ਇਕਬਾਲ-ਏ-ਜੁਰਮ

Mandeep Kaur Guraya

MAIN JATTI PUNJAB DI ..
ਸਾਡਾ ਜਹਾਜ਼ ਹੁਣ 680 ਫੁੱਟ ਦੀ ਉਚਾਈ ਤੋਂ ਹੇਠਾਂ ਧਰਤੀ ਵੱਲ ਨੂੰ ਉਡਣ ਲੱਗ ਪਿਆ ਸੀ। ਤੇ ਅਸੀਂ ਨਿਊਯਾਰਕ ਦੇ ਕੈਨੇਡੀ ਹਵਾਈ ਅੱਡੇ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੇ ਸਾਂ। ਖਿੜਕੀ ਵਿਚੋਂ ਹੇਠਾਂ ਸਮੁੰਦਰ ਦੀ ਸਤਹਿ ਹੁਣ ਸਾਫ ਨਜ਼ਰ ਆ ਰਹੀ ਸੀ। ਮੈਂ ਇਕ ਵਾਰੀ ਜਹਾਜ਼ ਦੇ ਅੰਦਰ ਤੇ ਇਕ ਵਾਰੀ ਬਾਹਰ ਦੇਖਦਾ ਅੰਦਰੋ-ਅੰਦਰੀ ਭੈਭੀਤ ਹੁੰਦਾ ਜਾ ਰਿਹਾ ਸੀ। ਆਪਣੀ ਸੀਟ ਨਾਲ ਬੰਨ੍ਹੀ ਪੇਟੀ ਜਿਵੇਂ ਮੇਰੇ ਦੁਆਲੇ ਲਿਪਟਿਆ ਕਾਲਾ ਨਾਗ ਬਣ ਗਈ ਸੀ। ਜਿਉਂ-ਜਿਉਂ ਜਹਾਜ਼ ਸਮੁੰਦਰ ਦੀ ਸਤਹਿ ਨੂੰ ਪਾਰ ਕਰਦਾ ਜਾ ਰਿਹਾ ਸੀ, ਤਿਉਂ ਤਿਉਂ ਮੇਰੇ ਅੰਦਰ ਛੁਪੇ ਭੈਅ ਦਾ ਦੇਓ, ਆਪਣਾ ਕੱਦ ਲੰਬਾ ਹੀ ਲੰਬਾ ਕਰੀ ਜਾ ਰਿਹਾ ਸੀ। ਏਸ ਅਜੀਬ ਜਿਹੇ ਭੈਅ ਨਾਲ ਮੇਰਾ ਲੂੰ-ਲੂੰ ਕੰਬ ਰਿਹਾ ਸੀ ਅਤੇ ਪਲੋ-ਪਲੀ ਮੇਰੇ ਚਿਹਰੇ ਦਾ ਰੰਗ ਪੀਲਾ ਜ਼ਰਦ ਪੈ ਗਿਆ। ਹਰੇ ਰੰਗ ਦੀਆਂ ਧਾਰੀਆਂ ਵਾਲੀ ਡਰੈੱਸ ਪਹਿਨੀ, ਮਲੂਕ ਜਿਹੀ ਏਅਰ ਹੋਸਟਸ ਕੁੜੀ ਨੇ ਜਿਵੇਂ ਮੇਰੇ ਚਿਹਰੇ ਦੇ ਉਡੇ ਰੰਗ ਨੂੰ ਭਾਂਪ ਲਿਆ ਸੀ। ਉਹ ਫਟਾ ਫਟ ਮੇਰੇ ਕੋਲ ਆਈ ਤੇ ਮੇਰਾ ਮੁੜ੍ਹਕੋ-ਮੁੜ੍ਹਕੀ ਹੋਇਆ ਚਿਹਰਾ ਵਾਰ-ਵਾਰ ਹੱਥ ਵਿਚ ਫੜੇ ਛੋਟੇ ਜਿਹੇ ਟਾਵਲ-ਪੇਪਰ ਨਾਲ ਪੂੰਝਣ ਲੱਗੀ।
‘‘ਵਟ ਹੈਪਨਡ ਮਿਸਟਰ ਦੇਵ¸?’’
