ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੀ ਸ਼&#2

ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ 7 ਦਸੰਬਰ 1715 ਦੇ ਦਿਨ ਗਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਤਿੰਨ ਮਹੀਨੇ ਮਗਰੋਂ 29 ਫ਼ਰਵਰੀ 1716 ਦੇ ਦਿਨ ਦਿੱਲੀ ਪਹੁੰਚਾਇਆ ਗਿਆ ਸੀ। 5 ਮਾਰਚ 1716 ਦੇ ਦਿਨ ਬਾਦਸ਼ਾਹ ਨੇ ਸਰਬਰਾਹ ਖ਼ਾਨ ਕੋਤਵਾਲ ਨੂੰ ਹੁਕਮ ਦਿੱਤਾ ਕਿ ਬੰਦਾ ਸਿੰਘ ਅਤੇ ਉਸ ਦੇ ਖ਼ਾਸ 17 ਸਾਥੀਆਂ ਨੂੰ ਛੱਡ ਕੇ ਬਾਕੀ ਦੇ ਹਰ ਰੋਜ਼ ਇਕ-ਇਕ ਸੌ ਕਰ ਕੇ ਕਤਲ ਕਰ ਦਿੱਤੇ ਜਾਣ।ਉਨ੍ਹਾਂ ਨੂੰ ਮੁਸਲਮਾਨ ਬਣਨ ਦੀ ਸ਼ਰਤ ’ਤੇ ਜਾਨ ਬਖ਼ਸ਼ੀ ਦੀ ਪੇਸ਼ਕਸ਼ ਕੀਤੀ ਗਈ, ਪਰ ਇਕ ਵੀ ਸਿੱਖ ਮੁਸਲਮਾਨ ਬਣਨ ਵਾਸਤੇ ਰਾਜ਼ੀ ਨਾ ਹੋਇਆ। ਡਾ: ਗੰਡਾ ਸਿੰਘ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਅਨੁਸਾਰ ਉਹ ਸਾਰੇ ‘ਵਾਹਿਗੁਰੂ ਵਾਹਿਗੁਰੂ’ ਕਹਿੰਦੇ ਹੋਏ ਸ਼ਹੀਦ ਹੋ ਗਏ।

ਦੂਜੇ ਪਾਸੇ ਬਾਦਸ਼ਾਹ ਫ਼ਰਖ਼ਸੀਅਰ ਨੇ ਬੰਦਾ ਸਿੰਘ ਤੇ ਉਸ ਦੇ 17 ਸਾਥੀਆਂ ਨੂੰ ਟਿੱਕਾ ਰਾਮ ਦੇ ਸਪੁਰਦ ਕਰਨ ਦਾ ਹੁਕਮ ਦਿਤਾ। ਬੰਦਾ ਸਿੰਘ ਦੀ ਚੰਬੇ ਵਾਲੀ ਬੇਗ਼ਮ, ਉਸ ਦੇ ਪੁੱਤਰ ਅਜੈ ਸਿੰਘ ਤੇ ਉਨ੍ਹਾਂ ਦੀ ਇਕ ਗੋਲੀ ਨੂੰ ਦਰਬਾਰ ਖ਼ਾਨ ਨਾਜ਼ਿਰ ਦੀ ਕੈਦ ਵਿਚ ਭੇਜ ਦਿਤਾ ਗਿਆ। ਬੰਦਾ ਸਿੰਘ ਤੇ ਉਸ ਦੇ ਬਾਕੀ ਸਾਥੀਆਂ ਨੂੰ ਤਿੰਨ ਮਹੀਨੇ ਬਹੁਤ ਤਸੀਹੇ ਦਿਤੇ ਗਏ। ਉਨ੍ਹਾਂ ਨੂੰ ਮੁਸਲਮਾਨ ਬਣਨ ਦੀ ਸੂਰਤ ਵਿਚ ਜਾਨ-ਬਖ਼ਸ਼ੀ ਦੀ ਪੇਸ਼ਕਸ਼ ਕੀਤੀ ਗਈ।
