ਮਾਂ-ਬੋਲੀ ਨੂੰ ਭੁੱਲੋ ਨਾ।

rgxsingh

Elite

ਮਾਂ-ਬੋਲੀ ਨੂੰ ਭੁੱਲ ਜਾਉਗੇ-ਕੱਖਾਂ ਵਾਂਗੂੰ ਰੁਲ ਜਾਉਗੇ
ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼
ਸੱਭਿਅਤਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਮਾਂ-ਬੋਲੀ ਦਾ ਮਹੱਤਵਪੂਰਨ ਸਥਾਨ ਹੈ। ਪਰ ਕੁਝ ਉਹ ਵਿਅਕਤੀ ਜੋ ਜਾਣੇ ਜਾਂ ਅਨਜਾਣੇ, ਚਾਹੇ ਜਾਂ ਅਣਚਾਹੇ ਪ੍ਰਤੱਖ ਜਾਂ ਅਪ੍ਰਤੱਖ ਕਾਰਨਾਂ ਕਰਕੇ ਆਪਣੀ ਮਾਂ-ਬੋਲੀ ਨੂੰ ਭੁੱਲਣ ਦਾ ਯਤਨ ਕਰਦੇ ਹਨ ਜਾਂ ਦੂਜੇ ਸ਼ਬਦਾਂ ਵਿਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਮਾਂ ਦੇ ਦੁੱਧ ਦੀ ਅਹਿਮੀਅਤ ਨੂੰ ਭੁੱਲਣਾ ਚਾਹੁੰਦੇ ਹਨ, ਉਹ ਲੋਕ ਸਹੀ ਅਰਥਾਂ ਵਿਚ ਆਪਣੀ ਕੁੱਖ ਨੂੰ ਹੀ ਭੁੱਲ ਨਹੀਂ ਰਹੇ ਹੁੰਦੇ ਸਗੋਂ ਉਹ ਮਾਂ ਦੀ ਕੁੱਖ ਨੂੰ ਬਦਨਾਮ ਕਰ ਰਹੇ ਹੁੰਦੇ ਹਨ। ਇਸ ਲਈ ਉਹ ਕੌਮਾਂ ਜਿਨ੍ਹਾਂ ਨੂੰ ਮਾਂ ਦੇ ਦੁੱਧ ਦੀ ਕਦਰ ਹੈ, ਜੋ ਸੱਭਿਅਤਾ ਤੇ ਸੱਭਿਆਚਾਰ ਦੇ ਮਹੱਤਵ ਨੂੰ ਸਮਝਦੀਆਂ ਹਨ, ਉਹ ਕਦੇ ਵੀ ਆਪਣੀ ਮਾਂ-ਬੋਲੀ ਨੂੰ ਵਿਸਾਰ ਨਹੀਂ ਸਕਦੀਆਂ ਤੇ ਨਾ ਹੀ ਇਸ ਤੋਂ ਮੁਨਕਰ ਹੋ ਸਕਦੀਆਂ ਹਨ। ਪ੍ਰਸਿੱਧ ਰੂਸੀ ਲੇਖਕ ਰਸੂਲ ਹਮਜ਼ਾਤੋਵ ਨੇ ਆਪਣੀ ਪੁਸਤਕ ‘ਮੇਰਾ ਦਾਗਿਸਤਾਨ’ ਵਿਚ ਮਾਂ-ਬੋਲੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਹੀ ਇਕ ਮਹੱਤਵਪੂਰਨ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਲਿਖਦਾ ਹੈ ਕਿ ਉਸ ਦੀ ਮਾਂ-ਬੋਲੀ ਦਾ ਇਕ ਵਿਅਕਤੀ ਫਰਾਂਸ ਚਲਾ ਜਾਂਦਾ ਹੈ ਅਤੇ ਉਥੇ ਹੀ ਰਹਿਣ ਲਗਦਾ ਹੈ।
