ਸ਼ਬਦ ਅਤੇ ਸੁਰ ਦਾ ਸੂਖ਼ਮ ਸੁਮੇਲ

ਸ਼ਬਦ ਦੀ ਆਪਣੀ ਵਿਰਾਟਤਾ ਹੁੰਦੀ ਹੈ ਤੇ ਸੁਰ ਦੀ ਆਪਣੀ ਅਸੀਮਤਾ। ਦੋਹਾਂ ਦੀ ਆਪਣੀ-ਆਪਣੀ ਸਿਰਜਣ-ਸ਼ੀਲਤਾ ਹੁੰਦੀ ਹੈ, ਵੱਖਰਾ-ਵੱਖਰਾ ਕਲਾਤਮਕ ਸੰਸਾਰ ਪਰ ਜਦੋਂ ਸ਼ਬਦ ਤੇ ਸੁਰ ਦਾ ਸੂਖ਼ਮ ਸੁਮੇਲ ਹੋ ਜਾਏ ਤਾਂ ਦੋਹਾਂ ਦੀ ਵਡੱਤਣ ਅਸੀਮ ਹੋ ਜਾਂਦੀ ਹੈ। ਬੇਸ਼ੱਕ ਅਜਿਹਾ ਸੁਮੇਲ ਕਦੇ-ਕਦਾਈਂ ਹੀ ਵਾਪਰਦਾ ਹੈ ਪਰ ਜਦੋਂ ਵਾਪਰਦਾ ਏ ਤਾਂ ਸ਼ਬਦ ਦਾ ਸੁਹਜ ਅਤੇ ਸੁਰ ਦੀ ਸੂਖ਼ਮਤਾ ਸਾਕਾਰ ਹੋ ਜਾਂਦੀ ਹੈ। ਪੰਜਾਬ ਦੀ ਧਰਤੀ ਤੋਂ ਸ਼ਬਦ ਅਤੇ ਸੁਰ ਦਾ ਅਜਿਹਾ ਹੀ ਸੂਖ਼ਮ ਸੁਮੇਲ ਸੂਫੀ ਰੰਗਤ ਨੂੰ ਸਾਕਾਰ ਕਰਦੀ ਗਾਇਕਾ ਡਾ. ਮਮਤਾ ਜੋਸ਼ੀ ਦੇ ਰੂਪ ਵਿੱਚ ਉਦੈ ਹੋਇਆ ਹੈ। ਮਮਤਾ ਦਾ ਪੰਜਾਬ ਦੀ ਸੂਫ਼ੀ ਗਾਇਕੀ ਵਿੱਚ ਆਗਮਨ ਦਿਨਾਂ ਵਿੱਚ ਹੀ ਨਹੀਂ ਹੋਇਆ। ਇਹਦੇ ਪਿੱਛੇ ਮਮਤਾ ਦੀ ਵਰ੍ਹਿਆਂ ਲੰਮੀ ਸੰਗੀਤ ਸਾਧਨਾ ਅਤੇ ਸ਼ਾਸਤਰੀ ਸੰਗੀਤ ਪ੍ਰਤੀ ਡੂੰਘੀ ਲਗਨ ਤੇ ਸਮਰਪਿਤ ਭਾਵਨਾ ਦੀ ਮੁੱਖ ਭੂਮਿਕਾ ਹੈ। ਮਮਤਾ ਨੇ ਸੰਗੀਤ ਤੇ ਗਾਇਕੀ ਦੀ ਦੁਨੀਆਂ ਵਿੱਚ ਆਪਣੀ ਥਾਂ ਤੇ ਰੁਤਬਾ ਬਣਾਉਣ ਲਈ ਸਸਤੀ ਸ਼ੌਹਰਤ ਤੇ ਹਲਕੀ ਗਾਇਕੀ ਦਾ ਸਹਾਰਾ ਨਹੀਂ ਲਿਆ। ਨਰੋਈਆਂ ਸਮਾਜਕ ਤੇ ਸਭਿਆਚਾਰਕ ਕਦਰਾਂ ਕੀਮਤਾਂ ਤੇ ਪਰੰਪਰਾਵਾਂ ਨੂੰ ਉਲੀਕਦੀ ਗਾਇਕੀ ਨੂੰ ਗਾਉਣਾ ਹੀ ਉਹਦਾ ਮਕਸਦ ਹੈ। ਸੂਫ਼ੀ ਗਾਇਕੀ ਦੇ ਸੱਚੇ ਰਾਹਾਂ ‘ਤੇ ਤੁਰੀ ਇਸ ਗੁਣਵੰਤੀ ਗਾਇਕਾ ਨੇ ਹੁਣ ਤਕ ਆਪਣੀ ਗਾਇਕੀ ਦੇ ਗੂੜ੍ਹੇ ਰੰਗਾਂ ਨੂੰ ਪੇਤਲੇ ਨਹੀਂ ਪੈਣ ਦਿੱਤਾ। ਉਹਦੀ ਗਾਇਕੀ ਦਾ ਆਧਾਰ ਪੰਜਾਬੀ ਦੀ ਸੂਫ਼ੀ ਸ਼ਾਇਰੀ ਹੀ ਹੈ। ‘ਦਮਾ ਦਮ ਮਸਤ ਕਲੰਦਰ’ ਗਾਉਂਦੀ ਹੋਈ, ਉਹ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਵਿੱਚ ਉੱਤਰ ਜਾਂਦੀ ਹੈ ਤੇ ਸਰੋਤਿਆਂ ਨੂੰ ਸੂਫ਼ੀ ਗਾਇਕੀ ਦੇ ਡੂੰਘੇ ਵਹਿਣਾਂ ਦਾ ਅਹਿਸਾਸ ਕਰਾ ਦਿੰਦੀ ਹੈ।
ਦਸਾਂ ਵਰ੍ਹਿਆਂ ਦੀ ਅਭੋਲ ਉਮਰ ਵਿੱਚ ਜਦੋਂ ਜਲੰਧਰ ਦੇ ਜਗਤ ਪ੍ਰਸਿੱਧ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਸ਼ਾਮਲ ਹੋਈ ਤਾਂ ਉਦੋਂ ਹੀ ਉਹਦੇ ਸਾਹਮਣੇ ਸੰਗੀਤ ਦਾ ਬ੍ਰਹਿਮੰਡ ਸਾਕਾਰ ਹੋ ਗਿਆ ਸੀ। ਉਸ ਨੂੰ ਉੱਥੇ ਹੀ ਪਹਿਲੀ ਵਾਰ ਪੰਡਤ ਰਾਜਨ/ਸਾਜਨ ਮਿਸ਼ਰਾ, ਅਸ਼ਵਨੀ ਭੀੜੇ, ਭੂਰੇ ਖਾਂ ਸਾਹਿਬ ਤੇ ਕਈ ਹੋਰ ਨਾਮੀ ਸੰਗੀਤਕਾਰਾਂ ਨਾਲ ਗਾਉਣ ਦਾ ਅਵਸਰ ਮਿਲਿਆ। ਬਾਬਾ ਹਰਿਵੱਲਭ ਦੇ ਅਸ਼ੀਰਵਾਦ ਨਾਲ ਹੀ ਇੱਥੋਂ ਮਮਤਾ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਤੇ ਇੱਥੇ ਹੀ ਉਸ ਨੂੰ ਆਪਣੇ ਜੀਵਨ ਦਾ ਹਮਸਫਰ ਚੇਤਨ ਜੋਸ਼ੀ ਵੀ ਮਿਲਿਆ।
ਵਿਆਹ ਪਿੱਛੋਂ ਉਸ ਨੇ ਆਪਣੀ ਸੰਗੀਤ ਦੀ ਪੜ੍ਹਾਈ ਜਾਰੀ ਰੱਖੀ ਤੇ ਆਪਣਾ ਖੋਜ ਕਾਰਜ ਵੀ ਉਸ ਨੇ ‘ਭਾਰਤੀ ਸੰਗੀਤ ਵਿੱਚ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦਾ ਪ੍ਰਭਾਵ’ ਉੱਤੇ ਕੀਤਾ ਤੇ ਪੀ.ਐੱਚ.