ਮਾਂ ਹੈ ਰੱਬ ਦਾ ਨਾਂ

'MANISH'

yaara naal bahara
ਇਸ ਸੰਸਾਰ ਵਿਚ ਸਭ ਤੋਂ ਅਨੋਖਾ ਅਤੇ ਅਦਭੁਤ ਸ਼ਬਦ ਜੇਕਰ ਕੋਈ ਹੈ ਤਾਂ ਉਹ ਹੈ ‘ਮਾਂ’ ਸ਼ਬਦ। ਜੇਕਰ ਸਾਰੀ ਦੁਨੀਆਂ ਦੇ ਸਭ ਤੋਂ ਪਿਆਰੇ ਸ਼ਬਦਾਂ ਦੀ ਚੋਣ ਕਰਕੇ ਇਕ ਸ਼ਬਦਕੋਸ਼ ਤਿਆਰ ਕਰ ਲਿਆ ਜਾਵੇ ਅਤੇ ਉਨ੍ਹਾਂ ਸਾਰੇ ਸ਼ਬਦਾਂ ਵਿਚੋਂ ਕੋਈ ਇਕ ਵਰਣ ਵਾਲਾ ਵਿਸ਼ੇਸ਼ ਸ਼ਬਦ ਚੁਣਨਾ ਹੋਵੇ ਤਾਂ ਉਹ ਇਕੋ-ਇਕ ਸ਼ਬਦ ਹੈ- ‘ਮਾਂ’। ‘ਮਾਂ’ ਜਿਸ ਨੂੰ ਜ਼ੁਬਾਨ ਤੋਂ ਬੋਲਣ ਨਾਲ ਇਕ ਅਦਭੁਤ ਰਸ ਦਾ ਅਨੁਭਵ ਹੁੰਦਾ ਹੈ। ਜੇਕਰ ਕੋਈ ਦੂਸਰਾ ਵਿਅਕਤੀ ‘ਮਾਂ’ ਸ਼ਬਦ ਦਾ ਉਚਾਰਨ ਕਰਦਾ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਕੰਨਾਂ ਵਿਚ ਮਿਸ਼ਰੀ ਘੁਲ ਗਈ ਹੋਵੇ। ‘ਮਾਂ’ ਸ਼ਬਦ ਆਪਣੀਆਂ ਅੱਖਾਂ ਵਿਚ ਵਸਾਉਣ ਨਾਲ ਅੱਖਾਂ ਵਿਚੋਂ ਨੂਰ ਟਪਕਦਾ ਵਿਖਾਈ ਦਿੰਦਾ ਹੈ। ਜੇਕਰ ‘ਮਾਂ’ ਸ਼ਬਦ ਦਿਲ ਵਿਚ ਉਤਰ ਜਾਵੇ ਤਾਂ ਮਮਤਾ ਦਾ ਸਮੁੰਦਰ ਠਾਠਾਂ ਮਾਰਨ ਲਗਦਾ ਹੈ। ‘ਮਾਂ’ ਆਪਣੇ ਆਪ ਵਿਚ ਇਕ ਸੰਪੂਰਨ ਸ਼ਬਦ ਹੈ, ਸੰਪੂਰਨ ਸ਼ਾਸਤਰ ਹੈ। ਜਿਹੜਾ ਵਿਅਕਤੀ ਸਵੇਰੇ ਸੁੱਤੇ ਉਠਦੇ ਸਾਰ ਹੀ ‘ਮਾਂ’ ਦੇ ਚਰਨਾਂ ’ਤੇ ਪ੍ਰਣਾਮ ਕਰਦਾ ਹੈ, ਉਸ ਵਿਅਕਤੀ ਦੀ ਹਰ ਸਵੇਰ ਆਪਣੇ ਆਪ ਹੀ ਸ਼ੁਭ ਹੋ ਜਾਂਦੀ ਹੈ ਅਤੇ ਜਿਹੜਾ ਇਨਸਾਨ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਮਾਂ ਦੀ ਸੇਵਾ ਕਰਦਾ ਹੈ, ਉਸ ਦੀ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ।
ਜੇਕਰ ਕੋਈ ਵਿਅਕਤੀ ਸਵੇਰੇ ਉਠ ਕੇ ਆਪਣੀ ਮਾਂ ਨੂੰ ਪ੍ਰਣਾਮ ਨਹੀਂ ਕਰਦਾ ਤਾਂ ਉਸ ਦਾ ਕਿਸੇ ਮੰਦਰ ਜਾਂ ਗੁਰਦੁਆਰੇ ਵਿਚ ਮੱਥਾ ਟੇਕਣਾ ਫਜ਼ੂਲ ਹੈ। ਇਸੇ ਪ੍ਰਕਾਰ ਕਿਸੇ ਵਿਅਕਤੀ ਦਾ ਆਪਣੀ ਮਾਂ ਨੂੰ ਭੋਜਨ ਛਕਾਏ ਬਿਨਾਂ ਪੰਛੀਆਂ ਨੂੰ ਚੋਗਾ ਪਾਉਣਾ ਕੋਈ ਅਰਥ ਨਹੀਂ ਰੱਖਦਾ। ਮਾਂ ਦੇ ਪੈਰਾਂ ਦੀ ਧੂੜ ਕਿਸੇ ਮੰਦਰ ਜਾਂ ਗੁਰਦੁਆਰੇ ਵਿਚ ਮੱਥਾ ਟੇਕਣ ਤੋਂ ਕਿਤੇ ਉੱਤਮ ਹੈ।
ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਇਸ ਸਮਾਜ ਵਿਚ ਵਿਚਰਦਿਆਂ ਉਹ ਕਈ ਰਿਸ਼ਤੇ-ਨਾਤੇ ਨਿਭਾਉਂਦਾ ਹੈ। ਇਹ ਸਾਰੇ ਰਿਸ਼ਤੇ ਉਸ ਦੇ ਜਨਮ ਤੋਂ ਬਾਅਦ ਦੇ ਹੀ ਹੁੰਦੇ ਹਨ ਪਰ ਮਾਂ ਦਾ ਹੀ ਇਕ ਅਜਿਹਾ ਰਿਸ਼ਤਾ ਹੈ, ਜੋ ਬੱਚੇ ਦੇ ਜਨਮ ਤੋਂ ਵੀ ਨੌਂ ਮਹੀਨੇ ਪਹਿਲਾਂ ਦਾ ਹੁੰਦਾ ਹੈ। ਲਗਪਗ ਸਾਰੇ ਰਿਸ਼ਤੇ ਮਨੁੱਖ ਲਈ ਦੁੱਖ ਅਤੇ ਸੁੱਖ ਦਾ ਪ੍ਰਤੀਕ ਹੁੰਦੇ ਹਨ, ਪਰ ਪੂਰੀ ਦੁਨੀਆਂ ਵਿਚ ਮਾਂ ਦਾ ਰਿਸ਼ਤਾ ਹੀ ਇਕ ਅਜਿਹਾ ਰਿਸ਼ਤਾ ਹੈ, ਜੋ ਕੇਵਲ ਸੁੱਖ ਦਾ ਪ੍ਰਤੀਕ ਹੈ। ਮਨੁੱਖ ਜਦੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਤਾਂ ਉਸ ਦੇ ਮੂੰਹੋਂ ‘ਮਾਂ’ ਸ਼ਬਦ ਹੀ ਨਿਕਲਦਾ ਹੈ। ਇਸ ਸੰਸਾਰ ਵਿਚ ਹਰ ਰਿਸ਼ਤੇ ਦਾ ਬਦਲ ਹੈ ਪਰ ਮਾਂ ਦੇ ਰਿਸ਼ਤੇ ਦਾ ਕੋਈ ਬਦਲ ਨਹੀਂ ਹੈ। ਕਿਸੇ ਸ਼ਾਇਰ ਨੇ ਲਿਖਿਆ ਹੈ:-
ਮਾਪੇ ਮਰਨ ’ਤੇ ਹੋਣ ਯਤੀਮ ਬੱਚੇ,
ਸਿਰੋਂ ਉੱਠ ਜਾਂਦੀ ਐ ਛਾਂ ਲੋਕੋ।
ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ।

ਪੰਜਾਬੀ ਦੇ ਕਿੱਸਾ ਸਾਹਿਤ ਵਿਚ ‘ਮਾਂ’ ਦਾ ਜ਼ਿਕਰ ਬੜੀ ਸ਼ਰਧਾ ਅਤੇ ਪਿਆਰ ਸਹਿਤ ਕੀਤਾ ਗਿਆ:-
