸ ਦੀ ਜ਼ਿੰਦਗੀ ਦੇ ਹਰ ਪਲ ਨੂੰ ਘੋਖ ਕੇ ਦੇਖ ਲਵੋ, ਉਸ ਵਿੱਚ ਤੁਹਾਨੂੰ ਭਰਪੂਰਤਾ ਦੀ ਝਲਕ ਨਜ਼ਰ ਆਵੇਗੀ। ਉਹ ਫਾਂਸੀ ਦੇ ਤਖ਼ਤੇ ‘ਤੇ ਝੂਲਣ ਦੇ ਪਲ ਵੇਲੇ ਵੀ ਬਸੰਤੀ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ ਤੇ ਅਦਾਲਤ ਵਿੱਚ ਬਹਿਸ ਕਰਦਾ ਵੀ ਅਡੋਲ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੇ ਸੰਪੂਰਨ, ਭਰੇ-ਪੂਰੇ ਪਲ ਉਹੀ ਜੀਅ ਸਕਦਾ ਹੈ, ਜਿਸ ਕੋਲ ਇਕ ਮਕਸਦ ਹੋਵੇ ਤੇ ਉਸ ਨਿਸ਼ਾਨੇ ਨੂੰ ਹਾਸਲ ਕਰਨ ਪਿੱਛੇ ਇਕ ਤਰਕਸ਼ੀਲ ਵਿਚਾਰਧਾਰਾ ਹੋਵੇ।
ਤਰਕ ਨਾਲ ਜਿਊਣਾ, ਇਕ ਅਜਿਹੀ-ਜਾਚ ਹੈ, ਜੋ ਸਿਰਫ਼ ਮਨੁੱਖਾਂ ਦੇ ਹਿੱਸੇ ਆਈ ਹੈ। ਤਰਕ, ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਇਕ ਬਿਹਤਰੀਨ ਸੰਦ ਹੈ। ਤਰਕ ਦੇ ਮੂਲ ਵਿੱਚ ਪਿਆਂ, ‘ਕੀ, ਕਿਵੇਂ ਅਤੇ ਕਿਉਂ’ ਦਾ ਸੰਕਲਪ, ਸਾਨੂੰ ਨਾ ਸਿਰਫ਼ ਕੁਦਰਤ, ਸਗੋਂ ਸਮਾਜਿਕ ਵਰਤਾਰਿਆਂ ਨੂੰ ਵੀ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
ਸ਼ਹੀਦ ਭਗਤ ਸਿੰਘ ਦੀ ਇਹ ਧਾਰਨਾ ਸੀ ਕਿ ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫਲਸਫ਼ੇ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸ ਦਾ ਵਿਸ਼ਵਾਸ ਸਲਾਹੁਣਯੋਗ ਹੈ। ਉਸ ਦੀ ਦਲੀਲ ਗ਼ਲਤ ਜਾਂ ਉੱਕੀ ਬੇਬੁਨਿਆਦ ਹੋ ਸਕਦੀ ਹੈ, ਪਰ ਉਸ ਨੂੰ ਦਰੁਸਤ ਰਾਹ ਉੱਤੇ ਲਿਆਂਦਾ ਜਾਣਾ ਚਾਹੀਦਾ ਹੈ, ਕਿਉਂ ਜੋ ਤਰਕਸ਼ੀਲਤਾ ਉਸ ਦੀ ਜ਼ਿੰਦਗੀ ਦਾ ਧਰੂ-ਤਾਰਾ ਹੋ ਜਾਂਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਦੀ ਇਹ ਖੂਬੀ ਹੈ ਕਿ ਉਸ ਨੂੰ ਸਮੇਂ-ਸਮੇਂ ਦਰੁਸਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ, ਮਨੁੱਖੀ ਪ੍ਰਗਤੀ ਦਾ, ਨਹੀਂ ਤਾਂ ਕਿਸੇ ਵੀ ਪਹਿਲੂ ਜਾਂ ਵਿਚਾਰ ਵਿੱਚ ਖੜੋਤ ਆ ਜਾਵੇ। ਅਸੀਂ ਜਾਨਵਰ ਹੀ ਰਹਿੰਦੇ ਜਾਂ ਪੱਥਰ ਯੁੱਗ ਤੋਂ ਅੱਗੇ ਨਾ ਤੁਰੇ ਹੁੰਦੇ। ਸ਼ਹੀਦ ਭਗਤ ਸਿੰਘ ਨੇ ਇਸੇ ਤਰ੍ਹਾਂ ਹੀ ਸੋਚਿਆ ਅਤੇ ਕਾਰਜਸ਼ੀਲ ਹੋਇਆ ਕਿ ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ‘ਤੇ ਪੁਰਾਣੇ ਵਿਸ਼ਵਾਸ ਦੀ ਹਰ ਹਾਲਤ ਵਿੱਚ ਆਲੋਚਨਾ ਕਰਨੀ ਪਵੇਗੀ। ਪ੍ਰਚੱਲਤ ਵਿਸ਼ਵਾਸਾਂ ਦੀ ਇਕੱਲੀ-ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ।
ਸ਼ਹੀਦ ਭਗਤ ਸਿੰਘ ਦੇ ਹਰ ਵਿਚਾਰ ਅਤੇ ਕਾਰਜ ਵਿੱਚ, ਇਸ ਬਾਦਲੀਲ ਪੁਣਛਾਣ ਦੀ ਪ੍ਰਵਿਰਤੀ ਨਜ਼ਰ ਆਉਂਦੀ ਹੈ। ਉਸ ਦੇ ਵਿਚਾਰ ਚਾਹੇ ਰਾਜਨੀਤਕ ਚੇਤਨਾ ਬਾਰੇ ਹੋਣ ਤੇ ਚਾਹੇ ਆਜ਼ਾਦੀ ਦਾ ਸਹੀ ਅਰਥ ਸਮਝਣ ਬਾਰੇ। ਸਾਡੇ ਸਮਾਜ ਵਿੱਚ ਧਰਮ ਦੀ ਭੂਮਿਕਾ ਬਾਰੇ ਦਲੀਲਾਂ ਜਾਂ ਇਨਕਲਾਬ ਦਾ ਸਹੀ ਪੱਖ ਪੇਸ਼ ਕਰਨ ਦੀ ਗੱਲ ਅਤੇ ਚਾਹੇ ਹਥਿਆਰਾਂ ਅਤੇ ਬੰਬ ਦੇ ਵਰਤਣ ਦੀ ਗੱਲ ਹੈ, ਉਸ ਦੀ ਸਮਝ ਬੇਮਿਸਾਲ ਹੈ।
ਸਾਡੇ ਦੇਸ਼ ਵਿੱਚ ਜਥੇਬੰਦੀਆਂ ਉਸਾਰਨ ਅਤੇ ਉਨ੍ਹਾਂ ਦੇ ਕੰਮ ਨੂੰ ਇਕ ਅਹਿਮ ਥਾਂ ਹਾਸਲ ਹੈ, ਪਰ ਸਹੀ ਢੰਗ ਨਾਲ, ਜਥੇਬੰਦੀ ਵਿੱਚ ਕੰਮ ਕਿਵੇਂ ਕਰਨਾ ਹੈ, ਉਸ ਦੇ ਉਦੇਸ਼ ਕੀ ਹੋਣ ਤੇ ਜਥੇਬੰਦੀ ਦੇ ਆਗੂ ਆਪਣੇ ਵਿਚਾਰਾਂ ਨੂੰ ਕਿਸ ਤਰ੍ਹਾਂ ਉਸਾਰਨ ਅਤੇ ਸਮੇਂ-ਸਮੇਂ ਸਿਰ ਉਨ੍ਹਾਂ ਵਿਚਾਰਾਂ ਨੂੰ ਤਿੱਖਾ ਕਿਵੇਂ ਬਣਾਈ ਰੱਖਣ, ਬਾਰੇ ਵੀ ਉਸ ਦੀ ਵਿਸ਼ਲੇਸ਼ਣੀ ਸਮਝ, ਅੱਜ ਵੀ ਓਨੀ ਹੀ ਪ੍ਰਸੰਗਿਕ ਹੈ।
ਤਰਕਸ਼ੀਲ ਸੋਚ, ਵਰਤਾਰਿਆਂ ਦੀ ਘੋਖ-ਪੜਤਾਲ ਅਤੇ ਉਨ੍ਹਾਂ ਦੀ ਨਿਰੰਤਰ ਸੋਧ ਅਤੇ ਆਪਣੇ-ਆਪ ਨੂੰ ਲਗਾਤਾਰ ਅਧਿਐਨ ਰਾਹੀਂ ਸਮੇਂ ਦੇ ਸੱਚ ਦਾ ਹਾਣੀ ਬਣਾ ਕੇ ਰੱਖਣ ਦੀ ਚਾਹ ਹੀ ਸ਼ਹੀਦ ਭਗਤ ਸਿੰਘ ਨੂੰ, ਇਕ ਸਪੱਸ਼ਟ ਮੰਤਵ ਦਾ ਧਾਰਨੀ ਬਣਾਉਂਦੇ ਹਨ।
ਅਸੀਂ ਕਈ ਵਾਰ, ਬਚਪਨ ਦੀ ਬੁਨਿਆਦ ਵਿੱਚ ਪਰਿਵਾਰ, ਸਕੂਲ ਅਤੇ ਹੋਰ ਨਜ਼ਦੀਕੀਆਂ ਦੀ ਗੱਲ ਕਰਦੇ ਹਾਂ। ਇਕ ਵਿਚਾਰਕ ਪਿੱਠਭੂਮੀ ਦੀ ਉਸਾਰੀ ਲਈ, ਇਨ੍ਹਾਂ ਪੱਖਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸ਼ਹੀਦ ਭਗਤ ਸਿੰਘ ਨੂੰ ਨਿਸਚਿਤ ਹੀ ਇਕ ਚੰਗੇ, ਸੁਲਝੇ, ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਨਾਲ ਜੁੜੇ ਪਰਿਵਾਰ ਤੋਂ ਪ੍ਰਵਰਿਸ਼ ਹਾਸਲ ਹੋਈ, ਪਰ ਤਰਕਸ਼ੀਲ ਵਿਚਾਰਾਂ ਨੂੰ ਅਤੇ ਇਕ ਵਿਵੇਕਸ਼ੀਲ ਬੁੱਧੀ ਵਿਕਸਿਤ ਹੋਣ ਵਿੱਚ, ਉਸ ਦਾ ਸਾਥ ਪੁਸਤਕਾਂ ਨੇ ਦਿੱਤਾ।
ਦੇਸ਼ ਦੀ ਆਜ਼ਾਦੀ ਲਈ, ਸਰਗਰਮ ਭੂਮਿਕਾ ਵਜੋਂ, ਗੰਭੀਰਤਾ ਨਾਲ ਹਿੱਸਾ ਲੈਂਦੇ ਹੋਏ, ਭਗਤ ਸਿੰਘ ਦੇ ਮਨ ਵਿੱਚ ਅਧਿਐਨ ਕਰਨ ਦੀਆਂ ਤਰੰਗਾਂ ਪੈਦਾ ਹੋਈਆਂ। ਉਹ ਆਪਣੇ-ਆਪ ਨਾਲ ਮੁਖ਼ਾਤਿਬ ਹੋਇਆ ਕਿ ਅਧਿਐਨ ਕਰ ਤਾਂ ਜੋ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਸਕੇਂ। ਆਪਣੇ ਆਦਰਸ਼ ਅਤੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ-ਆਪ ਨੂੰ ਲੈਸ ਕਰਨ ਲਈ ਅਧਿਐਨ ਕਰ। ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਉਸ ਨੇ ਜੇਲ੍ਹ ਵਿੱਚ ਕਿੰਨੀਆਂ ਪੁਸਤਕਾਂ ਪੜ੍ਹੀਆਂ ਤੇ ਸਭ ਤੋਂ ਵੱਧ ਇਹ ਗੱਲ ਕਿ ਸਿਰਫ਼ ਪੜ੍ਹੀਆਂ ਹੀ ਨਹੀਂ, ਉਨ੍ਹਾਂ ਪੁਸਤਕਾਂ ਵਿੱਚੋਂ ਵਿਸ਼ੇਸ਼ ਵਿਚਾਰਾਂ, ਕਥਨਾਂ ਨੂੰ ਲਿਖਿਆ, ਜਿਸ ਦਾ ਅਰਥ ਹੈ ਕਿ ਉਸ ਨੇ ਜੇਲ੍ਹ ਵਿੱਚ ਸਿਰਫ਼ ਸਮਾਂ ਗੁਜ਼ਾਰਨ ਲਈ ਕਿਤਾਬਾਂ ਨਹੀਂ ਪੜ੍ਹੀਆਂ, ਸਗੋਂ ਉਨ੍ਹਾਂ ਵਿਚਾਰਾਂ ਨੂੰ ਆਪਣੇ ਅੰਦਰ ਸਮੋਇਆ ਅਤੇ ਆਪਣੀ ਸ਼ਖ਼ਸੀਅਤ ਦਾ ਹਿੱਸਾ ਬਣਾਇਆ।
