ਮੈਲੇ ਝੋਲੇ ਵਾਲੀ ਬੇਬੇ

'MANISH'

yaara naal bahara
ਰਾਮਵੀਰ ਕੌਰ

ਅੱਜ ਮੈਨੂੰ ਉਹ ਬਜ਼ੁਰਗ ਔਰਤ ਫਿਰ ਮਿਲ ਗਈ। ਮੈਂ ਅਜੇ ਘਰ ਤੋਂ ਕੁਝ ਦੂਰ ਹੀ ਗਈ ਸੀ। ਮੇਰੇ ਸਾਈਕਲ ਵਿਚ ਹਵਾ ਵੀ ਬਿਲਕੁਲ ਨਹੀਂ ਸੀ। ਮੈਥੋਂ ਆਪਣਾ ਭਾਰ ਹੀ ਨਹੀਂ ਖਿੱਚਿਆ ਜਾ ਰਿਹਾ ਸੀ ਤੇ ਉੱਤੋਂ ਸਫ਼ਰ ਵੀ ਲਗਪਗ ਅੱਧੇ ਘੰਟੇ ਦਾ। ਪਹਿਲਾਂ ਵੀ ਉਹ ਮੈਨੂੰ ਦੋ ਵਾਰ ਮਿਲ ਚੁੱਕੀ ਸੀ। ਮੈਲੀ ਜਿਹੀ ਘੱਗਰੀ, ਡੱਕੇ ਵਰਗਾ ਸਰੀਰ, ਅੱਖਾਂ ਦਰਦ ਨਾਲ ਡੁੱਲ੍ਹ-ਡੁੱਲ੍ਹ ਪੈਂਦੀਆਂ, ਹੱਥ ’ਚ ਮੈਲਾ ਜਿਹਾ ਝੋਲਾ, ਸੋਟੀ ਤੇ ਸਰੀਰ ਬਿਲਕੁਲ ਕੁੱਬਾ।
ਜਦੋਂ ਉਹ ਮੈਨੂੰ ਦਿਖਾਈ ਦਿੱਤੀ ਤਾਂ ਮੈਂ ਦੂਰੋਂ ਵੇਖਿਆ, ਉਸ ਨੇ ਦੋ-ਤਿੰਨ ਸਕੂਟਰ, ਸਾਈਕਲਾਂ ਵਾਲਿਆਂ ਨੂੰ ਹੱਥ ਕੀਤਾ ਸੀ ਪਰ ਕਿਸੇ ਨੇ ਰੋਕਿਆ ਨਹੀਂ। ਕੋਈ ਸੋਹਣੀ-ਸਨੱਖੀ ਕੁੜੀ ਹੋਵੇ ਤਾਂ ਝੱਟ ਰੋਕ ਲੈਣ। ਉਸ ਦਿਨ ਮੈਂ ਵੀ ਕੋਲ ਦੀ ਲੰਘ ਗਈ ਕਿਉਂਕਿ ਉਸ ਨੇ ਮੈਨੂੰ ਰੋਕਿਆ ਹੀ ਨਹੀਂ। ਜਦੋਂ ਮੈਂ ਖਾਸੀ ਦੂਰ ਗਈ ਤਾਂ ਮੇਰੀ ਆਤਮਾ ਨੇ ਮੈਨੂੰ ਝੰਜੋੜਿਆ ਕਿ ਹੁਣ ਤੱਕ ਗਰਲ ਗਾਈਡ, ਐਨ.ਸੀ.ਸੀ. ਤੇ ਐਨ.ਐਸ.ਐਸ. ਕੈਡਿਟ ਹੋਣ ਦੇ ਨਾਂ ’ਤੇ ਮੇਰਾ ਕੋਈ ਫਰਜ਼ ਬਣਦਾ। ਕਿਸੇ ਗਰੀਬ, ਬਿਮਾਰ, ਬੇਸਹਾਰਾ ਬਜ਼ੁਰਗ ਦੀ ਮਦਦ ਕਰਨਾ ਇਨਸਾਨੀਅਤ ਦਾ ਮੁੱਢਲਾ ਫ਼ਰਜ਼ ਹੈ। ਮੈਂ ਝੱਟ ਸਾਈਕਲ ਮੋੜਿਆ ਤੇ ਉਸਨੂੰ ਬਿਠਾ ਲਿਆ। ਮੇਰੇ ਕੋਲ ਦੀ ਲੰਘੇ ਇਕ-ਦੋ ਸ਼ਰਾਰਤੀ ਮੁੰਡੇ ਹੱਸੇ ਵੀ, ਪਰ ਆਪਾਂ ਨੂੰ ਕੀ ਪ੍ਰਵਾਹ।
