ਮਾਂ-ਬੋਲੀ ਪੰਜਾਬੀ

grewalsandy

Jatt Jalandhary
ਦੇਸਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਨਾਂ ਸੁਨੇਹਾ...
ਪੰਜਾਬੀਓ! ਮਾਂ-ਬੋਲੀ ਪੰਜਾਬੀ ਨੂੰ ਕਿਤੇ ਭੁੱਲ ਨਾ ਜਾਇਓ!

ਐ ਪੰਜਾਬੀਓ! ਪੰਜਾਬੀ ਬੋਲੀ ਸਾਡੀ ਪੰਜਾਬੀਆਂ ਦੀ ਮਾਂ-ਬੋਲੀ ਹੈ।ਇਨਸਾਨ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ਵਿੱਚ ਲੋਰੀਆਂ ਸੁਣਦੇ, ਜਿਸ ਬੋਲੀ ਵਿੱਚ ਸੋਚਦੇ ਤੇ ਆਪਣੀ ਤੋਤਲੀ ਜ਼ਬਾਨ ਨਾਲ ਬੋਲਣਾ ਸਿਖਦੇ ਹਨ ਅਤੇ ਮਾਂ ਤੇ ਘਰ ਦੇ ਹੋਰ ਜੀਆਂ ਤੋਂ ਝਿੜਕਾਂ ਖਾਂਦੇ, ਉਹੀ ਮਾਂ-ਬੋਲੀ ਅਖਵਾਉਂਦੀ ਹੈ।

ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਉਸੇਤਰ੍ਹਾਂ ਸੰਸਾਰ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਦਾ ਸਥਾਨ ਨਹੀਂ ਦੇ ਸਕਦੇ। ਹੋਰ ਇਸਤਰੀ ਦਾਦੀ, ਨਾਨੀ, ਚਾਚੀ, ਤਾਈ, ਭੂਆ, ਮਾਸੀ, ਆਂਟੀ ਆਦਿ ਤਾਂ ਹੋ ਸਕਦੀ ਹੈ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ।ਹੋਰ ਕਈ ਔਰਤ ਆਪਣੀ ਮਾਂ ਨਾਲੋਂ ਸੁਹਣੀ ਹੋਵੇ, ਅਮੀਰ ਹੋਵੇ, ਪੜ੍ਹੀ-ਲਿਖੀ ਹੋਵੇ, ਪਰ ਕਦੇ ਮਾਂ ਨਹੀਂ ਬਣ ਸਕਦੀ। ਮਾਂ, ਮਾਂ ਹੀ ਹੁੰਦੀ ਹੈ । ਕੋਈ ਆਪਣੀ ਮਾਂ ਨੂੰ ਘਰੋਂ ਕੱਢਕੇ ਉਸ ਇਸਤਰੀ ਨੂੰ ਮਾਂ ਦੀ ਥਾਂ ਤੇ ਨਹੀਂ ਬਿਠਾ ਲੈਂਦਾ ਕਿਉਂਕਿ ਮਾਂ ਦੀ ਮਮਤਾ ਤੇ ਪਿਆਰ ਦਾ ਨਿੱਘ ਕਿਸੇ ਹੋਰ ਤੋਂ ਨਹੀਂ ਮਿਲ ਸਕਦਾ। ਆਪਣੀ ਮਾਂ ਆਪਣੀ ਹੀ ਹੁੰਦੀ ਹੈ। ਇੱਕ ਪੰਜਾਬੀ ਗੀਤਕਾਰ ਲਿਖਦਾ ਹੈ-

‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ...