ਅੱਜ ਜਦੋਂ ਅਸੀਂ ਅਧਿਐਨ ਦੀ ਪ੍ਰਵਿਰਤੀ ਨੂੰ ਸਿਰਫ਼ ਨੌਜਵਾਨਾਂ ਦੀ ਹੀ ਨਹੀਂ, ਹੋਰ ਰਾਜਨੀਤਕ ਅਤੇ ਜਥੇਬੰਦਕ ਆਗੂਆਂ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੋਇਆ ਦੇਖਦੇ ਹਾਂ ਤਾਂ ਸਾਨੂੰ ਹਰ ਪਾਸੇ ਵਿਚਾਰਕ ਦਿਵਾਲੀਆਪਣ ਸਪੱਸ਼ਟ ਨਜ਼ਰ ਆਉਂਦਾ ਹੈ।
ਆਜ਼ਾਦੀ ਦੇ 63 ਸਾਲ ਬਾਅਦ ਵੀ ਅਸੀਂ ਆਪਣੇ-ਆਪ ਨੂੰ ਆਜ਼ਾਦ ਫਿਜ਼ਾ ਵਿੱਚ ਮਹਿਸੂਸ ਨਹੀਂ ਕਰਦੇ। ਸ਼ਹੀਦ ਭਗਤ ਸਿੰਘ ਨੇ ਉਦੋਂ ਹੀ ਗਾਂਧੀ-ਨਹਿਰੂ ਦੀ ਆਜ਼ਾਦੀ ਨੂੰ ਸੱਤਾ ਦੇ ਤਬਾਦਲੇ ਦਾ ਨਾਂ ਦਿੱਤਾ ਸੀ ਕਿ ਇਹ ਅੰਗਰੇਜ਼ਾਂ ਦੇ ਹੱਥਾਂ ਵਿੱਚੋਂ ਭਾਰਤੀ ਲੋਕਾਂ ਦੇ ਹੱਥ ਆ ਜਾਵੇਗੀ, ਜਦੋਂ ਕਿ ਉਸ ਦੀ ਸਮਝ ਸੀ ਕਿ ਦੇਸ਼ ਦੀ ਰਾਜਨੀਤਕ ਆਜ਼ਾਦੀ ਦੀ ਲੜਾਈ (ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕੱਢਣਾ) ਆਜ਼ਾਦੀ ਦੇ ਮੂਲ ਨਿਸ਼ਾਨੇ ਵੱਲ, ਪਹਿਲਾ ਪੁੱਟਿਆ ਗਿਆ ਕਦਮ ਹੈ ਅਤੇ ਜੇਕਰ ਅਸੀਂ ਉੱਥੇ ਹੀ ਖਲੋ ਗਏ ਤਾਂ ਸਾਡਾ ਨਿਸ਼ਾਨਾ ਅੱਧਵਾਟੇ ਰਹਿ ਜਾਵੇਗਾ। ਸਮਾਜਿਕ ਅਤੇ ਆਰਥਿਕ ਆਜ਼ਾਦੀ ਦੀ ਅਣਹੋਂਦ ਵਿੱਚ, ਰਾਜਨੀਤਕ ਆਜ਼ਾਦੀ ਦਰਅਸਲ ਥੋੜ੍ਹੇ ਜਿਹੇ ਵਿਅਕਤੀਆਂ ਵੱਲੋਂ ਬਹੁਮੱਤ ਨੂੰ ਚੂਸ ਲੈਣ ਦੀ ਆਜ਼ਾਦੀ ਆਖਾਂਗੇ। ਸ਼ੋਸ਼ਣ ਅਤੇ ਗ਼ੁਲਾਮੀ ਨੂੰ ਜੜ੍ਹੋਂ ਪੁੱਟਣ ਦੇ ਸਿਧਾਂਤ ਉੱਤੇ ਗਠਿਤ ਸਮਾਜਵਾਦੀ ਰਾਜਸੱਤਾ ਹੀ ਸਹੀ ਅਰਥਾਂ ਵਿੱਚ ਰਾਸ਼ਟਰ ਦਾ ਸਰਵਪੱਖੀ ਵਿਕਾਸ ਕਰ ਸਕੇਗੀ।
