ਕੁਰਾਹੇ ਪਾਉਂਦੀ ਗਾਇਕੀ

'ਨਚਣੁ ਕੁਦਣੁ ਮਨ ਕਾ ਚਾਉ॥' ਇਹ ਬਿਲਕੁਲ ਸਹੀ ਕਥਨ ਹੈ। ਹੱਸਣਾ, ਖੇਡਣਾ ਤੇ ਨੱਚਣਾ ਵੀ ਪੰਜਾਬੀਆਂ ਦਾ ਮੁੱਖ ਸ਼ੌਕ ਹੈ। ਪੰਜਾਬੀ ਭਾਵੇਂ ਕਿਤੇ ਵੀ ਹੋਣ ਢੋਲ ਦੀ ਬੀਟ ਸੁਣਦੇ ਸਾਰ ਹੀ ਉਨ੍ਹਾਂ ਦੇ ਪੈਰ ਨੱਚਣ ਲਈ ਥਿਰਕਣ ਲੱਗ ਜਾਂਦੇ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਨੌਜਵਾਨ ਮੁੰਡੇ ਭੰਗੜਾ ਅਤੇ ਕੁੜੀਆਂ ਗਿੱਧੇ ਦੇ ਪਿੜ ਵਿਚ ਆਪਣੇ ਮਨ ਦੀ ਭੜਾਸ ਦੂਜਿਆਂ ਤੱਕ ਨੱਚ-ਟੱਪ ਕੇ ਪਹੁੰਚਾਉਂਦੇ ਸਨ। ਹੌਲੀ-ਹੌਲੀ ਭੰਗੜੇ ਤੇ ਗਿੱਧੇ ਦੇ ਨਾਲ ਗਾਇਕੀ ਦਾ ਦੌਰ ਵੀ ਆਇਆ। ਗਾਇਕੀ ਨੂੰ ਪੰਜਾਬੀਆਂ ਨੇ ਮਣਾਂ-ਮੂੰਹੀ ਪਿਆਰ ਦਿੱਤਾ ਕਿਉਂਕਿ ਪੁਰਾਣੇ ਗਾਇਕਾਂ ਦੀ ਗਾਇਕੀ ਵਿਚ ਵਜ਼ਨ ਸੀ। ਜੇਕਰ ਅਸੀਂ ਅੱਜ ਦੀ ਗਾਇਕੀ ਦੀ ਗੱਲ ਕਰੀਏ ਤਾਂ ਸਾਨੂੰ ਸ਼ਰਮ ਨਾਲ ਸਿਰ ਝੁਕਾਉਣਾ ਪੈਂਦਾ ਹੈ ਕਿਉਂਕਿ ਬਿਨਾਂ ਰਿਆਜ਼ ਤੋਂ ਗਾਇਕੀ ਖੇਤਰ ਵਿਚ ਆਏ ਗਾਇਕ ਪੰਜਾਬੀ ਗਾਇਕੀ ਨੂੰ ਖੋਰਾ ਲਾ ਰਹੇ ਹਨ। ਅੱਜ ਦੇ ਗਾਇਕ ਤਾਂ ਕੰਪਿਊਟਰ ਸਹਾਰੇ ਹੀ ਗਾਇਕੀ ਗਾਈ ਜਾਂਦੇ ਹਨ। ਗਾਇਕਾਂ ਵੱਲੋਂ ਗਾਏ ਜਾਂਦੇ ਗੀਤਾਂ ਵਿਚ ਬੇਸ਼ੱਕ ਸੱਭਿਆਚਾਰ ਦੀ ਗੱਲ ਕੀਤੀ ਜਾਂਦੀ ਹੈ ਪਰ ਗੀਤ ਦੀ ਵੀਡੀਓ ਵਿਚ ਸੱਭਿਆਚਾਰ ਦਾ ਇਕ ਅੰਸ਼ ਵੀ ਦਿਖਾਇਆ ਨਹੀਂ ਜਾਂਦਾ। ਜੇਕਰ ਗੀਤ ਵਿਚ ਗੱਲ ਪੰਜਾਬੀ ਸੂਟ ਦੀ ਹੋ ਰਹੀ ਹੁੰਦੀ ਹੈ ਤਾਂ ਗੀਤ ਨਾਲ ਮਾਡਲਿੰਗ ਕਰਨ ਵਾਲੀ ਕੁੜੀ ਦੇ ਸੂਟ ਦੀ ਥਾਂ 'ਤੇ ਜੀਨ ਪਾਈ ਹੁੰਦੀ ਹੈ। ਅੱਜਕਲ੍ਹ ਦੇ ਗੀਤਾਂ ਵਿਚੋਂ ਵਿਰਲੇ ਗੀਤ ਹੀ ਹੋਣਗੇ ਜੋ ਸਮਾਜ ਨੂੰ ਸੇਧ ਦਿੰਦੇ ਹੋਣ। ਜ਼ਿਆਦਾਤਰ ਗੀਤਾਂ ਵਿਚ ਤਾਂ ਮਾਰ-ਕੁਟਾਈ, ਆਸ਼ਕੀ, ਨੰਗੇਜ਼, ਧੋਖਾ, ਜੁਦਾਈ, ਰਫ਼ਲਾਂ, ਹੀਰ-ਰਾਂਝੇ ਅਤੇ ਮਿਰਜ਼ਾ-ਸਾਹਿਬਾਂ ਨੂੰ ਹੀ ਮੁੱਖ ਵਿਸ਼ਾ ਬਣਾਇਆ ਜਾਂਦਾ ਹੈ। ਅਫ਼ਸੋਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨਾਂ ਵਾਰਨ ਵਾਲਿਆਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਇੰਨਰਨੈੱਟ ਦੀ ਯੂ. ਟਿਊਬ ਰਾਹੀਂ ਪ੍ਰਸਿੱਧ ਹੋਏ ਕਈ ਗਾਇਕ ਨੌਜਵਾਨ ਪੀੜ੍ਹੀ ਨੂੰ ਰਾਹੇ ਪਾਉਣ ਦੀ ਬਜਾਏ ਕੁਰਾਹੇ ਪਾ ਰਹੇ ਹਨ। ਅਖੌਤੀ ਗਾਇਕਾਂ ਵੱਲੋਂ ਗਾਏ ਜਾਂਦੇ ਗੀਤਾਂ ਉੱਪਰ ਨੌਜਵਾਨ ਪੀੜ੍ਹੀ ਨਸ਼ੇ ਦੀ ਲੋਰ ਵਿਚ ਆਪਣੀ ਹੀ ਧੀ-ਭੈਣ ਨਾਲ ਕਈ ਅਜਿਹੇ ਗੀਤਾਂ 'ਤੇ ਨੱਚਦੀ ਦਿਖਾਈ ਦਿੰਦੀ ਹੈ ਜਿਸ ਦੇ ਅਰਥ ਉਨ੍ਹਾਂ ਦੇ ਰਿਸ਼ਤੇ ਦੇ ਬਿਲਕੁਲ ਉਲਟ ਹੁੰਦੇ ਹਨ। ਵਿਆਹਾਂ ਵਿਚ ਕਈ ਨੌਜਵਾਨ ਆਪਣੀ ਭੈਣ ਦੀ ਬਾਂਹ ਫੜ੍ਹ ਕੇ ਆਪਣੀ ਭੈਣ ਨੂੰ ਚਲਦੇ ਗੀਤ ਅਨੁਸਾਰ 'ਯਾਰ ਤੇਰਾ ਨਸ਼ੇ ਵਿਚ ਟੁੰਨ ਹੋ ਗਿਆ, ਚੁੱਕ ਕੇ ਗੱਡੀ ਦੇ ਵਿਚ ਪਾ ਲੈ ਸੋਹਣੀਏ' ਕਹਿੰਦੇ ਨਜ਼ਰ ਆਉਂਦੇ ਹਨ। ਭਲਾ ਉਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਨੱਚ ਕਿਸ ਨਾਲ ਰਿਹਾ ਹੈਂ, ਆਪਣੀ ਭੈਣ ਨਾਲ ਜਾਂ ਮਸ਼ੂਕ ਨਾਲ। ਅਜੋਕੇ ਗਾਇਕਾਂ ਅਤੇ ਗੀਤਕਾਰਾਂ ਨੇ ਦੇਸ਼ ਦੇ ਅੰਨਦਾਤੇ ਨੂੰ ਵੀ ਬਦਮਾਸ਼ਾਂ ਵਾਂਗ ਪੇਸ਼ ਕੀਤਾ ਹੈ। ਜੱਟਾਂ ਦੀ ਐਸ਼ਪ੍ਰਸਤੀ ਦੇ ਗੀਤ ਸੁਣ ਕੇ ਉਨ੍ਹਾਂ ਦੀ ਔਲਾਦ ਵੀ ਖੇਤੀ ਪ੍ਰਤੀ ਬੇਫਿਕਰ ਹੋ ਜਾਂਦੀ ਹੈ। ਇਕ ਹੋਰ ਗੀਤ ਦੀ ਗੱਲ ਕਰਨ ਜਾ ਰਹੀ ਹਾਂ, 'ਪੌਣੇ ਛੇ ਫੁੱਟ ਕੱਦ ਕੁੜੀ ਦਾ ਚਾਰ ਫੁੱਟ ਦੀ ਗੁੱਤ।' ਜੇਕਰ ਇਸ ਗੀਤ ਦੀ ਵੀਡੀਓ ਵੇਖੀ ਜਾਵੇ ਤਾਂ ਕੁੜੀ ਦੀ ਗੁੱਤ ਤਾਂ ਕਿਧਰੇ ਨਜ਼ਰ ਹੀ ਨਹੀਂ ਆਉਂਦੀ। ਅਜਿਹੇ ਗੀਤਾਂ ਨਾਲ ਪੰਜਾਬੀ ਕੁੜੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਮੈਂ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਵਾਲੇ ਗਾਇਕਾਂ ਦੇ ਨਾਲ ਸਰੋਤਿਆਂ ਨੂੰ ਵੀ ਕਸੂਰਵਾਰ ਮੰਨਦੀ ਹਾਂ ਕਿਉਂਕਿ ਸਰੋਤੇ ਇਹੋ ਜਿਹੇ ਬੇ-ਮਤਲਬੇ ਗੀਤ ਸੁਣ ਕੇ ਵਾਹ-ਵਾਹ ਕਰੀ ਜਾਂਦੇ ਹਨ। ਜਿਵੇਂ 'ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ, ਤੈਨੂੰ ਯਾਰ ਬਥੇਰੇ', 'ਲੱਕ ਟਵੰਟੀ ਏਟ ਕੁੜੀ ਦਾ', ਤੇ 'ਪੈਣ ਭੰਗੜੇ ਯਾਰ ਜਿੱਤਿਆ ਮੁਕੱਦਮਾ ਮਸ਼ੂਕ ਦਾ' ਇਹੋ-ਜਿਹੇ ਗੀਤ ਸਾਡੇ ਸਮਾਜ ਨੂੰ ਕੀ ਸੇਧ ਦੇ ਸਕਦੇ ਹਨ। ਅੰਤ ਵਿਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਅੱਜ ਸਾਨੂੰ ਲੋੜ ਹੈ ਜਾਗਰੂਕ ਹੋਣ ਦੀ। ਅਸੀਂ ਜਾਗਰੂਕ ਹੋ ਕੇ ਹੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਾਹੇ ਪਾ ਸਕਦੇ ਹਾਂ।


 
Last edited:
Top