ਨੌਜਵਾਨ ਸੋਚ: ਕਿਹੋ ਜਿਹੀ ਹੋਵੇ ਪੰਜਾਬੀ ਗਾਇਕੀ ?

ਮਆਰੀ ਗੀਤ ਪੇਸ਼ ਕੀਤੇ ਜਾਣ
ਪੰਜਾਬੀ ਸੱਭਿਆਚਾਰ ਵਿੱਚ ਗੀਤ-ਸੰਗੀਤ ਦਾ ਅਹਿਮ ਸਥਾਨ ਹੈ। ਪੰਜਾਬੀਆਂ ਦੇ ਹਰ ਤਿਉਹਾਰ, ਮੇਲੇ ਤੇ ਵਿਆਹ-ਸ਼ਾਦੀਆਂ ਵਿੱਚ ਗੀਤ-ਸੰਗੀਤ ਬਿਨਾਂ ਮਨੋਰੰਜਨ ਨਹੀਂ ਹੁੰਦਾ। ਗੀਤ-ਸੰਗੀਤ ਕਰ ਕੇ ਪੰਜਾਬੀਆਂ ਨੇ ਪੂਰੀ ਦੁਨੀਆਂ ਵਿੱਚ ਚੰਗੀ ਪਛਾਣ ਬਣਾਈ ਹੈ, ਪਰ ਪਿਛਲੇ ਕੁਝ ਸਮੇਂ ਤੋਂ ਗਾਇਕੀ ਨੂੰ ਆਧੁਨਿਕ ਬਣਾਉਣ ਦੇ ਨਾਂਅ ’ਤੇ ਇਸ ਨੂੰ ਲੱਚਰਤਾ ਵੱਲ ਧੱਕਿਆ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਵਿਸ਼ੇ ਅੱਜ-ਕੱਲ੍ਹ ਚੋਣਵੇਂ ਰਹਿ ਗਏ ਹਨ। ਪੰਜਾਬੀ ਗਾਇਕੀ ਰਾਹੀਂ ਮਿਆਰੀ ਗੀਤ ਲੋਕਾਂ ਸਾਹਮਣੇ ਪਰੋਸੇ ਜਾਣ ਤੇ ਲੱਚਰਤਾ ਅਤੇ ਵੈਲਪੁਣਾ ਖਤਮ ਕੀਤਾ ਜਾਵੇ।
ਗੁਰਪ੍ਰੀਤ ਸਿੰਘ, ਪਿੰਡ ਦੂਲੋਵਾਲ (ਮਾਨਸਾ)
11407cd_karamjitsingh-1.jpg
ਸਮਾਜ ਦਾ ਹਰ ਪਹਿਲੂ ਉਜਾਗਰ ਹੋਵੇ

ਅਜੋਕੀ ਪੰਜਾਬੀ ਗਾਇਕੀ ਇੱਕ-ਦੋ ਵਿਸ਼ਿਆਂ ’ਤੇ ਕੇਂਦਰਿਤ ਨਾ ਹੋ ਕੇ ਸਮਾਜ ਦੇ ਹਰ ਪਹਿਲੂ ਨੂੰ ਉਜਾਗਰ ਕਰਨ ਵਾਲੀ ਹੋਣੀ ਚਾਹੀਦੀ ਹੈ। ਪੰਜਾਬੀ ਗਾਇਕੀ ਮਾਂ ਬੋਲੀ ਪੰਜਾਬੀ ਦਾ ਅਨਿੱਖੜਵਾਂ ਅੰਗ ਹੋਣ ਕਰਕੇ ਇਸ ਵਿੱਚ ਪੰਜਾਬ ਦੀਆਂ ਰਹੁ-ਰੀਤਾਂ, ਮੇਲਿਆਂ, ਤਿਉਹਾਰਾਂ, ਲੋਕ ਬੋਲੀਆਂ, ਲੋਕ ਕਥਾਵਾਂ ਤੇ ਲੋਕ ਨਾਚਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ, ਕਿਉਂਕਿ ਗਾਇਕੀ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਦਾ ਵਧੀਆ ਸਾਧਨ ਹੈ। ਪੰਜਾਬੀ ਗਾਇਕੀ ਇਤਿਹਾਸ ਦੇ ਪੰਨਿਆਂ ਨੂੰ ਵੀ ਉਜਾਗਰ ਕਰਦੀ ਹੋਵੇ। ਇਹ ਹਰ ਵਰਗ ਦੀ ਆਵਾਜ਼ ਬਣ ਕੇ ਉਭਰਨੀ ਚਾਹੀਦੀ ਹੈ। ਚੰਗੀ ਗਾਇਕੀ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਉਪਰ ਚੁੱਕਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਕਰਮਜੀਤ ਸਿੰਘ, ਪਿੰਡ ਇਕੋਲਾਹੀ (ਲੁਧਿਆਣਾ)
11407cd_avtar10-1.jpg
ਮੌਲਿਕ ਫ਼ਰਜ਼ਾਂ ਨੂੰ ਪਛਾਣਨਾ ਹੈ ਮਸਲੇ ਦਾ ਤੋੜ

ਪੰਜਾਬੀ ਗਾਇਕ ਆਪਣੇ ਮੌਲਿਕ ਫ਼ਰਜ਼ ਛੱਡ ਕੇ ਹੋਰ ਹੀ ਰਾਹਾਂ ’ਤੇ ਭਟਕ ਰਹੇ ਹਨ। ਗੀਤਾਂ ਦੇ ਵਿਸ਼ੇ ਨਸ਼ਿਆਂ, ਹਥਿਆਰਾਂ ਤੇ ਕੁੜੀਆਂ ਤੱਕ ਸਿਮਟ ਕੇ ਰਹਿ ਗਏ ਹਨ। ਅੱਜ-ਕੱਲ੍ਹ ਦੇ ਗੀਤਾਂ ਵਿੱਚ ਜੱਟਾਂ ਦੇ ਅਸਲ ਕਿਰਦਾਰ ਨੂੰ ਬਿਲਕੁਲ ਵਿਪਰੀਤ, ਕੁੜੀਆਂ ਦੀ ਤੁਲਨਾ ਨਸ਼ਿਆਂ ਨਾਲ ਕਰਨ, ਹਥਿਆਰਾਂ ਦੇ ਜ਼ੋਰ ਨਾਲ ਨਾ-ਮੁਮਕਿਨ ਨੂੰ ਮੁਮਕਿਨ ਬਣਾਉਣ ਜਿਹੇ ਵਿਸ਼ੇ ਸ਼ਾਮਲ ਹੈ। ਗਾਇਕੀ ਮਾੜੀ ਨਹੀਂ, ਪਰ ਲੱਚਰ ਗਾਇਕੀ ਮਾੜੀ ਹੈ। ਗਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੌਲਿਕ ਫ਼ਰਜ਼ ਪਛਾਣਨ ਅਤੇ ਪੰਜਾਬੀ ਸਭਿਆਚਾਰ ਨੂੰ ਗਾਇਕੀ ਦਾ ਹਿੱਸਾ ਬਣਾਉਣ।
ਅਵਤਾਰ ਸਿੰਘ, ਪਿੰਡ ਢਕਾਨਸੂ ਮਾਜਰਾ (ਪਟਿਆਲਾ)
11407cd_ramandeepwahla-1.jpg
ਸੇਧਗਾਰ ਹੋਵੇ ਪੰਜਾਬੀ ਗਾਇਕੀ

ਗੀਤ ਕਿਸੇ ਦੇਸ਼, ਖਿੱਤੇ ਜਾਂ ਸੱਭਿਆਚਾਰ ਦਾ ਮੁਹਾਂਦਰਾ ਹੁੰਦੇ ਹਨ। ਪੁਰਾਤਨ ਗਾਇਕੀ ਵਿੱਚ ਦਿਓਰ ਭਰਜਾਈ, ਜੀਜਾ ਸਾਲੀ, ਭੈਣ-ਭਰਾ ਤੇ ਮਾਪਿਆਂ ਸਣੇ ਅਨੇਕਾਂ ਰਿਸ਼ਤਿਆਂ ਦੀਆਂ ਗੱਲਾਂ ਹੁੰਦੀਆਂ ਸਨ। ਉਨ੍ਹਾਂ ਗੀਤਾਂ ਵਿੱਚ ਹਾਸਾ-ਠੱਠਾ ਤੇ ਵਿਅੰਗ ਹੁੰਦਾ ਸੀ ਪਰ ਲੱਚਰਤਾ ਨਹੀਂ ਪਰ ਅੱਜ-ਕੱਲ੍ਹ ਇਸ ਤੋਂ ਉਲਟ ਹੈ। ਗੀਤਾਂ ਵਿੱਚ ਮਹਿੰਗੀਆਂ ਕਾਰਾਂ, ਸ਼ਰਾਬਾਂ ਤੇ ਕੁੜੀਆਂ ਦੀ ਗੱਲ ਹੁੰਦੀ ਹੈ ਤੇ ਸੇਧ ਦੇਣ ਨੂੰ ਕੁਝ ਨਹੀਂ ਹੁੰਦਾ। ਗੀਤ ਪੁਰਾਣੇ ਸੱਂਭਿਆਚਾਰ ਤੇ ਕਦਰਾਂ-ਕੀਮਤਾਂ ਵਾਲੇ ਹੋਣ ਜੋ ਸਮਾਜ ਨੂੰ ਸੇਧ ਦੇਣ। ਇਸ ਸਬੰਧੀ ਇੱਕ ਵੱਖਰਾ ਸੈਂਸਰ ਬੋਰਡ ਬਣਾਇਆ ਜਾਵੇ ਤੇ ਗੀਤਾਂ ਦੀ ਵੀਡੀਓ ਦੇ ਮਿਆਰੀ ਵੱਲ ਵੀ ਧਿਆਨ ਦਿੱਤਾ ਜਾਵੇ।
ਰਮਨਦੀਪ ਕੌਰ ਵਾਹਲਾ, ਗਿਆਨ ਸਾਗਰ ਕਾਲਜ, ਕਲਾਨੌਰ (ਗੁਰਦਾਸਪੁਰ)
11407cd_jagrajkaliralla-1.jpg
ਗੀਤ-ਸੰਗੀਤ ਦੀ ਤਾਕਤ ਨੂੰ ਸਮਝਿਆ ਜਾਵੇ

ਲੈਨਿਨ ਦਾ ਕਥਨ ਹੈ, ‘‘ਮੈਨੂੰ ਦੱਸੋ ਕਿ ਤੁਹਾਡੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ’ਤੇ ਕਿਹੋ-ਜਿਹੇ ਗੀਤ ਨੇ, ਮੈਂ ਦੱਸਾਗਾਂ ਤੁਹਾਡੇ ਦੇਸ਼ ਦਾ ਭਵਿੱਖ ਕੀ ਹੈ।’’ ਇਸ ਤੋਂ ਪਤਾ ਲੱਗਦਾ ਹੈ ਕਿ ਗੀਤ-ਸੰਗੀਤ ਇੰਨਾ ਸਮਰੱਥ ਹੈ ਕਿ ਉਹ ਕਿਸੇ ਖਿੱਤੇ, ਦੇਸ਼ ਤੇ ਸੱਭਿਅਚਾਰ ਦਾ ਆਉਣ ਵਾਲਾ ਸਮਾਂ ਬਦਲ ਸਕਦਾ ਹੈ। ਅਜੋਕੇ ਗਾਇਕਾਂ ਨੂੰ ਇਸ ਵਿਸ਼ੇ ’ਤੇ ਸੋਚਣ ਦੀ ਲੋੜ ਹੈ। ਗਾਇਕਾਂ ਨੂੰ ਸਰੋਤੇ ਦੀ ਜਜ਼ਬਾਤੀ ਮਾਨਸਿਕਤਾ ਦਾ ਗਲਤ ਫਾਇਦਾ ਉਠਾ ਕੇ ਸਿਰਫ਼ ਤੇ ਸਿਰਫ਼ ਮੁਨਾਫ਼ਾ ਕਮਾਉਣ ਖ਼ਾਤਰ ਅਜਿਹੇ ਗੀਤ ਨਹੀਂ ਪੇਸ਼ ਕਰਨੇ ਚਾਹੀਦੇ, ਜੋ ਲੋਕਾਂ ਨੂੰ ਕੁਰਾਹੇ ਪਾਉਣ। ਦਾਰੂ ਨੂੰ ਇਸ ਤਰ੍ਹਾਂ ਨਾ ਪੇਸ਼ ਕੀਤਾ ਜਾਵੇ ਕਿ ਇਹੀ ਦੁੱਖ ਦਰਦ ਦਾ ਤੋੜ ਹੈ। ਬੰਦੂਕ ਸੱਭਿਆਚਾਰ ਤੋਂ ਪਰਹੇਜ਼ ਕੀਤਾ ਜਾਵੇ। ਔਰਤ ਨੂੰ ਕਿਸੇ ਨੁਮਾਇਸ਼ੀ ਵਸਤੂ ਵਾਂਗ ਨਾ ਪੇਸ਼ ਕੀਤਾ ਜਾਵੇ, ਸਗੋਂ ਗੀਤਾਂ ਰਾਹੀਂ ਉਸ ਦਾ ਮਾਣ-ਸਨਮਾਨ ਵਧਾਇਆ ਜਾਵੇ। ਗਾਇਕੀ ਰੂਹ ਨੂੰ ਸਕੂਨ ਦੇਣ ਵਾਲੀ ਹੋਵੇ ਤੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਅ ਜਾਵੇ। ਕਿਸੇ ਨੇ ਠੀਕ ਕਿਹਾ ਹੈ, ‘‘ਅਗਰ ਸੰਗੀਤ ਨਾ ਹੋਤਾ ਤੋ, ਕੋਈ ਕਿਸੀ ਕਾ ਮੀਤ ਨਾ ਹੋਤਾ।’’ ਅੱਜ-ਕੱਲ੍ਹ ਦੇ ਗਾਇਕ, ਸੰਗੀਤ ਦੀ ਤਾਕਤ ਨੂੰ ਸਮਝ ਕੇ ਚੰਗੇ ਪਾਸੇ ਲਾਉਣ।
ਜਗਰਾਜ ਕਾਲੀ, ਪਿੰਡ ਰੱਲਾ (ਮਾਨਸਾ)
ਰੂਹ ਨੂੰ ਸਕੂਨ ਦੇਣ ਵਾਲੀ ਹੋਵੇ ਗਾਇਕੀ
ਪੰਜਾਬੀ ਗਾਇਕੀ ਬੰਦੂਕਾਂ, ਪਿਸਤੌਲਾਂ ਤੇ ਮਾਰਧਾੜ ਤੋਂ ਮੁਕਤ ਹੋਵੇ। ਇਹ ਆਪਸੀ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੇ ਸਮਰੱਥ ਹੋਵੇ। ਪੰਜਾਬੀ ਗੀਤਾਂ ਵਿੱਚ ਔਰਤ ਨੂੰ ਮਾਣ-ਸਤਿਕਾਰ ਦਿੱਤਾ ਜਾਵੇ। ਅਜੋਕੇ ਗੀਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਮਿਹਨਤ ਕਰਨ ਤੇ ਧੀਆਂ-ਭੈਣਾਂ ਦਾ ਸਤਿਕਾਰ ਕਰਨ ਲਈ ਪ੍ਰੇਰਨ। ਗੀਤ ਅਜਿਹੇ ਹੋਣ, ਜਿਨ੍ਹਾਂ ਨੂੰ ਸਾਰਾ ਪਰਿਵਾਰ ਇੱਕ ਛੱਤ ਥੱਲੇ ਬੈਠ ਕੇ ਸੁਣ ਅਤੇ ਦੇਖ ਸਕੇ। ਗਾਇਕੀ ਰੂਹ ਨੂੰ ਸਕੂਨ ਦੇਣ ਵਾਲੀ ਅਤੇ ਸੱਭਿਆਚਾਰ ਦੀ ਬਾਤ ਪਾਉਂਦੀ ਹੋਵੇ।
ਅਮਨਪ੍ਰੀਤ ਕੌਰ ਕਾਲੇਕੇ, ਬਾਬਾ ਦੀਪ ਸਿੰਘ ਨਗਰ, ਬਰਨਾਲਾ
ਵਿਰਸੇ ਦੀ ਝਲਕ ਪੇਸ਼ ਕਰਦੀ ਹੋਏ ਪੰਜਾਬੀ ਗਾਇਕੀ
ਅਜੋਕੀ ਪੰਜਾਬੀ ਗਾਇਕੀ ਤੇ ਪੁਰਾਣੀ ਪੰਜਾਬੀ ਗਾਇਕੀ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਹੈ। ਜਿੱਥੇ ਪੁਰਾਣੀ ਪੰਜਾਬੀ ਗਾਇਕੀ ਵਿੱਚੋਂ ਲੋਕ-ਕਥਾਵਾਂ, ਸਮਾਜਿਕ ਕਦਰਾਂ-ਕੀਮਤਾਂ ਤੇ ਵਿਰਸੇ ਦੀ ਝਲਕ ਪੈਂਦੀ ਸੀ, ਉੱਥੇ ਅੱਜ ਦੀ ਪੰਜਾਬੀ ਗਾਇਕੀ ਵਿੱਚੋਂ ਲੱਚਰਤਾ ਜ਼ਿਆਦਾ ਝਲਕਦੀ ਹੈ। ਅੱਜ-ਕੱਲ੍ਹ ਪਦਾਰਥਾਂ ਦੀ ਹੋੜ੍ਹ ਕਰਕੇ ਗਾਇਕੀ ਨਿਰੋਲ ਮੁਨਾਫ਼ੇ ਦਾ ਸਾਧਨ ਬਣ ਗਈ ਹੈ। ਉਸਾਰੂ ਸੇਧ ਤੇ ਵਿਰਸਾ ਅੱਜ ਦੀ ਪੰਜਾਬੀ ਗਾਇਕੀ ਵਿੱਚੋਂ ਗਾਇਬ ਹਨ। ਅੱਜ ਦੀ ਪੀੜ੍ਹੀ ਵੀ ਅਜਿਹੇ ਗੀਤ ਸੁਣਨਾ ਪਸੰਦ ਕਰਦੀ ਹੈ। ਉਸਾਰੂ ਸੋਚ ਤੇ ਸਾਫ਼ ਦ੍ਰਿਸ਼ਟੀਕੋਣ ਪੰਜਾਬੀ ਗਾਇਕੀ ਵਿੱਚੋਂ ਝਲਕਣਾ ਲਾਜ਼ਮੀ ਹੈ। ਗਾਇਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ।
ਸੰਦੀਪ ਸਿੰਘ, ਯੂਨੀਵਰਸਿਟੀ ਕਾਲਜ ਬੇਨੜਾ (ਧੂਰੀ)
ਗੀਤਾਂ ਰਾਹੀਂ ਉਜਾਗਰ ਹੋਣ ਪੰਜਾਬ ਦੇ ਅਸਲ ਹਾਲਾਤ
ਅੱਜ ਦੇ ਸਮੇਂ ਵਿੱਚ ਚੰਗੇ ਅਤੇ ਮਿਆਰੀ ਗੀਤ ਵੇਖਣ-ਸੁਣਨ ਨੂੰ ਘੱਟ ਮਿਲਦੇ ਹਨ। ਤਕਰੀਬਨ ਹਰ ਗੀਤ ਇੱਕ ਹੀ ਵਿਸ਼ੇ ’ਤੇ ਕੇਂਦਰਿਤ ਕਰ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਸ ਦੇ ਅਸਲ ਨਿਸ਼ਾਨੇ ਤੋਂ ਦੂਰ ਕੀਤਾ ਜਾ ਰਿਹਾ ਹੈ।
ਗੀਤਕਾਰਾਂ ਤੇ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੇ ਫਰਜ਼ ਪਛਾਣਦੇ ਹੋਏ ਨਸ਼ਾਖੋਰੀ, ਦਾਜ ਦੀ ਲਾਹਨਤ, ਭਰੂਣ ਹੱਤਿਆ ਤੇ ਪ੍ਰਦੂਸ਼ਣ ਵਰਗੇ ਮਸਲਿਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਭਾਵੇਂ ਕੁਝ ਕਲਾਕਾਰ ਵੱਲੋਂ ਅਜਿਹੇ ਵਿਸ਼ਿਆਂ ’ਤੇ ਗੀਤ ਗਾਉਂਦੇ ਹਨ, ਪਰ ਉਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਗੀਤਾਂ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਗੀਤਾਂ ਰਾਹੀਂ ਪੰਜਾਬ ਵਿੱਚ ਕਿਸਾਨੀ ਦੀ ਅਸਲੀ ਹਾਲਤ ਨੂੰ ਲੋਕਾਂ ਅਤੇ ਸਰਕਾਰ ਸਾਹਮਣੇ ਲਿਆਉਣ।
ਗਗਨਦੀਪ ਰੌਂਤਾ, ਲੁਧਿਆਣਾ
11407cd_balwinderbhukkal-1.jpg
ਸ਼ੋਰ-ਸ਼ਰਾਬੇ ਤੇ ਹਥਿਆਰਵਾਦ ਤੋਂ ਮੁਕਤ ਹੋਵੇ ਗਾਇਕੀ