ਲੋਕਾਂ, ਆਮ ਜਨਤਾ ਦੇ ਸ਼ੋਸ਼ਣ ਦੇ ਹਥਿਆਰਾਂ ਵਿੱਚੋਂ, ਧਰਮ ਨੂੰ ਵੀ ਸ਼ੋਸ਼ਣ ਦੇ ਇਕ ਵੱਡੇ ਹਥਿਆਰ ਵਜੋਂ ਭਗਤ ਸਿੰਘ ਨੇ ਬਾਦਲੀਲ ਪਛਾਣਿਆ। ਉਸ ਨੇ ਆਪਣੇ-ਆਪ ਨੂੰ ਨਾਸਤਿਕ ਬਿਆਨ ਕਰਦੇ ਹੋਏ, ਕਈ ਤਰਕ ਪੇਸ਼ ਕੀਤੇ। ਆਪਣੇ ਸਾਥੀਆਂ ਨਾਲ ਬਹਿਸ ਦੌਰਾਨ, ਪੁਸਤਕਾਂ ‘ਚੋਂ ਦਲੀਲ ਦਿੰਦੇ, ਉਸ ਨੇ ਕਿਹਾ, ”ਤੁਹਾਡੇ ਮੁਤਾਬਕ ਜੇ ਕੋਈ ਸਰਵਵਿਆਪਕ ਤੇ ਸਰਵਗਿਆਤਾ ਰੱਬ ਹੈ ਤਾਂ ਮੈਨੂੰ ਦੱਸਣ ਦੀ ਕੋਸ਼ਿਸ਼ ਕਰੋ ਕਿ ਇਹ ਧਰਤੀ ਕਿਉਂ ਸਾਜੀ ਗਈ ਹੈ, ਜੋ ਕਿ ਦੁੱਖਾਂ, ਤਕਲੀਫ਼ਾਂ, ਅਣਗਿਣਤ ਅਤੇ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ।” ਨਾਲ ਹੀ ਭਗਤ ਸਿੰਘ ਨੇ ਇਹ ਵੀ ਕਿਹਾ ਕਿ ਆਪਣੇ ਇਸ ਸਰਵਸ਼ਕਤੀਮਾਨ ਰੱਬ ਲਈ, ਬੇਵਜ੍ਹਾ ਕੋਈ ਦਲੀਲ ਨਾ ਦੇਣਾ ਕਿ ਉਹ ਪੁਰਾਣੇ ਕਰਮਾਂ ਦਾ ਬਦਲਾ ਲੈਂਦਾ ਹੈ ਜਾਂ ਕੁਦਰਤ ਦੇ ਨੇਮਾਂ ‘ਚ ਇਕਸਾਰਤਾ ਨਹੀਂ, ਇਸ ਲਈ ਬਰਾਬਰੀ ਸੰਭਵ ਹੀ ਨਹੀਂ। ਸਜ਼ਾ ਦੇਣ ਵਾਲਾ ਰੱਬ ਨਹੀਂ ਹੈ, ਉਹ ਫਿਰ ਕੋਈ ਹੋਰ ਸ਼ਖ਼ਸ ਹੈ, ਇਕ ਕਮਜ਼ੋਰ ਅਤੇ ਡਰਪੋਕ।
ਰੱਬ ਨੂੰ ਮੰਨਣ ਵਾਲਿਆਂ ਅੱਗੇ ਇਹ ਇਕ ਸਵਾਲ ਖੜ੍ਹਾ ਕਰਦਾ ਹੈ—ਜੇਲ੍ਹਖ਼ਾਨਿਆਂ ਦੀਆਂ ਕਾਲਕੋਠੜੀਆਂ, ਗੰਦੀਆਂ ਬਸਤੀਆਂ ਤੇ ਝੌਂਪੜੀਆਂ ਵਿੱਚ ਭੁੱਖਮਰੀ ਦੇ ਹੱਥੋਂ, ਹਰ ਰੋਜ਼ ਮਰੇ ਲੱਖਾਂ ਲੋਕਾਂ ਨੂੰ ਦੇਖ ਕੇ, ਪੂੰਜੀਵਾਦੀ ਲੋਕਾਂ ਕੋਲੋਂ ਚੁੱਪ-ਚਾਪ ਆਪਣਾ ਲਹੂ ਪਿਲਾ ਰਹੇ, ਲੁਟੀਂਦੇ ਮਜ਼ਦੂਰਾਂ ਨੂੰ ਦੇਖ ਕੇ, ਇਨਸਾਨੀ ਤਾਕਤ ਦੀ ਬਰਬਾਦੀ, ਜਿਸ ਨੂੰ ਦੇਖ ਕੇ ਅਤਿ-ਸਾਧਾਰਨ ਬੁੱਧੀ ਵਾਲਾ ਵਿਅਕਤੀ ਵੀ ਡਰ ਨਾਲ ਕੰਬਣ ਲੱਗ ਪਵੇ ਅਤੇ ਲੋੜਵੰਦ ਚੀਜ਼ਾਂ ਦੀ ਥਾਂ ਵਾਧੂ ਪੈਦਾਵਾਰ ਸਮੁੰਦਰਾਂ ਵਿੱਚ ਸੁੱਟੀ ਦੇਖ ਕੇ, ਉਹ ਜ਼ਰਾ ਆਖੇ ਤਾਂ ਸਹੀ, ਸਭ ਅੱਛਾ ਹੈ। ਕਿਉਂ ਤੇ ਕਿਸ ਕਾਰਨ? ਇਹ ਮੇਰਾ ਸਵਾਲ ਹੈ!!