ਗੱਲਾਂ-ਗੱਲਾਂ ਵਿਚ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਇਕ ਮੁੰਡਾ ਤੇ ਨੂੰਹ ਹੈ। ਉਹ ਅੱਡ ਨੇ ਤੇ ਕੋਈ ਬਾਤ ਨਹੀਂ ਪੁੱਛਦਾ। ਮੁੰਡਾ ਰਿਕਸ਼ਾ ਚਲਾਉਂਦਾ ਏ ਤੇ ਸਵੇਰੇ ਆਉਂਦਾ ਵੀ ਹੈ ਸ਼ਹਿਰ ਨੂੰ, ਪਰ ਉਸ ਦੇ ਕਹਿਣ ’ਤੇ ਉਸ ਨੂੰ ਨਾਲ ਨਹੀਂ ਲੈ ਕੇ ਆਉਂਦਾ। ਹੁਣ ਉਹ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਚੱਲੀ ਏ। ਅੱਖਾਂ ਤੋਂ ਦਿਸਦਾ ਨਹੀਂ ਤੇ ਗੋਡੇ ਵੀ ਬੜੇ ਦੁਖਦੇ ਨੇ।
ਮਾਨਸਾ ਵਿਚ ਸਰਕਾਰੀ ਹਸਪਤਾਲ, ਐਸ.ਡੀ. ਗਰਲਜ਼ ਕਾਲਜ ਦੇ ਨੇੜੇ ਹੀ ਏ, ਜਿੱਥੇ ਉਸ ਟਾਈਮ ਮੈਂ ਬੀ.ਏ. ਕਰ ਰਹੀ ਸੀ ਤੇ ਇਹ ਗੱਲ ਅਗਸਤ 2005 ਦੀ ਏ। ਉਸ ਨੂੰ ਮੈਂ ਨਹਿਰੀ ਕੋਠੀ ਤੋਂ ਚੜ੍ਹਾ ਕੇ ਸਰਕਾਰੀ ਹਸਪਤਾਲ ਛੱਡ ਦਿੱਤਾ। ਉਹ ਮੈਨੂੰ ਅਸੀਸਾਂ ਦਿੰਦੀ ਨਹੀਂ ਥੱਕ ਰਹੀ ਸੀ। ਮੈਂ ਉਸ ਦੀ ਸਬਰ ਭਰੀ ਸੋਚ ’ਤੇ ਹੈਰਾਨ ਸੀ। ਜਦੋਂ ਮੈਂ ਪੁੱਛਿਆ ਸੀ ਕਿ ਤੁਸੀਂ ਕਿੱਥੇ ਜਾਣਾ ਏ ਤਾਂ ਉਸ ਨੇ ਥਾਂ ਦੱਸਣ ਦੀ ਬਜਾਏ ਆਖਿਆ, ‘‘ਪੁੱਤ ਤੰੂ ਆਵਦਾ ਰਾਹ ਨਾ ਛੱਡ। ਮੈਨੂੰ ਤਾਂ ਜਿੱਥੇ ਤਾਰ ਦੇਵੇਂਗੀ ਆਪੇ ਵਗਜੂੰ। ਤੈਨੂੰ ਕੁਵੇਲਾ ