ਟਾਹਲੀ ਤੇ ਧੀ

ਬਾਹਰਲਾ ਦਰਵਾਜ਼ਾ ਖੜਕਿਆ। ਮੈਡਮ ਕਰਮਜੀਤ ਨੇ ਅਖਬਾਰ ਪਰ੍ਹਾ ਰੱਖ ਕੇ ਕੁਰਸੀ ਤੋਂ ਉਠ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਖੜ੍ਹੀ ਆਪਣੀ ਚਾਚੀ ਦੇਬੋ ਨੂੰ ਦਖ ਕੇ ਭਮੱਤਰ ਗਈ ਤੇ ਅਣਮੰਨੇ ਜਿਹੇ ਮਨ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਉਸ ਨੂੰ ਅੰਦਰ ਲੈ ਆਂਦਾ। ਸੁੱਖ-ਸਾਂਦ ਪੁੱਛਣ ਤੋਂ ਬਾਅਦ ਉਸ ਨੇ ਦੇਬੋ ਨੂੰ ਪਾਣੀ ਦਾ ਗਲਾਸ ਫੜਾਇਆ ਤੇ ਰੋਟੀ ਪੁੱਛ ਕੇ ਆਪ ਚਾਹ ਬਣਾਉਣ ਲੱਗ ਪਈ। ਘੁੰਮਣਘੇਰੀ ਵਿੱਚ ਫਸੀ ਮੈਡਮ ਕਰਮਜੀਤ ਹੈਰਾਨ ਸੀ ਕਿ ਉਸ ਦੀ ਚਾਚੀ ਦੇਬੋ ਉਸ ਕੋਲ ਆਈ ਹੈ। ਚਾਹ ਪਾਣੀ ਉਪਰੰਤ ਉਸ ਨੂੰ ਪਤਾ ਲੱਗਿਆ ਕਿ ਗੁਰਦਿਆਲ ਦਾ ਉਸ ਨਾਲ ਵਿਹਾਰ ਵਧੀਆ ਨਹੀਂ ਸੀ। ਸੁਖਦੇਵ ਦੇ ਮਰਨ ਉਪਰੰਤ ਤਾਂ ਉਹ ਕਿਤੋਂ ਦੀ ਨਹੀਂ ਸੀ ਰਹੀ। ਦੋਵੇਂ ਕੁੜੀਆਂ ਨੂੰ ਐਵੇਂ ਜਿਹੇ ਸਰਦੇ ਘਰਾਂ ਵਿੱਚ ਵਿਆਹ ਦਿੱਤਾ ਸੀ, ਪਰ ਇਸ ਜ਼ਮਾਨੇ ਵਿੱਚ ਕੋਈ ਵੀ ਕਿਸੇ ਦਾ ਬੇਲੀ ਨਹੀਂ ਰਿਹਾ ਸੀ। ਗੁਰਦਿਆਲ ਨੇ ਵਿਆਹ ਤੋਂ ਬਾਅਦ ਰਾਜਨੀਤਕ ਪਾਰਟੀਆਂ ਨਾਲ ਰਲ ਕੇ ਤੇ ਨਸ਼ੇ ਕਰ ਕੇ ਆਪਣਾ ਝੁੱਗਾ ਚੌੜ ਕਰ ਲਿਆ ਸੀ ਤੇ ਹਰ ਰੋਜ਼ ਉਹ ਤੇ ਉਹਦੀ ਘਰਵਾਲੀ ਛੋਟੀ-ਛੋਟੀ ਗੱਲ ਤੇ ਦੇਬੋ ਨਾਲ ਕਲੇਸ਼ ਕਰਦੇ ਸਨ। ਇਸ ਲਈ ਉਸ ਨੇ ਬਹੁਤ ਸੋਚ ਸਮਝ ਕੇ ਜ਼ਿੰਦਗੀ ਦੇ ਚਾਰ ਦਿਨ ਕਰਮਜੀਤ ਕੌਰ ਕੱਟਣ ਨੂੰ ਤਰਜੀਹ ਦਿੱਤੀਸੀ। ਕਰਮਜੀਤ ਧੁਰ ਅੰਦਰ ਤੱਕ ਹਿੱਲ ਗਈ। ਉਸ ਨੂੰ ਦੇਬੋ ਨਾਲ ਕੋਈ ਹਮਦਰਦੀ ਨਹੀਂ ਸੀ। ਉਸ ਦਾ ਅੰਦਰ ਮੱਚਿਆ ਪਿਆ ਸੀ। ਉਸ ਦਾ ਸਭ ਕੁਝ ਤਾਂ ਉਸ ਦੀ ਬੇਬੇ ਸੁਰਜੀਤ ਹੀ ਸੀ। ਉਸ ਨੂੰ ਪਤਾ ਸੀ ਕਿ ਬੇਬੇ ਸੁਰਜੀਤ ਨੇ ਇਸ ਬਾਰੇ ਕਦੇ ਗਿਲਾ ਸ਼ਿਕਵਾ ਨਹੀਂ ਸੀ ਕਰਨਾ, ਪਰ ਉਸ ਦਾ ਆਪਣਾ ਅੰਦਰ ਇਸ ਵਰਤਾਰੇ ਤੋਂ ਮੁਨਕਰ ਸੀ। ਜਿਸ ਨੇ ਸਾਰੀ ਉਮਰ ਬਾਤ ਨਹੀਂ ਸੀ ਪੁੱਛੀ ਤੇ ਨਾ ਹੀ ਕਦੇ ਯਾਦ ਕੀਤਾ ਸੀ। ਅੱਜ ਕਰਮਜੀਤ ਸਾਹਮਣੇ ਕਿੰਨਾ ਵੱਡਾ ਸਵਾਲ ਉਭਰ ਆਇਆ ਸੀ ਕਿ ਉਹ ਕੀ ਕਰੇ? ਨਾ ਵਿਆਹ ਵੇਲੇ ਤੇ ਨਾ ਬਾਅਦ ਵਿੱਚ ਜਦੋਂ ਵੀ ਕਰਮਜੀਤ ਪਿੰਡ ਗਈ ਸੀ, ਉਸ ਦੇ ਬੇਬੇ ਸੁਰਜੀਤ ਤੋਂ ਬਿਨਾਂ ਕਿਸੇ ਨਾਲ ਲਗਾਓ ਨਹੀਂ ਤੇ ਨਾ ਹੀ ਦੇਬੋ ਉਸ ਨੂੰ ਕਦੇ ਮਿਲਣ ਆਈ ਸੀ।
ਜਦੋਂ ਦਿਲ ਹੀ ਇੱਕ ਦੂਜੇ ਤੋਂ ਖੱਟਾ ਹੋ ਜਾਵੇ ਤਾਂ ਅੰਦਰੋਂ ਨਿਕਲੇ ਅੰਗਿਆਰਾਂ ਵਰਗੇ ਬੋਲ ਦੂਜੇ ਦਾ ਦਿਲ ਛਲਣੀ ਕਰ ਦਿੰਦੇ ਹਨ। ਕਰਮਜੀਤ ਦੇ ਬਾਪੂ ਹੁਰੀਂ ਤਿੰਨੇ ਭਰਾ ਇੱਕ ਦੂਜੇ ਦਾ ਵਿਸਾਹ ਨਹੀਂ ਸਨ ਕਰਦੇ। ਇੱਕ ਦੂਜੇ ਲਈ ਜਾਨ ਵਾਰਨ ਤੱਕ ਜਾਂਦੇ। ਖੇਤ ਨੂੰ ਇਕੱਠੇ ਜਾਂਦੇ, ਗੁੱਡ-ਗੁਡਾਈ ਕਰਦੇ ਤੇ ਦੁੱਧ ਵਾਲੇ ਪਸ਼ੂਆਂ ਨੂੰ ਨਾਲ ਲੈ ਜਾਂਦੇ ਤਾਂ ਜੋ ਦਿਨ ਭਰ ਚਰ ਸਕਣ। ਨਾ ਹੀ ਕਦੇ ਸੀਰੀ ਸਾਂਝੀ ਰਲਾਇਆ ਸੀ ਤੇ ਨਾ ਹੀ ਇਸ ਦੀ ਜ਼ਰੂਰਤ ਸਮਝੀ ਸੀ। ਜਦੋਂ ਕਦੇ ਕੰਮ ਜ਼ਿਆਦਾ ਹੋ ਜਾਂਦਾ ਤਾਂ ਉਨ੍ਹਾਂ ਦਾ ਪਿਓ ਮਹਿੰਗਾ ਸਿੰਘ ਉਨ੍ਹਾਂ ਦੀ ਰੋਟੀ ਖੇਤ ਪੁੱਜਦੀ ਕਰ ਦਿੰਦਾ। ਵੱਡੇ ਬਖਤੌਰ ਨੇ ਸਾਰਾ ਜ਼ੋਰ ਲਾ ਕੇ ਆਪ ਹੀ ਖੇਤੀ ਸਾਂਭ ਲਈ ਸੀ। ਛੋਟਿਆਂ ‘ਚੋਂ ਕਿਸੇ ਨੂੰ ਕੋਈ ਕੰਮ ਧੰਦਾ ਹੁੰਦਾ ਜਾਂ ਘਰ ਦੇ ਕਿਸੇ ਕੰਮ ਵਾਸਤੇ ਸ਼ਹਿਰ ਜਾਣਾ ਹੁੰਦਾ ਤਾਂ ਵਿਚਕਾਰਲਾ ਸੁਖਦੇਵ ਹੀ ਜਾਂਦਾ। ਆੜ੍ਹਤੀ ਨਾਲ ਹਿਸਾਬ ਵੀ ਉਹੀ ਕਰਦਾ। ਛੋਟਾ ਬਲਵੀਰ ਤਾਂ ਬੱਸ ਮੱਝਾਂ ਹੱਕ ਕੇ ਲੈ ਜਾਂਦਾ, ਖੇਤ ਕੰਮ ਕਰਾਉਂਦਾ ਤੇ ਸ਼ਾਮ ਨੂੰ ਮੱਝਾਂ ਨਾਲ ਬਲਦ ਰੇਹੜੇ ਨੂੰ ਵੀ ਲੈ ਆਉਂਦਾ। ਘਰ ਆ ਟੋਕਾ ਕਰ ਕੇ ਪਸ਼ੂਆਂ ਦੀਆਂ ਖੁਰਲੀਆਂ ਵਿੱਚ ਪਾ ਦਿੰਦਾ। ਪਹਿਲਾਂ-ਪਹਿਲਾਂ ਤਾਂ ਉਨ੍ਹਾਂ ਦੀ ਮਾਂ ਧੰਨ ਕੁਰ ਹੀ ਧਾਰਾਂ ਕੱਢਦੀ, ਰਿੜਕਦੀ ਤੇ ਸਾਰਾ ਰੋਟੀ-ਟੁੱਕ ਦਾ ਕੰਮ ਕਰ ਲੈਂਦੀ, ਪਰ ਜਦੋਂ ਦਾ ਵੱਡਾ ਬਖਤੌਰ ਵਿਆਹ ਲਿਆ ਸੀ ਉਦੋਂ ਤੋਂ ਉਸ ਨੇ ਆਪ ਹੀ ਚੁੱਲ੍ਹੇ-ਚੌਂਕੇ ਦਾ ਕੰਮ ਛੱਡ ਕੇ ਘਰ ਦੇ ਹੋਰ ਕੰਮ ਜਿਵੇਂ ਗੋਹਾ ਕੂੜਾ, ਵਿਹੜਾ ਸੁੰਭਰਨਾ ਜਾਂ ਪਿੰਡ ਵਿੱਚ ਕਿਸੇ ਦੁੱਖ ਸੁੱਖ ਵਿੱਚ ਜਾਣਾ ਸਾਂਭ ਲਏ। ਨਾਲ ਹੀ ਸੁਰਜੀਤ ਕੌਰ ਨੇ ਘਰ ਦਾ ਸਾਰਾ ਕੰਮ ਸਚਿਆਰੀ ਨੂੰਹ ਵਾਂਗ ਸੰਭਾਲ ਲਿਆ ਸੀ।
ਬਖਤੌਰ ਹਨੇਰਾ ਹੋਏ ਤੋਂ ਖੇਤੋਂ ਕੰਮ ਮੁਕਾ ਕੇ ਆਉਂਦਾ, ਸੁਰਜੀਤ ਕੌਰ ਰੋਟੀ ਟੁੱਕ ਤੋਂ ਵਿਹਲੀ ਹੋ ਕੇ ਦੁੱਧ ਗਰਮ ਕਰਦੀ ਤੇ ਸਾਰੇ ਜੀਆਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਦੁੱਧ ਦਾ ਗਲਾਸ ਦਿੰਦੀ। ਸੁੱਖ-ਸ਼ਾਂਤੀ ਨਾਲ ਘਰ ਦਾ ਕੰਮ ਚੱਲ ਰਿਹਾ ਸੀ। ਤਿੰਨੇ ਭਰਾ ਇੱਕ ਦੂਜੇ ਨਾਲੋਂ ਵੱਧ ਕੰਮ ਕਰਨ ਨੂੰ ਤਰਜੀਹ ਦਿੰਦੇ। ਸਾਰਾ ਖਰਚਾ ਸੁਖਦੇਵ ਰਾਹੀਂ ਹੁੰਦਾ ਤੇ ਉਹੀ ਹਿਸਾਬ ਕਿਤਾਬ ਰੱਖਦਾ। ਵਿਆਹ ਤੋਂ ਦੋ ਕੁ ਸਾਲ ਬਾਅਦ ਬਖਤੌਰ ਦੇ ਘਰ ਇੱਕ ਨਿੱਕਾ ਜੀਅ ਆ ਗਿਆ। ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਤੇ ਗੁਰਦੁਆਰੇ ਤੋਂ ਨਾਂ ਕਢਵਾ ਕੇ ਨਾਂ ਰੱਖਿਆ ਦਰਸ਼ਨ ਸਿੰਘ। ਪੰਜ ਸਾਲ ਦੇ ਦਰਸ਼ਨ ਨੂੰ ਪਿੰਡ ਦੇ ਸਕੂਲ ਵਿੱਚ ਪੜ੍ਹਨ ਪਾ ਦਿੱਤਾ। ਤੋਰਾ ਫੇਰਾ ਸਾਰਾ ਸੁਖਦੇਵ ਵੱਲੋਂ ਹੀ ਕਰਨ ਤੇ ਹੌਲੀ-ਹੌਲੀ ਮਹਿੰਗਾ ਸਿੰਘ ਨੇ ਨਰਮ ਜਿਹਾ ਘਰ ਵੇਖ ਕੇ ਸੁਖਦੇਵ ਦਾ ਵਿਆਹ ਵੀ ਕਰ ਦਿੱਤਾ। ਨਵੀਂ ਨੂੰਹ ਦੇਬੋ ਭਾਵੇਂ ਸੁਰਜੀਤ ਕੌਰ ਵਾਂਗ ਅਨਪੜ੍ਹ ਹੀ ਸੀ, ਪਰ ਮੂੰਹ ਦੀ ਥੋੜ੍ਹੀ ਕੌੜੀ ਸੀ। ਦਿਨਾਂ ਵਿੱਚ ਹੀ ਕਿਸੇ ਨਾ ਕਿਸੇ ਗੱਲੋਂ ਘਰ ਵਿੱਚ ਤਕਰਾਰ ਰਹਿਣ ਲੱਗ ਪਿਆ। ਇੱਕ-ਦੋ ਵਾਰ ਮਹਿੰਗਾ ਸਿੰਘ ਤੇ ਧੰਨ ਕੁਰ ਨੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪੱਥਰ ‘ਤੇ ਬੂੰਦ ਪਈ ਨਾ ਪਈ, ਉਸ ‘ਤੇ ਕੋਈ ਅਸਰ ਨਾ ਹੋਇਆ। ਮਹਿੰਗਾ ਸਿੰਘ ਨੂੰ ਇਹ ਗੱਲ ਘਰ ਦੇ ਘਾਟੇ ਵਾਲੀ ਮਹਿਸੂਸ ਹੁੰਦੀ ਤੇ ਉਸ ਨੂੰ ਲੱਗਦਾ ਕਿ ਕਿਸੇ ਵੀ ਦਿਨ ਇਹ ਘਰ ਨਿਵਾਣ ਵੱਲ ਜਾ ਸਕਦਾ ਹੈ, ਪਰ ਉਹ ਮੂੰਹੋਂ ਬੋਲ ਕੇ ਕੁਝ ਵੀ ਕਹਿਣ ਤੋਂ ਅਸਮਰਥ ਸੀ। ਉਸ ਨੂੰ ਲੱਗਦਾ ਕਿ ਜੇ ਮੈਂ ਦੇਬੋ ਵਿਰੁੱਧ ਕੁਝ ਬੋਲਿਆ ਤਾਂ ਬਖਤੌਰ ਤੇ ਸੁਰਜੀਤ ਕੌਰ ਕਿਤੇ ਅੱਡ ਹੀ ਨਾ ਹੋ ਜਾਣ। ਉਸ ਨੂੰ ਬਹੁਤੀ ਚਿੰਤਾ ਬਲਵੀਰ ਦੀ ਵੀ ਸੀ ਕਿ ਉਸ ਦਾ ਵਿਆਹ ਵੀ ਹੋ ਜਾਵੇ। ਭਾਵੇੇਂ ਮਹਿੰਗਾ ਸਿੰਘ ਨੇ ਵੱਡੀ ਕੁੜੀ ਭਜਨੋਂ ਵਧੀਆ ਘਰ ਵਿਆਹ ਦਿੱਤੀ ਸੀ ਤੇ ਸੁੱਖ ਨਾਲ ਉਹ ਦੋ ਪੁੱਤਰਾਂ ਤੇ ਇੱਕ ਧੀ ਦੀ ਮਾਂ ਬਣ ਚੁੱਕੀ ਸੀ, ਪਰ ਉਥੇ ਵੀ ਮਹਿੰਗਾ ਸਿੰਘ ਨੇ ਗੱਲ ਆਪ ਹੱਡੀਂ ਹੰਢਾਈ ਸੀ ਕਿ ਅੱਡ ਹੋਣ ਵੇਲੇ ਉਸ ਦੀ ਧੀ ਪੱਲੇ ਕਰਜ਼ਾ ਹੀ ਆਇਆ। ਪ੍ਰਾਹੁਣਾ ਭਾਵੇੇਂ ਸਮਝਦਾਰ ਸੀ, ਪਰ ਇੱਕ ਵਾਰ ਤਾਂ ਸਾਰਾ ਕੁਝ ਹੀ ਹਿੱਲ ਗਿਆ ਸੀ। ਮਹਿੰਗਾ ਸਿੰਘ ਸੋਚਦਾ ਸੀ ਕਿ ਜੇ ਤਿੰਨੇ ਭਰਾ ਇਕੱਠੇ ਕੰਮ ਕਰੀ ਜਾਣ ਤਾਂ ਘੱਟੋ-ਘੱਟ ਆੜ੍ਹਤੀਏ ਦੇ ਕਰਜ਼ ਤੋਂ ਤਾਂ ਬਚਾਅ ਹੋ ਸਕਦਾ ਹੈ। ਮਹਿੰਗਾ ਸਿੰਘ ਨੂੰ ਯਾਦ ਸੀ ਕਿ ਵੱਡੀ ਕੁੜੀ ਭਜਨੋਂ ਦੇ ਅੱਡ ਹੋਣ ‘ਤੇ ਉਹਨੂੰ ਵੀ ਕੁਝ ਪੈਸੇ ਸੇਠ ਤੋਂ ਫੜ ਕੇ ਉਨ੍ਹਾਂ ਦੀ ਮਦਦ ਕਰਨੀ ਪਈ ਸੀ। ਇਕੱਠ ਵਿੱਚ ਹੀ ਬਰਕਤ ਹੁੰਦੀ ਹੈ। ਇਸੇ ਲਈ ਸੁਖਦੇਵ ਨੇ ਇੱਕ ਦੋ ਫਸਲਾਂ ਵਿੱਚ ਹੀ ਕਰਜ਼ਾ ਲਾਹ ਕੇ ਸੁੱਖ ਦਾ ਸਾਹ ਲਿਆ ਸੀ। ਮਹਿੰਗਾ ਸਿੰਘ ਨੂੰ ਆਪਣੇ ਪੁੱਤਰਾਂ ‘ਤੇ ਬਹੁਤ ਮਾਣ ਸੀ ਤੇ ਉਹ ਸਮਝਦਾ ਸੀ ਕਿ ਜੇ ਇਹ ਤਿੰਨੇ ਇਕੱਠੇ ਰਹਿਣ ਤਾਂ ਆਪਣੇ ਜੁਆਕਾਂ ਨੂੰ ਪੜ੍ਹਾ ਸਕਦੇ ਹਨ ਤੇ ਛੋਟੇ ਬਲਵੀਰ ਦਾ ਵਿਆਹ ਵੀ ਚੰਗੇ ਘਰ ਹੋ ਸਕਦਾ ਹੈ।
