ਕੁੰਤੋ ਦਾ ਕਾਲ

ਕੁੰਤੋ ਇੱਕ 55 ਕੁ ਵਰ੍ਹਿਆਂ ਦੀ ਔਰਤ ਸੀ। ਸਾਦਾ ਪਹਿਰਾਵਾ, ਗੋਰਾ ਰੰਗ, ਚਿਹਰੇ ਤੇ ਨੂਰ ਤੋਂ ਦੂਰੋਂ ਹੀ ਕੁੰਤੋ ਦੇ ਆਉਣ ਦਾ ਪਤਾ ਲੱਗ ਜਾਂਦਾ ਸੀ। ਪਿੰਡ ਵਾਲੇ ਸਾਰੇ ਹੀ ਉਸ ਦਾ ਆਦਰ ਕਰਦੇ ਸਨ। ਕੁੰਤੋ ਬਹੁਤ ਹੀ ਮਿਹਨਤੀ ਔਰਤ ਸੀ। ਉਹ ਹਰੇਕ ਕੰਮ ਵਿਚ ਮੋਹਰੀ ਹੁੰਦੀ ਸੀ। ਭਾਵੇਂ ਕਿਸੇ ਨੇ ਵਿਆਹ ਧਰਿਆ ਹੋਵੇ ਜਾਂ ਕਿਸੇ ਦੇ ਘਰ ਮੌਤ ਹੋਈ ਹੋਵੇ, ਉਹ ਹਰ ਕਿਸੇ ਦਾ ਦੁੱਖ ਸੁੱਖ ਵੰਡਣਾ ਆਪਣਾ ਫਰਜ਼ ਸਮਝਦੀ ਸੀ। ਕੁੰਤੋ ਦੀ ਇੱਕ ਧੀ ਤੇ ਇੱਕ ਪੁੱਤਰ। ਧੀ ਦਾ ਵਿਆਹ ਹੋ ਚੁੱਕਿਆ ਸੀ ਤੇ ਪੁੱਤਰ ਡੁਬਈ ਵਿਚ ਡਰਾਈਵਰ ਸੀ। ਕੁੰਤੋ ਦਾ ਘਰਵਾਲਾ ਨਿਰਾ ਸ਼ਰਾਬੀ ਤੇ ਅਮਲੀ ਸੀ। ਸਿਆਣੇ ਠੀਕ ਹੀ ਕਹਿੰਦੇ ਹਨ ਕਿ ਸ਼ਰਾਬੀਆਂ ਦੇ ਘਰਾਂ ਵਿਚ ਸਦਾ ਕਲੇਸ਼ ਰਹਿੰਦਾ ਹੈ। ਇਹੋ ਹੀ ਹਾਲ ਕੁੰਤੋ ਦੇ ਘਰ ਦਾ ਸੀ।

ਇਕ ਦਿਨ ਸਵੇਰ ਸਮੇਂ ਕੁੰਤੋ ਦੀ ਗਵਾਂਢਣ ਨੇ ਕੁੰਤੋ ਨੂੰ ਆ ਕੇ ਦੱਸਿਆ ਕਿ ਪਿੰਡ ਵਾਲੇ ਚੋ ਦੀਆਂ ਝਾੜੀਆਂ ਵਿਚ ਇਕ ਨਿਆਣਾ ਪਿਆ ਹੈ। ਸਾਰਾ ਪਿੰਡ ਉਸ ਦੇ ਦੁਆਲੇ ਇਕੱਠਾ ਹੋਇਆ ਪਿਆ ਹੈ। ਇਹ ਗੱਲ ਸੁਣ ਕੇ ਕੁੰਤੋ ਤੋਂ ਰਿਹਾ ਨਾ ਗਿਆ। ਉਹ ਝੱਟ ਚੁੰਨੀ ਲੈ ਕੇ ਚੋ ਵੱਲ ਨੂੰ ਤੁਰ ਪਈ। ਪਿੰਡ ਦਾ ਹਰ ਆਦਮੀ ਬੱਚੇ ਬਾਰੇ ਆਪੋ ਆਪਣੀਆਂ ਕਹਾਣੀਆਂ ਘੜ ਰਿਹਾ ਸੀ। ਕੋਈ ਕਹਿ ਰਿਹਾ ਸੀ ਕਿ ਇਹ ਬੱਚਾ ਆਪਣੇ ਮਾਂ ਪਿਉ ਤੋਂ ਵਿੱਛੜ ਗਿਆ ਹੋਣੈ। ਕਿਸੇ ਦੂਸਰੇ ਦਾ ਕਹਿਣਾ ਸੀ ਕਿ ਇਹ ਬੱਚਾ ਅਨਾਥ ਹੋਣਾ ਤਾਂ ਹੀ ਕੋਈ ਪਾਲਣ ਦਾ ਮਾਰਾ ਇੱਥੇ ਸੁੱਟ ਗਿਆ। ਪਰ ਅਸਲ ਵਿਚ ਉਹ ਬੱਚਾ ਕਿਸੇ ਦੀ ਨਜਾਇਜ਼ ਔਲਾਦ ਸੀ।