ਦਰਅਸਲ ਅਜੋਕੀ ਸਥਿਤੀ ਵੀ ਹੂਬਹੂ ਅਜਿਹੀ ਹੈ, ਸਗੋਂ ਸ਼ਹੀਦ ਭਗਤ ਸਿੰਘ ਦੇ ਸਮਿਆਂ ਤੋਂ ਕਈ ਦਰਜੇ ਬਦਤਰ ਹੈ। ਧਰਮ ਦਾ ਗਲਬਾ, ਦਿਨ-ਬ-ਦਿਨ ਪਾਗ਼ਲਪਣ ਦੀ ਹੱਦ ਅਖ਼ਤਿਆਰ ਕਰਦਾ ਜਾ ਰਿਹਾ ਹੈ। ਇਨਕਲਾਬ ਅਤੇ ਸਮਾਜਵਾਦ ਦਾ ਸੁਪਨਾ ਲੈਣ ਵਾਲੇ ਸ਼ਹੀਦ ਭਗਤ ਸਿੰਘ ਦੇ ਦੇਸ਼ ਵਿੱਚ, ਹੁਣ ਸਾਮਰਾਜਵਾਦ ਦੀ ਵਿਚਾਰਧਾਰਾ ਭਾਰੂ ਹੈ। ਸਮਾਜਿਕ ਬਰਾਬਰੀ ਦੇ ਵਿਚਾਰਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਹਕੀਕਤ ਬਾਰੇ ਸੋਚਣ ਵਾਲਾ, ਜੇਕਰ ਅੱਜ ਆ ਕੇ ਦੇਖੇ ਤਾਂ ਪਤਾ ਚੱਲੇਗਾ ਕਿ ਅਮੀਰ-ਗ਼ਰੀਬ ਦਾ ਪਾੜਾ ਕਿੰਨਾ ਵਧ ਗਿਆ ਹੈ। ਇਸ ਸਥਿਤੀ ਨੂੰ ਬੂਰ ਪਾਉਣ ਲਈ, ਧਰਮ ਦੀ ਮੋਢੀ ਭੂਮਿਕਾ ਹੈ।
ਇਨਕਲਾਬ ਦੇ ਅਰਥਾਂ ਨੂੰ ਸਹੀ ਪਰਿਪੇਖ਼ ਵਿੱਚ ਸਮਝਣ ਅਤੇ ਆਪਣੇ ਵਿਚਾਰਾਂ ਦਾ ਅਟੁੱਟ ਹਿੱਸਾ ਬਣਾਉਣ ਮਗਰੋਂ, ਭਗਤ ਸਿੰਘ ਨੇ ਵਾਰ-ਵਾਰ ਇਸ ਨੂੰ ਪੂਰੇ ਜ਼ੋਰ ਨਾਲ, ਲੋਕਾਂ ਤੱਕ ਪਹੁੰਚਾਇਆ। ਇਨਕਲਾਬ ਨੂੰ ਆਮ ਤੌਰ ‘ਤੇ ਖੂਨ ਦੀ ਜੰਗ ਵਜੋਂ ਦੇਖਿਆ-ਸਮਝਿਆ ਜਾਂਦਾ ਹੈ, ਪਰ ਭਗਤ ਸਿੰਘ ਨੇ ਕਿਹਾ—ਅਸੀਂ ਮਨੁੱਖੀ ਜੀਵਨ ਦਾ ਆਦਰ ਕਰਦੇ ਹਾਂ ਅਤੇ ਜਿੱਥੋਂ ਤੱਕ ਹੋ ਸਕੇ, ਇਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਮਨੁੱਖੀ ਜੀਵਨ ਨੂੰ ਬੇਹੱਦ ਪਵਿੱਤਰ ਸਮਝਦੇ ਹਾਂ ਅਤੇ ਮਨੁੱਖਤਾ ਦੀ ਸੇਵਾ ਲਈ, ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ, ਆਪਣੇ ਜੀਵਨ ਦੀ ਬਲੀ ਦੇ ਦਿਆਂਗੇ। ਉਸ ਦਾ ਮੱਤ ਸੀ ਕਿ ਇਨਕਲਾਬ ਸਮਾਜ ਦਾ ਨਿਯਮ ਹੈ। ਇਹ ਮਨੁੱਖੀ ਵਿਕਾਸ ਦਾ ਭੇਤ ਹੈ, ਪਰ ਇਸ ਵਿੱਚ ਖੂਨ-ਖ਼ਰਾਬੇ ਨਾਲ ਲਿੱਬੜੀ ਜੱਦੋਜਹਿਦ ਜ਼ਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਜਾਤੀ ਬਦਲੇ ਦੀ ਕੋਈ ਥਾਂ ਹੈ। ਇਨਕਲਾਬ ਦੇ ਵਿਰੋਧੀ ਸਿਰਫ਼ ਪਿਸਤੌਲ, ਬੰਬ, ਤਲਵਾਰ ਅਤੇ ਖੂਨ-ਖ਼ਰਾਬੇ ਨੂੰ ਇਨਕਲਾਬ ਦਾ ਨਾਂ ਦਿੰਦੇ ਹਨ, ਪਰ ਇਨਕਲਾਬ ਇਨ੍ਹਾਂ ਚੀਜ਼ਾਂ ਤੱਕ ਹੀ ਸੀਮਤ ਨਹੀਂ। ਇਹ ਚੀਜ਼ਾਂ ਇਨਕਲਾਬ ਦੀ ਅਸਲੀ ਸ਼ਕਤੀ, ਜਨਤਾ ਰਾਹੀਂ ਸਮਾਜ ਦੇ ਆਰਥਿਕ ਅਤੇ ਰਾਜਨੀਤਕ ਢਾਂਚੇ ਵਿੱਚ ਤਬਦੀਲ ਕਰਨ ਦੀ ਇੱਛਾ ਹੁੰਦੀ ਹੈ। ਮਨੁੱਖ ਰਾਹੀਂ ਮਨੁੱਖ ਦਾ ਖੂਨ ਚੂਸਣ ਦੀ ਰੀਤ ਨੂੰ ਖ਼ਤਮ ਕਰਕੇ, ਇਸ ਦੇਸ਼ ਵਿੱਚ ਆਤਮ-ਨਿਰਣੇ ਦਾ ਅਧਿਕਾਰ ਪ੍ਰਾਪਤ ਕਰਨਾ ਹੈ।
ਅਮਰੀਕੀ ਸਾਮਰਾਜੀ ਦਬਦਬਾ, ਪੂਰੀ ਦੁਨੀਆਂ ਵਿੱਚ ਸਪੱਸ਼ਟ ਹੈ। ਭਾਰਤ ਵੀ ਉਸ ਤੋਂ ਬਚਿਆ ਨਹੀਂ ਹੈ। ਇੱਥੇ ਭਾਵੇਂ ਇਰਾਕ-ਅਫ਼ਗਾਨਿਸਤਾਨ ਵਰਗੀ ਸਿੱਧੀ ਜੰਗ ਦੀ ਸਥਿਤੀ ਨਹੀਂ, ਪਰ ਮਨੋਵਿਗਿਆਨਕ ਅਤੇ ਵਿਚਾਰਧਾਰਕ ਹਮਲਾ ਲਗਾਤਾਰ ਜਾਰੀ ਹੈ ਤੇ ਉਸ ਦਾ ਅਸਰ ਵੀ ਨਜ਼ਰ ਆ ਰਿਹਾ ਹੈ।
ਸ਼ਹੀਦ ਭਗਤ ਸਿੰਘ ਨੇ ਬਿਲਕੁਲ ਸਪੱਸ਼ਟ ਸਮਝ ਵਿਕਸਿਤ ਕੀਤੀ ਕਿ ਸਿਰਫ਼ ਸਮਾਜ ਦਾ ਭਲਾ ਚਾਹੁਣ ਨਾਲ, ਉਹ ਭਾਵੇਂ ਕਿੰਨੀ ਵੀ ਨੇਕ-ਨੀਅਤੀ, ਸੱਚੇ ਦਿਲੋਂ ਤੇ ਕੁਰਬਾਨੀ ਦੇ ਪੁਤਲੇ ਵਜੋਂ ਵਿਚਾਰਿਆ ਗਿਆ ਹੋਵੇ, ਦੇਸ਼ ਵਿੱਚੋਂ ਗ਼ਰੀਬੀ, ਬਿਮਾਰੀ ਤੇ ਲੁੱਟ ਦਾ ਖ਼ਾਤਮਾ ਨਹੀਂ ਕਰ ਸਕਦੇ। ਇਸ ਦੇ ਲਈ ਸਮਾਜਿਕ ਕ੍ਰਿਆਸ਼ੀਲ ਸ਼ਕਤੀ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ।