ਆਓ ਪੰਜਾਬੀਓ! ਆਪਣੀ ਮਾਂ ਤੇ ਮਾਣ ਕਰਨਾ ਸਿੱਖੀਏ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ (ਜਨਮ-ਦਾਤੀ) ਹੀ ਨਹੀਂ ਹੁੰਦੀ ਸਗੋਂ ਉਸਦੀ ਪਹਿਲੀ ਅਧਿਆਪਕ (ਵਿੱਦਿਆ –ਦਾਤੀ) ਭਾਵ ਸਿਖਿਆ ਦੇਣ ਵਾਲੀ ਵੀ ਹੁੰਦੀ ਹੈ।ਮਾਂ ਹੀ ਬੱਚੇ ਦੀ ਸਾਂਝ ਸੰਸਾਰ ਨਾਲ ਪੁਆਉਂਦੀ ਹੈ। ਉਸਨੂੰ ਬੋਲਣਾ, ਤੁਰਨਾ, ਖਾਣਾ-ਪੀਣਾ ਆਦਿ ਸਿਖਾਉਂਦੀ ਹੈ ਤੇ ਹੋਰ ਰਿਸ਼ਤਿਆਂ ਦੀ ਪਛਾਣ ਕਰਵਾਉਂਦੀ ਹੈ। ਇਤਨਾ ਹੀ ਨਹੀਂ ਜਦੋਂ ਬੱਚਾ ਮਾਂ ਦੇ ਗਰਭ ਵਿੱਚ ਪਲ ਰਿਹਾ ਹੁੰਦਾ ਹੈ ਤਾਂ ਵੀ ਉਹ ਮਾਂ ਦਾ ਪ੍ਰਭਾਵ ਕਬੂਲਦਾ ਹੈ ਅਤੇ ਇਹ ਪ੍ਰਕਿਰਿਆ ਮਾਂ ਦੇ ਅੰਤਿਮ ਸਵਾਸਾਂ ਤੱਕ ਚਲਦੀ ਰਹਿੰਦੀ ਹੈ। ਬੱਚੇ ਦੀਆਂ ਭਾਵਨਾਵਾਂ (ਡੲੲਲਨਿਗਸ) ਨੂੰ ਮਾਂ ਹੀ ਸਭ ਤੋਂ ਵੱਧ ਸਮਝਦੀ ਹੈ ਤੇ ਉਸਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਮਾਂ ਦੀ ਤਰ੍ਹਾਂ ਹੀ ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ।

ਡਾ. ਟੀ. ਆਰ ਸ਼ਰਮਾ ਅਨੁਸਾਰ ‘ਮਾਤ-ਭਾਸ਼ਾ (ਮਾਂ-ਬੋਲੀ) ਰਾਹੀਂ ਬੱਚੇ ਆਪਣੇ ਵਿਚਾਰਾਂ, ਆਪਣੀਆਂ ਲੋੜਾਂ, ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਸਿਰਜਣਾਤਮਿਕਤਾ, ਮੌਲਿਕਤਾ ਦੀ ਗਵਾਹੀ ਦਿੰਦੇ ਹਨ, ਹੋਰਨਾਂ ਦੀਆਂ ਸੁਣਦੇ ਹਨ ਤੇ ਆਪਣੀਆਂ ਸੁਣਾਉਂਦੇ ਹਨ ਅਤੇ ਆਪਣਾ ਮਾਨਸਿਕ, ਸਮਾਜਿਕ ਤੇ ਭਾਵਾਤਮਿਕ ਵਿਕਾਸ ਕਰਦੇ ਹਨ।’ ਮਾਤ ਭਾਸ਼ਾ ਦਿਵਸ ਦੇ ਮੌਕੇ ਤੇ ਡਾ. ਤ੍ਰਿਲੋਕ ਸਿੰਘ ਅਨੰਦ ਨੇ ‘ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ’ ਵਿਸ਼ੇ ਤੇ ਬੋਲਦਿਆਂ ਕਿਹਾ, ‘ਅਸਲ ਵਿੱਚ ਮਾਤ-ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸਦੀ ਹੋਂਦ ਅਤੇ ਉਸਦੇ ਜੀਉਂਦੇ ਰਹਿਣ ਦੀ ਗਵਾਹੀ ਹੈ। ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ, ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਹੈ ਅਤੇ ਇਹੋ ਮਾਤ ਭਾਸ਼ਾ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਨਾਲ ਵਿਚਰਦੀ ਹੈ ਅਤੇ ਮਨੁੱਖ ਮਾਤ ਭਾਸ਼ਾ ਵਿੱਚ ਹੀ ਆਪਣੇ ਅਤਿ ਸੂਖਮ, ਮੁੱਢਲੇ, ਹਾਰਦਿਕ ਵਲਵਲਿਆਂ ਜ਼ਜ਼ਬਾਤਾਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਕਰਦਾ ਹੈ।’

ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਉਸਦੇ ਆਪਣੇ ਵਿਰਸੇ (ਹੲਰਟਿੳਗੲ) ਤੇ ਉਸਦੀਆਂ ਜੜ੍ਹਾਂ (ਰੋਟਸ)ਤੋਂ ਵੱਖ ਕਰਨਾ ਹੋਵੇ ਤਾਂ ਉਸ ਕੋਲੋਂ ਉਸਦੀ ਮਾਂ-ਬੋਲੀ ਖੋਹ ਲਵੋ, ਉਹ ਹੌਲੀ ਹੌਲੀ ਆਪੇ ਹੀ ਆਪਣੀ ਪਛਾਣ ਭੁੱਲ ਜਾਵੇਗਾ। ਐ ਪੰਜਾਬੀਓ! ਕੀ ਆਪਾਂ ਅਜਿਹਾ ਚਾਹੁੰਦੇ ਹਾਂ? ਜੇ ਉੱਤਰ ਨਾਂਹ ਵਿੱਚ ਹੈ ਤਾਂ ਆਓ, ਆਪਣੀ ਮਾਂ-ਬੋਲੀ ਪੰਜਾਬੀ ਨੂੰ ਮਾਂ ਵਾਲਾ ਪਿਆਰ, ਸਤਿਕਾਰ, ਸਥਾਨ ਤੇ ਦਰਜਾ ਦੇਈਏ। ਆਪ ਪੰਜਾਬੀ ਬੋਲੀਏ, ਪੰਜਾਬੀ ਪੜ੍ਹੀਏ, ਪੰਜਾਬੀ ਲਿਖੀਏ ਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਈਏ। ਕਿਸੇ ਨੇ ਕਿਆ ਖੂਬ ਆਖਿਆ ਹੈ-
‘ਮਾਂ-ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁਲ ਜਾਓਗੇ।’

ਅਜਿਹੇ ਪੰਜਾਬੀਆਂ ਵੱਲੋਂ ਆਪਣੀ ਮਾਂ-ਬੋਲੀ ਪੰਜਾਬੀ ਨਾਲ ਕੀਤੇ ਗਏ ਮਾੜੇ ਵਰਤਾਓ ਦਾ ਦਰਦ ਫਿਰੋਜ਼ਦੀਨ ਸ਼ਰਫ ਦੀਆਂ ਇਨ੍ਹਾਂ ਸਤਰਾਂ ਤੋਂ ਸਪਸ਼ਟ ਝਲਕਦਾ ਹੈ-

‘ਪੁੱਛੀ ਸ਼ਰਫ਼ ਨਾ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।’

ਅਜੋਕੇ ਯੁਗ ਵਿੱਚ ਕਈ ਪੜ੍ਹੇ-ਲਿਖੇ ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਤਾਂ ਗਵਾਰਾਂ ਦੀ ਬੋਲੀ ਹੈ, ਜੇ ਉਹ ਪੰਜਾਬੀ ਵਿੱਚ ਗੱਲ-ਬਾਤ ਕਰਨਗੇ ਤਾਂ ਗਵਾਰ ਤੇ ਅਨਪੜ੍ਹ ਸਮਝੇ ਜਾਣਗੇ। ਇਸੇ ਗਲਤ-ਫ਼ਹਿਮੀ ਦਾ ਸ਼ਿਕਾਰ ਹੋ ਕੇ ਉਹ ਘਰ ਪਰਵਾਰ ਵਿੱਚ ਵੀ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਹਨ। ਉਹ ਪੰਜਾਬੀ ਵਿੱਚ ਗੱਲ-ਬਾਤ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ ਇਸ ਲਈ ਬੱਚਿਆਂ ਨੂੰ ਵੀ ਅੰਗਰੇਜ਼ੀ ਬੋਲਣ ਲਈ ਉਤਸ਼ਾਹਿਤ ਕਰਦੇ ਹਨ। ਅਜਿਹੇ ਅਖੌਤੀ ਪੰਜਾਬੀਆਂ ਨੂੰ ਪੁੱਛੀਏ ਕਿ ਜਿਸ ਪੰਜਾਬੀ ਭਾਸ਼ਾ ਵਿੱਚ ਗੁਰੂ ਸਾਹਿਬਾਨਾਂ ਤੇ ਹੋਰ ਭਗਤਾਂ ਨੇ ਇਲਾਹੀ ਬਾਣੀ ਦੀ ਰਚੀ ਹੈ ਕੀ ਉਹ ਗਵਾਰੂ ਹੋ ਸਕਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਆਪਣਾ ਗੁਰੂ ਸਵੀਕਾਰ ਕਰਦੇ ਹਾਂ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਵਿੱਚ ਹੈ।

ਨਿਰਸੰਦੇਹ, ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫੀ ਸੰਤ ਫਰੀਦ ਜੀ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ। ਸਮਰੱਥ ਮਾਂ-ਬੋਲੀ ਪੰਜਾਬੀ ਵਿੱਚ ਹੀ, ‘ਇਸ਼ਕ ਹਕੀਕੀ’ ਦੀਆਂ ਗੂੜ੍ਹੀਆਂ ਰਮਜ਼ਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ। ਵਾਰਿਸ ਸ਼ਾਹ, ਹਾਸਿਮ ਸ਼ਾਹ, ਦਮੋਦਰ ਤੇ ਪੀਲੂ ਆਦਿ ਕਿੱਸਾਕਾਰਾਂ ਨੇ ਪੰਜਾਬੀ ਭਾਸ਼ਾ ਰਾਹੀਂ ਹੀ ਅਜਿਹੀਆਂ ਕਾਵਿ ਰਚਨਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਲੋਕ ਵਜ਼ਦ ਦੀ ਹਾਲਤ ਵਿੱਚ ਜਾ ਪਹੁੰਚਦੇ ਹਨ। ਇਤਨਾ ਹੀ ਨਹੀਂ, ਪੰਜਾਬੀ ਲੋਕ-ਗੀਤ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਪੰਜਾਬੀ ਫਿਲਮਾਂ, ਪੰਜਾਬੀ ਗਾਣੇ, ਪੰਜਾਬੀ ਅਖੌਤਾਂ ਤੇ ਮੁਹਾਵਰੇ, ਪੰਜਾਬੀ ਬੁਝਾਰਤਾਂ ਆਦਿ ਵੀ ਪੰਜਾਬੀ ਬੋਲੀ ਵਿੱਚ ਹਨ ਜਿਨ੍ਹਾਂ ਨੂੰ ਸਮਝਣ ਲਈ ਮਾਂ-ਬੋਲੀ ਪੰਜਾਬੀ ਆਉਣੀ ਲਾਜ਼ਮੀ ਹੈ।

ਐ ਪੰਜਾਬੀਓ! ਮਾਣ ਨਾਲ ਕਹੋ- ‘ਅਸੀਂ ਹਾਂ ਪੰਜਾਬੀ ਤੇ ਪੰਜਾਬੀ ਸਾਡੀ ਬੋਲੀ ਹੈ’, ਫਖ਼ਰ ਨਾਲ ਕਹੋ- ਸਾਡੀ ਮਾਂ-ਬੋਲੀ ਪੰਜਾਬੀ ਹੈ, ਮਾਖਿਓਂ ਮਿੱਠੀ ਬੋਲੀ। ਕਦੀ ਵੀ ਪੰਜਾਬੀ ਬੋਲਣ ਵਿੱਚ ਸ਼ਰਮਿੰਦੇ ਹੋਣ ਜਾਂ ਸ਼ਰਮਿੰਦਗੀ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਜੀ ਸਦਕੇ ਅਸੀਂ ਹੋਰ ਭਾਸ਼ਾਵਾਂ ਜਿਵੇਂ ਹਿੰਦੀ, ਅੰਗਰੇਜੀ, ਫਰੈਂਚ, ਫਾਰਸੀ, ਚੀਨੀ, ਸਪੈਨਿਸ਼, ਆਦਿ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਬਹੁਤ ਵਧੀਆ ਹਨ। ਅਸੀਂ ਜਿੰਨੀਆਂ ਵੀ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਾਂਗੇ, ਸਾਡਾ ਓਨਾ ਗਿਆਨ ਵਧੇਗਾ ਪਰ ਇੱਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਇੱਕ ਅਜਿਹਾ ਵਸੀਲਾ ਹੈ ਜੋ ਸਾਨੂੰ ਸਾਡੇ ਵਿਰਸੇ, ਸਭਿਆਚਾਰ, ਇਤਿਹਾਸ ਤੇ ਮੂਲ ਨਾਲ ਜੋੜਨ ਦੇ ਸਮਰੱਥ ਹੈ।

ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਮੇਰਾ ਵਿਸ਼ੇਸ਼ ਤੌਰ ਤੇ ਸੁਨੇਹਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੀਆਂ ਜੜ੍ਹਾਂ, ਆਪਣੇ ਪੰਜਾਬੀ ਵਿਰਸੇ ਤੇ ਸਭਿਆਚਾਰ ਤੋਂ ਦੂਰ ਨਾ ਹੋਣ ਤਾਂ ਤੁਹਾਡਾ ਮਾਪਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬੋਲਣ, ਸਮਝਣ, ਪੜ੍ਹਨ ਤੇ ਲਿਖਣ ਦੇ ਯੋਗ ਬਣਾਓ। ਮੈਂ ਆਪਣੇ ਵੀਰਾਂ, ਭੈਣਾਂ ਤੇ ਬੱਚੇ-ਬੱਚੀਆਂ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ, ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਕੀਮਤੀ ਖਜ਼ਾਨੇ ਨੂੰ ਜਿੰਦਰਾ ਮਾਰ ਕੇ ਨਾ ਰੱਖਣ ਸਗੋਂ ਵਿਰਾਸਤ ਸਮਝ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ। ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ ਦਾ ਸਮਾਂ ਜਰੂਰ ਕੱਢਿਆ ਕਰਨ। ਜੇ ਕਿਸੇ ਸੰਸਥਾ ਵੱਲੋਂ ਪੰਜਾਬੀ ਸਿਖਾਉਣ ਦਾ ਉਪਰਾਲਾ ਕੀਤਾ ਹੋਵੇ ਉਸ ਦਾ ਜ਼ਰੂਰ ਲਾਭ ਉਠਾਉਣ। ਇਸਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਜਦੋਂ ਕਦੀ ਵੀ ਤੁਹਾਡੇ ਬੱਚਿਆਂ ਨੂੰ ਇੰਡੀਆ ਆਉਣ ਦਾ ਮੌਕਾ ਮਿਲੇਗਾ ਤਾਂ ਉਹ ਆਪਣੇ ਨਾਨਕਿਆਂ, ਦਾਦਕਿਆਂ ਵਿੱਚ ਅਨਪੜ੍ਹ ਨਹੀਂ ਲੱਗਣਗੇ। ਇਨ੍ਹਾਂ ਨੂੰ ਆਪਣੇ ਪੰਜਾਬੀ ਰਿਸ਼ਤੇਦਾਰਾਂ ਦੇ ਮਜ਼ਾਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਗੱਲ ਮੈਂ ਤਜਰਬੇ ਦੇ ਅਧਾਰ ਤੇ ਦੱਸਦੀ ਹਾਂ ਕਿ ਜਦੋਂ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਪੰਜਾਬੀਆਂ ਦੇ ਬੱਚੇ ਪੰਜਾਬ (ਇੰਡੀਆ) ਆਉਂਦੇ ਹਨ ਤਾਂ ਨਾ ਤੇ ਉਹ ਆਪਣੀ ਗੱਲ ਸਮਝਾ ਸਕਦੇ ਹਨ ਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਦੀ ਕੋਈ ਗੱਲ ਸਮਝ ਸਕਦੇ ਹਨ। ਬੇਸ਼ਕ ਉਹ ਅੰਗਰੇਜੀ ਤਾਂ ਪਟਰ-ਪਟਰ (ਡਲੁੲਨਟਲੇ) ਬੋਲਦੇ ਹਨ ਪਰ ਪੰਜਾਬੀ ਤੋਂ ਜਾਣੂ ਨਾ ਹੋਣ ਕਰਕੇ ਬਿਟਰ-ਬਿਟਰ ਵੇਖਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦੇ ਹਨ। ਇਤਨਾ ਹੀ ਨਹੀਂ ਉਹ ਆਪਣੇ ਪਿਆਰੇ ਦਾਦੇ-ਦਾਦੀ, ਨਾਨੇ-ਨਾਨੀ ਦੀਆਂ ਮਿੱਠੀਆਂ-ਮਿੱਠੀਆਂ, ਮੋਹ-ਭਰੀਆਂ ਤੇ ਸਿਆਣਪ ਵਾਲੀਆਂ ਗੱਲਾਂ ਸੁਣਨ ਤੇ ਸਮਝਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਵਰਤਾਰੇ ਲਈ ਉਹ ਮਾਪਿਆਂ ਨੂੰ ਹੀ ਕਸੂਰਵਾਰ ਜਾਂ ਜ਼ਿੰਮੇਵਾਰ ਮੰਨਦੇ ਹਨ। ਇਸ ਲਈ ਆਓ ਪੰਜਾਬੀ ਮਾਪਿਓ! ਆਪਣਾ ਫਰਜ਼ ਨਿਭਾਈਏ ਤੇ ਆਪਣੀ ਮਾਂ ਬੋਲੀ ਨਾਲ ਆਪਣੀ ਔਲਾਦ ਨੂੰ ਜੋੜੀਏ।

ਪੰਜਾਬੀਆਂ ਦੀ ਤਾਂ ਇਹ ਵਿਸ਼ੇਸ਼ਤਾ ਹੈ ਕਿ ਬੇਸ਼ਕ ਉਹ ਰੋਜ਼ੀ-ਰੋਟੀ ਦੀ ਖਾਤਿਰ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਗਏ ਹਨ, ਉਨ੍ਹਾਂ ਨੇ ਆਪਣੀ ਮਿਹਨਤ ਦਾ ਸਦਕਾ ਉਸ ਦੇਸ਼ ਦੀ ਖੁਸ਼ਹਾਲੀ ਵਿੱਚ ਭਰਪੂਰ ਯੋਗਦਾਨ ਪਾਇਆ ਹੈ ਤੇ ਨਾਮਣਾ ਖੱਟਿਆ ਹੈ। ਪਰ ਇਨ੍ਹਾਂ ਪੰਜਾਬੀਆਂ ਸੰਬੰਧੀ ਵਿਸ਼ੇਸ਼ ਗੱਲ ਇਹ ਵੀ ਹੈ ਕਿ ਆਪਣੇ ਘਰ ਤੋਂ ਸੈਂਕੜੇ-ਹਜ਼ਾਰਾਂ ਮੀਲ ਦੂਰ ਜਾ ਕੇ ਵੀ ਉਹ ਆਪਣੇ ਪੰਜਾਬੀ ਵਿਰਸੇ ਨੂੰ ਨਹੀਂ ਭੁਲਦੇ।

ਮਾਂ-ਬੋਲੀ ਨਾਲ ਪਿਆਰ ਹੋਰ ਗੂੜ੍ਹਾ ਹੋਵੇ-

ਆਪਣੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਾ ਵਿਅਕਤੀ ਹੀ ਸਹੀ ਅਰਥਾਂ ਵਿੱਚ ਆਪਣੇ-ਆਪ ਨਾਲ, ਆਪਣੇ ਘਰ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਕਰ ਸਕਦਾ ਹੈ। ਮਾਂ-ਬੋਲੀ ਨਾਲ ਮਤਰੇਆ ਸਲੂਕ ਕਰਨ ਵਾਲਾ ਵਿਅਕਤੀ ਹਮੇਸ਼ਾਂ ਹੀ ਦੂਜਿਆਂ ਵੱਲੋਂ ਮਤਰੇਏ ਸਲੂਕ ਦਾ ਪਾਤਰ ਹੀ ਬਣਦਾ ਹੈ।

ਮਾਂ-ਬੋਲੀ ਕਿਸਨੂੰ ਕਹਿੰਦੇ ਹਨ? ਇਨਸਾਨ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ਵਿੱਚ ਲੋਰੀਆਂ ਸੁਣਦੈ, ਮਾਂ ਤੋਂ ਝਿੜਕਾਂ ਖਾਂਦੈ, ਜਿਸ ਬੋਲੀ ਵਿੱਚ ਇਨਸਾਨ ਸੋਚਦੈ ਜਾਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਜਿਹੜੀ ਬੋਲੀ ਬੋਲਦੈ, ਉਹ ਮਾਂ ਬੋਲੀ ਅਖਵਾਉਂਦੀ ਹੈ।

