ਅੰਤਰਰਾਸ਼ਟਰੀ ਪੱਧਰ 'ਤੇ ਲੰਬੀ ਛਾਲ ਦਾ ਮਾਣਮੱਤਾ ਖਿ&#25


ਅਮਿੱਤ ਕੁਮਾਰ ਦੇਸ਼ ਦਾ ਮਾਣਮੱਤਾ ਤੇ ਗੌਰਵਸ਼ਾਲੀ ਲੌਂਗ ਜੰਪ ਖਿਡਾਰੀ ਹੈ, ਜਿਸ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਅਮਿੱਤ ਕੁਮਾਰ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਮਟਿੰਡੂ, ਤਹਿਸੀਲ ਖਰਖੋਦਾ ਵਿਖੇ ਪਿਤਾ ਜਗਦੀਸ਼ ਚੰਦਰ ਦੇ ਘਰ ਮਾਤਾ ਕ੍ਰਿਸ਼ਨਾ ਦੀ ਕੁੱਖੋਂ 3 ਮਈ, 1992 ਨੂੰ ਹੋਇਆ। ਅਮਿੱਤ ਕੁਮਾਰ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ, ਕਿਉਂਕਿ ਉਸ ਦਾ ਬਾਪ ਜਗਦੀਸ਼ ਚੰਦਰ ਕਬੱਡੀ ਦਾ ਸਿਰਕੱਢ ਖਿਡਾਰੀ ਸੀ ਅਤੇ ਬਾਪ ਨੇ ਅਮਿੱਤ ਦੀ ਉਂਗਲ ਵੀ ਸਕੂਲ ਦੇ ਨਾਲ-ਨਾਲ ਖੇਡ ਦੀ ਗਰਾਊਂਡ ਨੂੰ ਸੌਂਪ ਦਿੱਤੀ ਪਰ ਅਚਾਨਕ ਅਮਿੱਤ ਕੁਮਾਰ ਦੀ ਉਮਰ ਅਜੇ 15 ਕੁ ਸਾਲ ਦੀ ਸੀ ਕਿ ਉਸ ਦੀ ਖੱਬੀ ਬਾਂਹ ਹਰਾ ਚਾਰਾ ਕੱਟਣ ਵਾਲੀ ਮਸ਼ੀਨ ਵਿਚ ਆ ਗਈ ਅਤੇ ਉਸ ਹਾਦਸੇ ਵਿਚ ਉਸ ਦਾ ਖੱਬਾ ਹੱਥ ਬਾਂਹ ਨਾਲੋਂ ਵੱਖ ਹੋ ਗਿਆ। ਘਰ ਵਿਚ ਇਕ ਵਾਰ ਸੋਗ ਦੀ ਲਹਿਰ ਦੌੜ ਗਈ, ਕਿਉਂਕਿ ਜਿਹੜਾ ਬਾਪ ਆਪਣੇੇ ਬੱਚੇ ਨੂੰ ਕਬੱਡੀ ਦਾ ਸਿਰਕੱਢ ਖਿਡਾਰੀ ਬਣਾਉਣ ਦੇ ਸੁਪਨੇ ਵੇਖਦਾ ਸੀ, ਉਸ ਦੇ ਸੁਪਨੇ ਉਸ ਨੂੰ ਤਿੜਕਦੇ ਜਾਪੇ, ਪਰ ਅਮਿੱਤ ਕੁਮਾਰ ਨੇ ਬਾਪ ਦੇ ਸਜਾਏ ਸੁਪਨੇ ਨੂੰ ਪੂਰਾ ਕਰਨ ਲਈ ਪਿੰਡ ਦੀ ਖੇਡ ਗਰਾਊਂਡ ਨਾਲ ਫਿਰ ਤੋਂ ਜਾ ਯਾਰੀ ਪਾ ਲਈ ਅਤੇ ਉਸ ਦਾ ਮੇਲ ਅਥਲੈਟਿਕ ਦੇ ਕੋਚ ਸੁੰਦਰ ਲਾਲ ਸਿਆਗ ਨਾਲ ਹੋਇਆ ਅਤੇ ਉਹ ਲੌਂਗ ਜੰਪ ਦੀ ਖੇਡ ਵਿਚ ਆਪਣੇ-ਆਪ ਨੂੰ ਨਿਪੁੰਨ ਕਰਨ ਲਈ ਆਪਣੇ ਕੋਚ ਸੁੰਦਰ ਲਾਲ ਦੀ ਯੋਗ ਰਹਿਨੁਮਾਈ ਹੇਠ ਦਿਨੋਂ-ਦਿਨ ਅੱਗੇ ਵਧਣ ਲੱਗਾ।
ਖੇਡਾਂ ਦੇ ਖੇਤਰ ਵਿਚ ਜੇ ਉਸ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਅਮਿੱਤ ਕੁਮਾਰ ਨੇ ਸੰਨ 2008 ਤੋਂ ਆਪਣਾ ਖੇਡ ਕੈਰੀਅਰ ਸ਼ੁਰੂ ਕੀਤਾ ਅਤੇ ਹੁਣ ਤੱਕ ਉਹ ਲਗਾਤਾਰ ਹਰਿਆਣਾ ਪ੍ਰਾਂਤ ਵਲੋਂ ਇਕ ਰਾਸ਼ਟਰੀ ਖਿਡਾਰੀ ਵਜੋਂ ਤਾਂ ਖੇਡਦਾ ਆ ਹੀ ਰਿਹਾ ਹੈ ਅਤੇ ਨਾਲ ਹੀ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਧਾਂਕ ਨੂੰ ਬਰਕਰਾਰ ਰੱਖਦਿਆਂ ਭਾਰਤ ਦੇ ਨਾਂਅ ਨੂੰ ਚਾਰ ਚੰਨ ਲਾਏ ਹਨ। ਅਮਿੱਤ ਕੁਮਾਰ ਰਾਸ਼ਟਰੀ ਪੱਧਰ 'ਤੇ ਲਗਾਤਾਰ ਜਿੱਤਾਂ ਦਰਜ ਕਰਦਾ ਹੋਇਆ 14 ਸੋਨ ਤਗਮੇ, 8 ਚਾਂਦੀ ਅਤੇੇ 3 ਕਾਂਸੀ ਦੇ ਤਗਮੇ ਆਪਣੇ ਨਾਂਅ ਕਰਕੇ ਆਪਣੀ ਜਿੱਤ ਦੇ ਦਾਅਵੇ ਦਾ ਝੰਡਾ ਲਹਿਰਾਅ ਰਿਹਾ ਹੈ। ਇਥੇ ਹੀ ਬਸ ਨਹੀਂ, ਇਸ ਛੋਟੀ ਜਿਹੀ ਉਮਰ ਦੇ ਖਿਡਾਰੀ ਨੇ ਸੰਨ 2010 ਵਿਚ ਏਸ਼ੀਅਨ ਪੈਰਾ ਖੇਡਾਂ, ਜੋ ਚੀਨ ਦੇ ਗੰਗਜੂ ਸ਼ਹਿਰ ਵਿਖੇ ਹੋਈਆਂ, ਵਿਚ ਭਾਗ ਲਿਆ ਅਤੇ ਲੌਂਗ ਜੰਪ ਵਿਚ ਸੱਤਵੇਂ ਸਥਾਨ 'ਤੇ ਰਿਹਾ ਅਤੇ ਟਰਿਪਲ ਜੰਪ ਵਿਚ ਛੇੇਵੇਂ ਸਥਾਨ 'ਤੇ ਆਇਆ। ਸੰਨ 2012 ਵਿਚ ਮਲੇਸ਼ੀਆ ਵਿਚ ਹੋਈਆਂ ਓਪਨ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਲੌਂਗ ਜੰਪ 'ਚੋਂ ਕਾਂਸੀ ਦਾ ਤਗਮਾ ਅਤੇ ਟਰਿਪਲ ਜੰਪ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ।
ਸੰਨ 2014 ਵਿਚ ਟਿਉਨੇਸ਼ੀਆ ਦੇ ਸ਼ਹਿਰ ਟਿਉਨਸ਼ ਵਿਖੇ ਹੋਈ ਆਈ.ਪੀ.ਸੀ. ਅਥਲੈਟਿਕ ਗਰੈਂਡ ਪ੍ਰੈਕਸ ਵਿਚ ਵੀ ਲੌਂਗ ਜੰਪ ਵਿਚ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸੰਨ 2014 ਵਿਚ ਸਾਊਥ ਕੋਰੀਆ ਵਿਚ ਹੋਈ ਏਸ਼ੀਅਨ ਪੈਰਾ ਖੇਡਾਂ ਵਿਚ ਲੌਂਗ ਜੰਪ ਵਿਚੋਂ ਚੌਥੇ ਸਥਾਨ 'ਤੇ ਰਿਹਾ। ਸੰਨ 2015 ਵਿਚ ਆਈ.ਪੀ.ਸੀ. ਅਥਲੈਟਿਕ ਵਰਲਡ ਚੈਂਪੀਅਨਸ਼ਿਪ ਜੋ ਕਤਰ ਦੇਸ਼ ਦੇ ਸ਼ਹਿਰ ਦੋਹਾ ਵਿਖੇ ਹੋਈ, ਵਿਚ ਵੀ ਭਾਗ ਲਿਆ। ਸੰਨ 2017 ਵਿਚ ਚੀਨ ਦੇੇ ਸ਼ਹਿਰ ਬੀਜਿੰਗ ਵਿਚ ਹੋਈ ਵਰਲਡ ਪੈਰਾ ਅਥਲੈਟਿਕ ਗਰੈਂਡ ਪ੍ਰੈਕਸ ਵਿਚ ਵੀ ਤੀਸਰੇ ਸਥਾਨ 'ਤੇ ਰਿਹਾ। ਸੰਨ 2017 ਵਿਚ ਹੀ ਲੰਡਨ ਵਿਖੇ ਹੋਈ ਵਰਲਡ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਵੀ ਉਸ ਨੇ ਭਾਗ ਲੈ ਕੇ ਟਰਿਪਲ ਜੰਪ ਲਗਾ ਕੇ ਪੂਰੇ ਵਿਸ਼ਵ ਵਿਚ ਆਪਣਾ ਪੰਜਵਾਂ ਸਥਾਨ ਬਣਾਇਆ। ਅਮਿੱਤ ਕੁਮਾਰ ਹੁਣ 2018 ਵਿਚ ਏਸ਼ੀਅਨ ਖੇਡਾਂ ਅਤੇ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਦੀ ਤਿਆਰੀ ਵਿਚ ਲੱਗਾ ਹੋਇਆ ਹੈ।
 
Top