ਨਕਾਬਪੋਸ਼

ਦਿਨ ਦੇ ਛੁਪਾਅ ਦਾ ਵਕਤ ਸੀ ਜਦੋਂ ਪਿੰਡ ਵਿਚ ਭਗਦੜ ਮੱਚ ਗਈ। ਗੱਲ ਦੀ ਸੂਹ ਲੱਗਦਿਆਂ ਹੀ ਸਾਰੇ ਪਿੰਡ ਦੇ ਦਰਵਾਜੇ ਸਕਿੰਟਾਂ ਵਿਚ ਹੀ ਫੜਾਕ-ਫੜਾਕ ਬੰਦ ਹੋ ਗਏ। ਗੁਰਦੁਆਰੇ ਦੇ ਸਪੀਕਰ ਤੋਂ ਚੱਲ ਰਿਹਾ ਰਹਿਰਾਸ ਦਾ ਪਾਠ ਵਿਚਕਾਰ ਹੀ ਰੁਕ ਗਿਆ। ਹਰ ਪਾਸੇ ਸੁੰਨ ਵਰਤ ਗਈ। ਇੰਨੇ ਨੂੰ ਖਾੜਕੂਆਂ ਨੇ ਕਈ ਘਰਾਂ ਵਿੱਚੋਂ ਔਰਤਾਂ-ਆਦਮੀ ਘੇਰ ਕੇ ਸੱਥ ਵਿਚ ਲੈ ਆਂਦੇ। ਫਿਰ ਮਿੰਨਤਾਂ-ਤਰਲੇ ਕਰਦੇ ਸੱਤ-ਅੱਠ ਜਣਿਆਂ ਨੂੰ ਉਹ ਪਿੰਡੋਂ ਬਾਹਰ ਨੂੰ ਲੈ ਤੁਰੇ। ਘਰਾਂ ਅੰਦਰ ਬੰਦ ਲੋਕ, ਸਾਹ ਰੋਕੀ ਉਨ੍ਹਾਂ ਦੇ ਤਰਲੇ-ਮਿੰਨਤਾਂ ਸੁਣਦੇ ਰਹੇ। ਜਾਪਦਾ ਸੀ ਜਿਵੇਂ ਪਿੰਡੋਂ ਬਾਹਰ ਲਿਜਾ ਕੇ ਸਾਰਿਆਂ ਨੂੰ ਇੱਕ ਥਾਂ ਇਕੱਠਾ ਕਰ ਲਿਆ ਹੋਵੇ। ਫਿਰ ਇੱਕ ਦਮ ਚੀਕ-ਚਿਹਾੜਾ ਅਤੇ ਕੁਰਲਾਹਟ ਮੱਚ ਗਿਆ। ਲੱਗਦਾ ਸੀ ਜਿਵੇਂ ਕਿ ਫੜੇ ਹੋਇਆਂ ਨੂੰ ਕੁੱਟਿਆ-ਮਾਰਿਆ ਤੇ ਕੋਹਿਆ ਜਾ ਰਿਹਾ ਹੋਵੇ। ਕਾਫੀ ਚਿਰ ਉਨ੍ਹਾਂ ਦੀਆਂ ਦਰਦ ਭਰੀਆਂ ਚੀਕਾਂ ਅਤੇ ਬੂ-ਪਾਹਰਿਆ ਸੁਣਦੀ ਰਹੀ। ਪਿੰਡ ਦੇ ਲੋਕ ਘਰਾਂ ਅੰਦਰ ਹੀ ਦੁਬਕ ਗਏ ਸਨ। ਪਰ ਸਾਂਝੀਆਂ ਕੰਧਾਂ ਅਤੇ ਕੋਠਿਆਂ ਉੱਪਰੋਂ ਦੀ, ਇਸ ਘੜੀ ਪਿੰਡੋਂ ਬਾਹਰ ਹੋ ਰਹੇ ਜੁਲਮ ਦੀ ਕਹਾਣੀ ਸਾਰੇ ਪਿੰਡ ਵਿਚ ਫੈਲ ਗਈ। ਬਾਹਰੋਂ ਰੋਣ-ਕੁਰਲਾਉਣ ਦੀਆਂ ਆਵਾਜਾਂ ਉਵੇਂ ਹੀ ਆ ਰਹੀਆਂ ਸਨ। ਫਿਰ ਇਸ ਰੌਲੇ-ਰੱਪੇ ਵਿੱਚੋਂ ਇੱਕ ਗਰਜਵੀਂ ਆਵਾਜ ਆਈ ਜੋ ਕਿ ਤਕਰੀਬਨ ਸਾਰੇ ਪਿੰਡ ਵਾਲਿਆਂ ਨੇ ਪਛਾਣ ਲਈ। ਸਭ ਸਮਝ ਗਏ ਕਿ ਇਹ ਜੀਤੇ ਭਲਵਾਨ ਦੀ ਆਵਾਜ ਹੈ। ਉਹ ਬੜ੍ਹਕਵੀਂ ਆਵਾਜ ਵਿਚ ਬੋਲਿਆ ਸੀ, ‘ਉਏ ਇਹ ਤਾਂ ਪਿੰਡ ਦੀ ਕੁੜੀ ਮਿਲਣ-ਗਿਲਣ ਆਈ ਐ, ਇਸ ਦਾ ਕੀ ਕਸੂਰ ਐ। ਇਸ ‘ਤੇ ਤੁਸੀਂ ਕਾਹਤੋਂ ਜੁਲਮ ਢਾਹ ਰਹੇ ਓਂ?’
‘ਭਾਊ, ਅੱਜ ਸਾਰਿਆਂ ਨੂੰ ਈ ਸਬਕ ਸਿਖਾ ਕੇ ਜਾਵਾਂਗੇ, ਤੇਰਾ ਤਾਂ ਖਾਸ ਖਿਆਲ ਰੱਖਾਂਗੇ ਵੱਡੇ ਕੌਮ ਦੇ ਹੀਰੋ ਦਾ।’ ਇਹ ਇੱਕ ਤਿੱਖੀ ਤੇ ਅਣਜਾਣ ਜਿਹੀ ਆਵਾਜ ਸੀ। ‘ਉਏ ਮੈਂ ਮੌਤ ਤੋਂ ਨਹੀਂ ਡਰਦਾ ਪਰ ਇਹ ਤਾਂ ਪਤਾ ਲੱਗੇ ਕਿ ਤੁਸੀਂ ਚਾਹੁੰਦੇ ਕੀ ਓ?’ ‘ਅਸੀਂ ਕੌਮ ਦਾ ਕੌਮੀ ਘਰ ਬਣਾਉਣ ਦੇ ਰਾਹ ਪਏ ਹੋਏ ਆਂ ਤੇ ਤੇਰੇ ਵਰਗੇ ਗਦਾਰਾਂ ਦਾ ਸੁਧਾਰ ਕਰਨਾ ਵੀ ਸਾਡਾ ਫਰਜ ਐ।’ ਤਿੱਖੀ ਆਵਾਜ ਵਾਲਾ ਫਿਰ ਬੋਲਿਆ ਸੀ। ‘ਮੈਂ ਕਿਵੇਂ ਗਦਾਰ ਹੋ ਗਿਆ?’ ਜੀਤਾ ਫਿਰ ਗਰਜਿਆ ਸੀ। ‘ਤੂੰ ਗੁਰੂ ਵਾਲਾ ਹੋ ਕੇ ਅਮ੍ਰਿਤ ਭੰਗ ਕੀਤਾ ਐ। ਤੈਨੂੰ ਇਸ ਦੀ ਸਜ਼ਾ ਮਿਲੇਗੀ ਤਾਂ ਕਿ ਹੋਰ ਕੋਈ ਇਹ ਗਲਤੀ ਨਾ ਕਰੇ।’ ‘ਨਾ ਤੁਸੀਂ ਮੈਨੂੰ ਖਾੜਕੂ ਲੱਗਦੇ ਓਂ ਤੇ ਨਾ ਈ ਮੈਂ ਕੋਈ ਏਡਾ ਗੁਨਾਹ ਕੀਤਾ ਐ ਕਿ ਮੈਨੂੰ ਮੌਤ ਦੀ ਸਜਾ ਮਿਲੇ।’ ‘ਅਸੀਂ ਖਾੜਕੂ ਈ ਆਂ ਭਾਊ। ਪੰਥ ਦੇ ਗਦਾਰਾਂ ਨੂੰ ਰਾਹ ਵਿੱਚੋਂ ਸਾਫ ਕਰਨਾ ਸਾਡਾ ਪਹਿਲਾ ਫਰਜ ਐ।’ ‘ਨਹੀਂ, ਤੁਸੀਂ ਆਪਣੇ-ਆਪ ਨੂੰ ਖਾੜਕੂ ਨ੍ਹੀਂ ਅਖਵਾ ਸਕਦੇ। ਤੁਸੀਂ ਲੋਕਾਂ ਦੀਆਂ ਦੁਸ਼ਮਣੀਆਂ ਕੱਢਣ ਲਈ ਇਹ ਭੇਸ ਧਾਰਿਆ ਹੋਇਆ ਐ। ਮੈਨੂੰ ਪਤਾ ਐ ਤੁਸੀਂ ਮੈਨੂੰ ਕਿਉਂ ਨਿਸ਼ਾਨਾ ਬਣਾਉਣ ਲੱਗੇ ਓਂ। ਪਰ ਜੇ ਇਹੀ ਗੱਲ ਐ ਤਾਂ ਸਿਰਫ ਮੈਨੂੰ ਗੋਲੀ ਮਾਰੋ ਤੇ ਇਨ੍ਹਾਂ ਸਭ ਨੂੰ ਛੱਡ ਦਿਉਂ। ਇਹ ਸਭ ਬੇਕਸੂਰ ਨੇ। ਜੇ ਮਰਦ ਬੱਚੇ ਓਂ ਤਾਂ ਮਰਦਾਂ ਵਾਲਾ ਕੰਮ ਕਰੋ।’ ‘ਉਹ ਵੀ ਕਰਾਂਗੇ। ਚਲੋ ਭਾਊ ਕਰੋ ਕੰਮ ਸ਼ੁਰੂ।’ ਤਿੱਖੀ ਆਵਾਜ ਨੇ ਨਾਲਦਿਆਂ ਨੂੰ ਹੁਕਮ ਦਿੱਤਾ ਤੇ ਉਨ੍ਹਾਂ ਦੁਬਾਰਾ ਤੋਂ ਫੜ ਕੇ ਲਿਆਂਦੇ ਬੰਦੇ-ਬੁੜ੍ਹੀਆਂ ਦੀ ਰਾਡਾਂ ਨਾਲ ਮਾਰਕੁਟਾਈ ਸ਼ੁਰੂ ਕਰ ਦਿੱਤੀ। ਉੱਥੇ ਫਿਰ ਤੋਂ ਕੁਰਲਾਹਟ ਮੱਚ ਉੱਠੀ। ਇਸੇ ਵਿਚਕਾਰ ਕੁੜੀ ਦੀਆਂ ਚੀਕਾਂ ਉੱਚੀਆਂ ਹੋ ਗਈਆਂ ਤਾਂ ਜੀਤੇ ਭਲਵਾਨ ਦੀ ਆਵਾਜ ਫਿਰ ਗਰਜੀ, ‘ਉਏ ਇਹ ਮੇਰੇ ਪਿੰਡ ਦੀ ਧੀ-ਧਿਆਣੀ ਐ। ਇਸ ਨੂੰ ਹੱਥ ਨਾ ਲਾਉ। ਜੇ ਮਾਰਨਾ ਈ ਐ ਤਾਂ ਮੈਨੂੰ ਮਾਰੋ।’
ਇਸ ਪਿੱਛੋਂ ਉੱਥੇ ਕਾਵਾਂ-ਰੌਲੀ ਜਿਹੀ ਮੱਚ ਗਈ। ਲੱਗਦਾ ਸੀ ਜਿਵੇਂ ਜੀਤਾ ਭਲਵਾਨ ਉਨ੍ਹਾਂ ਨਾਲ ਉਲਝ ਪਿਆ ਹੋਵੇ। ਫਿਰ ਇੱਕਦਮ ਫਾਇਰਿੰਗ ਸ਼ੁਰੂ ਹੋ ਗਈ ਤੇ ਅਗਲੇ ਹੀ ਪਲ ਉੱਥੇ ਸੰਨਾਟਾ ਛਾ ਗਿਆ। ਤੁਰਨ ਲੱਗਿਆਂ ਉਨ੍ਹਾਂ ਅਸਮਾਨੀ ਫਾਇਰ ਕੀਤੇ ਤੇ ਖਾਲਿਸਤਾਨ ਦੇ ਨਾਅਰੇ ਲਾਏ। ਇਸ ਪਿੱਛੋਂ ਉਨ੍ਹਾਂ ਦੀਆਂ ਆਵਾਜਾਂ ਦੂਰ ਹੁੰਦੀਆਂ ਗਈਆਂ। ਪਿੰਡ ਦੇ ਲੋਕ ਸਮਝ ਗਏ ਕਿ ਖਾੜਕੂ ਕਾਰਾ ਕਰਕੇ ਜਾ ਚੁੱਕੇ ਹਨ। ਪਰ ਫਿਰ ਵੀ ਪਿੰਡ ਵਿੱਚੋਂ ਨਾ ਕੋਈ ਆਵਾਜ ਆਈ ਤੇ ਨਾ ਹੀ ਕੋਈ ਬਾਹਰ ਨਿੱਕਲਿਆ। ਸਾਰਾ ਪਿੰਡ ਜਿਵੇਂ ਮਸਾਣ ਬਣ ਗਿਆ ਹੋਵੇ। ਜਿੱਥੇ ਵਾਕਿਆ ਹੋਇਆ ਸੀ ਰਾਤ ਭਰ ਉੱਥੋਂ ਕਿਸੇ ਔਰਤ ਦੇ ਕਰਾਹੁਣ ਦੀ ਆਵਾਜ ਆਉਂਦੀ ਰਹੀ ਪਰ ਪਿੰਡ ਵਾਲੇ ਕਿਸੇ ਦਾ ਵੀ ਜੇਰਾ ਨਾ ਪਿਆ ਘਰੋਂ ਬਾਹਰ ਨਿਕਲਣ ਦਾ। ਦਿਨ ਚੜ੍ਹੇ ਲੋਕੀਂ ਬਾਹਰ ਗਏ ਤਾਂ ਪਤਾ ਲੱਗਿਆ ਕਿ ਛੀਨੇ ਪਿੰਡ ਦੇ ਰਾਹ ਤੋਂ ਹਟਵੇ ਪਹੇ ’ਤੇ ਛੇ ਲਾਸ਼ਾਂ ਪਈਆਂ ਸਨ। ਕੁੜੀ ਦੇ ਕਰਾਹੁਣ ਦੀ ਆਵਾਜ ਅਜੇ ਵੀ ਆ ਰਹੀ ਸੀ। ਪੰਜ-ਸੱਤ ਜਣੇ ਹੌਸਲਾ ਕਰਕੇ ਅੱਗੇ ਗਏ ਤਾਂ ਵੇਖਿਆ ਕਿ ਲਹਿਣੇ ਕਾਮਰੇਡ ਦੀ ਭੈਣ ਲਾਸ਼ਾਂ ਦੇ ਵਿਚਕਾਰ ਅਰਧ-ਬੇਹੋਸ਼ ਪਈ ਸੀ। ਉਸ ਦੇ ਪੈਰਾਂ ਕੋਲ ਜੀਤੇ ਭਲਵਾਨ ਦੀ ਲਾਸ਼ ਪਈ ਸੀ। ਲਹਿਣੇ ਕਾਮਰੇਡ ਦੀ ਭੈਣ ਦੀਆਂ, ਕੁੱਟ-ਕੁੱਟ ਕੇ ਲੱਤਾਂ ਫੇਹੀਆਂ ਪਈਆਂ ਸਨ ਪਰ ਉਸ ਦੇ ਗੋਲੀ ਨਹੀਂ ਸੀ ਲੱਗੀ ਤੇ ਇਸੇ ਕਰਕੇ ਉਹ ਮਰਨੋ ਬਚ ਗਈ ਸੀ। ਲੱਗਦਾ ਸੀ ਕਿ ਜੀਤੇ ਭਲਵਾਨ ਨੇ ਮੂਹਰੇ ਹੋ ਕੇ ਉਸ ਨੂੰ ਗੋਲੀ ਤੋਂ ਬਚਾ ਲਿਆ ਸੀ। ਬਾਕੀ ਲਾਸ਼ਾਂ ਇੱਧਰ-ਉੱਧਰ ਖਿੱਲਰੀਆਂ ਪਈਆਂ ਸਨ। ਪੰਚਾਇਤ ਵਾਲਿਆਂ ਨੇ ਲਹਿਣੇ ਕਾਮਰੇਡ ਦੀ ਭੈਣ ਨੂੰ ਸੰਭਾਲਿਆ ਤੇ ਟਰਾਲੀ ਵਿਚ ਪਾ ਕੇ ਥਾਣੇ ਵੱਲ ਹੋ ਤੁਰੇ। ਥਾਣੇ ਵਾਲਿਆਂ ਨੇ ਕੁੜੀ ਨੂੰ ਹਸਪਤਾਲ ਤੋਰ ਦਿੱਤਾ ਤੇ ਆਪ ਕਈ ਘੰਟਿਆਂ ਪਿੱਛੋਂ ਪਿੰਡ ਪਹੁੰਚੇ। ਪੰਚਾਇਤ ਨੂੰ ਨਾਲ ਲਿਜਾ ਕੇ ਉਨ੍ਹਾਂ ਮੌਕਾ-ਏ-ਵਾਰਦਾਤ ਵੇਖਿਆ। ਮਾੜੀ-ਮੋਟੀ ਕਾਰਵਾਈ ਕਰਦਿਆਂ ਥਾਣੇਦਾਰ ਨੇ ਉੱਥੋਂ ਮਿਲਿਆ ਰੁੱਕਾ ਚੁੱਕਿਆ ਜਿਸ ‘ਤੇ ਲਿਖਿਆ ਹੋਇਆ ਸੀ, ‘ਪੰਥ ਦੇ ਦੁਸਮਣਾਂ ਨੂੰ ਸਜਾ ਦੇ ਦਿੱਤੀ ਗਈ। ਦੁਸਮਣਾਂ ਦਾ ਇਹੀ ਹਸ਼ਰ ਹੋਵੇਗਾ। ਕਮਾਂਡੋ ਫੋਰਸ ਜਿੰਦਾਬਾਦ। ਗੁਰੂ ਪੰਥ ਦਾ ਦਾਸ, ਮੇਜਰ ਜਨਰਲ ਮਿਹਰ ਸਿੰਘ ਦੋਦਾ।’ ਥਾਣੇਦਾਰ ਨੇ ਰੁੱਕਾ ਲੁਕਾ ਕੇ ਜੇਬ ਵਿਚ ਪਾ ਲਿਆ। ਸਰਪੰਚ ਹੌਲੀ ਜਿਹੀ ਤੁਰਦਾ ਅੱਗੇ ਆਇਆ ਤੇ ਥਾਣੇਦਾਰ ਨੂੰ ਮੁਖਾਤਬ ਹੋਇਆ, ‘ਜਨਾਬ ਬਹੁਤ ਭੈੜਾ ਤੇ ਕਰੂਰ ਹਾਦਸਾ ਵਾਪਰਿਐ।’
ਸਰਪੰਚ ਦੀ ਗੱਲ ਸੁਣ ਕੇ ਥਾਣੇਦਾਰ ਉਸ ਵੱਲ ਭੈੜੀਆਂ ਨਜਰਾਂ ਨਾਲ ਝਾਕਦਾ ਬੋਲਿਆ, ‘ਨਾ ਪਹਿਲਾਂ ਭਣੋਈਆਂ ਨੂੰ ਢਾਣੀਆਂ ਵਿਚ ਠਾਹਰਾਂ ਦਿੰਨੇ ਓਂ। ਆਪਣੇ ਘਰਾਂ ਵਿਚ ਰੋਟੀਆਂ ਖਵਾਉਂਦੇ ਓਂ। ਫਿਰ ਇਹੋ ਜਿਹੇ ਹਾਦਸੇ ਤਾਂ ਵਾਪਰਨਗੇ ਈ।’ ਸਿਆਣਾ ਸਰਪੰਚ ਚੁੱਪ ਹੁੰਦਾ ਪਿਛਾਂਹ ਹਟ ਕੇ ਖੜੋ ਗਿਆ। ਇੱਧਰ-ਉੱਧਰ ਵੇਖਦਿਆਂ ਥਾਣੇਦਾਰ ਨੇ ਇਸ਼ਾਰਾ ਕੀਤਾ ਤੇ ਸਾਰਾ ਅਮਲਾ-ਫੈਲਾ ਜੀਪ ਵਿਚ ਬਹਿੰਦਾ ਥਾਣੇ ਵਾਪਸ ਮੁੜ ਗਿਆ। ਉੱਥੇ ਜਾ ਕੇ ਉਨ੍ਹਾਂ ਕਾਰਵਾਈ ਰਿਪੋਰਟ ਵਿਚ ਲਿਖ ਦਿੱਤਾ ਕਿ ਦੋ ਖਾੜਕੂ ਗਰੁੱਪਾਂ ਦੀ ਆਪਸੀ ਝੜਪ, ਜਿਸ ਵਿਚ ਦੋਨਾਂ ਧਿਰਾਂ ਦੇ ਛੇ ਬੰਦੇ ਮਾਰੇ ਗਏ। ਬੱਸ ਇੰਨੇ ਨਾਲ ਪੁਲਿਸ ਨੇ ਆਪਣੇ ਕੰਮ ਦੀ ਖਾਨਾਪੂਰਤੀ ਕਰਕੇ ਰਿਪੋਰਟ ਉੱਪਰ ਭੇਜ ਦਿੱਤੀ।
ਆਥਣ ਤਕ ਪੋਸਟ-ਮਾਰਟਮ ਕਰਵਾ ਕੇ ਪੰਚਾਇਤ, ਲਾਸ਼ਾਂ ਪਿੰਡ ਲੈ ਆਈ। ਦਿਨ ਦੇ ਛੁਪਾਅ ਨਾਲ ਸਿਵਿਆਂ ਵਿਚ ਛੇ ਚਿਤਾਵਾਂ ਚਿਣੀਆਂ ਗਈਆਂ। ਜਦੋਂ ਲਾਸ਼ਾਂ ਨੂੰ ਅੱਗ ਦਿੱਤੀ ਗਈ ਤਾਂ ਸਾਰਾ ਸਮਸਾਨ ਹੀ ਅੱਗ ਦੀਆਂ ਲਾਟਾਂ ਬਣ ਗਿਆ। ਖਾਮੋਸ ਅਤੇ ਪੱਥਰ ਬਣੇ ਖੜ੍ਹੇ ਲੋਕ, ਬਲਦੀਆਂ ਚਿਤਾਵਾਂ ਵੱਲ ਵੇਖਦੇ ਰਹੇ। ਸਰਪੰਚ ਨੇ ਸਾਰਿਆਂ ਨੂੰ ਤੁਰਨ ਦਾ ਇਸ਼ਾਰਾ ਕੀਤਾ ਤਾਂ ਲੋਕ ਬੋਝਲ ਕਦਮਾਂ ਨਾਲ ਪਿੰਡ ਵੱਲ ਤੁਰ ਪਏ।
ਇਹ ਗੱਲ ਜੀਤੇ ਭਲਵਾਨ ਤੋਂ ਹੀ ਸ਼ੁਰੂ ਹੋਈ ਸੀ। ਹਰਪਾਲ ਉਸ ਦੇ ਚਾਚੇ ਦਾ ਪੁੱਤ ਸੀ। ਉਨ੍ਹਾਂ ਦੇ ਬਾਪੂ ਹੋਰੀਂ ਤਿੰਨ ਭਰਾ ਸਨ। ਤਿੰਨਾਂ ਨੂੰ ਬੀਹ-ਬੀਹ ਕਿੱਲੇ ਜਮੀਨ ਆਉਂਦੀ ਸੀ। ਸਾਰਿਆਂ ਦਾ ਕੰਮ-ਧੰਦਾ ਬਹੁਤ ਵਧੀਆ ਸੀ। ਛੋਟੇ ਚਾਚੇ ਦੇ ਦੋ ਪੁੱਤ ਸਨ ਜਿਨ੍ਹਾਂ ਵਿੱਚੋਂ ਵੱਡਾ ਹਰਪਾਲ ਸੀ। ਉਸ ਤੋਂ ਵੱਡੇ ਦੇ ਜੀਤਾ ਭਲਵਾਨ ਅਤੇ ਇੱਕ ਹੋਰ ਸਨ। ਪਰ ਸਾਰਿਆਂ ਤੋਂ ਵੱਡੇ ਤਾਏ ਦੇ ਕੋਈ ਉਲਾਦ ਨਹੀਂ ਸੀ। ਤਾਏ ਨੇ ਛੋਟੇ ਹੁੰਦੇ ਜੀਤੇ ਨੂੰ ਆਪਣੇ ਘਰੇ ਪਾਲਿਆ ਸੀ। ਉਸ ਨੇ ਉਸ ਨੂੰ ਹੀ ਆਪਣਾ ਪੁੱਤ ਮੰਨ ਲਿਆ ਸੀ। ਉਦੋਂ ਕਿਸੇ ਦੇ ਚਿੱਤ-ਚੇਤੇ ਤੇ ਵੀ ਨਹੀਂ ਸੀ ਕਿ ਇਹ ਗੱਲ ਅੱਗੇ ਜਾ ਕੇ ਕਦੇ ਬਹੁਤ ਵੱਡਾ ਕਲੇਸ਼ ਬਣ ਜਾਵੇਗੀ। ਉਦੋਂ ਤਾਂ ਜੀਤੇ ਅਤੇ ਹਰਪਾਲ ਦਾ ਸਕੇ ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ। ਉਹ ਕਾਲਜ ਤਕ ਗੂੜ੍ਹੇ ਦੋਸਤਾਂ ਦੀ ਤਰ੍ਹਾਂ ਪੜ੍ਹੇ ਸਨ। ਉਸ ਪਿੱਛੋਂ ਜੀਤੇ ਨੇ ਘਰੇ ਰਹਿ ਕੇ ਖੇਤੀ ਦਾ ਕੰਮ ਸੰਭਾਲ ਲਿਆ ਤੇ ਹਰਪਾਲ ਚੰਡੀਗੜ੍ਹ ਯੂਨੀਵਰਸਿਟੀ ਜਾ ਕੇ ਪੜ੍ਹਨ ਲੱਗ ਪਿਆ। ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ। ਪੜ੍ਹਾਈ ਉਸ ਨੇ ਨੇੜਲੇ ਸਹਿਰ ਵਕਾਲਤ ਦਾ ਕੰਮ ਸ਼ੁਰੂ ਕੀਤਾ ਪਰ ਉਸ ਦਾ ਕੰਮ ਜੰਮ ਨਾ ਸਕਿਆ। ਬਿਲਕੁਲ ਹੀ ਬੇਕਾਰ ਜਿਹਾ ਉਹ ਇੱਧਰ ਉੱਧਰ ਘੁੰਮਦਾ ਰਹਿੰਦਾ। ਆਖਰ ਉਸ ਨੇ ਵਕਾਲਤ ਬੰਦ ਕਰ ਦਿੱਤੀ ਤੇ ਘਰ ਆ ਕੇ ਖੇਤੀ ਵਿਚ ਹੱਥ ਅਜਮਾਉਣ ਲੱਗਿਆ। ਪਰ ਸੋਹਲ ਰਿਹਾ ਹੋਣ ਕਰਕੇ ਉਹ ਖੇਤੀ ਵਿਚ ਵੀ ਕਾਮਯਾਬ ਨਾ ਹੋ ਸਕਿਆ। ਜੀਤੇ ਦਾ ਕੰਮ ਬਹੁਤ ਵਧੀਆ ਚੱਲਦਾ ਸੀ। ਜੀਤੇ ਦਾ ਭਲਵਾਨੀ ਸਰੀਰ ਹੋਣ ਕਰਕੇ ਲੋਕਾਂ ਉਸ ਦੇ ਨਾਂ ਨਾਲ ਭਲਵਾਨ ਲਾ ਦਿੱਤਾ। ਪਿੰਡ ਮੁੜ ਆਉਣ ਵੀ ਹਰਪਾਲ ਦੇ ਜੀਤੇ ਨਾਲ ਸੰਬੰਧ ਬਹੁਤ ਵਧੀਆ ਸਨ। ਪਰ ਇਨ੍ਹਾਂ ਸੰਬੰਧਾਂ ਵਿਚ ਕੜਵਾਹਟ ਉਦੋਂ ਪੈਣ ਲੱਗੀ ਜਦੋਂ ਉਨ੍ਹਾਂ ਦਾ ਤਾਇਆ ਬਿਮਾਰ ਰਹਿਣ ਲੱਗਿਆ। ਤਾਏ ਨੇ ਕਿਧਰੇ ਜਿਕਰ ਕਰ ਦਿੱਤਾ ਕਿ ਉਹ ਆਪਣੇ ਹਿੱਸੇ ਦੀ ਸਾਰੀ ਜਮੀਨ ਜੀਤੇ ਦੇ ਨਾਂ ਲਗਵਾਏਗਾ। ਇਸ ਦੇ ਲਈ ਉਸ ਨੇ ਵਸੀਅਤ ਵੀ ਕਰਵਾ ਦਿੱਤੀ। ਕੁਝ ਦੇਰ ਪਿੱਛੋਂ ਤਾਇਆ ਮਰ ਗਿਆ ਤਾਂ ਇਹ ਧੁਖਦੀ ਅੱਗ ਇੱਕਦਮ ਭਾਂਬੜ ਬਣ ਉੱਠੀ। ਹਰਪਾਲ ਕਹਿੰਦਾ ਸੀ ਕਿ ਤਾਏ ਦੀ ਜਮੀਨ ਦੋਨਾਂ ਘਰਾਂ ਵਿਚ ਅੱਧੋ-ਅੱਧ ਵੰਡੀ ਜਾਵੇ ਜਦੋਂ ਕਿ ਜੀਤੇ ਦਾ ਕਹਿਣਾ ਸੀ ਕਿ ਉਹ ਤਾਏ ਦਾ ਗੋਦ ਲਿਆ ਪੁੱਤਰ ਹੈ ਅਤੇ ਤਾਏ ਨੇ ਜਮੀਨ ਦੀ ਵਸੀਅਤ ਵੀ ਉਸ ਦੇ ਨਾਂ ਕਰਵਾਈ ਹੈ ਇਸ ਕਰਕੇ ਤਾਏ ਦੀ ਢੇਰੀ ‘ਤੇ ਉਸੇ ਦਾ ਹੱਕ ਹੈ। ਗੱਲ ਕੋਰਟਾਂ ਕਚਿਹਰੀਆਂ ਵਿਚ ਜਾ ਪਹੁੰਚੀ। ਹਰਪਾਲ ਨੇ ਹਰ ਹੀਲਾ ਵਰਤਿਆ ਤਾਏ ਦੀ ਬਣਵਾਈ ਵਸੀਅਤ ਤੁੜਵਾਉਣ ਦਾ ਪਰ ਉਹ ਕਾਮਯਾਬ ਨਾ ਹੋ ਸਕਿਆ। ਹਰ ਕੋਰਟ ਵਿੱਚੋਂ ਕੇਸ ਉਸ ਦੇ ਉਲਟ ਹੋ ਜਾਂਦਾ ਸੀ। ਉਹ ਕੇਸ ਲੜਦਾ-ਲੜਦਾ ਦਿਲ ਸੁੱਟ ਚੁੱਕਿਆ ਸੀ ਤੇ ਢੇਰੀ ਢਾਹ ਗਿਆ ਸੀ ਕਿ ਉਦੋਂ ਨੂੰ ਪੰਜਾਬ ਵਿਚ ਖਾੜਕੂਵਾਦ ਸ਼ੁਰੂ ਹੋ ਗਿਆ। ਉਸ ਨੇ ਯੂਨੀਵਰਸਿਟੀ ਦੇ ਕਈ ਦੋਸਤਾਂ ਨਾਲ ਸਲਾਹ ਕੀਤੀ। ਇੱਕ ਚੱਕਵੀਂ ਸੋਚ ਵਾਲੇ ਦੋਸਤ ਨੇ ਉਸ ਨੂੰ ਸਲਾਹ ਦਿੱਤੀ ਕਿ ਕਿਸੇ ਖਾੜਕੂ ਜਥੇਬੰਦੀ ਨਾਲ ਕੋਈ ਲੈਣ-ਦੇਣ ਕਰਕੇ ਉਹ ਜੀਤੇ ਵਾਲਾ ਕੰਡਾ ਕਢਵਾ ਦੇਵੇ। ਫਿਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਪਹਿਲਾਂ ਤਾਂ ਹਰਪਾਲ ਦੀ ਜਮੀਰ ਇਸ ਲਈ ਨਾ ਮੰਨੀ। ਫਿਰ ਜਿਉ-ਜਿਉਂ ਉਹ ਇਸ ਗੱਲ ਬਾਰੇ ਸੋਚਦਾ ਗਿਆ ਤਿਉਂ-ਤਿਉਂ ਲਾਲਚ ਵਾਲਾ ਪੱਲੜਾ ਭਾਰੀ ਹੁੰਦਾ ਗਿਆ। ਉਹ ਸੋਚਣ ਲੱਗਿਆ ਕਿ ਜੇਕਰ ਕੋਈ ਹੱਲ ਨਾ ਕੱਢਿਆ ਤਾਂ ਜੀਤੇ ਹੋਰੀਂ ਦੋਨੋਂ ਭਰਾ ਚਾਲ੍ਹੀ ਕਿੱਲਿਆਂ ਦੇ ਮਾਲਕ ਬਣ ਜਾਣਗੇ ਤੇ ਉਸ ਦੇ ਪਰਿਵਾਰ ਵਿਚ ਸਿਰਫ ਵੀਹ ਕਿੱਲੇ ਰਹਿ ਜਾਣਗੇ। ਆਖਰ ਉਸ ਨੇ ਇਹ ਕਦਮ ਚੁੱਕਣ ਦਾ ਫੈਸਲਾ ਕਰ ਲਿਆ। ਉਸ ਨੇ ਇੱਧਰ-ਉੱਧਰ ਹੱਥ ਪੈਰ ਮਾਰਦਿਆਂ ਕਈ ਖਾੜਕੂ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਧਰੇ ਕੰਮ ਨਾ ਬਣਿਆ। ਇਸ ਤੋਰੇ-ਫੇਰੇ ਦਰਮਿਆਨ, ਉਸ ਦੀ ਖਾੜਕੂਆਂ ਨਾਲ ਸੰਬੰਧ ਰੱਖਣ ਵਾਲੇ ਤਲਵੰਡੀ ਸਾਬੋ ਦੇ ਇੱਕ ਮੁੰਡੇ ਬਿੱਲੂ ਨਾਲ ਜਾਣ-ਪਛਾਣ ਹੋ ਗਈ। ਥੋੜ੍ਹਾ ਖੁੱਲ੍ਹ ਜਾਣ ‘ਤੇ ਉਸ ਨੇ ਇੱਕ ਦਿਨ ਬਿੱਲੂ ਨੂੰ ਆਪਣੀ ਸਮੱਸਿਆ ਦੱਸੀ। ਬਿੱਲੂ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਬੋਲਿਆ, ‘ਕੰਮ ਤਾਂ ਬਾਈ ਤੇਰਾ ਮੈਂ ਕਰਵਾ ਦੇਊਂਗਾ ਪਰ ਜੀਤੇ ਭਲਵਾਨ ਲਈ ਬਹਾਨਾ ਕੀ ਬਣੂੰਗਾ, ਕਿ ਉਸ ਨੂੰ ਖਾੜਕੂਆਂ ਨੇ ਕਿਉਂ ਮਾਰ ਮੁਕਾਇਆ?’
‘ਉਸ ਨੇ ਕਈ ਸਾਲ ਪਹਿਲਾਂ ਅੰਮ੍ਰਿਤ ਛਕਿਆ ਸੀ। ਫਿਰ ਜਦੋਂ ਉਹ ਖੇਤੀਬਾੜੀ ਵਿਚ ਪੈ ਗਿਆ ਤਾਂ ਹੌਲੀ-ਹੌਲੀ ਉਸ ਅੰਮ੍ਰਿਤ ਵਾਲੇ ਜੋਸ਼ ਤੋਂ ਦੂਰ ਹੋ ਗਿਆ। ਹੁਣ ਉਸ ਨੇ ਅੰਮ੍ਰਿਤਧਾਰੀਆਂ ਵਾਲਾ ਬਾਣਾ ਤਿਆਗ ਦਿੱਤਾ ਐ ਅਤੇ ਨਾਲ ਈ ਸ਼ਰਾਬ ਬਗੈਰਾ ਵੀ ਪੀਂਦਾ ਐ। ਤੇ ਅੱਜਕੱਲ੍ਹ ਹਰ ਰੋਜ ਸੁਣ ਰਹੇ ਆਂ ਕਿ ਕਿਤੇ ਨਾ ਕਿਤੇ ਖਾੜਕੂ ਅੰਮ੍ਰਿਤ ਤੋਂ ਭੱਜਣ ਵਾਲਿਆਂ ਨੂੰ ਸਜਾਵਾਂ ਦੇ ਰਹੇ ਨੇ।’
‘ਉਹ ਸਜਾਵਾਂ ਸਿਰਫ ਕੁੱਟ-ਮਾਰ ਤਕ ਈ ਸੀਮਤ ਹੁੰਦੀਆਂ ਨੇ ਪਰ ਚੱਲ ਆ ਭਾਈ ਜੀ ਕੋਲ ਚੱਲੀਏ। ਉਹੀ ਕੋਈ ਹੱਲ ਦੱਸੂਗਾ।’ ਬਿੱਲੂ ਨੇ ਉਸ ਨੂੰ ਨਾਲ ਤੋਰ ਲਿਆ ਤੇ ਉਹ ਤਲਵੰਡੀ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ। ਉੱਥੇ ਹੀ ਉਨ੍ਹਾਂ ਨੂੰ ਪਰਕਰਮਾ ਵਿਚ ਭਾਈ ਜੀ ਨਾਂ ਦਾ ਬੰਦਾ ਮਿਲ ਗਿਆ। ਭਾਈ ਜੀ ਨੇ ਐਨਕਾਂ ਲਾ ਕੇ ਤੇ ਢਾਠੀ ਬੰਨ੍ਹਣ ਦੇ ਬਹਾਨੇ ਮੂੰਹ ਢੱਕਿਆ ਹੋਇਆ ਸੀ। ਬਿੱਲੂ ਨੇ ਦੱਸਿਆ ਸੀ ਕਿ ਉਹ ਖਾੜਕੂਆਂ ਦਾ ਖਾਸ ਸੂਤਰ ਹੈ। ਭਾਈ ਜੀ ਨੂੰ ਬਿੱਲੂ ਨੇ ਅੱਧੀ ਕੁ ਗੱਲ ਤਾਂ ਪਹਿਲਾਂ ਹੀ ਦੱਸੀ ਹੋਈ ਸੀ, ਬਾਕੀ ਹੁਣ ਦੱਸ ਦਿੱਤੀ। ਨਾਲ ਹੀ ਬਿੱਲੂ ਨੇ ਹਰਪਾਲ ਨੂੰ ਭਾਈ ਜੀ ਦੀ ਫੀਸ ਬਾਰੇ ਦੱਸ ਦਿੱਤਾ। ਹਰਪਾਲ ਨੇ ਸੋਚਿਆ ਕਿ ਚਲੋ ਇੱਕ ਕਿੱਲੇ ਦੀ ਕੀਮਤ ਇਸ ਨੂੰ ਦੇ ਦਿਆਂਗੇ ਫਿਰ ਵੀ ਪਿੱਛੇ ਬਹੁਤ ਬਚਦਾ ਹੈ। ਗੱਲਬਾਤ ਤੈਅ ਹੋਣ ’ਤੇ ਭਾਈ ਜੀ ਬੋਲਿਆ, ‘ਤੇਰੇ ਇਸ ਜੀਤੇ ਭਲਵਾਨ ਨੂੰ ਖਤਮ ਕਰਨ ਲਈ ਖਾੜਕੂਆਂ ਕੋਲ ਕੋਈ ਵਧੀਆ ਕਾਰਨ ਨਹੀਂ ਐ। ਇਸ ਕਰਕੇ ਹੋ ਸਕਦਾ ਐ ਕਿ ਪਿੱਛੋਂ ਪੁਲਿਸ ਦੇ ਸ਼ੱਕ ਦੀ ਸੂਈ ਤੇਰੇ ‘ਤੇ ਆ ਪਵੇ।’