ਉਸ ਦੇ ਬੁੱਲ੍ਹਾਂ ਉਤੇ ਕਈ ਛੋਟੇ-ਛੋਟੇ ਪ੍ਰਸ਼ਨ ਚਿੰਨ੍ਹ ਬਣੇ ਪਰ ਮੈਂ ਤਾਂ ਕਿਸੇ ਦਾ ਵੀ ਕੋਈ ਉੱਤਰ ਨਾ ਦੇ ਸਕਿਆ। ਉਸ ਨੇ ਫੌਰਨ ਜਹਾਜ਼ ਦੀ ਅਗਲੀ ਕੈਬਿਨ ਵਿਚੋਂ ਇਕ ਡਾਕਟਰ ਨੂੰ ਆਪਣੀ ਮਦਦ ਲਈ ਸੱਦਿਆ। ਡਾਕਟਰ ਨੇ ਬੜੀ ਫੁਰਤੀ ਨਾਲ ਆਉਂਦਿਆਂ ਸਾਰ ਮੇਰਾ ਮੈਡੀਕਲ ਮੁਆਇਨਾ ਕੀਤਾ ਤੇ, ਤਿੰਨ ਚਿੱਟੀਆਂ ਗੋਲੀਆਂ ਮੇਰੀ ਹਥੇਲੀ ਉਤੇ ਰੱਖ ਦਿੱਤੀਆਂ। ਮੇਰਾ ਬਲੱਡ ਪ੍ਰੈਸ਼ਰ ਦੋ ਸੌ ਤੋਂ ਉੱਤੇ ਹੋ ਗਿਆ ਸੀ। ਮੈਨੂੰ ਲੱਗਿਆ ਮੇਰੇ ਹੱਥ ਪੈਰ ਜਮ੍ਹਾਂ ਹੀ ਮਿੱਟੀ ਹੁੰਦੇ ਜਾ ਰਹੇ ਹਨ। ਮੈਂ ਬੜੀ ਮੁਸ਼ਕਿਲ ਜਿਹੀ ਨਾਲ ਏਅਰ ਹੋਸਟੈੱਸ ਦੇ ਹੱਥੋਂ ਪਾਣੀ ਦਾ ਗਿਲਾਸ ਫੜਦਿਆਂ ਤਿੰਨੇ ਗੋਲੀਆਂ ਆਪਣੇ ਸੰਘੋਂ ਹੇਠਾਂ ਉਤਾਰ ਲਈਆਂ। ਪਰ ਮੇਰੇ ਮੱਥੇ ਦਾ ਪਸੀਨਾ ਤਾਂ ਫੇਰ ਵੀ ਉਵੇਂ ਦਾ ਉਵੇਂ ਸੀ। ਇਕ ਕਾਂਬਾ ਮੇਰੇ ਸਰੀਰ ਦੇ ਲੂੰ ਲੂੰ ਨੂੰ ਅੰਦਰੋ-ਅੰਦਰੀ ਕੰਬਾ ਰਿਹਾ ਸੀ।
ਕਾਲੀਆਂ ਤੇ ਡੂੰਘੀਆਂ ਝੀਲ ਅੱਖਾਂ ਵਾਲੀ ਏਅਰ ਹੋਸਟੈੱਸ ਅਤੇ ਚੌੜੇ ਜਿਹੇ ਨੱਕ ਵਾਲਾ ਡਾਕਟਰ ਦੋਵੇਂ ਅਜੇ ਵੀ ਜਿਉਂ ਦੇ ਤਿਉਂ ਮੇਰੀ ਸੀਟ ਦੇ ਕੋਲ ਖੜ੍ਹੇ ਸਨ। ਉਨ੍ਹਾਂ ਦੇ ਚਿਹਰਿਆਂ ਦਾ ਰੰਗ ਵੀ ਜਿਵੇਂ ਹੌਲੀ-ਹੌਲੀ ਚਿੰਤਾ ਵਿਚ ਡੁੱਬਦਾ ਜਾ ਰਿਹਾ ਸੀ। ਡਾਕਟਰ ਨੇ ਥਰਮਾਮੀਟਰ ਮੇਰੇ ਮੂੰਹ ਵਿਚ ਲਾ ਕੇ ਦੇਖਿਆ ਤਾਂ ਬੁਖਾਰ ਦਾ ਤਾਂ ਉਥੇ ਨਾਮੋ ਨਿਸ਼ਾਨ ਵੀ ਨਹੀਂ ਸੀ। ਪਰ ਮੇਰੇ ਸਾਰੇ ਪਿੰਡੇ ਵਿਚੋਂ ਜਿਵੇਂ ਸਾਹ ਹੀ ਸੂਤਿਆ ਗਿਆ ਹੋਵੇ। ਏਅਰ ਹੋਸਟੈੱਸ ਦੇ ਚਿਹਰੇ ਉਤੇ ਚਿੰਤਾ ਦੀ ਇਕ ਹੋਰ ਗੂੜ੍ਹੀ ਤਹਿ ਉਭਰ ਆਈ ਸੀ। ਡਾਕਟਰ ਨੇ ਉਸ ਨੂੰ ਕਿਹਾ, ‘‘ਯੂ ਸ਼ੁੱਡ ਬੀ ਵਿਦ ਹਿਮ, ਟਿੱਲ ਪਲੇਨ ਇਜ਼ ਨਾਟ ਲੈਂਡਿਡ।’’
ਡਾਕਟਰ ਦੀ ਇਹ ਗੱਲ ਸੁਣ ਕੇ ਤਾਂ ਜਿਵੇਂ ਮੇਰੇ ਉਤੇ ਸੱਤ ਘੜੇ ਹੋਰ ਪਾਣੀ ਪੈ ਗਿਆ ਸੀ। ਜਹਾਜ਼ ਪਲੋ ਪਲੀ ਧਰਤੀ ਵਲ ਨੂੰ ਖਿੱਚਿਆ ਚਲਿਆ ਜਾ ਰਿਹਾ ਸੀ। ਓਸ ਧਰਤੀ ਵੱਲ, ਜਿੱਥੇ ਪੈਰ ਪਾਉਣ ਲਈ ਮੈਂ ਪਿਛਲੇ ਛੇ-ਸੱਤ ਵਰ੍ਹਿਆਂ ਤੋਂ ਲਗਾਤਾਰ ਜਦੋ-ਜਹਿਦ ਕਰ ਰਿਹਾ ਸੀ। ਦੋ ਵਾਰ ਤਾਂ ਮੈਨੂੰ ਬੈਕਾਕ ਤੋਂ ਹੀ ਰਿਪੋਰਟ ਕਰਕੇ ਵਾਪਸ ਦੇਸ ਭੇਜ ਦਿੱਤਾ ਗਿਆ ਸੀ ਕਿਉਂਕਿ ਏਜੰਟ ਨੇ ਫੋਟੋ ’ਤੇ ਨਾਂ ਬਦਲ ਕੇ ਮੈਨੂੰ ਕਿਸੇ ਹੋਰ ਪਾਸਪੋਰਟ ਨਾਲ ਜਹਾਜ਼ ਚੜ੍ਹਾਇਆ ਸੀ। ਪਰ ਐਤਕੀਂ ਤਾਂ ਪਾਸਪੋਰਟ ਉਤੇ ਵੀਜ਼ਾ ਹੀ ਨਕਲੀ ਲੱਗਿਆ ਹੋਇਆ ਸੀ।
ਓਦੋਂ ਮੈਂ ਡੇਢ ਮਹੀਨਾ ਹੋਟਲਾਂ ਅਤੇ ਗੁਰਦੁਆਰਿਆਂ ਵਿਚ ਰੁਲਦਾ ਰਿਹਾ ਸੀ। ਪੈਸੇ ਕਿਹੜਾ ਠੀਕਰੀਆਂ ਹਨ ਜੋ ਬੰਦਾ ਰੋਜ਼ ਰੋਜ਼ ਇਕੱਠੀਆਂ ਕਰ ਲਵੇ। ਨਾਲੇ ਘਰੋਂ ਤੁਰਨ ਤੋਂ ਪਹਿਲਾਂ ਉਂਜ ਹੀ ਏਜੰਟਾਂ ਦੇ ਚੱਕਰਾਂ ਨੇ ਘਰ ਦੇ ਭਾਂਡੇ ਵਿਕਵਾ ਛੱਡੇ ਸਨ। ਅਖੇ ਐਨਾ ਪੈਸਾ ਪਹਿਲਾਂ ਤੇ ਐਨਾ ਪਿੱਛੋਂ। ਬਾਪੂ ਨੂੰ ਤਾਂ ਜ਼ਮੀਨ ਤਕ ਵੇਚਣੀ ਪਈ। ਭਲਾ ਕਾਸਦੀ ਖਾਤਰ? ਏਸ ਐਨੀ ਔਖੀ ਘੜੀ ਦਾ ਤਾਂ ਘਰੋਂ ਤੁਰਨ ਸਮੇਂ ਕਿਸੇ ਨੂੰ ਭੋਰਾ ਵੀ ਚਿੱਤ ਚੇਤਾ ਨਹੀਂ ਸੀ। ਆਹ ਜੋ ਗੁਨਾਹ ਕਰਨ ਤੋਂ ਪਹਿਲਾਂ ਗੁਨਾਹ ਦਾ ਅਹਿਸਾਸ ਮੇਰੀ ਆਤਮਾ ਨੂੰ ਹੁਣ ਰੋਮ ਰੋਮ ਤੋਂ ਚੀਰ ਰਿਹਾ ਸੀ।
ਮੇਰਾ ਏਥੇ ਪ੍ਰਦੇਸ ਵਿਚ ਕੌਣ ਸਹਾਈ ਹੋਵੇਗਾ? ਖਬਰੇ ਅਗਲੇ ਮੈਨੂੰ ਕਿਹੜੇ ਖੂਹ ਵਿਚ ਧੱਕਾ ਦੇਣ। ਮੇਰਾ ਕਿਹੜਾ ਏਥੇ ਕੋਈ ਮਾਂ ਪਿਓ ਬੈਠਾ ਹੈ, ਜਿਸ ਨੂੰ ਮੇਰਾ ਦੁਖ ਦਰਦ ਹੋਊਗਾ। ਭਲਾ ਜੇ ਮੈਂ ਆਪਣੇ ਏਜੰਟ ਦਾ ਕਿਹਾ ਨਾ ਮੰਨਾਂ ਤਾਂ? ਤਾਂ ਫੇਰ ਦੁਬਾਰਾ ਡਿਪੋਰਟ ਹੋਣ ਦਾ ਡਰ। ਪਹਿਲਾਂ ਵੀ ਡਿਪੋਰਟ ਹੋ ਚੁੱਕਿਆ ਹਾਂ। ਜੇ ਏਜੰਟ ਦੀ ਗੱਲ ਮੰਨ ਲਵਾਂ ਤਾਂ ਸਿੱਧਾ ਅੰਦਰ ਕਰ ਦੇਣਗੇ ਅਗਲੇ। ਦੋਹਾਂ ਵਿਚੋਂ ਇਕ ਗੱਲ ਤਾਂ ਜ਼ਰੂਰ ਹੀ ਹੋਵੇਗੀ। ਮੈਂ ਤਾਂ ਹੁਣ ਥੱਬਾ ਰੁਪਿਆਂ ਦਾ ਵੀ ਲਾ ਬੈਠਾ ਹਾਂ। ਹੁਣ ਮੈਂ ਡਿਪੋਰਟ ਨਹੀਂ ਹੋਣਾ ਚਾਹੁੰਦਾ। ਕੀ ਕਹਿਣਗੇ ਮੈਨੂੰ ਮੇਰੇ ਯਾਰ ਬੇਲੀ-ਤੇ ਹੋਰ ਪਿੰਡ ਵਾਲੇ। ਮਾਂ ਪਿਓ ਤਾਂ ਫੇਰ ਵੀ ਛਾਤੀ ਨਾਲ ਲਾ ਹੀ ਲੈਣਗੇ। ਉਨ੍ਹਾਂ ਦਾ ਤਾਂ ਮੈਂ ਆਪਣਾ ਖੂਨ ਹਾਂ ਆਪਣੀ ਆਂਦਰ। ਕਿਵੇਂ ਬਾਪੂ ਬੱਸ ਅੱਡੇ ਤੱਕ ਮੈਨੂੰ ਛੱਡਣ ਆਇਆ। ਸਾਰੇ ਰਾਹ ਬੁੱਕ-ਬੁੱਕ ਹੰਝੂ ਕੇਰਦਾ ਆਇਆ ਸੀ। ਤੇ ਬੇਬੇ ਤਾਂ ਜਿਵੇਂ ਮੈਨੂੰ ਘਰੋਂ ਤੋਰਨ ਵੇਲੇ ਗੁੰਮ ਸੁੰਮ ਜਿਹੀ ਹੀ ਹੋ ਕੇ ਰਹਿ ਗਈ ਸੀ। ਮੈਥੋਂ ਜੁਦਾ ਹੋਣ ਸਮੇਂ ਉਸ ਦੇ ਅੱਥਰੂ ਉਸ ਦਾ ਕੜ ਪਾੜ ਕੇ ਵਹਿਣਾ ਚਾਹੁੰਦੇ ਸਨ ਪਰ ਉਸ ਦੇ ਸੰਘ ਵਿਚ ਤਾਂ ਓਸ ਸਮੇਂ ਜਿਵੇਂ ਕੱਚ ਦਾ ਕੋਈ ਗੋਲਾ ਅੜ ਕੇ ਰਹਿ ਗਿਆ ਸੀ। ਉਸ ਨੇ ਡਬ-ਡਬਾਈਆਂ ਅੱਖਾਂ ਨਾਲ ਇਕ ਵਾਰੀ ਤਾਂ ਮੈਨੂੰ ਇਉਂ ਹੀ ਦੇਖਿਆ ਜਿਵੇਂ ਬਸ ਸਾਡੀ ਦੋਹਾਂ ਦੀ ਇਹ ਆਖਰੀ ਮਿਲਣੀ ਹੀ ਹੋਵੇ।
