ਬੇਗਾਨਾ ਧਨ

Mandeep Kaur Guraya

MAIN JATTI PUNJAB DI ..
ਗੁਰਦਿਆਲ ਸਿੰਘ ਅੱਜ ਬਹੁਤ ਦੁਖੀ ਸੀ ਕਿਉਂਕਿ ਉਸ ਨੂੰ ਆਪਣੇ ਲਾਡਲੇ ਬੇਟੇ ਕਾਰਨ ਬਹੁਤ ਜ਼ਿਆਦਾ ਨਮੋਸ਼ੀ ਸਹਿਣ ਕਰਨੀ ਪੈ ਰਹੀ ਸੀ। ਉਹ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਕਰ ਰਿਹਾ ਕਿਉਂਕਿ ਜੋ ਹਰਕਤ ਅੱਜ ਉਸ ਦੇ ਲੜਕੇ ਨੇ ਕੀਤੀ ਸੀ। ਉਹ ਸੋਚ ਰਿਹਾ ਸੀ ਕਿ ਉਹ ਇਸ ਦਾ ਖੁਦ ਜ਼ਿੰਮੇਵਾਰ ਹੈ। ਉਸ ਨੇ ਕਦੇ ਵੀ ਆਪਣੇ ਲੜਕੇ ਕੁਲਵਿੰਦਰ ਦਾ ਕਿਹਾ ਨਹੀਂ ਸੀ ਮੋੜਿਆ। ਗੁਰਦਿਆਲ ਅਜੇ ਚਾਹ ਹੀ ਪੀ ਰਿਹਾ ਸੀ ਕਿ ਸੁਵਖਤੇ ਹੀ ਬੂਹਾ ਖੜਕਿਆ। ਜਦ ਉਸ ਨੇ ਉੱਠ ਕੇ ਬੂਹਾ ਖੋਲ੍ਹਿਆ ਤਾਂ ਸਾਹਮਣੇ ਚੌਕੀਦਾਰ ਖੜ੍ਹਾ ਸੀ। ਉਸ ਨੂੰ ਦੇਖ ਕੇ ਗੁਰਦਿਆਲ ਸਮਝ ਗਿਆ ਕਿ ਜ਼ਰੂਰ ਕੁਲਵਿੰਦਰ ਨੇ ਕੋਈ ਨਾ ਕੋਈ ਕਾਰਾ ਕਰ ਦਿੱਤਾ ਹੈ। ਚੌਂਕੀਦਾਰ ਉਚੀ ਆਵਾਜ਼ ਵਿਚ ਹੋਕਾ ਦੇਣ ਵਾਂਗ ਬੋਲਿਆ, 'ਗੁਰਦਿਆਲ ਸਿਹਾਂ ਅੱਜ ਤੈਨੂੰ 8 ਵਜੇ ਪੰਚਾਇਤ ਘਰ ਬੁਲਾਇਆ ਹੈ।' ਆਵਾਜ਼ ਕੰਨੀਂ ਪੈਂਦਿਆਂ ਹੀ ਗੁਰਦਿਆਲ ਸਿਰਫ਼ ਸਿਰ ਹੀ ਹਿਲਾ ਸਕਿਆ।
ਸੁਖਜੀਤ ਵੀ ਪਾਠ ਕਰਕੇ ਸਬ੍ਹਾਤ ਵਿਚੋਂ ਬਾਹਰ ਆ ਗਈ। ਗੁਰਦਿਆਲ ਨੂੰ ਸੋਚਾਂ 'ਚ ਡੁੱਬਿਆ ਦੇਖ ਉਹ ਸਮਝ ਗਈ ਕਿ ਕੁਲਵਿੰਦਰ ਨੇ ਫਿਰ ਕੋਈ ਘਿਨਾਉਣੀ ਹਰਕਤ ਕਰ ਦਿੱਤੀ। ਕੁਲਵਿੰਦਰ ਜਾਗਦਾ ਹੋਇਆ ਵੀ ਅਣਜਾਣਾਂ ਦੀ ਤਰ੍ਹਾਂ ਅੱਖਾਂ ਮੀਟੀ ਪਿਆ ਸੀ। ਅੱਜ ਗੁਰਦਿਆਲ ਨੂੰ ਮਹਿਸੂਸ ਹੋ ਗਿਆ ਸੀ ਕਿ ਮੈਂ ਤਾਂ ਸੋਚਿਆ ਸੀ ਕਿ ਮੈਂ ਇਕੱਲੇ ਲੜਕੇ ਨੂੰ ਹੀ ਪੜ੍ਹਾਉਣਾ ਹੈ ਕਿਉਂਕਿ ਮੈਨੂੰ ਕਮਾਈ ਤਾਂ ਉਸੇ ਨੇ ਹੀ ਕਰਕੇ ਦੇਣੀ ਹੈ। ਸੁੱਖ ਵੀ ਤਾਂ ਉਹੀ ਦੇਵੇਗਾ।
ਜਦੋਂ ਸੁਖਜੀਤ ਚਾਰ ਕੁ ਵਰ੍ਹਿਆਂ ਦੀ ਹੋਈ ਤਾਂ ਨਿੰਮੋ ਦੇ ਕਹਿਣ 'ਤੇ ਗੁਰਦਿਆਲ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਮੈਂ ਇਸ ਨੂੰ ਨਹੀਂ ਪੜ੍ਹਾਉਣਾ। ਵਾਰ-ਵਾਰ ਮਿੰਨਤਾਂ ਕਰਨ 'ਤੇ ਉਸ ਦਾ ਬਾਪ ਉਸ ਦੀ ਮਾਂ ਦੇ ਕਹਿਣ 'ਤੇ ਨਹੀਂ ਮੰਨਿਆ। ਨਿੰਮੋ ਆਪਣੀ ਪੇਸ਼ ਨਾ ਦੇਖ ਕੇ ਸੁਖਜੀਤ ਨੂੰ ਆਪਣੇ ਪੇਕੇ ਪਿੰਡ ਛੱਡ ਆਈ। ਸੁਖਜੀਤ ਆਪਣੇ ਨਾਨਕੇ ਚਲੀ ਗਈ ਤੇ ਉਥੇ ਉਸ ਦੀ ਪੜ੍ਹਾਈ ਸ਼ੁਰੂ ਹੋ ਗਈ। ਜਦੋਂ ਸੁਖਜੀਤ 8 ਵਰ੍ਹਿਆਂ ਦੀ ਹੋਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੇ ਨਿੱਕੇ ਜਿਹੇ ਵੀਰੇ ਨੇ ਜਨਮ ਲਿਆ ਹੈ ਤਾਂ ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਹ ਆਪਣੀ ਨਾਨੀ ਨੂੰ ਨਾਲ ਲੈ ਕੇ ਆਪਣੇ ਨਿੱਕੇ ਵੀਰ ਨੂੰ ਦੇਖਣ ਆਈ। ਉਸ ਨੇ ਆਉਣ ਸਾਰ ਭੋਲੇਪਨ ਵਿਚ ਕਿਹਾ ਕਿ ਪਾਪਾ ਮੈਂ ਤੇ ਵੀਰਾ ਇਕੱਠੇ ਨਾਨਕੀਂ ਪੜ੍ਹਾਂਗੇ। ਗੁਰਦਿਆਲ ਨੇ ਉਸ ਦੇ ਭੋਲੇਪਨ ਦਾ ਭੋਰਾ ਵੀ ਲਿਹਾਜ਼ ਨਹੀਂ ਕੀਤਾ। ਬੜੇ ਰੁੱਖੇ ਲਹਿਜੇ ਵਿਚ ਕਿਹਾ ਕਿ ਜਦ ਵੀ ਇਹ ਵੱਡਾ ਹੋਵੇਗਾ ਤਾਂ ਇਹ ਇਥੇ ਹੀ ਪੜ੍ਹੇਗਾ। ਮੈਂ ਇਸ ਨੂੰ ਬਹੁਤ ਜ਼ਿਆਦਾ ਪੜ੍ਹਾਵਾਂਗਾ। ਭਾਵੇਂ ਸੁਖਜੀਤ ਓਦੋਂ ਛੋਟੀ ਉਮਰ ਦੀ ਸੀ ਪਰ ਫਿਰ ਵੀ ਉਸ ਨੂੰ ਇਹ ਬੋਲ ਸੂਲਾਂ ਦੀ ਤਰ੍ਹਾਂ ਚੁੱਭਣ ਲੱਗ ਪਏ। ਕੁਲਵਿੰਦਰ ਨੂੰ ਗੁਰਦਿਆਲ ਸਿੰਘ ਨੇ ਆਪਣੀ ਪਹੁੰਚ ਤੋਂ ਬਾਹਰ ਹੋ ਕੇ ਵੱਡੇ ਸਕੂਲ ਵਿਚ ਪੜ੍ਹਨੇ ਪਾ ਦਿੱਤਾ। ਕੁਲਵਿੰਦਰ ਦਾ ਬਚਪਨ ਤੋਂ ਹੀ ਪੜ੍ਹਾਈ ਵੱਲ ਧਿਆਨ ਨਹੀਂ ਸੀ। ਕਦੀ ਫੇਲ੍ਹ ਹੋ ਜਾਂਦਾ ਤੇ ਕਦੀ ਸਿਫਾਰਸ਼ ਨਾਲ, ਕਦੀ ਮਿੰਨਤਾਂ ਨਾਲ ਤੇ ਕਦੀ ਰਿਸ਼ਵਤ ਨਾਲ ਪਾਸ ਕਰਵਾ ਕੇ ਕੁਲਵਿੰਦਰ ਨੂੰ ਗੁਰਦਿਆਲ ਸਿੰਘ ਨੇ 9ਵੀਂ ਤੱਕ ਲੈ ਆਂਦਾ। ਦਸਵੀਂ ਵਿਚ ਗੁਰਦਿਆਲ ਸਿੰਘ ਦੀ ਪਹੁੰਚ ਤੋਂ ਬਾਹਰ ਦਾ ਕੰਮ ਹੋ ਗਿਆ ਕਿਉਂਕਿ ਕੁਲਵਿੰਦਰ ਨੂੰ ਤਾਂ ਤਿੰਨ ਵਾਰ ਦਸਵੀਂ ਕਰਨ ਦੇ ਬਾਵਜੂਦ ਵੀ ਸਿਲੇਬਸ ਬਾਰੇ ਪਤਾ ਨਹੀਂ ਲੱਗਿਆ। ਕੁਲਵਿੰਦਰ ਦਾ ਧਿਆਨ ਪੜ੍ਹਾਈ ਵੱਲ ਘੱਟ ਸਗੋਂ ਘਟੀਆ ਹਰਕਤਾਂ ਵੱਲ ਵਧ ਹੋ ਗਿਆ। ਉਸ ਦਾ ਖਰਚਾ ਦਿਨੋਂ-ਦਿਨ ਵਧਦਾ ਜਾ ਰਿਹਾ ਸੀ। ਕੁਝ ਫੀਸਾਂ, ਸਿਨੇਮੇ ਦੀਆਂ ਟਿਕਟਾਂ, ਕੰਟੀਨ ਤੇ ਨਸ਼ੇ ਦਾ ਖਰਚਾ ਗੁਰਦਿਆਲ ਸਿਰ ਦਿਨੋਂ-ਦਿਨ ਕਰਜ਼ੇ ਦੀ ਪੰਡ ਨੂੰ ਭਾਰੀ ਕਰ ਰਿਹਾ ਸੀ। ਗੁਰਦਿਆਲ ਕੋਈ ਅਮੀਰ ਆਦਮੀ ਨਹੀਂ ਸੀ ਤੇ ਉਸ ਦੇ ਕੋਲ ਗੁਜ਼ਾਰੇ ਲਈ ਮਸਾਂ ਸੱਤ ਘੁਮਾਂ ਪੈਲੀ ਸੀ। ਜਿਸ ਵਿਚੋਂ ਕੁਲਵਿੰਦਰ ਦਾ ਖਰਚਾ ਪੂਰਾ ਨਹੀਂ ਸੀ ਹੁੰਦਾ। ਘਰ ਦਾ ਖਰਚਾ ਅਲੱਗ ਸੀ।
ਕੁਲਵਿੰਦਰ ਦਿਨੋਂ ਦਿਨ ਵਿਗੜਦਾ ਜਾ ਰਿਹਾ ਸੀ। ਨਸ਼ੇ ਦਾ ਰੋਗ ਉਸ ਦੇ ਹੱਡਾਂ ਨੂੰ ਅੰਦਰੋਂ-ਅੰਦਰੀ ਘੁਣ ਦੀ ਤਰ੍ਹਾਂ ਖਾਣ ਲੱਗ ਪਿਆ ਸੀ। ਜਦੋਂ ਗੁਰਦਿਆਲ ਸਿੰਘ ਨੇ ਕੁਲਵਿੰਦਰ ਦਾ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਤਾਂ ਉਸ ਨੂੰ ਨਸ਼ੇ ਦਾ ਖਰਚਾ ਮਿਲਣਾ ਬੰਦ ਹੋ ਗਿਆ। ਉਹ ਉਨ੍ਹਾਂ ਲੜਕਿਆਂ ਦੀ ਟੋਲੀ ਵਿਚ ਸ਼ਾਮਿਲ ਹੋ ਗਿਆ, ਜਿਨ੍ਹਾਂ ਦਾ ਲੋਕ ਨਾਂਅ ਲੈਣੋਂ ਝਿਜਕ ਮੰਨਦੇ ਸਨ। ਨਸ਼ੇ ਲਈ ਉਹ ਚੋਰੀਆਂ ਆਦਿ ਵੀ ਕਰਨ ਲੱਗ ਪਿਆ। ਇਧਰ ਸੁਖਜੀਤ ਨੇ ਪੜ੍ਹਾਈ ਪੂਰੀ ਕਰਕੇ ਵਕਾਲਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਤਿੰਨ ਸਾਲਾਂ ਵਿਚ ਕੁਲਵਿੰਦਰ ਇਸ ਹੱਦ ਤੱਕ ਪਹੁੰਚ ਚੁੱਕਾ ਸੀ ਕਿ ਉਹ ਵੱਡੀ ਤੋਂ ਵੱਡੀ ਚੋਰੀ ਕਰਨ ਵਿਚ ਵੀ ਝਿਜਕ ਮਹਿਸੂਸ ਨਹੀਂ ਸੀ ਕਰਦਾ। ਹਰ ਰੋਜ਼ ਨਿੱਤ ਨਵੇਂ ਉਲ੍ਹਾਮੇਂ ਸੁਣ ਕੇ ਗੁਰਦਿਆਲ ਸਿੰਘ ਅੱਕ ਗਿਆ ਸੀ ਤੇ ਘਰ ਵਿਚ ਅੰਤਾਂ ਦੀ ਗਰੀਬੀ ਆ ਗਈ।
ਜਦੋਂ ਸੁਖਜੀਤ ਤਿੰਨ ਸਾਲਾਂ ਬਾਅਦ ਘਰ ਪਰਤੀ ਤਾਂ ਹੈਰਾਨ ਰਹਿ ਗਈ ਕਿ ਜਦ ਉਹ ਅੱਠ ਸਾਲਾਂ ਦੀ ਇਸ ਘਰ ਵਿਚ ਆਈ ਸੀ ਤਾਂ ਇਹ ਘਰ ਹੋਰ ਸੀ। ਪਰ ਅੱਜ ਐਨੀ ਕੰਗਾਲੀ ਆ ਚੁੱਕੀ ਹੈ ਕਿਉਂਕਿ ਜਦ ਗੁਰਦਿਆਲ ਨੇ ਸੁਖਜੀਤ ਨੂੰ ਕਿਹਾ ਸੀ ਕਿ ਕੁਲਵਿੰਦਰ ਤਾਂ ਇਥੋਂ ਹੀ ਪੜ੍ਹੇਗਾ। ਉਸ ਵੇਲੇ ਸੁਖਜੀਤ ਨੂੰ ਐਨਾ ਗੁੱਸਾ ਆਇਆ ਕਿ ਮੈਂ ਇਸ ਘਰ ਦੀ ਧੀ ਨਹੀਂ ਸੀ ਕਿ ਮੇਰੇ ਪਾਪਾ ਨੇ ਮੈਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੁਖਜੀਤ ਨੂੰ ਦੇਖ ਕੇ ਉਸ ਦੀ ਮਾਂ ਦੀਆਂ ਭੁੱਬਾਂ ਨਿਕਲ ਆਈਆਂ। ਸਾਰੀ ਗੱਲ ਉਸ ਨੇ ਸੁਖਜੀਤ ਨੂੰ ਦੱਸ ਦਿੱਤੀ। ਹੁਣ ਸੁਖਜੀਤ ਵਕਾਲਤ ਵੀ ਕਰਦੀ ਤੇ ਉਸ ਨੇ ਘਰ ਵਿਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ। ਸੁਖਜੀਤ ਨੂੰ ਭਾਵੇਂ ਗੁਰਦਿਆਲ ਨੇ ਪੱਥਰ ਜਾਂ ਬੇਗਾਨਾ ਧਨ ਸਮਝ ਕੇ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਵੀ ਸੁਖਜੀਤ ਨੇ ਇਹ ਸਮਝ ਕੇ ਸਭ ਕੁਝ ਦਿਲੋਂ ਭੁਲਾ ਦਿੱਤਾ ਸੀ ਕਿ ਚਲੋਂ ਇਹ ਮੇਰਾ ਬਾਪ ਹੈ। ਪਰ ਜੇਕਰ ਮੇਰੀ ਮਾਂ ਮੈਨੂੰ ਨਾ ਪੜ੍ਹਾਉਂਦੀ ਤਾਂ ਇਸ ਗਲਤੀ ਨੇ ਮੇਰੀ ਜ਼ਿੰਦਗੀ ਹੀ ਬਰਬਾਦ ਕਰ ਦੇਣੀ ਸੀ। ਪਰ ਅੱਜ ਮੈਂ ਇਹ ਗ਼ਲਤੀ ਨਹੀਂ ਕਰ ਸਕਦੀ ਕਿ ਮੈਂ ਅਮੀਰ ਬਣਾਂ ਤੇ ਮੇਰਾ ਬਾਬਲ ਗਰੀਬੀ ਵਿਚੋਂ ਜ਼ਿੰਦਗੀ ਬਸਰ ਕਰੇ। ਸੁਖਜੀਤ ਕਰਕੇ ਹੀ ਗੁਰਦਿਆਲ ਸਿੰਘ ਪਹਿਲਾਂ ਨਾਲੋਂ ਆਰਥਿਕ ਹਾਲਤ ਵਿਚ ਕੁਝ ਠੀਕ ਹੋ ਗਿਆ ਸੀ। ਇਧਰ ਕੁਲਵਿੰਦਰ ਨੂੰ ਮੌਜ ਲੱਗ ਗਈ ਸੀ ਕਿ ਉਹ ਸੁਖਜੀਤ ਦੇ ਪੈਸੇ ਚੁਰਾ ਲੈਂਦਾ ਤੇ ਨਸ਼ੇ ਜਿੰਨੇ ਤਾਂ ਉਸ ਸੁਖਜੀਤ ਦੇ ਪਰਸ ਵਿਚੋਂ ਮਿਲ ਹੀ ਜਾਂਦੇ ਸਨ। ਸੁਖਜੀਤ ਨੇ ਕੁਲਵਿੰਦਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਕੋ ਗੱਲ ਕਹਿ ਦਿੰਦਾ ਕਿ ਮੈਂ ਸਭ ਕੁਝ ਛੱਡ ਦੇਣਾ ਹੈ। ਸਿਆਣਿਆਂ ਦੀ ਕਹਾਵਤ ਦੀ ਤਰ੍ਹਾਂ 'ਪੰਚਾਂ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ।' ਕੁਲਵਿੰਦਰ ਪਾਣੀ ਦੇ ਵਹਾ ਦੀ ਤਰ੍ਹਾਂ ਅੱਗੇ ਵਧਦਾ ਗਿਆ ਜਿਸ ਕਰਕੇ ਅੱਜ ਫਿਰ ਗੁਰਦਿਆਲ ਸਿੰਘ ਨੂੰ ਪੰਚਾਇਤ ਘਰ ਬੁਲਾਇਆ ਗਿਆ ਸੀ ਕਿਉਂਕਿ ਕੁਲਵਿੰਦਰ ਨੇ ਪਿੰਡ ਦੇ ਕੁਝ ਘਟੀਆ ਮੁੰਡਿਆਂ ਨਾਲ ਮਿਲ ਕੇ ਮਹਾਜਨ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਪਿੰਡ ਵੀ ਕੁਲਵਿੰਦਰ ਦੀਆਂ ਹਰਕਤਾਂ ਤੋਂ ਤੰਗ ਆ ਚੁੱਕਾ ਸੀ। ਕੌੜੀ ਜ਼ਹਿਰ ਦਾ ਘੁੱਟ ਤਾਂ ਗੁਰਦਿਆਲ ਸਿੰਘ ਅੱਖਾਂ ਮੀਟ ਕੇ ਭਰਨਾ ਹੀ ਪੈਣਾ ਸੀ ਕਿਉਂਕਿ ਅੱਜ ਉਸ ਦੇ ਸਾਹਮਣੇ ਉਹੀ ਵਕੀਲ ਬੇਟੀ ਖੜ੍ਹੀ ਸੀ।
ਉਹ ਕਹਿ ਰਹੀ ਸੀ ਪਾਪਾ ਭਾਵੇਂ ਕੁਲਵਿੰਦਰ ਬਹੁਤ ਵਿਗੜ ਚੁੱਕਿਆ ਹੈ ਪਰ ਇਸ ਨੂੰ ਇਹ ਮੌਕਾ ਵੀ ਤੁਸੀਂ ਹੀ ਦਿੱਤਾ ਹੈ। ਅਜੇ ਵੀ ਕੁਝ ਨਹੀਂ ਵਿਗੜਿਆ ਜੇਕਰ ਤੁਸੀਂ ਚਾਹੋ ਤਾਂ ਵੇਲਾ ਸੰਭਾਲ ਸਕਦੇ ਹੋ। ਗੁਰਦਿਆਲ ਸਿੰਘ ਇਹ ਸੁਣ ਕੇ ਸੁਖਜੀਤ ਦੇ ਮੂੰਹ ਵੱਲ ਵੇਖਣ ਲੱਗ ਪਿਆ ਕਿ ਇਸ ਨੂੰ ਸਿੱਧੇ ਰਸਤੇ ਕਿਵੇਂ ਪਾਇਆ ਜਾ ਸਕਦਾ ਹੈ। ਜਿਵੇਂ ਸੁਖਜੀਤ ਤੋਂ ਇਸ ਦਾ ਹੱਲ ਪੁੱਛ ਰਿਹਾ ਹੋਵੇ ਪਰ ਇਕ ਗੱਲ ਗੁਰਦਿਆਲ ਸਿੰਘ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਲੜਕੀਆਂ ਵੀ ਕਿਸੇ ਨਾਲੋਂ ਘੱਟ ਨਹੀਂ, ਜੇਕਰ ਉਨ੍ਹਾਂ ਨੂੰ ਪੁੱਤਾਂ ਦੇ ਸਾਹਮਣੇ ਛੋਟੀਆਂ ਨਾ ਸਮਝਿਆ ਜਾਵੇ। ਸੁਖਜੀਤ ਜਿਸ ਨੂੰ ਗੁਰਦਿਆਲ ਸਿੰਘ ਪੱਥਰ ਜਾਂ ਬੇਗਾਨਾ ਧਨ ਸਮਝਦਾ ਸੀ ਉਹੀ ਧੀ ਅੱਜ ਨੌਕਰੀ ਦੇ ਨਾਲ-ਨਾਲ ਬੁੱਢੇ ਮਾਂ-ਬਾਪ ਦੀ ਸੇਵਾ ਕਰ ਰਹੀ ਸੀ, ਜੋ ਸੇਵਾ ਦਾ ਸੁਪਨਾ ਉਨ੍ਹਾਂ ਉਸ ਨਿਕੰਮੇ ਕੁਲਵਿੰਦਰ ਦੇ ਹੱਥੋਂ ਸੋਚਿਆ ਸੀ, ਓਹੀ ਸੁਪਨਾ ਅੱਜ ਉਨ੍ਹਾਂ ਦੀ ਧੀ ਸੁਖਜੀਤ ਇਕ ਪੁੱਤਰ ਬਣ ਕੇ ਪੂਰਾ ਕਰ ਰਹੀ ਸੀ ਕਿਉਂਕਿ ਉਸ ਦਾ ਛੋਟਾ ਭਰਾ ਨਸ਼ੇ ਨੂੰ ਹੀ ਸਭ ਕੁਝ ਮੰਨਦਾ ਸੀ। ਜੇਕਰ ਉਸ ਨੂੰ ਨਸ਼ੇ ਲਈ ਪੈਸੇ ਟਾਈਮ 'ਤੇ ਮਿਲ ਜਾਂਦੇ ਤਾਂ ਖੁਸ਼ ਸੀ ਨਾ ਮਿਲਦੇ ਤਾਂ ਉਹ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ। ਉਸ ਦੀ ਸਿਹਤ ਵੀ ਪਹਿਲਾਂ ਨਾਲੋਂ ਵਿਗੜ ਗਈ ਸੀ ਕਿਉਂਕਿ ਪੰਜਾਂ ਸਾਲਾਂ ਵਿਚ ਨਸ਼ੇ ਨੇ ਕੁਲਵਿੰਦਰ ਨੂੰ ਪੂਰੀ ਤਰ੍ਹਾਂ ਖਾ ਲਿਆ ਸੀ। ਜਦੋਂ ਕੁਲਵਿੰਦਰ ਕਿੰਨੇ-ਕਿੰਨੇ ਦਿਨ ਘਰ ਨਾ ਆਉਂਦਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਪੈਸੇ ਦੇਣੋਂ ਨਾਂਹ ਕਰ ਦਿੱਤੀ ਤੇ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ। ਥੋੜ੍ਹਾ ਸਮਾਂ ਤਾਂ ਕੁਲਵਿੰਦਰ ਦੇ ਦੋਸਤਾਂ ਨੇ ਉਸ ਨੂੰ ਨਸ਼ਾ ਦਿੱਤਾ ਪਰ ਜਦ ਉਨ੍ਹਾਂ ਨੂੰ ਉਸ ਦੇ ਘਰ ਤੋਂ ਬੇਦਖਲ ਬਾਰੇ ਪਤਾ ਲੱਗਾ ਤਾਂ ਉਹ ਵੀ ਉਸਦਾ ਸਾਥ ਛੱਡ ਗਏ ਤੇ ਉਹ ਇਕੱਲਾ ਰਹਿ ਗਿਆ। ਉਹ ਚੋਰੀਆਂ ਕਰਨ ਲੱਗ ਪਿਆ। ਇਕ ਦਿਨ ਕੁਲਵਿੰਦਰ ਅਜਿਹੀ ਚੋਰੀ ਕਰਦਾ ਫੜਿਆ ਗਿਆ ਤੇ ਜੇਲ੍ਹ ਚਲਿਆ ਗਿਆ। ਕੁਲਵਿੰਦਰ ਦਾ ਇਕ ਮਹੀਨਾ ਜੇਲ੍ਹ ਵਿਚ ਬੀਤ ਗਿਆ ਤੇ ਕੋਈ ਵੀ ਦੋਸਤ ਉਸ ਦੀ ਜ਼ਮਾਨਤ ਕਰਵਾਉਣ ਨਾ ਗਿਆ। ਉਥੇ ਉਸ ਨੂੰ ਸਭ ਰਿਸ਼ਤੇ-ਨਾਤੇ ਯਾਦ ਆਉਂਦੇ ਤੇ ਦੋਸਤਾਂ ਵੱਲੋਂ ਕੀਤਾ ਧੋਖਾ ਵੀ ਦਿਨ-ਰਾਤ ਸਤਾਉਂਦਾ। ਉਧਰ ਜਦ ਕੁਲਵਿੰਦਰ ਦੀ ਭੈਣ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸੁਖਜੀਤ ਨੇ ਪਹਿਲਾਂ ਆਪਣੇ ਭਰਾ ਨੂੰ ਪੁੱਛਿਆ ਤੇ ਕੁਲਵਿੰਦਰ ਨੇ ਆਪਣੀ ਭੈਣ ਨੂੰ ਮਦਦ ਕਰਨ ਲਈ ਤਰਲੇ ਪਾਏ ਤੇ ਸਾਰੇ ਰਿਸ਼ਤੇ ਯਾਦ ਕਰਵਾਏ। ਉਸ ਨੇ ਉਸ ਦੀ ਜ਼ਮਾਨਤ ਦੀ ਗੱਲ ਆਪਣੇ ਪਿਤਾ ਨਾਲ ਕੀਤੀ ਤੇ ਅਦਾਲਤ ਵਿਚ ਕੇਸ ਲੜਿਆ।
ਸੁਖਜੀਤ ਨੇ ਉਸ ਨੂੰ ਬਚਾਉਣ ਲਈ ਦਿਨ-ਰਾਤ ਇਕ ਕਰ ਦਿੱਤੀ। ਪਹਿਲੀ ਪੇਸ਼ੀ ਤੋਂ ਬਾਅਦ ਜਦ ਦੂਜੀ ਪੇਸ਼ੀ ਪਈ ਤਾਂ ਉਸ ਦੇ ਦੋਸਤ ਉਸ ਨੂੰ ਅਦਾਲਤ ਵਿਚ ਦੇਖਣ ਲਈ ਆਏ ਪਰ ਉਨ੍ਹਾਂ ਕੁਲਵਿੰਦਰ ਨੂੰ ਬੁਲਾਇਆ ਤੱਕ ਨਹੀਂ। ਅਗਲੇ ਮਹੀਨੇ ਕੁਲਵਿੰਦਰ ਦੀ ਤੀਜੀ ਪੇਸ਼ੀ ਪਈ ਤੇ ਸੁਖਜੀਤ ਨੇ ਆਪਣੇ ਭਰਾ ਨੂੰ ਬਰੀ ਕਰਵਾ ਲਿਆ ਤੇ ਉਸ ਨੂੰ ਅਦਾਲਤ ਤੋਂ ਬਾਹਰ ਆ ਕੇ ਫਿਰ ਆਪਣੇ ਰਿਸ਼ਤੇ ਯਾਦ ਕਰਵਾਏ ਤੇ ਕੁਲਵਿੰਦਰ ਨੇ ਆਪਣੀ ਭੈਣ ਤੇ ਪਿਤਾ ਦੇ ਪੈਰੀਂ ਹੱਥ ਲਾਏ ਤੇ ਅੱਗੇ ਤੋਂ ਅਜਿਹੀਆਂ ਗ਼ਲਤੀਆਂ ਕਰਨ ਦੀ ਮੁਆਫ਼ੀ ਮੰਗੀ। ਇਸ ਕੇਸ ਵਿਚ ਸੁਖਜੀਤ ਦੀ ਜਿੱਤ ਹੋਈ। ਕੁਲਵਿੰਦਰ ਆਪਣੇ ਕੀਤੇ 'ਤੇ ਪਛਤਾਉਂਦਾ ਤੇ ਰੋਂਦਾ ਰਿਹਾ। ਸੁਖਜੀਤ ਨੇ ਉਸ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਬਾਪ ਦੇ ਪਿਆਰ ਦਾ ਮੁੱਲ ਹੁਣ ਚੰਗੇ ਕੰਮ ਕਰਕੇ ਮੋੜ ਸਕਦਾ ਏ। ਉਸ ਨੇ ਕੁਲਵਿੰਦਰ ਨੂੰ ਕਿਹਾ ਕਿ ਮੈਂ ਤੇਰੀ ਪੂਰੀ ਮਦਦ ਕਰਾਂਗੀ। ਗੁਰਦਿਆਲ ਸਿੰਘ ਕੋਲ ਬੈਠਾ ਸੋਚ ਰਿਹਾ ਸੀ ਕਿ ਜਿਸ ਧੀ ਦੇ ਜਨਮ ਲੈਣ 'ਤੇ ਮੈਂ ਰੋਇਆ ਸਾਂ ਓਹੀ ਅੱਜ ਇਸ ਘਰ ਵਿਚੋਂ ਰੁੱਸੀਆਂ ਖੁਸ਼ੀਆਂ ਨੂੰ ਵਾਪਸ ਲੈ ਕੇ ਆਈ ਹੈ।
 
Top