‘ਇਸ ਦੇ ਲਈ ਫਿਰ ਕੀ ਕਰੀਏ?’ ਹਰਪਾਲ ਫਿਕਰਮੰਦ ਹੋਇਆ। ‘ਪਿੰਡ ਵਿੱਚੋਂ ਕੋਈ ਹੋਰ ਬੰਦਾ ਭਾਲ ਜਿਹੜਾ ਇਸ ਐਕਸ਼ਨ ਵਿਚ ਸ਼ਾਮਲ ਕੀਤਾ ਜਾ ਸਕੇ।’
ਹਰਪਾਲ ਸੋਚਣ ਲੱਗਿਆ ਪਰ ਉਸ ਨੂੰ ਕੋਈ ਗੱਲ ਨਾ ਅਹੁੜੀ। ਭਾਈ ਜੀ ਪਲ ਭਰ ਉਸ ਵੱਲ ਵੇਖਦਾ ਰਿਹਾ ਤੇ ਫਿਰ ਆਪ ਹੀ ਬੋਲਿਆ, ‘ਪਿੰਡ ਵਿਚ ਕੋਈ ਮੁਖਬਰ-ਸੁਖਬਰ ਨ੍ਹੀਂ ਐ। ਉਹ ਅਜਿਹੇ ਐਕਸਨਾਂ ਵਿਚ ਵਧੀਆ ਫਿੱਟ ਹੁੰਦੇ ਐ।’ ‘ਹੁੰਦਾ ਸੀ ਜੀ ਇੱਕ ਅਮਲੀ ਜਿਹਾ। ਪਰ ਹੁਣ ਤਾਂ ਉਹ ਕਾਫੀ ਦੇਰ ਤੋਂ ਇਹ ਕੰਮ ਛੱਡ ਗਿਆ ਐ।’
‘ਬੱਸ ਉਹੀ ਠੀਕ ਐ। ਉਸ ਦਾ ਨਾਂ ਬਗੈਰਾ ਬਿੱਲੂ ਨੂੰ ਲਿਖਾ ਦੇ। ਬਾਕੀ ਕੰਮ ਪ੍ਰਧਾਨ ਜੀ ਵੇਖਣਗੇ। ਮੈਂ ਉਨ੍ਹਾਂ ਨੂੰ ਤੇਰਾ ਕੇਸ ਸਮਝਾ ਦਿਆਂਗਾ।’ ਇੰਨਾ ਕਹਿੰਦਿਆਂ ਭਾਈ ਜੀ ਨੇ ਬਿੱਲੂ ਦੇ ਕੰਨ ਵਿਚ ਪ੍ਰਧਾਨ ਬਾਰੇ ਕੋਈ ਗੱਲ ਕੀਤੀ ਤੇ ਤੁਰਦਾ ਬਣਿਆ। ਹਰਪਾਲ ਸਮਝ ਗਿਆ ਕਿ ਪ੍ਰਧਾਨ ਕੋਈ ਅਗਲਾ ਸੂਤਰ ਹੈ। ਉਸ ਨੇ ਨਿਰਾਸੇ ਜਿਹੇ ਨੇ ਬਿੱਲੂ ਵੱਲ ਵੇਖਦਿਆਂ ਪੁੱਛਿਆ ਕਿ ਹੁਣ ਕੀ ਕਰੀਏ? ਉਸ ਨੂੰ ਫਿਕਰ ਸੀ ਕਿ ਗੱਲ ਤਾਂ ਲੰਬੀ ਹੁੰਦੀ ਜਾ ਰਹੀ ਹੈ ਤੇ ਐਕਸ਼ਨ ਦਾ ਅਜੇ ਤਕ ਕੋਈ ਮੂੰਹ-ਸਿਰ ਨਹੀਂ ਬਣ ਰਿਹਾ। ਬਿੱਲੂ ਉਸ ਨੂੰ ਅਗਲੇ ਦਿਨ ਸੂਲੀਸਰ ਦੇ ਗੁਰਦੁਆਰੇ ਵਿਚ ਮਿਲਣ ਦਾ ਕਹਿ ਕੇ ਬੱਸ ਚੜ੍ਹ ਗਿਆ। ਅਗਲੇ ਦਿਨ ਹਰਪਾਲ ਸੂਲੀਸਰ ਜਾ ਪਹੁੰਚਿਆ। ਗੁਰਦੁਆਰੇ ਦੇ ਬਾਹਰ ਹੀ ਉਸ ਨੂੰ ਬਿੱਲੂ ਮਿਲ ਗਿਆ। ਉਹ ਹਰਪਾਲ ਨੂੰ ਕਿਸੇ ਦੇ ਘਰੇ ਲੈ ਗਿਆ। ਅੱਗੇ ਮੂੰਹ-ਸਿਰ ਲਪੇਟੀ ਪ੍ਰਧਾਨ ਬੈਠਾ ਹੋਇਆ ਸੀ। ਪ੍ਰਧਾਨ ਨੇ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਬਿੱਲੂ ਨੇ ਸਾਰੀ ਗੱਲਬਾਤ ਉਸ ਨੂੰ ਦੱਸ ਦਿੱਤੀ ਹੈ। ਬਿੱਲੂ ਦੇ ਇਸ਼ਾਰਾ ਕਰਨ ‘ਤੇ ਹਰਪਾਲ ਨੇ ਪ੍ਰਧਾਨ ਦੀ ਫੀਸ ਕੱਢ ਕੇ ਉਸ ਨੂੰ ਫੜਾ ਦਿੱਤੀ। ਉਸ ਨੇ ਮਨ ਵਿਚ ਸੋਚਿਆ ਕਿ ਚਲੋ ਇੱਕ ਕਿੱਲਾ ਹੋਰ ਗਿਆ। ਪਿੱਛੇ ਫਿਰ ਵੀ ਅਠਾਰਾਂ ਬਚਦੇ ਹਨ। ਕੁਝ ਸੋਚਦਿਆਂ ਪ੍ਰਧਾਨ ਨੇ ਹਰਪਾਲ ਵੱਲ ਵੇਖਿਆ ਤੇ ਗੱਲ ਸ਼ੁਰੂ ਕੀਤੀ, ‘ਮੈਨੂੰ ਲੱਗਦਾ ਐ ਕਿ ਇਹ ਐਕਸ਼ਨ ਮਜਬੂਤ ਨਹੀਂ ਬਣਦਾ।’

‘ਜੀ ਉਹ ਕਿਵੇਂ?’ ‘ਵੇਖ ਤੂੰ ਹੁਣ ਤਕ ਜੋ ਬੰਦੇ ਇਸ ਐਕਸ਼ਨ ਵਿਚ ਸ਼ਾਮਲ ਕੀਤੇ ਐ, ਮੇਰਾ ਮਤਲਬ ਜੀਤਾ ਅਤੇ ਅਮਲੀ ਮੁਖਬਰ, ਇਹ ਦੋਨੋਂ ਈ ਕੋਈ ਵੱਡਾ ਕਾਰਨ ਨਹੀਂ ਬਣਦੇ ਖਾੜਕੂਆਂ ਦੇ ਮਾਰਨ ਲਈ। ਮੇਰਾ ਮਤਲਬ …’ ‘ਨ੍ਹੀਂ ਜੀ ਕਾਫੀ ਨੇ।’ ਹਰਪਾਲ ਉਸ ਦੀ ਗੱਲ ਦੇ ਵਿਚਕਾਰ ਹੀ ਬੋਲਿਆ। ‘ਵੇਖ ਲੈ ਸਾਡਾ ਤਾਂ ਕੁਛ ਨ੍ਹੀਂ ਜਾਣਾ ਪਰ ਜੇ ਸ਼ੱਕ ਹੋ ਗਿਆ ਤਾਂ ਪੁਲਿਸ ਪਿੱਛੋਂ ਤੈਨੂੰ ਖਿੱਚੀ ਫਿਰੂ। ਇਸੇ ਕਰਕੇ ਕਹਿਨਾ ਕਿ …।’ ਗੱਲ ਵਿਚਕਾਰ ਛੱਡਦਾ ਪ੍ਰਧਾਨ ਕੁਝ ਸੋਚਣ ਲੱਗਿਆ। ਉਸ ਦੇ ਮਨ ਵਿਚ ਕੁਝ ਸੁੱਝਿਆ ਤੇ ਉਹ ਬੋਲਿਆ, ‘ਪਿੰਡ ਵਿਚ ਕੋਈ ਖਰਾਬ ਔਰਤ ਨ੍ਹੀਂ? ਮੇਰਾ ਮਤਲਬ ਜਿਹੜੀ ਬਦਚਲਣੀ ਲਈ ਮਸ਼ਹੂਰ ਹੋਵੇ।’ ‘ਜੀ ਅਜਿਹੀ ਤਾਂ ਮੇਰੇ ਪਿੰਡ ਕੋਈ ਵੀ ਨ੍ਹੀਂ ਐ।’ ‘ਉਏ ਕੋਈ ਦਾਈ-ਸ਼ਾਈ ਤਾਂ ਹੋਊਗੀ ਈ, ਜਿਹੜੀ ਦਾਈਪੁਣੇ ਦਾ ਕੰਮ ਕਰਨ ਹਰ ਰੋਜ ਬਾਹਰ ਜਾਂਦੀ-ਆਉਂਦੀ ਹੋਵੇ। ਅਜਿਹੀਆਂ ਆਮ ਤੌਰ ’ਤੇ ਸ਼ੱਕ ਦੇ ਘੇਰੇ ਵਿਚ ਆ ਜਾਂਦੀਆਂ ਹੁੰਦੀਆਂ ਨੇ।’ ‘ਹਾਂ ਜੀ, ਉਹ ਤਾਂ ਇੱਕ ਹੈ। ਮਹਿਰਿਆਂ ਦੀ ਨੂੰਹ ਦਾਈ ਦਾ ਕੰਮ ਕਰਦੀ ਐ।’ ‘ਚੱਲ ਠੀਕ ਐ। ਅੱਛਾ ਹੋਰ ਕੋਈ ਘਰ ਦੀ ਸ਼ਰਾਬ ਕੱਢ ਕੇ ਵੇਚਦਾ ਹੋਵੇ?’ ਪ੍ਰਧਾਨ ਨੇ ਫਿਰ ਪੁੱਛਿਆ। ‘ਘਰ ਦੀ ਕੱਢ ਕੇ ਤਾਂ ਕੋਈ ਨ੍ਹੀਂ ਵੇਚਦਾ ਪਰ ਇੱਕ ਗਿੰਦਾ ਨਾਂ ਦਾ ਵਿਅਕਤੀ ਨੇੜਲੇ ਪਿੰਡ ਦੇ ਠੇਕੇ ਤੋਂ ਸ਼ਰਾਬ ਦਾ ਡੱਬਾ ਲਿਆ ਕੇ ਪਿੰਡ ਵਿਚ ਸ਼ਰਾਬ ਵੇਚਦਾ ਐ।’ ‘ਬੱਸ ਬੱਸ ਬਣ ਗਿਆ ਕੰਮ। ਤੂੰ ਦਾਈ ਦਾ ਤੇ ਇਸ ਗਿੰਦੇ ਦਾ ਪਤਾ-ਸਤਾ ਬਿੱਲੂ ਨੂੰ ਨੋਟ ਕਰਵਾ ਦੇ। ਅੱਗੇ ਤੈਨੂੰ ਇਹੀ ਦੱਸੂਗਾ ਕਿ ਕੀ ਕਰਨਾ ਐ।’ ਇੰਨਾ ਕਹਿ ਕੇ ਪ੍ਰਧਾਨ ਤੁਰਦਾ ਬਣਿਆ।
ਹਰਪਾਲ ਉਲਝਿਆ ਜਿਹਾ ਬਿੱਲੂ ਵੱਲ ਝਾਕਿਆ। ਉਸ ਦਾ ਮਤਲਬ ਸੀ ਕਿ ਗੱਲ ਤਾਂ ਅਜੇ ਵੀ ਕਿਸੇ ਰਾਹ ਨਹੀਂ ਪਈ। ਪਰ ਬਿੱਲੂ ਨੇ ਉਸ ਨੂੰ ਭਰੋਸਾ ਦਿੱਤਾ ਕਿ ਬੱਸ ਹੁਣ ਆਖਰੀ ਬੰਦੇ ਨੂੰ ਮਿਲਣੈ, ਜਿਸ ਨੇ ਅਸਲ ਵਿਚ ਐਕਸ਼ਨ ਕਰਨਾ ਹੈ। ਦੋ ਦਿਨਾਂ ਨੂੰ ਮਿਲਣ ਦਾ ਕਹਿ ਕੇ ਉਹ ਆਪੋ-ਆਪਣੇ ਰਾਹ ਪੈ ਗਏ। ਤੀਸਰੇ ਦਿਨ ਹਰਪਾਲ ਬੱਸ ਰਾਹੀਂ ਮੁਕਤਸਰ ਪਹੁੰਚਿਆ। ਉੱਥੇ ਉਸ ਨੂੰ ਬਿੱਲੂ ਪਹਿਲਾਂ ਹੀ ਉਡੀਕ ਰਿਹਾ ਸੀ। ਉਹ ਬੱਸ ਅੱਡੇ ਦੇ ਬਾਹਰ ਕਿਸੇ ਚਾਹ ਵਾਲੀ ਦੁਕਾਨ ਵਿਚ ਮਿਲ ਪਏ। ਉੱਥੋਂ ਉਹ ਨਹਿਰੀ ਕਾਲੋਨੀ ਪਹੁੰਚੇ। ਬਿੱਲੂ ਨੇ ਉੱਥੇ ਐਕਸੀਅਨ ਦੇ ਚਪੜਾਸੀ ਨਾਲ ਗੱਲਬਾਤ ਕੀਤੀ। ਗੱਲ ਕਰਕੇ ਉਹ ਵਾਪਸ ਮੁੜਿਆ ਤਾਂ ਹਰਖਿਆ ਜਿਹਾ ਸੀ। ਅੱਗੇ ਖੜ੍ਹੇ ਹਰਪਾਲ ਨੇ ਉਸ ਨੂੰ ਪੁੱਛਿਆ ਕਿ ਕੀ ਬਣਿਆਂ। ਬਿੱਲੂ ਰੁੱਖਾ ਜਿਹਾ ਬੋਲਿਆ, ਕੱਲ੍ਹ ਵਾਲੇ ਵੱਡੇ ਐਕਸ਼ਨ ਕਰਕੇ ਉਹ ਆਪਣਾ ਪੁਰਾਣਾ ਅੱਡਾ ਛੱਡ ਗਏ ਨੇ।’
‘ਕੱਲ੍ਹ ਵਾਲਾ ਕਿਹੜਾ?’ ‘ਉਏ ਯਾਰ ਉਹੀ ਜਿਸ ’ਚ ਕਾਫੀ ਸਾਰੇ ਕਾਮਰੇਡ ਮਾਰੇ ਗਏ ਐ।’
ਹਰਪਾਲ ਨੂੰ ਸਵੇਰ ਵੇਲੇ ਅਖਬਾਰ ਵਿਚ ਪੜ੍ਹੀ ਖਬਰ ਯਾਦ ਆਈ ਕਿ ਕਾਮਰੇਡਾਂ ਨੇ ਖਾੜਕੂਆਂ ਨੂੰ ਚੈਲਿੰਜ ਕਰਕੇ ਆਪਣੀ ਕਾਨਫਰੰਸ ਰੱਖੀ ਹੋਈ ਸੀ। ਜਦੋਂ ਕਾਨਫਰੰਸ ਚੱਲ ਰਹੀ ਸੀ ਤਾਂ ਉਦੋਂ ਹੀ ਖਾੜਕੂਆਂ ਦਾ ਵੱਡਾ ਗਰੁੱਪ ਆਇਆ ਤੇ ਅੰਧਾਧੁੰਦ ਫਾਇਰਿੰਗ ਕਰਦਿਆਂ ਦਰਜਣ ਤੋਂ ਵੀ ਉੱਪਰ ਕਾਮਰੇਡ ਮਾਰ ਮੁਕਾਏ। ਉਹ ਸੋਚਣ ਲੱਗਿਆ ਕਿ ਖਾੜਕੂਆਂ ਦਾ ਇਹੀ ਜੱਥਾ ਹੋਣਾ ਐ ਜੋ ਉਸ ਦਾ ਕੰਮ ਕਰੂਗਾ। ਉਸ ਨੇ ਬਿੱਲੂ ਨੂੰ ਯਾਦ ਕਰਵਾਇਆ ਕਿ ਉਸ ਦੀ ਕੋਰਟ ਦੀ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ। ਬਿੱਲੂ ਨੇ ਉਸ ਨੂੰ ਇਹ ਕਹਿੰਦਿਆਂ ਤੋਰ ਦਿੱਤਾ ਕਿ ਹੁਣ ਉਹ ਪੱਕਾ ਪਤਾ ਕਰਕੇ ਉਸ ਦੇ ਪਿੰਡ ਆਊਗਾ। ਤੀਸਰੇ ਦਿਨ ਬਿੱਲੂ, ਹਰਪਾਲ ਦੇ ਪਿੰਡ ਆਇਆ। ਅਗਲੇ ਦਿਨ ਉਹ ਸਕੂਟਰ ’ਤੇ ਚੱਲ ਪਏ। ਲੰਬਾ ਸਫਰ ਤੈਅ ਕਰਕੇ ਉਹ ਮੁਕਤਸਰ ਦੇ ਦੋਦਾ ਪਿੰਡ ਪਹੁੰਚੇ। ਅੱਡੇ ’ਤੇ ਸਕੂਟਰ ਰੁਕਵਾ ਕੇ ਬਿੱਲੂ ਨੇ ਕਿਸੇ ਚਾਹ ਵਾਲੇ ਖੋਖੇ ਦੇ ਮਾਲਕ ਨਾਲ ਜਰਾ ਕੁ ਗੱਲ ਕੀਤੀ ਤੇ ਫਿਰ ਅੱਗੇ ਤੁਰ ਪਏ। ਅਗਾਂਹ ਭੁੱਲਰਾਂ ਦਾ ਅੱਡਾ ਲੰਘਣ ਸਾਰ ਉਹ ਪੱਕੀਆਂ ਨਹਿਰਾਂ ਦੀ ਪਟੜੀ ਪੈ ਗਏ। ਹੌਲੀ-ਹੌਲੀ ਜਾਂਦੇ ਉਹ ਬੀਹ ਕੁ ਮਿੰਟ ਬਾਅਦ ਸੋਥਾ ਪਿੰਡ ਦੀ ਜੂਹ ਵਿਚ ਪਹੁੰਚ ਗਏ। ਅੱਗੇ ਉਜਾੜ ਜਿਹੇ ਵਿਚ ਜਾ ਕੇ ਉਨ੍ਹਾਂ ਸਕੂਟਰ ਨਹਿਰ ਦੇ ਖਤਾਨਾਂ ਵਿਚ ਖੜ੍ਹਾ ਕੀਤਾ ਤੇ ਤੁਰ ਕੇ ਦੋ ਕਿਲੋਮੀਟਰ ਖੇਤਾਂ ਦੇ ਵਿੱਚ ਗਏ। ਅੱਗੇ ਕਮਾਦ ਦਾ ਵੱਡਾ ਖੇਤ ਤੇ ਨੇੜੇ ਕੋਠਾ ਸੀ। ਬਿੱਲੂ ਉਸ ਨੂੰ ਪਿਛਾਂਹ ਛੱਡ ਕੇ ਪਹਿਲਾਂ ਇਕੱਲਾ ਅਗਾਂਹ ਗਿਆ। ਫਿਰ ਵਾਪਸ ਆ ਕੇ ਉਸ ਨੂੰ ਨਾਲ ਲੈ ਕੇ ਕੋਠੇ ਕੋਲ ਪਹੁੰਚਿਆ। ਹਰਪਾਲ ਨੇ ਵੇਖਿਆ ਕਿ ਬਾਹਰ ਚਾਰ ਜਣੇ, ਏ ਕੇ ਸੰਤਾਲੀ ਹੱਥਾਂ ਵਿਚ ਫੜੀ ਪਹਿਰਾ ਦੇ ਰਹੇ ਸਨ। ਕੋਠੇ ਦੇ ਮੂਹਰੇ ਕੋਈ ਜਣਾ ਪੂਰਾ ਮੂੰਹ ਢੱਕੀ ਮੰਜੇ ‘ਤੇ ਬੈਠਾ ਹੋਇਆ ਸੀ। ਹਰਪਾਲ ਸਮਝ ਗਿਆ ਕਿ ਇਹ ਹੀ ਅਸਲੀ ਆਦਮੀ ਹੈ ਜਿਸ ਨੇ ਐਕਸ਼ਨ ਕਰਨਾ ਹੋਊ। ਉਸ ਨੇ ਹੱਥ ਜੋੜ ਕੇ ਫਤਹਿ ਬੁਲਾਈ।
‘ਭਾਈ ਜੀ ਤੇ ਪ੍ਰਧਾਨ ਨੇ ਸਕੀਮ ਤਾਂ ਵਧੀਆ ਬਣਾ ਦਿੱਤੀ ਐ। ਬੱਸ ਹੁਣ ਐਕਸ਼ਨ ਕਰਨਾ ਈ ਬਾਕੀ ਐ। ਸਾਡਾ ਬੰਦਾ ਤੇਰੇ ਪਿੰਡ ਆਊਗਾ। ਆਪਣੇ ਢੰਗ ਨਾਲ ਸਾਰੇ ਕੰਮ ਦੀ ਨਿਸ਼ਾਨ-ਦੇਹੀ ਕਰੂਗਾ। ਨਾਲੇ ਰਹਿੰਦੇ ਪੈਸੇ ਵੀ ਲੈ ਆਊਗਾ।’ ਮੰਜੇ ’ਤੇ ਬੈਠਾ ਬੰਦਾ ਬੋਲਿਆ।
ਪੈਸੇ ਕਿੰਨੇ ਕੁ ਹੋਰ ਜੀ?’ ਹਰਪਾਲ ਡਰਦਾ-ਡਰਦਾ ਬੋਲਿਆ।
‘ਤੈਨੂੰ ਪਹਿਲਾਂ ਕਿਸੇ ਨੇ ਦੱਸਿਆ ਨ੍ਹੀਂ? ਅਸੀਂ ਜਮੀਨਾਂ ਵਾਲੇ ਕੇਸਾਂ ਵਿਚ ਅੱਧ ਲੈਨੇ ਹੁੰਨੇ ਆਂ। ਤੇਰੀ ਕੁਲ ਬੀਹ ਕਿੱਲੇ ਜਮੀਨ ਦਾ ਝਗੜਾ ਐ ਜਿਸ ਦਾ ਅੱਧ ਦਸ ਕਿੱਲੇ ਬਣਦਾ ਐ। ਦੋ ਕੁ ਦੇ ਪੈਸੇ ਤੇਰੇ ਆ ਚੁੱਕੇ ਨੇ। ਰਹਿੰਦੇ ਅੱਠ ਕਿੱਲਿਆਂ ਦੇ ਪੈਸੇ ਦੇ ਦੇਈਂ ਤੇ ਉਸ ਦੇ ਅਗਲੇ ਹਫਤੇ ਤੇਰਾ ਕੰਮ ਫਤਹਿ ਹੋਜੂਗਾ। ਨਾਲੇ ਇਹ ਗੱਲ ਯਾਦ ਰੱਖੀਂ ਕਿ ਜਿਹੜਾ ਦਿਨ ਸਾਡਾ ਬੰਦਾ ਤੈਨੂੰ ਦੱਸ ਕੇ ਆਊਗਾ ਉਸ ਤੋਂ ਦੋ ਦਿਨ ਪਹਿਲਾਂ ਤੂੰ ਪਿੰਡ ਛੱਡ ਜਾਈਂ। ਮੁੜ ਕੇ ਦੋ-ਚਾਰ ਮਹੀਨੇ ਆਸੇ-ਪਾਸੇ ਰਹੀਂ। ਸਾਰਾ ਕੁਝ ਵੇਖ-ਵਿਚਾਰ ਕੇ ਈ ਵਾਪਸ ਪਿੰਡ ਆਈਂ।’
‘ਜੀ ਠੀਕ ਐ।’ ਹਰਪਾਲ ਗੱਲ ਮੁਕਾ ਕੇ ਬਿੱਲੂ ਨਾਲ ਤੁਰ ਪਿਆ। ਅਜੇ ਉਹ ਦਸ ਕੁ ਕਰਮਾਂ ਹੀ ਗਏ ਹੋਣਗੇ ਕਿ ਲੀਡਰ ਨੇ ਉਸ ਨੂੰ ਆਵਾਜ ਮਾਰੀ। ਉਹ ਵਾਪਸ ਮੁੜ ਕੇ ਕੋਲ ਪਹੁੰਚਿਆ ਤਾਂ ਲੀਡਰ ਬੋਲਿਆ, ‘ਉਏ ਯਾਰ ਤੇਰੇ ਪਿੰਡ ਕੋਈ ਕਾਮਰੇਡ-ਸ਼ਾਮਰੇਡ ਨ੍ਹੀਂ ਐ?’
