ਤੂੰ ਕਿੱਥੇ ਐਂ ਸੁਰਜੀਤ ਭੈਣ?

'MANISH'

yaara naal bahara
ਅਜਮੇਰ ਸਿੰਘ ਔਲਖ

ਇਹ ਗੱਲ 1960 ਦੀ ਹੈ। ਮੈਂ ਤੇ ਮੇਰਾ ਦੋਸਤ ਹਾਕਮ (ਜਿਹੜਾ ਨਕਸਲੀ ਲਹਿਰ ਵੇਲੇ ਪੰਜਾਬ ਦਾ ਇਕ ਪ੍ਰਸਿੱਧ ਨੇਤਾ ਬਣ ਗਿਆ ਸੀ) ਪਟਿਆਲਾ ਵਿਖੇ ਪਟਿਆਲੇ ਦੇ ਬਹੇੜਾ ਰੋਡ ’ਤੇ ਇਕ ਕਿਰਾਏ ਦੇ ਚੁਬਾਰੇ ਵਿਚ ਰਹਿ ਕੇ ਆਪਣੀ ਪੜ੍ਹਾਈ ਦਾ ਰਾੜ੍ਹਾ-ਪੀੜ੍ਹਾ ਕਰ ਰਹੇ ਸੀ। ਹਾਕਮ ਦੇ ਘਰ ਦੀ ਆਰਥਿਕ ਹਾਲਤ ਵਾਹਵਾ ਚੰਗੀ ਹੋਣ ਕਰਕੇ ਉਸ ਨੇ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖਲਾ ਲਿਆ ਹੋਇਆ ਸੀ ਪਰ ਕਰਜ਼ੇ ਹੇਠ ਦੱਬੀ ਛੋਟੀ ਕਿਸਾਨੀ ਦਾ ‘ਪੜ੍ਹਾਕੂ ਪੁੱਤ’ ਹੋਣ ਕਾਰਨ ਮੈਂ ਆਪਣੀ ਪੜ੍ਹਾਈ ਦੇ ਰੇੜ੍ਹੇ ਨੂੰ ਟਿਊਸ਼ਨਾਂ ਬਗੈਰਾ ਕਰ-ਕਰ ਧੂ-ਘਸੀਟ ਰਿਹਾ ਸੀ। ਬਹੇੜਾ ਰੋਡ ਵਾਲੇ ਜਿਸ ਚੁਬਾਰੇ ਵਿਚ ਅਸੀਂ ਰਹਿੰਦੇ ਸੀ, ਉਸ ਨਾਲ ਲਗਵਾਂ ਇਕ ਹੋਰ ਚੁਬਾਰਾ ਵੀ ਸੀ ਜਿਸ ਵਿਚ ਇਕ ਡਰਾਈਵਰ ਤੇ ਉਸ ਦੀ ਬੀਵੀ ਰਹਿੰਦੇ ਸਨ। ਇਨ੍ਹਾਂ ਚੁਬਾਰਿਆਂ ਦਾ ਵਿਹੜਾ ਸਾਂਝਾ ਸੀ ਜਿਸ ਦੇ ਵਿਚਕਾਰ ਇਕ ਕੰਧ ਕੱਢੀ ਹੋਈ ਸੀ। ਅਸਲ ਵਿਚ ਇਹ ਇਕ ਹੀ ਚੁਬਾਰੇ ਦੇ ਦੋ ਕਮਰੇ ਸਨ ਜਿਸ ਦੀ ਮਾਲਕਣ ਇਕ ਵਿਧਵਾ ਔਰਤ ਸੀ। ਇਸ ਚੁਬਾਰੇ ਨੂੰ ਇਸ ਦੀ ਮਾਲਕਣ ਨੇ ਦੋ ਵੱਖ-ਵੱਖ ਕਿਰਾਏਦਾਰਾਂ ਨੂੰ ਕਿਰਾਏ ’ਤੇ ਦੇਣ ਦੀ ਸਹੂਲਤ ਮੁਤਾਬਕ ਇਸ ਦੇ ਅਗਲੇ ਵਿਹੜੇ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਕ ਤਰ੍ਹਾਂ ਨਾਲ ‘ਦੋ ਮਕਾਨ’ ਬਣਾਏ ਹੋਏ ਸਨ। ਦੋਵਾਂ ਚੁਬਾਰਿਆਂ ਨੂੰ ਹੇਠੋਂ ਇਕ ਹੀ ਸਾਂਝੀ ਪੌੜੀ ਚੜ੍ਹਦੀ ਸੀ। ਪਹਿਲਾਂ ਸਾਡਾ ਚੁਬਾਰਾ ਆਉਂਦਾ ਸੀ ਤੇ ਫੇਰ ਡਰਾਈਵਰ ਵਾਲਾ। ਡਰਾਈਵਰ ਆਪ ਤਾਂ ਦਮੇ ਦਾ ਮਾਰਿਆ ਜਿਹਾ ਸੀ ਪਰ ਉਸ ਦੀ ਘਰ ਵਾਲੀ ਬਹੁਤ ਹੀ ਖੂਬਸੂਰਤ ਸੀ। ਉਸ ਦੀ ਉਮਰ 23-24 ਸਾਲ ਤੇ ਉਹ ਸਾਥੋਂ ਤਿੰਨ ਚਾਰ ਸਾਲ ਹੀ ਵੱਡੀ ਸੀ ਪਰ ਉਹ ਆਪਣੇ ਘਰ ਵਾਲੇ ਤੋਂ ਘੱਟੋ-ਘੱਟ ਪੰਦਰਾਂ ਸਾਲ ਛੋਟੀ ਸੀ। ਦਮੇ ਕਾਰਨ ਬਹੁਤ ਹੀ ਕਮਜ਼ੋਰ ਸਿਹਤ ਵਾਲੇ ਉਸ ਡਰਾਈਵਰ ਨੂੰ ਅਨਜਾਣ ਬੰਦਾ ਤਾਂ ਉਸ ਮੁਟਿਆਰ ਦਾ ਪਿਉ ਸਮਝਣ ਦਾ ਭੁਲੇਖਾ ਵੀ ਖਾ ਜਾਂਦਾ ਸੀ। ਦਮੇ ਦੀ ਬਿਮਾਰੀ ਜਾਂ ਆਪਣੇ ਡਰਾਈਵਰੀ ਕਿੱਤੇ ਦੀ ਪਿਰਤ ਕਾਰਨ ਉਹ ਹਰ ਰੋਜ਼ ਰਾਤ ਦੀ ਰੋਟੀ ਤੋਂ ਪਹਿਲਾਂ ਸ਼ਰਾਬ ਪੀਣ ਦਾ ਆਦੀ ਵੀ ਸੀ ਭਾਵੇਂ ਉਸ ਦੀ ਇਹ ਆਦਤ ਵਿਗੜੇ ਸ਼ਰਾਬੀਆਂ ਵਰਗੀ ਨਹੀਂ ਸੀ। ਉਸ ਮੁਟਿਆਰ ਦਾ ਨਾਂ ਤਾਂ ਸੁਰਜੀਤ ਸੀ ਤੇ ਸੋਹਣੀ ਸੁਣੱਖੀ ਹੋਣ ਦੇ ਨਾਲ-ਨਾਲ ਉਹ ਬਹੁਤ ਹੀ ਨੇਕ ਤੇ ਸਾਊ ਸੁਭਾਅ ਦੀ ਸੀ। ਪਰ ਉਸ ਦੇ ਇਸ ਸੁਹਣੇ ਤੇ ਸੁਣੱਖੇ ਮੁਹਾਂਦਰੇ ਵਿਚ ਇਕ ਉਦਾਸੀ ਜਿਹੀ ਘੁਲੀ ਹੋਈ ਸੀ। ਉਸ ਦੇ ਚਿਹਰੇ ਨੂੰ ਵੇਖਿਆਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਨੇ ਇਤਨੀ ਛੋਟੀ ਉਮਰ ਵਿਚ ਹੀ ਸਮਾਜ ਦੀਆਂ ਕਾਫੀ ਸਖਤ ਚਪੇੜਾਂ ਖਾ ਲਈਆਂ ਹੋਈਆਂ ਸਨ ਤੇ ਇਹ ਚਪੇੜਾਂ ਹੋਰ ਵੱਜਣ ਦਾ ਭੈਅ ਵੀ ਕਿਤੇ ਨਾ ਕਿਤੇ ਅਜੇ ਉਸ ਅੰਦਰ ਘਰ ਕਰੀ ਬੈਠਾ ਸੀ।
ਜਦੋਂ ਸਾਡੇ ਗੁਆਂਢੀ ਕਿਰਾਏਦਾਰਾਂ ਨਾਲ ਸਾਡੇ ਸਬੰਧ ਕਾਫੀ ਅਪਣੱਤ ਵਾਲੇ ਹੋ ਗਏ ਤਾਂ ਸੁਰਜੀਤ ਸਾਨੂੰ ਆਪਣੇ ਛੋਟੇ ਭਰਾਵਾਂ ਵਾਂਗ ਸਮਝਣ ਲੱਗ ਪਈ। ਹੌਲੀ-ਹੌਲੀ ਉਹ ਸਾਡੀ ਦਾਲ ਰੋਟੀ ਵੀ ਆਪ ਬਣਾਉਣ ਲੱਗ ਪਈ। ਕੁਝ ਮੇਰੇ ਘਰ ਦੀ ਆਰਥਿਕ ਮੰਦਹਾਲੀ ਤੇ ਕੁਝ ਆਪਣੇ ਆਦਰਸ਼ਵਾਦੀ ਸੁਭਾਅ ਸਦਕਾ ਆਪਣੀ ਪੜ੍ਹਾਈ ਦਾ ਰਾੜ੍ਹਾ-ਬੀੜਾ ਚਾਲੂ ਰੱਖਣ ਲਈ ਮੈਂ ਤੇ ਹਾਕਮ ਆਪਣੀ ਰੋਟੀ ਆਪ ਹੀ ਬਣਾਇਆ ਕਰਦੇ ਸੀ। ਇਸ ਸਦਕਾ ਸਾਡੇ ਬਾਕੀ ਆਂਢੀ-ਗੁਆਂਢੀ ਸਾਨੂੰ ਕਾਫੀ ਸਾਊ ਮੁੰਡੇ ਸਮਝਦੇ ਸੀ ਤੇ ਸਾਡਾ ਨਾਲ ਲੱਗਵਾਂ ਡਰਾਈਵਰ ਗੁਆਂਢੀ ਵੀ ਸਾਨੂੰ ਅਜਿਹਾ ਹੀ ਸਮਝਦਾ ਸੀ। ਭਾਵੇਂ ਉਹ ਹਰ ਰੋਜ ਰਾਤ ਦੀ ਰੋਟੀ ਤੋਂ ਪਹਿਲਾਂ ਸ਼ਰਾਬ ਪੀਂਦਾ ਸੀ ਪਰ ਉਂਜ ਉਹ ਵੀ ਬਹੁਤ ਨਿਮਰ ਤੇ ਸਾਊ ਇਨਸਾਨ ਸੀ। ਅਸੀਂ ਕਦੇ ਉਸ ਨੂੰ ਆਪਣੀ ਘਰਵਾਲੀ ਨੂੰ ਉੱਚਾ-ਨੀਵਾਂ ਬੋਲਦੇ ਨਹੀਂ ਸੀ ਸੁਣਿਆ। ਆਪਣੀ ਘਰਵਾਲੀ ਵੱਲੋਂ ਸਾਡੀ ਰੋਟੀ ਬਣਾ ਦੇਣ ’ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਸੀ। ਬਲਕਿ ਉਸ ਨੇ ਆਪ ਹੀ ਉਸ ਨੂੰ ਕਹਿ ਦਿੱਤਾ ਸੀ ਕਿ ਉਹ ਸਾਡੀ ਰੋਟੀ-ਪਾਣੀ ਦਾ ਖਿਆਲ ਰੱਖਿਆ ਕਰੇ। ਅਸੀਂ ਵੀ ਸੁਰਜੀਤ ਨੂੰ ‘ਭੈਣ ਜੀ’ ਕਹਿ ਕੇ ਬੁਲਾਉਣ ਲੱਗ ਪਏ। ਇਸ ਤਰ੍ਹਾਂ ‘ਆਪਣੇ ਹੱਥੀਂ ਆਪ ਹੀ ਰੋਟੀ ਥੱਪਣ’ ਦਾ ਸਾਡਾ ਮਸਲਾ ਕਿਸੇ ਹੱਦ ਤਕ ਸੁਰਜੀਤ ਭੈਣ ਨੇ ਹੱਲ ਕਰ ਦਿੱਤਾ ਸੀ। ਵਿਸ਼ੇਸ਼ ਤੌਰ ’ਤੇ ਦੁਪਹਿਰ ਦੀ ਰੋਟੀ ਤਾਂ ਉਹ ਸਾਨੂੰ ਆਪ ਬਣਾਉਣ ਹੀ ਨਹੀਂ ਸੀ ਦਿੰਦੀ। ਜਦ ਹਾਕਮ ਕਾਲਜ ਤੋਂ ਤੇ ਮੈਂ ਟਿਊਸ਼ਨ ਪੜ੍ਹਾ-ਪੜੂ ਕੇ ਵਾਪਸ ਚੁਬਾਰੇ ਵਿਚ ਆਉਂਦਾ ਤਾਂ ਸਾਡੇ ਆਇਆਂ ਨੂੰ ਰੋਟੀ ਤਿਆਰ ਕੀਤੀ ਪਈ ਹੁੰਦੀ। (ਮੈਂ ਧਰਮਾਪੁਰਾ ਬਾਜ਼ਾਰ ਵਿਚ ਸਥਿਤ ‘ਪਟਿਆਲਾ ਗਿਆਨੀ ਕਾਲਜ’ ਵਿਚ ਐਫ.ਏ. ਅੰਗਰੇਜ਼ੀ ਦੀ ਟਿਊਸ਼ਨ ਪੜ੍ਹਨ ਦੇ ਨਾਲ-ਨਾਲ ਬੁੱਧੀਮਾਨ ਤੇ ਵਿਦਵਾਨੀ ਦੀਆਂ ਕਲਾਸਾਂ ਦੀਆਂ ਟਿਊਸ਼ਨਾਂ ਵੀ ਪੜ੍ਹਾਉਣ ਲੱਗ ਗਿਆ ਸੀ)। ਸੁਰਜੀਤ ਭੈਣ ਦੀ ਸਾਡੇ ਨਾਲ ਇਤਨੀ ਦਿਲੀ ਸਾਂਝ ਪੈ ਗਈ ਸੀ ਕਿ ਉਹ ਅਕਸਰ ਸਾਡੇ ਪਾਸ ਆਪਣੇ ਦੁੱਖ-ਸੁੱਖ ਫਰੋਲਣ ਲੱਗ ਪੈਂਦੀ। ਉਸ ਨੇ ਸਾਨੂੰ ਦੱਸਿਆ ਕਿ ਉਸ ਦਾ ਘਰਵਾਲਾ ਉਸ ਨੂੰ ਮੁੱਲ ਲੈ ਕੇ ਆਇਆ ਸੀ ਤੇ ਉਹ ਇਸ ਤੋਂ ਪਹਿਲਾਂ ਵੀ ਇਕ ਵਾਰ ਵਿਕ ਚੁੱਕੀ ਸੀ। ‘ਮੁੱਲ ਦੀ’ ਹੋਣ ਕਾਰਨ ਨਾ ਉਸ ਦੀ ਸਹੁਰਾ ਘਰ ਵਿਚ ਮਾਨਤਾ ਸੀ ਤੇ ਦੂਜੀ ਵਾਰ ਅੱਗੇ ਵਿਕ ਜਾਣ ਕਾਰਨ ਪੇਕਿਆਂ ਵੱਲੋਂ ਵੀ ਉਹ ਇਕ ਤਰ੍ਹਾਂ ਨਾਲ ਮਰ-ਖਪ ਹੀ ਗਈ ਸੀ। ਅਜਿਹੀਆਂ ਗੱਲਾਂ ਕਰਦਿਆਂ ਉਸ ਦਾ ਗਲ ਭਰ ਆਉਂਦਾ ਸੀ। ਉਹ ਆਪਣੇ ਘਰਵਾਲੇ ਨੂੰ ਇਕ ਚੰਗਾ ਇਨਸਾਨ ਸਮਝਦੀ ਸੀ ਪਰ ਉਹ ਚਾਹੁੰਦੀ ਸੀ ਕਿ ਉਹ ਸ਼ਰਾਬ ਨਾ ਪੀਵੇ। ਉਹ ਪਹਿਲਾਂ ਹੀ ਦਮੇ ਦਾ ਰੋਗੀ ਸੀ ਪਰ ਹੁਣ ਉਹ ਉਸ ਨੂੰ ਹੀ ਆਪਣਾ ਸਭ ਕੁਝ ਸਮਝਦੀ ਸੀ। ਤੇ ਜੇ ਉਸ ਨੂੰ ਕੁਸ਼ ਹੋ ਗਿਆ ਤਾਂ ਉਸ ਦਾ ਤਾਂ ਉੱਕਾ ਹੀ ਜਹਾਨ ਸੁੰਨਾ ਹੋ ਜਾਵੇਗਾ। ਪਤੀ ਦੀ ‘ਸੰਭਾਵੀ’ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਲਿਆ ਕੇ ਉਸ ਨੂੰ ਆਪਣਾ ਭਵਿੱਖ ਕਾਲਾ ਹੀ ਕਾਲਾ ਵਿਖਾਈ ਦੇਣ ਲੱਗ ਪੈਂਦਾ। ਉਹ ਇਤਨੇ ਦੱਬੂ ਸੁਭਾਅ ਦੀ ਸੀ ਕਿ ਉਹ ਆਪਣੇ ਪਤੀ ਨੂੰ ਸ਼ਰਾਬ ਨਾ ਪੀਣ ਲਈ ਕਹਿਣ ਦੀ ਹਿੰਮਤ ਵੀ ਨਹੀਂ ਸੀ ਰੱਖਦੀ। ਉਹ ਸਾਨੂੰ ਕਹਿੰਦੀ, ‘‘ਵੀਰੇ ਤੁਸੀਂ ਉਸ ਨੂੰ ਦਾਰੂ ਛੱਡਣ ਨੂੰ ਆਖੋ। ਥੋਨੂੰ ਉਹ ਬਹੁਤ ਚੰਗੇ ਮੁੰਡੇ ਸਮਝਦੈ। ਥੋਡੀ ਮੰਨ ਲੂ।’’ ਪਰ ਅਸੀਂ ਡਰਾਈਵਰ ਤੋਂ ਉਮਰ ਵਿਚ ਕਾਫੀ ਛੋਟੇ ਹੋਣ ਕਰਕੇ ਉਸ ਨੂੰ ਕਦੇ ਵੀ ‘ਸ਼ਰਾਬ ਛੱਡਣ ਦੀ ਨਸੀਹਤ’ ਨਾ ਦੇ ਸਕੇ।
ਅਖੀਰ ਉਹੀ ਗੱਲ ਹੋਈ ਜਿਸ ਦਾ ਸੁਰਜੀਤ ਭੈਣ ਨੂੰ ਡਰ ਸੀ। ਪਹਿਲਾਂ ਹੀ ਦਮੇ ਦਾ ਰੋਗੀ ਉਸ ਦਾ ਘਰਵਾਲਾ ਇਕ ਦਿਨ ਸਖਤ ਬਿਮਾਰ ਹੋ ਗਿਆ। ਉਸ ਨੂੰ ਅਜਿਹੀ ਖੰਘ ਛਿੜਨ ਲੱਗੀ ਕਿ ਦੋ-ਤਿੰਨ ਦਿਨ ਬੰਦ ਹੋਣ ਦਾ ਨਾਂ ਹੀ ਨਾ ਲਿਆ। ਸਾਡੇ ਰਾਹੀਂ ਉਸ ਨੇ ਆਪਣੇ ਦੋ-ਤਿੰਨ ਡਰਾਈਵਰ ਮਿੱਤਰਾਂ ਨੂੰ ਬੁਲਵਾਇਆ ਤੇ ਉਨ੍ਹਾਂ ਨੇ ਉਸ ਨੂੰ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਦੋ-ਚਾਰ ਡਰਾਈਵਰ ਮਿੱਤਰਾਂ ਤੋਂ ਬਿਨਾਂ ਉਸ ਦੀ ਖਬਰ ਸਾਰ ਲੈਣ ਹੋਰ ਕੋਈ ਨਾ ਆਇਆ। ਇਥੋਂ ਤਕ ਮਾਂ-ਬਾਪ ਵੀ ਨਹੀਂ। ਡਰਾਈਵਰਾਂ ਵਿਚੋਂ ਵੀ ਇਕ-ਦੋ ਅਜਿਹੇ ਸਨ ਜਿਹੜੇ ਉਸ ਦੇ ਮਰਨ ਪਿੱਛੋਂ ਉਸ ਦੀ ਘਰਵਾਲੀ ’ਤੇ ਨਜ਼ਰ ਰੱਖੀ ਬੈਠੇ ਸਨ। ਉਸ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਸੀ। ਦਵਾਈਆਂ ਆਦਿ ਦੇ ਖਰਚਿਆਂ ਦੀ ਜਦ ਦਿੱਕਤ ਆਉਣ ਲੱਗੀ ਤਾਂ ਰੋਣਾ ਰੋਂਦੇ ਪਿੱਛੇ ਹੱਟਣ ਲੱਗੇ। ਬਸ ਉਹ ਕਦੀ-ਕਦਾਈਂ ਇਹ ਵੇਖਣ ਹੀ ਆਉਂਦੇ ਕਿ ਉਨ੍ਹਾਂ ਦੇ ‘ਯਾਰ’ ਨੂੰ ਮਰਨ ਵਿਚ ਅਜੇ ਕਿੰਨੇ ਕੁ ਦਿਨ ਲੱਗਣਗੇ। ਆਪਣੇ ਘਰਦਿਆਂ ਭਾਵ ਮਾਂ-ਬਾਪ ਤੇ ਭਰਾਵਾਂ ਨਾਲ ਉਸ ਦੀ ਪਹਿਲਾਂ ਹੀ ਨਹੀਂ ਸੀ ਬਣਦੀ। ਤਾਂ ਫਿਰ ਹਸਪਤਾਲ ਵਿਚ ਖਰਚੀਲੇ ਬੈੱਡ ’ਤੇ ਪਏ ਦੀ ਉਸ ਦੀ ਦੇਖ-ਭਾਲ ਕੌਣ ਕਰੇ? ਸੋ, ਜਿੰਨੀ ਕੁ ਨਿਭ ਸਕੀ ਤਾਂ ਇਹ ਨੈਤਿਕ ਜ਼ਿੰਮੇਵਾਰੀ ਮੈਂ ਤੇ ਹਾਕਮ ਨੇ ਹੀ ਨਿਭਾਈ। ਉਹ ਵੀ ਪੈਸੇ ਪੱਖੋਂ ਨਹੀਂ ਨੈਤਿਕਤਾ ਦੇ ਪੱਖੋਂ। ਮੈਂ ਤੇ ਹਾਕਮ ਕੀ, ਇਸ ਤਰ੍ਹਾਂ ਕਹੋ ਕਿ ਇਕ ਤਰ੍ਹਾਂ ਹਾਕਮ ਨੇ ਹੀ ਇਹ ਡਿਊਟੀ ਨਿਭਾਈ। ਭਾਵੇਂ ਜਜ਼ਬਾਤੀ ਤੌਰ ’ਤੇ ਹਾਕਮ ਨਾਲੋਂ ਵੱਧ ਮੈਂ ਸੁਰਜੀਤ ਭੈਣ ਨਾਲ ਜੁੜਿਆ ਹੋਇਆ ਸਾਂ ਤੇ ਉਸ ਦੇ ਦੁੱਖਾਂ ਨੂੰ ਸੁਣ ਤੇ ਦੇਖ ਕੇ ਮੈਂ ਅਕਸਰ ਰੋ ਵੀ ਪਿਆ ਕਰਦਾ ਸੀ ਪਰ ਬਹੁਤੀ ਮੁਸ਼ਕੱਤ ਕਰਨ ਤੇ ਝੱਲਣ ਵਿਚ ਮੈਂ ਅੰਤਾਂ ਦਾ ਕੋਹੜ ਸੀ। ਹਾਕਮ ਰਾਤ ਨੂੰ ਹਸਪਤਾਲ ਵਿਚ ਡਰਾਈਵਰ ਕੋਲ ਰਹਿੰਦਾ ਤੇ ਦਿਨੇ ਵੀ ਉਹ ਕਾਲਜ ਘੱਟ ਵੱਧ ਹੀ ਜਾਂਦਾ। ਸਾਰਾ ਓਹੜ-ਪੋਹੜ ਉਹ ਹੀ ਕਰਦਾ। ਮੈਂ ਤਾਂ ਬੱਸ ਹਸਪਤਾਲ ਰੋਟੀ ਲਿਜਾਣ ਦੀ ਡਿਊਟੀ ਨਿਭਾਉਂਦਾ ਤੇ ਜਾਂ ਫਿਰ ਦਿਨੇ ਕੁਝ ਚਿਰ ਡਰਾਈਵਰ ਕੋਲ ਬਹਿ ਜਾਂਦਾ। ਮੈਂ ਤਾਂ ਐਨੇ ਪਤਲੇ ਦਿਲ ਵਾਲਾ ਸਾਂ ਕਿ ਹਸਪਤਾਲ ਵਿਚ ਕਿਸੇ ਦੇ ਸੂਆ (ਇੰਜੈਕਸ਼ਨ) ਲੱਗਦਾ ਵੇਖ ਕੇ ਚੱਕਰ ਖਾ ਕੇ ਡਿੱਗ ਪੈਂਦਾ ਸੀ। ਨਾ ਹੀ ਦਵਾਈਆਂ ਦਾ ਮੁਸ਼ਕ ਮੇਰੇ ਕੋਲ ਝੱਲਿਆ ਜਾਂਦਾ ਸੀ। ਸੋ, ਡਰਾਈਵਰ ਦਾ ਜੋ ਕੁਝ ਕੀਤਾ ਤਾਂ ਹਾਕਮ ਨੇ ਹੀ ਕੀਤਾ।
