ਪੰਜਾਬੀ ਗਾਇਕੀ ਦਾ ਗਹਿਣਿਆਂ ਵਰਗਾ ਕੱਲ ਅਤੇ ਚੀਥੜ&#262

Saini Sa'aB

K00l$@!n!
ਸਦੀਆਂ ਤੋਂ ਸੰਗੀਤ ਦੀ ਨਿਰੰਤਰ ਵਹਿ ਰਹੀ ਧਾਰਾ ਵਿਚ ਪੰਜਾਬੀ ਸੰਗੀਤ ਦਾ ਵਿਲੱਖਣ ਮੁਹਾਂਦਰਾ ਕਾਇਮ ਰਿਹਾ ਹੈ। ਸੰਗੀਤ ਦੀ ਮਹੱਤਤਾ ਬਾਰੇ ਦਾਰਸ਼ਨਿਕ ਲੋਕਾਂ ਦਾ ਕਥਨ ਹੈ ਕਿ ਇਸ ਦੀ ਹੋਂਦ ਦੇ ਅਹਿਸਾਸ ਤੋਂ ਬਗ਼ੈਰ ਮਨੁੱਖੀ ਸੁਭਾਅ ਚਿੜਚਿੜਾ ਤੇ ਪ੍ਰਵਿਰਤੀ ਜ਼ਾਲਮਾਨਾ ਕਿਸ ਹੱਦ ਤੀਕ ਹੋ ਸਕਦੀ ਹੈ ਕਿ ਆਸ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਸਮਿਆਂ ਵਿਚ ਅਸੀਂ ਦੇਖਿਆ ਹੈ ਕਿ ਪੰਜਾਬੀ ਸੰਗੀਤ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ। ਜਦੋਂ ਕਿਸੇ ਪ੍ਰੰਪਰਾਵਾਦੀ ਮੇਲੇ ਜਾਂ ਇਤਿਹਾਸਕ ਤਿਉਹਾਰ ਮੌਕੇ ਬਜ਼ੁਰਗਾਂ ਦੀ ਉਂਗਲੀ ਫੜ ਕੇ ਜਾਂਦੇ ਸੀ ਤਾਂ ਉੱਥੇ ਕਵਿਸ਼ਰੀ ਵਾਲੇ ਗਵੰਤਰੀਆਂ ਨੂੰ ਘੰਟਿਆਂ ਬੱਧੀ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਗਾਉਂਦਿਆਂ ਅਸੀ ਅੱਖੀਂ ਵੇਖਿਆ ਤੇ ਮਾਣਿਆ ਹੈ। ਉਸ ਸਮੇਂ ਜਨਸਮੂਹ ਨੂੰ ਆਪਣੀ ਆਵਾਜ਼ ਸੁਨਾਉਣ ਲਈ ਗਵੰਤਰੀਆਂ ਪਾਸ ਲਾਊਡ ਸਪੀਕਰ ਵੀ ਨਹੀਂ ਸੀ ਹੁੰਦਾ। ਗਾਉਣ ਵਾਲੇ ਹਿੱਕ ਦੇ ਜ਼ੋਰ ਤੇ ਉੱਚੀ ਆਵਾਜ਼ ਵਿਚ ਗਾਉਂਦੇ ਸਨ। ਉਨਾਂ, ਗਾਉਣ ਵਾਲਿਆਂ ਦੀ ਮੈਨੂੰ ਕਦੀ ਸਮਝ ਨਹੀਂ ਸੀ ਪਈ, ਪਰ ਉਨਾਂ ਦੁਆਰਾ ਲਾਈਆਂ ਜਾਂਦੀਆਂ ਹੇਕਾਂ ਮੇਰੇ ਮਨ ਨੂੰ ਭਾਉਂਦੀਆਂ ਸਨ। ਪਹੁ ਫੁਟਾਲੇ ਦੇ ਨਾਲ ਹਲ ਦਾ ਮੁੰਨਾ ਫੜੀ ਜਾ ਵਾਹੀ ਕੀਤੀ ਵੱਤਰ ਭੌਂ ਦੇ ਸੁਹਾਗੇ ਤੇ ਖੜਿਆਂ ਜਦੋਂ ਉਹ ਉੱਚੀ ਆਵਾਜ਼ ਵਿਚ ਕੋਈ ਧਾਰਨਾ ਗਾਉਂਦੇ ਤਾਂ ਮੈਨੂੰ ਜਾਪਦਾ ਕਿ ਇਹ ਕਿਹੜਾ ਮੇਲੇ ਵਾਲਿਆਂ ਗਵੰਤਰੀਆਂ ਤੋਂ ਘੱਟ ਨੇ। ਮੈਨੂੰ ਥੋੜਾ ਯਾਦ ਹੈ ਕਿ ਸੂਰਜ ਦੀ ਚੜਦੀ ਲਾਲੀ ਨਾਲ ਜੋੜੇ ਬਲਦਾਂ ਨੂੰ ਹਲ ਵਾਹੁੰਦਿਆਂ ਉਹ ਅਕਸਰ ਧਾਰਮਿਕ ਕਿਸਮ ਦੀਆਂ ਧਾਰਨਾਵਾਂ ਗਾਉਂਦੇ ਤੇ ਢਲੀ ਸ਼ਾਮ ਉਹ ਮਿਰਜ਼ੇ ਦੀ ਸੱਦ ਲਾ ਕੇ ਜਾਂ ਹੀਰ ਗਾ ਕੇ ਆਪਣਾ ਥਕੇਵਾਂ ਲਾਹੁਣ ਦਾ ਯਤਨ ਕਰਦੇ ਸਨ। ਮੈਨੂੰ ਉਨਾਂ ਦੀ ਆਵਾਜ਼ ਇੰਝ ਜਾਪਦੀ ਜਿਵੇਂ ਵੱਡੇ ਵੱਡੇ ਇਕੱਠਾਂ ਵਿਚ ਤੁਰਲੇ ਵਾਲੇ ਗਵੰਤਰੀਆਂ ਦੀ ਹੋਵੇ।
ਫਿਰ ਸਮੇਂ ਨੇ ਕਰਵਟ ਲਈ, ਇਲੈਕਟ੍ਰੋਨਿਕ ਸਾਧਨਾਂ ਦੇ ਵਿਕਸਿਤ ਹੋਣ ਨਾਲ ਲਾਊਡ ਸਪੀਕਰ ਤੇ ਤਵਿਆਂ ਦਾ ਯੁੱਗ ਆ ਗਿਆ। ਮੇਲਿਆਂ ਜਾਂ ਹੋਰ ਇਕੱਠਾਂ ਵਿਚ ਗਵੱਈਏ ਮਾਈਕ ਦੇ ਮੂਹਰੇ ਖੜਕੇ ਗਾਉਣ ਲੱਗੇ। ਉਨਾਂ ਲਈ ਗਾਉਣਾ ਕਾਫ਼ੀ ਸੌਖਾ ਹੋ ਗਿਆ। ਸਹਿਜ ਅਵਸਥਾ ਵਿਚ ਗਾ ਕੇ ਉਹ ਲਾਊਡ ਸਪੀਕਰ ਰਾਹੀਂ ਭਾਰੀ ਜਨ ਸਮੂਹ ਤੀਕ ਆਪਣੀ ਆਵਾਜ਼ ਪਹੁੰਚਾ ਸਕਦੇ ਸਨ। ਤਵਿਆਂ ਦੇ ਯੁੱਗ ਨਾਲ ਪੰਜਾਬੀ ਗਾਇਕੀ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਗਿਆ। ਤਵਿਆਂ ਦੇ ਯੁੱਗ ਵਿਚ ਪਿੰਡ ਵਿਚ ਕਿਸੇ ਘਰ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਮੌਕੇ ਸਪੀਕਰ ਵਾਲੇ ਦੀ ਪੂਰੀ ਟੌਅਰ ਹੁੰਦੀ ਸੀ। ਹਰ ਵਰਗ ਦੇ ਲੋਕਾਂ ਲਈ ਉਹ ਖਿੱਚ ਦਾ ਕੇਂਦਰ ਹੁੰਦਾ ਸੀ। ਬੱਚੇ, ਉਸ ਦੀ ਮਸ਼ੀਨ (ਗਰਾਮੋਂ ਫੋਨ) ਦੀਆਂ ਵਰਤੀਆਂ ਸੂਈਆਂ ਚੁੱਕਣ ਦਾ ਮਜ਼ਾ ਲੈਂਦੇ ਤੇ ਨੌਜਵਾਨ ਦੀਦਾਰ ਸਿੰਘ ਰਟੈਂਡਾ, ਚਾਂਦੀ ਰਾਮ ਚਾਂਦੀ, ਮੁਹੰਮਦ ਸਦੀਕ, ਕਰਮਜੀਤ ਧੂਰੀ, ਦੀਦਾਰ ਸੰਧੂ, ਰੰਗੀਲਾ ਜੱਟ ਜਿਹੇ ਗਾਇਕਾਂ ਦੇ ਗੀਤ ਸੁਨਣ ਲਈ ਉਸਦੇ ਤਰਲੇ ਕੱਢਦੇ ਜਦਕਿ ਬਜ਼ੁਰਗ ਲੋਕ ਢਾਡੀ ਅਮਰ ਸਿੰਘ ਸ਼ੌਂਕੀ ਦੀਆਂ ਕਲੀਆਂ ਸੁਣਨ ਨੂੰ ਤਰਹੀਜ਼ ਦਿੰਦੇ।

ਵਕਤ ਆਪਣੀ ਤੋਰ ਤੁਰਦਾ ਗਿਆ। ਇਲੈਕਟ੍ਰੋਨਿਕ ਸਾਧਨਾਂ ਵਿਚ ਨਵੇਂ-ਨਵੇਂ ਯੰਤਰ ਈਜ਼ਾਦ ਹੋ ਗਏ। ਜਿਸ ਨਾਲ ਕੈਸਿਟ ਕਲਚਰ ਯੁੱਗ ਦਾ ਆਗਾਜ਼ ਹੋਇਆ। ਕੈਸਿਟ ਸੱਭਿਆਚਾਰ ਦੇ ਵਿਕਸਿਤ ਹੋ ਜਾਣ ਨਾਲ ਪੰਜਾਬੀ ਗਾਇਕੀ ਦਾ ਪਸਾਰਾ ਏਨਾ ਵਧ ਗਿਆ ਕਿ ਘਰ-ਘਰ ਵਿਚ ਸੰਗੀਤ ਸਾਧਨ ਆ ਗਏ। ਉਂਗਲਾਂ ਤੇ ਗਿਣੇ ਜਾਣ ਵਾਲੇ ਗਾਇਕਾਂ ਵਿਚ ਨਿੱਤ ਦਿਨ ਵਾਧਾ ਹੋਣਾ ਸ਼ੁਰੂ ਹੋ ਗਿਆ। ਇੱਥੋਂ ਹੀ ਜਿੱਥੇ ਪੰਜਾਬੀ ਗਾਇਕੀ ਦੇ ਵਿਸ਼ਵ ਪੱਧਰ ਤੀਕ ਪਹੁੰਚਣ ਦਾ ਆਰੰਭ ਹੋਇਆ ਤੇ ਉੱਥੇ ਇਸ ਨਾਲ ਪੰਜਾਬੀ ਗਾਇਕੀ ’ਚ ਨੈਗਟਿਵ ਪੱਖ ਦਾ ਭਾਰੂ ਹੋਣਾ ਵੀ ਨਾਲੋ-ਨਾਲ ਸ਼ੁਰੂ ਹੋ ਗਿਆ। ਨਵੇਂ ਗਾਇਕ ਮੁੰਡੇ ਕੁੜੀਆਂ ਇਲੈਕਟ੍ਰੋਨਿਕ ਸਾਧਨਾਂ ਦੀ ਵਿਕਸਿਤ ਹੋਈ ਨਵੀਂ ਤਕਨੀਕ ਵਿਚ ਬੜੇ ਸੌਖੇ ਢੰਗ ਨਾਲ ਆਪਣੀ ਆਵਾਜ਼ ਰਿਕਾਰਡਿੰਗ ਕਰਕੇ ਕੈਸਿਟਾਂ ਰਿਲੀਜ਼ ਕਰਨ ਲੱਗ ਪਏ। ਇਸ ਰੁਝਾਨ ਨਾਲ ਪੰਜਾਬੀ ਸੰਗੀਤ ਦੀਆਂ ਪੁਰਾਤਨ ਪ੍ਰੰਪਰਾਵਾਂ ਦਾ ਘਾਣ ਹੋਣਾ ਵੀ ਨਾਲੋ-ਨਾਲ ਸ਼ੁਰੂ ਹੋ ਗਿਆ। ਇਸ ਵਹਿਣ ਵਿਚ ਪੰਜਾਬੀ ਲੋਕ ਸੰਗੀਤ ਦੀਆਂ ਮੂਲ-ਧਾਰਵਾਂ ਅਤੇ ਮੌਲਿਕਤਾ ਭੰਗ ਹੋਣੀ ਸ਼ੁਰੂ ਹੋ ਗਈ। ਖੁੰਭਾਂ ਦੀ ਤਰਾਂ ਪੈਦਾ ਹੋਣ ਵਾਲੇ ਗਾਇਕਾਂ ਵਿਚੋਂ ਬਹੁਤੇ ਸੁਰ ਤੇ ਤਾਲ ਦੀ ਸੂਝ ਤੋਂ ਅਨਜਾਣ ਹੋਣ ਕਰਕੇ ਤੇ ਗਾਇਕ ਕਲਾ ਦੀਆਂ ਬਾਰੀਕੀਆਂ ਤੋਂ ਨਾਵਾਕਫ਼ ਅਤੇ ਕਲਾ ਪ੍ਰਤੀ ਅਸੁਹਿਰਦਤਾ ਕਰਕੇ ਪੰਜਾਬੀ ਗਾਇਕੀ ਦੀਆਂ ਅਮੀਰ ਪੁਰਾਤਨ ਪ੍ਰੰਪਰਾਵਾਂ ਦਾ ਘਾਣ ਕਰਨ ਲੱਗ ਪਏ। ਪੰਜਾਬੀ ਸੰਗੀਤ ਨੂੰ ਪੱਛਮੀਂ ਸੰਗੀਤ ਦਾ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ। ਨਵੀਂ ਪੀੜੀ ਦੇ ਗਾਇਕ-ਗਾਇਕਾਵਾਂ ਇਸ ਮਿਲਗੋਭਾ ਸੰਗੀਤ ਨੂੰ ਹੀ ਆਪਣਾ ਸੱਭਿਆਚਾਰ ਤੇ ਆਪਣਾ ਵਿਰਸਾ ਸਮਝਣ ਦੀ ਵੱਡੀ ਭੁੱਲ ਕਰ ਬੈਠੇ।

ਕੈਸਿਟ ਕਲਚਰ ਦੇ ਪੂਰੀ ਤਰਾਂ ਵਿਕਸਿਤ ਹੋ ਜਾਣ ਉਪਰੰਤ ਟੀ. ਵੀ. ਚੈਨਲਾਂ ਦਾ ਪਸਾਰਾ ਹੋਣ ਲੱਗ ਪਿਆ। ਪ੍ਰਾਈਵੇਟ ਟੀ. ਵੀ. ਚੈਨਲਾਂ ਦੀ ਭਰਮਾਰ ਨਾਲ ਸੰਗੀਤ ਦਾ ਵਿਸ਼ਵੀਕਰਨ ਹੋਣਾ ਲਾਜ਼ਮੀ ਸੀ। ਵੱਡੀ ਤਾਦਾਦ ਵਿਚ ਟੀ. ਵੀ. ਚੈਨਲਾਂ ਦੀ ਭਰਮਾਰ ਨਾਲ ਕੈਸਿਟ ਕਲਚਰ ਨੇ ਗੀਤਾਂ ਦਾ ਫ਼ਿਲਮਾਂਕਣ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬੀ ਗਾਇਕੀ ਦਾ ਚੀਰ ਹਰਨ ਇਸ ਰੁਝਾਨ ਦੇ ਨਾਲ-ਨਾਲ ਹੀ ਹੋਣ ਲੱਗ ਪਿਆ। ਬਿਨਾਂ ਸ਼ੱਕ ਇਸ ਸੰਚਾਰ ਮਾਧਿਅਮ ਜ਼ਰੀਏ ਪੰਜਾਬੀ ਸੰਗੀਤ ਨੇ ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲਈ, ਪਰ ਇਸਦੇ ਮਾੜੇ ਪੱਖਾਂ ਨੇ ਪੰਜਾਬੀ ਗਾਇਕੀ ਦੀਆਂ ਅਮੀਰ ਪ੍ਰੰਪਰਾਵਾਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਵਿਗਿਆਨਿਕ ਯੁੱਗ ਦੇ ਦੌਰ ਵਿਚ ਵਿਚਰਿਦਿਆਂ ਜੋ ਸੈਟੇਲਾਈਟ ਚੈਨਲਾਂ ਦੇ ਜ਼ਰੀਏ ਵਰਤਾਰਾ ਵਾਪਰ ਰਿਹਾ ਹੈ, ਇਸਨੂੰ ਕਈ ਸੂਝਵਾਨ ਲੋਕ ਇਹ ਵੀ ਸਮਝਣ ਲੱਗ ਪਏ ਨੇ ਕਿ ਸਮੇਂ ਦੀ ਰਫ਼ਤਾਰ ਨਾਲ ਤੁਰਨ ਲਈ ਸਾਨੂੰ ਵੀ ਇਸ ਸਭ ਕਾਸੇ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਵਿਸ਼ਵ ਪ੍ਰਸਿੱਧ ਗਾਇਕ ਮਲਕੀਤ ਸਿੰਘ ਨੇ ਇਸਨੂੰ ਸਵੀਕਾਰਦਿਆਂ ਆਖਿਆ ਹੈ ਕਿ ‘‘ਮੇਰੀ ਪੂਰੀ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਸੱਭਿਆਚਾਰ ਦੀਆਂ ਹੱਦਾਂ ਵਿਚ ਰਹਿ ਕੇ ਗੀਤ ਗਾਏ ਜਾਣ ਤੇ ਗੀਤਾਂ ਦੇ ਵੀਡੀਓ ਬਣਾਉਣ ਸਮੇਂ ਧਿਆਨ ਰੱਖਿਆ ਜਾਵੇ ਕਿ ਇਸਨੂੰ ਪਰਿਵਾਰ ਵਿਚ ਬੈਠ ਕੇ ਸੁਣਿਆ ਤੇ ਦੇਖਿਆ ਜਾ ਸਕੇ।’’ ਪਰ ਸੰਗੀਤ ਦਾ ਅੰਤਰ ਰਾਸ਼ਟਰੀ ਵਰਤਾਰਾ ਜਿਸਨੇ ਇਸਦਾ ਵਪਾਰੀਕਰਨ ਕਰਕੇ ਇਸ ਖ਼ੇਤਰ ਨੂੰ ਮੰਡੀ ਦੀ ਸ਼ਕਲ ਵਿਚ ਬਦਲ ਦਿੱਤਾ ਹੈ। ਇਸ ਦਾ ਸਮੁੱਚਾ ਕਾਰਜ ਖੇਤਰ ਵਪਾਰੀ ਲੋਕਾਂ ਦੇ ਹੱਥਾਂ ਵਿਚ ਮਹਿਫ਼ੂਜ਼ ਹੋ ਕੇ ਰਹਿ ਗਿਆ ਹੈ। ਉਹ ਲੋਕ ਇਸ ਖੇਤਰ ਵਿਚ ਘੁਸਪੈਠ ਕਰ ਗਏ ਹਨ, ਜਿਨਾਂ ਦਾ ਪੰਜਾਬੀ ਸੰਗੀਤ ਨਾਲ ਦੂਰ ਦਾ ਵਾਹ-ਵਾਸਤਾ ਨਹੀਂ ਹੈ। ਇਸ ਰੁਝਾਨ ਨੂੰ ਖ਼ਪਤ ਸੱਭਿਆਚਾਰ ਦਾ ਨਾਂ ਦਿੱਤਾ ਜਾਂਦਾ ਹੈ। ਇਸ ਖ਼ਪਤ ਸੱਭਿਆਚਾਰ ਵਿਚ ਵਪਾਰੀ ਲੋਕ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਦੌੜ ਵਿਚ ਹਰ ਤਰਾਂ ਦੇ ਹੱਥਕੰਡੇ ਵਰਤਦੇ ਹਨ। ਸਰੋਤਿਆਂ ਨੂੰ ਭਰਮਾਉਣ ਲਈ ਉਹ ਨੀਵੇਂ ਤੋਂ ਨੀਵੇਂ ਪੱਧਰ ਤੀਕ ਵੀ ਚਲੇ ਜਾਂਦੇ ਹਨ। ਮੌਜੂਦਾ ਦੌਰ ਤੇ ਧਨੰਤਰ ਗਾਇਕ ਕੰਪਨੀ ਮਾਲਕਾਂ ਦੀਆਂ ਦੀਆਂ ਚਾਲਾਂ ਦੇ ਰਗੜੇ ਹੋਏ ਘਰਾਂ ਵਿਚ ਬੈਠੇ ਹਨ, ਉਹ ਭਾਵੇਂ ਸਰਦੂਲ ਸਿਕੰਦਰ ਹੈ, ਹੰਸ ਰਾਜ ਹੰਸ ਜਾਂ ਮਲਕੀਤ ਸਿੰਘ ਹੈ। ਮੂਹਰਲੀਆਂ ਸਫ਼ਾਂ ਦੇ ਇਹ ਗਾਇਕ ਕਲਾਕਾਰ ਕੈਸਿਟ ਕੰਪਨੀਆਂ ਦੇ ਸ਼ੈਤਾਨ ਦਿਮਾਗ਼ਾਂ ਦੇ ਗ਼ੁਲਾਮ ਬਣ ਚੁੱਕੇ ਹਨ। ਕੈਸਿਟ ਕੰਪਨੀਆਂ ਦੇ ਨਿਰਮਾਤਾਵਾਂ ਪਾਸ ਇੱਕ ਤਰਾਂ ਨਾਲ ਗਿਰਵੀ (ਬਾਊਂਡ) ਹੋ ਚੁੱਕੇ ਸਨ। ਕੈਸਿਟ ਕੰਪਨੀਆਂ ਦੇ ਨਿਰਮਾਤਾਵਾਂ ਦੇ ਸ਼ੈਤਾਨ ਦਿਮਾਗ਼ ਦੀ ਪਹੁੰਚ ਸਿਰਫ਼ ਧੰਨ ਕਮਾਊ ਪ੍ਰਵਿਰਤੀ ਤੀਕ ਸੀਮਿਤ ਹੈ। ਉਨਾਂ ਲਈ ਕੈਸਟਾਂ ਦਾ ਵਪਾਰ ਡਿਟੋਲ, ਚਾਕਲੇਟ, ਪੈਪਸੀ, ਕੌਸਮੈਟਿਕਸ ਵਰਗੀਆਂ ਚੀਜਾਂ ਵੇਚਣ ਦੀ ਤਰਾਂ ਹੀ ਹੈ। ਇਸ ਵਪਾਰ ਦੇ ਜ਼ਰੀਏ ਜੋ ਜ਼ਹਿਰ ਪੰਜਾਬ ਦੀ ਧਰਤੀ ਤੇ ਫੈਲਾਇਆ ਜਾ ਰਿਹਾ ਹੈ, ਇਸਦੇ ਸਿੱਟੇ ਬਹੁਤ ਮਾੜੇ ਨਿਕਲਣਗੇ ਤੇ ਨਿਕਲਣੇ ਸ਼ੁਰੂ ਹੋ ਗਏ ਹਨ। ਸਾਕਾਰਤਮਿਕ ਦੇ ਸਿੱਟੇ ਸਾਰਥਿਕ ਤੇ ਸ਼ੁਭ ਹੁੰਦੇ ਹਨ, ਜਦਕਿ ਨਾਕਾਰਾਤਮਿਕ ਦੇ ਸਿੱਝੇ ਮਾਰੂ ਤੇ ਘਾਤਕ ਹੁੰਦੇ ਹਨ। ਜਿੱਥੇ ਪੰਜਾਬੀ ਗਾਇਕੀ ਦੀ ਇਨਾਂ ਸੈਟੇਲਾਈਟ ਚੈਨਲਾਂ ਦੇ ਜ਼ਰੀਏ ਵਿਸ਼ਵ ਭਰ ਵਿਚ ਬੱਲੇ-ਬੱਲੇ ਹੋਈ ਹੈ, ਉੱਥੇ ਨਾਕਾਰਤਮਿਕ ਪਹਿਲੂਆਂ ਸਦਕਾ ਅਜੋਕੀ ਪੰਜਾਬੀ ਗਾਇਕੀ ਇੱਕ ਅਜਿਹੇ ਰੁਝਾਨ ਵੱਲ ਰੁਚਿਤ ਹੋ ਰਹੀ ਹੈ, ਜਿਸ ਨਾਲ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਲਈ ਬਹੁਤ ਵੱਡਾ ਖ਼ਤਰਾ ਖੜਾ ਹੋ ਰਿਹਾ ਹੈ।

