ਮਾਂ ਦੇ ਨਾਲ ਬਚਪਨ ਦੀਆਂ ਕੁਝ ਅਭੁੱਲ ਯਾਦਾਂ

ਸੋਹਣ ਸਿੰਘ

ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਜਾਣਾਂ ਹੁੰਦਾ ਸੀ ਤਾਂ ਮੇਰੀ ਮਾਂ ਜਿਸਨੂੰ ਅਸੀਂ ਸਾਰੇ ਭੈਣਾਂ ਭਰਾ ਭਾਬੀ ਕਹਿਕੇ ਪੁਕਾਰਦੇ ਸੀ, ਮੇਰੇ ਸਿਰ ਦਾ ਜੂੜਾ ਕਰਨ ਤੋਂ ਪਿਛੋਂ ਨਿਕੀ ਜਿਹੀ ਪਗੜੀ ਮੇਰੇ ਸਿਰ ਉਪਰ ਬੰਨਦੀ। ਮੈਂ ਮੰਜੇ ਉਪਰ ਜਾਂ ਕਦੇ ਕਦੇ ਪੀੜ੍ਹੀ ਉਪਰ ਚੁਪ ਚਾਪ ਬੈਠਾ ਪਗੜੀ ਬਨ੍ਹਾਉਂਦਾ। ਮੈਨੂੰ ਅੱਜ ਵੀ ਉਹ ਵਕਤ ਯਾਦ ਆਉਂਦਾ ਹੈ ਕਿ ਕਿੰਨੇ ਚੰਗੇ ਸਨ ਉਹ ਦਿਨ, ਕੋਈ ਫਿਕਰ ਨਹੀਂ ਸੀ ਹੁੰਦਾ, ਕੋਈ ਜਿੰਮੇਵਾਰੀ ਨਹੀਂ ਹੁੰਦੀ ਸੀ ਤੇ ਕੋਈ ਘਰ ਦੇ ਬਿਲਾਂ ਦਾ ਬੋਝ ਵੀ ਨਹੀਂ ਸੀ ਹੁੰਦਾ।

ਮੈਂ ਸ਼ਰਾਰਤੀ ਬਹੁਤ ਹੁੰਦਾ ਸੀ, ਮਾਂ ਨੇ ਕਦੀ ਕਦਾਈਂ ਗੁਸੇ ਵਿਚ ਆਕੇ ਮੇਰੇ ਚਪੇੜ ਵੀ ਮਾਰਨ ਦੀ ਕੋਸ਼ਿਸ਼ ਕਰਨੀ ਲੇਕਿਨ ਉਸ ਨੇ ਚਪੇੜ ਕਦੇ ਵੀ ਨਹੀਂ ਸੀ ਮਾਰੀ ਸਗੋਂ ਆਪਣੇ ਆਪ ਵਿਚ ਸਾਰੇ ਦਾ ਸਾਰਾ ਗੁਸਾ ਸਮੇਟ ਜਾਂਦੀ। ਮੈਨੂੰ ਹੁਣ ਯਾਦ ਆਉਂਦਾ ਹੈ ਕਿ ਮਾਂ ਸਿਰਫ ਮੈਨੂੰ ਡਰਾਉਣ ਲਈ ਦਿਖਾਵਾ ਕਰਦੀ ਸੀ। ਸ਼ਾਇਦ ਚਪੇੜ ਮਾਰਨ ਲੱਗਿਆਂ ਮਾਂ ਦੀ ਮੰਮਤਾ ਮੂਹਰੇ ਆ ਜਾਂਦੀ ਹੋਵੇਗੀ। ਮਾਂ ਤਾਂ ਵੈਸੇ ਸਾਰਿਆਂ ਬੱਚਿਆਂ ਲਈ ਇਕੋ ਜਹੀ ਹੀ ਹੁੰਦੀ ਹੈ ਲੇਕਿਨ ਮੇਰੀ ਮਾਂ ਦਾ ਦਿਲ ਬਹੁਤ ਨਰਮ ਸੀ। ਉਹਨਾਂ ਵੇਲਿਆਂ ਨੂੰ ਜਦੋਂ ਮੈਂ ਯਾਦ ਕਰਦਾ ਹਾਂ ਤਾਂ ਮੇਰੇ ਸਾਹਮਣੇ ਇਕ ਫਿਲਮ ਦੀ ਤਰਾਂ ਹਰ ਯਾਦ ਮੇਰੇ ਮੂਹਰਿਉਂ ਦੀ ਲੰਘ ਜਾਂਦੀ ਹੈ ਜਿਸ ਦਾ ਹਿਸਾਬ ਮੈਂ ਆਪਣੇ ਖਿਆਲਾਂ ਵਿਚ ਹੀ ਲਗਾ ਸਕਦਾ ਹਾਂ।

ਬਾਕੀ ਦੇ ਮੇਰੇ ਭੈਣ ਭਰਾ ਉਮਰ ਵਿਚ ਮੈਥੋਂ ਵੱਡੇ ਸਨ ਤੇ ਛੋਟੇ ਹੋਣ ਦਾ ਅਹਿਸਾਸ ਹਮੇਸ਼ਾਂ ਹੀ ਮੇਰੇ ਮੰਨ ਵਿਚ ਰਹਿੰਦਾ। ਸਾਰੇ ਹੀ ਭੈਣਾ-ਭਰਾ ਆਪਣਾ ਆਪਣਾ ਪਿਆਰ ਮੈਨੂੰ ਅਕਸਰ ਜਤਾਉਂਦੇ ਰਹਿੰਦੇ ਲੇਕਿਨ ਦਿਲ ਵਿਚ ਅਹਿਸਾਸ ਰਹਿੰਦਾ ਕਿ ਉਹ ਹਮੇਸ਼ਾਂ ਹੀ ਮੈਨੂੰ ਪਿਆਰ ਜਤਾਉਂਦੇ ਰਹਿਣ ।

ਸਵੇਰੇ ਸਵੇਰੇ ਛੁਟੀ ਵਾਲੇ ਦਿਨ ਮਾਂ ਨੇ ਕਣਕ ਦੇ ਦਾਣੇ ਚੱਕੀ ਕੋਲ ਰੱਖ ਲੈਣੇ ਤੇ ਚੱਕੀ ਨਾਲ ਆਟਾ ਪੀਹਕੇ ਸਾਰੇ ਪ੍ਰੀਵਾਰ ਦੀ ਰੋਟੀ ਬਣਾਉਣੀ ਹੁੰਦੀ ਸੀ। ਮਾਂ ਨੇ ਜਿਉਂ ਹੀ ਚੱਕੀ ਚਲਾਉਣੀ ਤਿਉਂ ਹੀ ਚੱਕੀ ਦੀ ਮਿਠੀ ਮਿਠੀ ਤੇ ਮੱਧਮ ਆਵਾਜ਼ ਵਿਚ ਮੈਨੂੰ ਬਹੁਤ ਹੀ ਗ੍ਹੂੜੀ ਨੀਂਦ ਆ ਜਾਂਦੀ ਸੀ। ਦਿਲ ਕਰਦਾ ਹੁੰਦਾ ਸੀ ਕਿ ਚੱਕੀ ਚਲਦੀ ਰਹਵੇ ਤੇ ਮੈਂ ਗੂਹੜੀ ਨੀਂਦ ਸੁਤਾ ਰਹਵਾਂ। ਕਦੀ ਕਦਾਈ ਮਾਂ ਨੂੰ ਚੱਕੀ ਪੀਂਹਦਿਆਂ ਦੇਖਕੇ ਦਿਲ ਕਰਦਾ ਸੀ ਕਿ ਮੈਂ ਵੀ ਕੁਝ ਮਾਂ ਦੀ ਮਦਦ ਕਰਾਂ, ਵਿਚਾਰੀ ਇਕੱਲੀ ਹੀ ਆਟਾ ਪੀਹਣ ਲੱਗੀ ਹੋਈ ਹੈ। ਉਦੋਂ ਇਹ ਬਿਲਕੁਲ ਪਤਾ ਨਹੀਂ ਸੀ ਹੁੰਦਾ ਕਿ ਦਾਣੇ ਪੀਹਣ ਵਾਲੀ ਚੱਕੀ ਤੇ ਜ਼ੋਰ ਵੀ ਲਗਦਾ ਹੈ। ਜਦੋਂ ਕਿਸੇ ਦਿਨ ਮੈਂ ਮਦਦ ਕਰਵਾਉਂਦਾ ਮੈਂ ਚੱਕੀ ਜ਼ੋਰ ਨਾਲ ਘੁਮਾ ਦੇਂਦਾ ਤੇ ਫਿਰ ਹੌਲੀ ਕਰ ਦੇਂਦਾ। ਮਾਂ ਨੇ ਬਥੇਰੀ ਦੁਹਾਈ ਪਾਉਣੀ “ਕਾਕਾ ਚੱਕੀ ਹੌਲੀ ਚਲਾ” ਪਰ ਮੈਨੂੰ ਇਤਨੀ ਸਮਝ ਨਹੀਂ ਸੀ ਕਿ ਮਾਂ ਕਿਉਂ ਕਹਿੰਦੀ ਹੈ ਤੇ ਮੈਂ ਏਸੇ ਤਰਾਂ ਹੀ ਸ਼ਰਾਰਤਾਂ ਕਰਦਾ ਰਹਿੰਦਾ। ਕਦੀ ਕਦਾਈ ਮੈਂ ਥੱਕਕੇ ਮਾਂ ਵਲ ਤੱਕਦਾ ਰਹਿੰਦਾ। ਫਿਰ ਛੇਤੀ ਹੀ ਮੈਨੂੰ ਨੀਂਦ ਆ ਜਾਂਦੀ ਤੇ ਮੈਂ ਸੌਂ ਜਾਂਦਾ।

ਮਾਂ ਤੜਕੇ ਉਠਕੇ ਹਵੇਲੀ ਨੂੰ ਮੱਝਾਂ ਦਾ ਦੁਧ ਚੋਣ ਜਾਂਦੀ, ਹੱਥ ਵਿਚ ਲਾਲਟੈਣ ਹੁੰਦੀ ਸੀ ਜਿਸ ਦੀ ਲੋਅ ਨਾਲ ਸਿਰਫ ਚਾਰ ਜਾਂ ਪੰਜ ਫੁਟ ਤੱਕ ਹੀ ਦਿਖਾਈ ਦੇਂਦਾ ਸੀ। ਹਵੇਲੀ ਨੂੰ ਜਾਂਦਿਆਂ ਅਗਰ ਕੋਈ ਰਸਤੇ ‘ਚ, ਮਿਲ ਪੈਂਦਾ ਤਾਂ ਪਛਾਨਣਾਂ ਮੁਸਕਲ ਹੋ ਜਾਂਦਾ ਸੀ। ਮਾਂ ਦੇ ਮਨ੍ਹਾਂ ਕਰਨ ਦੇ ਬਾਬਜੂਦ ਵੀ ਮੈਂ ਕਦੀ ਕਦਾਈਂ ਜ਼ਿੱਦ ਪੈ ਜਾਂਦਾ ਤੇ ਹਵੇਲੀ ਨੂੰ ਨਾਲ ਚਲਿਆ ਜਾਂਦਾ। ਉਸ ਸਮੇਂ ਬਿਸਤਰੇ ਤੋਂ ਉਠਣਾਂ ਬਹੁਤ ਮੁਸ਼ਕਲ ਲਗਦਾ ਸੀ
ਬੇਸ਼ੱਕ ਮੈਂ ਛੋਟਾ ਸੀ ਲੇਕਿਨ ਮੈਨੂੰ ਮਾਂ ਦਾ ਇਕੱਲਿਆਂ ਹਵੇਲੀ ਨੂੰ ਜਾਣ ਤੋਂ ਡਰ ਲਗਦਾ ਹੁੰਦਾ ਸੀ ਕਿ ਮਾਂ ਨੂੰ ਰਸਤੇ ਵਿਚ ਕੋਈ ਮੁਸੀਬਤ ਨਾਂ ਆ ਪਵੇ। ਹਾਲਾਂ ਕਿ ਹਵੇਲੀ ਘਰ ਤੋਂ ਬਹੁਤੀ ਦੂਰੀ ਤੇ ਨਹੀਂ ਸੀ, ਜਾਣ ਨੂੰ ਕੋਈ ਦੋ ਜ਼ਾਂ ਤਿੰਨ ਮਿੰਟ ਹੀ ਲਗਦੇ ਹੋਣਗੇ। ਵੈਸੇ ਤਾਂ ਪਿੰਡਾਂ ਵਿਚ ਸਾਰੇ ਹੀ ਇਕ ਦੂਜੇ ਨੂੰ ਬੜੀ ਚੰਗੀ ਤਰਾਂ ਜਾਣਦੇ ਸਨ ਤੇ ਡਰ ਘਟ ਹੀ ਹੁੰਦਾ ਸੀ। ਮੈਂ ਘਰੋਂ ਉਠਕੇ ਮਾਂ ਦੇ ਨਾਲ ਹਵੇਲੀ ਚਲਿਆ ਜਾਂਦਾ ਤੇ ਹਵੇਲੀ ਜਾਕੇ ਸੌਂ ਜਾਂਦਾ। ਮਾਂ ਨੇ ਕਿਹੜੇ ਵੇਲੇ ਗੋਹਾ ਕੂੜਾ ਕੀਤਾ, ਕੀ ਕੀ ਕੰਮ ਕੀਤਾ, ਕਿਹੜੇ ਵੇਲੇ ਧਾਰ ਕੱਢੀ ਮੈਨੂੰ ਕੁਛ ਯਾਦ ਨਹੀਂ ਸੀ ਹੁੰਦਾ। ਕਈ ਵਾਰੀ ਘਰ ਨੂੰ ਵਾਪਸ ਆਉਂਦਿਆ ਮਾਂ ਨੇ ਇਕ ਹੱਥ ਵਿਚ ਦੁਧ ਦੀ ਬਾਲਟੀ ਫੜੀ ਹੋਈ ਹੁੰਦੀ ਸੀ ਤੇ ਦੂਸਰੇ ਪਾਸੇ ਮੈਨੂੰ ਕੁਛੜ ਚੁਕਿਆ ਹੋਇਆ ਹੁੰਦਾ ਸੀ। ਮੈਂ ਘਰ ਆਕੇ ਫਿਰ ਘੰਟਿਆਂ ਬੱਧੀ ਸੁਤਾ ਰਹਿੰਦਾ ਤੇ
ਉਸੇ ਦੌਰਾਨ ਮਾਂ ਆਪਣਾਂ ਕੰਮ ਕਾਰ ਕਰਦੀ ਰਹਿੰਦੀ।

ਕਿਸੇ ਕਿਸੇ ਦਿਨ ਮਾਂ ਨੇ ਜਦੋਂ ਦੁਧ ਰਿੜਕਣ ਦੀ ਤਿਆਰੀ ਕਰਨੀ ਮੈਂ ਵੀ ਉਠ ਕੇ ਕੋਲ ਬਹਿ ਜਾਂਦਾ ਤੇ ਉਸ ਮੌਕੇ ਦੀ ਉਡੀਕ ਕਰਦਾ ਕਿ ਮਾਂ ਕਦੋਂ ਦੁਧ ਰਿੜਕਣ ਲੱਗੇ, ਚਾਟੀ ਵਿਚ ਮਧਾਣੀ ਫਿਰੇ ਤੇ ਮਾਂ ਤਾਜਾ ਤਾਜਾ ਮੱਖਣ ਮੈਨੂੰ ਜੁਆਰ ਦੀ ਰੋਟੀ ਤੇ ਧਰਕੇ ਦਵੇ ਤੇ ਮੈਂ ਖਾਵਾਂ। ਹਮੇਸਾਂ ਇਹੀ ਦਿਲ ਕਰਦਾ ਹੁੰਦਾ ਸੀ ਕਿ ਮਾਂ ਬੈਠੀ ਦੁਧ ਰਿੜਕੀ ਜਾਵੇ ਤੇ ਮੈਂ ਕੋਲ ਬੈਠਾ, ਬੇਹੀ ਰੋਟੀ ਤੇ ਮੱਖਣ ਧਰ ਕੇ ਖਾਂਦਾ ਜਾਵਾਂ।

ਸਵੇਰ ਦੀ ਲੋਅ ਲਗਦਿਆ ਸਾਰ ਹੀ ਮਾਂ ਨੇ ਮੇਰੇ ਬਾਕੀ ਦੇ ਭੈਣਾਂ ਭਰਾਵਾਂ ਨੂੰ ਉਚੀ ਉਚੀ ਆਵਾਜ਼ਾਂ ਮਾਰਕੇ ਜਗਾਉਣ ਦੀ ਕੋਸ਼ਿਸ਼ ਕਰਨੀ ਤਾਂ ਜੁ ਉਹ ਸਾਰੇ ਸਮੇ ਸਿਰ ਉਠਕੇ ਸਕੂਲ ਚਲੇ ਜਾਣ। ਬੇਸ਼ੱਕ ਮਾਂ ਪੜ੍ਹੀ ਲਿਖੀ ਨਹੀਂ ਸੀ ਤਾਂ ਵੀ ਉਹ ਸਾਡੀ ਸਾਰਿਆਂ ਦੀ ਬੜੀ ਦੇਖ-ਰੇਖ ਕਰਦੀ। ਕਈ ਵਾਰੀ ਮਾਂ ਸਾਨੂੰ ਸਾਰਿਆਂ ਨੂੰ ਇਸ ਗਲ ਤੇ ਜ਼ੋਰ ਪਾਉਂਦੀ ਕਿ ਸਵੇਰੇ ਸਵੇਰੇ ਉਠਕੇ ਪੜ੍ਹਾਈ ਕਰਿਆ ਕਰੋ ਦਿਮਾਗ ਬਿਲਕੁਲ ਤਾਜਾ ਹੁੰਦਾ ਹੈ। ਅਸੀਂ ਸਾਰਿਆਂ ਨੇ ਬੜੀ ਕੋਸ਼ਿਸ਼ ਕਰਨੀ ਉਠ ਕੇ ਪੜ੍ਹਨ ਦੀ ਪਰ ਵੀਹਾਂ ਕੁ ਮਿੰਟਾਂ ਬਾਅਦ ਨੀਂਦ ਆ ਜਾਣੀ ਤੇ ਫਿਰ ਸੌਂ ਜਾਣਾਂ। ਮਾਂ ਦਾ ਸੁਭਾ ਬਹੁਤ ਹੀ ਨਰਮ ਸੀ। ਮਾਂ ਦੇ ਨਰਮ ਸੁਭਾ ਦਾ ਨਾਜਾਇਜ਼ ਫਾਇਦਾ ਹਰ ਬੱਚਾ ਉਠਾਉਂਦਾ ਹੈ ਜਿਸ ਵਿਚ ਮੈਂ ਵੀ ਸ਼ਾਮਲ ਸਾਂ। ਕਦੀ ਕਦਾਈਂ ਛੁਟੀ ਵਾਲੇ ਦਿਨ ਮੇਰੀ ਤੇ ਮੇਰੇ ਵੱਡੇ ਭਰਾ ਦੀ ਡਿਉਟੀ ਹੁੰਦੀ ਸੀ ਕਿ ਦੁਪਹਿਰ ਵੇਲੇ ਮੱਝ ਨੂੰ ਖੂਹੀ ਤੋਂ ਪਾਣੀ ਪਿਲਾਕੇ ਦਰਖਤ ਦੇ ਥੱਲੇ ਜਾਂ ਬਰਾਂਡੇ ਵਿਚ ਜਰੂਰ ਕੀਤਾ ਜਾਵੇ ਤਾਂ ਕਿ ਮੱਝ ਧੁਪ ਤੋਂ ਬਚੀ ਰਹਵੇ। ਕਈ ਵਾਰੀ ਰਸਤੇ ਵਿਚ ਯਾਰਾਂ ਮਿਤਰਾਂ ਨਾਲ ਬੰਟੇ ਖੇਡਦਿਆਂ ਖੇਡਦਿਆਂ ਯਾਦ ਹੀ ਭੁਲ ਜਾਂਦਾ ਸੀ ਕਿ ਮਾਂ ਨੇ ਸਾਨੂੰ ਕਿਹੜੇ ਕੰਮ ਭੇਜਿਆ ਸੀ। ਬਹੁਤ ਵਾਰੀ ਮਾਂ ਸਾਡੇ ਉਪਰ ਗੁਸੇ ਹੁੰਦੀ ਤੇ ਉਸ ਦਾ ਗੁਸਾ ਵਾਜਿਬ ਵੀ ਹੁੰਦਾ ਸੀ ਤੇ ਅਸੀ ਦੋਵੇਂ ਸ਼ਰਮ ਦੇ ਮਾਰੇ ਸਿਰ ਝੁਕਾਈ ਖੜੇ ਮਾਂ ਦੀਆਂ ਝਿੜਕਾਂ ਸੁਣਦੇ ਰਹਿੰਦੇ ਤੇ ਮਾਂ ਦੇ ਨਾਲ ਘਰ ਨੂੰ ਪਰਤ ਆਉਂਦੇ।

