ਸੂਫ਼ੀ ਗਾਇਕੀ ਦਾ ਨਵਾਂ ਚਿਰਾਗ

ਗਾਇਕੀ ਦਾ ਸੂਫੀ ਰੰਗ ਪੇਸ਼ ਕਰਨ ਵਾਲੇ ਗਾਇਕ ਤਾਂ ਉਂਗਲਾਂ ’ਤੇ ਗਿਣਨ ਜੋਗੇ ਵੀ ਨਹੀਂ ਹਨ। ਇਸੇ ਲੜੀ ਵਿਚ ਸੂਫੀ ਗਾਇਕ ਨੀਲ ਕਮਲ ਕਾਫੀ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਜੁੱਟਿਆ ਹੋਇਆ ਹੈ। ਉਸ ਦਾ ਇਕ ਆਪਣਾ ਹੀ ਸਰੋਤਾ ਵਰਗ ਹੈ। ਉਹ ਮਹਿਫਲੀ ਗਾਇਕੀ ਦੇ ਸਰੋਤਿਆਂ ਵਿਚ ਬੜਾ ਹਰਮਨ ਪਿਆਰਾ ਹੈ। ਦੁਆਬੇ ਦੇ ਨਿੱਕੇ ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਉਸ ਦੀਆਂ ਮਹਿਫਲਾਂ ਨੇ ਚੰਗੀ ਧੁੰਮ ਪਾਈ ਹੋਈ ਹੈ। ਸੂਫੀ ਮਹਿਫਲਾਂ ਵਿਚ ਉਸ ਦਾ ਸਿਤਾਰਾ ਸਦਾ ਬੁਲੰਦ ਰਹਿੰਦਾ ਹੈ। ਮਿਹਨਤ ਨਾਲ ਉਸ ਨੇ ਇਸ ਖੇਤਰ ਵਿਚ ਕਈ ਪੁਰਸਕਾਰ ਵੀ ਹਾਸਲ ਕੀਤੇ ਹਨ। ਸਾਲ 2009 ਵਿਚ ਅੰਮ੍ਰਿਤਸਰ ਵਿਖੇ ਕਰਵਾਏ ਮੁਕਾਬਲੇ ‘ਤਲਾਸ਼ ਏ ਰਫੀ’ ਵਿਚ ਉਸ ਨੇ ਉੱਤਰੀ ਭਾਰਤ ਦੇ 200 ਕਲਾਕਾਰਾਂ ਵਿਚੋਂ ਦੂਜਾ ਪੁਰਸਕਾਰ ਪ੍ਰਾਪਤ ਕਰਕੇ ਆਪਣੀ ਗਾਇਕੀ ਦਾ ਨਿਵੇਕਲਾ ਰੰਗ ਬੰਨ੍ਹ ਦਿੱਤਾ।
ਅਨੇਕਾਂ ਕਲਾਕਾਰਾਂ ਨੂੰ ਗੀਤ-ਸੰਗੀਤ ਦੀ ਦੁਨੀਆਂ ਦਾ ਰਾਹ ਦਿਖਾਉਣ ਵਾਲੇ ਸੰਗੀਤ ਅਧਿਆਪਕ ਭਾਰਤ ਭੂਸ਼ਣ ਦਾ ਉਹ ਚਹੇਤਾ ਸ਼ਾਗਿਰਦ ਹੈ। ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਉਹ ਉੱਚੀਆਂ ਮੰਜ਼ਲਾਂ ਵੱਲ ਵਧ ਰਿਹਾ ਹੈ। ਨੀਲ ਕਮਲ ਨੇ ਸਰਸਵਤੀ ਸੰਗੀਤ ਟਰੇਨਿੰਗ ਸੈਂਟਰ ਰਾਹੀਂ ਕਈ ਕਲਾਕਾਰਾਂ ਨੂੰ ਨਵੀਂ ਰਾਹ ਦਿਖਾਈ ਹੈ। ਉਸ ਦੀ ਕਲਾਕਾਰ ਜੀਵਨ ਸਾਥਣ ਸੋਨੀਆ ਉਸ ਲਈ ਇਕ ਚਾਨਣ ਦੀ ਕਿਰਨ ਹੈ ਜਿਸ ਦੀ ਰੋਸ਼ਨੀ ਰਾਹੀਂ ਉਹ ਕਈ ਨਵੇਂ ਦਿਸਹੱਦੇ ਸਰ ਕਰ ਗਿਆ ਹੈ। 