ਵਪਾਰੀ ਲੋਕਾਂ ਨੇ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਮੁਨਾਫ਼ੇ ਵਾਲਾ ਵਪਾਰ ਬਣਾ ਕੇ ਇਸ ਸੂਖ਼ਮ ਕਲਾ ਤੇ ਮਿਹਨਤਕਸ਼ ਪੰਜਾਬੀਆਂ ਦੇ ਦਿਲਾਂ ਨੂੰ ਸਕੂਨ ਦੇਣ ਵਾਲੀ ਅਣਮੁੱਲੀ ਦਾਤ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ। ਵਪਾਰ ਕਰੋ, ਜੀ ਸਦਕੇ ਪਰ ਇਸਦੇ ਨਾਲ-ਨਾਲ ਪੰਜਾਬੀ ਲੋਕਾਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਦਾ ਖ਼ਿਆਲ ਰੱਖਿਆ ਜਾਣਾ ਅਤਿ ਜ਼ਰੂਰੀ ਹੈ। ਮੇਰੀ ਇੱਥੇ ਕੈਸਿਟ ਕੰਪਨੀਆਂ ਦੇ ਨਿਰਮਾਤਾਵਾਂ ਨੂੰ ਇੱਕ ਸਲਾਹ ਹੈ ਕਿ ਵਪਾਰੀ ਲੋਕੋ! ਤੁਸੀਂ ਇੱਕ ਬਹੁਤ ਵੱਡੇ ਭੁਲੇਖੇ ਦੇ ਸ਼ਿਕਾਰ ਹੋ ਚੁੱਕੇ ਹੋ, ਇਹ ਵਪਾਰ ਅਰਥ ਸ਼ਾਸਤਰ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਕਿਉਂਕਿ ਇਸਦਾ ਤੁਅਲੁਕ ਸਰੀਰਕ ਲੋੜਾਂ ਨਾਲ ਨਹੀਂ, ਬਲਕਿ ਦਿਮਾਗ਼ ਨੂੰ ਸ਼ਾਤੀ ਪ੍ਰਦਾਨ ਕਰਨ ਨਾਲ ਹੈ। ਮਨ ਦੀ ਸ਼ਾਂਤੀ ਕਦੇ ਵੀ ਪੈਸੇ ਨਾਲ ਨਹੀਂ ਖ਼ਰੀਦੀ ਜਾ ਸਕਦੀ। ਬਾਕੀ ਅੱਜ ਭਾਵੇਂ ਵਕਤੀ ਤੌਰ ’ਤੇ ਪੰਜਾਬੀ ਸਰੋਤਾ ਆਪਣੀ ਫ਼ਿਤਰਤ ਮੁਤਾਬਿਕ ਤੁਹਾਡੇ ਵਿਛਾਏ ਗਏ ਤੰਦੂਆਂ ਜ਼ਾਲ ਇਸ ਹਕੀਕਤ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪੰਜਾਬੀ ਲੋਕ ਮੱਛੀ ਦੇ ਪੱਥਰ ਚੱਟ ਕੇ ਵਾਪਸ ਪਰਤਣ ਵਾਂਗ ਚੰਗੇ ਮਾੜੇ ਦੀ ਪਰਖ ਬਹੁਤ ਛੇਤੀ ਕਰ ਲੈਂਦੇ ਹਨ, ਪਰ ਇਹ ਵੀ ਮੰਨਦੇ ਹਾਂ ਕਿ ਅੱਜ ਪੰਜਾਬੀ ਸਰੋਤਾ ਕੰਪਨੀ ਮਾਲਕਾਂ ਦੇ ਸ਼ੈਤਾਨ ਦਿਮਾਗ਼ਾਂ ਦੀ ਕਾਢ ਦਾ ਗ਼ੁਲਾਮ ਹੋ ਚੁੱਕਾ ਹੈ। ਇਸ ਤੋਂ ਵੀ ਅੱਗੇ ਕੰਪਨੀ ਮਾਲਕ, ਗਾਇਕ ਤੇ ਸਰੋਤੇ ਤਿੰਨੋਂ ਹੀ ਆਤਮ ਧੋਖੇ ਦਾ ਸ਼ਿਕਾਰ ਹਨ।

ਇਨਾਂ ਹਾਲਾਤਾਂ ਦੇ ਬਾਵਜੂਦ ਪੰਜਾਬੀ ਗਾਇਕੀ ਦੇ ਸੁਹਿਰਦ ਕਲਾਕਾਰ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜੁਟਾਉਂਦੇ ਆ ਰਹੇ ਹਨ ਕਿ ਇਸ ਉੱਪਰ ਪਏ ਮਾੜੇ ਪ੍ਰਭਾਵਾਂ ਨੂੰ ਠੱਲ ਪਾਈ ਜਾ ਸਕੇ। ਉਨਾਂ ਆਪਣੇ ਵਿਰਸੇ ਤੇ ਸਭਿਆਚਾਰ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਇਨਾਂ ਵਿਚ ਗੁਰਦਾਸ ਮਾਨ, ਹਰਭਜਨ ਮਾਨ, ਪੰਮੀ ਬਾਈ, ਮਨਮੋਹਨ ਵਾਰਿਸ, ਕਮਲ ਹੀਰ, ਪਾਲੀ ਦੇਤਵਾਲੀਆ, ਸ਼ਿੰਗਾਰਾ ਚਹਿਲ, ਦੇਬੀ ਮਖ਼ਸੂਪੁਰੀ ਆਦਿ ਕੁੱਝ ਕੁ ਉਂਗਲਾਂ ’ਤੇ ਗਿਣੇ ਜਾਣ ਗੋਰਚੇ ਕਲਾਕਾਰ ਦੇ ਨਾਵਾਂ ਨੂੰ ਸ਼ੁਮਾਰ ਕੀਤਾ ਜਾ ਸਕਦਾ ਹੈ। ਪ੍ਰਿੰਟ ਮੀਡੀਆ ਸ਼ੁਰੂ ਤੋਂ ਹੀ ਪੰਜਾਬੀ ਗਾਇਕੀ ਤੇ ਨਾਕਾਰਤਮਿਕ ਪਹਿਲੂਆਂ ਨੂੰ ਨਕਾਰਦਾ ਰਿਹਾ ਹੈ ਅਤੇ ਅੱਜ ਵੀ ਇਸ ਦੀ ਭੂਮਿਕਾ ਅਹਿਮ ਹੈ।