ਅਜੋਕੇ ਸਮੇਂ ਵਿੱਚ ਇਲੈਕਟ੍ਰੌਨਿਕ ਮੀਡੀਆ, ਪੱਛਮੀ ਸਭਿਅਤਾ, ‘ਅਧੁਨਿਕੀਕਰਨ’ ਅਤੇ ਪੰਜਾਬੀ ਦੇ ਹੋ ਰਹੇ ‘ਹਿੰਦੀਕਰਨ’ ਨੇ ਬੇਸ਼ਕ ਪੰਜਾਬੀ ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ-ਬੋਲੀ ਪੰਜਾਬੀ ਦੀ ਸਮਰੱਥਾ ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ਦੀ ਮਾਰ ਹੇਠਾਂ ਆਉਣ ਵਾਲੀ ਨਹੀਂ। ਅੱਜਕਲ੍ਹ ਮਾਡਰਨ ਕਹਾਉਣ ਵਾਲੇ ਸਾਡੇ ਅਨੇਕਾਂ ਪੰਜਾਬੀ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ-ਬਾਤ ਕਰਨ ਦੀ ਥਾਂ ਹਿੰਦੀ ਜਾਂ ਇੰਗਲਿਸ਼ ਵਿੱਚ ਬੋਲਣ ਵਿੱਚ ਆਪਣੀ ਸ਼ਾਨ ਸਮਝਦੇ ਹਨ। ਪੱਛਮੀ ਸਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਮੇ, ਮਾਸੜ, ਫੁਫੜ ਅਤੇ ਚਾਚੀ, ਤਾਈ, ਮਾਮੀ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਥਾਂ ਅੰਕਲ ਤੇ ਆਂਟੀ ਨੇ ਲੈ ਲਈ ਹੈ ਜੋ ਪਿਆਰ ਤੇ ਨਿੱਘ ਵਿਹੂਣੇ ਹਨ। ਪਿਤਾ ਜੀ, ਭਾਪਾ ਜੀ ਜਾਂ ਦਾਰ ਜੀ ਆਦਿ ਸ਼ਬਦ ਡੈਡ ਜਾਂ ਪਾਪਾ ਵਿੱਚ ਬਦਲ ਗਏ ਹਨ। ਮਾਤਾ ਜੀ, ਬੀਬੀ ਜੀ, ਝਾਈ ਜੀ ਆਦਿ ਸ਼ਬਦ ਮੰਮੀ ਜਾਂ ਮੌਮ ਬਣ ਗਏ ਹਨ।

ਸ਼ਾਇਦ ਹੀ ਸਾਡੇ ਬੱਚਿਆਂ ਨੂੰ ਜੇਠ-ਜਿਠਾਣੀ, ਦਿਉਰ-ਦਰਾਣੀ, ਨਣਾਨ-ਨਣਾਨਵਈਆ, ਸਾਲਾ-ਸਾਲੇਹਾਰ, ਪਤੀਸ-ਪਤਿਆਹੁਰਾ ਆਦਿ ਰਿਸ਼ਤਿਆਂ ਦਾ ਅਰਥ ਪਤਾ ਹੋਵੇ।
:pbbol:pbbol:pbbol
 

sunny240

Elite
SSA baiji,,,,,,
bhaut wadyia likhyea eh......
sannu sab nu is bare sochna chida hai......mai ta bus ena hi kehna chunda
aaun wala kal puch na bethe saade kolo swaal eh,,,
ik virse di kadar ve kar na paye rakna bas khyal eh,,,,,
sachhi kadar ve ohne paye jine isde kadar guaai na,,,,,
maa boli ta maa hundi e hundi kade prayi na.....
 

grewalsandy

Jatt Jalandhary
SSA baiji,,,,,,
bhaut wadyia likhyea eh......
sannu sab nu is bare sochna chida hai......mai ta bus ena hi kehna chunda
aaun wala kal puch na bethe saade kolo swaal eh,,,
ik virse di kadar ve kar na paye rakna bas khyal eh,,,,,
sachhi kadar ve ohne paye jine isde kadar guaai na,,,,,
maa boli ta maa hundi e hundi kade prayi na.....

SSA veer ji,

Shukriya housla afzai vaste.

Punjabi sadi maa boli hai te asi esde varis ha, ehdi kadar asi hi karni hai. Es gall nu jinni jaldi samajh lain sare punjabi ohna hi changa hai.

Waheguru sab nu es gall di taufiq bakhshe. Tohade varge sher putra di lorh hai sadi maa nu.

Jiunde vasde rehn mere punjabi.
 
Top