ਪਰ ਅਫਸੋਸ। ਸਭ ਕੁਝ ਕਰਨ ਦੇ ਬਾਵਜੂਦ ਦਮੇ ਦਾ ਰੋਗੀ ਭੈਣ ਸੁਰਜੀਤ ਦਾ ਘਰਵਾਲਾ ਬਚ ਨਾ ਸਕਿਆ। ਡਰਾਈਵਰ ਦੇ ਭਰਾ ਆਏ ਤਾਂ ਸਹੀ ਪਰ ਬਿਲਕੁਲ ਉਸ ਦੇ ਅਖੀਰਲੇ ਸਾਹਾਂ ਵੇਲੇ। ਆਪਣੇ ਭਾਈ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਆਪਣੇ ਪਿੰਡ ਲਿਜਾ ਕੇ ਉਸ ਦਾ ਸਸਕਾਰ ਕਰ ਦਿੱਤਾ। ਮੈਂ ਤੇ ਹਾਕਮ ਵੀ ਸਸਕਾਰ ਵੇਲੇ ਉਸ ਦੇ ਪਿੰਡ ਗਏ ਸੀ।
ਹੁਣ ਸੁਰਜੀਤ ਭੈਣ ਮਨੁੱਖੀ ਜੀਵਾਂ ਨਾਲ ਕੁਲਬੁਲ-ਕੁਲਬੁਲ ਕਰਦੇ ਇਸ ਸੰਸਾਰ ਵਿਚ ਬਿਲਕੁਲ ਕੱਲਮ-ਕੱਲੀ ਸੀ। ਤੇ ਸ਼ਿਕਾਰੀਆਂ ਨੇ ਵੀ ਮੌਕਾ ਤਾੜਦਿਆਂ ਹੀ ਉਸ ਦੁਆਲੇ ਆਪਣੇ ਜਾਲ ਸੁੱਟਣੇ ਸ਼ੁਰੂ ਕਰ ਦਿੱਤੇ। ਉਹ ਇਨ੍ਹਾਂ ਜਾਲਾਂ ਦੀ ਪਕੜ ਤੋਂ ਬਚਣਾ ਚਾਹੁੰਦੀ ਸੀ ਪਰ ਉਸ ਨੂੰ ਕੋਈ ਰਾਹ ਦਿਖਾਈ ਨਹੀਂ ਸੀ ਦੇ ਰਿਹਾ। ਉਸ ਨਿਰਬਲ ਸੀ ਤੇ ਉਸ ਦੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਸੀ। ਉਹ ਆਪਣੇ ਆਪ ਨੂੰ ਭਵ-ਸਾਗਰ ਵਿਚ ਘਿਰੀ ਹੋਈ ਮਹਿਸੂਸ ਕਰ ਰਹੀ ਸੀ। ਭਵ ਸਾਗਰ ਵਿਚ ਘੁੰਮਣ-ਘੇਰੀਆਂ ਤੇ ਗੋਤੇ ਖਾਂਦੀ ਨੂੰ ਮੈ ਤੇ ਹਾਕਮ ਹੀ ਉਸ ਨੂੰ ਇਕ ਤਿਣਕਾ ਵਿਖਾਈ ਦੇਣ ਲੱਗੇ ਤੇ ਉਸ ਨੇ ਇਸ ਤਿਣਕੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਸ਼ਿਕਾਰੀ ਗੇੜੇ ’ਤੇ ਗੇੜਾ ਮਾਰਨ ਲੱਗੇ ਤਾਂ ਹਾਰ ਕੇ ਉਹ ਇਕ ਦਿਨ ਮੈਨੂੰ ਤੇ ਹਾਕਮ ਨੂੰ ਕਹਿਣ ਲੱਗੀ, ‘‘ਵੇ ਵੀਰੋ, ਤੁਸੀਂ ਮੈਨੂੰ ਕਿਤੇ ਕਿਸੇ ਦੇ ਬਿਠਾ ਦਿਉ। ਮੈਨੂੰ ਥੋਡੇ ’ਤੇ ਪੂਰਾ ਭਰੋਸਾ ਐ, ਤੁਸੀਂ ਮੈਨੂੰ ਕਿਸੇ ਗਲਤ ਥਾਂ ’ਤੇ ਨੀ ਸਿਟਦੇ। ਪਰ ਅਸੀਂ ਉਸ ਨੂੰ ਕਿੱਥੇ ਤੇ ਕਿਸ ਦੇ ਬਿਠਾਉਂਦੇ? ਸਾਨੂੰ ਸਮਾਜ ਤੇ ਔਰਤ ਦੇ ਇਸ ਪਾਸੇ ਦਾ ਉਸ ਸਮੇਂ ਤਕ ਉੱਕਾ ਹੀ ਕੋਈ ਤਜਰਬਾ ਨਹੀਂ ਸੀ। ਸਾਨੂੰ ਉਸ ਨਾਲ ਇਨਸਾਨੀ ਹਮਦਰਦੀ ਸੀ। ਪਰ ਇਕੱਲੀ ਇਨਸਾਨੀ ਹਮਦਰਦੀ ਕੀ ਕਰਦੀ? ਸਮੱਸਿਆਵਾਂ ਨਾਲ ਜੂਝਣ ਲਈ ਸਮਾਜਕ ਸੂਝ, ਦੂਰ-ਦ੍ਰਿਸ਼ਟੀ ਤੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ ਤੇ ਇਸ ਤੋਂ ਉਸ ਵਕਤ ਅਸੀਂ ਲਗਪਗ ਕੋਰੇ ਹੀ ਸਾਂ।
