ਗੰਢਾਂ

ਭਾਪਾ ਜੀ ਦਾ ਅੰਤਿਮ ਸੰਸਕਾਰ ਕੰਮੀਆਂ ਦੇ ਇਸ ਤਿੰਨ ਖੂੰਜੀ ਸ਼ਮਸ਼ਾਨ ਘਾਟ ਵਿਚ ਕਰਨ ਦੀ ਮੇਰੀ ਵੱਢਿਆਂ ਰੂਹ ਨਹੀਂ ਸੀ ਕਰਦੀ ਪਰ ਉਸ ਦਿਨ ਛੋਟੇ ਤੇ ਉਸ ਦੀ ਘਰਵਾਲੀ ਅੱਗੇ ਮੇਰੀ ਕੋਈ ਵਾਹ ਪੇਸ਼ ਨਹੀਂ ਸੀ ਗਈ। ਮੈਂ ਚਾਹੁੰਦਾ ਸੀ ਭਾਪੇ ਦੀਆਂ ਅੰਤਿਮ ਰਸਮਾਂ ਆਪਣੇ ਸ਼ਹਿਰ ਵਿਚਲੇ ਮਸਾਣਾਂ ਵਿਚ ਕੀਤੀਆਂ ਜਾਂਦੀਆਂ। ਇਸੇ ਲਈ ਪੂਰੇ ਹੋਏ ਦੇ ਪੈਰਾਂ ਵੱਲ ਵਿਛੀ ਦਰੀ ‘ਤੇ ਬੈਠੇ ਛੋਟੇ ਨੂੰ ਮੈਂ ਕਿੰਨੀ ਵਾਰੀ ਗਲ ਵਿਚ ਲਿਆ ਸੀ। ਵੱਡਿਆਂ ਵਾਲਾ ਪਿਆਰ ਦੇਂਦਿਆਂ ਹੌਸਲਾ ਦਿੱਤਾ ਸੀ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਜ਼ਬਾਨ ਮੂੰਹ ਵਿਚ ਨਹੀਂ ਸੀ ਪਾਈ। ਮੁੜ–ਮੁੜ ਉਹੀ ਰੱਟ ‘ਨਾ ਭਾਊ ਤੂੰ ਗੁੱਸਾ ਮੰਨ ਭਾਵੇਂ ਰਾਜ਼ੀ’ ਭਾਪੇ ਨੂੰ ਪਿੰਡ ਲੈ ਕੇ ਜਾਣਾ। ਏਥੇ ਨਹੀਂ ਫੂਕਣਾ ਅਸੀਂ। ਪਿੰਡ ਵਿਚ ਵਿਹੜੇ ਵਾਲੇ ਕੀ ਕਹਿਣਗੇ ‘ਮੁੰਡਾ ਤਹਿਸੀਲਦਾਰ ਬਣ ਗਿਆ ਤਾਂ ਮਰੇ ਪਿਓ ਦੀ ਜੰਮਣ ਭਉਂ ਛਡਾ ‘ਤੀ। ਆਪਾਂ ਪਿੰਡੋਂ ਵੱਡਾ ਕਰਕੇ ਕਢਣੈ ਭਾਪੇ ਨੂੰ। ਸ਼ਰੀਕੇ ਨੂੰ ਰੋਟੀ-–ਟੁੱਕ ਖਵਾਉਣਾ ਚੌਥੇ ‘ਤੇ। ਤੁਹਾਡੀ ਗੱਲ ਹੋਰ ਐ, ਸਰਦਾ ਤੁਹਾਡੇ ਸ਼ਹਿਰੀਆਂ ਦਾ। ਅਸੀਂ ਤਾਂ ਪਿੰਡ ਵਾਲਿਆਂ ਵਿਚ ਰਹਿਣਾ। ਖਾਂਦੇ –ਪੀਂਦੇ ਰਹੇ ਆਂ ਲੋਕਾਂ ਦੇ ਘਰੀਂ ਜਾ ਕੇ ਵੀਰ ਮੇਰਿਆ। ਆਪਣੀ ਵਾਰੀ ਹੁਣ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਕਿ ਪਿਓ ਘਰੋਂ ਬੇਘਰ ਰਹਿ ਕੇ ਕਮਾਈ ਕਰਦਾ ਰਿਹਾ ਇਨ੍ਹਾਂ ਲਈ ਤੇ ਇਨ੍ਹਾਂ ਕੋਲੋਂ ਬੱਬਰ ਨਹੀਂ ਸਰਿਆ ਮਗਰ ਰੇੜ੍ਹਨ ਨੂੰ। ਜਿੱਥੇ ਵੱਡੇ ਬਾਪੂ ਤੇ ਬੇਬੇ ਤੇ ਵੱਡਿਆਂ ਦੇ ਸਿਵੇ ਬਲੇ ਐ ਨਾ ਅਸੀਂ ਉੱਥੇ ਹੀ ਸਸਕਾਰ ਕਰਨੈ ਭਾਪੇ ਦਾ ਵੀ। ਕੋਈ ਵੱਖਰੀ ਧੂਣੀ ਨਹੀਂ ਧਖਾਉਣੀ ਇਦ੍ਹੀ। ਪਹਿਲਾਂ ਗਏ ਵੱਡਿਆਂ ਦੇ ਨਾਲ ਬਿਠਾਉਣਾ ਇਹਨੂੰ ਅਸੀਂ।’​
ਭਾਵੇਂ ਛੋਟੇ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ, ਉਹਦੇ ਅੱਗੇ ਮੇਰੇ ਹਥਿਆਰ ਖੁੰਢੇ ਪੈ ਗਏ ਸਨ, ਪਰ ਫਿਰ ਵੀ ਜਿਹੜੀ ਦੂਰੀ ਮੈਂ ਪਿੰਡ ਦੇ ਨਿਵਾਣਾਂ ਵੱਲ ਵਸੀ ਠੱਠੀ ਵਿਚਲੇ ਆਪਣੇ ਘਰ ਤੋਂ ਸ਼ਹਿਰ ਵਿਚਲੀ ਗਰੀਨ ਐਵੀਨਿਊ ਵਾਲੀ ਆਪਣੀ ਕੋਠੀ ਤੱਕ ਮਿਥ ਲਈ ਸੀ ਉਸ ਨੂੰ ਮੈਂ ਘਟਣ ਨਹੀਂ ਸੀ ਦੇਣਾ ਚਾਹੁੰਦਾ। ਮੇਰਾ ਆਪਣਾ ਦਿਲ ਚਾਹੁੰਦਾ ਸੀ ਕਿ ਭਾਪੇ ਦੇ ਸਸਕਾਰ ਵੇਲੇ ਸ਼ਹੀਦਾਂ ਵਾਲੇ ਮਸਾਣਾਂ ਦੇ ਬਾਹਰ ਲਾਲ–ਬੱਤੀ ਲੱਗੀਆਂ ਹੂਟਰ ਵਾਲੀਆਂ ਗੱਡੀਆਂ ਦੀ ਲੰਮੀ ਕਤਾਰ ਖੜ੍ਹੀ ਹੁੰਦੀ। ਸ਼ਹਿਰ ਦੀਆਂ ਨਾਮੀ –ਗਰਾਮੀ ਹਸਤੀਆਂ ਭਾਪੇ ਦੀ ਚਿਖ਼ਾ ਦੁਆਲੇ ਖਲੋਤੀਆਂ ਮੇਰੇ ਨਾਲ ਹਮਦਰਦੀ ਜ਼ਾਹਰ ਕਰਦੀਆਂ। ਸ਼ਰਧਾਂਜਲੀ ਸਮਾਰੋਹ ਵਾਲੇ ਦਿਨ ਅਖ਼ਬਾਰਾਂ ਦੇ ਫੁੱਲ ਪੇਜ ਉੱਤੇ ਭਾਪੇ ਦੀ ਵੱਡੀ ਫੋਟੋ ਲੱਗਦੀ ਤੇ ਹੇਠਾਂ ਛਪਿਆ ਹੁੰਦਾ ਕਿ ‘ਤਹਿਸੀਦਾਰ ਕੁਲਬੀਰ ਸਿੰਘ ਗੁਰਾਇਆ ਦੇ ਪਿਤਾ ਰਤਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ।’ ਪਰ ਛੋਟੇ ਦੀ ਜ਼ਿਦ ਅੱਗੇ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਸੀ ਤੇ ਮੈਂ ਇਸ ਤਿੰਨ ਨੁਕਰੀ ਸ਼ਮਸ਼ਾਨ ਘਾਟ ਵਿਚ ਉੱਗੀ ਦੱਭ ਤੇ ਕਾਹੀ ਤੋਂ ਬਚਦਾ ਪਰਾਂ ਹਟਵਾਂ ਖਲੋਤਾ ਭਾਪੇ ਦਾ ਸਿਵਾ ਬਲਦਾ ਵਿਹੰਦਾ ਰਿਹਾ ਸਾਂ।​
ਭਾਪਾ ਪਿਛਲੇ ਕੁਝ ਸਮੇਂ ਤੋਂ ਮੇਰੇ ਕੋਲ ਗਰੀਨ ਐਵੀਨਿਊ ਵਾਲੀ ਰਿਹਾਇਸ਼ ਵਿਚ ਹੀ ਰਿਹਾ ਰਿਹਾ ਸੀ। ਕਈ ਵਾਰੀ ਮੇਰੇ ਨਾਲ ਕਿਸੇ ਜਾਣਕਾਰ ਦੇ ਦਾਹ –ਸੰਸਕਾਰ ਲਈ ਸ਼ਹੀਦਾਂ ਵਾਲੇ ਮਸਾਣਾਂ ਵਿਚ ਜਾਂਦਾ ਰਿਹਾ ਸੀ। ਵੱਖੋ –ਵੱਖਰੇ ਥੜ੍ਹਿਆਂ ਉੱਤੇ ਇਕੋ ਪਾਲ ਵਿਚ ਬਲਦੇ ਸਿਵਿਆਂ ਨੂੰ ਖਲੋਤਾ ਵਹਿੰਦਾ ਰਹਿੰਦਾ ਸੀ। ਕੋਈ ਲਟ –ਲਟ ਮਚਦਾ, ਕਿਸੇ ਦੇ ਮਘਦੇ ਕੋਲੇ ਤੇ ਕੋਈ ਗਰਮ ਸਵਾਹ ਦਾ ਢੇਰ। ਭਾਪਾ ਵਾਰੀ –ਵਾਰੀ ਇਕ– ਇਕ ਨੂੰ ਧੌਣ ਭੁਆਂ– ਭੁਆਂ ਕੇ ਵੇਖਦਾ। ਫਿਰ ਚਿਖ਼ਾ ਵਿੱਚੋਂ ਉਠਦੇ ਧੂੰਏਂ ਦੇ ਪਿੱਛੇ– ਪਿੱਛੇ ਦੂਰ ਅੰਬਰਾਂ ਵੱਲ ਝਾਕਦਾ। ਕਿਤੋਂ ਚਿੱਟੀ, ਕਿਤੋਂ ਕਾਲੀ ਤੇ ਕਿਤੋਂ ਘਸਮੈਲੀ ਜਿਹੀ ਭਾ ਮਾਰਦਾ ਧੂੰਆਂ ਵਿੰਗੇ– ਟੇਢੇ ਰਾਹ ਬਣਾਉਂਦਾ ਇਕ ਦੂਜੇ ਵਿਚ ਉਲਝਦਾ, ਪਰ੍ਹਾਂ ਦੂਰ ਖਲਾਅ ਵਿਚ ਜਾ ਕੇ ਆਪਣੀ ਹੋਂਦ ਖਤਮ ਕਰ ਲੈਂਦਾ ਤਾਂ ਟਿਕਟਿਕੀ ਲਗਾ ਕੇ ਵੇਖਦਿਆਂ ਭਾਪੇ ਦੀ ਨਿਗ੍ਹਾ ਵੀ ਪਾਟਣ ਲੱਗਦੀ। ਉਹ ਮੋਟੇ ਸ਼ੀਸ਼ਿਆਂ ਵਾਲੀ ਐਨਕ ਦੀਆਂ ਡੰਡੀਆਂ ਆਪਣੀ ਢਿੱਲੀ ਜਿਹੀ ਮਟਿਆਲੇ ਰੰਗ ਦੀ ਪੱਗ ਹੇਠੋਂ ਖਿਸਕਾ ਕੇ ਬਾਹਰ ਕੱਢਦਾ। ਫਿਰ ਪੋਟਿਆਂ ਨਾਲ ਦੋਵੇਂ ਪੁਤਲੀਆਂ ਨੂੰ ਸਾਫ਼ ਕਰਦਾ ਤੇ ਅਣਮੰਨੇ ਜਿਹੇ ਮਨ ਨਾਲ ਦੁੱਧ– ਚਿੱਟੇ ਵਿਰਲੇ– ਟਾਵੇਂ ਦਾਹੜੀ ਦੇ ਵਾਲਾਂ ਵਿਚ ਉਂਗਲਾਂ ਦੀ ਕੰਘੀ ਕਰਦਿਆਂ ਕਹਿੰਦਾ, ‘ਲੈ ਭਾਈ ਕੁਲਬੀਰ ਸਿਹਾਂ, ਐਹ ਈ ਸੱਚ। ਜਿੱਥੇ ਪਹੁੰਚ ਕੇ ਭਸਮ ਹੋਇਆ ਬੰਦਾ ਧਰਤੀ ਮਾਂ ਦੀ ਗੋਦ ਵਿਚ ਸਮਾਂ ਜਾਂਦੈ ਚੁੱਪ– ਚਪੀਤੇ।’ ਕਈ ਵਾਰ ਮੈਨੂੰ ਭਾਪੇ ਦੇ ਫਿਲਾਸਫ਼ਰ ਹੋਣ ਦਾ ਭੁਲੇਖਾ ਪੈਂਦਾ। ਮੈਂ ਉਸ ਦੀਆਂ ਕਹੀਆਂ ਗੱਲਾਂ ਨੂੰ ਦੇਰ ਤੱਕ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ।​
ਭਾਪਾ ਵੀ ਆਪਣੀ ਹਿਆਤੀ ਦਾ ਪੰਧ ਸਮੇਟ ਕੇ ਧਰਤੀ ਮਾਂ ਦੀ ਹਿੱਕ ਤੇ ਰਾਖ਼ ਦੀ ਢੇਰੀ ਬਣਿਆ ਮੇਰੇ ਸਾਹਮਣੇ ਐ। ਉਸ ਦੀਆਂ ਅੰਤਿਮ ਰਸਮਾਂ ਬੋਹੜ ਵਾਲੇ ਛੱਪੜ ਦੇ ਪਰਲੇ ਕੰਢੇ ਪਈ ਸ਼ਾਮਲਾਤੀ ਕੁਤਰ ਜਿਹੀ ਵਿਚ ਬਣੇ ਕੰਮੀਆਂ ਦੇ ਸ਼ਮਸ਼ਾਨ ਘਾਟ ਵਿਚ ਇਕ –ਇਕ ਕਰਕੇ ਭੁਗਤੀਆਂ ਹਨ। ਅੱਜ ਉਸ ਦਾ ਅੰਗੀਠਾ ਸੰਭਾਲਿਆ ਜਾਣਾ ਹੈ। ਛੋਟੇ ਨੇ ਰਾਤੀਂ ਸੌਣ ਤੋਂ ਪਹਿਲਾਂ ਫੋਨ ਕਰਕੇ ਪੱਕੀ ਕੀਤੀ ਸੀ ਕਿ ‘ਭਾਊ, ਵੇਲੇ ਸਿਰ ਆ ਜਾਇਓ। ਇੱਧਰੋਂ ਆਏ ਗਏ ਤੋਂ ਫਾਰਗ ਹੋ ਕੇ ਭਾਪਾ ਜੀ ਦੇ ਫੁਲ ਪਾਉਣ ਵੀ ਜਾਣੈਂ।’​