ਨਵੇਂ ਪੈਦਾ ਹੋਏ ਰੁਝਾਨ ਨੇ ਦੋਗਾਣਾ ਗਾਇਕੀ ਦੇ ਬੱਲੇ-ਬੱਲੇ ਤਾਂ ਕਰਵਾਈ ਹੈ, ਪਰ ਭੁਲੇਖੇ ਦਾ ਸ਼ਿਕਾਰ ਅੱਜ ਦੇ ਇਹ ਡਿਊਟਰ ਬਹੁਤ ਵੱਡੀ ਮਾਰ ਖਾ ਰਹੇ ਹਨ। ਭਾਵੇਂ ਕੈਸਿਟ ਦੇ ਰੈਪਰ ਉੱਪਰ ਆਪਣੀ ਫ਼ੋਟੋ ਤਾਂ ਵੱਡੀ ਕਰਕੇ ਸਾਹਮਣੇ ਲਗਾਉਂਦੇ ਹਨ ਤੇ ਸਹਿ ਗਾਇਕਾਂ ਦੀ ਪਿਛਲੇ ਪਾਸੇ ਲਗਾਈ ਜਾਂਦੀ ਹੈ। ਚੈਨਲਾਂ ਤੇ ਵੀ ਆਵਾਜ਼ ਵਾਲੀ ਗਾਇਕਾ ਨਹੀਂ, ਸਗੋਂ ਕੋਈ ਹੋਰ ਹੀ ਗ੍ਯਾਇਕਾ (ਚਾਕਲੇਟੀ) (ਜਿਹੜੀ ਉਨਾਂ ਨਾਲ ਆਮ ਤੌਰ ’ਤੇ ਸਟੇਜ ਪ੍ਰੋਗਰਾਮ ਕਰਨ ਜਾਂਦੀ ਹੈ) ਨੂੰ ਲਿਆ ਜਾਂਦਾ ਹੈ, ਪਰ ਲੋਕ ਇਹ ਸਭ ਜਾਣਦੇ ਹਨ ਕਿ ਅਸਲੀ ਗਾਇਕਾ ਕੌਣ ਹੈ। ਉਹ ਕੈਸਿਟ ਵਿਕਰੇਤਾ ਨੂੰ ਆ ਕੇ ਇਹੀ ਪੁੱਛਦੇ ਹਨ ਕਿ ਮਿਸ ਪੂਜਾ ਦੀ ਫਲਾਣੀ ਕੈਸਿਟ ਮਿਲ ਜਾਵੇਗੀ ਜਾਂ ਪ੍ਰਵੀਨ ਭਾਰਟਾ ਦੀ ‘ਹੁਸਨਾਂ ਦਾ ਫੁੱਲ’ ਹੈ ਜਾਂ ਸੁਦੇਸ਼ ਕੁਮਾਰੀ ਦੀ ‘ਮੈਸੇਜ਼’ ਕੈਸਿਟ ਦਿਓ। ਜਦੋਂ ਕਿ ਗਾਇਕ ਕਲਾਕਾਰ ਦਾ ਉਹ ਨਾਂ ਨਹੀਂ ਜਾਣਦੇ ਬੱਸ ਇਹੀ ਕਹਿਕੇ ਇਸ਼ਾਰਾ ਕਰਦੇ ਹਨ ਕਿ ‘ਪੈਟਰੋਲ ਫੂਕਦਾ’, ‘ਡਾਂਗਾਂ ਖੜਕਦੀਆਂ’ ਜਾਂ ‘ਬਠਿੰਡੇ ਵਾਲਾ ਬਾਜੀ ਮਾਰ ਗਿਆ’ ਆਦਿ ਸ਼ਬਦਾਂ ਨਾਲ ਸੰਬੋਧਨ ਕਰਕੇ ਅੱਜ ਦੇ ਹਿੱਟ ਕਲਾਕਾਰ ਦੀ ਕੈਸਿਟ ਦੀ ਮੰਗ ਕਰਦੇ ਹਨ। 90 ਫ਼ੀਸਦੀ ਲੋਕ ਅੱਜ ਦੇ ਹਿੱਟ ਕਲਾਕਾਰ ਦਾ ਨਾਂ ਨਹੀਂ ਜਾਣਦੇ। ਜਿਵੇਂ ਪੁਰਾਤਨ ਸਮੇਂ ਵਿਚ ਕਿਸੇ ਕਲਾਕਾਰ ਦਾ ਅਖਾੜਾ ਲੱਗਣਾ ਹੁੰਦਾ ਤਾਂ ਕੋਈ ਆਖਦੇ ਸਨ ਕਿ ਫਲਾਣੇ ਪਿੰਡ ਅੱਜ ‘ਸ਼ਲਿੰਦਰਾਂ’ ਲੱਗੂ, ਕਿਉਂਕਿ ਉਸ ਦੌਰ ਦੀ ਬਹੁ ਚਰਚਿਤ ਗਾਇਕਾ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਨਾਮ ਚੱਲਦਾ ਸੀ।

ਵਿਦੇਸ਼ਾਂ ’ਚੋਂ ਕਮਾਈਆਂ ਕਰਕੇ ਪੰਜਾਬ ’ਚ ਕੈਸਿਟਾਂ ਰਿਲੀਜ਼ ਕਰਨ ਵਾਲੇ ਨਵੇਂ ਗਾਇਕਾਂ ਦੀ ਇੱਕ ਵੱਖਰੀ ਦਿੱਖ ਚੈਨਲਾਂ ਜ਼ਰੀਏ ਸਾਨੂੰ ਵੇਖਣ ਨੂੰ ਮਿਲਦੀ ਹੈ। ਇੱਕ-ਅੱਧੇ ਨੂੰ ਛੱਡ ਕੇ ਇਹ ਸਾਰੇ ਹੀ ਪੰਜਾਬੀ ਗਾਇਕੀ ਦਾ ਮੁਹਾਂਦਰਾ ਵਿਗਾੜ ਰਹੇ ਹਨ। ਇਹ ਕਲਾਕਾਰ ਪਿੰਡਾਂ ਵਿਚ ‘ਲੀਵ ਪ੍ਰੋਗਰਾਮ’ (ਅਖਾੜੇ) ਕਰਨ ਦੇ ਸਮਰੱਥ ਨਹੀਂ ਹਨ। ਬੱਸ ਪੈਸੇ ਦੇ ਜ਼ੋਰ ਉੱਤੇ ਆਪਣੇ ਜਿਹਨ ਅੰਦਰ ਪੈਦਾ ਹੋਏ ਕੀੜੇ ਨੂੰ ਸ਼ੌਕ ਵਜੋਂ ਪਾਲ ਰਹੇ ਹਨ। ਇਨਾਂ ਅਖੌਤੀ ਕਲਾਕਾਰਾਂ ਨੂੰ ਖ਼ੁਦ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਗਾ ਰਹੇ ਹਨ...... ਬੱਸ ਗਾਈ ਜਾ ਰਹੇ ਹਨ। ਅਖੌਤੀ ਗਾਇਕ ਆਪਣੀ ਆਵਾਜ਼ ਨੂੰ ਕੰਪਿਊਟਰ ਰਾਹੀਂ ‘ਆਟੋਟਿਊਨ’ ਅਤੇ ‘ਔਰੈਂਜ ਵੋਕੇਡਰ’ ਆਦਿ ਦਾ ਸਹਾਰਾ ਲੈ ਕੇ ਸਰੋਤਿਆਂ ਨੂੰ ਲੱਖ ਧੋਖਾ ਦੇਣ, ਪਰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਹੋਣਾ ਹੀ ਪੈਣਾ ਹੈ।

