ਭਾਰਤ ਦੀ ਆਜ਼ਾਦੀ ਦਾ ਧਰੂ ਤਾਰਾ ਸ਼ਹੀਦ ਸੁਖਦੇਵ ਥਾਪਰ

ਮਹਾਨ ਸ਼ਹੀਦਾਂ ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਦੇ ਨਾਂ ਹਮੇਸ਼ਾ ਇਕੱਠੇ ਹੀ ਲਏ ਜਾਣਗੇ। ਸੁਖਦੇਵ, ਭਗਤ ਸਿੰਘ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਾ ਉਸ ਦਾ ਸਾਥੀ ਹੀ ਨਹੀਂ ਸੀ ਸਗੋਂ ਉਹ ਇੱਕ ਦੂਜੇ ਦੇ ਪੂਰਕ ਸਨ। ਇਨ੍ਹਾਂ ਬਾਰੇ ਪ੍ਰਾਪਤ ਲਿਖਤਾਂ ਵਿੱਚ ਅਜਿਹਾ ਪ੍ਰਭਾਵ ਮਿਲਦਾ ਹੈ ਕਿ ਭਗਤ ਸਿੰਘ ਭਾਰਤੀ ਆਜ਼ਾਦੀ ਸੰਘਰਸ਼ ਦਾ ਰਾਜਨੀਤਕ ਆਗੂ ਸੀ ਅਤੇ ਸੁਖਦੇਵ ਇੱਕ ਸੁਯੋਗ ਜਥੇਬੰਦਕ ਆਗੂ। ਸੁਖਦੇਵ ਅਤੇ ਭਗਤ ਸਿੰਘ ਆਜ਼ਾਦੀ ਦੇ ਪ੍ਰਵਾਨੇ ਹੋਣ ਦੇ ਨਾਲ ਉਸ ਵੇਲੇ ਦੇ ਵੱਡੇ ਰਾਜਨੀਤਕ ਚਿੰਤਕ ਵੀ ਸਨ। ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਕਿਹੋ ਜਿਹਾ ਹੋਵੇ। ਉਹ ਭਾਰਤ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਵਾਲਾ ਮੁਲਕ ਬਣਾਉਣਾ ਚਾਹੁੰਦੇ ਸਨ।
ਲੁਧਿਆਣਾ ਦੇ ਮੁਹੱਲਾ ਨੌਘਰਾ ਵਿੱਚ ਪਿਤਾ ਰਾਮ ਲਾਲ ਥਾਪਰ ਦੇ ਘਰ ਮਾਤਾ ਰੱਲੀ ਦੇਵੀ ਦੀ ਕੱੁਖੋਂ 15 ਮਈ 1907 ਨੂੰ ਹੋਣਹਾਰ ਬਾਲਕ ਸੁਖਦੇਵ ਨੇ ਜਨਮ ਲਿਆ। ਉਸ ਵੇਲੇ ਥਾਪਰ ਪਰਿਵਾਰ ਦੇ ਮੈਂਬਰਾਂ ਨੂੰ ਇਸ ਗੱਲ ਦਾ ਚਿੱਤ- ਚੇਤਾ ਵੀ ਨਹੀਂ ਸੀ ਕਿ ਉਹ ਵੱਡਾ ਹੋ ਕੇ ਇਤਿਹਾਸ ਦਾ ਰੁਖ ਮੋੜ ਦੇਵੇਗਾ ਅਤੇ ਭਾਰਤੀ ਆਜ਼ਾਦੀ ਸੰਗਰਾਮ ਦਾ ਧਰੂ ਤਾਰਾ ਬਣ ਕੇ ਇਤਿਹਾਸ ਦੇ ਪੰਨਿਆਂ ਨੂੰ ਰੌਸ਼ਨ ਕਰੇਗਾ। ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਸੁਖਦੇਵ ਦੇ ਜਨਮ ਤੋਂ ਪਿੱਛੋਂ ਰਾਮ ਲਾਲ ਆਪਣੇ ਪਰਿਵਾਰ ਨੂੰ ਲਾਇਲਪੁਰ ਲੈ ਗਏ ਕਿਉਂਕਿ ਉਥੋਂ ਉਨ੍ਹਾਂ ਨੇ ਕਣਕ ਅਤੇ ਕਪਾਹ ਦੀ ਆੜ੍ਹਤ ਦਾ ਵਪਾਰ ਸ਼ੁਰੂ ਕਰ ਦਿੱਤਾ ਸੀ। ਪਰਿਵਾਰ ਉਪਰ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਸੰਨ 1910 ਵਿੱਚ ਰਾਮ ਲਾਲ ਥਾਪਰ ਦਾ ਅਚਾਨਕ ਦੇਹਾਂਤ ਹੋ ਗਿਆ। ਉਦੋਂ ਸੁਖਦੇਵ ਦੀ ਉਮਰ ਕੇਵਲ ਤਿੰਨ ਵਰ੍ਹੇ ਦੀ ਸੀ। ਉਨ੍ਹਾਂ ਦੇ ਛੋਟੇ ਭਰਾ ਮਥਰਾ ਦਾਸ ਦਾ ਜਨਮ ਪਿਤਾ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਹੋਇਆ। ਪਰਿਵਾਰ ਨੂੰ ਸੁਖਦੇਵ ਦੇ ਦੇਸ਼ ਭਗਤ ਤਾਏ ਚਿੰਤ ਰਾਮ ਥਾਪਰ ਨੇ ਸਾਂਭਿਆ। ਸੁਖਦੇਵ ਨੂੰ ਦੇਸ਼ ਭਗਤੀ ਦੀ ਚੇਟਕ ਵੀ ਆਪਣੇ ਤਾਏ ਚਿੰਤ ਰਾਮ ਤੋਂ ਹੀ ਲੱਗੀ। ਬਾਅਦ ਵਿੱਚ ਚਿੰਤ ਰਾਮ ਉੱਘੇ ਕਾਂਗਰਸੀ ਨੇਤਾ ਵਜੋਂ ਪ੍ਰਸਿੱਧ ਹੋਏ।


ਅਸ਼ੋਕ ਥਾਪਰ ਦੱਸਦੇ ਹਨ ਕਿ ਸੁਖਦੇਵ ਦਾ ਮੁੱਢਲਾ ਜੀਵਨ ਆਮ ਬੱਚਿਆਂ ਵਾਂਗ ਹੀ ਬਤੀਤ ਹੋਇਆ ਪਰ ਉਨ੍ਹਾਂ ਦੇ ਸੁਭਾਅ ਵਿੱਚ ਇੱਕ ਵਿਲੱਖਣ ਕਿਸਮ ਦਾ ਅਸਾਵਾਂਪਨ ਉਨ੍ਹਾਂ ਦੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਸੀ। ਅੰਤਰਮੁਖੀ ਸੁਭਾਅ ਦਾ ਮਾਲਕ ਸੁਖਦੇਵ ਬਚਪਨ ਤੋਂ ਹੀ ਆਪਣੇ ਸਾਥੀ ਬਾਲਕਾਂ ਦੀ ਅਗਵਾਈ ਕਰਦਾ ਪ੍ਰਤੀਤ ਹੁੰਦਾ ਸੀ। ਦੇਸ਼ ਭਗਤੀ ਦੀਆਂ ਕਹਾਣੀਆਂ ਵਿੱਚ ਉਨ੍ਹਾਂ ਦੀ ਵਿਸ਼ੇਸ਼ ਰੁਚੀ ਸੀ। ਉਨ੍ਹਾਂ ਦਿਨਾਂ ਵਿੱਚ ਭਾਰਤੀ ਸਮਾਜ ਛੂਤ-ਛਾਤ ਦੇ ਗਹਿਰੇ ਪ੍ਰਭਾਵ ਅਧੀਨ ਸੀ ਪਰ ਥਾਪਰ ਪਰਿਵਾਰ ਆਰੀਆ ਸਮਾਜੀ ਹੋਣ ਕਾਰਨ ਧਾਰਮਿਕ ਕੱਟੜਤਾ ਤੋਂ ਮੁਕਤ ਸੀ। ਸੁਖਦੇਵ ਦਾ ਬਚਪਨ ਮਨੁੱਖਤਾ ਦੀ ਬਰਾਬਰਤਾ ਵਿੱਚ ਯਕੀਨ ਰੱਖਣ ਵਾਲੇ ਪਰਿਵਾਰ ਵਿੱਚ ਬੀਤਣ ਕਾਰਨ ਉਨ੍ਹਾਂ ਦਾ ਬਾਲ ਮਨ ਵੀ ਅਗਾਂਹਵਧੂ ਵਿਚਾਰਾਂ ਨਾਲ ਭਰਦਾ ਗਿਆ। ਉਨ੍ਹਾਂ ਦੱਸਿਆ ਕਿ ਸੁਖਦੇਵ ਗੁੱਸੇਖੋਰ ਅਤੇ ਆਪਣੀ ਜ਼ਿੱਦ ਪੁਗਾਉਣ ਅਤੇ ਹੌਸਲੇ ਵਾਲਾ ਬਾਲਕ ਸੀ। ਉਨ੍ਹਾਂ ਦੇ ਬਚਪਨ ਨਾਲ ਹੌਸਲੇ ਅਤੇ ਦਇਆ ਭਾਵਨਾ ਦੀਆਂ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚ ਹਰੀਜਨ ਬੱਚਿਆਂ ਨੂੰ ਪੜ੍ਹਾਉਣਾ ਵੀ ਸ਼ਾਮਿਲ ਹੈ।
13 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿੱਚ ਜਨਰਲ ਡਾਇਰ ਵੱਲੋਂ ਗੋਲੀ ਚਲਾਉਣ ਦੇ ਹੁਕਮ ਕਾਰਨ ਨਿਹੱਥੇ ਭਾਰਤੀਆਂ ਨੂੰ ਭੁੰਨ ਦਿੱਤਾ ਗਿਆ ਤਾਂ ਸੁਖਦੇਵ ਨੇ ਰੋਸ ਵਜੋਂ ਸਕੂਲ ਦੀ ਪਰੇਡ ਸਮੇਂ ਫ਼ੌਜੀ ਅਧਿਕਾਰੀ ਨੂੰ ਸਲਾਮੀ ਨਾ ਦਿੱਤੀ। ਸਿੱਟੇ ਵਜੋਂ ਸੁਖਦੇਵ ਨੂੰ ਸਕੂਲ ਅਧਿਆਪਕਾਂ ਤੋਂ ਮਾਰ ਖਾਣੀ ਪਈ। ਸੁਖਦੇਵ ਨੇ ਸਕੂਲ ਜਾਣਾ ਹੀ ਛੱਡ ਦਿੱਤਾ। ਉਦੋਂ ਸੁਖਦੇਵ ਦੀ ਉਮਰ ਕੇਵਲ 12 ਸਾਲ ਸੀ। ਸੁਖਦੇਵ ਦੀ ਅੰਗਰੇਜ਼ ਹਾਕਮਾਂ ਨਾਲ ਇਹ ਪਹਿਲੀ ਟੱਕਰ ਸੀ। ਅੰਗਰੇਜ਼ਾਂ ਪ੍ਰਤੀ ਉਸ ਦੇ ਮਨ ਅੰਦਰ ਏਨੀ ਨਫ਼ਰਤ ਵਧਦੀ ਗਈ ਕਿ ਜਦੋਂ ਮਾਂ ਉਸਦੇ ਵਿਆਹ ਦੀ ਘੋੜੀ ਦੀ ਗੱਲ ਕਰਦੀ ਤਾਂ ਉਹ ਫਾਂਸੀ ਚੜ੍ਹਨ ਦੀ ਗੱਲ ਕਰਦਾ। ਸੁਖਦੇਵ ਨੇ ਲਾਇਲਪੁਰ ਤੋਂ ਸੰਨ 1922 ਵਿੱਚ ਦਸਵੀਂ ਪਾਸ ਕੀਤੀ ਅਤੇ ਮਨ ਵਿੱਚ ਖ਼ਾਸ ਮਕਸਦ ਲੈ ਕੇ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। ਇਸ ਕਾਲਜ ਦਾ ਮਾਹੌਲ ਦੇਸ਼ ਭਗਤੀ ਨੂੰ ਸਮਰਪਿਤ ਸੀ। ਇਸ ਕਾਲਜ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਨੌਜਵਾਨ ਪੀੜ੍ਹੀ ਨੂੰ ਆਜ਼ਾਦੀ ਦੇ ਸੰਘਰਸ਼ ਲਈ ਤਿਆਰ ਕਰਨ ਲਈ ਕੀਤੀ ਸੀ। ਸਾਲ ਕੁ ਪਿੱਛੋਂ ਭਗਤ ਸਿੰਘ ਨੇ ਵੀ ਇਸੇ ਕਾਲਜ ਵਿੱਚ ਦਾਖਲਾ ਲੈ ਲਿਆ। ਵਿਚਾਰਾਂ ਦੀ ਸਾਂਝ ਕਾਰਨ ਉਹ ਕਰੀਬੀ ਦੋਸਤ ਬਣ ਗਏ। ਕਾਲਜ ਦੇ ਪ੍ਰਬੰਧਕ ਭਾਈ ਪਰਮਾਨੰਦ ਵਿਦਿਆਰਥੀਆਂ ਨੂੰ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਅੱਤਿਆਚਾਰਾਂ ਦੀ ਕਹਾਣੀ ਇਸ ਤਰ੍ਹਾਂ ਸੁਣਾਉਂਦੇ ਕਿ ਸਰਕਾਰ ਖ਼ਿਲਾਫ਼ ਵਿਦਿਆਰਥੀਆਂ ਦਾ ਖੂਨ ਉਬਲਣ ਲੱਗ ਪੈਂਦਾ। ਕਾਲਜ ਦੇ ਇੱਕ ਅਧਿਆਪਕ ਜੈ ਚੰਦਰ ਵਿਦਿਆਲੰਕਾਰ ਦੀ ਪ੍ਰੇਰਨਾ ਨਾਲ ਭਗਤ ਸਿੰਘ ਤੇ ਸੁਖਦੇਵ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕ੍ਰਾਂਤੀਕਾਰੀਆਂ ਨਾਲ ਮਿਲਾਇਆ। ਉਨ੍ਹਾਂ ਦੀ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਚੰਗੀ ਪਛਾਣ ਸੀ। ਇਸੇ ਕਾਲਜ ਦੀ ਲਾਇਬ੍ਰੇਰੀ ਵਿੱਚ ਕ੍ਰਾਂਤੀਕਾਰੀ ਸਾਹਿਤ ਉਪਲੱਬਧ ਸੀ। ਇਹ ਲਾਇਬ੍ਰੇਰੀ ਆਜ਼ਾਦੀ ਸੰਘਰਸ਼ ਦਾ ਕੇਂਦਰ ਬਣੀ ਹੋਈ ਸੀ। ਇੱਥੇ ਸੁਖਦੇਵ ਨੇ ਵਿਸ਼ਵ ਕ੍ਰਾਂਤੀ, ਸਮਾਜ ਸ਼ਾਸਤਰ, ਰਾਜਨੀਤੀ ਅਤੇ ਵਿਸ਼ਵ ਸਾਹਿਤ ਦੀਆਂ ਅਹਿਮ ਪੁਸਤਕਾਂ ਦਾ ਡੂੰਘਾ ਅਧਿਐਨ ਕੀਤਾ। ਫਰਾਂਸ, ਇਟਲੀ, ਰੂਸ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਉਪਰ ਡੂੰਘਾ ਅਸਰ ਪਾਇਆ। ਇਨ੍ਹਾਂ ਦਿਨਾਂ ਵਿੱਚ ਹੀ ਸੁਖਦੇਵ ਨੇ ਭਗਤ ਸਿੰਘ ਨਾਲ ਰਲਕੇ ਇੱਕ ਪਰਚਾ ਕੱਢਿਆ। ਇਸ ਪਰਚੇ ਰਾਹੀਂ ਆਜ਼ਾਦੀ ਸੰਘਰਸ਼ ਅਤੇ ਸ਼ਹੀਦ ਹੋ ਰਹੇ ਆਜ਼ਾਦੀ ਦੇ ਪ੍ਰਵਾਨਿਆਂ ਬਾਰੇ ਭਰਪੂਰ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਂਦੀ ਸੀ।