ਕਦੇ ਕਦੇ ਘਰ ਵਿੱਚ ਬਲਵੀਰ ਦੇ ਵਿਆਹ ਦੀ ਚੱਲਦੀ ਗੱਲ ਵਿੱਚ ਦੇਬੋ ਰੁਚੀ ਲੈਂਦੀ ਤੇ ਗੱਲੀਂ ਗੱਲੀਂ ਆਪਣੇ ਮਾਮੇ ਦੀ ਕੁੜੀ ਦੀ ਦੱਸ ਪਾਉਂਦੀ। ਸੁਭਾਵਿਕ ਸੀ ਕਿ ਧਨ ਕੁਰ ਨੇ ਮਹਿੰਗਾ ਸਿੰਘ ਨਾਲ ਗੱਲ ਚਲਾਈ, ਪਰ ਉਹ ਸੋਚਦਾ ਸੀ ਕਿ ਦੇਬੋ ਦੀ ਬੋਲ ਬਾਣੀ ਵਧੀਆ ਨਹੀਂ ਹੈ। ਇਸ ਕਰ ਕੇ ਇਸ ਰਾਹੀਂ ਸਾਕ ਲੈਣਾ ਮੁਸੀਬਤ ਗਲ ਪਾਉਣ ਵਾਲੀ ਗੱਲ ਹੀ ਹੈ। ਅੰਦਰੋਂ ਭਾਵੇਂ ਧੰਨ ਕੁਰ ਵੀ ਸਮਝਦੀ ਸੀ ਕਿ ਦੇਬੋ ਦੇ ਮਾਮੇ ਦੀ ਕੁੜੀ ਵੀ ਇਹੋ ਜਿਹੀ ਹੋਈ ਘਰ ਤਾਂ ਉਦੋਂ ਹੀ ਖੱਖੜੀਆਂ ਕਰੇਲੇ ਹੋ ਜਾਵੇਗਾ। ਪਰ ਉਸ ਨੇ ਕਦੇ ਵੀ ਆਪਣੇ ਮੂੰਹੋਂ ਦੇਬੋ ਨੂੰ ਨਾਂਹ ਵੀ ਨਹੀਂ ਸੀ ਆਖੀ। ਪਹਿਲੀ ਵਾਰ ਦੇਬੋ ਆਪਣੇ ਪੇਕੇ ਜਣੇਪਾ ਕੱਟਣ ਗਈ ਤਾਂ ਉਸ ਨੇ ਆਪਣੀ ਮਾਂ ਨਾਲ ਗੱਲ ਤੋਰ ਲਈ। ਉਸ ਦੀ ਮਾਂ ਵੀ ਇਸ ਗੱਲ ਲਈ ਰਜ਼ਾਮੰਦ ਸੀ ਕਿ ਇੱਕ ਤਾਂ ਵੀਰ ਸਿਰੋਂ ਭਾਰ ਲਹੇਗਾ, ਦੂਜਾ ਦੋਵੇਂ ਭੈਣਾਂ ਖੁਸ਼ ਰਹਿਣਗੀਆਂ। ਉਸ ਨੇ ਪਤਾ ਲੈਣ ਆਏ ਦੇਬੋ ਦੇ ਮਾਮੇ ਨਾਲ ਰਿਸ਼ਤੇ ਬਾਰੇ ਗੱਲ ਤੋਰ ਲਈ। ਮਾਮੇ ਨੂੰ ਉਨ੍ਹਾਂ ਦੀ ਘੱਟ ਜ਼ਮੀਨ ਖਟਕਦੀ ਸੀ ਕਿਉਂਕਿ ਉਹਦੇ ਤਾਂ ਇੱਕ ਹੀ ਕੁੜੀ ਸੀ ਸੋ ਉਹ ਗੱਲਾਂ ਗੱਲਾਂ ਵਿੱਚ ਹੋਰ ਸਾਕ ਦੀ ਗੱਲ ਕਰਦਾ ਟਾਲਾ ਜਿਹਾ ਹੀ ਵੱਟ ਗਿਆ ਸੀ।
ਦੇਬੋ ਦੇ ਪਹਿਲੇ ਹੀ ਜਣੇਪੇ ਦੋ ਕੁੜੀਆਂ ਨੇ ਜਨਮ ਲਿਆ ਸੀ। ਸਾਰੇ ਪਰਵਾਰ ਦਾ ਮੂੰਹ ਜਿਹਾ ਉਤਰ ਗਿਆ ਸੀ। ਦੇਬੋ ਦੇ ਸਹੁਰੀਂ ਵੀ ਢਿੱਲ-ਮੱਠ ਵਿੱਚ ਹੀ ਸੁਨੇਹਾ ਭੇਜਿਆ ਗਿਆ, ਅੱਗੋਂ ਸੁਰਜੀਤ ਕੌਰ ਤੋਂ ਬਿਨਾਂ ਕਿਸੇ ਨੇ ਵੀ ਕੋਈ ਖੁਸ਼ੀ ਨਹੀਂ ਮਨਾਈ। ਸੁਖਦੇਵ ਨਿਮੋਝੂਣਾ ਜਿਹਾ ਹੋ ਕੇ ਘਰੋਂ ਖੇਤ ਨੂੰ ਚਲਾ ਗਿਆ ਸੀ। ਧੰਨ ਕੁਰ ਨੇ ਖੇਤ ਜਾਂਦੇ ਸੁਖਦੇਵ ਨੂੰ ਦੇਖ ਲਿਆ ਤੇ ਇਹ ਅਨੁਭਵ ਵੀ ਕਰ ਲਿਆ ਸੀ ਕਿ ਉਸ ਨੇ ਦੋ ਕੁੜੀਆਂ ਹੋਣ ਵਾਲੀ ਗੱਲ ਦਿਲ ਨੂੰ ਲਾ ਲਈ। ਧੰਨ ਕੁਰ ਸੋਚ ਰਹੀ ਸੀ ਕਿ ਚਲੋ ਸੁਖਦੇਵ ਤਾਂ ਅੱਜ ਗੱਭਰੂ ਏ, ਉਸ ਨੇ ਅਜੇ ਸਿਆਣਾ ਹੋਣਾ ਏਂ, ਪਰ ਉਸ ਨੂੰ ਖੁਦ ਚਾਹੀਦਾ ਸੀ ਕਿ ਉਹ ਗੱਲ ਸਾਂਭ ਲੈਂਦੇ ਕਿ ਭਾਈ ਸੁਨੇਹਾ ਆਇਆ ਹੈ ਕਿ ਘਰ ਵਿੱਚ ਲਛਮੀ ਆਈ ਏ ਖੁਸ਼ੀ ਦੀ ਗੱਲ ਹੈ। ਉਸ ਦਾ ਉਤਰਿਆ ਮੂੰਹ ਵੇਖ ਕੇ ਸਾਰਾ ਟੱਬਰ ਹੋਰ ਵੀ ਉਦਾਸ ਹੋ ਗਿਆ। ਉਸ ਨੇ ਸੁਰਜੀਤ ਕੌਰ ਨਾਲ ਗੱਲ ਸਾਂਝੀ ਕੀਤੀ। ਸੁਰਜੀਤ ਕੌਰ ਨੇ ਧੰਨ ਕੁਰ ਨੂੰ ਵੀ ਹੌਸਲਾ ਦਿੱਤਾ ਤੇ ਨਾਲ ਹੀ ਬਖਤੌਰ ਸਿੰਘ ਨੂੰ ਕਹਿ ਕੇ ਸੁਖਦੇਵ ਨੂੰ ਖੇਤੋਂ ਲਿਆਉਣ ਲਈ ਕਿਹਾ। ਥੋੜ੍ਹਾ ਹਨੇਰਾ ਹੋਣ ‘ਤੇ ਦੋਵੇਂ ਭਰਾ ਖੇਤੋਂ ਆ ਗਏ। ਆਉਂਦਿਆਂ ਹੀ ਸੁਰਜੀਤ ਕੌਰ ਨੇ ਸੁਖਦੇਵ ਨੂੰ ਹੱਸ ਕੇ ਵਧਾਈਆਂ ਦਿੱਤੀਆਂ ਤੇ ਨਾਲ ਹੀ ਕਹਿ ਦਿੱਤਾ ਕਿ ਐਵੇਂ ਦਿਲ ਛੋਟਾ ਨਾ ਕਰੇ। ਮੈਂ ਆਪੇ ਇੱਕ ਕੁੜੀ ਸਾਂਭ ਲਵਾਂਗੀ ਤੇ ਜੇ ਤੇਰਾ ਜੀਅ ਕਰਦਾ ਤਾਂ ਭਾਵੇਂ ਮੇਰਾ ਮੁੰਡਾ ਤੂੰ ਰੱਖ ਲਵੀਂ। ਬੱਸ ਇਵੇਂ ਹੀ ਗੱਲਾਂ ਬਾਤਾਂ ਨਾਲ ਉਸ ਨੇ ਸਾਰੇ ਘਰ ਦਾ ਮਾਹੌਲ ਹੀ ਠੀਕ ਕਰ ਦਿੱਤਾ ਸੀ। ਧੰਨ ਕੁਰ ਨੂੰ ਉਸ ਨੇ ਕਿਹਾ, ‘‘ਬੇਬੇ ਜੀ, ਤੁਸੀਂ ਵੀ ਐਵੇਂ ਦਿਲ ਨਾ ਛੋਟਾ ਕਰੋ, ਘਰ ਸੰਭਾਲੋ।” ਤੇ ਨਾਲ ਹੀ ਕਿਹਾ ਕਿ ਬਲਵੀਰ ਨੂੰ ਉਹ ਆਪਣੇ ਪਿੰਡੋਂ ਸਾਕ ਲਿਆਵੇਗੀ। ਸਾਰਾ ਟੱਬਰ ਸੁਰਜੀਤ ਕੌਰ ਦੀਆਂ ਗੱਲਾਂ ਨਾਲ ਕੁਝ ਥਾਂ ਸਿਰ ਹੋ ਗਿਆ ਸੀ। ਇਸੇ ਕਰ ਕੇ ਮਹਿੰਗਾ ਸਿੰਘ ਆਪਣੀ ਵੱਡੀ ਨੂੰਹ ਦੀਆਂ ਸਿਫਤਾਂ ਕਰਦਾ ਸੀ।
ਜਦੋਂ ਦੇਬੋ ਦੋਵਾਂ ਕੁੜੀਆਂ ਨੂੰ ਲੈ ਕੇ ਆਪਣੇ ਸਹੁਰੇ ਘਰ ਆਈ ਤਾਂ ਅੱਗੇ ਵਧ ਕੇ ਸੁਰਜੀਤ ਕੌਰ ਨੇ ਉਸ ਨੂੰ ਗਲਵਕੜੀ ‘ਚ ਲੈ ਕੇ ਪੁੱਛਿਆ ਸੀ ਕਿ ਮੇਰੀ ਕੁੜੀ ਕਿਹੜੀ ਹੈ। ਬੱਸ ਫਿਰ ਕੀ ਸੀ ਦੇਬੋ ਵੀ ਉਸ ਦਿਨ ਤੋਂ ਸੁਰਜੀਤ ਕੌਰ ਵਿਰੁੱਧ ਘੱਟ ਹੀ ਬੋਲਦੀ ਸੀ ਜਿਵੇਂ ਪਹਿਲਾਂ ਤਾਂ ਹਰ ਗੱਲ ‘ਤੇ ਸੁਰਜੀਤ ਕੌਰ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਲੜਾਈ ਨੂੰ ਥਾਂ ਬਣਾਉਣ ਲਈ ਯਤਨਸ਼ੀਲ ਰਹਿੰਦੀ ਸੀ।
ਸੁਰਜੀਤ ਕੌਰ ਹਰ ਰੋਜ਼ ਖੁਸ਼ੀ ਵਾਲੀਆਂ ਛੋਟੀਆਂ-ਛੋਟੀਆਂ ਗੱਲਾਂ ਕਰ ਕੇ ਉਨ੍ਹਾਂ ਦਾ ਮਨ ਹੋਰ ਪਾਸੇ ਲਾਉਣ ਦਾ ਯਤਨ ਕਰਦੀ ਰਹਿੰਦੀ ਤੇ ਨਾਲ ਹੀ ਘਰ ਦਾ ਸਾਰਾ ਕੰਮ ਮੁਕਾ ਲੈਂਦੀ। ਗੱਲਾਂ ਹੀ ਗੱਲਾਂ ਵਿੱਚ ਸੁਰਜੀਤ ਕੌਰ ਨੇ ਛੋਟੀ ਕੁੜੀ ਆਪ ਲੈ ਲਈ ਤੇ ਆਪੇ ਹੀ ਉਸ ਦਾ ਨਾਮਕਰਨ ਵੀ ਕਰ ਦਿੱਤਾ ਕਿ ਮੈਂ ਤਾਂ ਆਪਣੀ ਕੁੜੀ ਦਾ ਨਾਂ ਕਰਮਜੀਤ ਰੱਖਾਂਗੀ। ਇਉਂ ਹੀ ਹਾਸੇ ਵਿੱਚ ਦੇਬੋ ਨੇ ਕਹਿ ਦਿੱਤਾ ਕਿ ਫਿਰ ਕਰਮਜੀਤ ਦੀ ਭੈਣ ਪਰਮਜੀਤ ਹੋਈ। ਇਸ ਤਰ੍ਹਾਂ ਦੋਵਾਂ ਕੁੜੀਆਂ ਦੇ ਨਾਂ ਆਪਣੇ ਆਪ ਹੀ ਬਿਨਾਂ ਗੁਰਦੁਆਰੇ ਜਾਏ ਰੱਖੇ ਗਏ। ਸੁਰਜੀਤ ਛੋਟੀ ਕਰਮੋ ਨੂੰ ਦੇਬੋ ਕੋਲ ਉਦੋਂ ਹੀ ਫੜਾਉਂਦੀ ਜਦੋਂ ਉਸ ਨੂੰ ਭੁੱਖ ਲੱਗੀ ਹੁੰਦੀ। ਇਸ ਤੋਂ ਬਅਦ ਉਹ ਸੁਰਜੀਤ ਕੌਰ ਦੀ ਬੁੱਕਲ ਵਿੱਚ ਹੀ ਰਹਿੰਦੀ। ਕਦੇ-ਕਦੇ ਤਾਂ ਸੁਰਜੀਤ ਕੌਰ ਦੋਵਾਂ ਨੂੰ ਹੀ ਨਹਾ ਕੇ ਧੁੱਪੇ ਲਿਟਾ ਦਿੰਦੀ ਤੇ ਹੌਲੀ ਹੌਲੀ ਉਨ੍ਹਾਂ ਦੀ ਤੇਲ ਦੀ ਮਾਲਸ਼ ਕਰਦੀ ਰਹਿੰਦੀ। ਸਮਾਂ ਬੀਤਦਿਆਂ ਕਿਹੜਾ ਚਿਰ ਲੱਗਦਾ ਏ, ਛੋਟੀ ਕਰਮੋ ਹੁਣ ਪਛਾਣਨ ਲੱਗ ਪਈ ਸੀ। ਸੁਰਜੀਤ ਕੌਰ ਨੇ ਉਸ ਨੂੰ ਗਾਂ ਤੇ ਬੱਕਰੀ ਦੇ ਦੁੱਧ ‘ਤੇ ਲਾ ਲਿਆ ਸੀ। ਹੌਲੀ ਹੌਲੀ ਉਹ ਉਸ ਤੋਂ ਤੋਤਲੀ ਆਵਾਜ਼ ਵਿੱਚ ਆਪ ਨੂੰ ਬੇਬੇ ਕਹਾਉਂਦੀ ਤੇ ਦੇਬੋ ਨੂੰ ਚਾਚੀ। ਅੰਦਰੋਂ ਇੱਕ ਅਗੰਮੀ ਖੁਸ਼ੀ ਮਹਿਸੂਸ ਕਰਦੀ ਸੁਰਜੀਤ ਕੌਰ ਉਡੀ ਫਿਰਦੀ। ਉਸ ਨੂੰ ਆਪਣਾ ਘਰ ਭਰਿਆ ਭਰਿਆ ਲੱਗਦਾ। ਇੱਕ ਮੁੰਡਾ ਤੇ ਇੱਕ ਕੁੜੀ ਸੁਰਜੀਤ ਕੌਰ ਸੰਤੁਸ਼ਟ ਸੀ। ਸਾਰਾ ਪਰਵਾਰ ਆਪੋ ਆਪਣੇ ਕੰਮ ‘ਤੇ ਠੀਕ ਸਮੇਂ ਪਹੁੰਚਦਾ ਤੇ ਕਰਦਾ। ਸੁੱਖ ਨਾਲ ਦਾਣੇ ਵੀ ਪਹਿਲਾਂ ਨਾਲੋਂ ਵੱਧ ਹੋਏ ਸਨ। ਕਦੇ-ਕਦਾਈਂ ਭਜਨੋਂ ਵੀ ਗੇੜਾ ਲਾ ਜਾਂਦੀ ਤੇ ਆਪਣੀ ਮਾਂ ਨਾਲ ਆਪਣਾ ਮਨ ਹੌਲਾ ਕਰ ਜਾਂਦੀ। ਘੱਟ ਜ਼ਮੀਨ ਹੋਣ ਕਰ ਕੇ ਉਸ ਦਾ ਤਾਣਾ-ਬਾਣਾ ਕੋਈ ਬਹੁਤਾ ਲੋਟ ਨਹੀਂ ਸੀ ਆ ਰਿਹਾ। ਉਹ ਬੱਚਿਆਂ ਨੂੰ ਵੀ ਕਿਸੇ ਚੰਗੇ ਸਕੂਲ ਵਿੱਚ ਪੜ੍ਹਨ ਨਾ ਲਾ ਸਕੇ। ਮਹਿੰਗਾ ਸਿੰਘ ਦਾ ਮਨ ਬੜਾ ਕਰਦਾ ਸੀ ਕਿ ਉਸ ਦੇ ਪੋਤੇ ਪੋਤੀਆਂ ਤੇ ਦੋਹਤੇ-ਦੋਹਤੀਆਂ ਚੰਗੇ ਸਕੂਲਾਂ ਵਿੱਚ ਪੜ੍ਹ ਕੇ ਕੁਝ ਨਾ ਕੁਝ ਬਣਨ। ਉਸ ਨੇ ਆਪਣੀ ਸਾਰੀ ਉਮਰ ਮੱਝਾਂ ਤੇ ਹਲ ਮਗਰ ਲੰਘਾ ਦਿੱਤੀ ਸੀ। ਉਹ ਕਈ ਵਾਰ ਸ਼ੁਕਰ ਕਰਦਾ ਕਿ ਉਸ ਦੇ ਤਿੰਨੇ ਮੁੰਡੇ ਇਕੱਠੇ ਹਨ ਤੇ ਉਹ ਸਭ ਤੋਂ ਵੱਧ ਦਿਲੋਂ ਸਤਿਕਾਰ ਸੁਰਜੀਤ ਕੌਰ ਦਾ ਕਰਦਾ ਜਿਸ ਨੇ ਸਾਰਿਆਂ ਨੂੰ ਵਧੀਆ ਪਾਸੇ ਲਾ ਰੱਖਿਆ ਸੀ, ਪਰ ਇਸ ਗੱਲ ਦਾ ਝੋਰਾ ਉਹ ਹਮੇਸ਼ਾ ਮਨ ਨੂੰ ਲਾਈ ਰੱਖਦਾ ਕਿ ਉਸ ਦੀ ਔਲਾਦ ਪੜ੍ਹ ਨਹੀਂ ਸਕੀ। ਲੋਕਾਂ ਦੇ ਪੜ੍ਹੇ-ਲਿਖੇ ਮੁੰਡੇ ਕੁੜੀਆਂ ਨੂੰ ਜਦੋਂ ਉਹ ਕਿਸੇ ਸਕੂਲ ਜਾਂ ਦਫਤਰ ਵਿੱਚ ਨੌਕਰੀ ‘ਤੇ ਲੱਗੇ ਦੇਖਦਾ ਤਾਂ ਉਸ ਦਾ ਵੀ ਜੀਅ ਕਰਦਾ ਕਿ ਉਸ ਦੇ ਘਰੋਂ ਵੀ ਕੋਈ ਇੰਜ ਹੀ ਨੌਕਰੀ ‘ਤੇ ਲੱਗਾ ਹੁੰਦਾ। ਫਿਰ ਉਹ ਸੋਚਦਾ ਕਿ ਇਸ ਵਿੱਚ ਵੀ ਉਸ ਦਾ ਹੀ ਕਸੂਰ ਵਧੇਰੇ ਸੀ ਕਿਉਂਕਿ ਉਹ ਸਮੇਂ ਸਿਰ ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰੇਰਨਾ ਨਹੀਂ ਦੇ ਸਕਿਆ ਜਾਂ ਆਪ ਅਨਪੜ੍ਹ ਹੋਣ ਕਰ ਕੇ ਉਸ ਤੋਂ ਉਕਾ ਹੀ ਨਾ ਵਾਚਿਆ ਗਿਆ। ਬੱਸ ਘਰ ਤੇ ਖੇਤ ਦੇ ਕੰਮ ਦੇ ਗੇੜ ਵਿੱਚ ਹੀ ਉਸ ਨੇ ਬੱਚਿਆਂ ਨੂੰ ਵੀ ਆਪਣੇ ਨਾਲ ਹੀ ਲਾ ਲਿਆ ਸੀ। ਭਾਵੇਂ ਉਸ ਦੇ ਤਿੰਨ ਮੁੰਡੇ ਘਰ ਦੇ ਅਤੇ ਖੇਤ ਦੇ ਕੰਮ ਵਿੱਚ ਤਾਂ ਨਿਪੁੰਨ ਹੋ ਗਏ ਸਨ, ਪਰ ਭੋਇੰ ਘੱਟ ਹੋਣ ਕਰ ਕੇ ਹੱਥ ਤੰਗ ਹੀ ਰਹਿੰਦਾ ਸੀ। ਇਸੇ ਕਰ ਕੇ ਹੁਣ ਉਹ ਮੁੰਡਿਆਂ ਨੂੰ ਕਦੇ-ਕਦਾਈਂ ਸਮਝਾਉਣ ਲੱਗ ਜਾਂਦਾ ਕਿ ਜੇ ਉਨ੍ਹਾਂ ਦੇ ਬੱਚੇ ਪੜ੍ਹ ਜਾਣ ਤਾਂ ਚੰਗਾ ਹੀ ਹੈ।
ਵੱਡਾ ਬਖਤੌਰ ਤਾਂ ਕਈ ਵਾਰ ਕੋਸ਼ਿਸ਼ ਕਰਦਾ ਤੇ ਸੁਰਜੀਤ ਕੌਰ ਨਾਲ ਸਲਾਹ ਵੀ ਕਰਦਾ ਕਿ ਦਰਸ਼ਨ ਤੇ ਕਰਮੋਂ ਨੂੰ ਆਪਾਂ ਨੂੰ ਵੱਧ ਤੋਂ ਵੱਧ ਪੜ੍ਹਾਵਾਂਗੇ, ਪਰ ਸੁਖਦੇਵ ਸਾਰਾ ਦਿਨ ਹੋਰ ਹੀ ਵਿਉਂਤਾਂ ‘ਚ ਲੰਘਾ ਦਿੰਦਾ। ਉਸ ਨੂੰ ਇੱਕ ਤਾਂ ਅਜੇ ਤੱਕ ਆਪਣਾ ਮੰੁਡਾ ਨਾ ਹੋਣ ਦਾ ਝੋਰਾ ਲੱਗਿਆ ਰਹਿੰਦਾ ਹੈ ਤੇ ਦੂਜੇ ਦੇਬੋ ਉਸ ਨੂੰ ਕਦੇ-ਕਦਾਈਂ ਟੋਕਦੀ ਰਹਿੰਦੀ ਕਿ ਬਲਵੀਰ ਦਾ ਵਿਆਹ ਕੀ ਪਤਾ ਕਦੋਂ ਹੋਊ, ਅਜੇ ਤਾਂ ਆਪਣੇ ਇੱਕ ਜਵਾਕੜੀ ਏ, ਆਪਾਂ ਕੀ ਲੈਣਾਂ ਏ ਏਡੇ ਲਾਣੇ ਤੋਂ। ਆਪਾਂ ਜੇ ਅੱਡ ਹੋ ਜਾਈਏ ਤਾਂ ਰੋਟੀ ਸੁਖਾਲੀ ਖਾ ਲਵਾਂਗੇ। ਇਸ ਕੁੜ-ਕੁੜ ‘ਚੋਂ ਕਦੇ-ਕਦੇ ਕੋਈ ਅੱਧ-ਪਚੱਧੀ ਜਿਹੀ ਗੱਲ ਧੰਨ ਕੁਰ ਦੇ ਕੰਨੀਂ ਵੀ ਪੈ ਜਾਂਦੀ। ਉਹ ਸੋਚਦੀ ਫਿਰ ਘਰ ਦਾ ਕੀ ਬਣੇਗਾ, ਅਜੇ ਤਾਂ ਛੋਟਾ ਬਲਵੀਰ, ਬਾਪੂ ਕੋਲ ਹੀ ਪੈ ਜਾਂਦਾ ਸੀ। ਜੇ ਕੱਲ੍ਹ ਨੂੰ ਉਹ ਕਬੀਲਦਾਰ ਹੋ ਗਿਆ ਤਾਂ ਘੱਟੋ-ਘੱਟੋ ਇੱਕ ਕਮਰਾ ਤਾਂ ਉਸ ਲਈ ਵੀ ਵੱਖਰਾ ਚਾਹੀਦਾ ਹੈ। ਬਖਤੌਰ ਅਤੇ ਸੁਖਦੇਵ ਨੇ ਵੱਡੀ ਸਬਾਤ ਵਿੱਚ ਕੰਧ ਕਰ ਕੇ ਦੋ ਵੱਖਰੇ ਕਮਰੇ ਬਣਾ ਲਏ ਸਨ ਤੇ ਬਾਹਰਲੀ ਬੈਠਕ ਨਾਲ ਇੱਕ ਹੋਰ ਕਮਰਾ ਬਣਾ ਕੇ ਘਰ ਦਾ ਫਾਲਤੂ ਸਾਮਾਨ ਤੇ ਸੁਰਜੀਤ ਕੌਰ ਦੇਬੋ ਦੀਆਂ ਪੇਟੀਆਂ ਰੱਖ ਦਿੱਤੀਆਂ ਸਨ। ਅਜੇ ਵੀ ਉਨ੍ਹਾਂ ਨੂੰ ਹੋਰ ਕਮਰਿਆਂ ਦੀ ਲੋੜ ਸੀ। ਦਾਣਾ ਫੱਕਾ ਸਾਂਭਣ ਤੇ ਪਸ਼ੂਆਂ ਲਈ ਘਰ ਛੋਟਾ ਹੋ ਗਿਆ ਸੀ। ਫਿਰਨੀ ‘ਤੇ ਇੱਕ ਘਰ ਜਿੰਨਾ ਥਾਂ ਮਿਲਦਾ ਸੀ, ਪਰ ਉਥੇ ਸਾਰੇ ਘਰ ਦਾ ਨਿਰਬਾਹ ਔਖਾ ਸੀ। ਸੁਰਜੀਤ ਕੌਰ ਇਸ ਕੰਮ ਵਿੱਚ ਸਚਿਆਰੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਬਲਵੀਰ ਦੇ ਵਿਆਹ ਤੋਂ ਪਹਿਲਾਂ ਅੱਡ ਹੋਇਆ ਜਾਵੇ, ਪਰ ਓਧਰ ਦੇਬੋ ਅੱਡ ਹੋਣ ਲਈ ਤਿਆਰ ਸੀ। ਸੁਖਦੇਵ ਤਾਂ ਸਾਰਾ ਦਿਨ ਖਿਝਿਆ ਤੇ ਉਖੜਿਆ ਜਿਹਾ ਹੀ ਰਹਿੰਦਾ ਸੀ। ਬੱਸ ਦਿਨਾਂ ਦੇ ਫੋਰ ਨਾਲ ਹੀ ਦੇਬੋ ਫਿਰ ਇੱਕ ਵਾਰ ਮਾਂ ਬਣਨ ਦੀ ਤਿਆਰੀ ਵਿੱਚ ਹੋ ਗਈ। ਇਸ ਵਾਰ ਉਸ ਨੇ ਜਣੇਪਾ ਆਪਣੇ ਸਹੁਰੀਂ ਹੀ ਕੱਟਣ ਦਾ ਇਰਾਦਾ ਕੀਤਾ। ਪਹਿਲਾਂ ਵਾਂਗ ਹੀ ਫਿਰ ਉਸ ਦੇ ਜੋੜੇ ਬੱਚੇ ਮੁੰਡਾ ਤੇ ਕੁੜੀ ਹੋਏ। ਭਾਵੇਂ ਮੁੰਡਾ ਹੋਣ ਕਰ ਕੇ ਸਾਰਾ ਟੱਬਰ ਖੁਸ਼ ਸੀ, ਪਰ ਸੁਖਦੇਵ ਅੰਦਰੋਂ-ਅੰਦਰੀ ਮਸੋਸਿਆ ਹੋਇਆ ਵੀ ਸੀ ਕਿਉਂਕਿ ਪਰਵਾਰ ‘ਚ ਵਧ ਕੇ ਕੁੜੀਆਂ ਦੋ ਹੋ ਗਈਆਂ ਸਨ। ਕਦੇ ਕਦੇ ਉਹ ਸੋਚਦਾ ਕਿ ਜੇ ਕਰਮੋਂ ਨੂੰ ਸੁਰਜੀਤ ਕੌਰ ਨੇ ਨਾ ਸੰਭਾਲਿਆ ਤਾਂ ਇਹ ਸਿਆਪਾ ਵੀ ਉਸਦੇ ਗਲ ਹੀ ਪਵੇਗਾ।