ਮੈਂ ਵਕਾਲਤ ਕਰਦੀ ਆਪਣੀ ਧੀ ਤੇ ਪਤਨੀ ਨਾਲ ਇਸ ਤਿੰਨ ਨੁਕਰੀ ਸ਼ਮਸ਼ਾਨ ਘਾਟ ਵਿਚ ਟੀਨ ਦੇ ਸ਼ੈੱਡ ਹੇਠ ਖੜ੍ਹਾ ਝਾਕ ਰਿਹਾ ਹਾਂ, ਜਿੱਥੇ ਦੋ ਦਿਨ ਪਹਿਲਾਂ ਭਾਪੇ ਦਾ ਸਿਵਾ ਬਲਿਆ ਸੀ। ਨੁੱਕਰ ਵਾਲੀ ਬੁਰਜੀ ਨਾਲ ਢਾਸਣਾ ਲਾ ਖਲੋਤਾ ਮੈਂ ਸ਼ੈੱਡ ਹੇਠਲੇ ਇੱਟਾਂ ਦੇ ਓਭੜ– ਖਾਬੜ ਫਰਸ਼ ਉੱਤੇ ਪਈ ਉੱਚੀ– ਨੀਵੀਂ ਸਵਾਹ ਦੀ ਢੇਰੀ ਨੂੰ ਨਿਹਾਰਦਾ ਹਾਂ, ਜਿਸ ਵਿਚ ਭਾਪਾ ਹੱਡੀਆਂ ਦੀ ਮੁੱਠ ਬਣਿਆ ਪਿਆ ਹੈ ਤੇ ਅਸੀਂ ਟੱਬਰ ਦੇ ਜੀਅ ਰਲਕੇ ਖਿੰਡਰੀ ਪੁੰਡਰੀ ਸਵਾਹ ਵਿੱਚੋਂ ਉਸਦੇ ਫੁੱਲ ਚੁਗਣ ਲਈ ਖੜ੍ਹੇ ਹਾਂ। ਭਾਮ ਵਾਲਾ ਮਾਮਾ ਹਾਲੇ ਪਹੁੰਚਿਆ ਨਹੀਂ। ਛੋਟਾ ਦੋ ਤਿੰਨ ਵਾਰੀ ਉਸਨੂੰ ਜਰਨੈਲੀ ਸੜਕ ਤੋਂ ਆਉਂਦੇ ਪਰੇ ਤੇ ਦੂਰ ਤੱਕ ਝਾਤੀ ਮਾਰਕੇ ਆਇਆ ਹੈ। ਪਰ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ। ‘ਚਲ ਪੁੱਤ ਕੁਲਬੀਰ ਸਿਹਾਂ, ਕੋਈ ਫਰਕ ਨਹੀਂ ਪੈਂਦਾ ਦੋ ਘੜੀਆਂ ਨਾਲ। ਸਹੁਰਿਆਂ ਦੀ ਮਕਾਣ ਐ, ਉਡੀਕ ਲੈਣਾ ਚਾਹੀਦਾ। ਮੜ੍ਹੀ ਵੀ ਤਾਂ ਉਨ੍ਹਾਂ ਕੱਜਣੀ ਐ ਭਾਪੇ ਤੁਹਾਡੇ ਦੀ।’ ਰੱਜੋ ਮਹਿਰੀ ਪੌਣੀ ਕੁ ਕੱਚੀ ਲੱਸੀ ਵਾਲੀ ਬਾਲਟੀ ਹੇਠਾਂ ਰੱਖਦਿਆਂ ਧੌਣ ਮੇਰੀ ਵੱਲ ਨੂੰ ਭਵਾਉਂਦਿਆਂ ਕਹਿੰਦੀ ਹੈ। ਮੈਂ ਵੇਖਦਾ ਹਾਂ ਕਿ ਉਸ ਦੀ ਢਾਕ ਨਾਲ ਲੱਗੀ ਪਰਾਤ ਵਿਚ ਤਿੰਨ –ਚਾਰ ਕਵਾਸੀਆਂ ਰੋਟੀਆਂ ਪਈਆਂ ਹਨ। ਇੰਨੀਆਂ ਕੁ ਲਕੜੀ ਦੀਆਂ ਘੜਾਈਆਂ ਹੋਈਆਂ ਕਿੱਲੀਆਂ ਸਵਾਹ ਇਕੱਠੀ ਕਰਨ ਨੂੰ ਛੋਟੀ ਜਿਹੀ ਭੌੜੀ ਤੇ ਨਾਲ ਚਿੱਟੇ ਲੱਠੇ ਦੀ ਸੀਤੀ ਹੋਈ ਗੁਥਲੀ, ਜਿਸ ਵਿਚ ਭਾਪੇ ਦੇ ਫੁੱਲ ਪਾ ਕੇ ਲਿਜਾਣੇ ਹਨ। ਮੈਂ ਚਾਚੀ ਰੱਜੋ ਦੀ ਕਹੀ ਗੱਲ ਨੂੰ ਸਿਆਣਿਆਂ ਦਾ ਕਿਹਾ ਮੰਨਦਿਆਂ ਥੋੜ੍ਹੀ ਕੁ ਧੌਣ ਹਿਲਾ ਕੇ ਰਜ਼ਾਮੰਦੀ ਜ਼ਾਹਰ ਕਰਦਾ ਹਾਂ।​
ਨੁੱਕਰ ਵਾਲੀ ਬੁਰਜੀ ਨੂੰ ਟੇਕ ਲਾਈ ਮੈਂ ਅੱਡੇ ਤੋਂ ਆਉਂਦੇ ਪਹੇ ਵੱਲ ਦੂਰ ਤੱਕ ਝਾਤੀ ਮਾਰਦਾ ਹਾਂ ਜਿੱਧਰੋਂ ਮਾਮੇ ਦੇ ਆਉਣ ਦੀ ਉਡੀਕ ਐ। ਮੇਰੀ ਸੁਰਤੀ ਉਸੇ ਪਹੇ ਵਿਚ ਜਾ ਕੇ ਗੁਆਚਦੀ ਹੈ। ਭਾਪਾ ਬਹੁਤੀ ਵਾਰੀ ਸਾਨੂੰ ਇਸੇ ਰਸਤੇ ਤੇ ਆਉਂਦਾ ਮਿਲਦਾ ਸੀ ਜਦੋਂ ਉਹ ਫੌਜ ਵਿੱਚੋਂ ਛੁਟੀ ਆਉਂਦਾ ਹੁੰਦਾ ਸੀ। ਪੇਚ ਸਵਾਰ –ਸਵਾਰ ਬੱਧੀ ਮਿਲਟਰੀ ਰੰਗ ਦੀ ਪੋਚਵੀਂ ਪੱਗ। ਵਾਹ ਸਵਾਰ ਕੇ ਡੋਰੀ ਪਾ ਕੇ ਬੰਨ੍ਹੀ ਦਾਹੜੀ, ਉੱਪਰੋਂ ਦੀ ਜਾਲੀ। ਪ੍ਰੈੱਸ ਕੀਤੀ ਵਰਦੀ ਤੇ ਪੈਰੀਂ ਮਜ਼ਬੂਤ ਅੱਡੀ ਵਾਲੇ ਭਾਰੇ ਮਿਲਟਰੀ ਬੂਟ ਪਾ ਕੇ ਭਾਪਾ ਰਿਕਸ਼ੇ ਵਿਚ ਬੈਠਿਆ ਹੁੰਦਾ ਸੀ। ਰਿਕਸ਼ੇ ਦੇ ਟਾਪੇ ਵਿਚ ਲੋਹੇ ਦੀ ਮੋਟੀ ਚਾਦਰ ਵਾਲਾ ਕਾਲੇ ਰੰਗ ਦਾ ਸੰਦੂਕ ਰੱਖਿਆ ਹੁੰਦਾ ਸੀ। ਜਿਸ ਉੱਤੇ ਮੋਟੇ ਅੱਖਰਾਂ ਵਿਚ ਲਾਸ ਨਾਇਕ ਰਤਨ ਸਿੰਘ ਲਿਖਿਆ ਹੁੰਦਾ ਸੀ। ਉਸੇ ਟਰੰਕ ਉੱਤੇ ਭਾਪਾ ਬੂਟਾਂ ਸਮੇਤ ਦੋਵੇਂ ਪੈਰ ਟਿਕਾਈ ਕੱਛਾਂ ਵਿਚ ਬਾਹਵਾਂ ਦੇ ਸਿੱਧੀ ਧੌਣ ਕਰਕੇ ਰਿਕਸ਼ੇ ਦੀ ਸੀਟ ਤੇ ਬੈਠਾ ਕੋਈ ਅਫ਼ਸਰ ਹੀ ਤਾ ਲੱਗਦਾ ਹੁੰਦਾ ਸੀ। ਸਾਨੂੰ ਆਪਣੇ ਵੱਲ ਆਉਂਦਿਆਂ ਵੇਖ ਭਾਪੇ ਨੇ ਉਸੇ ਮੁਦਰਾ ਵਿਚ ਬੈਠਿਆਂ ਕਹਿਣਾ, ‘ਉਏ ਛੋਟੇ ਜਵਾਨ, ਕਿਧਰ ਘੂੰਮਤੇ ਹੋ ਬਾਹਰ ਇਲਾਕੇ ਮੇਂ?’ ਅਸੀਂ ਮੱਠਾ –ਮੱਠਾ ਹੱਸਦਿਆਂ ਪਿੰਡ ਦੀਆਂ ਉੱਚੀਆਂ ਨੀਵੀਆਂ ਗਲੀਆਂ ਵਿੱਚੋਂ ਰਿਕਸ਼ੇ ਨੂੰ ਧੱਕਾ ਲਾ ਕੇ ਆਪਣੇ ਘਰ ਦੇ ਦਰਵਾਜ਼ੇ ਅੱਗੇ ਲਿਆ ਖਲਿਆਰਦੇ। ਬਿੜਕ ਲੈ ਕੇ ਵਿਹੜੇ ਵਿਚ ਬੈਠੀ ਬੀਬੀ ਅੱਧ ਢੁਕੇ ਬੂਹੇ ਨੂੰ ਖੋਲ੍ਹਦੀ। ਸਾਹਮਣੇ ਨਿਗ੍ਹਾ ਮਿਲਦਿਆਂ ਦੋਹਾਂ ਦੇ ਚਿਹਰਿਆਂ ਤੇ ਰੌਣਕ ਜਿਹੀ ਪਰਤਦੀ। ਕਣਕ ਵੰਨੇ ਚਿਹਰੇ ਵਿੱਚੋਂ ਸੱਕ ਵਾਲੀ ਦਾਤਣ ਨਾਲ ਮਾਂਜੇ ਦੰਦ ਲਿਸ਼ਕਦੇ। ਹੋਠਾਂ ਤੇ ਗੁਝੀ ਜਿਹੀ ਮੁਸਕਾਨ ਖਿੰਡਰਦੀ। ਸਿਰ ਦਾ ਲੀੜਾ ਥਾਂ ਸਿਰ ਕਰਦਿਆਂ ਬੀਬੀ ਥੋੜ੍ਹਾ ਪਾਸੇ ਹੋ ਕੇ ਭਾਪੇ ਨੂੰ ਅੰਦਰ ਲੰਘ ਜਾਣ ਦਾ ਰਸਤਾ ਦਿੰਦੀ। ਭਾਪਾ ਮੰਜੇ ਤੇ ਲੱਤਾਂ ਲਮਕਾ ਕੇ ਬੈਠਾ ਘਰ ਪਰਿਵਾਰ ਦੀਆਂ ਗੱਲਾਂ ਪੁੱਛਦਾ। ਬੀਬੀ ਮੱਠਾ –ਮੱਠਾ ਹੱਸਦੀ ਉਹਦੀਆਂ ਨਿੱਕੀਆਂ –ਨਿੱਕੀਆਂ ਗੱਲਾਂ ਦਾ ਜਵਾਬ ਦਿੰਦੀ ਤੇ ਚੌਂਕੇ ਚੁੱਲ੍ਹੇ ਦਾ ਕੰਮ ਕਾਰ ਕਰੀ ਜਾਂਦੀ। ਦੇਰ ਤੱਕ ਉਨ੍ਹਾਂ ਦਾ ਹਾਸਾ ਠੱਠਾ ਚਲਦਾ ਰਹਿੰਦਾ ਤੇ ਅਸੀਂ ਭਾਪੇ ਦੇ ਲਾਗੇ ਬੈਠੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਸਾਂ।​
ਛੁੱਟੀ ਕੱਟਣ ਆਇਆ ਭਾਪਾ ਦੁਨੀਆਂ ਜਹਾਨ ਦੀਆਂ ਗੱਲਾਂ ਦੱਸਦਾ। ਆਪਣੇ ਸਫ਼ਰ ਦੀਆਂ, ਪਲਟਣ ਦੀਆਂ, ਉੱਚੀਆਂ ਪਹਾੜੀਆਂ ਤੇ ਜੰਮੇ ਬਰਫ਼ ਦੇ ਤੋਦਿਆਂ ਦੀਆਂ। ਜਾਂ ਫਿਰ ਦੂਰ ਦਰਾਜ਼ ਵਿਚ ਵੱਸਦੇ ਕਬੀਲਿਆਂ ਦੀ ਜੀਵਨ ਜਾਂਚ ਦੀਆਂ। ਪੰਜਵੀਂ ਵਿਚ ਪੜ੍ਹਦਿਆਂ ਇਕ ਵਾਰੀ ਮੈਂ ਭਾਪੇ ਨੂੰ ਇਸੇ ਤਰ੍ਹਾਂ ਗੱਲਾਂ ਕਰਦੇ ਸੁਣ ਰਿਹਾ ਸੀ। ਭਾਪਾ ਉਦੋਂ ਭਾਦਰੋਂ ਦੇ ਚੁਮਾਸਿਆਂ ਵਿਚ ਛੁੱਟੀ ਆਇਆ ਸੀ। ਵਿਹੜੇ ਵਿਚ ਅਗਲੀ ਗੁੱਠੇ ਲੱਗੀ ਟਾਹਲੀ ਛਾਵੇਂ ਅਲਾਣੀ ਮੰਜੀ ਉੱਤੇ ਬੈਠ ਕੇ ਖੱਗੇ ਦੀ ਪੱਖੀ ਨਾਲ ਮੱਠੀ– ਮੱਠੀ ਝੱਲ ਮਾਰਦਿਆਂ ਭਾਪਾ ਗੱਲਾਂ ਦੀ ਲੜੀ ਟੁਟਣ ਨਹੀਂ ਸੀ ਦੇ ਰਿਹਾ। ਆਪਣੀ ਪਲਟਣ ਦੇ ਜਵਾਨਾਂ ਦੇ ਵੰਨ– ਸੁਵੰਨੇ ਕਿੱਸੇ। ਰਲ –ਮਿਲ ਕੇ ਰਹਿਣ ਦੀਆਂ ਮਿਸਾਲਾਂ ਤੇ ਹੋਰ ਕਈ ਕੁਝ ਦੱਸਦਿਆਂ ਭਾਪੇ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਿੱਖ ਲਾਈਟ ਪਲਟਣ ਵਿਚ ਸਾਰੇ ਦੇ ਸਾਰੇ ਪੰਜਾਬੀ ਨੇ ਤੇ ਉਹ ਸਾਰੇ ਦੇ ਸਾਰੇ ਮਜ਼੍ਹਬੀ ਸਿੱਖ। ਇਕ ਵੀ ਕਿਸੇ ਹੋਰ ਜਾਤੀ ਦਾ ਨਹੀਂ ਸਾਡੇ ਵਿਚ, ਸਿਵਾਏ ਉੱਪਰਲੇ ਅਫਸਰਾਂ ਤੋਂ। ਮੈਨੂੰ ਸੁਣਕੇ ਡਾਹਢੀ ਹੈਰਾਨੀ ਹੋਈ ਸੀ ਕਿ ਫੌਜ ਵਿਚ ਵੀ ਮਜ਼੍ਹਬੀ ਸਿੱਖਾਂ ਨੂੰ ਵੱਖਰੇ ਰੱਖਿਆ ਜਾਂਦਾ ਹੈ, ਆਪਣੇ ਪਿੰਡਾਂ ਵਿਚਲੀ ਠੱਠੀ ਵਾਂਗ। ਭਾਪੇ ਨੇ ਮੇਰੀ ਗੱਲ ਨੂੰ ਵਿਚਾਲਿਉਂ ਕੱਟਦਿਆਂ ਕਿਹਾ ਸੀ ਕਿ ‘ਪੁੱਤ ਕੁਲਬੀਰ ਸਿਹਾਂ ਹਾ ਈ ਗੱਲ ਮੇਰੇ ਵੀ ਦਿਲ ਵਿਚ ਆਈ ਸੀ ਇਕ ਵੇਰਾਂ। ਸਕੀਮ ਤੇ ਗਿਆਂ ਇਕ ਵਾਰੀ ਵੱਡੇ ਸਾਹਬ ਨੇ ਧੀਰਜ ਨਾਲ ਮੇਰੇ ਖਾਨੇ ਵਿਚ ਗੱਲ ਪਾਈ ਸੀ ਤੇ ਤੂੰ ਵੀ ਸੁਣ। ਜੇ ਸਾਰੀਆਂ ਉੱਚੀਆਂ ਨੀਵੀਆਂ ਜ਼ਾਤਾਂ ਦੇ ਜਵਾਨ ਇੱਕੋ ਪਲਟਣ ਵਿਚ ਹੋਣ, ਕਿਤੇ ਖਾਣ –ਪੀਣ ਤੋਂ ਬੋਲ–ਚਾਲ ਤੋਂ, ਰਹਿਣ –ਸਹਿਣ ਤੋਂ ਕੋਈ ਦਿਲ ਵਾਢਵੀਂ ਗੱਲ ਨਾ ਕਰੇ। ਕਿਉਂਕਿ ਉੱਚੀ –ਨੀਵੀਂ ਸੋਚ ਤਾਂ ਪੀੜ੍ਹੀਆਂ ਤੋਂ ਸਾਡੇ ਦਿਮਾਗਾਂ ਵਿਚ ਵੜੀ ਐ। ਕਿਸੇ ਉਲਝਣ ਜਾਂ ਟਕਰਾਅ ਤੋਂ ਬਚਣ ਲਈ ਲੱਗਦਾ ਇਹ। ਹੋਰ ਕੋਈ ਮੇਜਰ ਕਾਰਨ ਲੱਗਦਾ ਨਹੀਂ ਇਹਦੇ ਵਿਚ। ਆਈ ਕੁਝ ਸਮਝ ?’ ਭਾਪੇ ਨੇ ਗੱਲ ਮੁਕਾਉਂਦਿਆਂ ਮੇਰੇ ਚਿਹਰੇ ਤੇ ਨਿਗ੍ਹਾ ਗੱਡਦਿਆਂ ਦੱਸਿਆ ਸੀ।​
ਨਾ ਚਾਹੁੰਦਿਆਂ ਹੋਇਆ ਵੀ ਮੇਰੀ ਸੁਰਤੀ ਆਪਣੇ ਪਿੰਡ ਵਾਲੀ ਠੱਠੀ ਵਿਚ ਜਾ ਵੜਦੀ ਐ। ਪਿੰਡ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਇਕੱਲੇ ਘਰ ਦਾ ਨਕਸ਼ਾ ਮੇਰੇ ਅੱਗੋਂ ਦੀ ਗੁਜ਼ਰਦਾ ਹੈ। ਕਿਤੋਂ ਭੀੜੀਆਂ ਕਿਤੋਂ ਰਤਾ ਖੁੱਲ੍ਹੀਆਂ, ਸੱਪ ਵਲੇਵੇਂ ਖਾਂਦੀਆਂ ਗਲੀਆਂ ਵਿਚਲੇ ਉੱਚੇ ਨੀਵੇਂ ਬੇਤਰਤੀਬੇ ਘਰ। ਕਿਸੇ ਵੀ ਕੰਧ ਕੋਠੇ ਦੀ ਪਿਛਾੜੀ ਜੱਟਾਂ ਜਿੰਮੀਦਾਰਾਂ ਦੇ ਘਰਾਂ ਦੀਆਂ ਪਛਾੜੀਆਂ ਨਾਲ ਨਹੀਂ ਲੱਗਦੀ। ਪਿੰਡ ਦੇ ਅੱਧ ਵਿਚਕਾਰ ਤਰਖਾਣ, ਘੁਮਾਰ, ਨਾਈ, ਝੀਉਰ ਤੇ ਛੀਂਬਿਆਂ ਦੇ ਘਰ ਨੇ। ਜਿਨ੍ਹਾਂ ਦੀਆਂ ਕੰਧਾਂ ਸਾਡੇ ਨਾਲ ਸਾਂਝੀਆਂ ਨੇ ਤੇ ਉਨ੍ਹਾਂ ਦੀਆਂ ਜੱਟਾਂ ਜ਼ਿਮੀਦਾਰਾਂ ਨਾਲ ਸਾਂਝੀਆਂ। ਇਸੇ ਤਰ੍ਹਾਂ ਚੜ੍ਹਦੇ ਪਾਸੇ ਜ਼ਿਮੀਦਾਰਾਂ ਦੀਆਂ ਮੜ੍ਹੀਆਂ, ਲਹਿੰਦੇ ਪਾਸੇ ਕੰਮੀਆਂ ਕਮੀਣਾਂ ਦੀਆਂ ਤੇ ਪਾਰਲੇ ਪਾਸੇ ਬਾਕੀ ਜ਼ਾਤਾਂ ਦੀਆਂ। ਮਨ ਨੂੰ ਤਲਖੀ ਜਿਹੀ ਮਹਿਸੂਸ ਹੁੰਦੀ ਐ। ਭਾਵੇਂ ਮੈਂ ਦਫ਼ਤਰ ਬੈਠਾ ਹੋਵਾਂ ਜਾਂ ਘਰ, ਅਜਿਹੀ ਸੋਚ ਦੇ ਆਉਂਦਿਆਂ ਹੀ ਅਕਸਰ ਮੇਰੀ ਅਜਿਹੀ ਹਾਲਤ ਹੋ ਜਾਂਦੀ ਐ। ਹੱਥਾਂ ਪੈਰਾਂ ਦੀਆਂ ਤਲੀਆਂ ਵਿੱਚੋਂ ਸੇਕ ਨਿਕਲਣ ਲੱਗਦਾ। ਅੱਖਾਂ ਅੱਗੇ ਗੋਲ –ਗੋਲ ਚੱਕਰ ਘੁੰਮਣ ਲੱਗਦੇ ਐ। ਪਿੰਡੇ ਵਿਚ ਸੂਈਆਂ ਜਿਹੀਆਂ ਚੁੱਭਣ ਲੱਗਦੀਆਂ। ਗੱਲ ਪਾਏ ਲੀੜੇ ਲਾਹ ਕੇ ਸੁੱਟ ਦੇਣ ਨੂੰ ਜੀਅ ਕਰਦੈ ਕਦੀ ਤਾਂ। ਅਜਿਹੀ ਅਹੁਰ ਮੈਨੂੰ ਕੋਈ ਹੁਣੇ– ਹੁਣੇ ਪ੍ਰੇਸ਼ਾਨ ਨਹੀਂ ਕਰਨ ਲੱਗੀ। ਛੋਟੇ ਹੁੰਦਿਆਂ ਤੋਂ ਚੰਬੜੀ ਐ। ਚਿੱਚੜ ਵਾਂਗ ਲਹੂ ਚੂਸਦੀ ਐ ਮੇਰਾ। ਕਚਿਆਣ ਜਿਹੀ ਆਉਂਦੀ ਐ ਕਈ ਵਾਰੀ ਮੈਨੂੰ ਆਪਣੇ ਆਪ ਤੋਂ ਵੀ। ਖਹਿੜਾ ਵੀ ਨਹੀਂ ਛੁੱਟਦਾ ਇਸ ਤੋਂ। ਕਈ ਵਾਰੀ ਤਾਂ ਤਹਿਸੀਲ ਵਿਚਲੇ ਆਪਣੇ ਦਫ਼ਤਰ ਵਿਚ ਪੈਰ ਧਰਦਿਆਂ ਸਾਰ ਬਾਕੀ ਅਲਾਮਤਾਂ ਸਣੇ ਪਿੰਡੇ ਵਿਚ ਸੂਈਆਂ ਚੁੱਭਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਮੇਰਾ ਸੇਵਾਦਾਰ ਮੇਰੇ ਸਾਹਮਣੇ ਪਏ ਸ਼ੀਸ਼ੇ ਦੇ ਵੱਡੇ ਟੇਬਲ ਤੇ ਪਾਣੀ ਦਾ ਗਿਲਾਸ ਰੱਖਦਿਆਂ, ਚਿਹਰੇ ਤੇ ਖਚਰੀ ਜਿਹੀ ਮੁਸਕਾਨ ਖਿਲੇਰਦਿਆਂ ਨਖ਼ਰੇ ਜਿਹੇ ਨਾਲ ਮੈਨੂੰ ਗੁੱਡ ਮਾਰਨਿੰਗ ਸਰ ਆਖਦੈ। ਜੈਂਤੀਪੁਰੀਏ ਨੰਬਰਦਾਰ ਦਾ ਪੋਤਰਾ ਇਹ। ਸਾਹਮਣੇ ਪਈਆਂ ਫਾਈਲਾਂ ਥਾਂ ਸਿਰ ਕਰਕੇ ਮੇਜ਼ ਤੇ ਪੋਲਾ– ਪੋਲਾ ਕੱਪੜਾ ਫੇਰਦਿਆਂ ਕੰਜਰ ਦਾ ਟੇਢੀ ਜਿਹੀ ਨਜ਼ਰੇ ਝਾਕਦਾ ਫਿਰ ਮੇਰੇ ਵਲ। ਇਨ੍ਹਾਂ ਲੋਕਾਂ ਦੀ ਨਿਗ੍ਹਾ ਪੜ੍ਹਦੇ ਹੀ ਵੱਡੇ ਹੋਏ ਆਂ ਅਸੀਂ ਵੀ। ਆਪਣੇ ਪਿਉ ਦਾਦੇ ਵਾਲੀ ਭਾਸ਼ਾ ਬੋਲਦਾ ਹੋਊ ਇਹ ਵੀ। ਮੂੰਹੋਂ ਨਾ ਸਹੀ, ਦਿਲ ਵਿਚ ਤਾਂ ਇਹੋ ਆਂਹਦਾ ਹੋਊ ਮੈਨੂੰ ਕਿ ‘ਸਾਲਾ ਝੜੰਮ ਜ਼ਾਤ ਕਿਵੇਂ ਕਿਰਲੇ ਵਾਂਗ ਆਕੜ ਕੇ ਬੈਠਾ ਕੁਰਸੀ ਤੇ।’ ਏਹੋ ਗੱਲਾਂ ਚੇਤੇ ਆਉਂਦਿਆਂ ਤਲੀਆਂ ਵਿੱਚੋਂ ਸੇਕ ਉੱਠਣ ਲੱਗਦਾ। ਵਾਰ –ਵਾਰ ਤਹਿ ਕੀਤਾ ਰੁਮਾਲ ਮੱਥੇ ਤੇ ਫੇਰਦਾਂ। ਸਾਹਮਣੇ ਪਏ ਗਿਲਾਸ ਵਿੱਚੋਂ ਦੋ ਘੁੱਟ ਪਾਣੀ ਅੰਦਰ ਸੁੱਟ ਕੇ ਆਪਣੇ ਆਪ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਦਾਂ। ਕਿੰਨਾ– ਕਿੰਨਾ ਚਿਰ ਦਿਲ ਵਸ ਵਿਚ ਨਹੀਂ ਆਉਂਦਾ। ਦਿਲ ਧੜਕਦਾ ਕਿੱਥੇ ਐ ਉਦੋਂ, ਸਗੋਂ ਠੱਕ –ਠੱਕ ਵੱਜਦਾ ਸੁਣਾਈ ਦਿੰਦਾ। ਇਕ ਵਾਰ ਤਾਂ ਮੈਂ ਸੁਣ ਵੀ ਲਿਆ ਸੀ। ਕਿਸੇ ਮਿਲਣ ਆਏ ਨੂੰ ਕਹਿੰਦਾ, ‘ਐਵੇਂ ਫਰਜ਼ੀ ਗੁਰਾਇਆ ਸਾਹਿਬ ਬਣਿਆ ਆਪਣਾ ਤਹਿਸੀਲਦਾਰ।’​
ਮੈਂ ਕਈ ਵਾਰੀ ਇਕੱਲਾ ਬੈਠਾ ਸੋਚਦੈਂ ਕਿ ਮੈਂ ਇਹ ਕਿਹੜੀਆਂ ਸੋਚਾਂ ਲੈ ਬਹਿਨਾ। ਮੈਂ ਕੋਈ ਪਿੰਡ ਥੋੜ੍ਹਾ ਵਸਦਾਂ ਹੁਣ, ਜਿੱਥੇ ਸਾਡੇ ਇਕ ਪਾਸੇ ਚਾਚਾ ਰੱਤੀ ਤੇ ਦੂਜੇ ਪਾਸੇ ਮਾੜਿਆਂ ਦਾ ਤੋਤੀ ਰਹਿੰਦਾ। ਸ਼ਹਿਰ ਦੇ ਸਿਵਲ ਲਾਈਨ ਦੇ ਏਰੀਏ ਵਿਚ ਮਹਿੰਗੀ ਤੇ ਸਾਫ਼ ਸੁਥਰੀ ਜਗ੍ਹਾ ਵਿਚ ਰਿਹਾਇਸ਼ ਐ ਮੇਰੀ। ਇਕ ਕਨਾਲ ਦੀ ਦੋ ਮੰਜ਼ਿਲੀ ਕੋਠੀ ਦੇ ਇਕ ਪਾਸੇ ਡਾ. ਸਚਦੇਵਾ ਰਹਿੰਦਾ ਤੇ ਦੂਜੇ ਪਾਸੇ ਪ੍ਰੋ. ਗਿੱਲ। ਕੋਠੀ ਅੱਗਿਉਂ ਦੀ ਸੱਠ ਫੁੱਟੀ ਸੜਕ ਤੇ ਸੜਕੋਂ ਪਾਰ ਆਲੀਸ਼ਾਨ ਮਨਮੋਹਣਾ ਪਾਰਕ। ਆਪਣੇ ਸ਼ਹਿਰ ਦੇ ਲੋਕਲ ਐੱਮ. ਐੱਲ. ਏ. ਤੋਂ ਲੈ ਕੇ ਪ੍ਰਿੰਸੀਪਲ ਸਕੱਤਰ ਤੱਕ ਪਹੁੰਚ ਐ ਆਪਣੀ। ਕੋਈ ਕੰਮ ਅੜਦਾ ਨਹੀਂ ਆਪਣੇ ਅੱਗੇ। ਬੱਚੇ ਵੈੱਲ ਸੈਟਲਡ ਨੇ। ਕਾਹਦੀ ਥੋੜ੍ਹ ਐ ਹੁਣ। ਮੈਨੂੰ ਸਮਝ ਨਹੀਂ ਆਉਂਦੀ ਸਭ ਕੁਝ ਹੁੰਦਿਆਂ– ਸੁੰਦਿਆਂ ਮੇਰੀ ਅਜਿਹੀ ਹਾਲਤ ਕਿਉਂ ਹੋ ਜਾਂਦੀ ਐ। ਕਿਉਂ ਮੈਂ ਪਾਣੀਉਂ ਪਤਲਾ ਹੋ ਜਾਂਦਾ ਹਾਂ। ਕੋਈ ਨਾ ਕੋਈ ਘਾਟ ਜ਼ਰੂਰ ਐ ਮੇਰੇ ਵਿਚ। ਜੈਂਤੀਪੁਰੀਆ ਮੇਰਾ ਸੇਵਾਦਾਰ ਮੇਰੀਆਂ ਸੋਚਾਂ ਵਿਚ ਆਣ ਖੜ੍ਹਦਾ ਮੇਰੇ ਸਾਹਮਣੇ। ਆਪਣੀਆਂ ਕਤਰੀਆਂ ਮੁੱਛਾਂ ਉੱਤੇ ਪੋਲਾ –ਪੋਲਾ ਹੱਥ ਫੇਰਦਾ, ਖਾ ਜਾਣ ਵਾਲੀ ਨਿਗ੍ਹਾ ਨਾਲ ਝਾਕਦੈ ਮੇਰੇ ਵਲ। ਜਿਵੇਂ ਮੈਨੂੰ ਭੁਲੇਖੇ ਨਾਲ ਉਹਦੀ ਜੱਦੀ ਪੁਸ਼ਤੀ ਸੀਟ ਤੇ ਬਿਠਾ ਦਿੱਤਾ ਹੋਵੇ ਤੇ ਉਸਨੂੰ ਮੇਰੀ ਸੇਵਾਦਾਰ ਵਾਲੀ ਪੋਸਟ ਤੇ ਕੰਮ ਕਰਨਾ ਪੈ ਰਿਹਾ ਹੋਵੇ। ਮੈਂ ਬੋਝਲ ਹੋਏ ਆਪਣੇ ਦਿਮਾਗ ਨੂੰ ਛੰਡਦਾ। ਦਿਮਾਗ਼ ਦੀਆਂ ਨਸਾਂ ਫਟ ਜਾਣ ਨੂੰ ਆਉਂਦੀਆਂ ਨੇ ਉਸ ਸਮੇਂ ਤਾਂ। ਪੁੜਪੁੜੀਆਂ ਨੂੰ ਦੋਹਾਂ ਹੱਥਾਂ ਨਾਲ ਪੋਲਾ– ਪੋਲਾ ਘੁੱਟਦਾਂ ਤੇ ਦਿਲ ਹੀ ਦਿਲ ਵਿਚ ਆਖਦਾਂ ਕਿ ਕੁਲਬੀਰ ਸਿਹਾਂ ਥੋੜ ਐ ਮੇਰੇ ਵਿਚ ਜਿਹੜਾ ਮੈਂ ਜੰਮਿਆ ਠੀਕ ਘਰ ਨਹੀਂ। ਇਹਦੇ ਨਾਲੋਂ ਜੈਂਤੀਪੁਰੀਆ ਸੇਵਾਦਾਰ ਚੰਗਾ ਜਿਹਨੂੰ ਅਜਿਹੀਆਂ ਸੋਚਾਂ ਤੰਗ ਤਾਂ ਨਹੀਂ ਕਰਦੀਆਂ। ਉਂਝ ਮੈਂ ਕਈ ਵਾਰੀ ਆਪਣੇ ਆਪ ਨੂੰ ਤਸੱਲੀ ਦੇਣ ਲਈ ਸੋਚਦਾਂ ਕਿ ਇਨ੍ਹਾਂ ਉੱਚ ਪੁਣੇ ਦਾ ਆਪਣੀ ਪੂਛ ਪਿੱਛੇ ਐਵੇਂ ਛੱਜ ਹੀ ਬੰਨ੍ਹਿਐ। ਅੰਦਰੋਂ –ਅੰਦਰੀਂ ਟੁੱਟੇ ਪਏ ਐ ਇਹ ਵੀ। ਸਾਹਮਣੇ ਟੇਬਲ ਤੇ ਪਏ ਮੈਮੋਰੈਂਡਮ ਨੂੰ ਮੈਂ ਕਈ ਵਾਰੀ ਪੜ੍ਹਿਆ, ਜਿਹੜਾ ਦਸ ਕੁ ਬੰਦਿਆਂ ਦਾ ਵਫ਼ਦ ਮੈਨੂੰ ਡਿਊਟੀ ਦੇ ਬੈਠੇ ਨੂੰ ਦੇ ਕੇ ਗਿਆ ਸੀ। ਅਖ਼ਬਾਰਾਂ ਤੇ ਚੈਨਲਾਂ ਵਾਲਿਆਂ ਦੀ ਭਰਪੂਰ ਹਾਜ਼ਰੀ ਵਿਚ। ਇਨ੍ਹਾਂ ਦੇ ਤੀਹ ਚਾਲੀ ਬੰਦੇ ਬਾਹਰ ਲਾਅਨ ਵਿਚ ਵੀ ਖੜ੍ਹੇ ਸਨ ਹੱਥਾਂ ਵਿਚ ਬੈਨਰ ਫੜੀ। ਹਾਲ ਗੇਟ ਤੋਂ ਮਾਰਚ ਕਰਦੇ ਆਏ ਸਨ ਸਾਰੇ। ਸਿਟੀ ਨੈੱਟਵਰਕ ਦੀਆਂ ਖ਼ਬਰਾਂ ਤੋਂ ਮੈਂ ਗਹੁ ਨਾਲ ਵੇਖਿਆ ਸੀ ਸਭ ਕੁਝ। ਹੱਥਾਂ ਵਾਲੇ ਬੈਨਰ ਵੀ ਸਾਫ਼ ਪੜ੍ਹੇ ਜਾ ਸਕਦੇ ਸਨ ਤੇ ਲਾਊਡ ਸਪੀਕਰ ਤੇ ਲੱਗਦੇ ਨਾਅਰੇ ਵੀ ਸਾਫ਼ ਸੁਣਾਈ ਦੇਂਦੇ ਸਨ। ਹੇਠਲੀਆਂ ਜ਼ਾਤਾਂ ਵਾਲੀਆਂ ਸਰਕਾਰੀ ਸਹੂਲਤਾਂ ਦੀ ਮੰਗ ਕਰ ਰਹੇ ਸਨ ਕਿ ਸਾਨੂੰ ਵੀ ਅਨੁਸੂਚਿਤ ਜ਼ਾਤਾਂ ਵਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ।​
ਕਈ ਵਾਰ ਤਾਂ ਮੇਰੀ ਸਹਿਮਤੀ ਵੀ ਬਣਦੀ ਐ ਇਨ੍ਹਾਂ ਨਾਲ। ਸੋਚਾਂ ਹੀ ਸੋਚਾਂ ਵਿਚ ਜਦੋਂ ਮੈਂ ਇਸ ਵਿਸ਼ੇ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਤਾਂ ਆਪਣੀ ਕੋਠੀ ਵਿਚ ਦੋ ਮਹੀਨੇ ਕੰਮ ਕਰਦਾ ਰਿਹਾ ਬਿੱਲਾ ਮਿਸਤਰੀ ਤੇ ਪਿੱਛੇ ਦਿਹਾੜੀ ਕਰਦਾ ਰਿਹਾ ਦੇਬ੍ਹਾ ਮੇਰੀਆਂ ਸੋਚਾਂ ਦਾ ਹਿੱਸਾ ਬਣਦੇ ਨੇ। ਕਿਸੇ ਲਾਗਲੇ ਪਿੰਡੋਂ ਆਉਂਦੇ ਸਨ ਦੋਵੇਂ। ਬਿੱਲਾ ਮਿਸਤਰੀ ਮਜ਼੍ਹਬੀਆਂ ਦਾ ਮੁੰਡਾ ਸੀ ਤੇ ਦੇਬ੍ਹਾ ਜ਼ਿਮੀਦਾਰਾਂ ਦਾ। ਮੈਂ ਉਸ ਦਿਨ ਲਾਅਨ ਵਿਚ ਬੈਠੇ ਦੁਪਹਿਰ ਦੀ ਰੋਟੀ ਖਾਂਦਿਆਂ ਦੀਆਂ ਗੱਲਾਂ ਸੁਣੀਆਂ ਸਨ ਦੋਹਾਂ ਦੀਆਂ। ਦੇਬ੍ਹਾ ਕਹਿੰਦਾ, ‘ਬਿੱਲਾ ਸਿਹਾਂ, ਤੁਸੀਂ ਚੰਗੇ ਓ ਯਾਰ, ਤੁਹਾਡਾ ਤਾਂ ਸਰਕਾਰ ਨੇ ਨੀਲਾ ਕਾਰਡ ਬਣਾਤਾ ਸਸਤੇ ਅਨਾਜ ਵਾਲਾ। ਮੈਂ ਤੇਰੇ ਸਾਹਮਣੇ ਮਜ਼ਦੂਰੀ ਕਰਦੈਂ ਸਾਰਾ ਦਿਨ। ਦਿਹਾੜੀ ਤੇਰੇ ਨਾਲੋਂ ਅੱਧੀ ਮਿਲਦੀ ਐ। ਜ਼ਮੀਨ ਥੋੜ੍ਹੀ ਬਹੁਤੀ ਸੀ ਸਾਡੇ ਪਿਓ ਨੇ ਕੁੜੀਆਂ ਦੇ ਵਿਆਹਾਂ ਵਿਚ ਆਪਣਾਂ ਨੱਕ ਉੱਚਾ ਰੱਖਣ ਲਈ ਬਿੱਲੇ ਲਾ’ਤੀ ਸਾਰੀ ਦੀ ਸਾਰੀ। ਫਿਰ ਵੀ ਹੁਣ ਤਾਈਂ ਜ਼ਾਤ ਨੇ ਐਸਾ ਟਿੱਲੇ ਤੇ ਚਾੜ੍ਹ ਕੇ ਰੱਖਿਆ ਕਿ ਭੁੱਖੇ ਮਰਦਿਆਂ ਨੂੰ ਵੀ ਕੋਈ ਲਾਗੇ ਨਹੀਂ ਲੱਗਣ ਦਿੰਦਾ। ਲੱਗੀ ਦਿਹਾੜੀ ਵਿੱਚੋਂ ਚੌਂਕੇ ਦਾ ਝੱਟ ਨਹੀਂ ਲੰਘਦਾ। ਨਿਆਣੇ ਕਿੱਦਾਂ ਪਾਲਣੇ ਐ? ਇਹ ਕਾਹਦਾ ਜਿਊਣਾ, ਐਵੇਂ ਦਿਨ ਕਟੀ ਕਰ ਰਹੇ ਆਂ ਅਸੀਂ ਤਾਂ।’ ਦੇਬ੍ਹੇ ਦੀ ਕਹੀ ਗੱਲ ਮੈਨੂੰ ਧੁਰ ਅੰਦਰ ਤੱਕ ਹਲੂਣ ਗਈ ਸੀ ਤੇ ਮੈਂ ਪਰ੍ਹਾਂ ਹਟਵਾਂ ਬੈਠਾ ਕਈ ਚਿਰ ਉਹਦੇ ਲਮਕੇ ਚਿਹਰੇ ਨੂੰ ਵਿੰਹਦਾ ਰਿਹਾ ਸਾਂ।​
ਮੇਰਾ ਲਮਕਿਆ ਚਿਹਰਾ ਵੇਖ ਕੇ ਫੌਜ ਵਿੱਚੋਂ ਛੁਟੀ ਆਇਆ ਭਾਪਾ ਵੀ ਤਾਂ ਇਹੋ ਸਮਝਾਇਆ ਕਰਦਾ ਸੀ ਕਿ ‘ਪੁੱਤ ਕੁਲਬੀਰ ਸਿਹਾਂ’ ਤੂੰ ਬਹੁਤਾ ਸੋਚਦੈਂ ਇਸ ਬਾਰੇ। ਗੱਲ ਕੋਈ ਐਡੀ ਹੈ ਨਹੀਂ ਇਦ੍ਹੇ ਵਿਚ। ਜ਼ਾਤਾਂ ਤਾਂ ਕੰਮਾਂ ਨਾਲ ਜੁੜੀਆਂ ਨੇ ਸਾਰੀਆਂ। ਜਦੋਂ ਬੰਦਾ ਪੜ੍ਹ ਲਿਖ ਕੇ ਇਸ ਜਿੱਲ੍ਹਣ ਵਿੱਚੋਂ ਬਾਹਰ ਨਿਕਲ ਜਾਏ ਤਾਂ ਜ਼ਾਤਾਂ ਨਾਲ ਥੋੜ੍ਹਾ ਤੁਰੀਆਂ ਫਿਰਦੀਆਂ ਕਿਤੇ। ਭਾਪੇ ਦੀ ਕਹੀ ਗੱਲ ਨੂੰ ਮੈਂ ਸੁੱਤਿਆਂ ਜਾਗਦਿਆਂ ਕਈ ਦਿਨ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਸਾਂ। ਇਸੇ ਕਰਕੇ ਆਪਣੇ ਵਿਹੜੇ ਵਾਲੇ ਹਾਣੀ ਮੁੰਡਿਆਂ ਨਾਲੋਂ ਥੋੜ੍ਹੀ ਵਿੱਥ ਪਾ ਲਈ ਸੀ ਤੇ ਬਹੁਤਾ ਉੱਠਣਾ ਬੈਠਣਾ ਉੱਚੇ ਪਾਸੇ ਆਪਣੇ ਨਾਲ ਜਾਂ ਥੋੜ੍ਹਾ ਅੱਗੇ– ਪਿੱਛੇ ਪੜ੍ਹਦੇ ਮੁੰਡਿਆਂ ਨਾਲ ਕਰ ਲਿਆ ਸੀ। ਮੇਰੀ ਉਨ੍ਹਾਂ ਨਾਲ ਚੰਗੀ ਬਣਦੀ ਸੀ। ਅਸੀਂ ਇਕੱਠੇ ਮਾਲ ਡੰਗਰ ਚਾਰਦੇ ਸਾਂ। ਕਈ ਨਿਆਈਆਂ ਵਿਚ ਪੜੁੱਲ ਗੋਡ ਕੇ ਲੰਮੀਆਂ ਛਾਲਾਂ ਮਾਰਦੇ ਜਾਂ ਉੱਪਲਾਂ ਦੇ ਮੈਰੇ ਵਿਚ ਤਾਜ਼ੇ ਵਗੇ ਸਿਆੜਾਂ ਵਿਚ ਘੋਲ –ਕਬੱਡੀ ਕਰਦੇ ਮਿੱਟੀ ਨਾਲ ਲਿੱਬੜੇ– ਤਿੱਬੜੇ ਇਕ–ਮਿਕ ਹੋ ਜਾਂਦੇ ਸਾਂ।​
ਉਨ੍ਹਾਂ ਦਿਨਾਂ ਵਿਚ ਕਿਤੇ ਲੰਬੜਾ ਦੇ ਗੁਰਮੇਲ ਦੀ ਭੈਣ ਦਾ ਵਿਆਹ ਧਰਿਆ ਸੀ। ਮੈਂ ਚਾਈਂ –ਚਾਈਂ ਭੱਜ –ਭੱਜ ਕੇ ਗੁਰਮੇਲ ਦੇ ਨਾਲ ਘਰ ਦਾ ਕੰਮ ਧੰਦਾ ਕਰਵਾਉਂਦਾ ਰਿਹਾ ਸਾਂ। ਘਰ ਦੀਆਂ ਸਾਫ਼ ਸਫ਼ਾਈਆਂ ਤੇ ਰੰਗ –ਰੋਗਨ ਤੋਂ ਲੈ ਕੇ ਅੱਡੇ ਤੋਂ ਖਰੀਦੇ ਸੌਦੇ –ਸੂਦ ਦੇ ਰੇਹੜੇ ਲੱਦ ਕੇ ਲਿਆਉਣ ਤੱਕ ਦਾ ਇਕ –ਇਕ ਕੰਮ ਧੰਦਾ ਮੈਂ ਆਪ ਅੱਗੇ ਹੋ ਕੇ ਕੀਤਾ ਸੀ। ਜੰਞ ਆਉਣ ਤੋਂ ਇਕ ਦਿਨ ਪਹਿਲਾਂ ਤਾਂ ਸਾਰਾ ਦਿਨ ਅੱਡੀ ਜ਼ਮੀਨ ਤੇ ਨਹੀਂ ਸੀ ਲੱਗੀ। ਜਾਞੀਆਂ ਤੇ ਮੇਲੀਆਂ ਲਈ ਲੋਕਾਂ ਦੇ ਘਰਾਂ ਤੋਂ ਮੰਜੇ –ਬਿਸਤਰੇ ਇਕੱਠੇ ਕਰਦਿਆਂ, ਚਾਨਣੀਆਂ ਕਨਾਤਾਂ ਲਾਉਂਦਿਆਂ ਤੇ ਹਲਵਾਈਆਂ ਦਾ ਸਾਜੋ –ਸਮਾਨ ਫੜਾਉਂਦਿਆਂ ਹਨੇਰਾ ਆਣ ਉੱਤਰਿਆ ਸੀ। ਮੈਂ ਵਿੱਚੋਂ ਹੀ ਝਕਾਨੀ ਜਿਹੀ ਮਾਰਕੇ ਘਰੋਂ ਨਹਾ– ਧੋ ਕੇ ਫਿਰ ਆ ਗਿਆ ਸਾਂ। ਵਿਆਹ ਵਾਲੇ ਘਰ ਰੌਣਕ ਵੇਖਿਆਂ ਬਣਦੀ ਸੀ। ਨਾਨਕਾ ਮੇਲਣਾਂ ਬਣ –ਠਣ ਕੇ ਬੈਠੀਆਂ ਹਾਸਾ ਠੱਠਾ ਕਰ ਰਹੀਆਂ ਸਨ। ਸ਼ਰੀਕਾ –ਬਰਾਦਰੀ ਤੇ ਹੋਰ ਆਏ ਗਏ ਵਿਚ ਕਿਧਰੇ ਪੈਰ ਧਰਨ ਨੂੰ ਥਾਂ ਨਹੀਂ ਸੀ। ਇਸ ਗਹਿਮਾ –ਗਹਿਮੀ ਤੇ ਰੌਲੇ– ਰੱਪੇ ਵਿਚ ਰਾਤ ਦੀ ਰੋਟੀ ਖਵਾਉਣ ਦੀ ਤਿਆਰੀ ਹੋਣ ਲੱਗੀ। ਚਹਿ ਤਹੀਆਂ ਤੇ ਦੋਹੜੀਆਂ ਕੰਧਾਂ ਦੇ ਨਾਲ –ਨਾਲ ਵਿਹੜੇ ਵਿਚ ਵਿਛ ਗਈਆਂ ਸਨ। ਜ਼ਨਾਨੀਆਂ ਨਿੱਕੇ ਜਵਾਕਾਂ ਨੂੰ ਬਾਹੋਂ ਫੜ੍ਹ ਕੇ ਅਫਰਾ– ਤਫਰੀ ਵਿਚ ਕਾਹਲੀ –ਕਾਹਲੀ ਜਗ੍ਹਾ ਮੱਲਣ ਲੱਗੀਆਂ। ਵੇਖਦਿਆਂ –ਵੇਖਦਿਆਂ ਪਾਲਾਂ ਬੱਝ ਗਈਆਂ। ਪੰਚਾਇਤੀ ਥਾਲੀਆਂ ਤੇ ਗਲਾਸ ਮਹਿੰਗੇ ਰਾਜੇ ਨੇ ਆਪਣੇ ਮੋਢੇ ‘ਤੇ ਰੱਖੇ ਪਰਨੇ ਨਾਲ ਪੂੰਝ –ਪੂੰਝ ਕੇ ਸਲੀਕੇ ਨਾਲ ਇਕ– ਇਕ ਦੇ ਮੂਹਰੇ ਧਰੇ ਸਨ। ਵਰਤਾਵੇ ਪੰਗਤਾਂ ਵਿਚ ਘੁੰਮਣ ਲੱਗੇ। ‘ਦਾਲ ਭੈਣ ਜੀ … ਦਹੀਂ ਜੀ … ਜ਼ਰਦਾ ਜੀ … ਵੀਰ ਪਾਣੀ ਪਾਈ ਜ਼ਰਾ ਮੁੰਡੇ ਦੇ ਬੁਰਕੀ ਹਿੱਕੇ ਲੱਗੀ ਊ।’ ਕਈ ਤਰ੍ਹਾਂ ਦੀਆਂ ਰੰਗ– ਬਰੰਗੀਆਂ ਅਵਾਜ਼ਾਂ ਆ ਰਹੀਆਂ ਸਨ। ਮੈਂ ਵੀ ਲੋਹ ਤੋਂ ਲੱਥਦੇ ਤਾਜ਼ੇ ਫੁਲਕਿਆਂ ਦੀ ਥਹੀ ਹੱਥ ਦੀ ਤਲੀ ਤੇ ਰੱਖ ਕੇ ਪਹਿਲੀ ਲਾਈਨ ਵਿਚ ਅਜੇ ਦੋ –ਤਿੰਨ ਜ਼ਨਾਨੀਆਂ ਨੂੰ ਹੀ ‘ਫੁਲਕਾ ਵਾਹਿਗੁਰੂ’ ਕਹਿ ਕੇ ਵਰਤਾਉਣਾ ਸ਼ੁਰੂ ਕੀਤਾ ਸੀ ਜਦੋਂ ਗੁਰਮੇਲ ਦੇ ਦਾਰ ਜੀ ਨੇ ਮੇਰੀ ਬਾਂਹ ਫੜ੍ਹ ਹੱਥੋਂ ਰੋਟੀਆਂ ਦੀ ਥਹੀ ਫੜਦਿਆਂ ਕਿਹਾ ਸੀ, ‘ਕੁਲਬੀਰ ਕਾਕਾ, ਐਵੇਂ ਹਰ ਥਾਂ ਹੱਥ ਨਹੀਂ ਮਾਰੀਦਾ। ਇੱਧਰ ਪੰਗਤ ਵਿਚ ਵਰਤਾਵੇ ਹੈਗੇ ਆਂ ਅਸੀਂ ਬਥੇਰੇ ਜਾਣੈਂ। ਸਾਂਭ ਲਾਂਗੇ ਸਭ ਕੁਝ। ਤੂੰ ਜਾਹ, ਬੀਬਾ ਪੁੱਤ ਬਣ ਕੇ ਉੱਧਰ ਬੈਠ ਤੇ ਚਰ੍ਹ ਹੇਠਾਂ ਛਾਪੇ ਡਾਹ ਭੰਨ –ਭੰਨ ਕੇ ਨਾਲੇ ਰਮਾਨ ਨਾਲ ਬਹਿ ਕੇ ਅੱਗ ਸੇਕ’ ਕਹਿੰਦਿਆਂ ਉਸ ਨੇ ਮੇਰੇ ਹੱਥੋਂ ਫੜੀਆਂ ਰੋਟੀਆਂ ਨੂੰ ਇਸ ਤਰ੍ਹਾਂ ਝਾੜਿਆ ਸੀ ਜਿਵੇਂ ਰੋਟੀਆਂ ਮੇਰੇ ਹੱਥਾਂ ਵਿੱਚੋਂ ਨਹੀਂ, ਬਲਕਿ ਜ਼ਮੀਨ ਤੋਂ ਡਿੱਗੀਆਂ ਚੁੱਕੀਆਂ ਹੋਣ ਤੇ ਉਨ੍ਹਾਂ ਨਾਲੋਂ ਮਿੱਟੀ –ਘੱਟਾ ਝਾੜਦਾ ਹੋਵੇ। ਮੈਨੂੰ ਡੌਰ –ਭੌਰ ਖਲੋਤੇ ਨੂੰ ਉਸ ਨੇ ਇਕ ਹੱਥ ਨਾਲ ਦੋ –ਤਿੰਨ ਪੈਰ ਪੁੱਠੇ ਪੈਰੀਂ ਪੰਗਤ ਅੰਦਰੋਂ ਬਾਹਰ ਧੱਕ ਦਿੱਤਾ ਸੀ। ਉੱਪਰ ਲੱਗੀਆਂ ਚਮਕੀਲੇ ਰੰਗ ਦੀਆਂ ਚਾਨਣੀਆਂ ਕਨਾਤਾਂ ਹੇਠ ਖਲੋਤਿਆਂ ਮੇਰਾ ਦਮ ਘੁੱਟਣ ਲੱਗਿਆ ਸੀ। ਮੈਨੂੰ ਲੱਗਿਆ ਜਿਵੇਂ ਵਰਤਾਵਿਆਂ ਤੇ ਪੰਗਤ ਵਿਚ ਬੈਠਿਆਂ ਨੇ ਮੈਨੂੰ ਚਿੜਾਉਣ ਦੇ ਮਨਸੂਬੇ ਨਾਲ ਜਾਣ –ਬੁਝ ਕੇ ‘ਫੁਲਕਾ ਦਈਂ ਵੀਰ … ਦਾਲ ਭੈਣ ਜੀ … ਦੀਆਂ ਅਵਾਜ਼ਾਂ ਹੋਰ ਉੱਚੀ ਚੁੱਕ ਲਈਆਂ ਹੋਣ। ਮੱਛੀ ਮੰਡੀ ਵਾਂਗ ਵਧਦਾ ਖੱਪ–ਖਾਨਾ ਮੇਰੇ ਦਿਲ ਤੇ ਦਿਮਾਗ ਵਿਚ ਹਥੌੜਿਆਂ ਵਾਂਗ ਵੱਜਣ ਲੱਗਿਆ। ਮੈਥੋਂ ਇਹ ਸਾਰਾ ਕੁਝ ਸਹਿਣ ਦੀ ਸਮਰੱਥਾ ਖ਼ਤਮ ਹੋ ਗਈ ਸੀ ਤੇ ਮੈਂ ਬਿਨਾਂ ਕਿਸੇ ਨਾਲ ਅੱਖ ਮਿਲਾਇਆਂ ਵਾਹੋ– ਦਾਹੀ ਘਰ ਨੂੰ ਵਗ ਆਇਆ ਸਾਂ। ਬਗੈਰ ਕੁਝ ਖਾਧਿਆਂ ਪੀਤਿਆਂ ਮੈਂ ਸਬਾਤ ਉੱਪਰ ਪਈ ਅਲਾਣੀ ਮੰਜੀ ‘ਤੇ ਪਾਸੇ ਮਾਰਦਾ ਰਿਹਾ ਸਾਂ। ਨੀਂਦ ਤੋਂ ਸੱਖਣੀ ਉਸ ਕਾਲੀ ਰਾਤ ਤੇ ਹਨੇਰੀ ਰਾਤ ਦੇ ਅਰਥਾਂ ਦੀ ਮੈਨੂੰ ਉਦੋਂ ਸਮਝ ਪਈ ਸੀ।​
ਰੱਜੋ ਮਹਿਰੀ ਦੀ ਘਗਿਆਈ ਜਿਹੀ ਅਵਾਜ਼ ਨਾਲ ਮੇਰੀ ਸੁਰਤੀ ਵਾਪਸ ਪਰਤਦੀ ਐ। ਉਹ ਪਰਾਤ ਵਿਚਲੀਆਂ ਅੱਧ ਸਿਕੀਆਂ ਕਵਾਸੀਆਂ ਰੋਟੀਆਂ ਨੂੰ ਝਾੜ –ਝਾੜ ਕੇ ਮੇਰੀ ਪਤਨੀ ਦੇ ਹੱਥਾਂ ‘ਤੇ ਇਕ –ਇਕ ਕਰਕੇ ਰੱਖਦਿਆਂ ਕੁਝ ਸਮਝਾ ਰਹੀ ਐ। ਮੈਂ ਰੋਟੀਆਂ ਵਿੱਚੋਂ ਉੱਡਦੇ ਧੂੜੇ ਨੂੰ ਝਾਕਦਾਂ ਜਿਸ ਤੋਂ ਮੇਰੀ ਪਤਨੀ ਆਪਣੇ ਲੀੜਿਆਂ ‘ਤੇ ਪੈ ਜਾਣ ਦੇ ਡਰ ਤੋਂ ਥੋੜ੍ਹਾ ਪਿੱਛੇ ਨੂੰ ਝੁਕੀ ਹੋਈ ਐ ਤੇ ਜ਼ਨਾਨੀਆਂ ਦਾ ਕਹਿਆ ਮੰਨਦਿਆਂ ਰੋਟੀਆਂ ਹੱਥਾਂ ਵਿਚ ਫੜ ਰਹੀ ਹੈ।​
ਅਸਮਾਨੀ ਜਿਹੀ ਭਾਹ ਮਾਰਦੀ ਪੱਗ ਬੰਨ੍ਹੀ ਭਾਮ ਵਾਲਾ ਮਾਮਾ ਵੀ ਆਣ ਪਹੁੰਚਿਆ ਹੈ। ਵਾਰੋ– ਵਾਰੀ ਸਾਨੂੰ ਗਲ ਨਾਲ ਲਾ ਕੇ ਪਿਆਰ ਦੇਂਦਿਆਂ ਮਾਮਾ ਸ਼ੈੱਡ ਹੇਠਲੀ ਖ਼ਾਕ ਦੀ ਢੇਰੀ ਵੱਲ ਸਹਿਜ– ਸਹਿਜ ਨਿੱਕੇ –ਨਿੱਕੇ ਕਦਮ ਪੁਟਦਿਆਂ ਵਧਦਾ ਹੈ। ਇੱਧਰ –ਓਧਰ ਖਲੋਤਿਆਂ ਵਿਚ ਵੀ ਹਿਲਜੁਲ ਜਿਹੀ ਹੁੰਦੀ ਐ ਤੇ ਸਾਰੇ ਦੋ– ਦੋ ਪੈਰ ਅਗਾਂਹ ਨੂੰ ਖਿਸਕਦਿਆਂ ਬੇ–ਤਰਤੀਬੀ ਸਵਾਹ ਦੀ ਢੇਰੀ ਦੁਆਲੇ ਆਣ ਖੜ੍ਹਦੇ ਹਨ। ਮਾਮਾ ਦੋਵੇਂ ਹੱਥ ਹਵਾ ਵਿਚ ਫੈਲਾ ਕੇ ਦੂਰ ਖਲਾਅ ਵਿਚ ਝਾਕਦੈ, ਚੁੱਪ ਚਪੀਤਾ, ਜਿਵੇਂ ਕੋਈ ਇਬਾਦਤ ਕਰ ਰਿਹਾ ਹੋਵੇ। ਫਿਰ ਥੋੜ੍ਹਾ ਚਿਰ ਖ਼ਾਕ ਦੀ ਢੇਰੀ ਵੱਲ ਝਾਕਦਾ ਰਿਹਾ ਤੇ ਹੌਲੀ– ਹੌਲੀ ਜਿਹੀ ਬੁੜ–ਬੁੜਾਇਆ ‘ਭਾਈਆ ਰਤਨ ਸਿਹੁੰ ਦੇਵਤਾ ਸਰੂਪ ਆਦਮੀ ਸੀ। ਕੀ ਮਜਾਲ ਐ ਕਿਤੇ ਕਿਸੇ ਨੂੰ ਦਿਲ ਵੱਢਵੀਂ ਗੱਲ ਕਹੀ ਹੋਵੇ ਜਾਂ ਕਿਸੇ ਦੀ ਕਹੀ ਨੂੰ ਦਿਲ ‘ਤੇ ਲਾਇਆ ਹੋਵੇ।’​
ਭਾਪਾ ਸੱਚ–ਮੁੱਚ ਦੇਵਤਾ ਪੁਰਸ਼ ਹੀ ਤਾਂ ਲੱਗਦਾ ਹੁੰਦਾ ਸੀ ਜਦੋਂ ਪਿੰਡ ਵਿਚ ਨਿਕਲਦੀ ਪ੍ਰਭਾਤ ਫੇਰੀ ਦੇ ਦਿਨਾਂ ਵਿਚ ਉਹ ਗਲ਼ ਵਿਚ ਢੋਲਕੀ ਪਾ ਕੇ ਸ਼ਬਦ ਪੜ੍ਹਦਾ ਹੁੰਦਾ ਸੀ। ਭਾਪੇ ਨੇ ਫੌਜ ਵਿੱਚੋਂ ਆ ਕੇ ਆਪਣਾ ਜੀਵਨ ਧਾਰਮਿਕ ਬਿਰਤੀ ਵਾਲਾ ਕਰ ਲਿਆ ਸੀ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਦਾ। ਫਿਰ ਆਪਣੇ ਪੱਤੀ ਵਾਲੇ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਪੜ੍ਹਦਾ ਹੁੰਦਾ ਸੀ। ਪਿੰਡ ਦੀਆਂ ਗਲੀਆਂ ਵਿਚ ਤੁਰਿਆ ਫਿਰਦਾ ਹੱਥ ਵਿਚ ਨਿੱਕੀ ਜਿਹੀ ਸੋਟੀ ਰੱਖਦਾ। ਕੱਚੀਆਂ ਵਹਿਣੀਆਂ ਵਿਚ ਅੜ੍ਹੇ ਕੱਖ– ਕਾਨ ਨੂੰ ਸੋਟੀ ਦੇ ਸਹਾਰੇ ਬਾਹਰ ਕੱਢਦਾ ਤੇ ਮੁਸ਼ਕ ਮਾਰਦੇ ਖਲੋਤੇ ਪਾਣੀ ਨੂੰ ਰਵਾਂ ਕਰਦਾ। ਕਿਤੇ ਰਸਤੇ ਵਿਚ ਇੱਟ ਜਾਂ ਛਾਪੇ ਢੀਂਗਰ ਨੂੰ ਪਏ ਵੇਖਦਾ ਤਾਂ ਚੁੱਕ ਕੇ ਦੂਰ ਖਤਾਨਾਂ ਵਿਚ ਵਗਾਹ ਮਾਰਦਾ। ਰਸਤੇ ਵਿਚਲੇ ਟੋਏ ਟਿੱਬਿਆਂ ਨੂੰ ਪੂਰ ਕੇ ਚੱਲਣ ਵਾਲਿਆਂ ਦਾ ਰਾਹ ਪੱਧਰਾ ਕਰਦਾ ਹੁੰਦਾ ਸੀ। ਸਿਆਲਾਂ ਦੇ ਠੰਢੇ ਯੱਖ ਮੌਸਮ ਵਿਚ ਪ੍ਰਭਾਤ ਫੇਰੀ ਨਿਕਲਦੀ ਤਾਂ ਭਾਪਾ ਸਾਰੇ ਪਿੰਡ ਦੀ ਅਗਵਾਈ ਕਰਦਾ ਹੁੰਦਾ ਸੀ। ਤਾਰਿਆਂ ਦੀ ਨਿੰਮ੍ਹੀ –ਨਿੰਮ੍ਹੀ ਲੋਅ ਵਿਚ ਨੰਗੇ ਪੈਰੀਂ ਪਿੰਡ ਦੀ ਪ੍ਰਕਰਮਾ ਕਰਦਿਆਂ ਭਾਪਾ ਮੱਠੀ– ਮੱਠੀ ਅਵਾਜ਼ ਵਿਚ ਸ਼ਬਦ ਪੜ੍ਹਦਾ ‘ਮੈਂ ਕਿੱਥੇ ਗੁਜ਼ਾਰਾਂ ਝੱਟ ਸਾਈਆਂ, ਜਗ ਕਿਸੇ ਗੱਲੇ ਨਾ ਰਾਜ਼ੀ।’ ਉਸ ਸਮੇਂ ਭਾਪਾ ਦਰਵੇਸ਼ ਆਦਮੀ ਲੱਗਦਾ ਸੀ।​
ਪਰ ਦਰਵੇਸ਼ ਆਦਮੀ ਵੀ ਉਸ ਦਿਨ ਕਿੰਨਾ ਉੱਖੜਿਆ –ਉੱਖੜਿਆ ਜਿਹਾ ਲੱਗਿਆ ਸੀ ਜਿਸ ਦਿਨ ਬਾਬੇ ਜੈਤੇ ਦੇ ਸ਼ਹੀਦੀ ਦਿਨ ਤੇ ਲਾਏ ਲੰਗਰ ਵਿੱਚੋਂ ਉੱਚੇ ਪਾਸੇ ਵਾਲੇ ਤਾਰਾ ਸਿਹੁੰ ਤੇ ਬਾਕੀ ਦੇ ਬਿਨਾਂ ਰੋਟੀ ਖਾਧੇ ਉੱਠ ਕੇ ਚਲੇ ਗਏ ਸਨ। ਭਾਪੇ ਨੇ ਕਿੰਨਾ ਯਤਨ ਕੀਤਾ ਸੀ ਉਨ੍ਹਾਂ ਨੂੰ ਲੰਗਰ ਦਾ ਇਕ ਫੁਲਕਾ ਛਕਾਉਣ ਲਈ। ਉਨ੍ਹਾਂ ਨੂੰ ਆਇਆਂ ਵੇਖ ਭਾਪੇ ਨੂੰ ਚਾਅ ਜਿਹਾ ਚੜ੍ਹ ਗਿਆ ਸੀ। ਉਨ੍ਹਾਂ ਹੱਥੋਂ ਲੰਗਰ ਵਿਚ ਪਾਉਣ ਲਈ ਲਿਆਂਦਾ ਆਟਾ ਤੇ ਦਾਲ ਭਾਪੇ ਨੇ ਆਪ ਅੱਗੇ ਹੋ ਕੇ ਫੜਿਆ ਸੀ। ਫਿਰ ਭੱਜ ਕੇ ਪ੍ਰਕਾਸ਼ ਵਾਲੇ ਅੰਦਰ ਵਿਛੀ ਨਵੀਂ ਦਰੀ ਕੱਢ ਲਿਆਇਆ। ਨਿਸ਼ਾਨ ਸਾਹਿਬ ਲਾਗੇ ਉੱਚੀ ਥਾਂ ‘ਤੇ ਦਰੀ ਵਿਛਾ ਕੇ ਬੜੇ ਅਦਬ ਨਾਲ ਉਨ੍ਹਾਂ ਨੂੰ ਬੈਠਣ ਲਈ ਕਹਿੰਦਿਆਂ ਭਾਪਾ ਇਕ ਹੱਥ ‘ਤੇ ਫੁਲਕੇ ਤੇ ਦੂਸਰੇ ਵਿਚ ਦਾਲ ਵਾਲੀ ਬਾਲਟੀ ਫੜ ਲਿਆਇਆ ਸੀ। ਤਾਰਾ ਸਿਹੁੰ ਅਜੇ ਦਰੀ ‘ਤੇ ਬੈਠਾ ਨਹੀਂ ਸੀ ਨਾ ਉਹਦਾ ਬੈਠਣ ਦਾ ਇਰਾਦਾ ਲੱਗਦਾ ਸੀ। ਉਹ ਤਾਂ ਆਸੇ ਪਾਸੇ ਦਾ ਮੁਆਇਨਾ ਜਿਹਾ ਕਰਦਾ ਲੱਗਦਾ ਸੀ। ਭਾਪੇ ਨੇ ਬਾਲਟੀ ਵਾਲਾ ਹੱਥ ਵਿਹਲਾ ਕਰਕੇ ਦੋ ਰੋਟੀਆਂ ਤਾਰਾ ਸਿਹੁੰ ਵੱਲ ਵਧਾਉਂਦਿਆਂ ਕਿਹਾ, ‘ਬੈਠੋ ਸਰਦਾਰ ਤਾਰਾ ਸਿਹੁੰ ਜੀ, ਲੰਗਰ ਦਾ ਪ੍ਰਸ਼ਾਦਾ ਛਕਦੇ ਜਾਉ।’ ਸੁਣ ਕੇ ਤਾਰਾ ਸਿਹੁੰ ਨੂੰ ਥੋੜ੍ਹਾ ਚਿਰ ਜਵਾਬ ਨਾ ਅਹੁੜਿਆ। ਨਿਸ਼ਾਨ ਸਾਹਿਬ ਦੇ ਥੜ੍ਹੇ ਨਾਲ ਢੋਹ ਲਾ ਕੇ ਖਲੋਤਾ ਡੌਰ ਭੌਰ ਜਿਹਾ ਹੋ ਝਾਕੀ ਜਾਵੇ ਕਦੀ ਭਾਪੇ ਦੇ ਵਧੇ ਹੋਏ ਹੱਥ ਉਤਲੀਆਂ ਰੋਟੀਆਂ ਵੱਲ ਤੇ ਕਦੀ ਭੋਏਂ ‘ਤੇ ਰੱਖੀ ਬਾਲਟੀ ਵੱਲ। ਫਿਰ ਉਹ ਥੋੜ੍ਹਾ ਜਿਹਾ ਸੰਭਲਿਆ ਤੇ ਬੋਲਿਆ, ‘ਨਾ ਭਈ ਫੌਜੀਆ, ਹੁਣ ਨਹੀਂ ਗੁੰਜਾਇਸ਼। ਅੱਗੇ ਕੁਵੇਲੇ ਜਿਹੇ ਕੀਤਾ ਲੌਢਾ ਵੇਲਾ। ਸਹੁੰ ਗੁਰੂ ਦੀ, ਧਰਮ ਨਾਲ ਹੁਣ ਤਾਂ ਖਾਣ ਛੱਡਿਆ, ਵੇਖਣ ਨੂੰ ਵੀ ਰੂਹ ਨਹੀਂ ਕਰਦੀ’ ਤੇ ਨਾਲ ਹੀ ਦੋਵੇਂ ਹੱਥ ਪਿੱਛੇ ਨੂੰ ਕਰਦਿਆਂ ਦੋ ਕੁ ਪੈਰ ਪਿੱਛੇ ਨੂੰ ਹਟ ਗਿਆ।​
ਤਾਰਾ ਸਿਹੁੰ ਦੇ ਨਾਲਦੇ ਵੀ ਆਪਣੇ ਗਲ ਪਾਏ ਝਗਿਆਂ ਨੂੰ ਪਿੱਠਾਂ ਤੋਂ ਝਾੜਦਿਆਂ ਉੱਠ ਕੇ ਖਲੋ ਗਏ। ਭਾਪਾ ਵੀ ਦੋ ਕੁ ਪੈਰ ਅਗਾਂਹ ਹੋ ਗਿਆ ਤੇ ਹਲੀਮੀ ਜਿਹੀ ਨਾਲ ਬੋਲਿਆ, ‘ਤਾਰਾ ਸਿਹੁੰ ਜੀ, ਕੋਈ ਚਿੰਤਾ ਨਾ ਕਰੋ ਕੋਈ ਮਾੜਾ ਚੰਗਾ ਹੱਥ ਨਹੀਂ ਲੱਗਾ ਲੰਗਰ ਨੂੰ। ਮਹਿੰਗਾ ਸਿਹੁੰ ਰਾਜੇ ਨੇ ਬੜੀ ਸੁਚਮਤਾਈ ਨਾਲ ਤਿਆਰ ਕੀਤਾ ਸਭ ਕੁਝ। ਕੱਚੀਆਂ ਰਸਦਾਂ ਵੀ ਉੱਚੇ ਪਾਸੇ ਵਾਲੇ ਘਰਾਂ ਤੋਂ ਉਗਰਾਹ ਕੇ ਲਿਆਂਦੀਆਂ ਨੇ। ਸਵੇਰੇ ਗ੍ਰੰਥੀ ਸਿੰਘ ਨੇ ਅਰਦਾਸ ਕਰਕੇ ਮਹਾਰਾਜ ਨੂੰ ਆਪ ਭੋਗ ਲਵਾਇਆ। ਛਕਣ ਵਿਚ ਕੀ ਹਰਜ ਐ। ਵੈਸੇ ਵੀ ਲੰਗਰ ਦੇ ਫੁਲਕੇ ਨੂੰ ਨਿਕਾਰਨਾ ਨਹੀਂ ਚਾਹੀਦਾ।’ ਭਾਪਾ ਮੋਰਚਾ ਮੱਲ ਕੇ ਖੜ੍ਹਾ ਸੀ।​
‘ਰਤਨ ਸਿੰਹਾਂ ਭਾਵੇਂ ਗੁੱਸਾ ਮੰਨ ਭਾਵੇਂ ਰਾਜੀ। ਤੁਸੀਂ ਫੌਜੀ ਲੋਕ ਬੇਮਤਲਬੀ ਬਹੁਤੀ ਕਰਦੇ ਓ। ਜਦੋਂ ਇਕ ਵਾਰੀ ਕਹਿਤਾ ਕਿ ਲੋੜ ਨਹੀਂ ਐ ਤਾਂ ਬੰਦੇ ਨੂੰ ਸਮਝ ਲੈਣਾ ਚਾਹੀਦਾ। ਹੁਣ ਢਿੱਡ ਤੇ ਤਾਂ ਬੰਨਣੋਂ ਰਹੇ। ਨਾਲੇ ਹਾਅ ਉੱਚੇ ਨੀਵੇਂ ਵਾਲੀ ਕਿਹੜੀ ਨਵੀਂ ਲੀਲ੍ਹਾ ਵਿੱਢੀ ਜਾਨੈ? ਤੁਹਾਡੀਆਂ ਇਨ੍ਹਾਂ ਗੱਲਾਂ ਨਾਲ ਹੀ ਪਿੰਡ ਦੇ ਲੋਕਾਂ ਵਿਚ ਧੜੇ ਬਣੇ ਰਹਿੰਦੇ ਐ। ਤੈਨੂੰ ਸਮਝ ਹੀ ਨਹੀਂ ਆਉਂਦੀ ਕਿ ਅਗਲਾ ਕੀ ਭੌਂਕਦਾ?’ ਤਾਰਾ ਸਿਹੁੰ ਦੇ ਚਿਹਰੇ ‘ਤੇ ਗੁੱਸੇ ਤੇ ਤਲਖੀ ਦੀਆਂ ਰੇਖਾਵਾਂ ਨੂੰ ਸਾਫ਼ ਪੜ੍ਹੀਆਂ ਜਾ ਸਕਦੀਆ ਸਨ।​
ਤਾਰਾ ਸਿਹੁੰ ਦੀਆਂ ਤੈਸ਼ ਵਿਚ ਆ ਕੇ ਕਹੀਆਂ ਗੱਲਾਂ ਨਾਲ ਭਾਪਾ ਛਿੱਥਾ ਜਿਹਾ ਪੈ ਗਿਆ ਸੀ। ਉਸ ਨੇ ਪੈਂਤੜਾ ਢਿੱਲਾ ਕੀਤਾ, ‘ਚਲੋ ਜਿਵੇਂ ਤੁਹਾਡੀ ਇਛੈ, ਮੈਂ ਤਾਂ ਕਿਹਾ ਗੁਰੂ ਘਰ ਦਾ ਪ੍ਰਸ਼ਾਦ ਐ! ਜਿਵੇਂ ਹਰ ਆਇਆ ਗਿਆ ਛਕਦਾ, ਤੁਸੀਂ ਵੀ ਛਕ ਜਾਂਦੇ ਸਵਾਇਆ ਗੱਫਾ। ਨਹੀਂ ਇੱਛਾ ਤਾਂ ਕੋਈ ਨਹੀਂ, ਜਿਵੇਂ ਤੁਹਾਡੀ ਮਰਜ਼ੀ।’ ਕਹਿੰਦਿਆਂ ਵਧੇ ਹੋਏ ਰੋਟੀਆਂ ਵਾਲੇ ਹੱਥ ਨੂੰ ਪਿੱਛੇ ਖਿੱਚਦਿਆਂ ਭਾਪਾ ਦੋ ਪੈਰ ਪਿੱਛੇ ਨੂੰ ਹਟ ਗਿਆ। ਤਾਰਾ ਸਿਹੁੰ ਤੇ ਉਹਦੇ ਨਾਲਦਿਆਂ ਨੂੰ ਬਾਹਰ ਜਾਂਦਿਆਂ ਵਹਿੰਦਾ ਰਿਹਾ। ਮੈਂ ਵੇਖਿਆ ਕਿ ਚੁੱਪ –ਚਪੀਤੇ ਖਲੋਤੇ ਭਾਪੇ ਦੇ ਚਿਹਰੇ ‘ਤੇ ਨਮੋਸ਼ੀ ਤੇ ਸ਼ਰਮਿੰਦਗੀ ਦੀ ਤਹਿ ਜੰਮੀ ਪਈ ਸੀ। ਉਹ ਮੁੜ–ਮੁੜ ਮੋਢੇ ‘ਤੇ ਰੱਖੇ ਪਰਨੇ ਨਾਲ ਆਪਣੇ ਮੱਥੇ ‘ਤੇ ਟਪਕਦੀਆਂ ਪਸੀਨੇ ਦੀਆਂ ਬੂੰਦਾਂ ਨੂੰ ਪੂੰਝਦਾ। ਐਵੇਂ ਬੇਮਤਲਬਾ ਜਿਹਾ ਕਰੜ ਬਰੜੀ ਦਾੜ੍ਹੀ ‘ਤੇ ਹੱਥ ਫੇਰਦਾ। ਮੇਰਾ ਦਿਲ ਕੀਤਾ ਕਿ ਇਸ ਤਰ੍ਹਾਂ ਨਿੰਮੋਝੂਣੇ ਹੋ ਕੇ ਖਲੋਤੇ ਭਾਪੇ ਨੂੰ ਬਾਹੋਂ ਫੜ ਘਰ ਲੈ ਜਾਵਾਂ। ਉਹਦੇ ਨਾਲ ਨਿੱਕੀਆਂ– ਨਿੱਕੀਆਂ ਗੱਲਾਂ ਕਰਾਂ। ਉਹਦਾ ਭਰਿਆ ਮਨ ਹੋਰਥੇ ਪਾਉਣ ਲਈ। ਮੈਂ ਇਸ ਲਈ ਹਿੰਮਤ ਵੀ ਜੁਟਾਈ। ਦੋ ਪੈਰ ਉਹਦੇ ਵੱਲ ਨੂੰ ਪੁੱਟੇ ਵੀ ਸਨ। ਮੇਰੇ ਵੇਹਿੰਦਿਆਂ– ਵੇਹਿੰਦਿਆਂ ਉਸ ਨੇ ਭੋਏਂ ‘ਤੇ ਰੱਖੀ ਦਾਲ ਵਾਲੀ ਬਾਲਟੀ ਨੂੰ ਚੁੱਕਿਆ ਤੇ ਕੰਧ ਨਾਲ ਬੈਠੇ ਨਿੱਕੇ ਨਿਆਣਿਆਂ ਦੀ ਪਾਲ ਵਿਚ ਜਾ ਵੜਿਆ ਸੀ। ਕੜਛੇ ਭਰ –ਭਰ ਦਾਲ ਵਰਤਾਉਂਦਾ, ਕਦੇ ਉੱਪਰ ਉੱਠੇ ਖਾਲੀ ਹੱਥਾਂ ‘ਤੇ ਰੋਟੀਆਂ ਰੱਖਦਾ। ਛੋਹਲੇ ਕਦਮੀ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ। ਕਦੀ ਇੱਧਰ ਕਈ ਉੱਧਰ। ਪਤਾ ਨਹੀਂ ਸੀ ਲੱਗਦਾ ਕਿ ਭਾਪਾ ਆਪਣੇ ਕੰਮ ਵਿਚ ਮਗਨ ਸੀ ਜਾਂ ਆਪਣੇ –ਆਪ ਨੂੰ ਰੁਝਾਅ ਰਿਹਾ ਸੀ। ‘ਭਲਾ ਇਹ ਵੀ ਕੋਈ ਗੱਲ ਐ ਦਿਲ ‘ਤੇ ਲਾਉਣ ਵਾਲੀ? ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਦੀ ਬਹੁਤੀ ਪ੍ਰਵਾਹ ਨਹੀਂ ਕਰੀਦੀ।’​
‘ਆ ਭਾਈ ਕੁਲਬੀਰ ਸਿਹਾਂ, ਆ ਗੁਥਲੀ ਫੜ ਜ਼ਰਾ। ਭਾਈਏ ਦੇ ਫੁੱਲ ਪਾਈਏ ਧੋ –ਧੋ ਕੇ ਇਹਦੇ ਵਿਚ। ਭਾਮ ਵਾਲਾ ਮਾਮਾ ਮੇਰੀਆਂ ਸੋਚਾਂ ਦੀ ਲੜੀ ਨੂੰ ਤੋੜਦਾ ਹੈ। ਮੈਂ ਆਪਣੇ ਤੇੜ ਪਾਈ ਪੈਂਟ ਨੂੰ ਗੋਡਿਆਂ ਲਾਗੋਂ ਫੜ ਕੇ ਥੋੜ੍ਹਾ ਉੱਪਰ ਖਿੱਚਦਿਆਂ ਮਾਮੇ ਲਾਗੇ ਪੈਰਾਂ ਭਾਰ ਭੋਏਂ ਤੇ ਬੈਠ ਜਾਂਦਾ ਹਾਂ। ਉੱਭੜ –ਖਾਬੜ ਇੱਟਾਂ ਦੇ ਫਰਸ਼ ਉਤਲੀ ਸਵਾਹ ਦੀ ਢੇਰੀ ਅੱਧਿਉਂ ਬਹੁਤੀ ਫੋਲੀ ਗਈ ਐ। ਸਾਰੇ ਜਣੇ ਉਂਗਲਾਂ ਨਾਲ ਸਹਿਜ –ਸਹਿਜ ਸਵਾਹ ਫਰੋਲੀ ਜਾਂਦੈ ਨੇ, ‘ਖੋਪਰੀ ਤੇ ਗੋਡਿਆਂ ਦੀਆਂ ਚੱਪਣੀਆਂ ਦੀ ਹੱਡੀਆਂ ਗੋਲ ਤੇ ਚੱਪਟੀਆਂ ਨੇ। ਪਿੰਜਣੀਆਂ ਦੀਆਂ ਥੋੜ੍ਹੀਆਂ ਲੰਮੀਆਂ ‘ਤੇ ਪਤਲੀਆਂ। ਹਾਅ ਪਸਲੀਆਂ ਜੇ, ਨਿੱਗਰ ਪਰ ਛੋਟੀਆਂ –ਛੋਟੀਆਂ।’ ਮਾਮਾ ਸਭ ਕੁਝ ਦੱਸੀ ਜਾਂਦੈ ਨਾਲੋ ਨਾਲ। ਸਾਰੇ ਜਣੇ ਨਿੱਕੀਆਂ ਵੱਡੀਆਂ ਹੱਡੀਆਂ ਛਾਂਟ– ਛਾਂਟ ਕੇ ਪਰਾਤ ਵਿਚ ਪਾਈ ਜਾਂਦੇ ਹਨ। ਅੱਗਿਉਂ ਨਿੱਕਾ ਕੱਚੀ ਲੱਸੀ ਵਾਲੀ ਬਾਲਟੀ ਵਿੱਚ ਧੋ ਕੇ ਮੇਰੇ ਹੱਥ ਵਿਚ ਫੜੀ ਖੁੱਲ੍ਹੇ ਮੂੰਹ ਵਾਲੀ ਗੁਥਲੀ ਵਿਚ ਪਾਈ ਜਾਂਦੈ। ਛੋਟਾ ਅਜੇ ਵੀ ਦਿਲ ਨਹੀਂ ਧਰਦਾ। ਸਿਸਕੀਆਂ ਭਰਦਾ। ਮੁੜ–ਮੁੜ ਬਾਂਹ ਨਾਲ ਅੱਖਾਂ ਪੂੰਝਦਾ। ਕਿੰਨੀ ਵਾਰੀ ਮਾਮੇ ਨੇ ਪਿੱਠ ‘ਤੇ ਹੱਥ ਫੇਰਿਆ। ਮੈਂ ਵੀ ਸਮਝਾਇਆ ਕਿ ਭਾਪਾ ਬਥੇਰਾ ਕਰ ਗਿਆ ਸਾਡੇ ਲਈ। ਇਕ ਦਿਨ ਤਾਂ ਜਾਣਾ ਈ ਐ ਸਭ ਨੇ। ਲਾਗੇ ਖਲੋਤੇ ਵੀ ਦਿਲਾਸਾ ਦਿੰਦੇ ਐ, ਇਹੋ ਜਿਹੀਆਂ ਹੀ ਗੱਲਾਂ ਕਰਕੇ। ਆਪੋ ਆਪਦੀ ਅਕਲ ਤੇ ਸੂਝ ਮੁਤਾਬਿਕ। ਫਿਰ ਵੀ ਇਹਦਾ ਦਿਲ ਵੱਸ ਵਿਚ ਨਹੀਂ ਆਉਂਦਾ। ਛੋਟੇ ਜਵਾਕਾਂ ਵਾਂਗ ਉਹੀ ਗੱਲ ਲੈ ਕੇ ਬਹਿ ਜਾਂਦੈ ਘੜੀ ਮੁੜੀ, ‘ਭਾਪੇ ਨੂੰ ਐਂ ਨਹੀਂ ਸੀ ਕਰਨਾ ਚਾਹੀਦਾ। ਸਾਰਾ ਟੱਬਰ ਜਾਨ ਦੇਂਦੇ ਸਾਂ ਅਸੀਂ। ਫਿਰ ਵੀ ਮੂੰਹ ਮੋੜ ਗਿਆ ਸਾਡੇ ਤੋਂ। ਕਿੰਨੀ ਵਾਰੀ ਅਸਾਂ ਦੋਹਾਂ ਜੀਆਂ ਤਰਲੇ ਕੀਤੇ ਜਾ ਕੇ ਕਿ ਭਾਪਾ ਘਰ ਮੁੜ ਆ। ਪਿੰਡ ਰਹਿ ਸਾਡੇ ਕੋਲ, ਜਿੱਥੇ ਸਾਰੀ ਉਮਰ ਕੱਟੀ ਊ। ਅੱਗਿਉਂ ਇੱਕੋ ਰੱਟ, ‘ਸ਼ੇਰਾ ਰਾਜੀ ਰਹੋ, ਜੀਉਂਦੇ ਵਸਦੇ ਰਹੋ, ਆਪੋ ਆਪਣੇ ਘਰਾਂ ਵਿਚ। ਐਥੇ ਆ ਕੇ ਮਿਲ ਗਿਲ ਜਾਂਦੇ ਜੇ। ਪਿੰਡ ਨਹੀਂ ਹੁਣ ਜੀਅ ਕਰਦਾ ਜਾਣ ਨੂੰ। – ਇਹੋ ਹਿਰਖ਼ ਨਹੀਂ ਛੱਡਦਾ ਸਾਨੂੰ ਦੋਹਾਂ ਜੀਆਂ ਨੂੰ ਕਿ ਜਿਉਂਦੇ ਜੀਅ ਛੱਡ ਗਿਆ ਸੀ ਸਾਨੂੰ। ਪਤਾ ਨਹੀਂ ਉਸ ਦਾ ਕਿੰਨਾ ਕੁ ਮਨ ਚੁੱਕਿਆ ਗਿਆ ਸੀ ਪਿੰਡ ਤੋਂ ਜਾਂ ਸਾਡੇ ਤੋਂ ਕਿ ਕਿਸੇ ਦਾ ਵੀ ਮੋਹ– ਤੇਹ ਨਹੀਂ ਜਾਗਿਆ ਉਸ ਨੂੰ। ਪਿੰਡ ਵਾਲਾ ਤਾਂ ਉਸ ਨੂੰ ਰਾਹ ਹੀ ਭੁੱਲ ਗਿਆ ਸੀ ਕਿਤੇ।’​
ਮੈਂ ਸੋਚਦਾਂ ਕਿ ਜਿਉਂਦੇ ਜੀਅ ਬੰਦੇ ਕੋਲੋਂ ਕਿੱਥੇ ਛੱਡਿਆ ਜਾਂਦਾ ਘਰ ਬਾਹਰ। ਸਗੋਂ ਜੱਫੇ ਮਾਰਦਾ ਹਰ ਸ਼ੈਅ ਨੂੰ। ਛੁੱਟਦਾ ਤਾਂ ਓੜਕ ਦੀ ਬਾਕੀ ਏਥੇ ਆ ਕੇ ਸਾਰਾ ਕੁਝ, ਜਦੋਂ ਹੱਡੀਆਂ ਦੀ ਮੁੱਠ ਬਣ ਕੇ ਕੱਚੇ ਭਾਂਡੇ ਵਿਚ ਵੜਦਾ ਬੰਦਾ।​
ਭਾਪੇ ਨੇ ਜੀਉਂਦੇ ਜੀਅ ਪਿੰਡ ਨਾਲੋਂ ਨਾਤਾ ਤੋੜ ਲਿਆ ਸੀ। ਪਿੰਡ ਵਿਚ ਕਿਸੇ ਦਾ ਵਿਆਹ ਸ਼ਾਦੀ ਤਾਂ ਛੱਡਿਆ ਕਿਸੇ ਦੇ ਮਰਨੇ ਪਰਨੇ ‘ਤੇ ਵੀ ਇੱਧਰ ਨੂੰ ਮੂੰਹ ਨਹੀਂ ਸੀ ਕਰਦਾ। ਛੋਟੇ ਦਾ ਤੇ ਇਹਦੀ ਘਰਵਾਲੀ ਵਾਲੀ ਦਾ ਹਿਰਖਿਆ ਚਿਹਰਾ ਮੇਰੇ ਸਾਹਮਣੇ ਐ। ਤਰਲੇ ਤਾਂ ਪਹਿਲਾਂ ਵੀ ਬਥੇਰੇ ਮਾਰਦੇ ਸੀ ਦੋਵੇਂ ਜੀ ਆ ਕੇ ਪਰ ਜਿਸ ਦਿਨ ਦਾ ਭਾਪਾ ਪੂਰਾ ਹੋਇਆ ਉਸ ਦਿਨ ਤੋਂ ਜ਼ਿਆਦਾ ਹੀ ਦਿਲ ‘ਤੇ ਲਾ ਲਈ ਐ ਇਨ੍ਹਾਂ। ਕਿੰਝ ਸਮਝਾਵਾਂ ਇਨ੍ਹਾਂ ਸਾਰਿਆਂ ਨੂੰ ਕਿ ਭਾਪੇ ਨੇ ਇੰਨਾ ਪੱਥਰ ਦਾ ਜ਼ੇਰਾ ਕਿੰਝ ਕਰ ਲਿਆ ਸੀ ਤੇ ਨਾਲ ਹੀ ਭਾਪੇ ਦਾ ਉੱਤਰਿਆ ਤੇ ਲਮਕਿਆ ਚਿਹਰਾ ਮੇਰੇ ਜ਼ਿਹਨ ਵਿੱਚੋਂ ਗੁਜ਼ਰਦਾ ਹੈ। ਦਿਨ ਅੰਦਰ ਬਾਹਰ ਜਿਹਾ ਸੀ। ਪੋਰਚ ਉੱਪਰਲੀ ਬਾਲਕੋਨੀ ਵਿਚ ਬੈਠਾ ਕਿਸੇ ਨਾਲ ਫੋਨ ‘ਤੇ ਗੱਲਾਂ ਕਰਦਾ ਪਿਆ ਸਾਂ ਜਦੋਂ ਭਾਪਾ ਆਪਣੇ ਮਿਲਟਰੀ ਵਾਲੇ ਟਰੰਕ ਸਣੇ ਗੇਟ ਅੱਗੇ ਉੱਤਰਿਆ ਸੀ। ਅੱਧ ਢੁੱਕਾ ਗੇਟ ਖੋਲ੍ਹ ਕੇ ਪੋਲੇ –ਪੋਲੇ ਪੈਰੀਂ ਅੰਦਰ ਆਉਂਦੇ ਭਾਪੇ ਦੀ ਚਾਲ ਢਾਲ ਵੇਖ ਹੈਰਾਨ ਜਿਹਾ ਰਹਿ ਗਿਆ ਸਾਂ। ਉਹਦੇ ਚਿਹਰੇ ਉੱਪਰਲੀ ਪਿਲੱਤਣ, ਬੁਝੀਆਂ –ਬੁਝੀਆਂ ਜਿਹੀਆਂ ਅੱਖਾਂ ਤੇ ਲੱਤਾਂ ਧੂਹ –ਧੂਹ ਕੇ ਤੁਰਦਾ ਕਿਤੇ ਚਿਰਾਂ ਦਾ ਬੀਮਾਰ ਮੰਜੀ ਤੋਂ ਉੱਠ ਕੇ ਆਇਆ ਲੱਗਦਾ ਸੀ। ਵੇਖ ਕੇ ਕਈ ਤਰ੍ਹਾਂ ਦੇ ਖ਼ਿਆਲ ਦਿਲ ਵਿਚ ਆਉਣ। ਸੁੱਖ ਹੋਵੇ ਸਹੀ। ਭਾਪਾ ਐ ਨਹੀਂ ਸੀ ਆਉਣ ਵਾਲਾ। ਜਾ– ਜਾ ਕੇ ਕਿੰਨੀ ਵਾਰ ਸ਼ਹਿਰ ਆਉਣ ਲਈ ਜ਼ੋਰ ਪਾਉਂਦੇ ਸਾਂ। ਅੱਗੋਂ ਮਸ਼ਕਰੀਆਂ ਵਿਚ ਨਿੱਕਾ ਨਿੱਕਾ ਹੱਸਦਾ ਰਹਿੰਦਾ ਸੀ। ਫਿਰ ਹੌਲੀ ਜਿਹੀ ਬੋਲਦਾ ਸੀ ਲਮਕਾ– ਲਮਕਾ ਕੇ ‘ਨਾ ਭਾਈ ਕੁਲਬੀਰ ਸਿਹਾਂ, ਤੇਰੇ ਸ਼ਹਿਰ ਵਾਲੇ ਘਰ ਨਹੀਉਂ ਚਿੱਤ ਲੱਗਦਾ ਭੋਰਾ ਵੀ। ਸਾਰਾ ਦਿਨ ਕੰਧਾਂ ਨਾਲ ਗੱਲਾਂ ਨਹੀਂ ਹੁੰਦੀਆਂ ਆਪਣੇ ਤੋਂ। ਪਹਿਲੀ ਉਮਰ ਫੌਜ ਵਿਚ ਯਾਰਾਂ ਮਿੱਤਰਾਂ ਦੀ ਇਕ ਵੱਡੀ ਢਾਣੀ ਵਿਚ ਸਮਾਂ ਲੰਘਿਆ ਹੱਸ ਖੇਡ ਕੇ। ਇੱਥੇ ਵੀ ਜਦੋਂ ਗਲੀ ਵਿਚ ਲਸੂੜੀ ਦੀ ਛਾਵੇਂ ਮੰਜੀ ‘ਤੇ ਬਹੀਦਾ ਸਾਰਾ ਦਿਨ, ਆਇਆ ਗਿਆ ਖਲੋ ਕੇ ਜਾਂਦੈ। ਤੀਆਂ ਵਾਂਗ ਦਿਨ ਗੁਜ਼ਰਦੇ ਐ ਇੱਥੇ। ਉੱਥੇ ਮਾਂ ਮਰੀ ਵਾਂਗ ਚੁੱਪ ਕਰਕੇ ਨਹੀਂ ਬਹਿ ਹੁੰਦਾ ਆਪਣੇ ਤੋਂ।’​
ਅਸੀਂ ਵੇਖਦੇ ਸਾਂ ਭਾਪਾ ਜਿਸ ਦਿਨ ਦਾ ਆਇਆ ਸੀ ਗੁੰਮ–ਸੁੰਮ ਤੇ ਚੁੱਪ–ਚਾਪ ਜਿਹਾ ਹੀ ਰਹਿੰਦਾ ਸੀ ਸਾਰਾ ਦਿਨ। ਜਿੰਨਾ ਪੁੱਛੋ ਓਨਾ ਹੀ ਜਵਾਬ ਨਾਪਿਆ ਤੋਲਿਆ ਜਿਹਾ। ਕਈ ਵਾਰੀ ਮੈਂ ਗੱਲਾਂ– ਗੱਲਾਂ ਵਿਚ ਉਸ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦਾ। ਕਿੱਥੇ ਦੱਸਦਾ ਸੀ ਕੁਝ ਵੀ। ਸਗੋਂ ਐਵੇਂ ਗੱਲ ਆਲੇ ਟਾਲੇ ਪਾਉਂਦਾ ਸੀ। ‘ਕੁਝ ਨਹੀਂ ਕੁਲਬੀਰ ਸਿਹਾਂ, ਉਂਝ ਹੀ ਮਨ ਜਿਹਾ ਨਹੀਂ ਟਿਕਦਾ ਉੱਥੇ। ਮੈਂ ਸੋਚਿਆ ਕੁਝ ਸਮਾਂ ਇਨ੍ਹਾਂ ਨਿਆਣਿਆਂ ਵਿਚ ਵੀ ਰਹਿ ਜਾਈਏ।’ ਬਸ ਏਨਾ ਕੁ ਜਵਾਬ। ਪਤਾ ਸੀ ਮੈਨੂੰ ਕਿ ਗੱਲ ਇਹ ਨਹੀਂ ਐ। ਭਾਪੇ ਦੇ ਅੰਦਰ ਕੁਝ ਰਿਝਦੈ ਲਾਵਾ ਜਿਹਾ ਬਣ ਕੇ, ਜਿਹੜਾ ਅੰਦਰੇ ਅੰਦਰ ਖਾਈ ਜਾਂਦਾ ਇਹਨੂੰ। ਲੱਖ ਛੁਪਾਉਣ ਦਾ ਯਤਨ ਕਰੇ, ਸਭ ਪਤਾ ਲੱਗਦਾ ਇਹਦੀ ਵੱਟੀ ਚੁੱਪ ਤੋਂ।​
ਮੈਂ ਜਾਣਦਾ ਭਾਪੇ ਨੂੰ ਚੰਗੀ ਤਰ੍ਹਾਂ, ਇਹ ਆਪਣੇ ਆਪ ਨੂੰ ਬਹੁਤਾ ਚਿਰ ਡੱਕ ਕੇ ਨਹੀਂ ਰੱਖ ਸਕਦਾ। ਉਸ ਦਿਨ ਵੀ ਢਲੀ ਸ਼ਾਮ ਨੂੰ ਟੈਰਸ ‘ਤੇ ਬੈਠੇ ਸਾਂ ਦੋਵੇਂ। ਅਰਾਮ ਕੁਰਸੀਆਂ ਤੇ ਬੈਠੇ ਨਿੱਕੀਆਂ ਮੋਟੀਆਂ ਗੱਲਾਂ ਕਰਦੇ। ਦਿਨ ਦਾ ਚਾਨਣ ਹੌਲੀ –ਹੌਲੀ ਮੱਧਮ ਪੈ ਗਿਆ ਸੀ। ਉਦੋਂ ਤੱਕ ਭਾਪੇ ਨੇ ਵਿਚ– ਵਿਚਾਲਿਉਂ ਉੱਠ ਕੇ ਆਪਣੇ ਸੰਦੂਕ ਵਿਚ ਰੱਖੀ ਫੌਜੀ ਕਨਟੀਨ ਵਿੱਚੋਂ ਲਿਆਂਦੀ ਰੰਮ ਦੇ ਇਕ ਦੋ ਪੈੱਗ ਮਾਰ ਲਏ ਸਨ। ਰੰਮ ਦਾ ਨਿੰਮ੍ਹਾ ਜਿਹਾ ਸਰੂਰ ਉਹਦੇ ਚਿਹਰੇ ਅਤੇ ਅੱਖਾਂ ‘ਤੇ ਆਣ ਉੱਤਰਿਆ ਸੀ। ਫਿਰ ਉਸ ਹਲਕਾ ਜਿਹਾ ਖੰਘੂਰਾ ਮਾਰਿਆ। ਆਪਣੇ– ਆਪ ਨੂੰ ਕੁਰਸੀ ‘ਤੇ ਥਾਂ ਸਿਰ ਕੀਤਾ। ਅੱਖਾਂ ਮੇਰੀਆਂ ਅੱਖਾਂ ਵਿਚ ਪਾ ਕੇ ਵਿਹੰਦਾ ਰਿਹਾ ਥੋੜ੍ਹਾ ਚਿਰ। ਫਿਰ ਧੀਮੀ ਜਿਹੀ ਅਵਾਜ਼ ਵਿਚ ਬੋਲਿਆ, ‘ਪੁੱਤ ਕੁਲਬੀਰ ਸਿਹਾਂ, ਬੀਬਾ ਪੁੱਤ ਬਣ ਕੇ ਇਕ ਧਰਮ ਨਿਭਾਈਂ ਮੇਰੇ ਨਾਲ। ਜੇ ਮੈਂ ਇੱਥੇ ਤੇਰੇ ਘਰ ਪੂਰਾ ਹੋ ਗਿਆ ਤਾਂ ਮੈਨੂੰ ਫੂਕਣ ਪਿੰਡ ਨਾ ਖੜੀਂ।’ ਕਹਿੰਦਿਆਂ ਉਹਦਾ ਗੱਚ ਭਰ ਆਇਆ ਸੀ। ਮਸਾਂ ਇੰਨਾ ਹੀ ਕਹਿ ਹੋਇਆ ਸੀ ਉਸ ਤੋਂ। ਅੱਗੇ ਸ਼ਬਦਾਂ ਨੇ ਉਹਦਾ ਸਾਥ ਛੱਡ ਦਿੱਤਾ ਸੀ ਤੇ ਉਹ ਨੀਵੀਂ ਧੌਣ ਕਰਕੇ ਹੇਠਾਂ ਨੂੰ ਵੇਖਦਿਆਂ ਪੈਰ ਦੇ ਅੰਗੂਠੇ ਨਾਲ ਜ਼ਮੀਨ ਨੂੰ ਖੁਰਚਣ ਲੱਗਿਆ ਸੀ। ਭਾਪਾ ਜੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਮੇਰੇ ਵੀ ਕਾਲਜੇ ਵਿਚ ਰੁੱਗ ਭਰਿਆ ਗਿਆ ਸੀ। ਮਨ ਪਸੀਜ ਗਿਆ ਸੀ ਉਹਦੇ ਵੱਲ ਵੇਖ ਕੇ। ਪਰ ਉਸ ਦੇ ਮੂੰਹੋਂ ਕੁਝ ਹੋਰ ਸੁਣਨ ਲਈ ਮਨ ਕਾਹਲਾ ਵੀ ਪੈ ਰਿਹਾ ਸੀ। ਜਿਹੜਾ ਆਪਣੇ ਅੰਦਰ ਕਈਆਂ ਦਿਨਾਂ ਦਾ ਕਈ ਕੁਝ ਲਈ ਬੈਠਾ ਸੀ। ਦੱਸੇ ਤਾਂ ਸਈ ਆਖ਼ਰ ਹੋਇਆ ਕੀ ਐ ਇਹਦੇ ਨਾਲ ਇਹੋ ਜਿਹਾ। ਜਿਸ ਕਰਕੇ ਭਾਪਾ ਇੰਨਾ ਕਰੜਾ ਜੇਰਾ ਕਰ ਬੈਠਾ। ਹਨੇਰੇ ਦਾ ਰੰਗ ਪੈਰੋ ਪੈਰ ਹੋਰ ਗਾੜ੍ਹਾ ਹੋ ਰਿਹਾ ਸੀ। ਮੈਂ ਕੁਰਸੀ ਸਰਕਾ ਕੇ ਥੋੜ੍ਹਾ ਕੁ ਅੱਗੇ ਸਰਕਦਿਆਂ ਭਾਪੇ ਦੇ ਗੋਡੇ ਲਾਗੇ ਹੋ ਗਿਆ ਸੀ।​
ਭਾਪੇ ਦੇ ਅੰਦਰਲੀ ਗੰਢ ਢਿੱਲੀ ਹੋ ਰਹੀ ਸੀ। ਉਸ ਆਪਣੇ ਆਪ ਨੂੰ ਥਾਂ ਸਿਰ ਕਰਦਿਆਂ ਆਪਣੀ ਗੱਲ ਜਾਰੀ ਰੱਖੀ। ‘ਪੁੱਤ ਕੁਲਬੀਰ ਸਿਹਾਂ, ਸੁਣਿਆ ਕਿਤੇ ਪਹਿਲੇ ਵੇਲਿਆਂ ਵਿਚ ਕਈ ਬੰਦੇ ਮੇਰੇ ਵਾਂਗੂੰ ਪਿੰਡ ਦੀ ਜੂਹ ਛੱਡ ਜਾਂਦੇ ਸਨ। ਕਿਸੇ ਬੇਪਛਾਣੀ ਥਾਂ ਜਾ ਵਸਦੇ ਸਨ ਦੂਰ– ਦੁਰੇਡੇ। ਜਿੱਥੇ ਉਨ੍ਹਾਂ ਨੂੰ ਪਿੰਡ ਦਾ ਬੰਦਾ ਤਾਂ ਕੀ ਕੋਈ ਕੁੱਤਾ ਬਿੱਲਾ ਵੀ ਪਛਾਣਦਾ ਨਾ ਹੋਵੇ। ਇਹ ਵੀ ਗੱਲ ਭਾਵੇਂ ਬਹੁਤੀ ਵੱਡੀ ਨਹੀਂ ਪਰ ਦਿਲ ਨੂੰ ਲੱਗ ਗਈ ਐ। ਹਜ਼ਾਰ ਵਾਰੀ ਯਤਨ ਕੀਤਾ ਸੀ ਕਿ ਹਊ ਪਰ੍ਹੇ ਕਰਕੇ ਛੱਡਾਂ ਪਰੇ, ਪਰ ਕਿੱਥੇ ਛੱਡ ਹੁੰਦਾ। ਅੱਜ ਵੀ ਜਦੋਂ ਮੈਨੂੰ ਉਹ ਵੇਲਾ ਚੇਤੇ ਆਉਂਦਾ ਤਾਂ ਸਿਖਰ ਦੁਪਹਿਰੇ ਪੈਰ ਠਰ ਜਾਂਦੇ ਐ। ਫਿਰ ਮੈਂ ਨਿੱਘ ਭਾਲਦਾ ਆਸਿਉਂ ਪਾਸਿਉਂ। ਜੀ ਭਿਆਣਾ ਉੱਠ ਕੇ ਤੁਰਦਾਂ ਤਾਂ ਇਉਂ ਲੱਗਦਾ ਜਿਉਂ ਪੈਰਾਂ ਹੇਠ ਜ਼ਮੀਨ ਨਹੀਂ ਹੁੰਦੀ ਕਿਤੇ ਮਘਦੇ ਕੋਲਿਆਂ ‘ਤੇ ਪੈਰ ਧਰੇ ਗਏ ਐ। ਤਲੀਆਂ ਵਿੱਚੋਂ ਸੇਕ ਉੱਠਦਾ। ਕਿੰਨਾ– ਕਿੰਨਾ ਚਿਰ ਆਪਣਾ ਆਪ ਵੱਸ ਵਿਚ ਨਹੀਂ ਰਹਿੰਦਾ।​
ਫਿਲਾਸਫਰ ਵਾਂਗ ਬੋਲਦੇ ਭਾਪੇ ਦੀ ਦੁੱਧ ਚਿੱਟੀ ਦਾਹੜੀ ਤੇ ਮੁੱਛਾਂ ਦੇ ਵਿਰਲੇ ਟਾਂਵੇ ਵਾਲ਼ ਥੋੜ੍ਹਾ ਥੋੜ੍ਹਾ ਹਿੱਲਦੇ ਜਿਹੇ ਵਿਖਾਈ ਦੇਂਦੇ ਐ। ਬਾਕੀ ਸਾਰਾ ਕੁਝ ਸਥਿਰ ਤੇ ਬੇਜਾਨ ਜਿਹਾ। ਮੈਂ ਚੁੱਪ ਰਿਹਾ। ਉਹਦੇ ਵੱਲ ਟਿਕਟਿਕੀ ਲਾਈ ਰੱਖੀ। ਮੈਂ ਜਾਣਦਾ ਸਾਂ ਉਹ ਅੰਦਰੋਂ ਨੱਕੋ ਨੱਕ ਭਰਿਆ ਬੈਠਾ ਸੀ। ਅਜਿਹੇ ਵੇਲੇ ਨੂੰ ਹੀ ਉਡੀਕਦਾ ਸੀ ਤੇ ਛੇਤੀ ਹੀ ਗਲੋਟੇ ਵਾਂਗ ਉੱਧੜ ਜਾਏਗਾ ਸਾਰੇ ਦਾ ਸਾਰਾ। ਪਰ ਮੈਂ ਉਸ ਨੂੰ ਸਹਿਜ ਰੱਖਣਾ ਚਾਹੁੰਦਾ ਸੀ। ਭਾਪੇ ਨੇ ਆਪਣੀ ਕਹਾਣੀ ਦਾ ਮੁੱਢ ਬੰਨ੍ਹਦਿਆਂ ਗੱਲਾਂ ਦੀ ਸ਼ਿਸ਼ਤ ਬੰਨ੍ਹ ਲਈ ਤੇ ਕਹਿਣਾ ਸ਼ੁਰੂ ਕੀਤਾ, ‘ਭਾਈ ਕੁਲਬੀਰ ਸਿਹਾਂ, ਬੜੀ ਸ਼ਰਧਾ ਨਾਲ ਉਸ ਦਿਨ ਗਲ ਵਿਚ ਢੋਲਕੀ ਪਾ ਕੇ ਘਰੋਂ ਨਿਕਲਿਆ ਸਾਂ। ਉੱਪਲਾਂ ਦੇ ਮੁੰਡਿਆਂ ਕਿਤੇ ਟਰੱਕ ਖਰੀਦਿਆ ਸੀ ਤੇ ਗੁਰੂ ਘਰ ਮੱਥਾ ਟਿਕਾਉਣ ਚੱਲੇ ਸੀ। ਪਿੰਡ ਦੇ ਬਾਕੀ ਲੋਕਾਂ ਨਾਲ ਮੈਂ ਵੀ ਜਾ ਬੈਠਾ ਸਾਂ ਟਰੱਕ ਦੇ ਡਾਲੇ ਵਿਚ ਲੱਤਾਂ ਲਮਕਾ ਕੇ। ਟਰੱਕ ਵਿੰਗੀਆਂ ਟੇਢੀਆਂ ਸੜਕਾਂ ‘ਤੇ ਦੌੜਦਾ ਗਿਆ। ਢੋਲਕੀ ਛੈਣਿਆਂ ਦੀ ਤਾਲ ‘ਤੇ ਸ਼ਬਦ ਪੜ੍ਹਦਿਆਂ ਕਈ ਗੁਰਦੁਆਰਿਆਂ ਦੇ ਦਰਸ਼ਣ ਮੇਲੇ ਕਰ ਲਏ ਸਨ। ਲੌਢੇ ਕੁ ਵੇਲੇ ਇਕ ਵੱਡੀ ਨਹਿਰ ਦੇ ਕੰਢੇ ‘ਤੇ ਬਣੇ ਸੰਗਮਰਮਰੀ ਗੁਰਦੁਆਰੇ ਆਣ ਉੱਤਰੇ ਸਾਂ, ਜਿਸ ਦੇ ਉੱਚੇ ਗੁੰਬਦਾਂ ਉੱਪਰ ਸੁਨਹਿਰੀ ਕਲਸ ਮੀਲਾਂ ਤੋਂ ਲਿਸ਼ਕੋਰਾਂ ਮਾਰਦੇ ਸਨ। ਵੱਡੇ ਦਰਵਾਜ਼ੇ ਤੋਂ ਟਰੱਕ ਥੋੜ੍ਹਾ ਹਟਵਾਂ ਖਲੋਤਾ ਸੀ। ਉੱਥੋਂ ਲੈ ਕੇ ਗੁਰਦੁਆਰੇ ਦੇ ਵੱਡੇ ਬੂਹੇ ਤੱਕ ਖੜ੍ਹੇ ਦਾਅ ਦੀਆਂ ਇੱਟਾਂ ਲਾ ਕੇ ਕਾਰੀਗਰਾਂ ਨੇ ਬੜੀ ਜੁਗਤ ਨਾਲ ਸਾਫ ਸੁਥਰਾ ਤੇ ਪੱਧਰਾ ਫਰਸ਼ ਜੋੜਿਆ ਸੀ। ਪੈਰਾਂ ਹੇਠ ਨੋਕੀ ਲਹਿਰੀਏ ਦੀ ਚਾਲ ਨਾਲ ਜੁੜੀਆਂ ਇੱਟਾਂ ਵੱਲ ਵੇਖਦਿਆਂ ਕਾਰੀਗਰ ਦੀ ਕਲਾਕਾਰੀ ਦਾ ਨਮੂਨਾ ਸਿਰ ਚੜ੍ਹ ਬੋਲਦਾ ਸੀ। ਦੋਵੇਂ ਪਾਸੇ ਦੋ ਦੋ ਹੱਥ ਬਣੀਆਂ ਪੱਕੀਆਂ ਕਿਆਰੀਆਂ ਵਿਚ ਬੜੇ ਸਲੀਕੇ ਨਾਲ ਉਗਾਏ ਰੰਗ– ਬਿਰੰਗੇ ਖਿੜੇ ਫੁੱਲ ਸੁਗੰਧੀਆਂ ਬਿਖੇਰ ਰਹੇ ਸਨ। ਉਸੇ ਰਾਹ ਉੱਤੇ ਇੱਧਰ ਉੱਧਰ ਫਿਰਦੇ ਤਿੰਨ ਚਾਰ ਬਾਬਿਆਂ ਨੂੰ ਦੇਖਿਆ। ਗੋਡਿਆਂ ਤੋਂ ਹੇਠਾਂ ਤੱਕ ਚਿੱਟੇ ਟੈਰੀਕਾਟ ਦੇ ਚੋਲੇ। ਗੋਲ ਪੇਚ ਸਵਾਰ –ਸਵਾਰ ਕੇ ਬੱਧੇ ਪਟਕੇ। ਖੁੱਲ੍ਹੀਆਂ ਦਰਸ਼ਣੀ ਵਾਹੀਆਂ ਸਵਾਰੀਆਂ ਤੇ ਤਿੱਲੇ ਦੀ ਤਾਰ ਵਾਂਗ ਲਿਸ਼ਕਦੀਆਂ ਦਾੜ੍ਹੀਆਂ। ਪਹਿਲੀ ਨਜ਼ਰੇ ਵੇਖਦਿਆਂ ਹੱਥਾਂ ਵਿਚ ਇਕੋਤਰੀ ਮਾਲਾ। ਉਨ੍ਹਾਂ ਨੂੰ ਵੇਖਦਿਆਂ ਸਾਰੇ ਜਣੇਂ ਰਾਹ ਛੱਡ ਕੇ ਪਾਸੇ ਹੋ ਗਏ ਸਨ। ਪਹਿਲੀ ਨਜ਼ਰੇ ਵੇਖਦਿਆਂ ਉਹ ਕਿਸੇ ਹੋਰ ਦੁਨੀਆਂ ਦੇ ਲੋਕ ਲੱਗਦੇ ਸਨ ਇਨਸਾਨੀ ਜਾਮੇ ਵਿਚ। ਚਾਰੇ ਪਾਸੇ ਫੈਲੀ ਸ਼ਾਂਤੀ, ਰੰਗ– ਬਿਰੰਗੇ ਫੁੱਲਾਂ ਤੋਂ ਖਹਿ ਕੇ ਆਉਂਦੀ ਪੁਰੇ ਦੀ ਮੱਠੀ –ਮੱਠੀ ਹਵਾ ਸੁਗੰਧੀਆਂ ਬਿਖੇਰ ਰਹੀ ਸੀ। ਤੁਰਿਆਂ ਜਾਂਦਿਆਂ ਇਉਂ ਲੱਗਦਾ ਸੀ ਜਿਉਂ ਅਸੀਂ ਸਵਰਗ ਲੋਕ ਦੇ ਦਰਵਾਜ਼ੇ ਨੂੰ ਜਾ ਰਹੇ ਹੋਈਏ।’​
