ਚਹੇਤਾ

Mandeep Kaur Guraya

MAIN JATTI PUNJAB DI ..
ਸੋਨੂੰ ਆਪਣੀ ਕਲਾਸ ਦਾ ਸਭ ਤੋਂ ਵੱਧ ਸ਼ਰਾਰਤੀ ਲੜਕਾ ਸੀ। ਇਸੇ ਕਰਕੇ ਉਹ ਕਈ ਵਾਰੀ ਅਧਿਆਪਕ ਸ਼ਰਮਾ ਜੀ ਕੋਲੋਂ ਮਾਰ ਖਾ ਚੁੱਕਾ ਸੀ। ਪਰ ਉਸ ਵਿਚ ਫਿਰ ਵੀ ਪਰਿਵਰਤਨ ਨਾ ਆਇਆ। ਇਕ ਦਿਨ ਸ਼ਰਮਾ ਜੀ ਨੇ ਵੀ ਸੋਚ ਲਿਆ ਕਿ ਉਸ ਨੂੰ ਸੁਧਾਰ ਕੇ ਹੀ ਦਮ ਲੈਣਗੇ। ਉਨ੍ਹਾਂ ਨੇ ਸੋਨੂੰ ਦੀ ਖੂਬ ਮੁਰੰਮਤ ਕੀਤੀ ਤੇ ਪੂਰਾ ਪੀਰੀਅਡ ਬੈਂਚ ’ਤੇ ਖੜ੍ਹਾ ਰਹਿਣ ਦੀ ਸਜ਼ਾ ਵੀ ਦਿੱਤੀ।

ਸੋਨੂੰ ਆਪਣੇ ਸਹਿਪਾਠੀਆਂ ਸਾਹਮਣੇ ਆਪਣੇ ਆਪ ਨੂੰ ਕਾਫੀ ਬੇਇੱਜ਼ਤ ਮਹਿਸੂਸ ਕਰ ਰਿਹਾ ਸੀ। ਛੁੱਟੀ ਹੁੰਦਿਆਂ ਹੀ ਉਸ ਦੇ ਮਨ ਵਿਚ ਪਤਾ ਨਹੀਂ ਇਹ ਕਿਵੇਂ ਆ ਗਿਆ ਕਿ ਉਸ ਨੇ ਇਸ ਮਾਰ ਤੇ ਬੇਇੱਜ਼ਤੀ ਦਾ ਬਦਲਾ ਅਧਿਆਪਕ ਕੋਲੋਂ ਲੈਣਾ ਹੈ।
ਉਹ ਇਕ ਤੰਗ ਗਲੀ ਵਿਚ ਛੁਪ ਗਿਆ। ਉਸ ਨੂੰ ਪਤਾ ਸੀ ਕਿ ਸ਼ਰਮਾ ਜੀ ਛੁੱਟੀ ਉਪਰੰਤ ਇਸੇ ਗਲੀ ਵਿਚੋਂ ਆਪਣੀ ਮੋਪੇਡ ’ਤੇ ਰੋਜ਼ਾਨਾ ਘਰ ਨੂੰ ਜਾਂਦੇ ਹਨ। ਜਿਵੇਂ ਹੀ ਸ਼ਰਮਾ ਜੀ ਗਲੀ ਵਿਚੋਂ ਲੰਘਣ ਲੱਗੇ। ਇਕ ਜਗ੍ਹਾ ਛੁਪੇ ਸੋਨੂੰ ਨੇ ਯੋਜਨਾ ਤਹਿਤ ਆਪਣੇ ਦੋਹਾਂ ਹੱਥਾਂ ਵਿਚ ਫੜੇ ਇਕ ਕੁੱਤੀ ਦੇ ਦੋ ਬੱਚਿਆਂ ਨੂੰ ਗਲੀ ਵਿਚਕਾਰ ਸੁੱਟ ਦਿੱਤਾ। ਉਸ ਸਮੇਂ ਅਧਿਆਪਕ ਉਨ੍ਹਾਂ ਕਤੂਰਿਆਂ ਦੇ ਬਿਲਕੁਲ ਨੇੜੇ ਸਨ। ਆਪਣੇ ਸਾਹਮਣੇ ਅਚਾਨਕ ਹੀ ਦੋ ਕਤੂਰਿਆਂ ਨੂੰ ਆਇਆ ਦੇਖ ਸ਼ਰਮਾ ਜੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸੰਤੁਲਨ ਗੁਆ ਬੈਠੇ ਤੇ ਦੀਵਾਰ ਵਿਚ ਜਾ ਟਕਰਾਏ। ਸ਼ੁਕਰ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਸੱਟ ਨਹੀਂ ਸੀ ਲੱਗੀ। ਆਪਣੀ ਇਸ ਹਰਕਤ ਉਪਰੰਤ ਸੋਨੂੰ ਨੱਠ ਗਿਆ ਸੀ ਤੇ ਹਫਦਾ ਹੋਇਆ ਘਰ ਪਹੁੰਚਿਆ। ਉਸ ਨੇ ਅਧਿਆਪਕ ਤੋਂ ਬਦਲਾ ਤਾਂ ਲੈ ਲਿਆ ਸੀ ਪਰ ਮਨ ਹੀ ਮਨ ਡਰਿਆ ਹੋਇਆ ਸੀ ਕਿਉਂਕਿ ਜਦੋਂ ਉਹ ਨੱਠ ਰਿਹਾ ਸੀ ਤਾਂ ਸ਼ਰਮਾ ਜੀ ਦੀ ਨਜ਼ਰ ਉਸ ’ਤੇ ਪੈ ਗਈ ਸੀ। ਤਦੇ ਤਾਂ ਉਨ੍ਹਾਂ ਨੇ ਜ਼ੋਰ ਨਾਲ ਕਿਹਾ… ‘ਸੋਨੂੰ…।’
‘‘ਹੁਣ ਕੀ ਹੋਵੇਗਾ…?’’ ਇਹੋ ਸੋਚ ਸੋਚ ਕੇ ਸੋਨੂੰ ਘਬਰਾ ਰਿਹਾ ਸੀ। ਹੁਣ ਉਹ ਕੱਲ੍ਹ ਸਕੂਲ ਕਿਵੇਂ ਜਾਵੇ? ਅਧਿਆਪਕ ਜੀ ਉਸ ਨਾਲ ਪਤਾ ਨਹੀਂ ਕੀ ਸਲੂਕ ਕਰਨਗੇ? ਹੋ ਸਕਦਾ ਹੈ ਕਲਾਸ ਵਿਚੋਂ ਨਾਂ ਹੀ ਕੱਟ ਦਿੱਤਾ ਜਾਵੇ। ਇਸ ਹਾਲਤ ਵਿਚ ਪਿਤਾ ਜੀ ਦੇ ਗੁੱਸੇ ਦਾ ਅੱਡ ਸਾਹਮਣਾ ਕਰਨਾ ਪਵੇਗਾ। ਇਸੇ ਫਿਕਰ ਵਿਚ ਉਸ ਨੂੰ ਪੂਰੀ ਰਾਤ ਨੀਂਦ ਨਾ ਆਈ ਤੇ ਉਹ ਪਾਸੇ ਵੱਟਦਾ ਰਿਹਾ। ਸਵੇਰੇ ਉਠਦੇ ਹੀ ਉਸ ਨੇ ਜਾਣ ਬੁੱਝ ਕੇ ਬਿਮਾਰ ਹੋਣ ਦਾ ਬਹਾਨਾ ਕੀਤਾ। ਉਸ ਦੇ ਪਿਤਾ ਜੀ ਨੇ ਕਹਿ ਦਿੱਤਾ ਕਿ ਉਹ ਸਕੂਲ ਨਾ ਜਾਵੇ। ਪਰ ਇਹ ਕਦ ਤਕ ਚੱਲਦਾ? ਆਖਿਰ ਤਾਂ ਸਕੂਲ ਜਾਣਾ ਹੀ ਸੀ। ਹੁਣ ਸੋਨੂੰ ਨੂੰ ਇਸ ਗੱਲ ਦੀ ਚਿੰਤਾ ਖਾਣ ਲੱਗ ਪਈ।
