ਅਹਿਸਾਸ

Mandeep Kaur Guraya

MAIN JATTI PUNJAB DI ..
ਮਨਜੀਤ ਰੋਜ਼ ਦੀ ਤਰ੍ਹਾਂ ਜਦੋਂ ਅੱਜ ਸਵੇਰੇ ਤੜਕੇ ਪਾਰਕ ਵਿਚ ਪਹੁੰਚਿਆ ਤਾਂ ਉਸ ਦਾ ਚਿਹਰਾ ਕੁੱਝ ਉਡਿਆ ਹੋਇਆ ਸੀ। ਉਸ ਦਾ ਚਿਹਰਾ ਦਸ ਰਿਹਾ ਸੀ ਜਿਵੇਂ ਉਹ ਬਹੁੱਤ ਪ੍ਰੇਸ਼ਾਨ ਹੋਵੇ, ਪਰ ਜਦੋਂ ਉਸ ਨੇ ਅਪਣੇ ਸਾਹਮਣੇ ਇਕ 85-90 ਸਾਲਾਂ ਦੇ ਬਜ਼ੁਰਗ ਨੂੰ ਸੈਰ ਕਰਦੇ ਦੇਖਿਆ ਤਾਂ ਉਹ ਹੋਰ ਵੀ ਗੰਭੀਰ ਹੋ ਗਿਆ। ਉਹ ਉਸ ਬਜ਼ੁਰਗ ਨੂੰ ਵੇਖ ਕੇ ਸੋਚਣ ਲੱਗਾ ਕਿ ਉਸ ਬਜ਼ੁਰਗ ਨੇ ਏਨੇ ਸਾਲ ਕਿਵੇਂ ਪੂਰੇ ਕੀਤੇ ਹੋਣਗੇ? ਇਹ ਗੱਲ ਪੁਛਣ ਲਈ ਉਸ ਨੇ ਅਪਣੇ ਕਦਮ ਬਾਬੇ ਵਲ ਵਧਾਉਣੇ ਸ਼ੁਰੂ ਕੀਤੇ ਕਿ ਬਜ਼ੁਰਗ ਵਲ ਵਧਦੇ ਕਦਮਾਂ ਨੂੰ ਉਸ ਨੇ ਇਕ ਦਮ ਫਿਰ ਰੋਕ ਲਿਆ ਤੇ ਸੋਚਣ ਲੱਗਾ ਕਿ ਜੇ ਮੈਂ ਸਵਾਲ ਪੁਛਿਆ ਤਾਂ ਬਜ਼ੁਰਗ ਕਿਤੇ ਬੁਰਾ ਹੀ ਨਾ ਮਨਾ ਜਾਵੇ। ਇਹ ਸੋਚ ਕੇ ਉਹ ਰੱਬ ਕੋਲੋਂ ਹਰ ਰੋਜ਼ ਮੌਤ ਮੰਗਦਾ ਸੀ। ਮਨਜੀਤ ਦਿਲ ਦਾ ਬਹੁਤ ਚੰਗਾ ਸੀ ਹਰ ਇਕ ਦੀ ਮਦਦ ਕਰਨਾ ਅਪਣਾ ਫ਼ਰਜ਼ ਸਮਝਦਾ ਸੀ ਵਿਚਾਰਾ ਘਰੋਂ ਬਹੁਤ ਗ਼ਰੀਬ ਸੀ। ਬੜੀ ਮਿਹਨਤ ਤੇ ਸੰਘਰਸ਼ ਨਾਲ ਉਹ ਨੌਕਰੀ ਤਕ ਖੜਾ ਹੋਇਆ ਸੀ। ਸ਼ਹਿਰ ਵਿਚ ਨੌਕਰੀ ਕਰਨਾ ਵੀ ਉਸ ਲਈ ਚੁਨੌਤੀ ਵਾਲੀ ਗੱਲ ਸੀ। ਸ਼ਹਿਰ ਵਿਚ ਵਿਚਰਨ ਲਈ ਵਿਚਾਰੇ ਨੂੰ ਕਰਜ਼ ਵੀ ਚੁਕਣਾ ਪਿਆ, ਜਿਸ ਨੂੰ ਉਤਾਰਨਾ ਬਹੁਤ ਹੀ ਔਖਾ ਹੋ ਗਿਆ ਸੀ, ਕਿਉਂਕਿ ਉਸ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਉਸ ਦੀ ਤਨਖ਼ਾਹ ਨਾਲੋਂ ਵੀ ਜ਼ਿਆਦਾ ਸਨ। ਉਹ ਨੌਕਰੀ ਦੇ ਨਾਲ-ਨਾਲ ਕਿਤੇ ਹੋਰ ਕੰਮ ਕਰ ਕੇ ਆਣਾ ਗੁਜ਼ਾਰਾ ਕਰ ਰਿਹਾ ਸੀ। ਉਸ ਨੇ 27 ਸਾਲਾਂ ਵਿਚ ਹੀ 200 ਸਾਲਾਂ ਦੀ ਜ਼ਿੰਦਗੀ ਜੀਅ ਲਈ ਹੋਣੀ ਹੈ। ਖ਼ੁਸ਼ੀਆਂ ਤੇ ਗ਼ਮ 'ਚੋਂ ਲੰਘਦਾ-ਲੰਘਦਾ ਉਹ ਥੱਕ-ਹਾਰ ਚੁੱਕਾ ਸੀ, ਜਿਸ ਦਾ ਕਾਰਨ ਉਸ ਦੀ ਮਾਲੀ ਹਾਲਤ ਸੀ। ਮਨਜੀਤ ਸੋਹਣਾ ਸੀ ਅਤੇ
ਈਮਨਾਦਾਰ ਸੀ ਜੋ ਕਿਸੇ ਦਾ ਪੈਸਾ ਨਹੀਂ ਸੀ ਖਾਂਦਾ। ਹਰ ਰੋਜ਼ ਤੜਕੇ ਉਠਣਾ, ਸੈਰ ਕਰਨ ਜਾਣਾ ਫਿਰ ਤਿਆਰ ਹੋ ਕੇ ਡਿਊਟੀ ਜਾਣਾ। ਥੱਕ-ਹਾਰ ਕੇ ਘਰ ਵਾਪਸ ਆਉਣਾ ਤੇ ਜੇ ਕੋਈ ਹੋਰ ਕੰਮ ਮਿਲ ਗਿਆ ਤਾਂ ਕਰ ਲੈਣਾ। ਉਸ ਦੀ ਨਿਤ ਦੀ ਆਦਤ ਬਣ ਚੁੱਕੀ ਸੀ। ਡਿਊਟੀ 'ਤੇ ਈਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਲੋਕ ਅਪਣੇ ਪੈਰਾਂ ਹੇਠ ਕਿਸ ਤਰ੍ਹਾਂ ਦਬਾ ਕੇ ਰਖਦੇ ਹਨ। ਸ਼ਾਇਦ ਉਸ ਤੋਂ ਵੱਧ ਕੇ ਕੋਈ ਨਹੀਂ ਸੀ ਜਾਣਦਾ। ਕਿਸੇ ਇਨਸਾਨ ਨੂੰ ਕਰਜ਼ੇ ਲੈਣਾ ਦਾ ਸ਼ੌਕ ਨਹੀਂ ਹੁੰਦਾ। ਮਜਬੂਰੀ ਵਿਚ ਆ ਕੇ ਇਨਸਾਨ ਕਰਜ਼ੇ ਦੀ ਪੰਡ ਅਪਣੇ ਸਿਰ ਉਪਰ ਲੱਦ ਲੈਂਦਾ ਹੈ ਜਿਸ ਨੂੰ ਉਤਾਰਨ ਲਈ ਫਿਰ 100 ਤਰ੍ਹਾਂ ਦੇ ਪਾਪੜ ਵੇਲਨੇ ਪੈਂਦੇ ਨੇ। ਮਨਜੀਤ ਕਿਸੇ ਨੂੰ ਵੀ ਜੀ ਤੋਂ ਬਗ਼ੈਰ ਨਹੀਂ ਸੀ ਬੋਲਦਾ ਭਾਵੇਂ ਕੋਈ ਉਸ ਤੋਂ ਵੱਡਾ ਹੁੰਦਾ ਭਾਵੇਂ ਛੋਟਾ। ਇਕ ਦਿਨ ਤੜਕੇ ਹੀ ਉਸ ਨੂੰ ਅਪਣੇ ਇਕ ਅਜ਼ੀਜ਼ ਦੋਸਤ ਅਵਤਾਰ ਦਾ ਫ਼ੋਨ ਆਇਆ। ਉਸ ਨੇ ਕਿਹਾ, ''ਮਨਜੀਤ ਮੇਰੇ ਮਾਤਾ ਜੀ ਦੀ ਤਬੀਅਤ ਅਚਾਨਕ ਜ਼ਿਆਦਾ ਖ਼ਰਾਬ ਹੋ ਗਈ ਹੈ, ਮੈਂ ਉਨ੍ਹਾਂ ਨੂੰ ਲੈ ਕੇ ਤੇਰੇ ਕੋਲ ਆਉਣ ਲੱਗਾ ਹਾਂ ਕਿਉਂਕਿ ਪਿੰਡ ਦੇ ਡਾਕਟਰਾਂ ਨੇ ਕੁੱਝ ਟੈਸਟ ਲਿਖੇ ਹਨ ਜੋ ਸ਼ਹਿਰ ਵਿਚ ਹੀ ਹੋਣੇ ਹਨ।'' ਮਨਜੀਤ ਨੇ ਨਾਲ ਦੀ ਨਾਲ ਉਸ ਦੀ ਹਾਂ ਵਿਚ ਹਾਂ ਭਰ ਦਿਤੀ ਤੇ ਬੋਲ ਦਿਤਾ ਕੇ ਆ ਜਾਉ। ਅਵਤਾਰ ਦੀ ਭਰੀ ਹਾਂ ਵਿਚ ਹਾਂ ਕਰ ਕੇ ਮਨਜੀਤ ਨੂੰ ਜੋ ਕੁੱਝ ਸੁਣਨਾ ਪਿਆ ਸ਼ਾਇਦ ਲਿਖਣਾ ਬਹੁਤ ਔਖਾ ਹੈ। ਅਵਤਾਰ ਉਸ ਦਾ ਬਹੁਤ ਹੀ ਪੁਰਾਣਾ ਦੋਸਤ ਸੀ, ਜਿਸ ਨੇ ਉਸ ਦੀ ਪੜ੍ਹਾਈ ਵਿਚ ਬਹੁਤ ਮਦਦ ਕੀਤੀ ਸੀ। ਉਹ ਅਪਣੀ ਜਾਨ ਦੇ ਕੇ ਵੀ ਅਵਤਾਰ ਦੀ ਮਦਦ ਕਰਨਾ ਚਾਹੁੰਦਾ ਸੀ।
ਪਰ ਅੱਜ ਕਲ ਲੋਕ ਕੀਤੀ ਮਦਦ ਦਾ ਵੀ ਗ਼ਲਤ ਮਤਲਬ ਕੱਢ ਲੈਂਦੇ ਹਨ। ਸ਼ੱਕ ਲੋਕਾਂ ਦੇ ਦਿਮਾਗ਼ ਵਿਚ ਇਸ ਤਰ੍ਹਾਂ ਬੈਠਾ ਹੈ, ਜਿਵੇਂ ਦਿਲ ਵਿਚ ਧੜਕਣ ਹੁੰਦੀ ਹੈ। ਜਿਸ ਦਿਨ ਅਵਤਾਰ ਨੇ ਉਸ ਕੋਲ ਆਉਣਾ ਸੀ, ਉਸ ਦਿਨ ਮਨਜੀਤ ਦੀ ਸਵੇਰ ਦੀ ਡਿਊਟੀ ਸੀ ਤੇ 8 ਵਜੇ ਉਸ ਨੇ ਡਿਊਟੀ 'ਤੇ ਪਹੁੰਚਣਾ ਸੀ। ਸਵੇਰ ਦੇ 7:30 ਵੱਜ ਚੁੱਕੇ ਸਨ। ਹੁਣ ਉਸ ਦਾ ਛੁੱਟੀ ਲੈਣਾ ਵੀ ਬਹੁਤ ਮੁਸ਼ਕਲ ਸੀ। ਉਸ ਨੇ ਸੋਚਿਆ ਅਸੀ ਵੀ ਤਾਂ ਦੂਜਿਆਂ ਦੀ ਮਦਦ ਕਰਦੇ ਹਾਂ ਚਲੋ ਅਪਣੇ ਨਾਲ ਕੰਮ ਕਰਦੇ ਕਿਸੇ ਦੋਸਤ ਨਾਲ ਡਿਊਟੀ ਹੀ ਬਦਲ ਲੈਂਦੇ ਹਾਂ। ਅਜਿਹਾ ਕਰਨ ਲਈ ਮਨਜੀਤ ਨੇ ਅਪਣੇ ਨਾਲ ਕੰਮ ਕਰਦੀ ਇਕ ਜੂਨੀਅਰ ਕੁੜੀ ਜੱਸੀ ਨੂੰ ਫ਼ੋਨ ਕੀਤਾ ਤੇ ਸਾਰੀ ਗੱਲ ਦੱਸੀ ਜਦ ਜੱਸੀ ਨੇ ਸੁਣਿਆ ਤਾਂ ਉਹ ਕੁੱਝ ਉਲਟਾ ਹੀ ਸੋਚਣ ਲੱਗੀ। ਉਹ ਸੋਚ ਰਹੀ ਸੀ ਕਿ ਜ਼ਰੂਰ ਮਨਜੀਤ ਨੂੰ ਕੋਈ ਫ਼ਾਇਦਾ ਹੋਣਾ ਹੋਵੇਗਾ ਤੇ ਜਦ ਮਨਜੀਤ ਨੇ ਜੱਸੀ ਨੂੰ ਅਪਣੇ ਨਾਲ ਉਸ ਦੀ ਡਿਊਟੀ ਬਦਲਣ ਲਈ ਬੇਨਤੀ ਕੀਤੀ ਤਾਂ ਡਿਊਟੀ ਬਦਲਣ ਦੀ ਗੱਲ ਤਾਂ ਦੂਰ ਦੀ ਸੀ। ਉਸ ਨੇ ਤਾਂ ਮਨਜੀਤ ਨੂੰ ਉਸ ਦੀ ਔਕਾਤ ਹੀ ਦਸ ਦਿਤੀ। ਜੱਸੀ ਨੇ ਮਨਜੀਤ ਨੂੰ ਪੈਰਾਂ ਦੀ ਜੁੱਤੀ ਹੇਠ ਇਸ ਤਰ੍ਹਾਂ ਮਸਲ ਕੇ ਰੱਖ ਦਿਤਾ, ਜਿਸ ਤਰ੍ਹਾਂ ਸੁਤਿਆਂ ਮੱਛਰ ਮਸਲਿਆ ਜਾਂਦਾ ਹੈ। ਜੱਸੀ ਦੇ ਕਹੇ ਕੜਵੇ ਬੋਲ ਸ਼ਾਇਦ ਅੱਜ ਵੀ ਮਨਜੀਤ ਦੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ ਕਿ ਮਨਜੀਤ ਦੀ ਔਕਾਤ ਪੈਰਾਂ ਦੀ ਜੁੱਤੀ ਤੋਂ ਵੱਧ ਕੇ ਨਹੀਂ ਹੈ। ਪਰਮਾਤਮਾ ਨੇ ਮਨਜੀਤ ਨਾਲ ਇਹ ਸੱਭ ਕੁੱਝ ਕਰਵਾ ਕੇ ਉਸ ਨੂੰ ਦਸ ਦਿਤਾ ਕਿ ਉਹ ਅਜੇ ਜਿਊਂਦਾ ਹੈ ਤੇ ਸਾਹ ਆ ਜਾ ਰਹੇ ਹਨ। ਜਦ ਉਸ ਨਾਲ ਨੌਕਰੀ ਕਰਦੀ ਜੂਨੀਅਰ ਕੁੜੀ ਜੱਸੀ ਜੋ ਉਸ ਤੋਂ 4-5 ਸਾਲ ਛੋਟੀ ਵੀ ਹੈ ਨੇ ਮਨਜੀਤ ਨੂੰ ਉਸ ਦੀ ਔਕਾਤ ਬਾਰੇ ਦਸਿਆ ਤਾਂ ਜ਼ਿੰਦਗੀ ਤੋਂ ਹਾਰੇ ਹੋਏ ਤੇ ਮਰੇ ਹੋਏ ਮਨਜੀਤ ਨੂੰ ਅਪਣੇ ਜਿਊਂਦੇ ਹੋਣ ਦਾ ਅਹਿਸਾਸ ਹੋ ਗਿਆ। ਨਾਲ ਹੀ ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਦੂਜੇ ਲੋੜਵੰਦਾਂ ਦੀ ਮਦਦ ਕਰਨਾ ਵੀ ਕਿੰਨਾ ਵੱਡਾ ਗੁਨਾਹ ਹੁੰਦਾ ਹੈ। ਰੱਬ ਨੇ ਗ਼ਰੀਬ ਲੋਕ ਧਰਤੀ 'ਤੇ ਪੈਦਾ ਹੀ ਇਸ ਲਈ ਕੀਤੇ ਹਨ ਕਿ ਉਹ ਹਮੇਸ਼ਾ ਅਮੀਰਾਂ ਦੀਆਂ ਭੁੱਲਾਂ ਹੇਠ ਦੱਬੇ ਰਹਿਣ। ਦੱਬੇ ਹੋਏ ਇਨਸਾਨ ਨੂੰ ਹੋਰ ਦਬਾਉਣਾ ਹੀ ਦੁਨੀਆਂ ਦਾ ਦਸਤੂਰ ਬਣ ਚੁੱਕਾ ਹੈ। ਜਦ ਸਾਡੇ ਕੋਲ ਸੁੱਖ ਹੁੰਦੇ ਹਨ ਤਾਂ ਅਸੀ ਬਹੁਤ ਖ਼ੁਸ਼ ਹੁੰਦੇ ਹਾਂ ਤੇ ਮੌਤ ਵੀ ਭੁੱਲੀ ਹੁੰਦੀ ਹੈ ਪਰ ਜਿਉਂ ਹੀ ਖ਼ੁਸ਼ੀ ਘਰ ਦੇ ਬੂਹੇ ਤੋਂ ਪੈਰ ਪਿੱਛੇ ਹਟਾਉਂਦੀ ਹੈ ਤਾਂ ਮੌਤ ਆਣ ਬੈਠਦੀ ਹੈ ਹਰ ਰੋਜ਼ ਦਬਾ ਹੇਠ ਆ ਕੇ ਉਹੀ ਕੰਮ ਕਰਨਾ ਜੋ ਦਿਲ ਨਾ ਕਰਦਾ ਹੋਵੇ, ਮੌਤ ਦੇ ਬਰਾਬਰ ਹੁੰਦਾ ਹੈ। ਮਨਜੀਤ ਨੇ ਵੀ ਸ਼ਾਇਦ ਇਹ ਖ਼ੂਨੀ ਸਫ਼ਰ ਤਹਿ ਕੀਤਾ ਹੋਇਆ ਸੀ। ਲੋਕਾਂ ਦਾ ਤਾਂ ਪਾਪਾਂ ਦਾ ਘੜਾ ਭਰਦਾ ਹੈ, ਉਸ ਦਾ ਤਾਂ ਦੁੱਖਾਂ ਦਾ ਘੜਾ ਹੀ ਭਰ ਚੁਕਿਆ ਸੀ। ਹੁਣ ਤਾਂ ਉਸ ਨੂੰ ਦੁੱਖਾਂ ਦਾ ਅਹਿਸਾਸ ਵੀ ਖ਼ਤਮ ਹੀ ਹੋ ਚੁਕਿਆ ਸੀ। ਅੱਜ ਉਸ ਦੀ ਪੁਰਾਣੀ ਦੋਸਤ ਗੁਰਮੀਤ ਉਸ ਨੂੰ ਮਿਲੀ, ਜੋ ਉਸ ਨੂੰ ਤੇ ਉਸ ਦੇ ਸਾਰੇ ਪਰਵਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਅਚਾਨਕ ਹੋਈ ਮੁਲਾਕਾਤ ਨੇ ਉਸ ਦੇ ਚਿਹਰੇ ਦੀ ਰੌਣਕ ਨੂੰ ਬਦਲ ਕੇ ਰੱਖ ਦਿਤਾ। ਰੋਂਦਾ ਹੋਇਆ ਚਿਹਰਾ ਹੱਸਦੇ ਹੋਏ ਚਿਹਰੇ ਵਿਚ ਤਬਦੀਲ ਹੋ ਗਿਆ ਸੀ। ਗੁਰਮੀਤ ਨੇ ਮਨਜੀਤ ਦੀ ਜ਼ਿੰਦਗੀ ਵਿਚ ਆ ਕੇ ਉਸ ਦੇ ਸਾਰੇ ਦਰਦ ਵੰਡਾ ਲਏ ਸਨ। ਗੁਰਮੀਤ ਦਾ ਮਨਜੀਤ ਨੂੰ ਮਿਲਣਾ ਉਸ ਲਈ ਲਾਟਰੀ ਲਗਣ ਬਰਾਬਰ ਸੀ। ਗੁਰਮੀਤ ਇਕ ਵਧੀਆ ਦਰਜੀ (ਟੇਲਰ) ਸੀ ਜਿਸ ਨੇ ਮਨਜੀਤ ਦੇ ਮੋਢੇ ਨਾਲ ਮੋਢਾ ਜੋੜ ਕੰਮ ਕੀਤਾ ਤੇ ਉਸ ਦੇ ਸਿਰ ਉਤੇ ਚੜ੍ਹੇ ਕਰਜ਼ੇ ਦੀ ਬੇਲ ਨੂੰ ਉਤਾਰ ਦਿਤਾ। ਇਸ ਤਰ੍ਹਾਂ ਮਨਜੀਤ ਨੂੰ ਜ਼ਿੰਦਗੀ ਦੇ ਦੋਵੇਂ ਪਹਿਲੂਆਂ ਦੁੱਖਾਂ ਦੇ ਦਰਦਾਂ ਦਾ ਅਹਿਸਾਸ ਹੋ ਚੁਕਾ ਸੀ। ਉਸ ਨੂੰ ਪਤਾ ਚਲ ਗਿਆ ਸੀ ਕਿ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਤੇ ਈਮਾਨਦਾਰੀ ਹਮੇਸ਼ਾ ਜਿੱਤਦੀ ਹੈ।
 
Top