ਅੱਜ ਕੱਲ ਪਾਪ (ਪੌਪ) ਗੀਤਾਂ ਦੀ ਚੱਲ ਰਹੀ ਇਸ ਹਨੇਰੀ ਵਿਚ ਨਵੇਂ-ਨਵੇਂ ਗਾਇਕ ਅਤੇ ਗੀਤਕਾਰਾਂ ਦੇ ਗੀਤ ਖਾਕ ਬਣ ਕੇ ਉੱਡ ਰਹੇ ਹਨ ਤੇ ਪਤਾ ਨਹੀਂ ਚੱਲਦਾ ਕਿ ਕਦੋਂ ਕੋਈ ਕੈਸਿਟ ਆਈ ਤੇ ਕਦੋਂ ਚਲੀ ਗਈ। ਜਿਨਾਂ ਗਾਇਕਾਂ ਦੇ ਗੀਤਾਂ ਦੇ ਬੋਲਾਂ ਵਿਚ ਪੰਜਾਬੀ ਦਾ ਰਸ ਹੁੰਦਾ ਹੈ, ਉਹ ਧਰਤੀ ਤੇ ਥੰਮ ਬਣ ਕੇ ਖਲੋਂਦੇ ਹਨ ਤੇ ਆਪਣੀ ਹੋਂਦ ਦਾ ਲੋਕਾਂ ਨੂੰ ਅਹਿਸਾਸ ਕਰਵਾਉਂਦੇ ਹਨ ਫਿਰ ਉਹ ਭਾਵੇਂ ਗੁਰਦਾਸ ਮਾਨ ਦਾ ਗੀਤ ‘ਪਿੰਡ ਦੀਆਂ ਗਲੀਆਂ ਦੀ ਯਾਦ’ ਹੋਵੇ ਜਾਂ ਫਿਰ ‘ਆਪਣਾ ਪੰਜਾਬ ਹੋਵੇ ਘਰ ਦੀ ਸ਼ਾਰਾਬ ਹੋਵੇ’ ਸਰਬਜੀਤ ਚੀਮਾਂ ਦਾ ‘ਰੰਗਲਾ ਪੰਜਾਬ’, ਭਗਵੰਤ ਮਾਨ ਦਾ ‘ਲੱਭਣੀ ਨੀ ਰੌਣਕ ਪੰਜਾਬ ਵਰਗੀ’ ਆਦਿ।

ਕਦੇ ਸਮਾਂ ਸੀ ਕਿ ਗੀਤਕਾਰ ਕਈ-ਕਈ ਮਹੀਨੇ ਇੱਕ ਗੀਤ ਉੱਤੇ ਮਿਹਨਤ ਕਰਦਾ ਤੇ ਫਿਰ ਗਾਇਕ ਕਲਾਕਾਰ ਇਸ ਤੋਂ ਵੀ ਵੱਧ ਸਮਾਂ ਲੈ ਕੇ ਉਸਦੀ ਤਿਆਰੀ ਕਰਦਾ ਤੇ ਬਹੁਤ ਮਿਹਨਤ ਮਗਰੋਂ ਕੋਈ ਕੈਸੇਟ ਬਾਜ਼ਾਰ ਵਿਚ ਆਉਂਦੀ ਤੇ ਲੋਕ ਵੀ ਉਸ ਨੂੰ ਬਣਦਾ ਸਤਿਕਾਰ ਦਿੰਦੇ, ਪਰ ਅੱਜ ਕੱਲ ਇਹ ਸਭ ਕਾਰਵਾਈ ਏਨੀ ਤੇਜ਼ ਹੋ ਗਈ ਹੈ ਕਿ ਗੀਤਕਾਰ ਦਿਨ ’ਚ ਕਈ-ਕਈ ਗੀਤ ਝਰੀਟ ਦਿੰਦਾ ਹੈ ਅਤੇ ਗਾਇਕ ਮਹੀਨੇ ਵਿਚ ਕਈ-ਕਈ ਕੈਸੇਟਾਂ ਕੱਢ ਦਿੰਦਾ ਹੈ ਅਤੇ ਇਨਾਂ ਕੈਸੇਟਾਂ ਦੀ ਕੂੜਦਾਨ ਵਿਚ ਪਈਆਂ ਦੀ ਗਿਣਤੀ ਵੀ ਕਈ-ਕਈ ਹੋ ਜਾਂਦੀ ਹੈ। ਭਾਵ ਜਦੋਂ ਮਿਹਨਤ ਹੀ ਨਹੀਂ ਤਾਂ ਫਲ ਦੀ ਆਸ ਕਿੱਥੋਂ?