ਭਾਪਾ ਜਦੋਂ ਹਵਾ ਵਿਚ ਹੱਥ ਲਹਿਰਾ ਲਹਿਰਾ ਕੇ ਦੱਸ ਰਿਹਾ ਸੀ ਤਾਂ ਸ਼ਰਧਾ ਅਤੇ ਭਾਵਨਾ ਦਾ ਹੜ੍ਹ ਉਹਦੇ ਅੰਦਰੋਂ ਲਫ਼ਜ਼ਾਂ ਦੇ ਰੂਪ ਵਿਚ ਡੁੱਲ੍ਹ –ਡੁਲ੍ਹ ਪੈ ਰਿਹਾ ਸੀ। ਉਹ ਆਪਣੀ ਲੜੀ ਟੁੱਟਣ ਨਹੀਂ ਸੀ ਦੇ ਰਿਹਾ। ਮੈਂ ਉਹਦਾ ਇਕ– ਇਕ ਬੋਲ ਗਹੁ ਨਾਲ ਸੁਣ ਰਿਹਾ ਸਾਂ। ਉਸ ਦੀ ਹਰ ਹਰਕਤ ਨੂੰ ਨੋਟ ਕਰ ਰਿਹਾ ਸਾਂ। ਉਹ ਕੁਰਸੀ ‘ਤੇ ਬੈਠਾ ਕਦੀ ਆਪਣੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਦਾ ਤੇ ਕਦੀ ਪੋਟਿਆਂ ਨਾਲ ਨਹੁੰ ਤੋੜਨ ਦੀ ਕੋਸ਼ਿਸ਼ ਕਰਦਾ ਸੀ। ਮੈਂ ਵੀ ਉਹਦਾ ਧਿਆਨ ਹੋਰ ਪਾਸੇ ਪਾ ਕੇ ਉਹਦੀ ਇਕਾਗਰਤਾ ਭੰਗ ਨਹੀਂ ਸੀ ਕਰਨੀ ਚਾਹੁੰਦਾ। ਇਸੇ ਲਈ ਮੈਂ ਮੱਠਾ– ਮੱਠਾ ਜਿਹਾ ਹੁੰਗਾਰਾ ਭਰਨ ਤੋਂ ਬਿਨਾਂ ਬਹੁਤਾ ਬੋਲ ਚਾਲ ਨਹੀਂ ਸਾਂ ਰਿਹਾ। ਮੈਂ ਚੁੱਪ–ਚਾਪ ਟਿਕਟਿਕੀ ਲਾਈ ਰੱਖੀ ਤੇ ਉਹ ਵਜਦ ਵਿਚ ਆਇਆ ਬੋਲਦਾ ਗਿਆ, ‘ਪੁੱਤ ਕੁਲਬੀਰ ਸਿਹਾਂ, ਜਗ੍ਹਾ ਤਾਂ ਵੇਖਣ ਹੀ ਵਾਲੀ ਸੀ ਉੱਥੋਂ ਦੀ। ਸਾਫ਼ ਸਫਾਈ ਤੇ ਫਿਜ਼ਾ ਵਿਚ ਫੈਲੀ ਸ਼ਾਂਤੀ ਦਾ ਕੋਈ ਅੰਤ ਨਹੀਂ ਸੀ।’​
ਭਾਪੇ ਨੇ ਹਲਕਾ ਜਿਹਾ ਖੰਗੂਰਾ ਮਾਰ ਕੇ ਆਪਣਾ ਗਲਾ ਸਾਫ਼ ਕਰਦਿਆਂ ਦੱਸਿਆ, ‘ਹੇਠਾਂ ਬਣੇ ਭੋਰੇ ਵਿਚ ਉਸ ਡੇਰੇ ਦੇ ਮੁਖੀ ਦਾ ਨਿਵਾਸ ਸੀ। ਇਕ– ਇਕ ਕਰਕੇ ਉਸਦੇ ਸਾਹਮਣੇ ਬੈਠਦਿਆਂ ਮੈਂ ਮੋਹਰਲੀ ਕਤਾਰ ਵਿਚ ਜਾ ਬੈਠਾ ਸਾਂ, ਵੱਡੇ ਮਹਾਂਪੁਰਸ਼ਾਂ ਨੂੰ ਹੋਰ ਨੇੜਿਉਂ ਤੱਕਣ ਲਈ। ਉਨ੍ਹਾਂ ਦੇ ਇਲਾਹੀ ਬਚਨ ਮੈਂ ਨਾਲਦਿਆਂ ਨਾਲੋਂ ਉੱਚਿਆਂ ਹੋ– ਹੋ ਸੁਣੇ। ਜ਼ਿੰਦਗੀ ਤੇ ਮੌਤ ਵਿੱਚੋਂ ਆਤਮਾ ਤੇ ਪ੍ਰਮਾਤਮਾ ਦੀਆਂ ਗੂੜ੍ਹ ਗਿਆਨ ਦੀਆਂ ਗੱਲਾਂ ਸੁਣ ਕੇ ਸਾਰੇ ਗਦ–ਗਦ ਹੋ ਗਏ ਸਾਂ। ’ਕੱਲਾ– ’ਕੱਲਾ ਬੋਲ ਸਾਡੇ ਧੁਰ ਅੰਦਰ ਤੀਕ ਲਹਿ ਗਿਆ ਸੀ। ਸਾਡਾ ਆਉਣਾ ਸਫ਼ਲ ਹੋ ਗਿਆ ਸੀ। ਅੱਧਾ ਪੌਣਾ ਘੰਟਾ ਆਪਣੀਆਂ ਗਿਆਨ– ਧਿਆਨ ਦੀਆਂ ਗੱਲਾਂ ਨੂੰ ਸਮੇਟਦਿਆਂ ਉਨ੍ਹਾਂ ਕਿਹਾ, ‘ਭਾਈ ਗੁਰਮੁਖੋ, ਤੁਸੀਂ ਦੂਰੋਂ ਨੇੜਿਉਂ ਚੱਲ ਕੇ ਆਏ ਜੇ। ਤੁਹਾਡਾ ਇਕ– ਇਕ ਕਦਮ ਲੇਖੇ ਵਿਚ ਲੱਗਿਆ ਐ। ਜਿੰਨੇ ਵੀ ਪ੍ਰਾਣੀ ਏਥੇ ਤਨ –ਮਨ ਕਰਕੇ ਪਹੁੰਚੇ ਐ, ਕੋਈ ਵੀ ਲੰਗਰ ਛਕਣ ਤੋਂ ਬਗੈਰ ਨਾ ਜਾਏ। ਹਾਂ, ਇਕ ਗੱਲ ਦਾ ਖਾਸ ਧਿਆਨ ਰੱਖਿਉ, ਤੁਹਾਡੇ ਵਿਚ ਮਜ਼ਬੀ ਸਿੱਖ ਜਾਂ ਕੋਈ ਹੋਰ ਹੇਠਲੀ ਜ਼ਾਤ ਨਾਲ ਸਬੰਧਤ ਹੋਏ ਤਾਂ ਉਨ੍ਹਾਂ ਦਾ ਲੰਗਰ ਬਾਹਰ ਟੀਨ ਦੇ ਸ਼ੈੱਡ ਹੇਠਾਂ ਤਿਆਰ ਐ। ਉੱਥੇ ਹੀ ਉਨ੍ਹਾਂ ਦੇ ਬਰਤਨ ਪਏ ਹਨ। ਪ੍ਰਸ਼ਾਦਾ ਛਕ ਕੇ ਆਪੋ –ਆਪਣੇ ਭਾਂਡੇ ਉਸੇ ਤਰ੍ਹਾ ਧੋ ਮਾਂਜ ਕੇ ਮੂਧੇ ਮਾਰ ਕੇ ਜਾਇਉ ਜੇ।’ ਭਾਪੇ ਦੀਆਂ ਕਹੀਆਂ ਗੱਲਾਂ ਮੇਰੇ ਸੀਨੇ ਵਿਚ ਗੋਲੀ ਵਾਂਗ ਵੱਜੀਆਂ। ਮੈਂ ਨੀਵੀਂ ਪਾ ਲਈ ਸੀ ਤੇ ਮੇਰੇ ਕੋਲੋਂ ਹੋਰ ਕੁਝ ਪੁੱਛਣ ਦਾ ਹੀਆ ਨਹੀਂ ਸੀ ਪੈ ਰਿਹਾ। ਭਾਪੇ ਦਾ ਵੀ ਗੱਚ ਭਰ ਗਿਆ ਲੱਗਦਾ ਸੀ। ਜਿਹੜਾ ਬੋਲਦਾ –ਬੋਲਦਾ ਥੋੜ੍ਹੇ ਸਮੇਂ ਲਈ ਚੁੱਪ ਕਰ ਗਿਆ ਸੀ ਤੇ ਆਪਣਾ ਮੂੰਹ ਉੱਪਰ ਨੂੰ ਚੁੱਕ ਕੇ ਐਵੇਂ ਬੇਮਤਲਬਾ ਜਿਹਾ ਉੱਚੇ ਅਸਮਾਨ ਵੱਲ ਝਾਕਣ ਲੱਗਿਆ ਸੀ। ਫਿਰ ਥੋੜ੍ਹਾ ਸੰਭਲ ਕੇ ਬਿਨਾਂ ਮੇਰਾ ਹੁੰਗਾਰਾ ਉਡੀਕਿਆਂ ਭਾਪਾ ਫਿਰ ਬੋਲਣ ਲੱਗਿਆ ਸੀ, ‘ਕੁਲਬੀਰ ਸਿਹਾਂ, ਪਹਿਲੀਆਂ ਸੁਣੀਆਂ ਗੱਲਾਂ ਦਾ ਨਸ਼ਾ ਦੋ ਮਿੰਟ ਵਿਚ ਲਹਿ ਗਿਆ ਸੀ। ਸਾਹਮਣੇ ਬੈਠਾ ਬਾਬਾ ਮੈਨੂੰ ਕੋਈ ਇਨਸਾਨੀ ਜਾਮੇ ਵਿਚ ਦੇਅ ਬੈਠਾ ਵਿਖਾਈ ਦੇਣ ਲੱਗਿਆ ਸੀ। ਡੇਰੇ ਦੀਆਂ ਕੰਧਾਂ ਮੈਨੂੰ ਵੱਢ ਖਾਣ ਨੂੰ ਆਉਣ ਲੱਗੀਆਂ ਸਨ। ਖਲੋਤਿਆਂ ਦਮ ਘੁੱਟਦਾ ਸੀ ਉੱਥੇ। ਮੈਂ ਕਾਹਲੇ ਕਦਮੀਂ ਅੰਦਰਲੇ ਹਾਲ ਵਿੱਚੋਂ ਬਾਹਰ ਨਿਕਲ ਆਇਆ ਸਾਂ ਤੇ ਜਿੱਧਰ ਟਰੱਕ ਖਲੋਤਾ ਸੀ ਉੱਧਰ ਨੂੰ ਹੋ ਗਿਆ ਸਾਂ। ਚੇਤੇ ਆਉਣ ਤੇ ਮੈਂ ਪਿਛਾਂਹ ਭੌਂਅ ਕੇ ਵੇਖਿਆ ਤਾਂ ਆਪਣੇ ਵਿਹੜੇ ਵਿੱਚੋਂ ਨਾਲ ਆਏ ਮਾੜਿਆਂ ਦਾ ਤੋਤੀ ਤੇ ਦੋ ਤਿੰਨ ਜਾਣੇ ਹੋਰ ਨਿੱਕੀਆਂ– ਨਿੱਕੀਆਂ ਗੱਲਾਂ ਕਰਦੇ ਟੀਨ ਦੇ ਸ਼ੈੱਡ ਵੱਲ ਤੁਰੇ ਜਾ ਰਹੇ ਸਨ। ਗੁੱਸਾ ਉਨ੍ਹਾਂ ’ਤੇ ਵੀ ਮੈਨੂੰ ਬਹੁਤ ਆਇਆ ਸੀ। ਸਾਡੀ ਜ਼ਾਤ ਦੀ ਜਨਮਾਂ –ਜਨਮਾਂਤਰਾਂ ਭੁੱਖ ਪਤਾ ਨਹੀਂ ਕਦੋਂ ਨਿੱਕਲਣੀ ਐ।’​
ਵਾਪਸ ਆਉਂਦਿਆਂ ਸਾਰੀ ਵਾਟ ਉੱਚੇ ਪਾਸੇ ਵਾਲੀਆਂ ਜ਼ਨਾਨੀਆਂ ਜ਼ਬਾਨ ਮੂੰਹ ਵਿਚ ਨਹੀਂ ਸੀ ਪਾਈ। ਕਦੀ ਕਹਿਣ ਐ ਚੰਗਾ ਅਸੂਲ ਐ ਏਥੋਂ ਦਾ। ਪਿੰਡ ਵਿਚ ਕਦੀ ਵਰ੍ਹੇ ਛਮਾਹੀ ਲੰਗਰ ਦੀ ਪੰਗਤ ਵਿਚ ਬਹਿ ਕੇ ਰੋਟੀ ਖਾਣੀ ਹੋਵੇ ਤਾਂ ਵਿਚ ਢੁੱਕ –ਢੁੱਕ ਕੇ ਬਹਿਣਗੀਆਂ। ਜੀਅ ਕਾਹਲੇ ਦਾ ਥਾਂ। ਬੁਰਕੀ ਅੰਦਰ ਨੂੰ ਪਾਓ ਬਾਹਰ ਆਉਣ ਨੂੰ ਪੈਂਦੀ ਐ। …”​
ਭਰੇ ਮਨ ਨਾਲ ਭਾਪਾ ਗੱਲਾਂ ਕਰ ਰਿਹਾ ਸੀ। ਲਾਗੇ ਬੈਠੇ ਦਾ ਮੇਰਾ ਵੀ ਮਨ ਭਰ ਗਿਆ ਸੀ ਤੇ ਮੈਂ ਵਾਰ– ਵਾਰ ਆਪਣੇ ਗਲ਼ ਵਿਚ ਪਾਏ ਕੁੜਤੇ ਨਾਲ ਅੱਖਾਂ ਪੂੰਝ ਰਿਹਾ ਸਾਂ। ਮੇਰੇ ਵਾਰ –ਵਾਰ ਅੱਖਾਂ ਪੂੰਝਣ ਤੇ ਛੋਟੇ ਨੇ ਮੇਰੇ ਮੋਢੇ ’ਤੇ ਹੱਥ ਰੱਖਦਿਆਂ ਕਿਹਾ, ‘ਭਾਊ ਹੌਂਸਲਾ ਕਰ, ਤੂੰ ਤਾਂ ਵੱਡਾ ਐਂ ਘਰ ਵਿਚ … ਭਾਪੇ ਦੀ ਥਾਂ। ਤੁਸਾਂ ਮਗਰਲੇ ਟੈਮ ਬਥੇਰੀ ਸੇਵਾ ਕੀਤੀ ਐ ਭਾਪੇ ਦੀ। ਤੂੰ ਇਹ ਨਾ ਸਮਝੀਂ ਮੈਂ ਤੇਰੇ ਦਿਲ ਦੀ ਗੱਲ ਨਹੀਂ ਸਮਝ ਰਿਹਾ। ਭਾਪੇ ਦਾ ਸਸਕਾਰ ਜੇ ਸ਼ਹਿਰ ਵੀ ਕਰ ਲੈਂਦੇ ਤਾਂ ਕੀ ਫ਼ਰਕ ਪੈਣਾ ਸੀ। ਐਂ ਕਰਨ ਨਾਲ ਕਿਤੇ ਮਸਲਾ ਹੱਲ ਹੋ ਜਾਣਾ ਸੀ। ਤੂੰ ਤਾਂ ਪੜ੍ਹਿਆ ਲਿਖਿਆ, ਸਭ ਕੁਝ ਸਮਝਦਾਂ। ਸਦੀਆਂ ਦੀਆਂ ਪਈਆਂ ਗੰਢਾਂ ਐਂ ਨੀਂ ਖੁੱਲ੍ਹਦੀਆਂ। … ਤੂੰ ਮਨ ਵਿਚ ਭੋਰਾ ਹਿਰਖ ਨਾ ਕਰੀਂ।’​
ਮੈਂ ਸਿੱਲੀਆਂ ਹੁੰਦੀਆਂ ਜਾ ਰਹੀਆਂ ਅੱਖਾਂ ਨੂੰ ਪੂੰਝਦਾ ਹਾਂ। ਦਿਲ ਕਰਦਾ ਐ ਮੈਂ ਛੋਟੇ ਦੇ ਗਲ਼ ਲੱਗ ਕੇ ਭੁੱਬਾਂ ਮਾਰ –ਮਾਰ ਕੇ ਰੋਵਾਂ। ਛੋਟਾ ਤੇ ਉਹਦੀ ਘਰਵਾਲੀ ਭਾਪੇ ਦੀ ਮੜ੍ਹੀ ਦੁਆਲੇ ਬੈਠ ਗਏ ਹਨ। ਛੋਟਾ ਬਾਲਟੀ ਵਿੱਚੋਂ ਪਾਣੀ ਪਾਉਂਦਾ ਧਾਰ ਬੰਨ੍ਹ ਕੇ। ਉਹਦੀ ਘਰਵਾਲੀ ਉੱਭੜ ਖਾਬੜ ਫਰਸ਼ ’ਤੇ ਸਚਿਆਰਿਆਂ ਵਾਂਗ ਹੱਥ ਫੇਰਦੀ ਐ। ਕੋਲ ਖੜ੍ਹੀਆਂ ਜ਼ਨਾਨੀਆਂ ਹਦਾਇਤਾਂ ਦਿੰਦੀਆਂ, ‘ਪੁੱਤ ਚੰਗੀ ਤਰ੍ਹਾਂ ਪਾਣੀ ਪਾ, ਚਾਰੇ ਪਾਸਿਉਂ। ਅਗਲਾ ਜਿੱਥੇ ਵੀ ਜਾਊ, ਠੰਢਾ ਰਹੂ।’​
ਮੈਨੂੰ ਲੱਗਿਆ ਜਿਵੇਂ ਧਾਰ ਬੰਨ੍ਹ ਕੇ ਡਿੱਗਦੇ ਚਾਂਦੀ ਰੰਗੇ ਪਾਣੀ ਨਾਲ ਭਾਪੇ ਦਾ ਕਲ਼ੇਜਾ ਤਪਣ ਲੱਗ ਪਿਆ ਹੋਵੇ ਤੇ ਉਹ ਆਪਣੀ ਜਨਮ ਭੋਏਂ ’ਤੇ ਲੰਮੀਆਂ ਤਾਣ ਕੇ ਸੌਣ ਦੀ ਥਾਂ ਮੇਰੇ ਮਸਤਕ ਵਿਚ ਜਾਗ ਪਿਆ ਹੋਵੇ।​
 
Top