ਉੱਡ ਗਏ ਤੋਤੇ – ਇਕ ਹਕੀਕਤ

Yaar Punjabi

Prime VIP
ਮੈਲਬਰਨ ਦੇ ਵਿਚ ਆਪਣੀ ਰਿਹਾਇਸ਼ ਦੇ ਕੋਲ ਬਚਿਆਂ ਦੇ ਖੇਡਣ ਲਈ ਇਕ ਸੋਹਣਾ ਪਾਰਕ ਹੈ. ਇਸ ਪਾਰਕ ਦੇ ਵਿਚ ਇਕ ਸਰਕਾਰੀ ਬੋਰਡ ਲਗਿਆ ਹੈ. ਕੁਝ ਦਿਨ ਪਹਿਲਾਂ ਇਸ ਬੋਰਡ ਤੇ ਕਿਸੇ ਦਾ ਆਪ ਬਣਾਇਆ ਇਸਤਿਹਾਰ ਚਿਪਕਿਆ ਦੇਖਿਆ ਤਾਂ ਮੇਰੇ ਅਹੰਕਾਰ ਨੇ ਮਨ ਦੇ ਵਿਚ ਪਹਿਲਾ ਵਿਚਾਰ ਇਹ ਲਿਆਂਦਾ ਕੇ ਬਠਿੰਡੇ ਵਾਲਾ ਕੰਮ ਇਥੇ ਵੀ ਕਈ ਵਾਰ ਦੇਖਣ ਨੂੰ ਮਿਲ ਹੀ ਜਾਂਦਾ ਹੈ, ਹਾਲਾਂਕਿ ਅੱਜ ਦੀ ਹਾਲਤ ਦਾ ਤਾ ਪਤਾ ਨਹੀ ਪਰ ਕਈ ਸਾਲ ਪਹਿਲਾਂ ਬਠਿੰਡੇ ਦੇ ਕਈ ਸਰਕਾਰੀ ਬੋਰਡਾਂ ਤੇ ਕਈ ਕਿਸਮ ਦੇ ਇੰਨੇ ਇਸਤਿਹਾਰ ਚਿਪਕੇ ਹੁੰਦੇ ਸਨ ਕੇ ਬੋਰਡ ਦੀ ਅਸਲ ਜਾਣਕਾਰੀ ਦਾ ਪਤਾ ਬਿਲਕੁਲ ਵੀ ਨਹੀ ਲਗਦਾ ਸੀ. ਚੰਚਲ ਮਨ ਦੀ ਇਛਾ ਕਾਰਣ, ਮੈਂ ਬੋਰਡ ਤੇ ਚਿਪਕੇ ਇਸਤਿਹਾਰ ਨੂੰ ਨੇੜੇ ਤੋਂ ਵੇਖਣ ਦੇ ਲਈ ਬੋਰਡ ਦੇ ਕੋਲ ਆ ਗਿਆ, ਜਦ ਇਸਤਿਹਾਰ ਤੇ ਚੰਗੀ ਤਰਾਂ ਨਜ਼ਰ ਮਾਰੀ ਤਾਂ ਇਸ ਵਾਰ ਮਨ ਦੇ ਵਿਚ ਹਾਸਾ ਆ ਗਿਆ. ਅਸਲ ਦੇ ਵਿਚ ਇਹ ਇਕ ” ਉੱਡ ਗਏ ਤੋਤੇ ” ਭਾਵ ਕੇ ਗਵਾਚ ਗਏ ਤੋਤੇ ਦਾ ਸੀ. ਇਸਤਿਹਾਰ ਪੜ ਕੇ ਹਾਸਾ ਆਉਣਾ ਦਿਮਾਗ ਦੀ ਸੋਚ ਸੀ ਜਿਸਦੇ ਮੁਤਾਬਿਕ ਜੇਕਰ ਤੋਤਾ ਉੱਡ ਗਿਆ ਤਾਂ ਪਤਾ ਨਹੀ ਕਿਸ ਪਾਸੇ ਨੂੰ ਗਿਆ ਹੋਵੇਗਾ ਤੇ ਕਿਵੇ ਵਾਪਸ ਮਿਲੇਗਾ.

