ਮਾਂ - ਬੋਲੀ

[JUGRAJ SINGH]

Prime VIP
Staff member
ਮਾਂ ਇੱਕ ਸ਼ਬਦਕੋਸ਼ ਹੈ
ਮਾਂ ਕੋਲ ਬਹੁਤ ਸ਼ਬਦ ਨੇ !
ਮਾਂ ਇੱਕ ਗੀਤ-ਕੋਸ਼ ਹੈ
ਮਾਂ ਕੋਲ ਬਹੁਤ ਗੀਤ ਨੇ !
ਟੱਪੇ , ਢੋਲੇ , ਮਾਹੀਏ ,
ਬੋਲੀਆਂ , ਸਿੱਠਣੀਆਂ ,
ਕੀਰਨੇ , ਵੈਣ , ਬਿਰਹੜੇ ,
ਬਹੁਤ ਕੁੱਝ
ਸਾਂਭੀ ਬੈਠੀ ਹੈ ਮਾਂ !
ਚੁੱਲਾ-ਚੌਂਕਾ , ਕੰਧੋਲੀ ,
ਥਪਨਾ , ਹਾਰਾ ,
ਛਿੱਕੂ , ਬੋਹੀਆ ,
ਗਾਗਰ , ਭੜੋਲੀ , ਮੱਟੀ ,
ਅਟੇਰਨ , ਇੰਨੂ , ਅੱਟਣ ,
ਖੁਰਨੀ , ਟੋਕਰਾ , ਛਾੱਬਾ ਆਦਿ
ਸਾਡੀ ਬੋਲੀ ਦੀ ਝੋਲੀ ਚੋਂ
ਹੌਲੀ ਹੌਲੀ ਕਿਰ ਗਏ ਸ਼ਬਦ ,
ਦਾਦੇ ਮਘਾਉਣਾ
ਪਟਮੈਲੀ ਪੈਣਾ
ਮੰਨੋ ਦੇ ਜਾਣੀ
ਵਰਗੀਆਂ ਮਾਸੂਮ ਗਾਲਾਂ
ਮਾਂ ਅੱਜ ਵੀ
ਚੁੰਨੀ ਲੜ ਬੰਨੀ ਬੈਠੀ ਹੈ !
ਮੈਂ ਅਕਸਰ ਨਿੱਕਾ ਬਾਲ ਬਣ
ਮਾਂ ਦੀ ਚੁੰਨੀ ਦਾ ਲੜ ਖੋਲਦਾ ਹਾਂ
ਤੇ ਡਬਲੀ ਪੈਸਿਆਂ ਦੀ
ਭਾਨ ਵਰਗੇ ਸ਼ਬਦ
ਮੇਰੀ ਮਲਕੀਅਤ ਹੋ ਜਾਂਦੇ ਹਨ !
ਲੋਕ ਕਹਿੰਦੇ ਨੇ
ਹੈਪੀ ਸੰਧੂ
ਪੰਜਾਬੀ ਬਹੁਤ ਵਧੀਆ ਬੋਲਦਾ ਹੈ !
---------------------------------​
 
Top