ਬੱਚੇ ਦਾ ਰੋ ਰੋ ਕੇ ਬੁਰਾ ਹਾਲ ਸੀ। ਸ਼ਾਇਦ ਉਹ ਰਾਤ ਦਾ ਭੁੱਖਾ ਸੀ। ਕੋਈ ਵੀ ਉਸ ਨੂੰ ਹੱਥ ਲਾਉਣ ਨੂੰ ਰਾਜ਼ੀ ਨਹੀਂ ਸੀ। ਕੁੰਤੋ ਨੇ ਜਾਂਦਿਆਂ ਹੀ ਬੱਚੇ ਨੂੰ ਚੁੱਕ ਲਿਆ। ਇਹ ਇਕ ਕੁੜੀ ਸੀ, ਚਿੱਟੇ ਕੱਪੜੇ ਵਿਚ ਲਪੇਟੀ ਹੀ। ਕੁੰਤੋ ਨੇ ਕੁੜੀ ਨੂੰ ਸੀਨੇ ਨਾਲ ਲਾ ਲਿਆ ਤੇ ਸੀਨੇ ਲੱਗਦਿਆਂ ਹੀ ਕੁੜੀ ਚੁੱਪ ਹੋ ਗਈ। ਜਿਵੇਂ ਉਸ ਨੂੰ ਮਾਂ ਦੀ ਮਮਤਾ ਦਾ ਨਿੱਘ ਮਿਲ ਗਿਆ ਹੋਵੇ। ਪਿੰਡ ਦੇ ਮੋਹਤਵਰ ਬੰਦਿਆਂ ਨੇ ਕੁੰਤੋ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤੇ ਪੁਲਿਸ ਨੂੰ ਬੁਲਾਉਣ ਦੀ ਗੱਲ ਕਹੀ। ਪਰ ਕੁੰਤੋ ਨੇ ਕਿਸੇ ਦੀ ਗੱਲ ਨਹੀਂ ਸੁਣੀ ਤੇ ਉਸ ਬੱਚੀ ਨੂੰ ਘਰ ਲੈ ਆਈ। ਘਰ ਲਿਆ ਕੇ ਉਹ ਬੱਚੀ ਨੂੰ ਚਮਚੇ ਨਾਲ ਦੁੱਧ ਪਿਲਾਉਣ ਲੱਗ ਪਈ।

ਅਜੇ ਕੁੰਤੋ ਕੁੜੀ ਨੁੰ ਦੁੱਧ ਪਿਲਾ ਹੀ ਰਹੀ ਸੀ ਕਿ ਬਾਹਰੋਂ ਕਿਸੇ ਨੇ ਆ ਕੇ ਕੁੰਡਾ ਖਡਕਾਇਆ। ਕੁੰਤੋ ਨੇ ਬਾਹਰ ਦੇਖਿਆ ਤਾਂ ਇਕ ਬੰਦਾ ਪੰਚਾਇਤ ਦਾ ਫੁਰਮਾਨ ਲੈ ਕੇ ਆਇਆ ਸੀ। ਕੁੰਤੋ ਨੂੰ ਪੰਚਾਇਤ ਨੇ ਉਸੇ ਵੇਲੇ ਬੁਲਾਇਆ ਸੀ। ਕੁੰਤੋ ਨੇ ਉਸੇ ਵੇਲੇ ਜੁੱਤੀ ਪਾਈ ਤੇ ਪੰਚਾਇਤ ਘਰ ਪਹੁੰਚ ਗਈ। ਸਰਪੰਚ ਆਖਣ ਲੱਗਾ, “ਤੂੰ ਇਸ ਕੁੜੀ ਨੂੰ ਇਸ ਤਰ੍ਹਾਂ ਘਰ ਨਹੀਂ ਰੱਖ ਸਕਦੀ।”