ਮੇਰੇ ਸ਼ੈਤਾਨੀ ਦਿਮਾਗ ਦਾ ਹਾਸਾ, ਇਸਤਿਹਾਰ ਲਾਉਣ ਵਾਲੇ ਦੀ ਬੇਵਕੂਫੀ ਤੇ ਉਸ ਵਕਤ ਬੰਦ ਹੋ ਗਿਆ ਜਦ ਮੈਂ ਇਸਤਿਹਾਰ ਵਿਚਲੀ ਤੋਤੇ ਦੀ ਫੋਟੋ ਵੇਖੀ. ਇਹ ਹਰੇ ਰੰਗ ਦਾ ਲਾਲ ਗਾਨੀ ਵਾਲਾ ਤੋਤਾ ਸੀ ਤੇ ਇਸ ਤਰਾਂ ਦੇ ਤੋਤੇ ਬਠਿੰਡੇ ਦੀ ਨਹਿਰ ਦੇ ਕੋਲ ਇਕ ਵਾਰ ਮੈਂ ਬਹੁਤ ਤਦਾਦ ਦੇ ਵਿਚ ਵੇਖੇ ਸਨ, ਨਹੀ ਤਾਂ ਤੋਤਿਆਂ ਦੇ ਸ਼ਰਾਰਤੀ ਹੋਣ ਦੀਆਂ ਅਤੇ ਬੰਦੇ ਦੀ ਤਰਾਂ ਗਲ ਬਾਤ ਕਰਨ ਬਾਰੇ ਜਾਂ ਤਾਂ ਕਹਾਣੀਆਂ ਪੜੀਆਂ ਸਨ ਜਾਂ ਫਿਰ ਕਈ ਵਾਰ ਤੋਤੇ ਦੀ ਇਹ ਫਿਤਰਤ ਕਿਸੇ ਫਿਲਮ ਦੇ ਵਿਚ ਵੇਖੀ ਸੀ. ਅਸਲ ਦੇ ਵਿਚ ਲਾਲ ਗਾਨੀ ਵਾਲੇ ਹਰੇ ਤੋਤੇ ਦੀ ਫੋਟੋ ਵੇਖ ਕੇ ਮੈਨੂੰ ਕਈ ਸਾਲ ਪੁਰਾਣੀ ਗਲ ਯਾਦ ਆ ਗਈ ਜਿਸਨੇ ਮੇਰਾ ਹਾਸਾ ਬੰਦ ਕਰ ਦਿੱਤਾ ਸੀ.
ਇਹ ਗਲ 93-94 ਦੀ ਹੈ . ਮੈਂ ਸਕੂਟਰ ਤੇ ਆਪਣੇ ਇਕ ਦੋਸਤ ਦੇ ਨਾਲ ਕਿਸੇ ਕੰਮ ਜਾ ਰਿਹਾ ਸੀ, ਅਜੇ ਘਰ ਤੋਂ ਥੋੜੀ ਦੂਰ ਹੀ ਗਏ ਸੀ ਤੇ ਮੇਰੀ ਨਜ਼ਰ ਇਕ ਬੰਦੇ ਤੇ ਪਈ ਜਿਸਨੂੰ ਬਿਆਨ ਕਰਨ ਲਈ ਇਕ ਹੀ ਸ਼ਬਦ ਢੁਕਵਾਂ ਲਗਦਾ ਹੈ – ਚਿੜੀਮਾਰ. ਇਸ ਵਿਚਾਰੇ ਚਿੜੀਮਾਰ ਨੇ ਲੋਹੇ ਦੀਆਂ ਪਤਲੀਆਂ ਤਾਰਾਂ ਦੇ ਬਣੇ ਪਿੰਜਰੇ ਆਪਣੇ ਦੋਵਾਂ ਮੋਢਿਆਂ ਤੇ ਇਕ ਡਾਂਗ ਨਾਲ ਬੰਨ ਕੇ ਚੁਕੇ ਹੋਏ ਸਨ. ਹਰ ਪਿੰਜਰੇ ਦੇ ਵਿਚ ਲਾਲ ਗਾਨੀ ਵਾਲਾ ਹਰੇ ਰੰਗ ਦਾ ਤੋਤਾ ਸੀ. ਚਿੜੀਮਾਰ ਤੇ ਉਸਦੇ ਤੋਤਿਆਂ ਨੂੰ ਵੇਖ ਕੇ ਮੈਂ ਸਮਝ ਗਿਆ ਕੇ ਇਹ ਤੋਤਿਆਂ ਨੂੰ ਵੇਚਣ ਵਾਲਾ ਭਾਈ ਹੈ. ਇਕਦਮ ਹੀ ਮੇਰੇ ਸਕੂਟਰ ਦੇ ਬ੍ਰੇਕ ਲਗ ਗਏ. ਸਕੂਟਰ ਦੇ ਪਿਛੇ ਬੈਠਾ ਦੋਸਤ ਕਹਿੰਦਾ ” ਕੀ ਹੋ ਗਿਆ ਹੁਣ. ਇਕ ਮਿੰਟ ਖੜ ਜਾ ਯਾਰ ਕਹਿ ਕੇ ਮੈਂ ਸਕੂਟਰ ਨੂੰ ਇਕ ਪਾਸੇ ਲਾ ਕੇ ਚਿੜੀਮਾਰ ਨੂੰ ਘੇਰ ਲਿਆ . “ਹਾਂ ਬਾਈ ਕਿੰਨੇ ਦੇ ਨੇ”
ਤੋਤਿਆਂ ਦੀ ਇਕ ਜੋੜੀ ਮੈਨੂੰ ਚਾਲੀ ਰੁਪਿਆਂ ਦੀ ਮਿਲ ਗਈ .
ਤੋਤਿਆਂ ਦੇ ਇੰਨੀ ਆਸਾਨੀ ਨਾਲ ਮਿਲ ਜਾਣ ਕਰਕੇ ਮੈਂ ਬਹੁਤ ਖੁਸ਼ ਸੀ ਤੇ ਸੋਚ ਰਿਹਾ ਸੀ ਕੇ ਇਹ ਤੋਤੇ ਘਰ ਦੇ ਵਿਚ ਹੋਣਗੇ ਤਾਂ ਰੋਣਕ ਲੱਗੀ ਰਹੇਗੀ – ਸ਼ਾਇਦ ਮੇਰੀ ਸੋਚ ਉਸ ਵਕਤ ਕਹਾਣੀਆਂ , ਕਿਤਾਬਾਂ ਜਾਂ ਫਿਲਮਾਂ ਤੋਂ ਪ੍ਰਭਾਵਿਤ ਸੀ ਕੇ ਤੋਤਾ ਬੜਾ ਰੋਣਕੀ ਰਾਮ ਕਰੈਕਟ੍ਰ ਹੁੰਦਾ ਹੈ. ਪਰ ਤੋਤੇ ਨੂੰ ਕਿਵੇਂ ਫੜਨਾ ਸੀ ਤੇ ਕਿਵੇਂ ਇਸ ਨੂੰ ਬੰਦਾ ਕਿਵੇ ਬਣਾਉਣਾ ਸੀ, ਭਾਵ ਬੋਲਣ ਕਿਵੇਂ ਲਾਉਣਾ ਸੀ ਇਸਦੇ ਬਾਰੇ ਕੋਈ ਇਲਮ ਨਹੀਂ ਸੀ.
ਆਪਣਾ ਕੰਮ ਪੂਰਾ ਕਰਨ ਲਈ ਤੋਤਿਆਂ ਵਾਲੇ ਪਿੰਜਰੇ ਘਰ ਰਖ ਕੇ ਮੈਂ ਫੇਰ ਬਾਹਰ ਨੂੰ ਨਿਕਲ ਗਿਆ . ਘਰ ਦੇ ਥੋੜੇ ਹੈਰਾਨ ਹੋਏ ਸਨ ਕੇ ਇਹ ਆਪਣੇ ਕੰਮ ਜਾਂਦਾ ਜਾਂਦਾ ਤੋਤੇ ਕਿਥੋਂ ਲੈ ਆਇਆ . ਵਾਪਸ ਆ ਕੇ ਘਰ ਦਿਆਂ ਨਾਲ “‘ ਸਲਾਹ ਮਸ਼ਵਰਾ ” ਕੀਤਾ ਕੇ ਇਹਨਾ ਨੂੰ ਖਾਣ ਨੂੰ ਕੀ ਦਿੱਤਾ ਜਾਵੇ. ਇਸ ਤੋਂ ਬਾਅਦ ਜਦ ਵੀ ਆਪਣਾ ਕੋਈ ਕੰਮ ਕਰਕੇ ਘਰ ਆਉਂਦਾ ਤਾਂ ਰਿਪੋਰਟ ਲੈਂਦਾ ਕੇ ਤੋਤਿਆਂ ਨੇ ਕੀ ਖਾਧਾ ਹੈ.
ਮਾਂ ਨੇ ਕਈ ਵਾਰ ਦਸਣਾ ਕੇ ਤੇਰੇ ਤੋਤੇ ਕੁਝ ਵੀ ਨਹੀ ਖਾ ਰਹੇ . ਮੈਂ ਬੜਾ ਜੋਰ ਲਾਇਆ ਪਰ ਤੋਤਿਆਂ ਨੇ ਸਿਰਫ ਇਕ ਅਧੇ ਅੰਗੂਰ ਨੂੰ ਇਕ ਦੋ ਵਾਰੀ ਚੁੰਝ ਮਾਰਨੀ ਤੇ ਬਸ. ਦੂਸਰੀ ਪਰੇਸ਼ਾਨੀ ਵਾਲੀ ਗੱਲ ਸੀ ਓਹਨਾ ਦਾ ਬਿਲਕੁਲ ਹੀ ਚੁਪ ਰਹਿਣਾ, ਸ਼ਾਇਦ ਹੀ ਕੋਈ ਆਵਾਜ ਮੇਰੇ ਕੰਨਾਂ ਤੱਕ ਪਹੁੰਚੀ ਹੋਵੇ . ਓਹਨਾ ਨੂੰ ਚੁੱਪ ਵੇਖ ਕੇ ਸੋਚਿਆ ਕੇ ਦੋਵਾਂ ਨੂੰ ਇਕ ਵੱਡੇ ਪਿੰਜਰੇ ਵਿਚ ਇੱਕਠਾ ਕਰ ਦਿੰਦੇ ਹਾਂ ਸ਼ਾਇਦ ਇਸ ਕਰਕੇ ਹੀ ਇਹਨਾਂ ਦਾ ਮੂਡ ਬਦਲ ਜਾਵੇ. ਬਜਾਰ ਗਿਆ ਤੇ ਬੜਾ ਹੀ ” ਬੇਕਾਰ” ਜੇਹਾ ਵੱਡਾ ਪਿੰਜਰਾ ਲੈ ਆਇਆ. ਹੁਣ ਦੋਵੇਂ ਪੰਛੀ ਇਕ ਕੈਦ ਖਾਨੇ ਵਿਚ ਬੰਦ ਕਰ ਦਿੱਤੇ ਗਏ.
udd-gaye-totte.jpg

ਹਰ ਦਿਨ ਮੈਂ ਪਿੰਜਰੇ ਦੇ ਕੋਲ ਬੈਠ ਕੇ ਤੋਤਿਆਂ ਦੇ ਨਾਲ ”ਗਲਬਾਤ” ਕਰਨ ਦੀ ਕੋਸ਼ਿਸ਼ ਕਰਨੀ ਜੋ ਕੇ ਇਕ ਤਰਫਾ ਹੀ ਹੁੰਦੀ. ਪਰ ਫਿਰ ਤੋਤਿਆਂ ਵਲੋਂ ਵੀ ਜਵਾਬ ਮਿਲਣਾ ਸ਼ੁਰੂ ਹੋ ਗਿਆ ਤੇ ਓਹਨਾ ਦੀਆਂ ਅਖਾਂ ਦੀ ਸਪਸਟ ਉਦਾਸੀ. ਇਕ ਵਾਰ ਜਦ ਮੈਨੂੰ ਉਹਨਾ ਦੀਆਂ ਅਖਾਂ ਦੀ ਉਦਾਸੀ ਦਾ ਪਤਾ ਲਗ ਗਿਆ ਤਾਂ ਸਾਡੀ ਗਲਬਾਤ ਉਹਨਾ ਦੀਆਂ ਅਖਾਂ ਦੀ ਉਦਾਸੀ ਤੇ ਹੀ ਆ ਕੇ ਖਤਮ ਹੋ ਜਾਂਦੀ. ਕਈ ਦਿਨਾ ਤਕ ਓਹਨਾ ਨੇ ਨਾ ਤਾਂ ਚੰਗੀ ਤਰਾਂ ਕੁਝ ਖਾਧਾ ਤੇ ਨਾ ਹੀ ਕੋਈ ਆਵਾਜ਼ ਓਹਨਾ ਦੀ ਮੈਨੂੰ ਸੁਣਾਈ ਦਿੱਤੀ ਜਿਸਨੂੰ ਸੁਣ ਕੇ ਮੈਨੂੰ ਇਹ ਲਗਦਾ ਕੇ ਤੋਤੇ ਸਚਮੁਚ ਵੀ ਰੋਣਕੀ ਹੁੰਦੇ ਹਨ. ਫੇਰ ਮੈਨੂੰ ਇਹ ਅਹਸਾਸ ਚੰਗੀ ਤਰਾਂ ਹੋ ਗਿਆ ਕੇ ਇਹ ਦੋਵੇਂ ਤੋਤੇ ਸਿਰਫ ਮੇਰੇ ” ਬੰਦੀ ” ਸਨ. ਓਹਨਾ ਨੂੰ ਖੁਸ਼ ਕਰਨ ਦੀਆਂ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਹੋ ਗਈਆਂ ਸਨ. ਹੁਣ ਸਾਡੇ ਵਿਚ ਸਿਰਫ ਉਦਾਸੀ ਦਾ ਆਦਾਨ ਪ੍ਰਦਾਨ ਰਹਿ ਗਿਆ ਸੀ. ਇਕ ਦਿਨ ਫ਼ੈਸਲੇ ਦਾ ਦਿਨ ਆ ਹੀ ਗਿਆ, ਮੈਂ ਪਿੰਜਰਾ ਚੁਕ ਕੇ ਖੁੱਲੀ ਛੱਤ ਤੇ ਲਿਆਂਦਾ ਤੇ ਖੋਲ ਦਿੱਤਾ. ਜਿਵੇਂ ਕੇ ਤੋਤਿਆਂ ਦੀ ਮੁਰਾਦ ਪੂਰੀ ਹੋ ਗਈ ਸੀ, ਦੋਵੇਂ ਤੋਤੇ ਤੀਰ ਦੀ ਤਰਾਂ ਪਿੰਜਰੇ ਵਿਚੋਂ ਨਿਕਲੇ ਤੇ ਫੇਰ ਮੁੜ੍ਹ ਕੇ ਨੇੜੇ ਤੇੜੇ ਵੀ ਦਿਖਾਈ ਨਾ ਦਿੱਤੇ.
“ਮੇਰੇ ਤੋਤੇ ਤਾਂ ਉੱਡ ਗਏ” ਪਰ ਮੈਨੂੰ ਇਕ ਸੌਖਾ ਸਾਹ ਆ ਗਿਆ ਸੀ. ਇੰਝ ਲਗਿਆ ਸੀ ਜਿਵੇ ਕੇ ਤੋਤੇ ਨਹੀਂ, ਇਹ ਮੈਂ ਸਾਂ ਜੋ ਪਿੰਜਰੇ ਵਿਚ ਬੰਦੀ ਸੀ ਤੇ ਹੁਣ ਮੈਂ ਕਈ ਹਫ਼ਤਿਆ ਦੀ ਕੈਦ ਤੋਂ ਬਾਅਦ ਅਜਾਦ ਹੋ ਗਿਆ ਸਾਂ. ਖਾਲੀ ਪਿੰਜਰੇ ਨੂੰ ਚੁੱਕ ਕੇ ਘਰ ਦੇ ਪਿਛਲੇ ਪਾਸੇ ਰਖੇ ਕਣਕ ਦੇ ਡ੍ਰਮ ਕੋਲ ਪਏ ਵਾਧੂ ਸਮਾਨ ਵਿਚ ਸਜਾ ਦਿੱਤਾ.
