ਸਭ ਦਾ ਸਾਂਝਾ ਬਾਬੂ

Mandeep Kaur Guraya

MAIN JATTI PUNJAB DI ..

ਉਸ ਦਾ ਨਾਂ ਬਾਬੂ ਸੀ। ਇਕ ਮਸ਼ੀਨ ਦੀ ਤਰ੍ਹਾਂ ਦਿਨ-ਰਾਤ ਉਹ ਪਰਿਵਾਰ ਦੇ ਨਾਲ ਖੇਤੀ ਦੇ ਧੰਦੇ ਵਿਚ ਆਪਣੇ ਹੱਡ ਵਾਹੁੰਦਾ। ਜਾਂ ਤਾਂ ਉਹ ਬਿਨਾਂ ਮਡਗਾਰਡਾਂ ਵਾਲੇ ਟੁੱਟੇ ਜਿਹੇ ਸਾਈਕਲ ਉਤੇ ਹੁੰਦਾ ਜਾਂ ਰੇਹੜੀ ਉੱਤੇ। ਹਰ ਸਮੇਂ ਕਾਹਲ 'ਚ, ਉਸ ਕੋਲ ਰਾਹ ਜਾਂਦਿਆਂ ਕਿਸੇ ਦੀ ਗੱਲ ਸੁਣਨ ਦੀ ਵਿਹਲ ਨਾ ਹੁੰਦੀ। ਕਦੇ ਉਹ ਰਾਤ ਨੂੰ ਬਿਜਲੀ ਆਉਣ ਬਾਅਦ ਮੋਟਰ ਚਲਾਉਣ ਲਈ ਖੇਤਾਂ ਵੱਲ ਭੱਜਦਾ, ਕਦੇ ਉਹ ਖੇਤਾਂ ਤੋਂ ਘਰ ਵੱਲ ਮੱਝਾਂ ਨੂੰ ਪੱਠੇ ਪਾਉਣ। ਘਰ ਦੀ ਕੱਚੀ ਪੀਣ ਦਾ ਪੂਰਾ ਸ਼ੌਕੀਨ,ਪਰ ਸ਼ਰਾਬੀ ਕਦੇ ਨਾ ਹੁੰਦਾ, ਨਾ ਹੀ ਉਸ ਨੂੰ ਸਵੇਰੇ ਤੋੜ ਲੱਗਦੀ।ਆਪਣੀ ਸੋਠੀ ਸੰਭਲਿਆਂ ਮੈਂ ਉਸ ਨੂੰ ਜਿਹੋ ਜਿਹਾ ਦੇਖਿਆ, ਉਹ ਸਦਾ ਉਹੋ ਜਿਹਾ ਹੀ ਰਿਹਾ। ਨਾ ਉਸ ਦੇ ਕੁੱਬ ਪਿਆ ਨਾ ਉਸ ਦੀ ਗੋਗੜ ਫੁੱਲੀ। ਸ਼ਾਇਦ ਉਹ ਕਦੇ ਬਿਮਾਰ ਵੀ ਨਹੀਂ ਹੋਇਆ ਸੀ। ਛੀਂਟਕਾ ਜਿਹਾ ਉਸ ਦਾ ਸਰੀਰ,

ਚਿਹਰੇ ਉੱਤੇ ਲਾਲੀ, ਦਾਹੜੀ ਕੁਤਰੀ ਹੋਈ ਡੱਬ-ਖੜੱਬੀ ਜਿਹੀ, ਮੁੱਛਾਂ ਤੇ ਦਾਹੜੀ ਇਕ ਬਰਾਬਰ। ਦਾਹੜੀ ਬਣਾਉਣ ਲਈ ਦੁਕਾਨ 'ਤੇ ਜਾਣ ਲਈ ਉਸ ਨੂੰ ਕਦੇ ਸਮਾਂ ਹੀ ਨਹੀਂ ਲੱਗਿਆ ਸੀ। ਸਿਰ ਉੱਤੇ ਉਸ ਦੇ ਪਰਨੇ ਦਾ ਮੜਾਸਾ ਮਾਰਿਆ ਹੁੰਦਾ, ਗਲ ਕਲੀਆਂ ਵਾਲਾ ਕੁੜਤਾ ਤੇ ਤੇੜ ਕੱਛ। ਸਿਆਲ ਵਿਚ ਉਹ ਪਜਾਮਾ ਪਾ ਲੈਂਦਾ ਤੇ ਉਤੇ ਫਟੇ ਜਿਹੇ ਕੰਬਲ ਦੀ ਬੁੱਕਲ ਮਾਰ ਲੈਂਦਾ। ਬਚਪਨ ਤੋਂ ਹੀ ਉਹ ਮਾਂ ਮਹਿਟਰ ਸੀ। ਉਸ ਨੂੰ ਸੰਦਾਂ ਨਾਲ ਇੰਨਾ ਮੋਹ ਕਿ ਜੇ ਕਦੇ ਕਿਸੇ ਗੁਆਂਢੀ ਨੇ ਕੋਈ ਸੰਦ ਲੈ ਜਾਣਾ ਤਾਂ ਰਾਤ ਨੂੰ ਬਾਬੂ ਨੇ ਜ਼ਰੂਰ ਮੰਗ ਲਿਆਉਣਾ। ਉਸ ਨੂੰ ਸੰਦ ਮੰਗ ਕੇ ਲਿਆਉਣ ਤੋਂ ਬਾਅਦ ਹੀ ਨੀਂਦ ਆਉਂਦੀ। ਸੰਦ ਵਾਪਸ ਦੇਣ ਵਾਲਾ ਭਰਿਆ-ਪੀਤਾ ਉਸ ਨੂੰ ਦੋ ਬੋਲ ਸੁਣਾ ਹੀ ਦਿੰਦਾ ਪਰ ਉਹ ਹੱਸ ਕੇ ਟਾਲ ਦਿੰਦਾ। ਨਾ ਉਹ ਕਦੇ ਰੁੱਸਿਆ ਤੇ ਨਾ ਹੀ ਲੜਿਆ। ਨਾ ਉਸ ਦੀ ਕੋਈ ਤਾਂਘ ਨਾ ਸ਼ਿਕਵਾ-ਸ਼ਿਕਾਇਤ। ਸ਼ਾਇਦ ਇਸ ਕਰਕੇ ਹੀ ਉਸ ਦਾ ਨਾਂ ਬਾਬੂ ਪੈ ਗਿਆ ਹੋਵੇ। ਹਵਾ ਦੇ ਬੁੱਲ੍ਹੇ ਦੀ ਤਰ੍ਹਾਂ ਜਵਾਨੀ ਵੀ ਉਸ ਕੋਲੋਂ ਚੁੱਪ ਕਰਕੇ ਲੰਘ ਗਈ। ਜਮਾਂਦਰੂ ਛੜਾ, ਉਹ ਦੁਨੀਆਂ ਤੋਂ ਛੜਾ ਹੀ ਕੂਚ ਕਰ ਗਿਆ। ਵਿਆਹ, ਮੁਕਲਾਵੇ/ਕਰੇਵੇ ਵਰਗੇ ਸ਼ਬਦ ਉਸ ਲਈ ਬਣੇ ਹੀ ਨਹੀਂ ਸਨ। ਜੇ ਉਹ ਸੁਥਰਾ ਨਹੀਂ ਸੀ ਤਾਂ ਘੋਰੀ ਵੀ ਨਹੀਂ ਸੀ। ਘਰ ਦੇ ਬਾਕੀ ਨਿਆਣਿਆਂ ਨਾਲ ਮਹੀਨੇ ਦੋ ਮਹੀਨੇ ਬਾਅਦ ਉਸ ਦੇ ਸਿਰ ਉੱਤੇ ਵੀ ਮਸ਼ੀਨ ਫਿਰ ਜਾਂਦੀ। ਕਦੇ-ਕਦੇ ਉਹ ਮੱਝਾਂ ਮੁੰਨਣ ਆਇਆਂ ਕੋਲੋਂ ਵੀ ਸਿਰ ਉੱਤੇ ਮਸ਼ੀਨ ਫਰਾਉਣ ਲਈ ਰਾਜ਼ੀ ਹੋ ਜਾਂਦਾ। ਆਖਰੀ ਸਾਹਾਂ ਤੱਕ ਉਹ ਮੇਰੇ ਨਾਨਕਿਆਂ ਦਾ ਅਹਿਮ ਮੈਂਬਰ ਬਣਿਆ ਰਿਹਾ।
ਉਹ ਦੇਸ਼ ਦੀ ਵੰਡ ਦਾ ਸ਼ਿਕਾਰ ਹੋ ਗਿਆ ਸੀ। ਦੱਸਦੇ ਸੀ ਕਿ ਹੱਲਿਆਂ ਵਿਚ ਉਸ ਦੀ ਮਾਂ ਧਾੜਵੀਆਂ ਤੋਂ ਆਪਣੀ ਇੱਜ਼ਤ ਬਚਾਉਂਦੀ ਹੋਈ ਲੁਕਦੀ ਲਕੋਂਦੀ, ਆਪਣੇ ਜਿਗਰ ਦੇ ਟੋਟੇ ਦੀ ਸਲਾਮਤੀ ਲਈ ਸਾਡੇ ਰਿਸ਼ਤੇਦਾਰਾਂ ਦੇ ਖੂਹ ਉੱਤੇ ਖੰਨੇ ਨੇੜੇ ਖਟੜੇ ਪਿੰਡ ਦੇ ਇਕ ਬਜ਼ੁਰਗ ਹਵਾਲੇ ਇਹ ਕਹਿ ਕੇ ਕਰ ਗਈ ਸੀ, ਦੇਖੀਂ ਬਾਬਾ ਮੇਰੇ ਪੁੱਤ ਨੂੰ ਸਾਂਭੀ, ਮੈਂ ਹੁਣੇ ਇਸ ਨੂੰ ਲੈ ਜਾਵਾਂਗੀ ਪਰ ਉਹ ਕਮਾਦ 'ਚ ਅਜਿਹੀ ਵੜੀ, ਮੁੜ ਪਿੱਛੇ ਨਾ ਪਰਤੀ। ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਬੂ ਸਦਾ ਲਈ ਆਪਣੀ ਮਾਂ ਤੋਂ ਵਿੱਛੜ ਗਿਆ ਸੀ। ਮਾਂ ਤੋਂ ਬਿਨਾਂ ਉਸ ਦੀ ਪਰਵਰਿਸ਼ ਕਿਵੇਂ ਹੋਈ? ਪਰ ਉਹ ਜਵਾਨ ਹੋ ਹੀ ਗਿਆ। ਆਪਣੀ ਮਾਂ ਦੇ ਵਿਛੋੜੇ ਦੇ ਹਟਕੋਰੇ ਉਸ ਨੇ ਕਦੇ ਕਿਸੇ ਨਾਲ ਸਾਂਝੇ ਨਾ ਕੀਤੇ। ਜਾਪਦਾ ਹਟਕੋਰੇ ਤਾਂ ਲੈਂਦਾ ਹੀ ਰਿਹਾ ਹੋਵੇਗਾ, ਆਖਰ ਉਹ ਵੀ ਹੱੜ-ਮਾਸ ਦਾ ਪੁਤਲਾ ਸੀ।
ਜਦੋਂ ਉਸ ਦੀ ਮਾਂ ਵਾਪਸ ਨਾ ਆਈ ਤਾਂ ਮੰਨ ਲਿਆ ਗਿਆ ਕਿ ਉਹ ਵਿਚਾਰੀ ਇਸ ਦੁਨੀਆਂ ਵਿਚ ਨਹੀਂ ਰਹੀ, ਨਹੀਂ ਤਾਂ ਜ਼ਰੂਰ ਹੀ ਆਪਣੇ 'ਲਾਲ' ਨੂੰ ਲੈਣ ਆਉਂਦੀ।
ਬਾਬੂ ਮੇਰੇ ਨਾਨਕੇ ਘਰ ਕਕਰਾਲੇ ਅਜਿਹਾ ਆਇਆ ਕਿ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਉਸ ਦਾ ਕਕਰਾਲੇ ਰਹਿਣ ਪਿੱਛੇ ਮੁੱਖ ਕਾਰਨ ਦਾਰੂ ਹੀ ਸੀ। ਆਖਰੀ ਸਾਹ ਤੱਕ ਉਸ ਨੂੰ ਸਿਲਵਟ ਦਾ ਇਕ ਕੱਪ ਦਾਰੂ ਦਾ ਮਿਲਦਾ ਵੀ ਰਿਹਾ। ਜੱਟਾਂ ਨੂੰ ਵੀ ਮੁਫਤ 