ਸ਼ਾਮ ਦੇ ਵੇਲੇ ਮੈਂ ਅਕਸਰ ਪਿੰਡ ਦੀ ਇਕ ਛੋਟੀ ਜਿਹੀ ਗਰਾਉਂਡ ਵਿਚ ਫੁਟਬਾਲ ਖੇਡਣ ਚਲੇ ਜਾਂਦਾ ਸੀ ਜਿਥੇ ਸਾਰੇ ਹੀ ਪਿੰਡ ਦੇ ਮੁੰਡੇ ਇਕੱਠੇ ਹੋਕੇ ਘੰਟਿਆਂ ਬੱਧੀ ਖੇਡਦੇ ਰਹਿੰਦੇ। ਮਾਂ ਹਮੇਸ਼ਾਂ ਹੀ ਮੇਰਾ ਇੰਤਜ਼ਾਰ ਕਰਦੀ ਰਹਿੰਦੀ ਕਿ ਮੈਂ ਕਦ ਘਰ ਆਵਾਂ ਤੇ ਰੋਟੀ ਖਾਵਾਂ ਲੇਕਿਨ ਮੈਨੂੰ ਕੋਈ ਯਾਦ ਨਹੀਂ ਸੀ ਹੁੰਦਾ ਕਿ ਮਾਂ ਨੇ ਸਵੇਰੇ ਉਠਕੇ ਹੋਰ ਵੀ ਕਈ ਕੰਮ ਕਰਨੇ ਹਨ। ਮੈਂ ਗਰਾਊਂਡ ਵਿਚੋਂ ਆਪਣੀ ਮਰਜ਼ੀ ਨਾਲ ਹੀ ਆਉਂਦਾ ਸੀ ਕਿਉਂਕੇ ਉਸ ਵੇਲੇ ਮੈਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਸੀ ਹੁੰਦਾ ।

ਕਈ ਵਾਰੀ ਮਾਂ ਨੇ ਮੈਨੂੰ ਪਿੰਡ ਦੀ ਹੱਟੀ ਤੋ ਕੁਝ ਖਰਦਿਣ ਲਈ ਭੇਜਣਾਂ ਮੈਂ ਘੰਟਿਆ ਬੱਧੀ ਘਰ ਵਾਪਿਸ ਨਹੀਂ ਸੀ ਆਉਂਦਾ। ਜੇ ਰਸਤੇ ਵਿਚ ਕੁਝ ਦੋਸਤ ਮਿਲ ਪਏ, ਬੰਟੇ ਖੇਲਣੇ ਸ਼ੁਰੂ ਕਰ ਦਿਤੇ। ਕੁਝ ਇਕ ਬੰਟੇ ਹਮੇਸ਼ਾਂ ਹੀ ਮੇਰੀ ਜੇਬ ਵਿਚ ਹੁੰਦੇ ਸਨ, ਯਾਦ ਹੀ ਨਹੀਂ ਰਹਿੰਦਾ ਸੀ ਕਿ ਘਰ ਵਿਚ ਮਾਂ ਤਾਂ ਮੇਰਾ ਇੰਤਜ਼ਾਰ ਕਰ ਰਹੀ ਹੈ। ਕਦੇ ਕਦੇ ਮਾਂ ਦਾ ਹੱਥ ਇਕ ਚਪੇੜ ਦੀ ਸ਼ਕਲ ਵਿਚ ਉਠਦਾ ਜ਼ਰੂਰ ਲੇਕਿਨ ਮੈਂ ਹਮੇਸ਼ਾਂ ਹੀ ਬਚ ਜਾਂਦਾ ਸੀ।

ਮੇਰਾ ਵੱਡਾ ਭਰਾ ਮੈਨੂੰ ਹਮੇਸ਼ਾਂ ਹੀ ਪੜ੍ਹਨ ਲਈ ਜ਼ੋਰ ਪਾਉਂਦਾ ਲੇਕਿਨ ਪੜ੍ਹਨ ਵਿਚ ਮੈਂ ਬਹੁਤ ਹੁਸਿ਼ਆਰ ਤਾਂ ਨਹੀਂ ਸੀ ਲੇਕਿਨ ਆਲੇ ਦੁਆਲੇ ਦੇ ਚੌਗਿਰਦੇ ਦਾ ਮੇਰੇ ਤੇ ਬਹੁਤ ਅਸਰ ਹੋਇਆ ਤੇ ਮੇਰਾ ਰੁਝਾਨ ਪੜਾਈ ਵਲ ਲੱਗ ਗਿਆ, ਮੇਰੇ ਸਾਰੇ ਭੈਣਾਂ ਭਰਾ ਪੜੇ-ਲਿਖੇ ਸਨ। ਮੇਰੀ ਇਕ ਭੈਣ ਜੋ ਉਮਰ ਵਿਚ ਮੈਥੋਂ ਵੱਡੀ ਸੀ ਮੇਰਾ ਉਸ ਨਾਲ ਬਹੁਤ ਪਿਆਰ ਹੁੰਦਾ ਸੀ। ਇਸ ਦੇ ਨਾਲ ਨਾਲ ਮੈਂ ਸ਼ਰਾਰਤੀ ਬਹੁਤ ਹੁੰਦਾ ਸੀ। ਜਦੋਂ ਮੇਰੀ ਕੋਈ ਸ਼ਰਾਰਤ ਉਸ ਨੂੰ ਨਾਂ ਪਸੰਦ ਆਉਦੀ ਤੇ ਉਹ ਮੈਨੂੰ ਕੁਟਦੀ ਵੀ ਹੁੰਦੀ ਸੀ। ਅੱਜ ਭੈਣ ਦੇ ਗੁਸੇ ਤੇ ਪਿਆਰ ਦੀਆਂ ਚਪੇੜਾਂ ਦੀ ਯਾਦ ਆਉਂਦੀ ਹੈ ਹਮੇਸਾਂ ਦਿਲ ਹੀ ਦਿਲ ਵਿਚ ਕਹਿੰਦਾ ਹਾਂ ਕਿ ਕਾਸ਼ ਅਸੀਂ ਕਦੀ ਵੱਡੇ ਨਾ ਹੁੰਦੇ, ਭੈਣ ਕੁਟਦੀ ਰਹਿੰਦੀ ਤੇ ਮੈ ਕੁਟ ਮਾਰ ਸਹਿੰਦਾ ਰਹਿੰਦਾ। ਉਸ ਕੁਟ ਮਾਰ, ਚਪੇੜਾਂ ਵਿਚ ਵੀ ਇਕ ਅਥਾਹ ਦਿਲੀ ਪਿਆਰ ਸੀ ਜੋ ਅੱਜ ਮੈਨੂੰ ਕਿਤੋਂ ਵੀ ਮਿਲ ਨਹੀਂ ਸਕਦਾ ਤੇ ਮੈ ਹਮੇਸਾਂ ਹੀ ਉਸ ਵੇਲੇ ਨੂੰ ਯਾਦ ਕਰ ਕਰ ਕੇ ਅੱਖਾਂ ਚੋਂ ਦੋ ਹੰਝੂ ਕੇਰ ਲੈਂਦਾ ਹਾਂ।

ਜਦੋਂ ਮਾਂ ਵਿਹੜੇ ਵਿਚ ਚਰਖਾ ਡਾਹ ਕੇ ਕੱਤਣ ਲਗਦੀ ਤਾਂ ਮੈ ਉਸ ਦੇ ਆਲੇ ਦੁਆਲੇ ਆਪਣੇ ਖੇਡਣ ਦਾ ਪ੍ਰਬੰਧ ਕਰਨ ਲਗ ਪੈਂਦਾ। ਮਾਂ ਮੈਨੂੰ ਹਮੇਸ਼ਾਂ ਕਹਿੰਦੀ ਰਹਿੰਦੀ ਕਿ ਚਰਖੇ ਤੋਂ ਦੂਰ ਰਿਹਾ ਕਰ। ਮੈਂ ਕਈ ਵਾਰੀ ਮਾਂ ਦੇ ਕੋਲ ਬੈਠ ਕੇ ਚਰਖਾ ਗੇੜਨ ਲਗ ਪੈਂਦਾ ਤੇ ਜੋਰ ਜੋਰ ਦੀ ਖਾਲੀ ਘੁਮਾਈ ਜਾਂਦਾ। ਮਾਂ ਦੇ ਚਰਖਾ ਕੱਤਣ ਦੇ ਕੰਮ ਵਿਚ ਰੁਕਾਵਟ ਜ਼ਰੂਰ ਪੈਂਦੀ ਲੇਕਿਨ ਮਾਂ ਗੁਸੇ ਕਦੇ ਨਹੀਂ ਸੀ ਹੁੰਦੀ ਸਗੋਂ ਪਿਆਰ ਨਾਲ ਪੁਤ ਬੱਚਾ ਕਹਿਕੇ ਪਰੇ ਕਰ ਦਿੰਦੀ ਸੀ ਤੇ ਮੈਨੂੰ ਪਤਾ ਵੀ ਨਹੀਂ ਸੀ ਲਗਦਾ ਹੁੰਦਾ। ਕਿਡਾ ਵੱਡਾ ਮਾਂ ਦਾ ਜੇਰਾ ਸੀ। ਮਾਂ ਕਦੇ ਕਦੇ ਸਾਗ ਜਾਂ ਸਬਜ਼ੀ ਵਿਚ ਕੜਛੀ ਫੇਰਨ ਦੇ ਬਹਾਨੇ ਉਠ ਕੇ ਜਾਂਦੀ ਤੇ ਮੈਂ ਝੱਟ ਦੇਣੀਂ ਉਸ ਦੀ ਪੀਹੜੀ ਤੇ ਬੈਠਦਾ ਤੇ ਚਰਖਾ ਜ਼ੋਰ ਜ਼ੋਰ ਦੀ ਘੁਮਾਉਣ ਲਗ ਪੈਂਦਾ ਜਿਸਦੀ ਘੂਕਰ ਦੂਰ ਦੂਰ ਤਕ ਸੁਣਦੀ ਸੀ। ਜਦੋਂ ਮਾਂ ਮੁੜ ਕੇ ਆਉਂਦੀ ਤਾਂ ਉਸ ਦੇ ਚਿਹਰੇ ਦਾ ਗੁਸਾ ਦੇਖ ਮੈਂ ਦੌੜ ਕੇ ਦੂਰ ਜਾ ਕੇ ਖੜਾ ਹੋ ਜਾਂਦਾ। ਫਿਰ ਮਾਂ ਨੇ ਸੁਭਾ ਸ਼ਾਂਤ ਕਰਕੇ ਹੌਲੀ ਜਿਹਾ ਕਹਿਣਾਂ ਆਜਾ ਹੁਣ ਬਹਿ ਜਾ ਕੋਲ ਆ ਕੇ। ਅੱਗੋਂ ਤੋਂ ਚਰਖੇ ਨੂੰ ਹੁਥ ਨਾਂ ਲਾਈਂ, ਮੈ ਹੂੰ ਕਹਿ ਦੇਂਦਾ ਸੀ। ਦੁਪਹਿਰ ਢੱਲਣ ਤੋਂ ਬਾਅਦ ਮਾਂ ਖੇਤਾਂ ਵਲ ਮੱਝ ਲਈ ਪੱਠੇ ਲੈਣ ਜਾਂਦੀ ਤੇ ਮੈਂ ਵੀ ਉਸ ਨਾਲ ਚਲਾ ਜਾਂਦਾ। ਖੇਤਾਂ ਵਿਚ ਜਾ ਕੇ ਵੀ ਮੈ ਅਕਸਰ ਖੇਡਦਾ ਹੀ ਰਹਿੰਦਾ ਸੀ ਤੇ ਮਾਂ ਹਮੇਸ਼ਾਂ ਉਚੀ ਉਚੀ ਆਵਾਜ਼ ਮਾਰ ਕੇ ਮੈਨੂੰ ਬੁਲਾਉਂਦੀ ਤੇ ਅਸੀਂ ਦੋਵੇਂ ਖੁਸ਼ੀ ਖੁਸ਼ੀ ਹਵੇਲੀ ਵਾਪਸ ਆ ਜਾਂਦੇ।

ਦਿਨ ਬੀਤਦੇ ਜਾਂਦੇ ਨੇ ਲੇਕਿਨ ਮਾਂ ਦੇ ਨਾਲ ਬਚਪਨ ਦੀਆਂ ਅਭੁਲ ਯਾਦਾਂ ਅਜੇ ਵੀ ਮੇਰਾ ਖਹਿੜਾ ਨਹੀਂ ਛੱਡਦੀਆ ਜਿਹਨਾਂ ਨੂੰ ਮੈ ਆਪਣੇ ਉਪਰ ਹੰਡਾਇਆ ਸੀ। ਬਹੁਤ ਵਾਰੀ ਉਹ ਯਾਦਾਂ ਅਜੇ ਵੀ ਦਿਲ ਨੂੰ ਆ ਟੁੰਬਦੀਆਂ ਨੇ ਤੇ ਮੈਂ ਅਕਸਰ ਉਹਨਾਂ ਯਾਦਾਂ ਵਿਚ ਗੁਆਚ ਜਾਂਦਾ ਹਾਂ। ਕਾਸ਼! ਕਦੇ ਉਹ ਦਿਨ ਫਿਰ ਮੁੜ ਆਵਣ। ਕਾਸ਼!!
 
Top