ਦਰਅਸਲ ਅਸੀਂ ਭਗਤ ਸਿੰਘ ਤੋਂ ਉਸ ਦੀ ਜੀਵਨ-ਜਾਚ, ‘ਕਿਉਂ ਅਤੇ ਕਿਸ ਕਾਰਨ’ ਦਾ ਸੰਕਲਪ, ਵਿਸ਼ਲੇਸ਼ਣੀ ਸੂਝ, ਸਵਾਲ ਖੜ੍ਹੇ ਕਰਨ ਦੀ ਪ੍ਰਵਿਰਤੀ ਭੁੱਲ ਗਏ ਹਾਂ। ਘੋਖ ਕੇ ਦੇਖੋ, ਅਜੋਕੀ ਹਾਲਤ ਵਿੱਚ ਆਮ ਆਦਮੀ ਦਾ ਜਿਊਣਾ ਮੁਹਾਲ ਹੋ ਗਿਆ ਹੈ। ਲਾਲ ਬਹਾਦਰ ਵਰਮਾ ਨੇ ਇਕ ਖ਼ਤ ਦੇ ਹਵਾਲੇ ਰਾਹੀਂ ਭਗਤ ਸਿੰਘ ਨੂੰ ਮੁਖ਼ਾਤਿਬ ਹੁੰਦੇ ਲਿਖਿਆ ਹੈ—ਅਸੀਂ ਪੁਰਾਣੇ ਹਥਿਆਰਾਂ ‘ਤੇ ਲੱਗੀ ਜੰਗਾਲ ਨੂੰ ਸਾਫ਼ ਕਰਕੇ, ਉਸ ਨੂੰ ਹੋਰ ਤਿੱਖਾ ਬਣਾਵਾਂਗੇ ਅਤੇ ਲਗਾਤਾਰ ਹੋਰ ਹਥਿਆਰ ਵੀ ਲੱਭਾਂਗੇ। ਦੋਸਤ ਦੁਸ਼ਮਣ ਦੀ ਪਛਾਣ ਹੋਰ ਤੇਜ਼ ਕਰਾਂਗੇ। ਇਕ ਭਗਤ ਸਿੰਘ ਨਾਲ ਕੰਮ ਨਹੀਂ ਚੱਲਣ ਵਾਲਾ, ਸਾਨੂੰ ਸਾਰਿਆਂ ਨੂੰ ‘ਤੂੰ’ ਵੀ ਬਣਨਾ ਪਵੇਗਾ।
ਇਨ੍ਹਾਂ ਸਾਰੀਆਂ ਵਿਚਾਰਧਾਰਕ ਰਮਜ਼ਾਂ ਨੂੰ ਸਮਝਣ ਦਾ ਮਕਸਦ ਇਕੋ ਹੀ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ ‘ਤੇ ਸਿਰਫ਼ ‘ਧਾਰਮਿਕ ਪੁਸਤਕਾਂ ਵਾਂਗ—ਉਨ੍ਹਾਂ ਉੱਪਰ ਲਿਪਟੇ ਰੇਸ਼ਮੀ ਰੁਮਾਲਿਆਂ’ ਦੀ ਤਰ੍ਹਾਂ ਹੀ ਪਹਿਰਾ ਨਾ ਦੇਈਏ, ਸਗੋਂ ਉਸ ਨੂੰ ਜੀਵਨ-ਜਾਚ ਬਣਾਈਏ, ਜੇਕਰ ਅਸੀਂ ਸੱਚਮੁੱਚ ਉਸ ਦੀ ਵਿਚਾਰਧਾਰਾ ਦੇ ਕਾਇਲ ਹਾਂ ਤੇ ਆਪਣੇ ਲੋਕਾਂ ਦਾ ਥੋੜ੍ਹਾ-ਬਹੁਤ ਵੀ ਜੀਵਨ, ਜਿਊਣ ਜੋਗਾ ਬਣਾਉਣ ਦੀ ਚਿਣਗ ਆਪਣੇ ਮਨ ਵਿੱਚ ਰੱਖਦੇ ਹਾਂ
 
Top