ਕੁੱਝ ਗਾਇਕ/ਕੰਪਨੀਆਂ ਗਾਏ ਜਾਣ ਵਾਲੇ ਗੀਤ ਵੱਲੋ ਉੱਕਾ ਧਿਆਨ ਨਹੀਂ ਦਿੰਦੇ, ਭਾਵ ਇਹ ਨਹੀਂ ਸੋਚਦੇ ਕਿ ਇਸ ਗੀਤ ਦਾ ਸਾਡੇ ਸਮਾਜ ’ਤੇ ਕੀ ਅਸਰ ਪਵੇਗਾ, ਉਹ ਸਿਰਫ਼ ਇਹ ਦੇਖਦੇ ਹਨ ਕਿ ਇਸ ਗੀਤ ਨਾਲ ਉਨਾਂ ਦੀ ਚਰਚਾ ਜ਼ਰੂਰ ਹੋਵੇਗੀ। ਮੇਰਾ ਭਾਵ ਹੈ ਕਿ ਗੀਤ ਲੜਾਈ ਲਈ ਭੜਕਾਊ ਗੀਤਾਂ ਤੋਂ ਹੈ-ਕਬਜ਼ਾ ਲੈਣਾ ਏ, ਵੇਖੀ ਡਾਗਾਂ ਖੜਕ ਦੀਆਂ, ਕਚਹਿਰੀਆਂ ’ਚ ਮੇਲੇ ਲੱਗਦੇ, ਨੇਰੀਆਂ ਲਿਆ ਦੂੰ ਬਿੱਲੋ ਨੇਰੀਆਂ, ਕਿਹੜਾ ਜੰਮ ਪਿਆ ਸੂਰਮਾ, ਹੁਣ ਪਤਾ ਲੱਗੂ ਵੈਲੀਆਂ ਦੇ ਜ਼ੋਰ ਦਾ, ਆਦਿ ਪਤਾ ਨਹੀਂ ਕਿੰਨੇ ਕੁ ਗੀਤ ਹਨ, ਜੋ ਵਿਆਹਾਂ-ਸ਼ਾਦੀਆਂ ਤੇ ਕਾਲਜ ਫੰਕਸ਼ਨਾਂ ਆਦਿ ਥਾਂ ’ਤੇ ਚੱਲਦੇ ਹਨ ਤੇ ਲੜਾਈ ਦਾ ਕਾਰਨ ਵੀ ਬਣਦੇ ਹਨ। ਭਾਵ ਇਹ ਗੀਤ ਬੇਲੋੜੀ ਗਰਮੀ ਦਿਮਾਗ਼ ਨੂੰ ਦਿੰਦੇ ਹਨ, ਜਿਨਾਂ ਦੀ ਤੈਸ਼ ਵਿਚ ਆ ਕੇ ਅੱਜ ਕੱਲ ਦੇ ਮੁੰਡੇ ਕਿਸੇ ਦਾ ਸਿਰ ਪਾੜਣ ਜਾਂ ਪੜਵਾਉਣ ਲਈ ਦੇਰ ਨਹੀਂ ਕਰਦੇ।

ਗਾਇਕਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਕਰਦਿਆਂ ਗਾਇਕ ਹਾਕਮ ਬਖਤੜੀ ਵਾਲੇ ਦਾ ਕੱਢਿਆ ਨਿਚੋੜ ਕਾਫ਼ੀ ਭਾਉਂਦਾ ਹੈ ਕਿ ‘‘ਗ੍ਯਾਇਕੀ ਦਾ ਹਾਲ ਉੱਜੜੀ ਮਜ਼ਾਰ ’ਤੇ ਬੁੱਝਦੇ ਜਾ ਰਹੇ ਦੀਵਿਆਂ ਵਾਂਗ ਹੈ, ਕੋਈ ਮਸੀਹਾ ਬਹੁੜੇਗਾ ਜਿਹੜਾ ਇਨਾਂ ਦੀਵਿਆਂ ’ਤੇ ਆਪਣੇ ਜਿਗਰ ਦਾ ਤੇਲ ਪਾ ਕੇ ਇਨਾਂ ਨੂੰ ਮੁੜ ਬਲਦਿਆਂ ਕਰੇਗਾ ਤੇ ਵਿਰਾਨ ਫ਼ਿਜ਼ਾ ਫਿਰ ਰੁਸ਼ਨਾਏਗੀ।’’ ਪੰਜਾਬੀ ਗਾਇਕੀ ਦਾ ਭਵਿੱਖ ਰੌਸ਼ਨ ਹੈ। ਇਸ ਦੇ ਸੁਹਿਰਦ ਪੁੱਤਰਾਂ ਨੂੰ ਅੱਜ ਇਸਦੀ ਦੁਰਦਸ਼ਾ ਦਾ ਭਾਰੀ ਗ਼ਮ ਜ਼ਰੂਰ ਹੈ।

ਤਵਾਰੀਖ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਜਦੋਂ ਵੀ ਕਿਸੇ ਖ਼ੇਤਰ ਦੇ ਲੋਕਾਂ ਦੇ ਅਧਿਕਾਰਾਂ ਜਾਂ ਹੱਕਾਂ ਦੇ ਡਾਕਾ ਪਿਆ ਹੈ ਤਾਂ ਬਾਗ਼ੀ ਸੁਰਾਂ ਦੀ ਆਵਾਜ਼ ਉੱਚੀ ਉੱਠੀ ਹੈ। ਜਿਵੇਂ ਭਾਰਤ ਅਤੇ ਰੂਸ ਦੇ ਲੋਕਾਂ ਨੇ ਜ਼ਿਹਨੀ ਗੁਲਾਮੀ ਤੋਂ ਛੁਟਕਾਰਾ ਪਾਇਆ ਹੈ। ਪੰਜਾਬੀ ਮਾਂ ਦੇ ਲਾਡਲੇ ਗਾਇਕੀ ਪ੍ਰਤੀ ਸੁਹਿਰਦ ਪੁੱਤਰਾਂ ਨੂੰ ਹੌਂਸਲੇ ਨਹੀਂ ਛੱਡਣੇ ਚਾਹੀਦੇ, ਸਗੋਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਗਾਇਕੀ ’ਚ ਪੈਦਾ ਹੋਏ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਯਤਨ ਜੁਟਾਉਣੇ ਸਾਡਾ ਇਖ਼ਲਾਕੀ ਫ਼ਰਜ਼ ਹੈ। ਬਨਾਉਟੀ ਰੌਸ਼ਨੀ ਜਾਂ ਪੈਸੇ ਦੇ ਜ਼ੋਰ ਕੀਤੀ ਚਕਾ ਚੌਂਧ ਬਹੁਤ ਚਿਰ ਲੋਕਾਈ ਨੂੰ ਭਰਮਾ ਕੇ ਨਹੀਂ ਰੱਖ ਸਕਦੀ।

ਇਸੇ ਉਮੀਦ ਨਾਲ ਅਸੀਂ ਪੰਜਾਬੀ ਗਾਇਕੀ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੇ ਫ਼ਰਜ਼ਾਂ ’ਤੇ ਪਹਿਰਾ ਦਿੰਦੇ ਰਹਿਣ ਦੀ ਵਚਨਵੱਧਤਾ ਦਾ ਪ੍ਰਗਟਾਵਾ ਕਰਦੇ ਹਾਂ।
 
Top