‘ਹਾਂ ਜੀ ਹੈਗਾ, ਮਾਸਟਰ ਐ। ਅਸਲ ਵਿਚ ਦੋਨੋਂ ਮੀਆਂ-ਬੀਵੀ ਈ ਮਾਸਟਰ ਨੇ। ਪਿੰਡ ਦੇ ਸਕੂਲ ਵਿਚ ਈ ਲੱਗੇ ਹੋਏ ਨੇ। ਪਰ ਉਹ ਤਾਂ ਬਹੁਤ ਚੰਗੇ ਬੰਦੇ ਨੇ ਜੀ।’ ਲੀਡਰ ਨੇ ਉਸ ਦੀ ਗੱਲ ਵੱਲ ਧਿਆਨ ਦਿੱਤੇ ਬਿਨਾਂ ਕਾਮਰੇਡ ਦਾ ਨਾਂ ਪੁੱਛਿਆ ਤਾਂ ਹਰਪਾਲ ਨੇ ਦੱਸ ਦਿੱਤਾ ਕਿ ਕਾਮਰੇਡ ਨੂੰ ਲਹਿਣਾ ਕਾਮਰੇਡ ਕਹਿੰਦੇ ਨੇ। ਲੀਡਰ ਨੇ ਆਪਣੇ ਬੰਦੇ ਨੂੰ ਇਹ ਨਾਂ ਲਿਖ ਲੈਣ ਨੂੰ ਕਿਹਾ। ਫਿਰ ਉਹ ਆਪ ਮੁਹਾਰਾ ਹੀ ਬੋਲਿਆ, ‘ਮੈਨੂੰ ਇਨ੍ਹਾਂ ਕਾਮਰੇਡਾਂ ਤੋਂ ਬੜੀ ਚਿੜ੍ਹ ਐ। ਇਸ ਵੇਲੇ ਸਾਰਾ ਪੰਜਾਬ ਸਾਥੋ ਥਰ-ਥਰ ਕੰਬਦਾ ਐ। ਇੱਕ ਇਹ ਨੇ ਕਿ ਟਿਕ ਕੇ ਨ੍ਹੀਂ ਬੈਠ ਸਕਦੇ। ਰੋਜ ਈ ਕਿਧਰੇ ਨਾ ਕਿਧਰੇ ਜਲੂਸੜੀਆਂ ਜਿਹੀਆਂ ਕੱਢਦੇ ਰਹਿੰਦੇ ਐ। ਸਰਕਾਰ ਵੱਲ ਵੀ ਵੇਖੋ। ਦੇ ਕੇ ਇੱਕਹਿਰੀ ਨਾਲ ਦੀਆਂ ਬੰਦੂਕਾਂ ਇਨ੍ਹਾਂ ਨੂੰ ਸਾਡੇ ਨਾਲ ਲੜਨ ਲਈ ਪ੍ਰੇਰਦੀ ਐ। ਸਾਡਾ ਮੁਕਾਬਲਾ ਕਰਨਗੇ ਇਹ ਕਾਗਜੀ ਸ਼ੇਰ! ਉਏ ਅਸੀਂ ਗੁਰੂ ਦੇ ਅਸਲੀ ਸਿੰਘ। ਅੱਜ ਇੱਥੇ ਸਾਡਾ ਰਾਜ ਐ। ਕਿਸੇ ਹੋਰ ਨੂੰ ਅਸੀਂ ਉੱਚੀ ਸਾਹ ਵੀ ਨ੍ਹੀਂ ਲੈਣ ਦੇਣਾ। ਚੰਗਾ ਚੱਲ ਜਾ ਫਿਰ। ਮਿਲਾਂਗੇ ਤੇਰੇ ਇਸ ਲਹਿਣੇ ਕਾਮਰੇਡ ਨੂੰ ਵੀ।’
ਹਰਪਾਲ ਦਾ ਜੀਅ ਹੋਰੂੰ ਜਿਹਾ ਹੋ ਗਿਆ। ਪਰ ਜਦੋਂ ਤਕ ਉਹ ਤੇ ਬਿੱਲੂ ਸਕੂਟਰ ਕੋਲ ਪਹੁੰਚੇ ਤਾਂ ਉਹ ਸਾਵਾਂ ਹੋ ਚੁੱਕਿਆ ਸੀ। ਪਰ ਉਸ ਨੂੰ ਇਹ ਬੁਰਾ ਲੱਗਿਆ ਕਿ ਜਮੀਨ ਦਾ ਅੱਧ ਤਾਂ ਇਹ ਲੈ ਗਏ। ਫਿਰ ਹੌਲੀ-ਹੌਲੀ ਉਸ ਨੇ ਇਹ ਗੱਲ ਸੋਚ ਲਈ ਕਿ ਜਿੰਨੀ ਵੀ ਮਿਲਦੀ ਹੈ ਮੁਫਤ ਦੀ ਹੀ ਹੈ। ‘ਕਿਹੜੀਆਂ ਸੋਚਾਂ ਵਿਚ ਗੁੰਮ ਓਂ ਮਾਹਰਾਜ?’ ਬਿੱਲੂ ਨੇ ਉਸ ਦੀ ਬਿਰਤੀ ਭੰਗ ਕੀਤੀ। ‘ਉਹ ਕੁਝ ਨਹੀਂ ਯਾਰ। ਮੈਂ ਤਾਂ ਇਹ ਸੋਚਦਾ ਆ ਰਿਹਾ ਸੀ ਕਿ ਇਹ ਜਥੇਦਾਰ ਕਿਹੜੇ ਹੋਏ।’ ਹਰਪਾਲ ਨੇ ਗੱਲ ਬਦਲਦਿਆਂ ਤਰੀਕੇ ਜਿਹੇ ਨਾਲ ਖਾੜਕੂ ਲੀਡਰ ਦਾ ਨਾਂ ਪੁੱਛਿਆ। ਬਿੱਲੂ ਨੇ ਵੀ ਸੁੱਤੇ-ਸੁਭਾਅ ਹੀ ਕਹਿ ਦਿੱਤਾ, ‘ਇਹ ਐ ਬਾਈ, ਮੇਜਰ ਜਨਰਲ ਮਿਹਰ ਸਿੰਘ ਦੋਦਾ। ਇਹੀ ਉਹ ਆਦਮੀ ਐ ਜਿਸ ਦਾ ਇਸ ਵੇਲੇ ਸਾਰੇ ਮਾਲਵੇ ਵਿਚ ਡੰਕਾ ਬੋਲਦਾ ਐ।’ ‘ਇਉਂ ਲੱਗਿਆ ਜਿਵੇਂ ਪਹਿਲਾਂ ਵੀ ਇਸ ਦੀ ਤਿੱਖੀ ਜਿਹੀ ਆਵਾਜ ਕਿਧਰੇ ਸੁਣੀ ਹੁੰਦੀ ਐ।’ ਹਰਪਾਲ ਹੈਰਾਨ ਜਿਹਾ ਹੋਇਆ। ‘ਨ੍ਹੀਂ ਤੈਨੂੰ ਭੁਲੇਖਾ ਲੱਗਿਆ ਹੋਊ।’ ਇੰਨਾ ਕਹਿੰਦਿਆਂ ਬਿੱਲੂ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਉਹ ਵਾਪਸ ਮੁੜ ਪਏ।
ਉਸ ਦਿਨ ਦੇਰ ਰਾਤ ਹਰਪਾਲ ਪਿੰਡ ਪਹੁੰਚਿਆ। ਇਸ ਦੇ ਤੀਸਰੇ ਦਿਨ ਕੋਈ ਸਾਈਕਲ ‘ਤੇ ਸਬਜੀ ਵੇਚਣ ਵਾਲਾ ਮਰੀਅਲ ਜਿਹਾ ਬੰਦਾ ਆਇਆ ਜਿਹੜਾ ਤਰੀਕੇ ਜਿਹੇ ਨਾਲ ਪਿੰਡ ਵਿਚ ਸਬਜੀ ਵੇਚਦਾ ਸਾਰਿਆਂ ਦੇ ਘਰ ਵੇਖ ਗਿਆ। ਕਾਮਰੇਡ ਲਹਿਣੇ ਦਾ ਘਰ ਉਸ ਨੇ ਪੂਰੇ ਗੌਹ ਨਾਲ ਵੇਖਿਆ। ਖਾੜਕੂਆਂ ਦੇ ਰਹਿੰਦੇ ਪੈਸੇ ਲੈਣ ਲਈ ਵੀ ਕਿਸੇ ਨੇ ਅੱਜ ਹੀ ਆਉਣਾ ਸੀ। ਹਰਪਾਲ ਰਾਤ ਵੇਲੇ ਬੈਠਾ ਉਸੇ ਬੰਦੇ ਨੂੰ ਉਡੀਕ ਰਿਹਾ ਸੀ। ਬੈਠੇ ਦਾ ਉਸ ਦਾ ਮਨ ਘਬਰਾ ਰਿਹਾ ਸੀ ਕਿਉਂਕਿ ਖਾੜਕੂਆਂ ਦਾ ਐਕਸ਼ਨ ਲੇਟ ਹੀ ਲੇਟ ਹੁੰਦਾ ਜਾ ਰਿਹਾ ਸੀ ਤੇ ਜਮੀਨ ਵਾਲੀ ਤਾਰੀਖ ਨੇੜੇ ਆਉਂਦੀ ਜਾ ਰਹੀ ਸੀ। ਉਦੋਂ ਹੀ ਉਸ ਦੀ ਬੀਹੀ ਵੱਲ ਪੈਂਦੀ ਬੈਠਕ ਦੀ ਖਿੜਕੀ ‘ਤੇ ਹੌਲੀ-ਹੌਲੀ ਟਿੱਕ-ਟਿੱਕ ਹੋਈ। ਉਹ ਸਮਝ ਗਿਆ ਕਿ ਖਾੜਕੂਆਂ ਦਾ ਬੰਦਾ ਪੈਸੇ ਲੈਣ ਪਹੁੰਚ ਗਿਆ ਹੈ। ਉਸ ਨੇ ਹੌਲੀ-ਦੇਣੇ ਖਿੜਕੀ ਖੋਲ੍ਹੀ ਤਾਂ ਸਾਹਮਣੇ ਬਿੱਲੂ ਖੜ੍ਹਾ ਸੀ। ਉਸ ਨੂੰ ਅੰਦਰ ਲੰਘਾਉਂਦਿਆਂ ਹਰਪਾਲ ਨੂੰ ਥੋੜ੍ਹਾ ਧਰਵਾਸ ਜਿਹਾ ਹੋਇਆ ਕਿਉਂਕਿ ਉਹ ਬਿੱਲੂ ਨਾਲ ਖੁੱਲ੍ਹਿਆ ਹੋਇਆ ਸੀ। ਅੰਦਰ ਆਉਂਦਿਆਂ ਹੀ ਬਿੱਲੂ ਬੋਲਿਆ, ‘ਮੇਰੇ ਕੋਲ ਜਿਆਦਾ ਵਕਤ ਨ੍ਹੀਂ ਐ। ਤੂੰ ਬੱਸ ਮੈਨੂੰ ਸਮਾਨ ਫੜਾ ਤੇ ਮੈਂ ਤੁਰਦਾ ਬਣਾਂ।’
ਹਰਪਾਲ ਨੇ ਪੈਸਿਆਂ ਦਾ ਭਰਿਆ ਬੈਗ ਲਿਆ ਕੇ ਉਸ ਦੇ ਸਾਹਮਣੇ ਰੱਖ ਦਿੱਤਾ। ਫਿਰ ਉਹ ਅਧੀਰ ਜਿਹਾ ਹੁੰਦਾ ਬੋਲਿਆ, ‘ਬਿੱਲੂ ਤੂੰ ਮੇਰੇ ਲਈ ਬਹੁਤ ਕੁਛ ਕੀਤਾ ਐ, ਮੈਂ ਤੇਰਾ ਦੇਣਾ ਨ੍ਹੀਂ ਦੇ ਸਕਦਾ।’ ‘ਬਾਈ ਹਰਪਾਲ ਸਿਅ੍ਹਾਂ ਅਜਿਹੀ ਗੱਲ ਨ੍ਹੀਂ ਐ। ਇੱਥੇ ਉਧਾਰ ਕਾਹਦਾ! ਮੇਰਾ ਦੇਣਾ ਤਾਂ ਤੈਨੂੰ ਦੇਣਾ ਈ ਪਊਗਾ।’
‘ਦੱਸ ਬਿੱਲੂ, ਮੈਂ ਤੇਰੀ ਕੀ ਸੇਵਾ ਕਰਾਂ ਫਿਰ?’ ਉਸ ਨੇ ਸੋਚਿਆ ਕਿ ਸ਼ਾਇਦ ਇਹ ਵੀ ਪੈਸਿਆਂ ਵਿੱਚੋਂ ਹਿੱਸਾ ਮੰਗੂਗਾ। ਪਰ ਉਸ ਦੇ ਚਿਹਰੇ ਵੱਲ ਵੇਖਦਾ ਬਿੱਲੂ ਬੋਲਿਆ, ‘ਤੇਰੇ ਪਿੰਡ ਵਾਲੀ ਲਿਸਟ ਵਿਚ ਰਤਨਪਾਲ ਨਾਂ ਇੱਕ ਬੰਦਾ ਹੋਰ ਸ਼ਾਮਲ ਕਰਨਾ ਐ।’ ‘ਪਰ ਉਸ ਦਾ ਕਸੂਰ ਕੀ ਐ?’ ‘ਕਸੂਰ ਤਾਂ ਬਹੁਤ ਵੱਡਾ ਐ ਖੈਰ ਉਹ ਕਦੇ ਫਿਰ ਦੱਸਾਂਗੇ।’ ‘ਤਾਂ ਵੀ ਯਾਰ ਕੋਈ ਪਤਾ ਤਾਂ ਲੱਗੇ।’
ਹਰਪਾਲ ਦੇ ਜੋਰ ਦੇਣ ‘ਤੇ ਬਿੱਲੂ ਨੇ ਦੱਸਿਆ ਕਿ ਉਹ ਕਾਲਜ ਪੜ੍ਹਦੀ ਕਿਸੇ ਕੁੜੀ ਨੂੰ ਪਿਆਰ ਕਰਦਾ ਹੈ। ਪਹਿਲਾਂ ਪਹਿਲਾਂ ਉਹ ਕੁੜੀ ਵੀ ਉਸ ਨਾਲ ਤਿਹੁ ਕਰਦੀ ਸੀ। ਪਰ ਜਦੋਂ ਉਸ ਨੇ ਰਤਨਪਾਲ ਨੂੰ ਆਪਣੇ ਦੋਸਤ ਦੇ ਤੌਰ ‘ਤੇ ਉਸ ਕੁੜੀ ਨੂੰ ਮਿਲਵਾਇਆ ਤਾਂ ਕੁੜੀ ਦਾ ਝੁਕਾਅ ਰਤਨਪਾਲ ਵੱਲ ਹੋ ਗਿਆ। ਫਿਰ ਹੌਲੀ ਹੌਲੀ ਉਹ ਦੋਨੋਂ ਇੱਕ-ਦੂਜੇ ਦੇ ਪਿਆਰ ਵਿਚ ਗ੍ਰਿਫਤ ਹੋ ਗਏ। ਉਸ ਦਾ ਆਪਣਾ ਪਿਆਰ ਇੱਕ-ਪਾਸੜ ਪਿਆਰ ਹੋ ਕੇ ਰਹਿ ਗਿਆ। ਇਸੇ ਕਰਕੇ ਉਹ ਸੋਚਦਾ ਹੈ ਕਿ ਜੇਕਰ ਰਤਨਪਾਲ ਰਾਹ ਵਿੱਚੋਂ ਪਾਸੇ ਕਰ ਦਿੱਤਾ ਜਾਵੇ ਤਾਂ ਹੀ ਉਹ ਕੁੜੀ ਉਸ ਨੂੰ ਮਿਲ ਸਕਦੀ ਹੈ। ‘ਚੱਲ ਜਿਵੇਂ ਤੇਰੀ ਮਰਜੀ!’