ਮਾਂਵਾਂ ਠੰਢੀਆਂ ਛਾਂਵਾਂ, ਛਾਂਵਾਂ ਕੌਣ ਕਰੇ।
ਰੂਪ ਬਸੰਤ ਦੀ ਹਾਮੀ, ‘ਮਾਂ’ ਬਿਨ ਕੌਣ ਭਰੇ।

ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਸਿੱਧ ਪ੍ਰਗਤੀਵਾਦੀ ਕਵੀ ਪ੍ਰੋ. ਮੋਹਨ ਸਿੰਘ ਨੇ ‘ਮਾਂ’ ਦੀ ਉਸਤਤੀ ਵਿਚ ਬਹੁਤ ਖੂਬਸੂਰਤ ਸਤਰਾਂ ਲਿਖੀਆਂ ਹਨ:-
ਮਾਂ ਵਰਗਾ ਘਣਛਾਂਵਾਂ ਬੂਟਾ,
ਮੈਨੂੰ ਨਜ਼ਰ ਆ ਆਏ।
ਲੈ ਕੇ ਜਿਸ ਤੋਂ ਛਾਂ ਉਧਾਰੀ,
ਰੱਬ ਨੇ ਸਵਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ,
ਜੜ੍ਹ ਸੁੱਕਿਆਂ ਮੁਰਝਾਂਦੇ।
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ।

ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਧਰਤੀ ਦਾ ਜਿਗਰਾ ਸਭ ਤੋਂ ਵੱਡਾ ਹੈ, ਅਸਮਾਨ ਅਨੰਤ ਹੈ ਅਤੇ ਸਮੁੰਦਰ ਦੀ ਡੂੰਘਾਈ ਦੀ ਕੋਈ ਥਾਹ ਨਹੀਂ ਪਾ ਸਕਦਾ। ਇਹ ਗੱਲਾਂ ਕੇਵਲ ਉਹੀ ਲੋਕ ਕਰ ਸਕਦੇ ਹਨ ਜਿਨ੍ਹਾਂ ਨੇ ਮਾਂ ਦੀ ਸਹਿਨਸ਼ੀਲਤਾ ਅਤੇ ਮਾਂ ਦੀ ਮਮਤਾ ਦੀ ਗਹਿਰਾਈ ਨੂੰ ਨਹੀਂ ਦੇਖਿਆ ਹੁੰਦਾ।
ਪੂਰੇ ਬ੍ਰਹਿਮੰਡ ਵਿਚ ਜਿਸ ਦਾ ਕੋਈ ਅੰਤ ਨਹੀਂ, ਉਸ ਨੂੰ ਅਸਮਾਨ ਜਾਂ ਆਕਾਸ਼ ਕਿਹਾ ਜਾਂਦਾ ਹੈ ਅਤੇ ਇਸ ਦੁਨੀਆਂ ਵਿਚ ਜਿਸ ਦਾ ਕੋਈ ਅੰਤ ਨਹੀਂ, ਉਸ ਨੂੰ ‘ਮਾਂ’ ਕਿਹਾ ਜਾਂਦਾ ਹੈ। ਮਾਂ ਜਦ ਤਕ ਜਿਊਂਦੀ ਰਹਿੰਦੀ ਹੈ, ਆਪਣੀ ਮਮਤਾ ਦੀ ਛਾਂ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਰਹਿੰਦੀ ਹੈ। ਬਦਕਿਸਮਤੀ ਨਾਲ ਜੇਕਰ ਕਿਸੇ ਬੱਚੇ ਦੇ ਪਿਤਾ ਦੀ ਛੋਟੀ ਉਮਰ ਵਿਚ ਹੀ ਮੌਤ ਹੋ ਜਾਵੇ ਤਾਂ ਉਸ ਦੀ ਮਾਂ ਅਨੇਕਾਂ ਦੁੱਖ ਝੱਲਦੀ ਹੋਈ ਵੀ ਉਸ ਨੂੰ ਪਾਲ ਲੈਂਦੀ ਹੈ। ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਨੇ ਜੇਕਰ ਆਪਣੇ ਆਪ ਨੂੰ ਪਰਗਟ ਕਰਨਾ ਹੁੰਦਾ ਹੈ, ਇਸ ਧਰਤੀ ਉਪਰ ਕੋਈ ਸਿਰਜਣਾ ਕਰਨੀ ਹੁੰਦੀ ਹੈ ਤਾਂ ਉਹ ਵੀ ਮਾਂ ਨੂੰ ਹੀ ਮਾਧਿਅਮ ਬਣਾਉਂਦਾ ਹੈ ਅਤੇ ਇਸ ਪ੍ਰਕਾਰ ਉਹ ਸੰਸਾਰ ਦਾ ਨਿਰਮਾਣ ਕਰਦਾ ਹੈ।
‘ਮਾਂ’ ਕੇਵਲ ਇਕ ਸਰੀਰ ਦਾ ਨਾਂ ਹੀ ਨਹੀਂ ਹੈ, ਸਗੋਂ ਇਕ ਸਾਧਨਾ ਹੈ, ਭਗਤੀ ਹੈ, ਪੂਜਾ ਹੈ। ਮਾਂ ਤਾਂ ਪ੍ਰਤੱਖ ਤੌਰ ’ਤੇ ਪ੍ਰਮਾਤਮਾ ਹੈ। ‘ਮਾਂ’ ਆਪਣੇ ਆਪ ਵਿਚ ਇਕ ਧਰਮ ਹੈ, ਇਕ ਮੰਦਰ ਹੈ, ਇਕ ਤੀਰਥ ਸਥਾਨ ਹੈ। ‘ਮਾਂ’ ਇਕ ਅਜਿਹੀ ਮੂਰਤ ਹੈ ਜਿਸ ਨੇ ਸਾਡਾ ਸਾਰਿਆਂ ਦਾ ਨਿਰਮਾਣ ਕੀਤਾ ਹੈ। ਇਸ ਲਈ ਸਾਡਾ ਸਾਰਿਆਂ ਦਾ ਨਿਰਛਲ ਫਰਜ਼ ਬਣਦਾ ਹੈ ਕਿ ਆਪਣੇ ਦੁਆਰਾ ਬਣਾਏ ਪ੍ਰਮਾਤਮਾ ਦੀ ਪੂਜਾ ਕਰਨ ਦੀ ਥਾਂ ਉਸ ‘ਮਾਂ’ ਦੀ ਪੂਜਾ ਕਰੀਏ, ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ। ਪੰਜਾਬੀ ਦੇ ਗੀਤਕਾਰ ਹਰਦੇਵ ਦਿਲਗੀਰ ਨੇ ਮਾਂ ਦੀ ਵਡਿਆਈ ਕਰਦਿਆਂ ਇਕ ਬਹੁਤ ਹੀ ਪਿਆਰੇ ਗੀਤ ਦੀ ਰਚਨਾ ਕੀਤੀ ਹੈ। ਜਿਸ ਦੇ ਬੋਲ ਇਉਂ ਹਨ-
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ।
ਮਾਂ ਦੀ ਪੂਜਾ, ਰੱਬ ਦੀ ਪੂਜਾ,
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ।
ਮਾਂ ਹੈ, ਰੱਬ ਦਾ ਨਾਂ, ਓ ਦੁਨੀਆਂ ਵਾਲਿਉ।
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ।
 
Top