ਪੁੱਤ ਦੀ ਜਾਨ ਜੋਖਮ ਵਿਚ ਦੇਖ ਉਸ ਨੇ ਮੇਰਾ ਰਾਹ ਆਪਣੇ ਆਪ ਮੋਕਲਾ ਕਰ ਦਿੱਤਾ ਸੀ। ਪਿਛਲੇ ਕਿੰਨੇ ਹੀ ਵਰ੍ਹਿਆਂ ਤੋਂ ਪਿੰਡਾਂ ਦੇ ਨੌਜੁਆਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਸੀ। ਦੋਹੀਂ ਪਾਸੀਂ ਅਗਲਿਆਂ ਦੀ ਕੰਬਖਤੀ ਆਈ ਹੋਈ ਸੀ। ਇਕ ਪਾਸੇ ਸ਼ੀਂਹ ਤੇ ਦੂਜੇ ਪਾਸੇ ਸੱਪ। ਨਾ ਹੁਣ ਏਥੇ ਰਹਿਣ ਦਾ ਹੀ ਕੋਈ ਹੱਜ ਸੀ ਤੇ ਨਾ ਏਥੋਂ ਭੱਜ ਕੇ ਹੀ ਸਰਦਾ ਸੀ। ਖਬਰੇ ਪੰਜਾਬ ਦੇ ਪਿੰਡਾਂ ਵਿਚ ਵਸਦੇ ਰਸਦੇ ਘਰਾਂ ਦੇ ਉਜਾੜੇ ਲਈ ਕਿਹੜੀ ਧਿਰ ਜ਼ੁੰਮੇਵਾਰ ਸੀ। ਰੱਬ ਹੀ ਜਾਣੇ- ਪਰ ਇਕ ਗੱਲ ਤਾਂ ਪੱਕੀ ਸੀ ਕਿ ਹੁਣ ਕੋਈ ਵੀ ਨੌਜੁਆਨ ਏਥੇ ਆਪਦੀ ਮੌਤ ਨਹੀਂ ਸੀ ਮਰਦਾ। ਸਭ ਅਣਆਈ ਮੌਤ ਦੇ ਖੌਫ ਨੂੰ ਆਪਣੇ ਹੱਡਾਂ ਉਤੇ ਹੰਢਾ ਰਹੇ ਸਨ।
ਹੇਠਾਂ, ਲੈਂਡ ਕਰਦੇ ਹਵਾਈ ਜਹਾਜ਼ ਦੀ ਆਵਾਜ਼ ਹੁਣ ਹੋਰ ਵੀ ਸ਼ੋਰਮਈ ਤੇ ਭਿਆਨਕ ਹੋ ਗਈ ਸੀ। ਚਪਟੇ ਨੱਕ ਵਾਲੀ ਗੋਰੀ ਚਿੱਟੀ, ਛਟੀਂਕ ਜਿਹੀ ਏਅਰ ਹੋਸਟੈੱਸ ਅਜੇ ਵੀ ਮੇਰੀ ਸੀਟ ਕੋਲੋਂ ਨਹੀਂ ਸੀ ਹਿੱਲੀ। ਜੋ ਲਗਾਤਾਰ ਮੈਨੂੰ ਢਾਰਸ ਦੇ ਰਹੀ ਸੀ। ‘‘ਡੋਂਟ ਵਰੀ ਮਿਸਟਰ ਦੇਵ, ਐਵਰੀ ਥਿੰਗ ਵਿਲ ਬੀ ਆਲ ਰਾਈਟ’’
ਉਹ ਮੇਰੇ ਅੰਦਰਲੇ ਭੈਅ ਦੀ ਅਸਲੀਅਤ ਤੋਂ ਮੂਲੋਂ ਹੀ ਬੇਖਬਰ ਲਗਦੀ ਸੀ। ਮੇਰੇ ਅੰਦਰ ਵਿਛਿਆ ਗੁਨਾਹ ਦਾ ਅਹਿਸਾਸ ਮੈਨੂੰ ਤਿਲ ਤਿਲ ਪੱਛ ਰਿਹਾ ਸੀ। ਏਅਰ ਹੋਸਟੈੱਸ ਪਲ ਦੋ ਪਲ ਲਈ ਹੀ, ਪਰ੍ਹਾਂ ਹਟੇ ਤਾਂ ਸਹੀ। ਮੈਂ ਬਹੁਤ ਕਾਹਲਾ ਪੈ ਰਿਹਾ ਸੀ।
ਇਉਂ ਤਾਂ ਗੱਲ ਨਹੀਂ ਬਣਨੀ, ਜਹਾਜ਼ ਤਾਂ ਧਰਤੀ ਨਾਲ ਲੱਗਣ ਹੀ ਵਾਲਾ ਸੀ। ਮੈਂ ਆਪਣੇ ਢਿੱਡ ਦੇ ਦੁਆਲੇ ਕੱਸੀ ਪੇਟੀ ਨੂੰ ਆਪਣੀਆਂ ਸੱਜੇ ਹੱਥ ਦੀਆਂ ਉਂਗਲਾਂ ਨਾਲ ਟੋਹਦਿਆਂ ਉਥੋਂ ਉਠ ਖੜ੍ਹੇ ਹੋਣ ਲਈ ਇਕ ਤਰਲਾ ਜਿਹਾ ਲਿਆ। ਏਅਰ ਹੋਸਟੈੱਸ ਨੇ ਸਾਫ ਸ਼ਬਦਾਂ ਵਿਚ ਸਭ ਯਾਤਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ। ਜਦੋਂ ਤਕ ਜਹਾਜ਼ ਪੂਰੀ ਤਰ੍ਹਾਂ ਲੈਂਡ ਨਹੀਂ ਕਰ ਜਾਂਦਾ ਕੋਈ ਵੀ ਪੈਸੰਜਰ ਆਪਣੀ ਸੀਟ ਤੋਂ ਨਹੀਂ ਹਿੱਲੇਗਾ ਤੇ ਨਾ ਹੀ ਆਪਣੀ ਪੇਟੀ ਖੋਲ੍ਹੇਗਾ। ਮੈਨੂੰ ਜਾਪਿਆ ਏਅਰ ਲਾਈਨ ਦਾ ਸਾਰਾ ਕਰਿਊ ਜਿਵੇਂ ਮੈਨੂੰ ਹੀ ਘੂਰ ਰਿਹਾ ਹੋਵੇ।
ਨਹੀਂ, ਮੈਨੂੰ ਤਾਂ ਮੇਰੇ ਆਪਣੇ ਅੰਦਰਲਾ ਪਾਲਾ ਹੀ ਖਾ ਰਿਹਾ ਸੀ। ਅਚਾਨਕ ਜਹਾਜ਼ ਦੇ ਪਹੀਏ ਗੜ ਗੜ ਕਰਦੇ ਕੈਨੇਡੀ ਏਅਰਪੋਰਟ ਉਤੇ ਅਮਰੀਕਾ ਦੀ ਸਰਜ਼ਮੀਨ ਨਾਲ ਟਕਰਾਏ। ਯਾਤਰੀ ਆਪੋ-ਆਪਣੀਆਂ ਪੇਟੀਆਂ ਤੋਂ ਆਜ਼ਾਦ ਹੋ ਗਏ ਸਨ ਅਤੇ ਆਪੋ-ਆਪਣਾ ਸਾਮਾਨ ਸੰਭਾਲਦੇ ਇਕ ਦੂਜੇ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਰਨ ਲਈ ਕਾਹਲੇ ਜਾਪ ਰਹੇ ਸਨ।
ਇਕ ਪਤਲੀ ਜਿਹੀ ਮੇਮ, ਆਪਣੇ ਵਾਲਾਂ ਵਿਚ ਬੁਰਸ਼ ਫੇਰ ਰਹੀ ਸੀ। ਇਕ ਅਫਗਾਨੀ ਨੌਜੁਆਨ ਆਪਣੇ ਚਿਹਰੇ ਨੂੰ ਸੰਵਾਰਦਾ ਹੱਥਾਂ ਵਿਚ ਫੜੇ ਕਾਗਜ਼ਾਂ ਪੱਤਰਾਂ ਨੂੰ ਸੰਭਾਲਣ ਵਿਚ ਮਗਨ ਸੀ। ਇਕ ਹੋਰ ਹਿੰਦੁਸਤਾਨੀ ਬਿਰਧ ਮਾਤਾ ਜਿਵੇਂ ਆਪਣਾ ਸਾਮਾਨ ਚੁੱਕਣ ਲਈ ਕਿਸੇ ਦੂਜੇ ਦਾ ਸਹਾਰਾ ਭਾਲ ਰਹੀ ਸੀ। ਮੈਂ ਸੁਤੇ ਸਿੱਧ ਉਸ ਦੀ ਮਦਦ ਲਈ ਉਸ ਵੱਲ ਨੂੰ ਉਲਰਿਆ। ਪਰ ਮੇਰੀ ਪੇਟੀ ਤਾਂ ਅਜੇ ਵੀ ਜਿਉਂ ਦੀ ਤਿਉਂ ਬੰਨ੍ਹੀ ਹੋਈ ਸੀ। ਮੇਰੀ ਸੀਟ ਕੋਲ ਖੜ੍ਹੀ ਏਅਰ ਹੋਸਟੈੱਸ ਦਾ ਪੂਰਾ ਧਿਆਨ ਅਜੇ ਵੀ ਮੇਰੀ ਤਰਫ ਹੀ ਸੀ।
ਇਕ, ਇਕ ਕਰਕੇ ਜਦੋਂ ਤਕਰੀਬਨ ਸਾਰੇ ਹੀ ਮੁਸਾਫਰ ਹੇਠਾਂ ਉਤਰ ਗਏ ਤਾਂ ਜਾ ਕੇ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਏਅਰ ਹੋਸਟੈੱਸ ਨੇ ਮੇਰੀ ਪੇਟੀ ਸੀਟ ਨਾਲੋਂ ਆਪਣੇ ਹੱਥੀਂ ਖੋਲ੍ਹੀ। ਮੈਂ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ ਤੇ ਆਪਣੀਆਂ ਦੋਹਾਂ ਜੇਬਾਂ ਉਪਰ ਹੱਥ ਰੱਖੀ, ਸਿੱਧਾ ਜਹਾਜ਼ ਦੇ ਪਿਛਲੇ ਕੈਬਿਨ ਵਿਚ ਬਣੇ ਬਾਥਰੂਮ ਵੱਲ ਨੂੰ ਭੱਜਿਆ। ‘‘ਮੇ ਆਈ ਹੈਲਪ ਯੂ ਮਿਸਟਰ ਦੇਵ? ਪਲੀਜ਼ ਵਿੱਦ ਕੇਅਰ।’’ ਏਅਰ ਹੋਸਟੈੱਸ ਦਾ ਸਾਰਾ ਧਿਆਨ ਮੇਰੇ ਵਿਚ ਹੀ ਸੀ। ਇਨ੍ਹਾਂ ਸ਼ਬਦਾਂ ਨੂੰ ਸੁਣਦੇ-ਸਾਰ ਮੇਰੇ ਅੰਦਰ ਛੁਪੇ ਡਰ ਦਾ ਪਰਛਾਵਾਂ ਹੋਰ ਲੰਬਾ ਹੋ ਗਿਆ। ਜਹਾਜ਼ ਦੇ ਦੂਜੇ ਕੈਬਿਨ ਵਿਚ ਹੁਣ ਸਿਰਫ ਇਕ ਏਅਰ ਹੋਸਟੈੱਸ ਤੇ ਦੂਜਾ ਮੇਰੀ ਦੇਖਭਾਲ ਕਰਨ ਵਾਲਾ ਡਾਕਟਰ ਬੱਸ ਇਹੀ ਦੋ ਜਣੇ ਬਾਕੀ ਸਨ।
ਮੈਂ ਪਿਸ਼ਾਬ ਦੇ ਬਹਾਨੇ ਬਾਥਰੂਮ ਦੇ ਅੰਦਰ ਜਾ ਕੇ ਝੱਟ ਜ਼ੋਰ ਦੀ ਕੁੰਡੀ ਬੰਦ ਕਰ ਲਈ। ਫਟਾ-ਫਟ ਇਕ ਜੇਬ ਵਿਚੋਂ ਜਹਾਜ਼ ਦੀ ਟਿਕਟ ਕੱਢੀ ਤੇ ਦੂਜੀ ਵਿਚੋਂ ਪਾਸਪੋਰਟ।
ਹਾਂ-ਹਾਂ ਮੈਨੂੰ ਏਜੰਟ ਦਾ ਕਹਿਣਾ ਮੰਨਣਾ ਹੀ ਚਾਹੀਦੈ-। .... ਪਾਸਪੋਰਟ ਹੀ ਨਹੀਂ ਹੋਵੇਗਾ। ਤਾਂ ਮੈਨੂੰ ਡਿਪੋਰਟ ਕਰਨਗੇ ਹੀ ਕਿਵੇਂ?
ਪਰ ਇਹ ਜੁਰਮ ਹੈ। ਮੇਰੀ ਆਤਮਾ ਨੇ ਚਿਤਾਵਨੀ ਦਿੱਤੀ।
ਮੈਂ ਅਜੇ ਦੁਚਿੱਤੀ ਜਿਹੀ ਵਿਚ ਫਸਿਆ ਮਨ ਅਤੇ ਆਤਮਾ ਦੋਹਾਂ ਵਿਚੋਂ ਕਿਸੇ ਦੀ ਵੀ ਆਵਾਜ਼ ਉਤੇ ਅਮਲ ਨਹੀਂ ਸੀ ਕਰ ਸਕਿਆ ਕਿ ਬਾਹਰੋਂ ਬਾਥਰੂਮ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਿਆ।
‘‘ਮਿਸਟਰ ਦੇਵ, ਪਲੀਜ਼ ਓਪਨ ਦਾ ਡੋਰ ਹਰੀ ਅੱਪ।’’ ਇਹ ਉਸੇ ਏਅਰ ਹੋਸਟੈੱਸ ਦੀ ਆਵਾਜ਼ ਸੀ ਜੋ ਕਿੰਨੇ ਹੀ ਚਿਰ ਤੋਂ ਮੇਰੇ ਆਲੇ ਦੁਆਲੇ, ਮੇਰੀ ਦੇਖ ਭਾਲ ਲਈ ਘੁੰਮਦੀ ਰਹੀ ਸੀ। ਉਸ ਦੀ ਆਵਾਜ਼ ਸੁਣਦਿਆਂ ਸਾਰ, ਮੈਂ ਹੱਥਾਂ ਵਿਚ ਫੜੇ ਦੋਵੇਂ ਦਸਤਾਵੇਜ਼ ਛੇਤੀ ਨਾਲ ਟੁਕੜੇ-ਟੁਕੜੇ ਕਰ ਫਲੱਸ਼ ਵਿਚ ਰੋੜ੍ਹ ਦਿੱਤੇ…।
ਦਰਵਾਜ਼ਾ ਹੋਰ ਜ਼ੋਰ ਜ਼ੋਰ ਦੀ ਖੜਕਿਆ। ਮੈਂ ਆਪਣੇ ਚਿਹਰੇ ਉਤੇ ਇਕ ਫਿੱਕੀ ਜਿਹੀ ਮੁਸਕਾਨ ਭਰਦਿਆਂ ਝੱਟ ਬਾਥਰੂਮ ਦਾ ਬੂਹਾ ਖੋਲ੍ਹ ਦਿੱਤਾ ਪਰ ਬਾਥਰੂਮ ਦੇ ਬਾਹਰ ਜਹਾਜ਼ ਦੇ ਕਪਤਾਨ ਮਿਸਟਰ ਲੈਰੀ ਅਤੇ ਉਸ ਦੇ ਕਰਿਊ ਤੋਂ ਇਲਾਵਾ, ਹੁਣ ਇਕ ਦੋ ਹੋਰ ਓਪਰੇ ਚਿਹਰੇ ਵੀ ਉਨ੍ਹਾਂ ਦੇ ਨਾਲ ਤਣ ਕੇ ਖੜ੍ਹੇ ਸਨ।

-ਬਚਿੰਤ ਕੌਰ
 
Top