ਦੁਪਹਿਰ ਦਾ ਸਮਾਂ ਸੀ। ਬਿਜਲੀ ਗਈ ਹੋਈ ਸੀ। ਸੋਨੂੰ ਨਹਾ ਕੇ ਬਾਹਰ ਵਿਹੜੇ ਵਿਚ ਲੱਗੇ ਨਿੰਮ ਦੇ ਰੁੱਖ ਹੇਠ ਬੈਠਾ ਸੀ ਕਿ ਤਦੇ ਉਸ ਦੀ ਨਜ਼ਰ ਸਾਹਮਣੇ ਆਉਂਦੇ ਅਧਿਆਪਕ ਸ਼ਰਮਾ ਜੀ ’ਤੇ ਪਈ। ਸੋਨੂੰ ਦੇ ਪੈਰਾਂ ਹੋਠੋਂ ਜਿਵੇਂ ਜ਼ਮੀਨ ਖਿਸਕ ਗਈ ਸੀ ਤੇ ਵੱਢੋ ਤਾਂ ਜਿਵੇਂ ਖੂਨ ਨਹੀਂ ਸੀ। ਉਹ ਬੁੱਤ ਜਿਹਾ ਬਣਿਆ ਅਧਿਆਪਕ ਵੱਲ ਘਬਰਾਈਆਂ ਅੱਖਾਂ ਨਾਲ ਦੇਖ ਰਿਹਾ ਸੀ।
‘‘ਕਿਉਂ ਬਈ ਸੋਨੂੰ ਅੱਜ ਸਕੂਲ ਨਹੀਂ ਆਇਆ… ਮੈਂ ਇਧਰੋਂ ਲੰਘ ਰਿਹਾ ਸੀ ਸੋਚਿਆ ਕਿ ਸੋਨੂੰ ਦਾ ਪਤਾ ਹੀ ਲੈ ਚੱਲਾਂ…।’’ ਅਚਾਨਕ ਅਧਿਆਪਕ ਜੀ ਮੁਸਕਰਾਏ ਤੇ ਕੋਲ ਆ ਕੇ ਸੋਨੂੰ ਨੂੰ ਕਹਿਣ ਲੱਗੇ। ਉਨ੍ਹਾਂ ਦੀ ਮੁਸਕਰਾਹਟ ਤੇ ਹਮਦਰਦੀ ਭਰੀ ਗੱਲ ਸੁਣ ਕੇ ਸੋਨੂੰ ਦਾ ਅੱਧਾ ਡਰ ਤਾਂ ਜਾਂਦਾ ਰਿਹਾ, ਪਰ ਉਹ ਇੰਨਾ ਜ਼ਰੂਰ ਸਮਝ ਗਿਆ ਸੀ ਕਿ ਅਧਿਆਪਕ ਜੀ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣ ਰਹੇ ਹਨ। ਉਸ ਨੇ ਸ਼ਰਮਿੰਦਗੀ ਨਾਲ ਅੱਖਾਂ ਝੁਕਾ ਲਈਆਂ ਤੇ ਇੰਨਾ ਹੀ ਬੋਲ ਸਕਿਆ… ਸਰ… ਅੱਜ ਮੈਂ ਬਿਮਾਰ…ਸੀ…।’’
ਏਨੇ ਵਿਚ ਹੀ ਅੰਦਰੋਂ ਸੋਨੂੰ ਦੇ ਮੰਮੀ ਵੀ ਆ ਗਏ। ਉਨ੍ਹਾਂ ਨੇ ਸ਼ਰਮਾ ਜੀ ਨੂੰ ਠੰਢਾ ਪਾਣੀ ਪਿਲਾਇਆ। ਉਹ ਜ਼ਿਆਦਾ ਦੇਰ ਤਕ ਨਾ ਰੁਕੇ ਤੇ ਚਲੇ ਗਏ। ਸੋਨੂੰ ਕਾਫੀ ਚਿਰ ਉਨ੍ਹਾਂ ਨੂੰ ਜਾਂਦਿਆਂ ਤੱਕਦਾ ਰਿਹਾ। ਉਹ ਦਿਲ ਹੀ ਦਿਲ ਵਿਚ ਹੈਰਾਨ ਸੀ ਕਿ ਆਖਿਰ ਅਧਿਆਪਕ ਨੇ ਉਸ ਦੀ ਮੰਮੀ ਨੂੰ ਉਸ ਦੀ ਸ਼ਿਕਾਇਤ ਕਿਉਂ ਨਹੀਂ ਲਗਾਈ?