ਪਹਿਲਾਂ ਵਾਂਗ ਹੀ ਦੇਬੋ ਦੀ ਦੂਜੀ ਕੁੜੀ ਦਾ ਨਾਂ ਵੀ ਆਪੇ ਹਰਦੀਪ ਰੱਖ ਲਿਆ ਤੇ ਸਾਰੇ ਉਸ ਨੂੰ ਦੀਪੋ ਆਖਣ ਲੱਗ ਪਏ, ਪਰ ਮੁੰਡਾ ਦਾ ਨਾਂ ਗੁਰਦੁਆਰੇ ‘ਚੋਂ ਕੱਢਵਾ ਕੇ ਗੁਰਦਿਆਲ ਰੱਖ ਦਿੱਤਾ। ਮਹਿੰਗਾ ਸਿੰਘ ਹਰ ਰੋਜ਼ ਘਰ ਵਿੱਚ ਹੋਣ ਵਾਲੀਆਂ ਗੱਲਾਂ ਵੇਖ ਕੇ ਅਨੁਭਵ ਕਰਦਾ ਕਿ ਘਰ ਦੇ ਮਾਹੌਲ ਮੁਤਾਬਕ ਉਨ੍ਹਾਂ ਦੋਵਾਂ ਜੀਆਂ ਨੂੰ ਬਖਤੌਰ ਨਾਲ ਰਹਿਣ ਦਾ ਹੀ ਫਾਇਦਾ ਹੋਵੇਗਾ ਤੇ ਕਦੇ ਸੋਚਦਾ ਕਿ ਜੇ ਇਉਂ ਹੀ ਇਤਫਾਕ ਨਾਲ ਨਿਭ ਜਾਵੇ ਤੇ ਅਸੀਂ ਭਰੇ-ਭਰੇ ਘਰ ਵਿੱਚੋਂ ਹੀ ਰੁਖਸਤ ਹੋਈਏ। ਉਸ ਨੂੰ ਲੱਗਦਾ ਸੀ ਕਿ ਸੁਖਦੇਵ ਦਿਨੋ ਦਿਨ ਅੜੀਅਲ ਤੇ ਮੂੰਹਜ਼ੋਰ ਹੋ ਰਿਹਾ ਸੀ। ਇਸ ਲਈ ਬਹੁਤਾ ਚਿਰ ਨਿਭਣੀ ਔਖੀ ਲੱਗਦੀ ਸੀ। ਉਹ ਕਈ ਵਾਰ ਧੰਨ ਕੁਰ ਨਾਲ ਵੀ ਗੱਲ ਸਾਂਝੀ ਕਰਦਾ, ਪਰ ਉਹ ਵੀ ਕੀ ਕਰ ਸਕਦੀ ਸੀ। ਦੇਬੋ ਤਾਂ ਕਈ ਦਿਨ ਤੋਂ ਉਸ ਨਾਲ ਬੋਲ ਵੀ ਨਹੀਂ ਰਹੀ ਸੀ। ਇਕੱਠੀ ਰੋਟੀ ਪਕਾਉਣੀ ਤਾਂ ਉਸ ਨੇ ਕਦੋਂ ਦੀ ਬੰਦ ਕਰ ਦਿੱਤੀ ਸੀ।
ਸੁਖਦੇਵ ਹੁਣ ਘਰ ਤੇ ਸ਼ਹਿਰ ਦੇ ਕੰਮ ਵਿੱਚ ਘੱਟ ਹੀ ਜਾਂਦਾ ਜਾਂ ਘੇਸਲ ਵੱਟ ਲੈਂਦਾ। ਇਸ ਲਈ ਔਖੇ ਸੌਖੇ ਬਖਤੌਰ ਨੂੰ ਕਦੇ-ਕਦਾਈਂ ਸ਼ਹਿਰ ਜਾਣਾ ਪੈਂਦਾ। ਸੁਖਦੇਵ ਤਾਂ ਹੁਣ ਕਾਕੇ ਨੂੰ ਚੁੱਕੇ ਕਦੇ ਫਲ੍ਹੇ ਮੂਹਰੇ ਖੜਾ ਰਹਿੰਦਾ, ਕਦੇ ਬਾਹਰ ਨਿੰਮ ਥੱਲੇ ਥੜ੍ਹੇ ‘ਤੇ ਬੈਠਾ ਰਹਿੰਦਾ। ਇੱਕ ਦੋ ਵਾਰ ਬਖਤੌਰ ਨੇ ਉਸ ਨੂੰ ਕਿਹਾ ਵੀ ਕਿ ਘਰ ਦੇ ਕੰਮਾਂ ਦਾ ਨੁਕਸਾਨ ਹੋ ਰਿਹਾ ਹੈ, ਪਰ ਉਸ ਦੇ ਕੰਨ ‘ਤੇ ਜੂੰ ਨਾ ਸਰਕਦੀ। ਉਹ ਆਪਣੀ ਧੁਨ ਵਿੱਚ ਮਸਤ ਰਹਿੰਦਾ। ਬਖਤੌਰ ਨੇ ਇੱਕ ਦੋ ਵਾਰ ਮਹਿੰਗਾ ਸਿੰਘ ਨੂੰ ਵੀ ਕਿਹਾ ਕਿ ਏਦੂੰ ਤਾਂ ਅੱਡ ਹੀ ਹੋ ਜਾਂਦੇ ਹਾਂ। ਮਹਿੰਗਾ ਸਿੰਘ ਦਿਲੋਂ ਇਸ ਦੇ ਵਿਰੁੱਧ ਸੀ, ਪਰ ਦਲੀਲ ਅੱਗੇ ਉਹ ਵੀ ਕੀ ਕਰਦਾ ਤੇ ਨਾਲੇ ਉਹ ਹਰ ਰੋਜ਼ ਇਹ ਵਰਤਾਰਾ ਦੇਖਦਾ ਸੀ। ਹੌਲੀ ਹੌਲੀ ਕਰਮੋਂ ਚੌਥੀ ਵਿੱਚ ਹੋ ਗਈ, ਪਰਮੋ ਵੀ ਚੌਥੀ ਵਿੱਚ ਪੜ੍ਹਦੀ ਸੀ। ਗੁਰਦਿਆਲ ਹੁਣ ਤੁਰਨ ਲੱਗ ਪਿਆ ਸੀ। ਬਲਵੀਰ ਕਦੇ ਗੁਰਦਿਆਲ ਨੂੰ ਚੁੱਕ ਕੇ ਖਿਡਾਉਣ ਲੈ ਜਾਂਦਾ ਤੇ ਕਦੇ ਖਤੇ ਤੇ ਜਾਂ ਟੋਕਾ ਕਰ ਕੇ ਪਸ਼ੂਆਂ ਨੂੰ ਪੱਠੇ ਪਾਉਂਦਾ ਰਹਿੰਦਾ। ਉਸ ਨੂੰ ਕਿਸੇ ਚੜ੍ਹੀ-ਉਤਰੀ ਦੀ ਨਹੀਂ ਸੀ। ਉਸ ਦਾ ਕਿਤੇ ਵਿਆਹ ਮੰਗਣਾ ਨਹੀਂ ਹੋਇਆ ਸੀ। ਉਹ ਸਮਝਦਾ ਸੀ ਕਿ ਅੱਡ ਹੋ ਗਏ ਤਾਂ ਉਸ ਦਾ ਵਿਆਹ ਹੋਣਾ ਅਸੰਭਵ ਹੀ ਹੋਵੇਗਾ। ਉਹ ਆਪਣੇ ਆਪ ਵਿੱਚ ਮਸਤ ਕਿਸੇ ਦੀ ਵੀ ਗੱਲ ਵਿੱਚ ਨਹੀਂ ਸੀ।
ਮਹਿੰਗਾ ਸਿੰਘ ਇਨ੍ਹਾਂ ਹੀ ਦਿਨਾਂ ਵਿੱਚ ਇੱਕ ਦਿਨ ਬਲਵੀਰ ਦੇ ਮਗਰ ਟੋਕੇ ਵਾਲੀ ਮਸ਼ੀਨ ਕੋਲ ਚਲਾ ਗਿਆ ਤੇ ਉਸ ਨੰ ਪੁੱਛਿਆ ਕਿ ਕਿਵੇਂ ਕਰੀਏ। ਉਸ ਨੇ ਪਹਿਲਾਂ ਤਾਂ ਕੋਈ ਹੁੰਗਾਰਾ ਨਾ ਭਰਿਆ। ਫਿਰ ਵਾਰ ਵਾਰ ਪੁੱਛਣ ‘ਤੇ ਉਸ ਨੇ ਸਿਰਫ ਇੰਨਾ ਹੀ ਕਹਿ ਕੇ ਜੇ ਅੱਡ ਹੀ ਹੋਣਾ ਹੈ ਤਾਂ ਮੇਰੇ ਹਿੱਸੇ ਦਾ ਘਰ ਅੱਡ ਕਰ ਕੇ ਕੰਧ ਕੱਢ ਦੇਵੋ। ਜੇ ਬੇਬੇ ਨੇ ਮੈਨੂੰ ਰੱਖਣਾ ਹੈ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਭਾਵੇਂ ਬਖਤੌਰ ਨਾਲ ਰਹਿ ਲਿਓ, ਪਰ ਤੁਹਾਡੀ ਸੁਖਦੇਵ ਹੁਰਾਂ ਨਾਲ ਨਹੀਂ ਨਿੱਭਣੀ। ਪਤਾ ਤਾਂ ਭਾਵੇਂ ਮਹਿੰਗਾ ਸਿੰਘ ਨੂੰ ਵੀ ਸੀ ਕਿ ਇਉਂ ਹੀ ਹੋਣੀ ਹੈ, ਪਰ ਉਹ ਸੋਚਦਾ ਸੀ ਕਿ ਵੱਧ ਹਿੱਸਿਆਂ ਨਾਲੋਂ ਇਹ ਚੰਗਾ ਹੋਵੇਗਾ ਕਿ ਬਲਵੀਰ ਵੀ ਉਨ੍ਹਾਂ ਸਮੇਤ ਬਖਤੌਰ ਨਾਲ ਹੀ ਰਹੇ, ਪਰ ਬਲਵੀਰ ਨੇ ਉਕਾ ਹੀ ਜੁਆਬ ਦੇ ਦਿੱਤਾ।
