ਪਤਨੀ ਨੂੰ ਮਾਰ ਕੇ ਨੌਜਵਾਨ ਵੱਲੋਂ ਖੁਦਕੁਸ਼ੀ

[JUGRAJ SINGH]

Prime VIP
Staff member

ਜਗਰਾਉਂ, 13 ਜਨਵਰੀ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੇ ਮੁਹੱਲਾ ਬਲੋਚਾਂ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਕਤਲ ਕਰ ਦਿੱਤਾ ਤੇ ਬਾਅਦ 'ਚ ਆਪ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋਨਾਂ ਦੀਆਂ ਲਾਸ਼ਾਂ ਅੰਦਰੋਂ ਬੰਦ ਕਮਰੇ 'ਚੋਂ ਮਿਲੀਆਂ। ਉਸੇ ਕਮਰੇ 'ਚ ਮ੍ਰਿਤਕਾਂ ਦਾ ਮਾਸੂਮ ਬੱਚਾ ਮਾਂ ਦੀ ਲਾਸ਼ ਕੋਲ ਵਿਲਕ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਉਰਫ ਸੋਨੀ (32) ਪੁੱਤਰ ਜੋਗਿੰਦਰ ਸਿੰਘ ਵਾਸੀ ਕੁਕੜ ਚੌਕ (ਜਗਰਾਉਂ) ਆਪਣੀ ਪਤਨੀ ਰਜਨੀ (27) ਤੇ ਡੇਢ ਸਾਲ ਦੇ ਪੁੱਤਰ ਨਾਲ ਸਥਾਨਕ ਗੁਰਦੁਆਰਾ ਮੋਰੀ ਗੇਟ ਨੇੜੇ ਕਿਰਾਏ ਦੇ ਕਮਰੇ 'ਚ ਕੁਝ ਸਮੇਂ ਤੋਂ ਰਹਿ ਰਿਹਾ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਬਲਦੇਵ ਸਿੰਘ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਦਾ ਸ਼ੱਕ ਸੀ ਜਿਸ ਕਾਰਨ ਦੋਨਾਂ 'ਚ ਅਕਸਰ ਝਗੜਾ ਰਹਿੰਦਾ ਸੀ। ਬੀਤੀ ਰਾਤ ਬਲਦੇਵ ਸਿੰਘ ਨੇ ਪਤਨੀ ਰਜਨੀ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਤੇ ਬਾਅਦ 'ਚ ਉਸੇ ਕਮਰੇ 'ਚ ਲੱਗੇ ਪੱਖੇ ਨਾਲ ਆਪ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਇਸ ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ਜਦੋਂ ਮ੍ਰਿਤਕ ਦਾ ਭਰਾ ਉਨ੍ਹਾਂ ਦੇ ਘਰ ਆਇਆ, ਜਿਸ ਵੱਲੋਂ ਵਾਰ-ਵਾਰ ਘਰ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ। ਉਸ ਨੇ ਕਮਰੇ ਅੰਦਰ ਦੋਨਾਂ ਨੂੰ ਮ੍ਰਿਤਕ ਪਾਇਆ। ਪਤੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਪਤਨੀ ਦੀ ਲਾਸ਼ ਬੈੱਡ 'ਤੇ ਪਈ ਸੀ, ਜਿਸ ਕੋਲ ਡੇਢ ਸਾਲ ਦਾ ਮਾਸੂਮ ਬੱਚਾ ਰੋਂਦਾ ਹੋਇਆ ਆਪਣੀ ਮ੍ਰਿਤਕ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਕਤ ਦ੍ਰਿਸ਼ ਨੂੰ ਦੇਖ ਕੇ ਮੌਕੇ 'ਤੇ ਇਕੱਤਰ ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ ਛਲਕ ਪਏ। ਮੌਕੇ 'ਤੇ ਐਸ.ਐਸ.ਪੀ. ਅਸ਼ੀਸ ਚੌਧਰੀ, ਐਸ.ਪੀ.(ਡੀ) ਜਸਦੇਵ ਸਿੰਘ, ਡੀ.ਐਸ.ਪੀ. ਸਰਿੰਦਰ ਕੁਮਾਰ, ਥਾਣਾ ਸਿਟੀ ਮੁਖੀ ਮੁਹੰਮਦ ਜ਼ਮੀਲ ਸਮੇਤ ਪੁਲਿਸ ਕਰਮਚਾਰੀ ਪਹੁੰਚੇ ਜਿਨ੍ਹਾਂ ਵੱਲੋਂ ਉਕਤ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ। ਇਸ ਸਬੰਧੀ ਪੁਲਿਸ ਥਾਣਾ ਸਿਟੀ ਜਗਰਾਉਂ 'ਚ ਮਾਮਲਾ ਦਰਜ਼ ਕੀਤਾ ਗਿਆ ਹੈ।
 
Top