ਉਨ੍ਹਾਂ ਦਾ ਵਿਚਾਰ ਸੀ ਕਿ ਹਥਿਆਰਬੰਦ ´ਾਂਤੀ ਵਿੱਚ ਲੋਕਾਂ ਨੂੰ ਸ਼ਾਮਿਲ ਕਰਕੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਕਾਲਜ ਦੇ ਲਾਇਬ੍ਰੇਰੀਅਨ ਲਾਲਾ ਰਾਜਾ ਰਾਮ ਸ਼ਾਸਤਰੀ ਨੇ ਸੁਖਦੇਵ ਲਈ ਨਵੇਂ ਕ੍ਰਾਂਤੀਕਾਰੀ ਨੌਜਵਾਨਾਂ ਦੀ ਨਿਸ਼ਾਨਦੇਹੀ ਕੀਤੀ। ਸੁਖਦੇਵ ਨੇ ਭਗਤ ਸਿੰਘ ਨਾਲ ਮਿਲਕੇ ਪਹਿਲਾਂ ਨੌਜਵਾਨ ਭਾਰਤ ਸਭਾ ਅਤੇ ਫੇਰ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਦਾ ਗਠਨ ਕੀਤਾ। ਸੁਖਦੇਵ ਇਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਨ। ਸੁਖਦੇਵ ਨੂੰ ਅੰਗਰੇਜ਼ ਆਜ਼ਾਦੀ ਸੰਘਰਸ਼ ਦਾ ਦਿਮਾਗ ਸਮਝਦੇ ਸਨ। ਇਸੇ ਕਾਰਨ ਸਾਂਡਰਸ ਦੇ ਕਤਲ ਅਤੇ ਅਸੈਂਬਲੀ ਵਿੱਚ ਬੰਬ ਸੁਟਣ ਵਿੱਚ ਸ਼ਾਮਿਲ ਨਾ ਹੋਣ ਦੇ ਬਾਵਜੂਦ ਉਸ ਨੂੰ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ। ਸਰਕਾਰ ਉਸ ਨੂੰ ਇੱਕ ਯੋਜਨਾਕਾਰ ਦੇ ਰੂਪ ਵਿੱਚ ਖ਼ਤਰਨਾਕ ਵਿਅਕਤੀ ਸਮਝਦੀ ਸੀ। ਸੁਖਦੇਵ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਮੌਤ ਨੂੰ ਇੱਕ ਮਾਮੂਲੀ ਘਟਨਾ ਸਮਝਦਾ ਸੀ। ਉਸ ਵਿੱਚ ਏਨੀ ਦ੍ਰਿੜ੍ਹਤਾ ਸੀ ਕਿ ਉਹ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਦਾ ਸੀ। ਉਸਨੇ ਕੇਂਦਰੀ ਕਮੇਟੀ ਦੇ ਫ਼ੈਸਲੇ ਨੂੰ ਪਲਟ ਕੇ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਭੇਜਿਆ। ਇਸ ਪਿੱਛੇ ਉਸ ਦੀ ਸੋਚ ਸੀ ਕਿ ਭਗਤ ਸਿੰਘ ਹੀ ਅਦਾਲਤ ਦੇ ਮੰਚ ’ਤੇ ਭਾਰਤੀਆਂ ਦੇ ਸਹੀ ਭਾਵ ਪ੍ਰਗਟ ਕਰ ਸਕਦਾ ਹੈ। ਸੁਖਦੇਵ ਨੇ ਭਗਤ ਸਿੰਘ ਨਾਲ ਮਿਲਕੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਬਹੁਤ ਸਰਗਰਮੀ ਦਿਖਾਈ। ਲਾਹੌਰ, ਸਹਾਰਨਪੁਰ ਵਿੱਚ ਬੰਬ ਬਣਾਉਣ ਦੀਆਂ ਫੈਕਟਰੀਆਂ ਲਗਾਈਆਂ। ਜਦੋਂ 15 ਅਪਰੈਲ 1929 ਨੂੰ ਲਾਹੌਰ ਬੰਬ ਫੈਕਟਰੀ ਉਪਰ ਪੁਲੀਸ ਨੇ ਛਾਪਾ ਮਾਰਿਆ ਤਾਂ ਇੱਥੋਂ ਸੁਖਦੇਵ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਸੁਖਦੇਵ ਤੇ ਬਹੁਤ ਤਸ਼ੱਦਦ ਕੀਤਾ ਪਰ ਸੁਖਦੇਵ ਨੇ ਕੋਈ ਅਜਿਹਾ ਬਿਆਨ ਨਾ ਦਿੱਤਾ ਜਿਸ ਨਾਲ ਆਜ਼ਾਦੀ ਲਹਿਰ ਨੂੰ ਕੋਈ ਨੁਕਸਾਨ ਪੁੱਜਦਾ।
ਲਾਹੌਰ ਸਾਜ਼ਿਸ਼ ਦਾ ਮੁਕੱਦਮਾ ਸੁਖਦੇਵ ਸਮੇਤ 17 ਵਿਅਕਤੀਆਂ ’ਤੇ ਚੱਲਿਆ। ਅਦਾਲਤ ਨੇ 281 ਪੰਨਿਆਂ ਦੇ ਫ਼ੈਸਲੇ ਵਿੱਚ ਸਭ ਤੋਂ ਵੱਧ ਦੋਸ਼ੀ ਸੁਖਦੇਵ ਨੂੰ ਮੰਨਿਆ। ਜਿਸ ਵਿੱਚ ਲਿਖਿਆ ਗਿਆ ਕਿ ‘‘ਸੁਖਦੇਵ ਸਾਜ਼ਿਸ਼ ਦਾ ਦਿਮਾਗ ਸੀ ਅਤੇ ਭਗਤ ਸਿੰਘ ਉਸ ਦਾ ਸੱਜਾ ਹੱਥ।’’ ਫ਼ੈਸਲੇ ਵਿੱਚ ਪੰਜਾਬ ਵਿਚਲੀਆਂ ਕ੍ਰਾਂਤੀਕਾਰੀ ਯੋਜਨਾਵਾਂ ਦਾ ਦੋਸ਼ੀ ਸੁਖਦੇਵ ਨੂੰ ਠਹਿਰਾਇਆ ਗਿਆ।
23 ਮਾਰਚ 1931 ਨੂੰ ਲਾਲਾ ਚਿੰਤ ਰਾਮ, ਮਾਤਾ ਰੱਲੀ ਦੇਵੀ ਅਤੇ ਛੋਟਾ ਭਰਾ ਮਥਰਾ ਦਾਸ ਉਸ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੇ ਪਰ ਅੰਗਰੇਜ਼ ਸਰਕਾਰ ਨੇ ਸੁਖਦੇਵ ਨਾਲ ਪਰਿਵਾਰ ਦੀ ਅੰਤਿਮ ਮੁਲਾਕਾਤ ਨਾ ਹੋਣ ਦਿੱਤੀ। ਇਸ ਦੇ ਬਾਵਜੂਦ ਪਰਿਵਾਰ ਆਪਣੇ ਪੁੱਤਰ ’ਤੇ ਫ਼ਖਰ ਮਹਿਸੂਸ ਕਰ ਰਿਹਾ ਸੀ। ਸੁਖਦੇਵ, ਭਗਤ ਸਿੰਘ ਅਤੇ ਰਾਜਗੁਰੂ ਦੇ ਚਿਹਰੇ ’ਤੇ ਕੋਈ ਡਰ ਨਹੀਂ ਸੀ ਸਗੋਂ ਉਹ ਸ਼ਾਂਤ ਤੇ ਪ੍ਰਸੰਨ ਸਨ। ਉਨ੍ਹਾਂ ਹੱਸਦਿਆਂ ਆਪਣੀ ਮਿੱਟੀ ਨੂੰ ਅਲਵਿਦਾ ਆਖੀ।
 
Top