'ਚ 'ਨੌਕਰ' ਜੋ ਮਿਲ ਗਿਆ ਸੀ। ਘਰ ਦੇ ਵੀ ਉਸ ਨਾਲ ਪੂਰਾ 'ਹੇਜ' ਜਤਾਉਂਦੇ ਪਰ ਰਿਹਾ ਉਹ ਸਾਰੀ ਉਮਰ ਬਾਬੂ ਹੀ। ਕਿਸੇ ਦਾ ਚਾਚਾ-ਤਾਇਆ ਜਾਂ ਮਾਮਾ ਬਣਨਾ, ਉਸ ਦੇ ਹਿੱਸੇ ਨਾ ਆਇਆ। ਸਾਰੇ ਉਸ ਨੂੰ ਬਾਬੂ ਕਹਿ ਕੇ ਹੀ ਬੁਲਾਉਂਦੇ, ਕੀ ਛੋਟਾ, ਕੀ ਵੱਡਾ।
ਹੌਲੀ-ਹੌਲੀ ਪਸਰੀ ਸ਼ਾਂਤੀ ਤੋਂ ਬਾਅਦ ਉਸ ਦੀ ਮਾਂ ਦੇ ਕਲੇਜੇ ਵਿਚ ਪੈਂਦੀ ਹੂਕ ਵੀ ਕਕਰਾਲੇ ਪੁੱਜ ਗਈ। ਮਾਂ ਦੇ ਹਉਕਿਆਂ ਨੇ ਪੁੱਤ ਦਾ ਖੁਰਾ-ਖੋਜ ਨੱਪ ਲਿਆ ਸੀ। ਮਾਂ ਦੇ ਦਰਦ ਪਰੁੰਨੇ ਸੁਨੇਹੇ ਆਉਂਦੇ, ਲਾਲਚ ਵੀ ਦਿੱਤਾ ਹੁੰਦਾ ਕਿ ਉਸ ਦੀ ਪਾਕਿਸਤਾਨ ਵਿਚ ਲਾਹੌਰ ਨੇੜੇ ਜ਼ਮੀਨ ਹੈ, ਮਾਂ ਕੋਲ ਸੋਨਾ ਐ। ਉਹ ਇਕ ਵਾਰ ਆ ਜਾਵੇ, ਭਾਵੇਂ ਨਾ ਰਹੇ। ਪਰ ਬਾਬੂ ਤਾਂ ਪੱਥਰ ਹੀ ਹੋ ਗਿਆ ਸੀ, ਉਹ ਆਪਣੀ ਮਾਂ ਦੇ ਜਿਊਂਦੇ ਹੋਣ ਦੀ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ। ਉਸ ਨੂੰ ਸਮਝਾਉਣ ਦਾ ਅਸਰ ਹੀ ਨਾ ਹੁੰਦਾ। ਜੇ ਜ਼ਿਆਦਾ ਜ਼ੋਰ ਪਾਉਣਾ ਤਾਂ ਉਸ ਨੇ ਇਹ ਕਹਿ ਕੇ ਤੋੜਾ ਝਾੜ ਦੇਣਾ, ''ਉਹ ਕਿਤੇ ਬੈਠੀ ਐ ਇੱਥੇ ਕਦੋਂ ਦੀ ਮਰ ਮੁੱਕ ਗਈ ਹੋਣੀ ਐ।'' ਘਰ ਦੇ ਕੁਝ ਮੈਂਬਰਾਂ ਨੇ ਵੀ ਉਸ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਸੀ ਕਿ ਹੁਣ ਉਸ ਦੀ ਮਾਂ ਇਸ ਦੁਨੀਆਂ ਵਿਚ ਨਹੀਂ ਹੈ। ਉਹ ਵੀ ਰੱਬ ਦੀ ਰਜ਼ਾ ਵਿਚ ਰਾਜ਼ੀ ਹੋ ਗਿਆ ਸੀ। ਜੇ ਕਿਤੇ ਬਾਬੂ ਦੇ ਮਨ 'ਚ ਕਦੇ ਮਾਂ ਦਾ ਖਿਆਲ ਭਾਰੂ ਹੋਇਆ ਵੀ ਤਾਂ ਘਰ ਦੇ ਕਿਸੇ ਜੀਅ ਨੇ ਫਿਰ ਕਹਿ ਦੇਣਾ, ਓਏ ਭੁੱਖਾ ਮਰੇਂਗਾ ਜਾ ਕੇ, ਉਹ ਬੈਠੀ ਐ ਹੁਣ, ਚੰਗੀ-ਭਲੀ ਰੋਟੀ ਮਿਲਦੀ, ਨਾਲੇ ਪੀਣ ਨੂੰ ਐ। ਵਿਚੋਂ ਕਿਸੇ ਨੇ ਸੁਣਾ ਦੇਣਾ ਕਿ ਪਾਕਿਸਤਾਨ ਵਿਚ ਸ਼ਰਾਬ ਨਹੀਂ ਮਿਲਦੀ, ਐਵੇਂ ਨਾ ਕਿਸੇ ਦੀਆਂ ਗੱਲਾਂ ਵਿਚ ਆ ਜੀਂ। ਇਨ੍ਹਾਂ ਬੋਲਾਂ ਵਿਚ ਜੱਟ ਦਾ ਸਵਾਰਥੀ ਤੇ ਮਚਲਾ ਸੁਭਾਅ ਲੁਕਿਆ ਨਜ਼ਰ ਆਉਂਦਾ। ਕੀਹਦਾ ਜੀਅ ਕਰਦਾ ਸੀ ਕਿ ਮੁਫਤੋ-ਮੁਫਤੀ ਮਿਲਿਆ ਨੌਕਰ ਚਲਿਆ ਜਾਵੇ ਜੋ ਭਰਮ ਵਿਚ ਮਾਲਕ ਬਣ ਕੇ ਜੀਅ ਰਿਹਾ ਸੀ। 30-35 ਕਿੱਲਿਆਂ ਦੀ ਖੇਤੀ ਉਸ ਦੇ ਸਿਰ ਉੱਤੇ ਸੀ ਤੇ 15-20 ਪਸ਼ੂ ਉਹ ਸਾਂਭਦਾ।
ਦਿਨ ਬੀਤਦੇ ਗਏ। ਮਾਂ ਨੇ ਪੁੱਤ ਨੂੰ ਪਾਉਣ ਲਈ ਇਕ ਵਾਰ ਫਿਰ ਹੱਲਾ ਮਾਰਿਆ। ਇਸ ਵਾਰ ਬਾਬੂ ਨੂੰ ਲੱਭਣ ਉਸ ਨੇ ਪਾਕਿਸਤਾਨ ਤੋਂ ਕੁਝ ਬੰਦੇ ਭੇਜੇ ਸਨ ਜੋ ਅੰਬੈਸਡਰ ਕਾਰ ਵਿਚ ਖੰਨਿਓਂ ਮੇਰੇ ਨਾਨਕੇ ਪੁੱਜੇ। ਮੇਰਾ ਨਾਨਾ ਪਿੰਡ ਦਾ ਸਰਪੰਚ ਸੀ। ਉਹ ਬੰਦੇ ਸਭ ਤੋਂ ਪਹਿਲਾਂ ਉਸ ਕੋਲ ਆਏ। ਪਾਕਿਸਤਾਨ ਤੋਂ ਆਏ ਬੰਦਿਆਂ ਦੀ ਖਬਰ ਸੁਣ ਕੇ ਬਾਬੂ ਇਕ ਵਾਰ ਫਿਰ ਇੱਖ ਵਿਚ ਲੁਕ ਗਿਆ ਜਾਂ ਘਰ ਦੇ ਕਿਸੇ ਮੈਂਬਰ ਨੇ ਉਸ ਨੂੰ ਗੁੰਮਰਾਹ ਕਰਕੇ ਲੁਕੋ ਦਿੱਤਾ। ਕਾਮਰੇਡ ਨਾਨਾ ਸਾਰਾ ਦਿਨ ਬਾਬੂ ਨੂੰ ਲੱਭਣ ਲਈ ਪਸੀਨੋ-ਪਸੀਨਾ ਹੁੰਦਾ ਰਿਹਾ ਪਰ ਬਾਬੂ ਨਾ ਥਿਆਇਆ। ਪਾਕਿਸਤਾਨੋਂ ਆਏ ਮਹਿਮਾਨ ਹੱਥ ਮਲਦੇ ਮੁੜ ਗਏ। ਉਹਨਾਂ ਮਾਂ ਦੇ ਦੁੱਖਾਂ ਦੇ ਅਨੇਕਾਂ ਹੀ ਮਰਸੀਏ ਸੁਣਾਏ ਸਨ। ਵਿਚਾਰਾ ਨਾਨਾ ਇਕ ਪਾਸੇ, ਸਾਰਾ ਟੱਬਰ ਇਕ ਪਾਸੇ। ਬਾਕੀ ਦਾ ਪਰਿਵਾਰ ਭਾਵੇਂ ਨਾਨੇ ਨਾਲ ਇਸ ਮਸਲੇ ਉਤੇ ਦਿਲ ਦੀ ਗੱਲ ਨਹੀਂ ਕਰਦਾ ਸੀ ਪਰ ਬਾਬੂ ਨੂੰ ਪਾਕਿਸਤਾਨ ਨਾ ਭੇਜਣ ਦਾ ਮਤਾ ਤਾਂ ਚਿਰੋਕਣਾ ਹੀ ਪੱਕ ਚੁੱਕਾ ਸੀ। ਜਦੋਂ ਬਾਬੂ ਸ਼ਾਮ ਨੂੰ ਘਰ ਪ੍ਰਗਟ ਹੋਇਆ ਤਾਂ ਸਰਪੰਚ ਨੇ ਬਾਬੂ ਦੀ ਝਾੜ-ਝੰਬ ਕਰਦਿਆਂ ਉਸ ਨੂੰ ਮਾਂ ਦੇ ਦੁੱਖਾਂ ਦਾ ਵਾਸਤਾ ਪਾਇਆ। ਬਾਬੂ ਨੇ ਮਲਵੀਂ ਜੀਭ ਨਾਲ ਮੱਝਾਂ ਨੂੰ ਕੱਖ ਪਾਉਂਦਿਆਂ ਕਹਿ ਦਿੱਤਾ, ਸਰਪੰਚ ਤਾਂ ਸ਼ੁਦਾਈ ਹੋ ਗਿਆ,ਉਹ ਬੈਠੀ ਐ ਕਿਤੇ, ਕਦੋਂ ਦੀ ਕੂਚ ਕਰਗੀ ਹੋਣੀ ਐ। ਜੇ ਮੇਰੀ ਮਾਂ ਜਿਊਂਦੀ ਹੁੰਦੀ ਭਲਾ ਛੱਡ ਕੇ ਹੀ ਕਿਉਂ ਜਾਂਦੀ। ਬਾਬੂ ਦੀ ਮਾਂ ਨੇ ਆਪਣੇ ਜਿਊਂਦੇ ਜੀਅ ਉਸ ਨੂੰ ਲੱਭਣ ਲਈ ਇਕ-ਦੋ ਵਾਰ ਫਿਰ ਯਤਨ ਕੀਤੇ ਪਰ ਮਾਂ ਦੀ ਆਸ ਨੂੰ ਬੂਰ ਨਾ ਪਿਆ। ਪਰ ਉਸ ਨੂੰ ਪੁੱਤ ਦੇ ਜਿਊਂਦੇ ਹੋਣ ਦਾ ਅਹਿਸਾਸ ਆਖਰੀ ਸਾਹਾਂ ਤੱਕ ਰਿਹਾ। ਆਪਣੇ ਬੁਢਾਪੇ, ਅਨਪੜ੍ਹਤਾ ਅਤੇ ਵੀਜ਼ੇ ਦੀਆਂ ਉਲਝਣਾਂ ਕਾਰਨ ਉਹ ਪੁੱਛ ਨੂੰ ਮਿਲਣ ਦੀ ਸਿੱਕ ਮਨ ਵਿਚ ਲੈ ਕੇ ਦੁਨੀਆਂ ਤੋਂ ਕੂਚ ਕਰ ਗਈ। ਪਰ ਬਾਬੂ, ਬਾਬੂ ਹੀ ਰਿਹਾ। ਪਲ ਭਰ ਉਹ ਮਾਂ ਦੇ ਸੁਨੇਹਿਆਂ ਵਿਚਲੇ ਤੜਫ ਨੂੰ ਮਹਿਸੂਸ ਕਰਦਾ ਪਰ ਫੇਰ ਮਨ ਮਾਰ ਲੈਂਦਾ ਕਿ ਉਹ ਹੁਣ ਇਸ ਦੁਨੀਆਂ ਵਿਚ ਨਹੀਂ ਰਹੀ।