ਹੁਣ ਤਕ ਹਰਪਾਲ ਨੂੰ ਇਹੀ ਸੀ ਕਿ ਬਿੱਲੂ ਉਸ ਦੀ ਇਨਸਾਨੀਅਤ ਦੇ ਨਾਤੇ ਹੀ ਮਦਦ ਕਰ ਰਿਹਾ ਹੈ। ਪਰ ਅੱਜ ਉਸ ਨੂੰ ਸਾਫ ਹੋ ਗਿਆ ਕਿ ਇਸ ਐਕਸ਼ਨ ਦੇ ਬਹਾਨੇ ਬਿੱਲੂ ਵੀ ਆਪਣਾ ਕੰਡਾ ਕੱਢਣਾ ਚਾਹੁੰਦਾ ਹੈ। ‘ਕਿਵੇਂ ਹਰਪਾਲ ਸਿਅ੍ਹਾਂ, ਕਿਹੜੀਆਂ ਸੋਚਾਂ ਵਿਚ ਗੁਆਚ ਗਿਆ?’ ਬਿੱਲੂ ਨੇ ਉਸ ਨੂੰ ਖਿਆਲਾਂ ਵਿੱਚੋਂ ਕੱਢਿਆ। ‘ਉਹ ਕੁਛ ਨ੍ਹੀਂ। ਹਾਂ ਤੂੰ ਦੱਸ ਕਿ ਇਹ ਰਤਨਪਾਲ ਕਿਸ ਦਾ ਮੁੰਡਾ ਐ? ਕੀ ਕੰਮ-ਧੰਦਾ ਕਰਦਾ ਐ ਇਹ? ਮੇਰਾ ਮਤਲਬ ਉਸ ਦੀ ਨਿਸ਼ਾਨਦੇਹੀ ਕਰ।’ ‘ਤੇਰੇ ਪਿੰਡ ਦਾ ਇੱਕੋ-ਇੱਕ ਮੁੰਡਾ ਮਾਨਸਾ ਕਾਲਜ ਪੜ੍ਹਨ ਜਾਂਦਾ ਐ। ਇਹੀ ਐ ਉਹ ਰਤਨਪਾਲ।’ ‘ਤੇਰਾ ਮਤਲਬ ਰਤਨਾ? ਪੁਰਾਣੇ ਸਰਪੰਚ ਰੂੜ ਸਿਉਂ ਦਾ ਮੁੰਡਾ ਜਿਹੜਾ ਮਾਨਸਾ ਨਹਿਰੂ ਕਾਲਜ ਪੜ੍ਹਦਾ ਐ?’ ‘ਹਾਂ ਹਾਂ ਉਹੀ।’
ਉਸ ਦੀ ਗੱਲ ਸੁਣ ਕੇ ਹਰਪਾਲ ਦਾ ਕਾਲਜਾ ਮੂੰਹ ਨੂੰ ਆ ਗਿਆ। ਕਿਉਂਕਿ ਰਤਨਪਾਲ ਜਿਸ ਨੂੰ ਕਿ ਆਮ ਕਰਕੇ ਸਾਰੇ ਰਤਨਾ ਹੀ ਕਹਿੰਦੇ ਸਨ, ਉਹ ਹਰਪਾਲ ਦੀ ਮਾਸੀ ਦਾ ਪੁੱਤਰ ਸੀ। ਉਹ ਕੰਬਦੀ ਜਿਹੀ ਆਵਾਜ ਵਿਚ ਬੋਲਿਆ, ‘ਉਹ ਤਾਂ ਯਾਰ ਮੇਰੀ ਸਕੀ ਮਾਸੀ ਦਾ ਪੁੱਤ ਐ।’
‘ਬਾਈ ਹਰਪਾਲ ਸਿਅ੍ਹਾਂ, ਇੱਥੇ ਮਾਸੀਆਂ-ਚਾਚਿਆਂ ਦਾ ਪੁੱਤ ਕੋਈ ਨ੍ਹੀਂ ਐ। ਸਭ ਪੈਸੇ ਦੇ ਪੁੱਤ ਨੇ। ਪਰ ਇੱਕ ਗੱਲ ਯਾਦ ਰੱਖੀਂ ਕਿ ਜੇਕਰ ਰਤਨਾ ਬਚ ਰਿਹਾ ਤਾਂ ਇਸ ਸਾਰੇ ਐਕਸ਼ਨ ਦਾ ਦੋਸ਼ੀ ਤੂੰ ਬਣ ਜਾਣਾ ਐ। ਜੇ ਪੁਲਿਸ ਨੇ ਇਸ ਮਾਮਲੇ ਵਿਚ ਘੜੀਸ ਲਿਆ ਤਾਂ ਮੈਨੂੰ ਦੋਸ਼ ਨਾ ਦੇਈਂ।’ ਗੁੱਝੀ ਧਮਕੀ ਦਿੰਦਿਆਂ ਬਿੱਲੂ ਨੇ ਪੈਸਿਆਂ ਵਾਲਾ ਬੈਗ ਚੁੱਕਿਆ ਤੇ ਬਾਹਰ ਨਿਕਲਦਾ ਗਲੀ ਦੇ ਹਨੇਰੇ ਵਿਚ ਗੁੰਮ ਹੋ ਗਿਆ।
ਇਸ ਦੇ ਦੋ ਦਿਨ ਹੀ ਪਿੰਡ ਵਿਚ ਹਫੜਾ-ਦਫੜੀ ਮੱਚ ਗਈ। ਅੱਧਾ ਪਿੰਡ ਸੱਥ ਵਿੱਚ ਇਕੱਠਾ ਹੋਇਆ ਖੜ੍ਹਾ ਸੀ। ਕਈ ਜਣਿਆਂ ਨੂੰ ਧਮਕੀ ਭਰੀਆਂ ਚਿੱਠੀਆਂ ਆਈਆਂ ਸਨ। ਸਰਪੰਚ ਨੇ ਇਕੱਲੇ-ਇਕੱਲੇ ਤੋਂ ਚਿੱਠੀ ਫੜ ਕੇ ਪੜ੍ਹੀ। ਜੀਤੇ ਭਲਵਾਨ ਨੂੰ ਲਿਖਿਆ ਸੀ ਕਿ ਉਸ ਨੇ ਅੰਮ੍ਰਿਤ ਭੰਗ ਕਰਕੇ ਗੁਰੂ ਨਾਲ ਧੋਖਾ ਕੀਤਾ ਹੈ ਇਸ ਕਰਕੇ ਉਸ ਨੂੰ ਸੋਧਿਆ ਜਾਊਗਾ। ਰਤਨੇ ਨੂੰ ਲਿਖਿਆ ਸੀ – ਉਹ ਸਾਰਾ ਦਿਨ ਕੁੜੀਆਂ ਮਗਰ ਘੁੰਮਦਾ ਗੁੰਡਾਗਰਦੀ ਕਰਦਾ ਹੈ, ਉਸ ਦੀ ਵੀ ਖਬਰ ਲਈ ਜਾਊਗੀ। ਮਹਿਰਿਆਂ ਦੀ ਨੂੰਹ, ਸਵਰਨੀ ਨੂੰ ਲਿਖਿਆ ਸੀ ਕਿ ਉਹ ਦਾਈਪੁਣੇ ਦੇ ਕੰਮ ਦੀ ਆੜ ਹੇਠ ਬਦਫੈਲੀਆਂ ਕਰਦੀ ਹੈ। ਕਰਤੇ ਅਮਲੀ ਨੂੰ ਮੀਂਬਰੀ ਦੇ ਕੰਮ ਤੋਂ ਬਾਜ ਆਉਣ ਨੂੰ ਕਿਹਾ ਗਿਆ ਸੀ। ਗਿੰਦੇ ਨੂੰ ਲਿਖਿਆ ਸੀ ਕਿ ਉਹ ਖਾੜਕੂਆਂ ਦੇ ਰੋਕਣ ਦੇ ਬਾਵਜੂਦ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਮਾਸਟਰ ਲਹਿਣਾ ਸਿੰਘ ਕਾਮਰੇਡ ਨੂੰ ਪੰਥ ਦਾ ਗਦਾਰ ਐਲਾਨਦਿਆਂ ਉਸ ਦੇ ਖਾਤਮੇ ਦੀ ਧਮਕੀ ਦਿੱਤੀ ਹੋਈ ਸੀ।
‘ਇਹ ਕਿਸ ਦਾ ਕੰਮ ਹੋਇਆ? ਜਿਸ ਕਿਸੇ ਨੂੰ ਵੀ ਚਿੱਠੀ ਆਈ ਐ, ਐਵੇਂ ਝੂਠੀ ਤੋਹਮਤ ਲਾਈ ਗਈ ਐ।’ ਸਰਪੰਚ ਨੇ ਚਿੰਤਾ ਜਾਹਰ ਕੀਤੀ ਤਾਂ ਲਹਿਣੇ ਕਾਮਰੇਡ ਨੇ ਗੱਲ ਨੂੰ ਹਾਸੇ ਵਿਚ ਪਾਉਦਿਆਂ ਚਿੱਠੀ ਨੂੰ ਗੌਲਿਆ ਹੀ ਨਾ। ਸਰਪੰਚ ਨੇ ਫਿਰ ਵੀ ਸੁਝਾ ਦਿੱਤਾ ਕਿ ਇਸ ਗੱਲ ਬਾਰੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਜਾਵੇ। ਲਹਿਣੇ ਕਾਮਰੇਡ ਨੇ ਫਿਰ ਹਾਸੇ ਵਿਚ ਕਿਹਾ ਕਿ ਥਾਣੇ ਜਾ ਕੇ ਤਾਂ ਵੇਖੋ ਉਲਟਾ ਪੁਲਿਸ ਵਾਲੇ ਉਨ੍ਹਾਂ ਦੀ ਹੀ ਬੇਇੱਜਤੀ ਕਰਨਗੇ। ਪਰ ਸਰਪੰਚ ਸੰਜੀਦਾ ਸੀ ਤੇ ਉਹ ਕੁਝ ਕੁ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਗਿਆ। ਪਰ ਉਹੀ ਗੱਲ ਹੋਈ। ਥਾਣੇਦਾਰ ਉਸ ਨੂੰ ਝਈ ਲੈ ਕੇ ਪੈਂਦਾ ਬੋਲਿਆ, ‘ਸਾਰੇ ਪੰਜਾਬ ਨੂੰ ਇਹੋ ਜਿਹੀਆਂ ਧਮਕੀਆਂ ਆਈ ਜਾਂਦੀਆਂ ਨੇ। ਅਸੀਂ ਕੀ ਕਰੀਏ? ਸਾਨੂੰ ਤਾਂ ਆਪ ਆਥਣ ਨੂੰ ਪੰਜਾਹ ਧਮਕੀਆਂ ਮਿਲਦੀਆਂ ਨੇ।’ ਉਹ ਵਾਪਸ ਪਿੰਡ ਆ ਗਏ। ਦੋ ਕੁ ਦਿਨ ਇਹ ਗੱਲ ਪਿੰਡ ਵਿਚ ਚਰਚਾ ਦਾ ਵਿਸ਼ਾ ਰਹੀ। ਪਰ ਫਿਰ ਹੌਲੀ-ਹੌਲੀ ਲੋਕ ਇਸ ਗੱਲ ਨੂੰ ਭੁੱਲਣ ਲੱਗੇ। ਹਫਤਾ ਲੰਘ ਗਿਆ ਤਾਂ ਲੋਕੀਂ ਚਿੱਠੀਆਂ ਵਾਲੀ ਗੱਲ ਨੂੰ ਬਿਲਕੁਲ ਹੀ ਭੁੱਲ-ਭੁਲਾ ਗਏ। ਕਿਉਂਕਿ ਉਨ੍ਹੀਂ ਦਿਨੀਂ ਇਸ ਤੋਂ ਵੀ ਵੱਡੀਆਂ ਘਟਨਾਵਾਂ ਆਲੇ-ਦੁਆਲੇ ਵਾਪਰ ਰਹੀਆਂ ਸਨ।