ਡੀ. ਕਰਕੇ ਡਾ. ਮਮਤਾ ਜੋਸ਼ੀ ਬਣ ਗਈ। ਆਪਣੀ ਤਰ੍ਹਾਂ ਦਾ ਇਹ ਪਹਿਲਾ ਖੋਜ ਕਾਰਜ ਹੈ। ਮਮਤਾ ਨੇ ਸੰਗੀਤ ਦੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਭਾਰਤੀ ਸੰਗੀਤ ਸ਼ਾਸਤਰ ਦੀ ਸਿੱਖਿਆ ਵੀ ਲਈ ਤੇ ਉਸ ਨੂੰ ਆਪਣੀ ਗਾਇਨ ਸ਼ੈਲੀ ਵਿੱਚ ਸ਼ਾਮਲ ਵੀ ਕੀਤਾ। ਏਹੀ ਵਜ੍ਹਾ ਹੈ ਕਿ ਸੰਸਾਰ ਦੇ ਕਈ ਮੁਲਕਾਂ ਵਿਚ ਅਥਾਹ ਭੀੜ ਵਿੱਚ ਗਾਉਂਦੀ ਹੋਈ ਵੀ ਉਹ ਸੰਗੀਤ ਦੇ ਸੱਚੇ ਰੂਪ ਤੇ ਸਰੂਪ ਨੂੰ ਤੇ ਆਪਣੇ ਸਭਿਆਚਾਰਕ ਵਿਰਸੇ ਤੇ ਵਿਰਾਸਤ ਨੂੰ ਨਹੀਂ ਵਿਸਾਰਦੀ। ਸਟੇਜ ਉੱਤੇ ਸਰੋਤਿਆਂ ਦੀ ਵਾਹ-ਵਾਹ ਚੰਗਾ, ਨਰੋਆ ਤੇ ਸੁਥਰਾ ਗਾ ਕੇ ਵੀ ਲਈ ਜਾ ਸਕਦੀ ਹੈ। ਮਮਤਾ ਜੋਸ਼ੀ ਨੇ ਹੁਣ ਤਕ ਆਪਣੀ ਗਾਇਕੀ ਦੇ ਪੱਧਰ ਨੂੰ ਮਨਫ਼ੀ ਨਹੀਂ ਹੋਣ ਦਿੱਤਾ ਤੇ ਸਰੋਤਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੀ ਸ਼ਬਦ ਅਤੇ ਸੁਰ ਦੇ ਸੂਖਮ ਸੁਮੇਲ ਨੂੰ ਪੇਤਲਾ ਨਹੀਂ ਪੈਣ ਦਿੱਤਾ। ਵਿਦੇਸ਼ਾਂ ਵਿੱਚ ਵੀ ਆਪਣੀ ਸੁਥਰੀ ਗਾਇਕੀ ਦਾ ਲੋਹਾ ਮੰਨਵਾਇਆ ਹੈ। ਭਾਰਤ ਵਿੱਚ ਕਈ ਥਾਈਂ ਉੱਘੀਆਂ ਸੰਸਥਾਵਾਂ ਦੇ ਸਭਿਆਚਾਰਕ ਸਮਾਗਮਾਂ ਵਿੱਚ ਉਸ ਨੇ ਆਪਣੇ ਸੂਖ਼ਮ ਸੁਰਾਂ ਦੀ ਸਤਰੰਗੀ ਖਿਲਾਰੀ ਹੈ। ਪੰਜਾਬ ਦੇ ਕਈ ਉੱਘੇ ਅਦਾਰਿਆਂ ਨੇ ਉਸ ਦਾ ਸਨਮਾਨ ਕੀਤਾ ਹੈ। ਉਸ ਨੇ ਸੁਚੱਜੀ ਤੇ ਨਰੋਏ ਭਾਵਾਂ ਤੇ ਅਰਥਾਂ ਵਾਲੀ ਸ਼ਾਇਰੀ ਹੀ ਗਾਉਣ ਦਾ ਤਹੱਈਆ ਕੀਤਾ ਹੋਇਆ ਹੈ। ਪੰਜਾਬ ਵਿੱਚ ਰਚੀ ਜਾ ਰਹੀ ਪ੍ਰਤੀਨਿਧ ਸ਼ਾਇਰਾਂ ਦੀ ਕਵਿਤਾ ਨੂੰ ਉਸ ਨੇ ਹਰ ਸਮਾਗਮ ਵਿੱਚ ਸ਼ਿੱਦਤ ਨਾਲ ਗਾਇਆ ਹੈ। ਦੇਸ਼ ਵਿਦੇਸ਼ ਵਿੱਚ ਹੋਏ ਉਸ ਦੀ ਗਾਇਕੀ ਦੇ ਪੋ੍ਰਗਰਾਮ ਇਸ ਦੀ ਸ਼ਾਹਦੀ ਭਰਦੇ ਹਨ।
 
Top