ਸਮੇਂ ਦੀ ਤੋਰ ਨੇ ਪਰਿਵਾਰ ਨੂੰ ਅੱਡ ਹੋਣ ਦੇ ਕਿਨਾਰੇ ਉੱਤੇ ਲਿਆ ਖੜ੍ਹਾਇਆ। ਜ਼ਮੀਨ ਵੰਡੀ ਗਈ, ਪਸ਼ੂ ਵੰਡੇ ਗਏ, ਸੰਦ ਵੰਡੇ ਗਏ, ਮਕਾਨ ਵੰਡਿਆ ਗਿਆ ਪਰ ਬਾਬੂ ਦੀ ਵੰਡ ਦਾ ਮਸਲਾ ਅੜ ਗਿਆ। ਪਰਿਵਾਰ ਦੀ ਵੰਡ ਦੌਰਾਨ ਬਾਬੂ ਦੀ ਸੇਵਾ ਵੱਧ ਗਈ। ਮੁਫਤੀ ਦੇ ਨੌਕਰ ਨੂੰ ਛੱਡਣ ਲਈ ਕੋਈ ਵੀ ਤਿਆਰ ਨਹੀਂ ਸੀ। ਸਹਿਮਤੀ ਨਾਲ ਬਾਬੂ ਦੇ ਬੁਢਾਪੇ ਦਾ ਖਿਆਲ ਕਰਦਿਆਂ ਉਸ ਦੇ ਨਾਂ ਵੀਹ ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ। ਸ਼ਾਇਦ ਇਹ ਬਾਬੂ ਦੇ ਹਿੱਸੇ ਦੀ ਕਮਾਈ ਮੰਨ ਲਈ ਗਈ ਸੀ।
ਬਾਬੂ ਨੇ ਕਿਸ ਨਾਲ ਰਹਿਣਾ, ਇਹ ਫੈਸਲਾ ਉਸ 'ਤੇ ਛੱਡ ਦਿੱਤਾ ਗਿਆ। ਚੁੱਪ-ਚਪੀਤੇ ਬਾਬੂ ਤਿੰਨਾਂ ਭਰਾਵਾਂ ਵਿਚੋਂ ਵੱਡੇ ਨਾਲ ਰਲ ਗਿਆ ਜਾਂ ਉਸ ਦੇ ਹਿੱਸੇ ਆ ਗਿਆ ਸੀ। ਇਸ ਤੋਂ ਬਾਅਦ ਬਾਬੂ ਬਹੁਤੀ ਦੇਰ ਜਿਉਂਦਾ ਨਾ ਰਿਹਾ। ਉਸ ਉਤੇ ਆਪਣੀ ਵੰਡ ਪੈਣ ਦਾ ਅਹਿਸਾਸ ਭਾਰੂ ਹੋ ਗਿਆ ਸੀ ਕਿ ਜਿਸ ਪਰਿਵਾਰ ਲਈ ਉਹ ਮਰਦਾ ਰਿਹਾ, ਉਸ ਦੀ ਜਾਇਦਾਦ ਉਤੇ ਉਸ ਦਾ ਹੱਕ ਨਹੀਂ ਸੀ, ਸਗੋਂ ਉਹ ਤਾਂ ਇਕ 'ਸੰਦ' ਹੀ ਸੀ। ਅੰਤ ਨੂੰ ਬਾਬੂ ਮਲਕੜੇ ਜਿਹੇ ਦੁਨੀਆਂ ਤੋਂ ਕੂਚ ਕਰਕੇ ਆਪਣੀ ਵੰਡ ਦਾ ਜੱਭ ਮੁਕਾ ਗਿਆ। ਉਸ ਵੱਲੋਂ ਨਿਭਾਏ ਧਰਮ ਨੂੰ ਦੇਖਦਿਆਂ ਉਸ ਨੂੰ ਹੰਝੂਆਂ ਭਰੀ ਵਿਦਾਇਗੀ ਦੇ ਕੇ ਸਪੁਰਦ-ਏ-ਖਾਕ ਕਰ ਦਿੱਤਾ।
-ਹਰਕੰਵਲ ਸਿੰਘ ਕੰਗ
 
Top