ਸਾਡੇ ਸਮਾਜ ਵਿੱਚ ਜਦੋਂ ਸਕੇ ਭਰਾ ਅੱਡ ਹੁੰਦੇ ਹਨ ਤਾ ਇੱਕੋ ਥਾਲੀ ਵਿੱਚ ਰੋਟੀ ਖਾਣ ਵਾਲੇ, ਇੱਕੋ ਮਾਂ ਦੀ ਬੁੱਕਲ ਦਾ ਨਿੱਘ ਮਾਣਨ ਵਾਲੇ ਤੇ ਘਰ ਦੀ ਨਿੱਕੀ-ਨਿੱਕੀ ਗੱਲ ਦਾ ਧਿਆਨ ਰੱਖ ਕੇ ਘਰ ਦੇ ਇੱਜ਼ਤ-ਮਾਣ ਵਾਸਤੇ ਸਭ ਕੁਝ ਵਾਰਨ ਵਾਲੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਤੜਿੰਗ ਹੋ ਜਾਂਦੇ ਹਨ ਤੇ ਹਰ ਛੋਟੀ ਚੀਜ਼ ਉਤੇ ਆਪਣਾ ਹੱਕ ਦਰਸਾਉਂਦੇ ਹੋਏ ਦੂਜੇ ਨੂੰ ਨੀਵਾਂ ਦਿਖਾਉਂਦੇ ਹਨ। ਇਸ ਨਾਲ ਭਾਵੇਂ ਉਨ੍ਹਾਂ ਅੰਦਰਲੀ ਹਊਮੈ ਨੂੰ ਪੱਠੇ ਪੈ ਜਾਂਦੇ ਹਨ, ਪਰ ਬਾਹਰੀ ਜ਼ਿੰਦਗੀ ਵਿੱਚ ਉਹ ਫੇਲ੍ਹ ਹੋ ਜਾਂਦੇ ਹਨ। ਅਜਿਹੇ ਸਮੇਂ ਬੋਲਾਂ ਦੇ ਲੱਗੇ ਫੱਟ ਉਮਰ ਭਰ ਰਿਸਦੇ ਰਹਿੰਦੇ ਹਨ। ਇਉਂ ਹੀ ਜਦੋਂ ਮਹਿੰਗਾ ਸਿੰਘ ਦਾ ਪਰਵਾਰ ਅੱਡ ਹੋਣ ਲੱਗਿਆ ਤਾ ਉਸ ਦੇ ਤਿੰਨੋ ਪੁੱਤਰਾਂ ਵਿੱਚ ਹੋਏ ਖੜਕੇ-ਦੜਕੇ ਨੇ ਸਾਰਾ ਕੁਝ ਤਹਿਸ-ਨਹਿਸ ਕਰ ਦਿੱਤਾ।
ਅੱਡ ਹੋਣ ਦੀ ਗੱਲ ਜ਼ੋਰ-ਸ਼ੋਰ ਨਾਲ ਘਰ ਵਿੱਚ ਤੁਰ ਪਈ। ਇਨ੍ਹਾਂ ਦਿਨਾਂ ਵਿੱਚ ਸੁਖਦੇਵ ਨੇ ਬਾਹਰ ਫਿਰਨੀ ਕੋਲ ਕਿਸੇ ਦਾ ਪੁਰਾਣਾ ਘਰ ਥੋੜ੍ਹੇ ਮੁੱਲ ਵਿੱਚ ਹੀ ਖਰੀਦ ਲਿਆ। ਫਿਰ ਕੀ ਸੀ ਘਰ ਵਿੱਚ ਕਲੇਸ਼ ਦਾ ਮੁੱਢ ਬੱਝ ਗਿਆ। ਅਜੇ ਬਖਤੌਰ ਤਾਂ ਮਲਵੀਂ ਜੀਭ ਨਾਲ ਹੀ ਕਹਿ ਰਿਹਾ ਸੀ ਕਿ ਸੁਖਦੇਵ ਨੇ ਚੋਰੀਓਂ ਪੈਸੇ ਰੱਖੇ ਹਨ, ਪਰ ਬਲਵੀਰ ਤਾਂ ਤੀਂਘੜ ਕੇ ਕਹਿ ਉਠਿਆ ਕਿ ਸੁਖਦੇਵ ਨੇ ਧੱਕਾ ਕੀਤਾ ਹੈ ਤੇ ਸਾਰੇ ਪਰਵਾਰ ਨਾਲ ਧਰੋਹ ਕਮਾਇਆ ਹੇ ਤੇ ਸਾਂਝੇ ਪੈਸਿਆਂ ਨਾਲ ਘਰ ਸਿਰਫ ਆਪਣੇ ਨਾਂ ਲਿਆ ਹੈ। ਸੁਖਦੇਵ ਨੇ ਬਥੇਰੀਆਂ ਸਫਾਈਆਂ ਦਿੱਤੀਆਂ, ਪਰ ਗੱਲ ਤਾਂ ਆਖਰ ਸੱਚ ‘ਤੇ ਹੀ ਖੜ੍ਹਨੀ ਸੀ। ਬਹੁਤ ਰੌਲੇ ਗੌਲੇ ਤੋਂ ਬਾਅਦ ਪਰਵਾਰ ਦੇ ਸਾਂਜੇ ਰਿਸ਼ਤੇਦਾਰ ਤੇ ਪਿੰਡ ਦੇ ਇੱਕ ਦੋ ਰਸੂਖਦਾਰ ਬੰਦੇ ਬੁਲਾ ਲਏ ਤਾਂ ਜੋ ਵੰਡ-ਵੰਡਾਈ ਦਾ ਕੰਮ ਅਮਨ ਸ਼ਾਂਤੀ ਤੇ ਠੀਕ ਢੰਗ ਨਾਲ ਨੇਪਰੇ ਚੜ੍ਹ ਸਕੇ। ਵਿਹੜੇ ਵਿੱਚ ਡਹੇ ਮੰਜਿਆਂ ‘ਤੇ ਸਾਰੇ ਰਿਸ਼ਤੇਦਾਰ, ਪਿੰਡ ਦੇ ਸਿਆਣੇ ਬੰਦੇ ਤੇ ਪਰਵਾਰ ਦੇ ਮੈਂਬਰ ਬੈਠ ਗਏ। ਫੈਸਲਾ ਹੋਇਆ ਕਿ ਸੁਖਦੇਵ ਉਨ੍ਹਾਂ ਵਿੱਚ ਰਹਿਮਾ ਪਸੰਦ ਹੀ ਨਹੀਂ ਸੀ ਕਰਦਾ ਤੇ ਨਾਲ ਹੀ ਘਰ ਦਾ ਉਸ ਦਾ ਹਿੱਸਾ ਜ਼ਮੀਨ ‘ਚੋਂ ਉਸ ਨੂੰ ਦਿੱਤਾ ਜਾਵੇ। ਉਹ ਅੱਜ ਹੀ ਆਪਣਾ ਸਾਮਾਨ ਚੁੱਕ ਕੇ ਫਿਰਨੀ ਵਾਲੇ ਘਰ ਚਲੇ ਜਾਣਗੇ। ਜੇ ਬਲਵੀਰ ਨੇ ਵੀ ਅੱਡ ਹੋਣਾ ਹੈ ਤਾਂ ਇਸ ਘਰ ਵਿਚਕਾਰ ਕੰਧ ਕੱਢ ਕੇ ਬਲਵੀਰ ਆਪਣੇ ਮਾਂ ਪਿਓ ਨਾਲ ਰਹੇ ਤੇ ਨਹੀਂ ਅੱਡ ਹੋਣਾ ਤਾਂ ਸਾਰੇ ਇਕੱਠੇ ਰਹੋ। ਇਸ ਸਾਰੇ ਵਰਤਾਰੇ ਵਿੱਚ ਬਖਤੌਰ ਨਹੀਂ ਬੋਲਿਆ, ਸੁਰਜੀਤ ਕੌਰ ਨੇ ਜ਼ਰੂਰ ਇੱਕ-ਦੋ ਵਾਰ ਅੱਖਾਂ ਭਰ ਕੇ ਆਖਿਆ ਕਿ ਪੰਚਾਇਤ ਧੱਕਾ ਨਾ ਕਰੇ। ਜ਼ਮੀਨ ਦੀ ਵੰਡ ਵੇਲੇ ਜ਼ਰੂਰ ਸਭ ਵਿੱਚ ਤਲਖੀ ਆ ਗਈ ਕਿਉਂਕਿ ਜ਼ਮੀਨ ਥੋੜ੍ਹੀ ਹੋਣ ਕਰ ਕੇ ਚਾਰ ਹਿੱਸਿਆਂ ਵਿੱਚ ਵੰਡੀ ਜਾਣੀ ਸੀ, ਪਰ ਸੁਖਦੇਵ ਘਰ ਵਾਲਾ ਹਿੱਸਾ ਜ਼ਮੀਨ ਵਿੱਚੋਂ ਵੱਧ ਮੰਗ ਰਿਹਾ ਸੀ। ਸਾਰਿਆਂ ਨੇ ਸਲਾਹ-ਮਸ਼ਵਰੇ ਨਾਲ ਇਹ ਕੰਮ ਵੀ ਨੇਪਰੇ ਚਾੜ੍ਹ ਲਿਆ।