1990 ਵਿਚ ਉਸ ਨੇ ‘ਆਓ ਸਾਰੇ ਗਾਓ’ ਮੁਕਾਬਲੇ ਵਿਚ ਭਾਗ ਲਿਆ ਤਾਂ ਸਾਰੇ ਪੰਜਾਬ ਵਿਚੋਂ ਪਹਿਲੀ ਥਾਂ ਹਾਸਲ ਕਰ ਗਿਆ ਸੀ। ਇਹ ਪ੍ਰੋਗਰਾਮ ਲਿਸ਼ਕਾਰਾ ਚੈਨਲ ’ਤੇ ਪੇਸ਼ ਹੋਇਆ ਸੀ। ਇਸ ਤਰ੍ਹਾਂ ਉਹ ਸਹਿਜੇ ਸਹਿਜੇ ਆਪਣੀ ਮੰਜ਼ਲ ਵੱਲ ਵਧਦਾ ਗਿਆ। ਨੀਲ ਕਮਲ ਨੇ ਫਿਦਾ ਚੈਨਲ ’ਤੇ ਪੇਸ਼ ਹੋਏ ਰਿਐਲਟੀ ਸ਼ੋਅ ‘ਗੂੰਜ ਇੰਡੀਆ ਗੂੰਜ’ ਵਿਚ ਵੀ ਆਪਣੀ ਗੂੰਜ ਪਾਈ। ਉਸ ਤੋਂ ਪਹਿਲਾਂ ਉਹ ਪ੍ਰੋ. ਮੋਹਨ ਸਿੰਘ ਮੇਲੇ ਸਮੇਤ ਕਈ ਹੋਰ ਮੇਲਿਆਂ ਵਿਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਾ ਹੈ। ਕਲਾਸੀਕਲ ਅਤੇ ਸੈਮੀ ਕਲਾਸੀਕਲ ਸੰਗੀਤ ਰਾਹੀਂ ਉਸ ਨੇ ਆਪਣਾ ਵੱਖਰਾ ਮੁਕਾਮ ਸਿਰਜ ਲਿਆ ਹੈ। ਜਸਵੰਤ ਪਰਮਾਰ ਚਮਨ ਦੀਆਂ ਗ਼ਜ਼ਲਾਂ ਦੀ ਆਈ ਐਲਬਮ ‘ਗੁਜ਼ਰੇ ਪਲ’ ਵਿਚ ਉਸ ਨੇ ਬਾਖੂਬੀ ਗ਼ਜ਼ਲ ਦਾ ਗਾਇਨ ਕੀਤਾ।
ਤੁਹਾਡੇ ਨਾਲ ਗੁਜ਼ਾਰੇ ਪਲ ਭੁਲਾਏ ਨਹੀਂ ਜਾ ਸਕਦੇ, ਛੁਪੇ ਹੈ ਦਰਦ ਜੋ ਦਿਲ ਵਿਚ ਦਿਖਾਏ ਨਹੀਂ ਜਾ ਸਕਦੇ। ਉਸ ਵੱਲੋਂ ਸਿਰਜੀਆਂ ਨਵੀਆਂ ਤਰਜ਼ਾਂ ’ਤੇ ਗੀਤ ਵੀ ਬੜੇ ਮਕਬੂਲ ਹੋਏ ਹਨ
ਸਾਡੀ ਕਾਹਦੀ ਯਾਰੀ ਕੱਚੀਆਂ ਡੋਰਾਂ ਦੀ
ਕੋਲ ਬਿਠਾ ਕੇ ਛੇੜ ਲੈਂਦੀ ਗੱਲ ਹੋਰਾਂ ਦੀ।
ਨੀਲ ਕਮਲ ਨੇ ਬਲਜਿੰਦਰ ਮਾਨ ਸਾਬੀ ਈਸਾਪੁਰੀ ਵਿਜੇ ਰਸੂਲਪੁਰੀ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਉਹ ਸੰਗੀਤ ਦਾ ਮਾਸਟਰ ਹੋਣ ਕਰਕੇ ਹਰ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਉਹ ਸੰਗੀਤ ਦਾ ਮਾਸਟਰ ਹੋਣ ਕਰਕੇ ਹਰ ਗੀਤ ਨੂੰ ਆਪਣੇ ਰੰਗ ਵਿਚ ਢਾਲ ਕੇ ਪੇਸ਼ ਕਰਦਾ ਹੈ। ਸੇਂਟ ਸੋਲਜ਼ਰ ਪਬਲਿਕ ਸਕੂਲ ਮਾਹਿਲਪੁਰ ਵਿਚ ਸੰਗੀਤ ਦੀ ਸਿੱਖਿਆ ਪ੍ਰਦਾਨ ਕਰਦਾ ਸੂਫੀ ਗਾਇਕੀ ਨਾਲ ਵੀ ਅਟੁੱਟ ਨਾਤਾ ਜੋੜੀ ਬੈਠਾ। ਕੁਝ ਟੈਲੀ ਫਿਲਮਾਂ ਵਿਚ ਉਸ ਦੀਆਂ ਗਜ਼ਲਾਂ ਅਤੇ ਗੀਤ ਸ਼ਾਮਲ ਕੀਤੇ ਜਾ ਚੁੱਕੇ ਹਨ। ਨੀਲ ਕਮਲ ਦਾ ਕਹਿਣਾ ਹੈ ਕਿ ਸੁਰੀਲੇ ਗਾਇਕ ਗੁਰਬਤ ਕਾਰਨ ਅੱਗੇ ਨਹੀਂ ਆ ਰਹੇ। ਅਜੋਕੇ ਸਮੇਂ ਦੀ ਪੇਸ਼ ਹੋ ਰਹੀ ਗਾਇਕੀ ਤੋਂ ਉਹ ਸੰਤੁਸ਼ਟ ਨਹੀਂ ਹੈ। ਫਿਰ ਵੀ ਮਾਸਟਰ ਸਲੀਮ, ਹੰਸ ਰਾਜ ਹੰਸ ਅਤੇ ਸਰਦੂਲ ਸਿਕੰਦਰ ਉਸ ਦੇ ਪਸੰਦੀਦਾ ਗਾਇਕ ਹਨ। ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਨੂੰ ਸਭ ਤੋਂ ਵੱਧ ਸੁਣਿਆ ਤੇ ਗਾਇਆ ਹੈ।
ਸੂਫੀ ਗਾਇਕੀ ਦੇ ਅੰਬਰ ’ਤੇ ਮਿਹਨਤ ਅਤੇ ਲਗਨ ਨਾਲ ਆਪਣੀ ਨਿਵੇਕਲੀ ਥਾਂ ਬਣਾਉਣ ਦਾ ਚਾਹਵਾਨ ਹੈ ਜਿਸ ਦੀ ਪੂਰਤੀ ਲਈ ਦਿਨ ਰਾਤ ਰਿਆਜ਼ ਵਿਚ ਜੁਟਿਆ ਹੋਇਆ ਹੈ। ਸਾਈਂ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ ਆਦਿ ਅਜ਼ੀਮ ਸ਼ਾਇਰਾਂ ਨੂੰ ਵੀ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰਦਾ ਹੈ। ਗਲੇ ਵਿਚ ਰਸ ਹੋਣ ਕਰਕੇ ਹਰ ਰਚਨਾ ਸਫਲਤਾ ਨਾਲ ਗਾ ਜਾਂਦਾ ਹੈ। 6 ਜਨਵਰੀ 1974 ਨੂੰ ਮਾਤਾ ਪਰਸਿੰਨੀ ਦੇਵੀ, ਪਿਤਾ ਰਾਮ ਆਸਰਾ ਦੇ ਘਰ ਦਾ ਭਾਗ ਬਣਿਆ ਇਹ ਗਾਇਕ ਜਗਤਾਰ ਸਿੰਘ ਦਾ ਭਰਾ ਹੈ। ਦੋ ਭੈਣਾਂ ਦਾ ਭਾਈ ਤੇ ਬੇਟੀ ਤਮੰਨਾ ਦਾ ਬਾਪ ਬਣ ਚੁੱਕਾ ਹੈ। ਨੀਲ ਕਮਲ ਦਾ ਸੂਫੀ ਰੰਗ ਜਿੱਥੇ ਆਮ ਸਰੋਤਿਆਂ ਵੱਲੋਂ ਸਲਾਹਿਆ ਜਾਂਦਾ ਹੈ, ਉੱਥੇ ਗਾਇਕੀ ਦੇ ਪੰਡਤ ਇਹ ਵੀ ਆਸ ਲਾਉਂਦੇ ਹਨ ਕਿ ਉਹ ਕੱਲ੍ਹ ਨੂੰ ਇਸ ਖੇਤਰ ਵਿਚ ਗਾਇਕੀ ਦਾ ਨਵਾਂ ਚਿਰਾਗ ਜਗਾ ਸਕਦਾ ਹੈ।
 
Top