ਅਨਪੜ, ਗੰਵਾਰ ਤੇ ਉਚ ਵਿਦਿਆ ਪ੍ਰਾਪਤ - ਪੰਜਾਬੀ ਕਹਾਣ&#

[JUGRAJ SINGH]

Prime VIP
Staff member
ਅਨਪੜ, ਗੰਵਾਰ ਤੇ ਉਚ ਵਿਦਿਆ ਪ੍ਰਾਪਤ

ਸਿਡਨੀ ਯੂਨੀਵਰਸਿਟੀ ਜਾਣ ਲਈ ਜਿਸ ਬਸ ਦੇ ਵਿਚ ਮਨਿੰਦਰ ਤਕਰੀਬਨ ਰੋਜ਼ਾਨਾ ਹੀ ਸਫਰ ਕਰਦਾ ਸੀ ਉਸਦੇ ਵਿਚ ਜਿਆਦਾਤਰ ਗੋਰੇ ਹੀ ਹੁੰਦੇ ਸਨ. ਕਈ ਵਾਰ ਇਕ ਦੋ ਪੰਜਾਬੀ ਵੀ ਮਿਲ ਜਾਂਦੇ ਸਨ. ਜਦ ਮਨਿੰਦਰ ਨੇ ਇਕ ਪੰਜਾਬੀ ਸੱਜਣ ਨਾਲ ਖੁੱਲ ਕੇ ਗਲਬਾਤ ਕੀਤੀ ਤਾਂ ਉਸਨੂੰ ਹੈਰਾਨੀ ਦੇ ਨਾਲ ਨਾਲ ਖੁਸੀ ਵੀ ਹੋਈ ਕਿਓਂਕਿ ਓਹ ਮਨਿੰਦਰ ਦੇ ਸ਼ਹਿਰ ਲਾਗੇ ਦੇ ਪਿੰਡ ਦਾ ਸੀ. ਭਾਵੇਂ ਓਹ ਸੱਜਣ ਪਿੰਡ ਦਾ ਸੀ ਪਰ ਜਦ ਉਸਨੇ ਆਪਣੇ ਬਾਰੇ ਇਹ ਦਸਿਆ ਕੇ ਓਹ ਇਕ ਵਿਗਿਆਨਕ ਹੈ ਤੇ ਸਿਡਨੀ ਆਉਣ ਤੋਂ ਪਹਿਲਾਂ ਇੰਗ੍ਲੈੰਡ ਤੇ ਕਨੇਡਾ ਵਰਗੇ ਦੇਸ਼ਾਂ ਦੇ ਵਿਚ ਵੀ ਕੰਮ ਕੀਤਾ ਹੈ. ਇਹ ਸੁਣ ਕੇ ਮਨਿੰਦਰ ਆਪਣੇ ਆਪ ਨੂੰ ਉਸਦੇ ਸਾਹਮਣੇ ਕੁਝ ਨੀਵਾਂ ਮਹਿਸੂਸ ਕਰਨ ਲੱਗ ਪਿਆ. ਸ਼ਾਇਦ ਮਨਿੰਦਰ ਨੂੰ ਉਸਦੀ ਕਾਮਯਾਬੀ ਤੇ ਈਰਖਾ ਹੋ ਰਹੀ ਸੀ.

ਬਸ ਦੇ ਵਿਚ ਅੱਜ ਓਹ ਫੇਰ ਮਿਲੇ ਤੇ ਗੱਲਾਂ ਬਾਤਾਂ ਚੱਲ ਪਈਆਂ.

” ਤੈਨੂੰ ਪਤਾ ਅਸੀਂ ਪਿੰਡ ਦੇ ਵਿਚ ” ਕੈਮੀਕਲਸ” ਦੇ ਨਾਲ ਅਜਿਹਾ ਦੁੱਧ ਤਿਆਰ ਕਰਦੇ ਸੀ ਜਿਸਨੂੰ ”ਲੈਕਟੋਮੀਟਰ” ਦੀ ਪਰਖ ਨਾਲ ਵੀ ਨਕਲੀ ਨਹੀਂ ਸਾਬਿਤ ਕੀਤਾ ਜਾ ਸਕਦਾ ਸੀ ਤੇ ਇਹ ਦੁੱਧ ਨੇੜੇ ਤੇੜੇ ਹਰ ਪਿੰਡ ਵਿਚ ਧੜੱਲੇ ਨਾਲ ਵਿਕਦਾ ਸੀ”

ਉਸ ਵਿਗਿਆਨਕ ਸੱਜਣ ਨੇ ਗੱਲਾਂ ਗੱਲਾਂ ਦੇ ਵਿਚ ਹੀ ਇਕ ਸ਼ੇਖੀ ਮਾਰ ਦਿੱਤੀ ਸੀ. ਮਨਿੰਦਰ ਦਾ ਧਿਆਨ ਕਿਸੇ ਹੋਰ ਪਾਸੇ ਹੋਣ ਕਾਰਣ ਮੌਕੇ ਤੇ ਓਹ ਇਸ ਸ਼ੇਖੀ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਕਰ ਸਕਿਆ.

”ਪੰਜਾਬ ਦੇ ਵਿਚ ਵੱਧ ਤੇ ਫੈਲ ਰਹੇ ਸ਼ਰੀਰਿਕ ਰੋਗਾਂ ਦਾ ਇਕ ਕਾਰਣ ਖਾਣ ਪੀਣ ਦੇ ਪਦਾਰਥਾਂ ਦੇ ਵਿਚ ਆਪਣੇ ਹੀ ਲੋਕਾਂ ਵਲੋਂ ਕੀਤੀ ਜਾ ਰਹੀ ਮਿਲਾਵਟ ਵੀ ਹੈ ਤੇ ਇਹ ਮਿਲਾਵਟ ਕਰਨ ਵਾਲੇ ਸਿਰਫ ਅਨਪੜ ਗੰਵਾਰ ਲੋਕ ਹੀ ਨਹੀਂ ਬਲਕਿ ਉਚ ਵਿਦਿਆ ਪ੍ਰਾਪਤ ਲੋਕ ਵੀ ਇਸ ਮਿਲਾਵਟ ਵਾਲੇ ਧੰਦੇ ਨਾਲ ਜੁੜੇ ਹੋਏ ਹਨ, ਓਹ ਵਿਗਿਆਨਕ ਸ਼ੇਖੀ ਮਾਰ ਕੇ ਇਹ ਹੀ ਜਾਹਰ ਕਰ ਗਿਆ ਸੀ” ਰਾਤ ਨੂੰ ਘਰ ਆ ਕੇ ਦੁਧ ਪੀਣ ਵੇਲੇ ਮਨਿੰਦਰ ਦੇ ਮਨ ਵਿਚ ਜਦ ਇਹ ਵਿਚਾਰ ਆਇਆ ਤਾਂ ਹੁਣ ਓਹ ਆਪਣੇ ਆਪ ਨੂੰ ਉਸ ਵਿਗਿਆਨਕ ਸੱਜਣ ਦੇ ਸਾਹਮਣੇ ਬਿਲਕੁਲ ਵੀ ਨੀਵਾਂ ਨਹੀਂ ਮਹਿਸੂਸ ਕਰ ਰਿਹਾ ਸੀ
 
Top