9 ਜੂਨ 1716 ਦੇ ਦਿਨ ਬਾਦਸ਼ਾਹ ਨੇ ਹੁਕਮ ਦਿਤਾ ਕਿ ਇਬਰਾਹੀਮ-ਉਦ-ਦੀਨ (ਮੀਰ-ਆਤਿਸ਼) ਅਤੇ ਸਰਬਰਾਹ ਖ਼ਾਨ ਕੋਤਵਾਲ ਬੰਦਾ ਸਿੰਘ ਨੂੰ ਖ੍ਵਾਜਾ ਕੁਤਬ-ਉਦ-ਦੀਨ ਦੀ ਦਰਗਹ ਦੇ ਨੇੜੇ ਲੈ ਜਾਣ ਅਤੇ ਉਸ ਨੂੰ ਤਸੀਹੇ ਦੇ ਕੇ ਕਤਲ ਕਰ ਦੇਣ। ਬਾਦਸ਼ਾਹ ਦਾ ਹੁਕਮ ਸੀ ਕਿ ਉਸ ਦੀ ਜ਼ਬਾਨ ਵੱਢੀ ਜਾਵੇ; ਉਸ ਦੀਆਂ ਅੱਖਾਂ ਕੱਢੀਆਂ ਜਾਣ; ਉਸ ਦੀ ਚਮੜੀ ਉਧੇੜ ਦਿਤੀ ਜਾਏ; ਉਸ ਦੀਆਂ ਹੱਡੀਆਂ ਤੋਂ ਮਾਸ ਨੋਚਿਆ ਜਾਵੇ ਤੇ ਉਸ ਦੇ ਪੁੱਤਰ ਨੂੰ ਵੀ ਕਤਲ ਕਰ ਦਿਤਾ ਜਾਵੇ।
ਬਾਦਸ਼ਾਹ ਦੇ ਹੁਕਮ ਮੁਤਾਬਿਕ ਬੰਦਾ ਸਿੰਘ, ਉਸ ਦਾ ਪੁੱਤਰ ਅਤੇ ਬਾਕੀ ਸਿੱਖ ਖਵਾਜਾ ਕੁਤਬਦੀਨ ਦੀ ਦਰਗਹ ਕੋਲ ਲਿਜਾਏ ਗਏ। ਪਹਿਲਾਂ ਇਨ੍ਹਾਂ ਸਿੱਖਾਂ ਨੂੰ ਬਹਾਦਰ ਸ਼ਾਹ ਦੀ ਕਬਰ ਦੇ ਦੁਆਲੇ ਘੁੰਮਾਇਆ ਗਿਆ ਤੇ ਫਿਰ ਕਤਲ ਕਰਨ ਵਾਲੀ ਥਾਂ ਲਿਆਂਦਾ ਗਿਆ। ਸਭ ਤੋਂ ਪਹਿਲਾਂ ਬੰਦਾ ਸਿੰਘ ਨੂੰ ਪਿੰਜਰੇ ਵਿੱਚੋਂ ਕੱਢ ਕੇ ਜ਼ਮੀਨ ’ਤੇ ਬਿਠਾਇਆ ਗਿਆ। ਫਿਰ ਉਸ ਦਾ ਸੱਜਾ ਹੱਥ ਆਜ਼ਾਦ ਕਰ ਕੇ ਉਸ ਵਿਚ ਛੁਰਾ ਫੜਾਇਆ ਗਿਆ ਤੇ ਉਸ ਨੂੰ ਆਪਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਨ ਵਾਸਤੇ ਕਿਹਾ ਗਿਆ (ਅਜੈ ਸਿੰਘ ਦੀ ਉਮਰ ਸੋਹਨ ਲਾਲ ਸੂਰੀ ਛੇ ਸਾਲ ਤੇ ਖ਼ਾਫ਼ੀ ਖ਼ਾਨ ਸੱਤ-ਅੱਠ ਸਾਲ ਲਿਖਦਾ ਹੈ ਜੋ ਗ਼ਲਤ ਹੈ)। ਇਸ ਵੇਲੇ ਬੰਦਾ ਸਿੰਘ ਚੁਪਚਾਪ ਅਡੋਲ ਬੈਠਾ ਰਿਹਾ। ਇਸ ’ਤੇ ਜੱਲਾਦ ਨੇ ਉਸ ਦੇ ਪੁੱਤਰ ਨੂੰ ਕਤਲ ਕੀਤਾ ਗਿਆ ਅਤੇ ਉਸ ਦਾ ਕਲੇਜਾ ਬੰਦਾ ਸਿੰਘ ਦੇ ਮੂੰਹ ਵਿਚ ਧੱਕਣ ਦੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਬੰਦਾ ਸਿੰਘ ਮੂੰਹ ਘੁੱਟ ਕੇ ਬੈਠਾ ਰਿਹਾ। ਇਸ ਮਗਰੋਂ ਇਕ ਤੇਜ਼ਧਾਰ ਹਥਿਆਰ ਨਾਲ ਬੰਦਾ ਸਿੰਘ ਦੀ ਸੱਜੀ ਅੱਖ ਕੱਢੀ ਗਈ ਤੇ ਫਿਰ ਖੱਬੀ ਅੱਖ ਦਾ ਡੇਲਾ ਵੀ ਕੱਢ ਦਿਤਾ ਗਿਆ। ਇਸ ਮਗਰੋਂ ਉਸ ਦਾ ਖੱਬਾ ਪੈਰ ਤੇ ਫਿਰ ਸੱਜਾ ਪੈਰ ਵੱਢੇ ਗਏ। ਅਗਲਾ ਵਾਰ ਉਸ ਦੇ ਦੋਹਾਂ ਹੱਥਾਂ ’ਤੇ ਕੀਤਾ ਗਿਆ। ਇਸ ਮਗਰੋਂ ਜੰਬੂਰਾਂ ਨਾਲ ਉਸ ਦਾ ਮਾਸ ਨੋਚਿਆ ਗਿਆ ਤੇ ਅਖ਼ੀਰ ਇਕ ਹਥੌੜਾ ਮਾਰ ਕੇ ਉਸ ਦਾ ਸਿਰ ਵੀ ਫੇਹ ਦਿਤਾ ਗਿਆ। ਇਸ ਮਗਰੋਂ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿਤੇ ਗਏ।
ਇਸ ਵੇਲੇ ਕੋਤਵਾਲ ਸਰਬਰਾਹ ਖ਼ਾਨ ਅਤੇ ਮੀਰ ਆਤਿਸ਼ ਇਬਰਾਹੀਮ ਖ਼ਾਨ ਆਪ ਹਾਜ਼ਿਰ ਸਨ। ਗਿਆਨੀ ਗਰਜਾ ਸਿੰਘ ਅਨੁਸਾਰ ਉਸੇ ਰਾਤ ਅਮਰ ਸਿੰਘ ਕੰਬੋਜ ਖੇਮਕਰਨੀ ਬੰਦਾ ਸਿੰਘ ਦੇ ਸਿਰ ’ਤੇ ਬੰਨ੍ਹੀ ਲਾਲ ਪੱਗ ਵਿਚ ਉਸ ਦੀ ਲਾਸ਼ ਦੇ ਟੁਕੜੇ ਇਕੱਠੇ ਕਰ ਢੋਟੇ ਦੇ ਟਾਂਡੇ (ਜੰਮੂ ਪਰਗਣਾ) ਵਿਚ ਸਾਹਿਬ ਕੌਰ (ਪਤਨੀ ਬੰਦਾ ਸਿੰਘ) ਕੋਲ ਲੈ ਗਿਆ ਜਿੱਥੇ ਉਸ ਦਾ ਸਸਕਾਰ ਕਰ ਦਿਤਾ।
ਗਿਆਨੀ ਗਿਆਨ ਸਿੰਘ (ਜਿਸ ਨੂੰ ਸ: ਕਰਮ ਸਿੰਘ ਹਿਸਟੋਰੀਅਨ ਗਪੌੜ ਲਿਖਾਰੀ ਕਹਿੰਦੇ ਹਨ) ਬੰਦਾ ਸਿੰਘ ਨੂੰ ਹਾਥੀ ਪਿੱਛੇ ਬੰਨ੍ਹ ਕੇ ਘਸੀਟ ਕੇ ਮਾਰਨ ਦੀ ਗੱਲ ਲਿਖਦਾ ਹੈ। ਉਸ ਮੁਤਾਬਿਕ “ਸਾਰਾ ਦਿਨ ਘਸੀਟਣ ਮਗਰੋਂ, ਬੰਦਾ ਸਿੰਘ ਨੂੰ ਮਰਿਆ ਜਾਣ ਕੇ, ਜਮਨਾ ਦਰਿਆ ਦੀ ਤੱਤੀ ਤਵੀ ’ਤੇ ਸੁੱਟ ਦਿਤਾ ਗਿਆ ਤਾਂ ਜੋ ਉਸ ਦੀ ਲਾਸ਼ ਨੂੰ ਕਾਂ ਤੇ ਕੁੱਤੇ ਖਾ ਜਾਣ। ਪਰ ਇਕ ਫਕੀਰ ਨੇ ਉਸ ਨੂੰ ਹੋਸ਼ ਵਿਚ ਲੈ ਆਂਦਾ।” ਗਿਆਨੀ ਗਿਆਨ ਸਿੰਘ ਕਹਿੰਦਾ ਹੈ ਕਿਬੰਦਾ ਸਿੰਘ ਠੀਕ ਹੋਣ ਮਗਰੋਂ ਕਸ਼ਮੀਰ ਵੱਲ ਨਿਕਲ ਗਿਆ ਤੇ ਆਰਾਮ ਨਾਲ ਰਹਿਣ ਲਗ ਪਿਆ ਅਤੇ 1741 ਵਿਚ, ਆਮ ਮੌਤੇ ਮਰਿਆ। ਗਿਆਨੀ ਗਿਆਨ ਸਿੰਘ ਬਾਰੇ ਭਾਈ ਕਰਮ ਸਿੰਘ ਹਿਸਟੋਰੀਅਨ ਲਿਖਦਾ ਹੈ: “ਸਿੱਖਾਂ ਦੀ ਬਦਕਿਸਮਤੀ ਕਿ ਇਨ੍ਹਾਂ ਦੇ ਇਤਿਹਾਸ ਲਿਖਾਰੀ ਗਿਆਨੀ ਗਿਆਨ ਸਿੰਘ ਹੋਏ।” ਇਕ ਹੋਰ ਥਾਂ ਤੇ ਉਹ ਲਿਖਦੇ ਹਨ: “ਗਿਆਨੀ ਗਿਆਨ ਸਿੰਘ ਨੂੰ ਗੱਪਾਂ ਮਾਰਨ ਦਾ ਸ਼ੌਕ ਸੀ।”
ਬੰਦਾ ਸਿੰਘ ਦੇ ਬਾਕੀ ਸਾਥੀਆਂ ਨੂੰ ਅਗਲੇ ਦਿਨ 10 ਜੂਨ ਨੂੰ ਸ਼ਹੀਦ ਕਰ ਦਿਤਾ ਗਿਆ। ਇਨ੍ਹਾਂ ਵਿਚ ਬਾਜ਼ ਸਿੰਘ, ਭਗਵੰਤ ਸਿੰਘ, ਕੁਇਰ ਸਿੰਘ, ਸ਼ਾਮ ਸਿੰਘ, ਨਾਹਰ ਸਿੰਘ, ਸ਼ੇਰ ਸਿੰਘ, ਅਲਬੇਲ ਸਿੰਘ, ਰਾਮ ਸਿੰਘ ਪਰਮਾਰ, ਆਲੀ ਸਿੰਘ, ਮਾਲੀ ਸਿੰਘ, ਗੁਲਾਬ ਸਿੰਘ ਬਖ਼ਸ਼ੀ, ਰਾਏ ਸਿੰਘ ਹਜ਼ੂਰੀ ਵੀ ਸ਼ਾਮਿਲ ਸਨ। ਭਾਈ ਫ਼ਤਹਿ ਸਿੰਘ ਪਹਿਲਾਂ ਹੀ ਸ਼ਹੀਦ ਹੋ ਚੁਕਾ ਸੀ।
ਜਦ ਬੰਦਾ ਸਿੰਘ ਨੂੰ ਦਿੱਲੀ ਲਿਆਂਦਾ ਗਿਆ ਤਾਂ ਉਸ ਦੀਆਂ ਕੁਝ ਗੱਲਾਂ ਮੁਸਲਮਾਨ ਲਿਖਾਰੀਆਂ ਨੇ ਕਲਮਬੰਦ ਕੀਤੀਆਂ ਸਨ: ਮੁਹੰਮਦ ਅਮੀਨ ਖ਼ਾਨ ਉਸ ਨੂੰ ਪੁੱਛਿਆ ਕਿ ਤੈਨੂੰ ਕਿਸ ਕਰ ਕੇ ਇਸ ਜੰਗ ਵਾਸਤੇ ਮਜਬੂਰ ਹੋਣਾ ਪਿਆ ਤਾਂ ਬੰਦਾ ਸਿੰਘ ਨੇ ਨੇ ਉਤਰ ਦਿਤਾ: “ਜਦ (ਰੱਬ ਤੋਂ) ਬੇਮੁਖਤਾ ਤੇ ਪਾਪ ਹੱਦੋਂ ਵਧ ਜਾਂਦੇ ਹਨ ਤਾਂ ਸੱਚਾ ਰੱਬ ਇਨ੍ਹਾਂ ਪਾਪਾਂ ਦਾ ਫ਼ਲ ਭੁਗਤਾਣ ਵਾਸਤੇ ਮੇਰੇ ਵਰਗਾ ਬੰਦਾ ਮੁਕੱਰਰ ਕਰ ਦੇਂਦਾ ਹੈ ਤਾਂ ਜੋ ਉਸ ਜਮਾਤ ਦੇ ਕਰਮਾਂ ਦੀ ਸਜ਼ਾ ਦੇਣ ਦਾ ਕਾਰਣ ਬਣੇ। ਜਦੋਂ ਉਹ ਦੁਨੀਆਂ ਨੂੰ ਉਜਾੜਨਾ ਚਾਹੁੰਦਾ ਹੈ ਤਾਂ ਉਹ ਦੇਸ਼ ਨੂੰ ਜ਼ਾਲਿਮਾਂ ਦੇ ਪੰਜੇ ਵਿਚ ਦੇ ਦੇਂਦਾ ਹੈ।” ਜਦ ਕੋਈ ਸਿੱਖ ਕੈਦੀਆਂ ਨੂੰ ਕਹਿੰਦਾ ਕਿ ‘ਤੁਹਾਨੂੰ ਤਾਂ ਮਾਰ ਦੇਣਗੇ’ ਤਾਂ ਉਹ ਜਵਾਬ ਦੇਂਦੇ: “ਮਾਰੋ ਨਿਸ਼ੰਗ! ਅਸੀਂ ਕੋਈ ਮਰਨੋਂ ਡਰਦੇ ਆਂ? ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਏਨੀ ਘੋਰ ਜੰਗ ਕਿਉਂ ਕਰਦੇ। ਅਸੀਂ ਤਾਂ ਭੁੱਖ ਤੇ ਖ਼ੁਰਾਕ ਦੀ ਥੁੜ ਕਾਰਣ ਤੁਹਾਡੇ ਕਾਬੂ ਆ ਗਏ ਆਂ; ਨਹੀਂ ਤਾਂ ਸਾਡੀ ਬਹਾਦਰੀ ਦੀ ਹਕੀਕਤ ਜੋ ਤੁਸੀਂ ਵੇਖੀ ਹੈ, ਏਦੋਂ ਵਧ ਤੁਹਾਨੂੰ ਮਾਲੂਮ ਹੋ ਜਾਂਦੀ।” ਬੰਦਾ ਸਿੰਘ ਬਹਾਦਰ ਸਬੰਧੀ ਤਿੰਨ ਪੁਸਤਕਾਂ ਸਭ ਤੋਂ ਵਧ ਕੀਮਤੀ ਹਨ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਦੀਆਂ। ਸ: ਕਰਮ ਸਿੰਘ ਪਹਿਲਾ ਲੇਖਕ ਸੀ ਜਿਸ ਨੇ ਫ਼ਾਰਸੀ ਦੀਆਂ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਸੱਚ ਸਾਹਮਣੇ ਲਿਆਂਦਾ। ਡਾ ਗੰਡਾ ਸਿੰਘ ਨੇ ਕੁਝ ਹੋਰ ਨਵੇਂ ਫ਼ਾਰਸੀ ਅਤੇ ਅੰਗਰੇਜ਼ੀ ਸੋਮਿਆਂ ਵਿਚੋਂ ਸਮੱਗਰੀ ਦਾ ਵਾਧਾ ਕੀਤਾ। ਡਾ ਦਿਲਗੀਰ ਨੇ ਸਰਕਾਰੀ ਰਿਕਾਰਡਾਂ, ਫ਼ਾਰਸੀ ਅਤੇ ਅੰਗਰੇਜ਼ੀ ਸੋਮਿਆਂ ਤੋਂ ਇਲਾਵਾ ਭੱਟ ਵਹੀਆਂ ਵਿਚੋਂ ਨਵੀਂ ਤੇ ਨਿਵੇਕਲੀ ਸਮੱਗਰੀ ਦਿੱਤੀ। ਪੁਸਤਕਾਂ ਬੰਦਾ ਸਿੰਘ ਤੇ ਹੋਰ ਵੀ ਬਹੁਤ ਹਨ ਪਰ ਇਨ੍ਹਾਂ ਤਿੰਨਾਂ ਦੇ ਉਹ ਨੇੜੇ ਤੇੜੇ ਵੀ ਨਹੀਂ ਹਨ।
 

[JUGRAJ SINGH]

Prime VIP
Staff member
Re: ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੀ ਸ&#2620

tfs.................
 
Top