ਜਦੋਂ ਲੇਖਕ ਫਰਾਂਸ ਇਕ ਲੇਖਕ ਸੰਮੇਲਨ ਦੇ ਮੌਕੇ ’ਤੇ ਜਾਂਦਾ ਹੈ ਤਾਂ ਫਰਾਂਸ ਵਿਚ ਰਹਿ ਰਹੇ ਵਿਅਕਤੀ ਦੀ ਮਾਂ ਉਸ ਨੂੰ ਆਪਣੇ ਪੁੱਤਰ ਨੂੰ ਮਿਲ ਕੇ ਆਉਣ ਦੀ ਬੇਨਤੀ ਕਰਦੀ ਹੈ ਜੋ ਲੇਖਕ ਪੂਰੀ ਕਰਦਾ ਹੈ ਅਤੇ ਵਾਪਸ ਆ ਕੇ ਖੁਸ਼ੀ-ਖੁਸ਼ੀ ਪੁੱਤਰ ਤੋਂ ਵਿਛੜੀ ਹੋਈ ਮਾਂ ਨੂੰ ਖੁਸ਼ਖ਼ਬਰੀ ਦਿੰਦਾ ਹੈ ਕਿ ਉਸ ਦਾ ਪੁੱਤਰ ਠੀਕ-ਠਾਕ ਹੈ। ਪਰ ਇਸ ਸਮੇਂ ਮਾਂ ਦੀ ਫ਼ਿਕਰ ਇਹ ਸੀ ਕਿ ਉਸ ਦੇ ਪੁੱਤਰ ਨੇ ਫਰਾਂਸ ਵਿਚ ਰਹਿੰਦੇ ਹੋਇਆਂ ਆਪਣੀ ਮਾਂ-ਬੋਲੀ ਨੂੰ ਯਾਦ ਰੱਖਿਆ ਹੈ ਜਾਂ ਨਹੀਂ। ਕੀ ਉਸ ਨੇ ਲੇਖਕ ਨਾਲ ਇਹ ਆਪਣੀ ਮਾਂ-ਬੋਲੀ ਵਿਚ ਗੱਲਾਂ ਕੀਤੀਆਂ ਸਨ ਕਿ ਨਹੀਂ? ਲੇਖਕ ਦੇ ਇਹ ਦੱਸਣ ’ਤੇ ਕਿ ਹੁਣ ਉਸ ਨੂੰ ਆਪਣੀ ਮਾਂ-ਬੋਲੀ ਵਿਸਰ ਚੁੱਕੀ ਹੈ। ਇਹ ਗੱਲ ਸੁਣ ਕੇ ਮਾਂ ਡੌਰ-ਭੌਰ ਹੋ ਜਾਂਦੀ ਹੈ ਅਤੇ ਆਪਣੇ ਸਿਰ ’ਤੇ ਲਏ ਦੁਪੱਟੇ ਨਾਲ ਆਪਣਾ ਮੂੰਹ ਢੱਕ ਲੈਂਦੀ ਹੈ। ਦਾਗਿਸਤਾਨ ਵਿਚ ਮਾਵਾਂ ਅਜਿਹਾ ਉਦੋਂ ਹੀ ਕਰਦੀਆਂ ਹਨ ਜਦੋਂ ਉਨ੍ਹਾਂ ਨੂੰ ਆਪਣੇ ਕਿਸੇ ਪੁੱਤਰ ਦੇ ਮਰਨ ਦੀ ਖ਼ਬਰ ਮਿਲਦੀ ਹੈ। ਇਸ ਘਟਨਾ ਵਿਚ ਸੁਚੇਤ ਕੌਮਾਂ ਲਈ ਮਾਂ-ਬੋਲੀ ਦਾ ਮਹੱਤਵ ਲੁਕਿਆ ਹੋਇਆ ਹੈ। ਇਸੇ ਤਰ੍ਹਾਂ ਰਸੂਲ ਹਮਜ਼ਾਤੋਵ ਇਕ ਹੋਰ ਥਾਂ ’ਤੇ ਲਿਖਦਾ ਹੈ ਕਿ ਸਾਡੇ ਭਾਈਚਾਰੇ ਵਿਚ ਜੇ ਕਿਸੇ ਵਿਅਕਤੀ ਨੂੰ ਵੱਡੀ ਤੋਂ ਵੱਡੀ ਗਾਹਲ ਕੱਢਣੀ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਜਾ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ। ਇਸੇ ਲਈ ਇਹ ਕਿਹਾ ਜਾਂਦਾ ਹੈ ਕਿ ਸਨਮਾਨ ਭਰਪੂਰ ਜੀਵਨ ਜਿਊਣ ਵਾਲੀਆਂ ਕੌਮਾਂ ਆਪਣੇ ਗੌਰਵਮਈ ਵਿਰਸੇ ਨੂੰ ਸੰਭਾਲਦੀਆਂ ਹੋਈਆਂ ਆਪਣੀ ਮਾਂ-ਬੋਲੀ ਲਈ ਹਮੇਸ਼ਾ ਹੀ ਸੁਹਿਰਦ ਰਹਿੰਦੀਆਂ ਹਨ ਅਤੇ ਇਸ ਦੇ ਪ੍ਰਚਾਰ ਤੇ ਪਸਾਰ ਲਈ ਯਤਨਸ਼ੀਲ ਰਹਿੰਦੀਆਂ ਹਨ।
ਪਰ ਬਦਕਿਸਮਤੀ ਨਾਲ ਪੰਜਾਬੀ ਕੌਮ ਜੋ ਆਪਣੇ-ਆਪ ਵਿਚ ਪੰਜਾਬੀ ਕਹਿਲਾਉਣ ਵਿਚ ਤਾਂ ਗੌਰਵ ਮਹਿਸੂਸ ਕਰਦੀ ਹੈ, ਪਰ ਮਾਂ-ਬੋਲੀ ਪ੍ਰਤੀ ਸੁਚੇਤ ਨਹੀਂ ਹੈ। ਧਾਰਮਿਕ, ਰਾਜਨੀਤਕ ਕਾਰਨਾਂ ਦੇ ਪ੍ਰਭਾਵ ਅਧੀਨ ਪੰਜਾਬੀ ਆਪਣੀ ਮਾਂ-ਬੋਲੀ ਤੋਂ ਮੁਨਕਰ ਹੁੰਦੇ ਰਹੇ ਹਨ ਅਤੇ ਮੌਜੂਦਾ ਸਥਿਤੀ ਵਿਚ ਕੇਵਲ ਮਾਂ-ਬੋਲੀ ਦੀ ਅਹਿਮੀਅਤ ਨੂੰ ਨਾ ਸਮਝਦੇ ਹੋਏ ਦੂਜੀਆਂ ਭਾਸ਼ਾਵਾਂ ਦਾ ਆਸਰਾ ਲੈਣ ਦੀ ਰੁਚੀ ਤੇਜ਼ੀ ਨਾਲ ਪਸਰ ਰਹੀ ਹੈ। ਪੰਜਾਬੀਆਂ ਵਿਚ ਆਮ ਰੁਚੀ ਪੈਦਾ ਹੋ ਰਹੀ ਹੈ ਕਿ ਉਹ ਮਾਂ-ਬੋਲੀ ਪ੍ਰਤੀ ਹੀਣਤਾ ਦਾ ਪ੍ਰਗਟਾਵਾ ਕਰਦੇ ਹੋਏ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਬੱਚਿਆਂ ਨਾਲ ਗੱਲਬਾਤ ਦਾ ਮਾਧਿਅਮ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਪੰਜਾਬੀ ਭਾਸ਼ਾ ਪ੍ਰਤੀ ਪਰਿਵਾਰਕ ਪੱਧਰ ’ਤੇ ਦਿਖਾਇਆ ਜਾ ਰਿਹਾ ਅਵੇਸਲਾਪਨ ਮਾਂ-ਬੋਲੀ ਪ੍ਰਤੀ ਬੇਵਫ਼ਾਈ ਦਾ ਵੱਡਾ ਸਬੂਤ ਹੈ। ਪਰ ਪ੍ਰਸ਼ਾਸਨਿਕ ਅਤੇ ਸਿੱਖਿਆ ਪੱਧਰ ’ਤੇ ਵੀ ਪੰਜਾਬੀ ਬੋਲੀ ਪ੍ਰਤੀ ਪੰਜਾਬ ਦੀਆਂ ਬਹੁਤੀਆਂ ਸਰਕਾਰਾਂ ਨੇ ਸੁਹਿਰਦਤਾ ਦਾ ਪ੍ਰਗਟਾਵਾ ਨਹੀਂ ਕੀਤਾ। ਮੌਜੂਦਾ ਪੰਜਾਬ ਅਸਲ ਵਿਚ ¦ਗੜਾ ਹੈ ਕਿਉਂਕਿ ਇਸ ਵਿਚੋਂ ਕਾਫੀ ਜ਼ਿਆਦਾ ਪੰਜਾਬੀ ਬੋਲਦੇ ਇਲਾਕਿਆਂ ਨੂੰ ਬਾਹਰ ਰੱਖਿਆ ਗਿਆ ਹੈ। ਪਰ ਮੌਜੂਦਾ ਪੰਜਾਬ ਨਿਰੋਲ ਪੰਜਾਬੀ ਬੋਲਦਾ ਪ੍ਰਾਂਤ ਹੈ। ਇਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਪਰ ਪੰਜਾਬ ’ਚ 1966 ਤੋਂ ਹੀ ਆਈਆਂ ਕਾਂਗਰਸੀ ਤੇ ਅਕਾਲੀ ਸਰਕਾਰਾਂ ਨੇ ਪੰਜਾਬ ਦੇ ਹਿਤਾਂ ਦੀ ਬਣਦੀ ਸੁਰੱਖਿਆ ਨਹੀਂ ਕੀਤੀ। 1966 ਤੋਂ 2008 ਤੱਕ ਪੰਜਾਬੀ ਨੂੰ ਅਮਲੀ ਰੂਪ ’ਚ ਰਾਜ ਭਾਸ਼ਾ ਬਣਾਉਣ ਦਾ ਕਾਰਨ ਸਿਰੇ ਨਹੀਂ ਚੜ੍ਹਿਆ। ਸੰਨ 2008 ਵਿਚ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਤੇ ਵਿਰੋਧੀ ਧਿਰ ਕਾਂਗਰਸ ਨੇ ਸਰਬਸੰਮਤੀ ਨਾਲ ਵਿਧਾਨ ਸਭਾ ਵਿਚ ਪੰਜਾਬੀ ਨੂੰ ਰਾਜ ਭਾਸ਼ਾ ਪ੍ਰਵਾਨ ਕਰਦੇ ਹੋਏ, ਇਸ ਨੂੰ ਸਹੀ ਰੂਪ ਵਿਚ ਸਕੂਲੀ ਸਿੱਖਿਆ ਤੇ ਪ੍ਰਸ਼ਾਸਨ ਦੇ ਖੇਤਰ ਵਿਚ ਇਸ ਨੂੰ ਲਾਜ਼ਮੀ ਬਣਾਉਣ ਦਾ ਯਤਨ ਕੀਤਾ। ਉਸ ਸਮੇਂ ਪੰਜਾਬੀ ਦੀ ਵਰਤੋਂ ਲਈ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਗਏ ਪਰ ਕੁਝ ਇਕ ਮਹੀਨਿਆਂ ਬਾਅਦ ਵੀ ਇਸ ਨੂੰ ਸਹੀ ਰੂਪ ਵਿਚ ਲਾਗੂ ਕਰਵਾਉਣ ਲਈ ਸਜ਼ਾ ਦੀ ਮੱਦ ਨੂੰ ਅਸਪੱਸ਼ਟ ਹੀ ਰਹਿਣ ਦਿੱਤਾ ਗਿਆ। ਇਸ ਕਾਰਨ ਹੀ ਨਵਾਂ ਪੰਜਾਬੀ ਭਾਸ਼ਾ ਐਕਟ ਇਕ ਵਾਰ ਫਿਰ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਧਤਾ ਦੀ ਘਾਟ ਦਾ ਹੀ ਇਕ ਨਮੂਨਾ ਬਣ ਕੇ ਸਾਡੇ ਸਾਹਮਣੇ ਹੈ। ਇਕ ਪਾਸੇ ਜਿਥੇ ਪੰਜਾਬੀ ਨੂੰ ਪੰਜਾਬ ਦੇ ਬਹੁਗਿਣਤੀ ਸਕੂਲਾਂ ਵਿਚ ਦੂਜੇ ਪੱਧਰ ਦਾ ਸਥਾਨ ਮਿਲ ਰਿਹਾ ਹੈ, ਉਥੇ ਪੰਜਾਬ ਸਰਕਾਰ ਪੰਜਾਬੀ ਦੇ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ ਵੱਲ ਰੁਚਿਤ ਨਹੀਂ ਹੋ ਰਹੀ। ਸਰਕਾਰ ਪੰਜਾਬੀ ਦੇ ਵਿਕਾਸ ਲਈ ਨਾ ਤਾਂ ਆਰਥਿਕ ਸਹਾਇਤਾ ਦੇਣ ਦੀ ਰੁਚੀ ਦਾ ਪ੍ਰਗਟਾਵਾ ਕਰਦੀ ਹੈ ਅਤੇ ਨਾ ਹੀ ਵਿਉਂਤਬੱਧ ਢੰਗ ਨਾਲ ਵਿਕਾਸ ਦੀ ਕੋਈ ਨੀਤੀ ਹੀ ਬਣਾਉਣ ਲਈ ਸੰਜੀਦਗੀ ਦਾ ਪ੍ਰਗਟਾਵਾ ਕਰਦੀ ਹੈ। ਇਸ ਸਥਿਤੀ ਵਿਚ ਪੰਜਾਬ ਵਿਚ ਹੀ ਪੰਜਾਬੀ ਨਾਲ ਵਿਤਕਰਾ ਹੋ ਰਿਹਾ ਹੈ। ਅਸਲ ਵਿਚ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਸੰਜੀਦਗੀ ਦਾ ਪ੍ਰਗਟਾਵਾ ਕਰਦੇ ਹੋਏ, ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਜਥੇਬੰਦਕ ਪੱਧਰ ’ਤੇ ਕਾਰਜਸ਼ੀਲ ਹੋਣ ਦੀ ਲੋੜ ਹੈ। ਇਸ ਸਬੰਧੀ ਸਰਕਾਰ ’ਤੇ ਟੇਕ ਰੱਖਣੀ ਵੀ ਅਪ੍ਰਸੰਗਿਕ ਪ੍ਰਤੀਤ ਹੁੰਦੀ ਹੈ ਕਿਉਂਕਿ ਰਾਜਨੀਤਕ ਪਾਰਟੀਆਂ ਦੀ ਪਹਿਲ ਵਿਚ ਪੰਜਾਬੀ ਭਾਸ਼ਾ ਦੀ ਕੋਈ ਅਹਿਮੀਅਤ ਨਹੀਂ ਇਸ ਲਈ ਪੰਜਾਬੀ ਮਾਂ-ਬੋਲੀ ਲਈ ਆਮ ਲੋਕਾਂ ਰਾਹੀਂ ਹੀ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ। ਅੱਜ ਦੇ ਦਿਨ ਇਹ ਅਹਿਦ ਹੀ ਸਹੀ ਅਰਥਾਂ ਵਿਚ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਸਮਝਿਆ ਜਾ ਸਕਦਾ ਹੈ।

ਸ. ਪ. ਸਿੰਘ
-ਸਾਬਕਾ ਉਪ-ਕੁਲਪਤੀ,
ਗੁਰੂ ਨਾਨਕ ਦੇਵ ਯੂਨੀਵਰਸਿਟੀ।
source: Ajitjalandhar.com​
 
Top