ਕੁੰਤੋ ਬੋਲੀ, “ਮੈਂ ਇਸ ਕੁੜੀ ਨੂੰ ਗੋਦ ਲੈਣਾ ਚਾਹੁੰਦੀ ਹਾਂ।”

ਸਾਰੀ ਪੰਚਾਇਤ ਇਹ ਸੁਣ ਕੇ ਦੰਗ ਰਹਿ ਗਈ। ਇਸ ਦਾ ਕਾਰਨ ਇਹ ਸੀ ਕਿ ਇਕ ਤਾਂ ਇਹ ਨਿਆਣਾ ਕੁੜੀ ਸੀ ਤੇ ਦੂਸਰਾ ਉਸਦੀ ਜਾਤ ਦਾ ਕਿਸੇ ਨੂੰ ਪਤਾ ਨਹੀ ਸੀ। ਸ਼ਾਇਦ ਇਸੇ ਲਈ ਹੀ ਇਸ ਕੁੜੀ ਨੂੰ ਚੋ ਵਿੱਚ ਪਈ ਨੂੰ ਕੋਈ ਵੀ ਹੱਥ ਲਾਉਣ ਨੂੰ ਤਿਆਰ ਨਹੀ ਸੀ। ਪਰ ਕੁੰਤੋ ਦੀ ਇਹ ਗੱਲ ਸਭ ਨੂੰ ਹੈਰਾਨ ਕਰ ਗਈ। ਸਾਰੀ ਪੰਚਾਇਤ ਨੇ ਉਸ ਨੂੰ ਸਮਝਾਇਆ ਪਰ ਕੁੰਤੋ ਆਪਣੇ ਫੈਸਲੇ ਤੇ ਅੜੀ ਰਹੀ। ਅਖੀਰ ਪੰਚਾਇਤ ਰਜ਼ਾਮੰਦ ਹੁੰਦਿਆਂ ਫੈਸਲਾ ਸੁਣਾਇਆ ਕਿ ਕੁੰਤੋ ਉਸ ਲਾਵਾਰਿਸ ਬੱਚੀ ਨੂੰ ਗੋਦ ਲੈ ਸਕਦੀ ਹੈ। ਇਸ ਤੇ ਕੁੰਤੋ ਬਹੁਤ ਖੁਸ਼ ਹੋਈ।

ਆਖਰ ਕਾਗਜ਼ੀ ਕਾਰਵਾਈ ਤੋਂ ਬਾਅਦ ਕੁੜੀ ਕੁੰਤੋ ਦੀ ਧੀ ਬਣ ਗਈ। ਕੁੰਤੋ ਹੁਣ ਬਹੁਤ ਖੁਸ਼ ਸੀ। ਜੋ ਕੁਝ ਉਸ ਨੇ ਸੋਚਿਆ ਸੀ, ਉਹ ਹੋ ਗਿਆ। ਕੁੰਤੋ ਨੇ ਉਸ ਕੁੜੀ ਦਾ ਨਾਂ ਲੱਭੋ ਰੱਖਿਆ। ਕੁੰਤੋ ਲੱਭੋ ਨੂੰ ਬਹੁਤ ਪਿਆਰ ਕਰਦੀ ਸੀ। ਪਹਿਲਾਂ ਪਹਿਲ ਕੁੰਤੋ ਦੇ ਅਮਲੀ ਪਤੀ ਨੇ ਕੁੰਤੋ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਪਰ ਬਾਅਦ ਵਿੱਚ ਖੁਸ਼ ਹੋ ਗਿਆ। ਕਿਉਂਕਿ ਹੁਣ ਪਹਿਲਾਂ ਵਾਂਗ ਘਰ ਵਿੱਚ ਉਸ ਦੇ ਨਸ਼ੇ ਦੀ ਲਤ ਕਰਕੇ ਕਲੇਸ਼ ਨਹੀਂ ਹੁੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਕੁੰਤੋ ਲੱਭੋ ਦੇ ਓਹੜ ਪੋਹੜ ਕਰਨ ਲੱਗੀ ਰਹਿੰਦੀ ਸੀ।

ਇਸ ਤਰ੍ਹਾਂ ਸਮਾਂ ਲੰਘਦਾ ਗਿਆ। ਸੱਤ ਸਾਲ ਬੀਤ ਗਏ। ਲੱਭੋ ਹੁਣ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਜਾਣ ਲੱਗੀ। ਲੱਭੋ ਹੁਣ ਕੁੰਤੋ ਨਾਲ ਘਰ ਦੇ ਕੰਮ ਵਿੱਚ ਵੀ ਹੱਥ ਵਟਾਉਣ ਲੱਗੀ। ਕੁੰਤੋ ਵੀ ਲੱਭੋ ਨਾਲ ਦਿਲੋ ਜਾਨ ਨਾਲ ਪਿਆਰ ਕਰਦੀ ਸੀ। ਕੁੰਤੋ ਦੀ ਦੋਹਤੀ ਵੀ ਲੱਭੋ ਦੀ ਉਮਰ ਦੀ ਹੀ ਸੀ ਪਰ ਕੁੰਤੋ ਆਪਣੀ ਦੋਹਤੀ ਨਾਲੋਂ ਵੱਧ ਲੱਭੋ ਨੂੰ ਚਾਹੁੰਦੀ ਸੀ। ਜਦੋਂ ਛੁੱਟੀਆਂ ਵਿੱਚ ਉਸਦੀ ਦੋਹਤੀ ਆਉਂਦੀ ਤਾਂ ਉਹ ਉਸ ਤੋਂ ਲੁਕੋ ਕੇ ਲੱਭੋ ਨੂੰ ਖਾਣ ਨੂੰ ਦਿੰਦੀ ਸੀ।

ਹੁਣ ਕੁੰਤੋ ਦੇ ਮੁੰਡੇ ਦੀ ਉਮਰ ਵੀ ਵਿਆਹ ਦੀ ਹੋ ਗਈ ਸੀ। ਕੁੰਤੋ ਨੇ ਉਸ ਨੂੰ ਡੁਬਈ ਤੋਂ ਬੁਲਾ ਲਿਆ। ਕੁੰਤੋ ਨੇ ਲਾਗਲੇ ਪਿੰਡ ਦੀ ਕੁੜੀ ਪਹਿਲਾਂ ਤੋਂ ਹੀ ਪਸੰਦ ਕੀਤੀ ਹੋਈ ਸੀ। ਮੁੰਡੇ ਦੇ ਆਉਦਿਆਂ ਹੀ ਦੇਖ ਦਖਾਲੇ ਤੋਂ ਬਾਅਦ ਕੁੜੀ ਮੁੰਡੇ ਨੇ ਵੀ ਇੱਕ ਦੂਜੇ ਨੂੰ ਪਸੰਦ ਕਰ ਲਿਆ। ਵਿਆਹ 15 ਦਿਨਾਂ ਅੰਦਰ ਹੀ ਰੱਖ ਲਿਆ ਗਿਆ। ਕੁੰਤੋ ਤੇ ਉਸ ਦੀ ਕੁੜੀ ਵਿਆਹ ਦੇ ਸਮਾਨ ਖਰੀਦਣ ਲੱਗੀਆਂ। ਕੁੰਤੋ ਨੂੰ ਵਿਆਹ ਦਾ ਬੜਾ ਚਾਅ ਸੀ। ਆਖਰ ਉਸ ਦੇ ਮੁੰਡੇ ਦਾ ਵਿਆਹ ਸੀ। ਸ਼ਾਇਦ ਅਮਲੀ ਨਾਲ ਜਿੰਦਗੀ ਕੱਢਦੇ ਕੱਢਦੇ ਉਸ ਦੀਆਂ ਸਭ ਸੱਧਰਾਂ ਤੇ ਚਾਅ ਮਰ ਚੁੱਕੇ ਸਨ। ਪਰ ਮੁੰਡੇ ਦੇ ਵਿਆਹ ਨੇ ਅਚਾਨਕ ਉਸ ਦੀਆਂ ਸਭ ਸੱਧਰਾਂ ਤੇ ਚਾਵਾਂ ਨੂੰ ਮੁੜ ਜਿਉਂਦਾ ਕਰ ਦਿੱਤਾ ਸੀ। ਕੁੰਤੋ ਨੇ ਆਪਣੀ ਹੋਣ ਵਾਲੀ ਨੂੰਹ ਲਈ ਗਹਿਣਾ ਗੱਟਾ ਬਣਾ ਕੇ ਆਪਣੇ ਤੇ ਲੱਭੋ ਲਈ ਵੀ ਮੁਰਕੀਆਂ ਬਣਾਈਆਂ। ਆਪਣੇ ਲਈ ਉੱਚੀ ਅੱਡੀ ਦੀ ਬੰਦ ਜੁੱਤੀ ਲਈ। ਨਵਾਂ ਗੁਲਾਬੀ ਰੰਗ ਦਾ ਸ਼ਗਨਾਂ ਦਾ ਸੂਟ ਸਿਵਾਇਆ। ਸ਼ਗਨਾਂ ਦੀ ਗੁਲਾਬੀ ਰੰਗ ਦੀ ਚੁੰਨੀ ਰੰਗਵਾਈ। ਲੱਭੋ ਲਈ ਵੀ ਵਧੀਆ ਕੱਪੜੇ ਖਰੀਦੇ। ਇਸ ਤਰ੍ਹਾਂ ਦਿਨ ਬੀਤ ਗਏ ਤੇ ਵਿਆਹ ਨੂੰ 3 ਦਿਨ ਰਹਿ ਗਏ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ।

ਕੁੰਤੋ ਦੇ ਪਿੰਡ ਹਰ ਸਾਲ ਜਠੇਰਿਆਂ ਦਾ ਮੇਲਾ ਲਗਦਾ ਸੀ। ਉਸ ਦਿਨ ਕੁੰਤੋ ਦੀ ਗਵਾਂਢਣ ਉਸ ਨੂੰ ਆਪਣੇ ਨਾਲ ਜਠੇਰਿਆਂ ਦੇ ਮੱਥਾ ਟੇਕਣ ਲਿਜਾਣ ਲਈ ਜ਼ਿੱਦ ਕਰਨ ਲੱਗੀ। ਕੁੰਤੋ ਨੇ ਘਰ ਵਿਆਹ ਦਾ ਕੰਮ ਹੋਣ ਦੀ ਗੱਲ ਕਹਿ ਕੇ ਉਸ ਨੂੰ ਮਨ੍ਹਾਂ ਕੀਤਾ ਪਰ ਉਹ ਨਾ ਮੰਨੀ। ਆਖਰ ਕੁੰਤੋ ਉਸ ਨਾਲ ਜਾਣ ਲਈ ਤਿਆਰ ਹੋ ਗਈ। ਕੁੰਤੋ ਨੇ ਆਪਣੇ ਨਾਲ ਲੱਭੋ ਤੇ ਆਪਣੀ ਦੋਹਤੀ ਨੂੰ ਵੀ ਲੈ ਲਿਆ। ਜਠੇਰੇ ਪਿੰਡ ਤੋਂ ਬਾਹਰਵਾਰ ਸਨ। ਉੱਥੇ ਜਾ ਕੇ ਕੁੰਤੋ ਨੇ ਮੱਥਾ ਟੇਕਿਆ ਤੇ ਭਾਂਡਿਆਂ ਦੀ ਸੇਵਾ ਕੀਤੀ। ਇਸ ਤਰ੍ਹਾਂ ਕੰਮ ਕਰਦੇ ਹੋਏ ਸ਼ਾਮ ਪੈ ਗਈ। ਸਰਦੀਆਂ ਦੇ ਦਿਨ ਸਨ, ਹਨੇਰਾ ਵੀ ਛੇਤੀ ਹੋ ਗਿਆ। ਹਨੇਰਾ ਹੁੰਦਾ ਦੇਖ ਕੇ ਕੁੰਤੋ ਆਪਣੀ ਗੁਆਂਢਣ ਨੂੰ ਉੱਥੇ ਛੱਡ ਕੇ ਦੋਵਾਂ ਕੁੜੀਆਂ ਨਾਲ ਲੈ ਕੇ ਵਾਪਸ ਮੁੜ ਪਈ।

ਰਾਹ ਵਿੱਚ ਕੁੰਤੋ ਨਾਲ ਅਣਹੋਣੀ ਹੋ ਗਈ। ਵਾਪਸ ਆਉਂਦੇ ਹੋਏ ਪਿੰਡ ਦੀ ਕੱਚੀ ਸੜਕ ਤੇ ਪਿੱਛੋਂ ਆਉਂਦੀ ਹੋਈ ਇੱਕ ਸਕੂਲ ਵੈਨ ਨੇ ਕੁੰਤੋ ਤੇ ਲੱਭੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵੈਨ ਇੰਨੀ ਜ਼ੋਰ ਨਾਲ ਆ ਕੇ ਵੱਜੀ ਕਿ ਕੁੰਤੋ ਤੇ ਲੱਭੋ ਲਗਭਗ 6 ਫੁੱਟ ਉੱਪਰ ਉੱਛਲ ਕੇ ਡਿੱਗੀਆ ਪਰ ਕੁੰਤੋ ਦੀ ਦੋਹਤੀ ਵਾਲ ਵਾਲ ਬਚ ਗਈ। ਲੱਭੋ ਤਾਂ ਕੁਝ ਕੁ ਦੂਰ ਜਾ ਕੇ ਡਿੱਗੀ ਪਰ ਕੁੰਤੋ ਤਾਂ ਖੇਤ ਵਿੱਚ ਜਾ ਪਈ ਤੇ ਡਿੱਗਦਿਆਂ ਹੀ ਉਸਦੀ ਮੌਤ ਹੋ ਗਈ। ਕੁੰਤੋ ਦੀ ਦੋਹਤੀ ਨੇ ਹਨੇਰੇ ਵਿੱਚ ਬਹੁਤ ਲੱਭਿਆ ਪਰ ਉਸ ਨੂੰ ਨਾ ਤਾਂ ਲੱਭੋ ਅਤੇ ਨਾ ਹੀ ਆਪਣੀ ਨਾਨੀ ਕੁੰਤੋ ਮਿਲੀਆਂ। ਵੈਨ ਵਾਲਾ ਗੱਡੀ ਬਿਨਾਂ ਰੋਕੇ ਹੀ ਭੱਜ ਗਿਆ। ਉਸ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ।

ਆਖਰ ਕੁੰਤੋ ਦੀ ਦੋਹਤੀ ਵਾਪਸ ਜਠੇਰਿਆਂ ਦੇ ਗਈ ਤੇ ਉੱਥੇ ਗੁਆਂਢਣ ਤੇ ਹੋਰ ਬੰਦਿਆਂ ਨੂੰ ਸਾਰੀ ਗੱਲ ਦੱਸੀ। ਕਈ ਬੰਦੇ ਉਸ ਕੁੜੀ ਨਾਲ ਘਟਨਾ ਵਾਲੀ ਜਗਾਹ ਪਹੁੰਚੇ। ਬੰਦਿਆਂ ਨੇ ਬੜੀ ਮੁਸ਼ਕਿਲ ਨਾਲ ਕੁੰਤੋ ਦੀ ਲਾਸ਼ ਲੱਭੀ।