ਤਕਰੀਬਨ ਇਕ ਸਾਲ ਦਾ ਸਮਾਂ ਬੀਤ ਗਿਆ. ਸਿਖ੍ਹਰ ਗਰਮੀ ਦਾ ਦੁਪਿਹਰਾ ਸੀ. ਘਰ ਦੇ ਕੂਲਰ ਪਖੇ ਜੋਰਾਂ ਤੇ ਚਲ ਰਹੇ ਸਨ. ਪਿਤਾ ਜੀ ਦੁਪਿਹਰ ਦੀ ਰੋਟੀ ਖਾਣ ਘਰ ਆਉਂਦੇ ਸਨ ਤੇ ਰੋਟੀ ਖਾ ਕੇ ਵੇਹੜੇ ਵਿਚ ਆਰਾਮ ਕਰਨ ਲਈ ਕੂਲਰ ਦੇ ਸਾਹਮਣੇ ਪਏ ਮੰਜੇ ਤੇ ਪੈ ਜਾਂਦੇ ਸਨ. ਉਸ ਦਿਨ ਵੀ ਓਹ ਰੋਜ਼ ਦੀ ਤਰਾਂ ਕੂਲਰ ਦੇ ਕੋਲ ਹੀ ਮੰਜੇ ਤੇ ਪਏ ਸਨ ਤੇ ਮੈਂ ਵੀ ਰੋਟੀ ਖਾ ਕੇ ਅਜੇ ਵੇਹਲਾ ਹੋਇਆ ਹੀ ਸੀ ਕੇ ਅਚਾਨਕ ਮੇਰੀ ਨਜਰ ਘਰ ਦੇ ਵੇਹੜੇ ਵਾਲੇ ਰੋਸ਼ਨਦਾਨ ਤੇ ਪਈ.
ਰੋਸ਼ਨਦਾਨ ਦੀ ਬਰੀਕ ਜਾਲੀ ਵਿਚ ਪੰਜੇ ਫਸਾ ਕੇ ਇਕ ਲਾਲ ਗਾਨੀ ਵਾਲਾ ਹਰੇ ਰੰਗ ਦਾ ਤੋਤਾ ਹੇਠਾਂ ਵਲ ਝਾਕ ਰਿਹਾ ਸੀ. ਇੰਜ ਲਗਦਾ ਸੀ ਜਿਵੇ ਬੜੀ ਦੂਰ ਤੋਂ ਉੱਡ ਕੇ ਆਇਆ ਹੋਵੇ ਤੇ ਇਸ ਕਰਕੇ ਸ਼ਾਇਦ ਉਸਦਾ ਸਾਹ ਅੱਤ ਦੀ ਗਰਮੀ ਕਰਕੇ ਸੁੱਕ ਗਿਆ ਹੋਵੇ. ਦੇਖਦੇ ਦੇਖਦੇ ਓਹ ਕੂਲਰ ਤੇ ਆ ਕੇ ਬੈਠ ਗਿਆ, ਸ਼ਾਇਦ ਮਜਬੂਰੀ ਵਿਚ ਕੂਲਰ ਦੀਆਂ ਜਾਲੀਆਂ ਤੇ ਡਿਗਦੇ ਪਾਣੀ ਨੂੰ ਪੀਣ ਲਈ. ਮੈਂ ਪਿਤਾ ਜੀ ਨੂੰ ਇਸ਼ਾਰਾ ਕੀਤਾ ਤੇ ਓਹਨਾ ਕਿਹਾ ਕੇ ਇਹ ਤਾਂ ਪਾਣੀ ਭਾਲ ਰਿਹਾ ਹੈ . ਮੈਂ ਕਾਹਲੀ ਨਾਲ ਇਕ ਕੌਲੀ ਵਿਚ ਪਾਣੀ ਪਾ ਕੇ ਤੋਤੇ ਦੇ ਕੋਲ ਰਖ ਦਿੱਤਾ ਤੇ ਮੇਰੀ ਹੈਰਾਨੀ ਦੀ ਹਦ ਨਾ ਰਹੀ ਜਦ ਓਹ ਆਪ ਹੀ ਪਾਣੀ ਪੀਣ ਲਈ ਮੇਰੇ ਬਿਲਕੁਲ ਹੀ ਕੋਲ ਆ ਕੇ ਬੈਠ ਗਿਆ.
ਉਸਨੇ ਰੱਜ ਕੇ ਪਾਣੀ ਪੀਤਾ. ਕਮਾਲ ਦੀ ਗੱਲ ਇਹ ਸੀ ਕੇ ਪਾਣੀ ਪੀ ਕੇ ਉਸਨੇ ਉਡਣ ਦੀ ਜਰੂਰਤ ਬਿਲਕੁਲ ਵੀ ਨਾ ਸਮਝੀ. ਇਕ ਮਿੰਟ ਦੇ ਵਿਚ ਫੇਰ ਮੈਂ ਓਹ ਪੁਰਾਣਾ ਬੇਕਾਰ ਜੇਹਾ ਪਿੰਜਰਾ ਸਾਫ਼ ਕਰਕੇ ਇਸ ਬਿਨ ਬੁਲਾਏ ਮਹਿਮਾਨ ਦੇ ਸਾਹਮਣੇ ਰਖ ਦਿੱਤਾ ਤੇ ਓਹ ਗਰਮੀ ਦਾ ਸਤਿਆ ਇਕਦਮ ਹੀ ਪਿੰਜਰੇ ਵਿਚ ਵੜ੍ਹ ਗਿਆ. ਹੁਣ ਓਹ ਕੂਲਰ ਦੀ ਠੰਡੀ ਹਵਾ ਦਾ ਨਜਾਰਾ ਲੈ ਰਿਹਾ ਸੀ. ਪਲਾਂ ਵਿਚ ਹੀ ਉਸ ਬੇਜੁਬਾਨ ਨੇ ਸਾਡੇ ਘਰ ਨੂੰ ਆਪਣਾ ਘਰ ਬਣਾ ਲਿਆ. ਖਾਣ ਪੀਣ ਦਾ ਬੜਾ ਸ਼ੌਕੀਨ ਸੀ. ਇਕ ਪੰਜੇ ਵਿਚ ਅੰਗੂਰ ਫੜ ਕੇ ਖਾਂਦੇ ਨੂੰ ਵਾਰ ਵਾਰ ਦੇਖਣ ਲਈ, ਅਧੇ ਅੰਗੂਰ ਇਸ ਨਵੇ ਮਹਿਮਾਨ ਦੇ ਨਾਮ ਲਿਖ ਦਿੱਤੇ ਜਾਂਦੇ ਸਨ.
ਕਮਰੇ ਦੇ ਵਿਚ ਪਿੰਜਰੇ ਨੂੰ ਖੋਲ ਕੇ ਰਖ ਦਿੰਦੇ ਤਾਂ ਕਮਰੇ ਦੇ ਅੰਦਰ ਹੀ ਸੈਰ ਕਰਦਾ ਰਹਿੰਦਾ. ਹੌਲੀ ਹੌਲੀ ਇਸ ਬੇਜੁਬਾਨ ਦੀ ਜੁਬਾਨ ਵੀ ਚਲਣੀ ਸ਼ੁਰੂ ਹੋ ਗਈ. ਘਰ ਦੇ ਸਾਰੇ ਬੱਚੇ ਇਸਦੇ ਸਾਹਮਣੇ ” ਮਿਠੂ ਮਿਠੂ ” ਦਾ ਰੱਟਾ ਮਾਰਦੇ ਰਹਿੰਦੇ ਤੇ ਇਹ ” ਬੇਜੁਬਾਨ ” ਬਚਿਆਂ ਦਾ ਪੂਰਾ ਪੂਰਾ ਸਾਥ ਦੇਣ ਲਗ ਪਿਆ. ਘਰ ਦੇ ਵਿਚ ਹੁਣ ਸਵੇਰ ਦਾ ਅਲਾਰਮ ਸੈਟ ਕਰਨ ਦੀ ਜਰੂਰਤ ਵੀ ਖਤਮ ਹੋ ਗਈ ਸੀ ਕਿਓਕੀ ਮਿਠੂ ਮਹਾਰਾਜ ਸੂਰਜ ਦੀਆਂ ਪਹਿਲੀਆਂ ਕਿਰਣਾਂ ਨੂੰ ਵੇਖਦੇ ਸਾਰ ਹੀ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ. ਮੈਨੂੰ ਤਾਂ ਬਹੁਤ ਮਜਾ ਆਉਂਦਾ ਪਰ ਪਿਤਾ ਜੀ ਕਈ ਵਾਰ ਗਰਮੀ ਖਾ ਜਾਂਦੇ ਤੇ ਕਹਿੰਦੇ ਯਾਰ ਇਹ ਬੜਾ ਖਰਾਬ ਹੈ ਛੁੱਟੀ ਵਾਲੇ ਦਿਨ ਵੀ ਸਵੇਰੇ ਸਵੇਰੇ ਹੀ ਉਠਾ ਦੇਂਦਾ ਹੈ. ਪਰ ਛੇਤੀ ਹੀ ਓਹ ਵੀ ਮਿਠੂ ਮਹਾਰਾਜ ਨਾਲ ਗੱਲਾਂ ਕਰਨ ਦਾ ਸਵਾਦ ਲੈਣ ਲਈ ਪਿੰਜਰੇ ਕੋਲ ਜਾ ਕੇ ਬੈਠ ਜਾਂਦੇ ਸਨ. ਅਧੀ ਰੌਣਕ ਘਰ ਵਿਚ ਇਸ ਬੇਜੁਬਾਨ ਕਰ ਕੇ ਲਗੀ ਰਹਿੰਦੀ ਤੇ ਇਹ ਰੌਣਕ ਉਸਨੇ ਸਾਲ ਡੇੜ ਸਾਲ ਤਕ ਲਾਈ ਰਖੀ . ਜਿਵੇਂ ਆਇਆ ਸੀ ਇਕ ਦਮ, ਉਵੇਂ ਹੀ ਅਲੋਪ ਹੋ ਗਿਆ. ਇਕ ਦਿਨ ਪਿੰਜਰੇ ਤੋਂ ਬਾਹਰ ਘੁਮ ਰਿਹਾ ਸੀ ਮੈਂ ਕੋਲ ਨਹੀਂ ਸਾਂ ਤੇ ਛੋਟਾ ਭਰਾ ਅਵੇਸਲਾ ਹੋ ਗਿਆ ਸੀ. ਘਰ ਦੇ ਵਿਚ ਆਉਂਦਾ ਵੀ ਦਿਸਿਆ ਨਹੀਂ ਸੀ ਤੇ ਜਾਣ ਵੇਲੇ ਵੀ ਉਸਨੇ ਪਤਾ ਨਾ ਲਗਣ ਦਿੱਤਾ. ਸ਼ਾਇਦ ਕਿਸੇ ਹੋਰ ਘਰ ਦੇ ਵਿਚ ਰੌਣਕ ਲਾਉਣ ਦੇ ਲਈ ਕਿਧਰੇ ਉੱਡ ਗਿਆ ਸੀ.
ਹੁਣ ਜਦ ਵੀ ਇਹ ਸਾਰੀ ਗੱਲ ਯਾਦ ਆਉਂਦੀ ਹੈ ਤਾਂ ਦਿਲ ਖੁਸ਼ ਹੋ ਜਾਂਦਾ ਹੈ. ਉਸ ਬੇਜੁਬਾਨ ਦਾ ਸਾਡੇ ਘਰ ਬਿਤਾਇਆ ਵਕਤ ਮੇਰੇ ਲਈ ਰਬ ਦੀਆਂ ਹੋਰ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਵਿਚੋਂ ਇਕ ਸੀ. ਪਾਰਕ ਵਾਲੇ ਇਸਤਿਹਾਰ ਦੀ ਫੋਟੋ ਹੁਣ ਮੈਂ ਹਾਸੇ ਮਜਾਕ ਲਈ ਨਹੀਂ ਸਗੋਂ ਇਕ ਇਨਸਾਨ ਦੁਆਰਾ ਇਸ ਪੰਛੀ ਪ੍ਰਤੀ ਜਤਾਏ ਹੋਏ ਉਸ ਪਿਆਰ ਨੂੰ ਸਤਿਕਾਰ ਦੇਣ ਦੀ ਭਾਵਨਾ ਨਾਲ ਕਲਿਕ ਕੀਤੀ. ਨਹੀਂ ਤਾਂ ਇਧਰ ਦਿਲ ਦੇ ਇਜਹਾਰ ਦਿਲ ਵਿਚ ਹੀ ਰਹਿ ਗਏ….. ਜਦ ਸਾਡੇ ਵੀ ਸਨ ………ਉੱਡ ਗਏ ਤੋਤੇ
 
Top