ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

KARAN

Prime VIP
ਝੰਗ,ਗੋਜਰਾ,ਕਸੂਰ,ਮਿਆਂਵਾਲੀ ਜੀ ਹਜ਼ੂਰ
ਸਾਹੀ ਅਤੇ ਮੁਲਤਾਨ, ਜਿੱਥੇ ਵੱਸੇ ਮੇਰੀ ਜਾਣ
ਜੀ ਕਰਾਚੀ, ਕਰਨਾਲ ਤੇ ਪਸ਼ੌਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ..

ਗੁਰੂ ਘਰ ਤੇ ਮਸੀਤ ਦੀ ਹੈ ਸਾਂਝੀ ਜਿੱਥੇ ਕੰਧ
ਐਸੇ ਥਾਵਾਂ ਨੂ ਮੈਂ ਕਰਾਂ ਕਿੰਜ ਲਫ਼ਜ਼ਾਂ ਚ ਬੰਦ
ਆਉਂਦਾ ਕਿੱਦਰੋਂ ਆਜ਼ਾਨਾਂ ਦਾ ਏ ਸ਼ੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ..

ਲਾਵਾਂ ਜ਼ੋਰ ਮੈਂ ਬਥੇਰਾ, ਵੱਸ ਚਲਦਾ ਨਾ ਮੇਰਾ
ਵੀਜ਼ਾ ਲਹਿੰਦੇ ਦਾ ਦੁਆਦੇ, ਰੱਬਾ ਘਸਦਾ ਕੀ ਤੇਰਾ
ਪਰ੍ਦਾਦੇ ਦੀ ਹਵੇਲੀ ਵਿਚ ਮੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ..

ਵੀਸਾ ਲੱਗਣ ਨੀ ਦਿੰਦੇ ਕੇ ਰਕਾਡ ਹੈ ਖਰਾਬ
ਨਾ ਮੈਂ ਕੀਤੀਆਂ ਲੜਾਈਆਂ ਨਾ ਹੀ ਪੀਤੀ ਮੈਂ ਸ਼ਰਾਬ
ਮੁਲਤਾਨ ਵਾਲੇ ਬਾਗ ਵਿਚ ਭੌਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ..

ਓਥੇ ਵੱਸਦੇ ਨੇ ਮੇਰੇ ਕੁੱਛ ਵਿੱਛੜੇ ਭਰਾ
ਸਨਤਾਲੀ ਵੇਲੇ ਰੋ ਰੋ ਜਿਹੜੇ ਨਿੱਖੜੇ ਭਰਾ
ਖੂੰਡੀ, ਚਾਦਰੇ ਤੇ ਸ਼ਮਲੇ ਦੀ ਟੌਹਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ..

ਜੈਲਦਾਰ ਨੰਗੇ ਪੈਰੀਂ ਨਨਕਾਨੇ ਜਾਣਾ ਚਾਹਵੇ
ਮਿੱਟੀ ਪਾਕ ਪੱਤਣਾਂ ਦੀ ਇੰਜ ਜਾਪ੍ਦਾ ਬੁਲਾਵੇ
ਵੇਖੀ ਦੁਨੀਆ ਬਥੇਰੀ ਕੁਜ ਹੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ ...

Writer - Zaildar Pargat Singh
 
Top