ਅੱਜ-ਕੱਲ੍ਹ ਦੇ ਪੰਜਾਬੀ ਗੀਤਾਂ ਨੇ ਪੰਜਾਬੀ ਜ਼ੁਬਾਨ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਅੱਜ-ਕੱਲ੍ਹ ਦੇ ਗੀਤ ਸੱਚਾਈ ਤੋਂ ਕੋਹਾਂ ਦੂਰ ਜਾਪਦੇ ਹਨ। ਕੁਝ ਕੁ ਗਾਇਕ ਜਿਵੇਂ ਵਾਰਿਸ ਭਰਾਵਾਂ ਨੇ ਪੰਜਾਬੀ ਸੱਭਿਆਚਾਰਕ ਤੇ ਲੋਕ ਤੱਥਾਂ ਨੂੰ ਗੀਤਾਂ ਰਾਹੀਂ ਜ਼ਿੰਦਾ ਰੱਖਿਆ ਹੋਇਆ ਹੈ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾ ਕੇ ਤੇ ਅਗਾਂਹਵਧੂ ਗੀਤਾਂ ਰਾਹੀਂ ਪੰਜਾਬੀ ਬੋਲੀ ਦੀ ਸੇਵਾ ਕੀਤੀ ਜਾ ਰਹੀ ਹੈ। ਅਜਿਹੇ ਕੁਝ ਕੁ ਗਾਇਕਾਂ ਦੀ ਗਾਇਕੀ ਸ਼ੋਰ-ਸ਼ਰਾਬੇ , ਲੱਚਰਤਾ ਤੇ ਹਥਿਆਰਵਾਦ ਤੋਂ ਦੂਰ ਹੈ। ਅਜੋਕੇ ਗਾਇਕਾਂ ਨੂੰ ਅਜਿਹੇ ਗਾਇਕਾਂ ਤੋਂ ਸੇਧ ਲੈਣ ਦੀ ਲੋੜ ਹੈ।
ਬਲਵਿੰਦਰ ਸਿੰਘ ਭੁੱਕਲ, ਪੰਜਾਬੀ ਅਧਿਆਪਕ, ਬੱਲਰਾਂ ਸਕੂਲ (ਸੰਗਰੂਰ)
11407cd_sukhjitsharma-1.jpg
ਪੱਛਮੀ ਸੱਭਿਆਚਾਰ ਤੋਂ ਆਜ਼ਾਦ ਹੋਣ ਅਜੋਕੇ ਗੀਤ

ਅੱਜ-ਕੱਲ੍ਹ ਦੀ ਗਾਇਕੀ ਵਿੱਚ ਪੱਛਮੀ ਸੱਭਿਆਚਾਰ ਤੇ ਹਥਿਆਰਵਾਦ ਭਾਰੂ ਹੈ। ਨਿੱਕ ਬੱਚੇ ਵੀ ਅਜਿਹੇ ਗੀਤ ਸੁਣ ਕੇ ਹਥਿਆਰਾਂ ਦੀਆਂ ਗੱਲਾਂ ਕਰਦੇ ਹਨ, ਜਦ ਕਿ ਇਹ ਸਾਡੇ ਵਿਰਸੇ ਵਿੱਚ ਨਹੀਂ ਹੈ। ਪੰਜਾਬੀ ਗਾਇਕੀ ਨੂੰ ਲੋੜ ਹੈ ਆਪਣੇ ਪਿਛੋਕੜ, ਸਾਹਿਤ ਤੇ ਸੱਭਿਆਚਾਰ ਨਾਲ ਜੋੜਨ ਦੀ। ਗਾਇਕੀ ਵਿੱਚ ਕਦਰਾਂ-ਕੀਮਤਾਂ ਦੀ ਗੱਲ ਹੋਵੇ। ਅੱਜ ਦੀ ਪੀੜ੍ਹੀ ਪੰਜਾਬੀ ਹੋਣ ’ਤੇ ਮਾਣ ਕਰਦੀ ਹੈ, ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਮਾਣ ਹਥਿਆਰਾਂ ਸਿਰ ’ਤੇ ਨਹੀਂ, ਬਲਕਿ ਗੁਰੂਆਂ-ਪੀਰਾਂ ਤੇ ਸ਼ਹੀਦਾਂ ਦੇ ਸਿਰ ’ਤੇ ਹੈ।
ਸੁਖਜੀਤ ਸ਼ਰਮਾ, ਪਿੰਡ ਬਾਹਮਣ ਵਾਲਾ (ਫ਼ਰੀਦਕੋਟ)
 
Top