ਅਗਲੇ ਦਿਨ ਉਹ ਸਕੂਲ ਤਾਂ ਚਲਾ ਗਿਆ, ਪਰ ਅਧਿਆਪਕ ਜੀ ਨਾਲ ਨਜ਼ਰਾਂ ਨਾ ਮਿਲਾ ਸਕਿਆ। ਅਧਿਆਪਕ ਸ਼ਰਮਾ ਜੀ ਨੇ ਉਸ ਨੂੰ ਕੋਲ ਬੁਲਾਇਆ ਤੇ ਹਾਲ-ਚਾਲ ਪੁੱਛਿਆ। ਸੋਨੂੰ ਤੋਂ ਰਿਹਾ ਨਾ ਗਿਆ ਤੇ ਉਹ ਰੋਣ ਲੱਗਾ ਤੇ ਅਧਿਆਪਕ ਜੀ ਕੋਲੋਂ ਆਪਣੇ ਕੀਤੇ ਦੀ ਮੁਆਫੀ ਮੰਗਣ ਲੱਗਾ।
ਇਸ ’ਤੇ ਅਧਿਆਪਕ ਜੀ ਨੇ ਪਿਆਰ ਨਾਲ ਸੋਨੂੰ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ‘‘ਕੋਈ ਗੱਲ ਨਹੀਂ ਬੇਟਾ, ਜੋ ਹੋਇਆ ਉਸ ਨੂੰ ਭੁੱਲ ਜਾ ਤੇ ਕੋਸ਼ਿਸ਼ ਕਰੀਂ ਕਿ ਭਵਿੱਖ ਵਿਚ ਅਜਿਹੀ ਗਲਤੀ ਨਾ ਹੋਵੇ। ਮੈਂ ਤਾਂ ਤੇਰੇ ਘਰ ਇਸ ਲਈ ਆਇਆ ਸੀ ਕਿ ਤੇਰੇ ਦਿਲ ਵਿਚੋਂ ਡਰ ਨਿਕਲ ਜਾਵੇ ਤੇ ਤੂੰ ਸਕੂਲ ਆ ਜਾਵੇਂ। ਮੇਰੇ ਕਾਰਨ ਤੇਰੀ ਪੜ੍ਹਾਈ ਖਰਾਬ ਹੋਵੇ ਮੈਂ ਇਹ ਨਹੀਂ ਚਾਹਾਂਗਾ।’’
‘’… ਸਰ ਤੁਸੀਂ ਮਹਾਨ ਹੋ.. ਮੇਰੀ ਏਨੀ ਵੱਡੀ ਗਲਤੀ ਨੂੰ ਬੜੀ ਆਸਾਨੀ ਨਾਲ ਮੁਆਫ ਕਰ ਦਿੱਤਾ… ਮੈਂ ਇਸ ਦੇ ਕਾਬਿਲ ਨਹੀਂ ਸੀ… ਸਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ… ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਨਹੀਂ ਸਤਾਵਾਂਗਾ… ਇਕ ਚੰਗਾ ਲੜਕਾ ਬਣਨ ਦੀ ਕੋਸ਼ਿਸ਼ ਕਰਾਂਗਾ….।’’ ਕਹਿ ਕੇ ਸੋਨੂੰ ਸੁਬਕਣ ਲੱਗਾ। ਅਧਿਆਪਕ ਨੇ ਉਸ ਨੂੰ ਥਾਪੜਾ ਦਿੱਤਾ ਤੇ ਆਪਣੀ ਜਗ੍ਹਾ ਬੈਠਣ ਲਈ ਆਖ ਦਿੱਤਾ। ਇਸ ਘਟਨਾ ਉਪਰੰਤ ਸੋਨੂੰ ਕਾਫੀ ਸੁਧਰ ਗਿਆ ਸੀ। ਉਸ ਵਿਚ ਪਰਿਵਰਤਨ ਆ ਚੁੱਕਾ ਸੀ। ਉਹ ਕਲਾਸ ਦਾ ਸਭ ਤੋਂ ਚੰਗਾ ਵਿਦਿਆਰਥੀ ਬਣ ਗਿਆ ਸੀ ਤੇ
ਅਧਿਆਪਕ ਸ਼ਰਮਾ ਜੀ ਦਾ ਚਹੇਤਾ ਵੀ।

-ਹਰਿੰਦਰ ਸਿੰਘ ਗੋਗਨਾ
 
Top