ਸੁਰਜੀਤ ਭੈਣ ਦੇ ਸੰਕਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਅਖੀਰ ਹਾਕਮ ਦੇ ਦਿਮਾਗ ਵਿਚ ਇਕ ਵਿਉਂਤ ਆਈ। ਉਸ ਨੇ ਮੈਨੂੰ ਕਿਹਾ, ‘‘ਆਪਾਂ ਸੁਰਜੀਤ ਭੈਣ ਨੂੰ ਨੇਕ ਦੇ ਬਿਠਾ ਦਿੰਨੇ ਐਂ। ðਨੇਕ (ਹਰਨੇਕ) ਮੇਰਾ ਵੱਡਾ ਭਾਈ ਸੀ। ਜਵਾਨੀ ਵਿਚ ਪੈਰ ਰੱਖਦਿਆਂ ਹੀ ਉਹ ਵੈਲਪੁਣਿਆਂ ਵਿਚ ਪੈਰ ਧਰਨ ਲੱਗ ਪਿਆ ਸੀ। ਉਸ ਸਮੇਂ ਉਸ ਦੀ ਉਮਰ ਬਾਈ-ਤੇਈ ਕੁ ਸਾਲ ਦੀ ਸੀ ਤੇ ਉਦੋਂ ਤਕ ਉਹ ਵਿਹਲਾ ਰਹਿਣ ਤੇ ਨਸ਼ਾ-ਪਾਣੀ ਕਰਨ ਦਾ ਕਾਫੀ ਆਦੀ ਹੋ ਚੁੱਕਾ ਸੀ। ਮੇਰੀ ਉਸ ਨਾਲ ਬਣਦੀ ਨਹੀਂ ਸੀ ਕਿਉਂਕਿ ਮੈਂ ਸਮਝਦਾ ਸੀ ਸਾਡੇ ਘਰ ਨੂੰ ਆਰਥਿਕ ਮੰਦਹਾਲੀ ਦੇ ਖੂਹ ਵਿਚ ਸੁੱਟਣ ਵਿਚ ਉਸ ਦੇ ਫਜ਼ੂਲ ਦੇ ਖਰਚਾਂ ਦਾ ਬਹੁਤ ਵੱਡਾ ਹੱਥ ਸੀ। ਵੱਡਾ ਭਰਾ ਹੋਣ ਦੇ ਨਾਤੇ ਜੇ ਉਹ ਖੇਤੀ ਦਾ ਕੰਮ-ਧੰਦਾ ਸੰਭਾਲਦਾ ਤਾਂ ਸਾਡੇ ਘਰ ਦੀ ਐਨੀ ਮੰਦੀ ਹਾਲਤ ਨਹੀਂ ਸੀ ਹੋਣੀ। ਇਕ ਵਿਹਲਾ ਤੇ ਨਸ਼ੇੜੀ ਤੇ ਉਤੋਂ ਗਰੀਬ ਕਿਸਾਨੀ ਪੁੱਤ, ਭਲਾ ਅਜਿਹੀ ਹਾਲਤ ਵਿਚ ਕੋਈ ਧੀ ਵਾਲਾ ਆਪਣੀ ਧੀ ਉਸ ਦੇ ਲੜ ਕਿਵੇਂ ਲਾ ਦਿੰਦਾ? ਮੈਂ ਹਾਕਮ ਦੀ ਤਜਵੀਜ ਅੱਗ਼ੇ ਸਿਰ ਮਾਰਦਿਆਂ ਕਿਹਾ, ‘‘ਨੇਕਾ ਇਹਨੂੰ ਕਿਹੜੀ ਕਮਾਈ ਕਰ ਕੇ ਖਵਾਦੂ ਮਾਹਲ-ਪੂੜੇ? ਉਹਨੇ ਤਾਂ ਪਹਿਲਾਂ ਈ ਸਾਡਾ ਘਰ ਉਜਾੜਨ ’ਤੇ ਲੱਕ ਬੰਨ੍ਹਿਆ ਹੋਇਐ।’’ ਪਰ ਹਾਕਮ ਦੀ ਦਲੀਲ ਸੀ ਕਿ ਜਦ ਘਰ-ਵਾਰ ਵਾਲਾ ਬਣ ਗਿਆ ਆਪੇ ਸੁਧਰ ਜੂ। ਸੁਰਜੀਤ ਭੈਣ ਬਹੁਤ ਸਿਆਣੀ ਐ। ਆਪੇ ਸਾਂਭ ਲੂ ਸਭ ਕੁਸ਼।’’ ਇਕ ਵਾਰ ਤਾਂ ਹਾਕਮ ਦੀ ਦਲੀਲ ਮੈਨੂੰ ਵੀ ਠੀਕ ਲੱਗੀ ਪਰ ਫਿਰ ਮੇਰੇ ਸਾਹਮਣੇ ਸਮਾਜ ਆ ਖੜ੍ਹਾ ਹੋਇਆ। ਭਾਵੇਂ ਉਸ ਉਮਰ ਵਿਚ ਵੀ ਮੈਂ ਖਾਸਾ ਆਦਰਸ਼ਵਾਦੀ ਸੀ ਪਰ ਅਜਿਹੇ ਸਮਾਜਕ ਮਸਲੇ ’ਤੇ ਮੈਂ ਸਮਾਜ ਨਾਲ ਮੱਥਾ ਲਾਉਣ ਦਾ ਜੇਰਾ ਨਾ ਕਰ ਸਕਿਆ। ਇਹ ਸੋਚ ਕੇ ਕਿ ਇਸ ਤਰ੍ਹਾਂ ਕਿਦੇ ਦੀ ਜਨਾਨੀ, ਤੇ ਉਹ ਵੀ ਮੁੱਲ ਦੀ, ਆਪਣੇ ਘਰ ਲੈ ਜਾਣੀ ਨਮੋਸ਼ੀ-ਜੀ ਵਾਲੀ ਗੱਲ ਐ, ਮੈਂ ਹਾਕਮ ਦੀ ਜੁਰਤ. ਭਰੀ ਸੋਚ ਨਾਲ ਸਹਿਮਤ ਨਾ ਹੋ ਸਕਿਆ।
ਇਸ ਤਰ੍ਹਾਂ ਜਦੋਂ ਸੁਰਜੀਤ ਭੈਣ ਨੂੰ ਚਾਰੇ ਪਾਸੇ ਅਨ੍ਹੇਰਾ ਹੀ ਅਨ੍ਹੇਰਾ ਦਿਖਾਈ ਦੇਣ ਲੱਗਾ ਤਾਂ ਇਕ ਦਿਨ ਜਦ ਸ਼ਿਕਾਰੀ ਤਹੱਈਆ ਕਰ ਕੇ ਉਸ ਨੂੰ ਲੈਣ ਆਏ ਤਾਂ ਉਹ ਆਪਣੇ ਆਪ ਹੀ ਇਸ ਅਨ੍ਹੇਰੇ ਵਿਚ ਉਨ੍ਹਾਂ ਦੇ ਮਗਰ ਹੋ ਤੁਰੀ। ਤੁਰੀ ਤੇ ਗੁਆਚ ਗਈ। ਐਸੀ ਗੁਆਚੀ ਕਿ ਮੁੜ ਕੋਈ ਥਹੁ ਪਤਾ ਨਾ ਲੱਗਾ। ਪਤਾ ਤਾਂ, ਤਾਂ ਲੱਗਦਾ ਜੇ ਕੋਈ ਥਹੁ-ਪਤਾ ਲੈਣ ਵਾਲਾ ਹੁੰਦਾ। ਤਿੱਖੀ ਚਲਦੀ ਅਨ੍ਹੇਰੀ ਦੀ ਲਪੇਟ ਵਿਚ ਆਏ ਦਰੱਖਤ ਨਾਲੋਂ ਟੁੱਟੇ ਸੁੱਕੇ ਪੱਤਿਆਂ ਦੇ ਟਿਕਾਣਿਆਂ ਦਾ ਵੀ ਪਤਾ ਹੁੰਦੈ ਕੋਈ? ਥੋੜ੍ਹੇ ਸਮੇਂ ਬਾਅਦ ‘ਸੁਰਜੀਤ ਭੈਣ’ ਸਾਡੇ ਚੇਤਿਆਂ ਵਿਚੋਂ ਵੀ ਵਿਸਰਣਾ ਸ਼ੁਰੂ ਹੋ ਗਈ।
ਪਿਛਲੇ ਪੰਜਾਹ ਸਾਲਾਂ ਵਿਚ ਜਦ ਕਦੇ ਵੀ ਮੈਂ ਆਪਣੀ ਯਾਦਾਂ ਦੀ ਬੁਖਾਰੀ ਵਿਚ ਹੱਥ ਮਾਰਿਆ ਹੈ ਤਾਂ ਉਸ ਵਿਚੋਂ ਸੁਰਜੀਤ ਭੈਣ ਵਾਲੀ ਪੋਟਲੀ ਵੀ ਕਦੇ-ਕਦੇ ਮੇਰੇ ਹੱਥ ਵਿਚ ਆ ਜਾਂਦੀ ਹੈ। ਹੱਥ ਵਿਚ ਆਉਂਦਿਆਂ ਹੀ ਅਤੀਤ ਦੀ 17-18 ਸਾਲ ਦੀ ਆਪਣੀ ਉਸ ਉਮਰ ਵਿਚ ਪਹੁੰਚ ਕੇ ਆਪਣੇ ਆਪ ਹੀ ਮੇਰਾ ਦਿਲ ਇਹ ਆਵਾਜ਼ ਮਾਰਨ ਨੂੰ ਕਰ ਆਉਂਦਾ ਹੈ: ‘‘ਤੂੰ ਕਿੱਥੇ ਐਂ… ਸੁਰਜੀਤ ਭੈਣ?’’ ਤੇ ਮੇਰੀ ਚੁੱਪ ਆਵਾਜ ਉਸੇ ਤਰ੍ਹਾਂ ਹਨੇਰੇ ਦੇ ਖਲਾਅ ਵਿਚ ਗੁਆਚ ਜਾਂਦੀ ਹੈ ਜਿਵੇਂ ਕਦੇ ਸੁਰਜੀਤ ਭੈਣ ਗੁਆਚ ਗਈ ਸੀ। ਸ਼ਾਇਦ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਮਨੁੱਖੀ ਰਿਸ਼ਤਿਆਂ ਦਾ ਵਿਧਾਨ।
 
Top