ਅਜੇ ਗੱਲਾਂ ਚੱਲ ਰਹੀਆਂ ਸਨ, ਪਰ ਆਖਰੀ ਫੈਸਲਾ ਹੋਣਾ ਬਾਕੀ ਸੀ। ਬੱਚਿਆਂ ਨੂੰ ਸਕੂਲ ‘ਚੋਂ ਛੁੱਟੀ ਹੋ ਗਈ ਤੇ ਬੱਚੇ ਵੀ ਘਰ ਆ ਕੇ ਡੈਂਬਰ ਗਏ ਕਿ ਉਨ੍ਹਾਂ ਦੇ ਘਰ ਇਹ ਕੀ ਹੋ ਰਿਹਾ ਸੀ। ਉਹ ਵੀ ਉਨ੍ਹਾਂ ਦੇ ਕੋਲ ਹੀ ਆ ਕੇ ਖਲ੍ਹੋ ਗਏ। ਆਖਰ ਖੇਤ ਵੱਟ ‘ਤੇ ਖੜੀ ਟਾਹਲੀ ਨੂੰ ਲੈ ਕੇ ਸੁਖਦੇਵ ਅੱਗ ਬਬੂਲਾ ਹੋ ਗਿਆ ਕਿ ਟਾਹਲੀ ਤਾਂ ਉਸ ਨੂੰ ਹੀ ਆਉਣੀ ਚਾਹੀਦੀ ਹੈ। ਉਰਲੀਆਂ ਦੋ ਡੇਕਾਂ ਤੇ ਇੱਕ ਤੂਤ ਬਖਤੌਰ ਨੂੰ ਆ ਗਏ ਸਨ। ਬਲਵੀਰ ਦੇ ਹਿੱਸੇ ਕੋਈ ਵੀ ਦਰੱਖਤ ਨਹੀਂ ਸੀ। ਦੇਬੋ ਵੀ ਨਾਲ ਉਚੀ ਉਚੀ ਬੋਲ ਕੇ ਆਪਣਾ ਰੋਸ ਜ਼ਾਹਿਰ ਕਰ ਰਹੀ ਸੀ ਕਿ ਟਾਹਲੀ ਤਾਂ ਉਨ੍ਹਾਂ ਦੇ ਹਿੱਸੇ ਹੀ ਹੋਣੀ ਚਾਹੀਦੀ ਹੈ। ਸੁਰਜੀਤ ਕੌਰ ਨੇ ਬੜੀ ਹਲੀਮੀ ਨਾਲ ਕਿਹਾ ਕਿ ਦੇਬੋ ਤੂੰ ਕਿਉਂ ਬੋਲਦੀ ਏਂ, ਪੰਚਾਇਤ ਆਪੇ ਫੈਸਲਾ ਕਰੇਗੀ, ਪਰ ਦੇਬੋ ਤਾਂ ਸੁਰਜੀਤ ਕੌਰ ਨੂੰ ਵੀ ਕਾਫੀ ਕੁਝ ਕਹਿ ਗਈ। ਉਹ ਅੰਦਰੋਂ ਅੰਦਰੀ ਸਾਰਾ ਕੁਝ ਪੀ ਗਈ ਕਿ ਚੱਲ ਕੋਈ ਨਾ ਅੱਡ ਹੋਣ ਵੇਲੇ ਇਹੋ ਜਿਹੀਆਂ ਗੱਲਾਂ ਤਾਂ ਆਮ ਹੀ ਸੁਣੀਦੀਆਂ ਹਨ। ਮਹਿੰਗਾ ਸਿੰਘ ਨੇ ਵੀ ਰੌਲੇ ਵਿੱਚ ਨਾ ਪੈ ਕੇ ਬਖਤੌਰ ਨੂੰ ਕਿਹਾ ਕਿ ਚੱਲ ਚੁੱਪ ਕਰੋ ਜਿਹੜਾ ਕੁਝ ਸੁਖਦੇਵ ਦਾ ਹੈ ਉਸ ਨੂੰ ਲੈ ਜਾਣ ਦਿਓ। ਸੁਖਦੇਵ ਕਿਸੇ ਜਾਣ ਪਛਾਣ ਵਾਲੇ ਦਾ ਟਰੈਕਟਰ ਟਰਾਲੀ ਲੈ ਆਇਆ ਤੇ ਸਾਰਾ ਸਾਮਾਨ ਇੱਕ ਇੱਕ ਕਰ ਕੇ ਟਰਾਲੀ ਵਿੱਚ ਰੱਖੀ ਗਿਆ। ਕਿਸੇ ਨੇ ਵੀ ਉਸ ਨੂੰ ਨਾ ਟੋਕਿਆ ਕਿ ਇਹ ਸਾਮਾਨ ਸਾਰਾ ਤਾਂ ਤੇਰਾ ਨਹੀਂ ਕਿਉਂਕਿ ਧੰਨ ਕੁਰ ਵੀ ਚਾਹੁੰਦੀ ਸੀ ਕਿ ਆਵੇਂ ਛੋਟੀਆਂ-ਛੋਟੀਆਂ ਚੀਜ਼ਾਂ ਵਾਸਤੇ ਨਾ ਲੜਿਆ ਜਾਵੇ। ਛੋਟੇ ਬੱਚੇ ਵੀ ਉਵੇਂ ਵੱਡਿਆਂ ਨਾਲ ਬੈਠ ਸਾਰਾ ਵਰਤਾਰਾ ਦੇਖ ਰਹੇ ਸਨ, ਪਰ ਬੋਲ ਕੁਝ ਨਹੀਂ ਰਹੇ ਸਨ। ਦਰਸ਼ਨ ਤਾਂ ਹੁਣ ਸੁੱਖ ਨਾਲ ਦਸਵੀਂ ‘ਚ ਹੋ ਗਿਆ ਸੀ। ਉਹ ਵੀ ਚੁੱਪ ਚਾਪ ਸਾਰਾ ਦਿ੍ਰਸ਼ ਦੇਖ ਰਿਹਾ ਸੀ। ਉਸ ਨੇ ਇੱਕ ਦੋ ਵਾਰ ਆਪਣੀ ਮਾਂ ਸੁਰਜੀਤ ਕੌਰ ਨਾਲ ਘੁਸਰ ਮੁਸਰ ਜਿਹੀ ਜ਼ਰੂਰ ਕੀਤੀ ਸੀ ਕਿ ਹੁਣ ਪਰਮੋਂ ਤੇ ਗੁਰਦਿਆਲ ਹੁਰੀਂ ਆਪਾਂ ਤੋਂ ਅੱਡ ਕਿਉਂ ਹੋਈ ਜਾਂਦੇ ਨੇ। ਭਰੀਆਂ ਅੱਖਾਂ ਨਾਲ ਸੁਰਜੀਤ ਕੌਰ ਕੁਝ ਵੀ ਨਾ ਦੱਸ ਸਕੀ।
ਸਾਰਾ ਸਮਾਨ ਚੁੱਕ ਕੇ ਦੇਬੋ ਨੇ ਛੋਟੀ ਹਰਦੀਪ ਨੂੰ ਉਂਗਲ ਨਾਲ ਲਾ ਲਿਆ। ਵੱਡੀ ਪਰਮੋਂ ਨੂੰ ਆਪਣਾ ਝੋਲਾ ਚੁੱਕ ਕੇ ਮੂੂਹਰੇ ਲਾ ਲਿਆ। ਗੁਰਦਿਆਲ, ਸੁਖਦੇਵ ਦੀ ਉਂਗਲ ਲੱਗ ਤੁਰਿਆ। ਦੇਬੋ ਟਾਹਲੀ ‘ਤੇ ਆਪਣਾ ਮੋਹ ਜਤਾ ਕੇ ਤੁਰਨ ਲੱਗੀ। ਉਹ ਸੁਰਜੀਤ ਤੇ ਕਰਮੋਂ ਨਾਲ ਅੱਖ ਨਹੀਂ ਸੀ ਮਿਲਾ ਰਹੀ ਮਤੇ ਸੁਰਜੀਤ ਕਹਿ ਨਾ ਦੇਵੇ ਕਿ ਆਪਣੀ ਕਰਮੋ ਨੂੰ ਵੀ ਨਾਲ ਲੈ ਜਾ। ਸਾਰੇ ਘਰ ਦੀ ਦੇਹਲੀ ਤੋਂ ਬਾਹਰ ਹੋ ਗਏ, ਪਰ ਕਰਮੋ ਸੁੰਨ ਮੁੰਨ ਮੰਜੇ ‘ਤੇ ਬੈਠੀ ਰਹੀ। ਕਰਮੋ ਜਾਂਦੀ ਦੇਬੋ ਤੇ ਪਰਮੋ ਨੂੰ ਪਿੱਛੋਂ ਆਸ ਭਰੀਆਂ ਅੱਖਾਂ ਨਾਲ ਦੇਖਦੀ ਰਹੀ, ਪਰ ਦੇਬੋ ਨੇ ਇੱਕ ਵਾਰ ਵੀ ਪਿਛਾਂਹ ਭਉਂ ਕੇ ਨਹੀਂ ਦੇਖਿਆ।
ਸੁਰਜੀਤ ਨੇ ਕਰਮੋ ਵੱਲ ਦੇਖਿਆ। ਦੋਵਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਮਿਲੀਆਂ। ‘‘ਆ ਜਾ ਪੁੱਤ ਤੂੰ ਤਾਂ ਮੇਰੀ ਧੀ ਏੇਂ” ਕਹਿ ਕੇ ਸੁਰਜੀਤ ਕੌਰ ਨੇ ਉਸ ਦੇ ਸਿਰ ‘ਤੇ ਹੱਥ ਰੱਖਿਆ। ‘ਬੇਬੇ’ ਕਰਮੋ ਦੇ ਮੂੰਹੋਂ ਬੱਸ ਇੰਨਾ ਹੀ ਨਿਕਲਿਆ ਤੇ ਘੁੱਟ ਕੇ ਸੁਰਜੀਤ ਦੇ ਨਾਲ ਲੱਗ ਗਈ। ਪਤਾ ਨਹੀਂ ਕਿੰਨੇ ਹੰਝੂ ਦੋਵਾਂ ਦੀਆਂ ਅੱਖਾਂ ‘ਚੋਂ ਵਹੀ ਤੁਰੇ। ਸੁਰਜੀਤ ਨੇ ਸਾਰੇ ਟੱਬਰ ਦੀਆਂ ਰੋਟੀਆਂ ਪਕਾਈਆਂ, ਪਰ ਆਪ ਨਾ ਖਾ ਸਕੀ। ਕਰਮੋ ਸਾਰੀ ਰਾਤ ਸੁਰਜੀਤ ਦੀ ਬੁੱਕਲ ਵਿੱਚ ਨਿਸਚਿੰਤ ਹੋ ਕੇ ਸੁੱਤੀ ਰਹੀ।:titli
 
Top