ਹੁਣ ਵਿਆਹ ਵਾਲਾ ਘਰ ਮਾਤਮ ਵਿੱਚ ਬਦਲ ਚੁੱਕਾ ਸੀ। ਲੱਭੋ ਠੀਕ ਸੀ ਪਰ ਉਸ ਦੇ ਮੋਢੇ ਦੀ ਹੱਡੀ ਟੁੱਟ ਚੁੱਕੀ ਸੀ। ਮੋਢੇ ਦੀ ਹੱਡੀ ਟੁੱਟੀ ਹੋਣ ਕਰਕੇ ਉਸਦੀ ਬਾਂਹ ਬਹੁਤ ਹੇਠਾਂ ਨੂੰ ਲਮਕੀ ਹੋਈ ਸੀ। ਕੁੰਤੋ ਦੀ ਲਾਸ਼ ਘਰ ਪਈ ਸੀ। ਲੱਭੋ ਆਪਣੀ ਮਾਂ ਵੱਲ ਵੇਖ ਕੇ ਰੋ ਰਹੀ ਸੀ। ਹਰ ਕੋਈ ਲੱਭੋ ਵੱਲ ਗਹਿਰੀ ਨਜ਼ਰ ਨਾਲ ਵੇਖ ਰਿਹਾ ਸੀ। ਇਸ ਦਾ ਕਾਰਣ ਇਹ ਸੀ ਕਿ ਕੁੰਤੋ ਦੀ ਦੋਹਤੀ ਨੇ ਘਰ ਆ ਕੇ ਇਹ ਗੱਲ ਦੱਸੀ ਸੀ ਕਿ ਕੁੰਤੋ ਲੱਭੋ ਨੂੰ ਬਚਾਉਂਦੀ ਹੋਈ ਗੱਡੀ ਹੇਠਾਂ ਆ ਗਈ ਸੀ।

ਕੋਈ ਵੀ ਲੱਭੋ ਦੀ ਟੁੱਟੀ ਲਮਕਦੀ ਹੋਈ ਬਾਂਹ ਵੱਲ ਧਿਆਨ ਨਹੀਂ ਦੇ ਰਿਹਾ ਸੀ। ਲੱਭੋ ਆਪਣੀ ਟੁੱਟੀ ਬਾਂਹ ਲੈ ਕੇ ਕਦੀ ਕੁੰਤੋ ਦੇ ਢਿੱਡ ਤੇ ਅਤੇ ਕਦੀ ਉਸ ਦੀਆਂ ਲੱਤਾਂ ਉੱਪਰ ਸਿਰ ਰੱਖ ਕੇ ਰੋ ਰਹੀ ਸੀ। ਪਿੰਡ ਦੇ ਕਿਸੇ ਵੀ ਬੰਦੇ ਨੇ, ਇੱਥੋ ਤੱਕ ਕਿ ਕੁੰਤੋ ਦੇ ਪੁੱਤਰੇ ਧੀ ਨੇ ਵੀ ਇਹ ਨਹੀਂ ਸੋਚਿਆ ਕਿ ਇਸ ਨੂੰ ਇੱਕ ਵਾਰ ਡਾਕਟਰ ਕੋਲ ਲੈ ਚੱਲੀਏ ਤਾਂ ਜੋ ਇਸ ਨੂੰ ਟੁੱਟੀ ਬਾਂਹ ਕਰਕੇ ਜੋ ਤਕਲੀਫ਼ ਹੋ ਰਹੀ ਹੈ ਉਸ ਤੋਂ ਮੁਕਤੀ ਦਿਵਾਈ ਜਾ ਸਕੇ। ਕੁੰਤੋ ਦੀ ਧੀ ਲੱਭੋ ਨੂੰ ਗਾਲ੍ਹਾਂ ਕੱਢ ਰਹੀ ਸੀ। ਹਰ ਕੋਈ ਉਸ ਨੂੰ ਧੱਕੇ ਮਾਰ ਰਿਹਾ ਸੀ। ਲੱਭੋ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਸਦਾ ਕਸੂਰ ਕੀ ਹੈ। ਉਸ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਿਸ ਕੋਲ ਜਾਵੇ। ਉਹ ਇਕ ਕੋਣੇ ਵਿੱਚ ਜਾ ਕੇ ਬੈਠ ਕੇ ਰੋਣ ਲੱਗੀ। ਹਰ ਕੋਈ ਲੱਭੋ ਨੂੰ “ਕੁੰਤੋ ਦਾ ਕਾਲ” … “ਕੁੰਤੋ ਦਾ ਕਾਲ” … ਕਹਿ ਕੇ ਬੁਲਾ ਰਿਹਾ ਸੀ।
 
Top