ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਕੱਲੀ ਛੱਡ ਕੇ ਨਾ ਜਾਵੀਂ ਸਦਾ ਤੇਰੇ ਨਾਲ ਹੋਵਾਂ
ਤੈਨੂੰ ਨੈਣਾਂ ਚ ਉਤਾਰਾਂ ਬੂਹਾ ਪਲਕਾਂ ਦਾ ਢੋਵਾਂ
ਮੰਗਾਂ ਰੱਬ ਤੋਂ ਦੁਵਾਵਾਂ ਵੱਖ ਕਦੀ ਵੀ ਨਾ ਹੋਵਾਂ
ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਤੂੰ ਹੈ ਮੇਰੀ ਜਿੰਦ ਜਾਨ ਤੇਰੇ ਉੱਤੇ ਬੜਾ ਮਾਣ
ਦਿਲ ਕਦਮਾਂ ਚ’ ਰੱਖਾਂ ਬਣ ਮੇਰਾ ਮਹਿਮਾਨ
ਤੇਰਾ ਕਰਾਂ ਮੈ ਦੀਦਾਰ ਸਦਾ ਰਾਹਾਂ ਚ ਖਲੋਵਾਂ
ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਜਿੰਦ ਤੇਰੇ ਲੇਖੇ ਲਾਈ ਵੇ ਤੂੰ ਤੋੜ ਨਿਭਾਈੰ
ਰੱਬ ਮੰਨ ਲਿਆ ਤੈਨੂੰ ਭੁੱਲੀ ਰੱਬ ਦੀ ਖੁਦਾਈ
ਸਾਰੇ ਦੁੱਖ ਸੁੱਖ ਆਪਣੇ ਮੈ ਤੇਰੇ ਅੱਗੇ ਰੋਵਾਂ
ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਇੱਕ ਪੱਲ ਦਾ ਵਿਛੋੜਾ ਵੀ ਮੈ ਕਦੇ ਨਾ ਸਹਾਰਦੀ
ਜੱਪ ਦੀ ਰਹਾਂ ਮੈ ਮਾਲਾ ਤੇਰੇ ਹੀ ਪਿਆਰ ਦੀ
ਲੱਗੇ ਜਾਵੇ ਨਾ ਨਜਰ ਤੈਨੂੰ ਜਗ ਤੋਂ ਲ੍ਕੋਵਾਂ
ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਦੋ ਜਿਸਮ ਹੈ ਭਾਵੇਂ ਰੂਹਾਂ ਇੱਕ ਹੋ ਕੇ ਪੂਰੀ ਵੇ
ਤੇਰੇ ਤੋਂ ਬਗੈਰ ਮੈ ਤਾਂ ਰਹਾਂਗੀ ਅਧੂਰੀ ਵੇ
ਸਾਹਾਂ ਵਾਲੇ ਧਾਗੇ ਵਿੱਚ ਤੈਨੂੰ ਮੈ ਪਰੋਵਾਂ
ਜਾਨ ਨਿਕਲੇ ਜਦੋਂ ਵੇ ਬਾਹਾਂ ਤੇਰੀਆਂ ਚ’ ਹੋਵਾਂ

ਆਰ.ਬੀ.ਸੋਹਲ
 
Top