ਉਸ ਦਿਨ ਹਰਪਾਲ ਖੁਦ ਟਰਾਲੀ ਭਰ ਕੇ ਬਟੇਰ ਦੀ ਲੈ ਕੇ ਆਇਆ। ਜਿਸ ਦੇ ਕਿ ਰੱਸੇ ਵੱਟ ਕੇ ਕਣਕ ਦੀਆਂ ਭਰੀਆਂ ਬੰਨ੍ਹਣ ਦੇ ਕੰਮ ਆਉਣੇ ਸਨ। ਉਸ ਨੇ ਟਰਾਲੀ ਵੀ ਆਪ ਹੀ ਖਾਲੀ ਕੀਤੀ। ਬਟੇਰ ਲਾਹ ਕੇ ਵਿੱਚੋਂ ਨਿੱਕਲਿਆ ਬਕਸਾ ਕੋਠੇ ਵਿਚ ਰੱਖ ਕੇ ਜਿੰਦਰਾ ਮਾਰ ਦਿੱਤਾ। ਉਹ ਅਗਲੇ ਦਿਨ ਹੀ ਕਿਧਰੇ ਰਿਸ਼ਤੇਦਾਰੀ ਵਿਚ ਨਿੱਕਲ ਗਿਆ। ਅਗਲਾ ਦਿਨ ਆਮ ਵਾਂਗ ਚੜ੍ਹਿਆ। ਸ਼ਾਮ ਵੇਲੇ ਸ਼ਹਿਰੋਂ ਅਖੀਰਲੀ ਬੱਸ ਵਿੱਚੋਂ ਸਿਰਫ ਦੋ ਸਵਾਰੀਆਂ ਉੱਤਰੀਆਂ। ਇਹ ਸਨ ਲਹਿਣੇ ਕਾਮਰੇਡ ਦੀ ਭੈਣ ਤੇ ਭਣੋਈਆ। ਲਹਿਣੇ ਦੀ ਭੈਣ, ਘਰਵਾਲੇ ਨਾਲ ਪੇਕੇ ਘਰ ਮਿਲਣ-ਗਿਲਣ ਆਈ ਸੀ। ਉਹ ਘਰ ਪਹੁੰਚੇ ਤਾਂ ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ। ਪਤਾ ਲੱਗਿਆ ਕਿ ਲਹਿਣਾ ਕਾਮਰੇਡ ਅਤੇ ਉਸ ਦੀ ਘਰਵਾਲੀ ਸ਼ਹਿਰ, ਮਾਸਟਰਾਂ ਦੀ ਕਿਸੇ ਮੀਟਿੰਗ ਵਿਚ ਹਿੱਸਾ ਲੈਣ ਗਏ ਸਨ। ਸ਼ਾਇਦ ਲੇਟ ਹੋ ਜਾਣ ਕਰਕੇ ਉਹ ਸ਼ਹਿਰ ਹੀ ਕਿਸੇ ਦੋਸਤ ਕੋਲ ਰੁਕ ਗਏ ਸਨ। ਲਹਿਣੇ ਦੀ ਭੈਣ ਨੇ ਗੁਆਂਢੀਆਂ ਦੇ ਘਰੋਂ ਚਾਬੀਆਂ ਫੜ ਕੇ ਜਿੰਦਰਾ ਖੋਲ੍ਹਿਆ। ਬੈਗ ਪਾਸੇ ਰੱਖ ਕੇ ਉਸ ਨੇ ਚੁੱਲ੍ਹੇ ‘ਤੇ ਚਾਹ ਬਣਨੀ ਧਰ ਦਿੱਤੀ। ਉੱਧਰ ਪਿੰਡ ਦੀ ਸੱਥ ਵਿਚ ਕਾਰਸੇਵਾ ਵਾਲੇ ਬਾਬਿਆਂ ਦੀ ਮਿੰਨੀ ਬੱਸ ਆ ਕੇ ਰੁਕੀ। ਲੋਕ ਉਤਸੁਕਤ ਹੋਏ ਉੱਧਰ ਵੇਖਣ ਲੱਗੇ। ਪਰ ਅਗਲੇ ਹੀ ਪਲ ਲੋਕਾਂ ਦੇ ਹੋਸ਼ ਉੱਡ ਗਏ ਜਦੋਂ ਉਨ੍ਹਾਂ ਬੱਸ ਵਿੱਚੋਂ ਉੱਤਰਦੀਆਂ ਸਵਾਰੀਆਂ ਵੱਲ ਵੇਖਿਆ। ਤਕਰਬੀਨ ਦਸ ਦੇ ਲੱਗਭੱਗ ਨੌਜਵਾਨ ਮੁੰਡੇ ਏ ਕੇ ਸੰਤਾਲੀ ਹੱਥਾਂ ਵਿਚ ਫੜੀ ਛੇਤੀ-ਛੇਤੀ ਹੇਠਾਂ ਉੱਤਰੇ ਤੇ ਅੱਡੋ-ਅੱਡ ਬੀਹੀਆਂ ਵੱਲ ਭੱਜ ਨਿਕਲੇ। ਲੋਕ ਸੁੰਨ ਹੋਏ ਬਿਨਾਂ ਉੱਚੀ ਸਾਹ ਲਿਆਂ ਉਨ੍ਹਾਂ ਵੱਲ ਵੇਖ ਰਹੇ ਸਨ॥ ਕੁਝ ਹੀ ਮਿੰਟਾਂ ਵਿੱਚ ਏ ਕੇ ਸੰਤਾਲੀ ਸਿੰਨ੍ਹੀ ਮੂਹਰੇ ਲਾਈ ਆਉਂਦੇ ਬੰਦਿਆਂ ਨੂੰ ਲੈ ਕੇ ਉਹ ਵਾਪਸ ਸੱਥ ਵਿਚ ਮੁੜ ਆਏ। ਇਨ੍ਹਾਂ ਸਾਰਿਆਂ ਦੇ ਹੱਥ ਉੱਪਰ ਚੁਕਵਾਏ ਹੋਏ ਸਨ। ਇਨ੍ਹਾਂ ਵਿਚ ਸਭ ਤੋਂ ਮੂਹਰੇ ਜੀਤਾ ਭਲਵਾਨ ਸੀ। ਫਿਰ ਰਤਨਾ, ਕਰਤਾ ਅਮਲੀ, ਗਿੰਦਾ, ਮਹਿਰਿਆਂ ਦੀ ਨੂੰਹ ਸਵਰਨੀ ਜਿਹੜੀ ਕਿ ਉੱਚੀ-ਉੱਚੀ ਚੀਕਾਂ ਮਾਰ ਰਹੀ ਸੀ। ਅਗਲੇ ਹੀ ਪਲ ਦੂਸਰੀ ਬੀਹੀ ਵਿੱਚੋਂ ਇੱਕ ਜਣਾ ਲਹਿਣੇ ਕਾਮਰੇਡ ਦੀ ਭੈਣ ਅਤੇ ਭਣੋਈਏ ਨੂੰ ਮੂਹਰੇ ਲਾਈ ਧੱਕੀ ਆ ਰਿਹਾ ਸੀ। ਉਹ ਡਡਵੈਰਿਆਂ ਵਾਂਗ ਆਲੇ-ਦੁਆਲੇ ਝਾਕ ਰਹੇ ਸਨ॥ ਉਨ੍ਹਾਂ ਨੂੰ ਸ਼ਾਇਦ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਹੋ ਕੀ ਰਿਹਾ ਹੈ? ਬਾਕੀ ਤਾਂ ਸਾਰਾ ਪਿੰਡ ਸਮਝ ਹੀ ਗਿਆ ਸੀ ਕਿ ਜੋ ਹਫਤਾ ਪਹਿਲਾਂ ਚਿੱਠੀਆਂ ਵਿਚ ਧਮਕੀਆਂ ਆਈਆਂ ਸਨ ਉਹ ਸੱਚ ਸਾਬਤ ਹੋ ਰਹੀਆਂ ਹਨ।
ਸਾਰਿਆਂ ਨੂੰ ਉੱਥੋਂ ਤੋਰਨ ਤੋਂ ਪਹਿਲਾਂ ਮੂੰਹ ਢਕੇ ਵਾਲਾ ਲੀਡਰ, ਏ ਕੇ ਸੰਤਾਲੀ ਉੱਪਰ ਵੱਲ ਕਰਦਾ ਲਲਕਾਰਦਾ ਹੋਇਆ ਤਿੱਖੀ ਆਵਾਜ਼ ਵਿਚ ਬੋਲਿਆ, ‘ਇਨ੍ਹਾਂ ਨੂੰ ਸਮਝਾਇਆ ਸੀ ਕਿ ਬੁਰੇ ਕੰਮਾਂ ਤੋਂ ਬਾਜ ਆ ਜੋ, ਪਰ ਇਨ੍ਹਾਂ ਨੇ ਸਾਡੀ ਗੱਲ ਨ੍ਹੀਂ ਮੰਨੀ। ਇਸੇ ਕਰਕੇ ਅੱਜ ਇਨ੍ਹਾਂ ਨੂੰ ਸਜਾ ਦੇ ਕੇ ਜਾਵਾਂਗੇ। ਬਾਕੀ ਪਿੰਡ ਵਾਲਿਓ, ਜੇ ਕਿਸੇ ਨੇ ਚੂੰ ਵੀ ਕੀਤੀ ਤਾਂ ਸਾਰੇ ਪਿੰਡ ਨੂੰ ਅੱਗ ਲਾ ਦੂੰਗਾ। ਚੰਗੇ ਬੰਦਿਆਂ ਨੂੰ ਅਸੀਂ ਰੱਤੀ ਭਰ ਵੀ ਕੁਝ ਨ੍ਹੀਂ ਕਹਿੰਦੇ। ਅਸੀਂ ਪੰਥ ਦਾ ਆਪਣਾ ਘਰ ਬਣਾਉਣ ਦੇ ਰਾਹ ਤੁਰੇ ਹੋਏ ਆਂ। ਸਾਡਾ ਸਾਥ ਦਿਉਂ ਤੇ ਇਹੋ ਜਿਹੇ ਗਦਾਰਾਂ ਨੂੰ ਸਬਕ ਸਿਖਾਓ।’ ਇਸ ਦੇ ਨਾਲ ਹੀ ਉਸ ਨੇ ਹਵਾ ਵਿਚ ਗੋਲੀਆਂ ਚਲਾਈਆਂ ਤੇ ਸਾਰਿਆਂ ਨੂੰ ਅੱਗੇ ਲਾ ਕੇ ਲੈ ਤੁਰੇ। ਉਨ੍ਹਾਂ ਦੀ ਮਿੰਨੀ ਬੱਸ ਉਨ੍ਹਾਂ ਨੂੰ ਉਤਾਰਦਿਆਂ ਹੀ ਚਲੀ ਗਈ ਸੀ। ਲੋਕ ਦਹਿਲ ਕੇ ਘਰਾਂ ਨੂੰ ਭੱਜ ਗਏ। ਅਗਲੇ ਹੀ ਪਲ ਪਿੰਡ ਵਿਚ ਮੁਕੰਮਲ ਖਾਮੋਸ਼ੀ ਪਸਰ ਗਈ। ਲੋਕ ਘਰਾਂ ਅੰਦਰ ਬੰਦ ਹੋ ਗਏ। ਇਸ ਪਿੱਛੋਂ ਉਹ ਸਵੇਰੇ ਦਿਨ ਚੜ੍ਹੇ ਹੀ ਘਰਾਂ ਵਿੱਚੋਂ ਨਿੱਕਲੇ ਤੇ ਬਾਹਰ ਜਾ ਕੇ ਵੇਖਿਆ ਕਿ ਬਾਕੀ ਸਾਰੇ ਜਣੇ ਲਾਸ਼ਾਂ ਬਣੇ ਪਏ ਸਨ, ਸਿਰਫ ਲਹਿਣੇ ਕਾਮਰੇਡ ਦੀ ਭੈਣ ਜਿਉਂਦੀ ਬਚੀ ਸੀ।
ਸਾਰੀਆਂ ਚਿਤਾਵਾਂ ਨੂੰ ਅੱਗ ਦਿੱਤੀ ਜਾ ਚੁੱਕੀ ਸੀ। ਹਨੇਰਾ ਹੋ ਚੁੱਕਿਆ ਸੀ। ਸਰਪੰਚ ਦੇ ਤੁਰਨ ਦਾ ਇਸ਼ਾਰਾ ਕਰਨ ‘ਤੇ ਸਾਰਾ ਪਿੰਡ ਉਸ ਦੇ ਮਗਰ ਸੱਥ ਵਿੱਚ ਆ ਖਲੋਤਾ। ਸਰਪੰਚ ਨੇ ਉੱਪਰ ਵੱਲ ਵੇਖਿਆ। ਮਸਾਣਾਂ ਵਿਚ ਜਲ਼ ਰਹੀਆਂ ਚਿਤਾਵਾਂ ਵਿੱਚੋਂ ਨਿਕਲਦੇ ਅੱਗ ਦੇ ਚੰਗਿਆੜੇ ਉੱਚੇ ਉੱਠ ਰਹੇ ਸਨ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਉਸ ਦੀ ਜਬਾਨ ਸਾਥ ਨਹੀਂ ਦੇ ਰਹੀ ਸੀ। ਉਸ ਨੇ ਖਾਮੋਸ਼ੀ ਨਾਲ ਹੀ ਸਾਰਿਆਂ ਵੱਲ ਹੱਥ ਜੋੜਦਿਆਂ ਉਤਾਂਹ ਵੇਖਿਆ। ਜਿਵੇਂ ਕਹਿ ਰਿਹਾ ਹੋਵੇ ਕਿ ਜੋ ਰੱਬ ਦਾ ਭਾਣਾ! ਉਸ ਦਾ ਇਸ਼ਾਰਾ ਸਮਝਦੇ ਲੋਕ ਘਰਾਂ ਨੂੰ ਤੁਰਨ ਲੱਗੇ। ਸਰਪੰਚ ਨੇ ਤੁਰਨ ਤੋਂ ਪਹਿਲਾਂ ਫਿਰ ਉਤਾਂਹ ਨੂੰ ਵੇਖਿਆ। ਉਸ ਨੂੰ ਹਰ ਪਾਸੇ ਅੱਗ ਹੀ ਅੱਗ ਦਿਸੀ। ਉਸ ਨੂੰ ਲੱਗਿਆ ਜਿਵੇਂ ਸਾਰਾ ਪੰਜਾਬ ਹੀ ਚਿਤਾ ’ਤੇ ਰੱਖਿਆ ਜਲ਼ ਰਿਹਾ ਹੋਵੇ।
 
Top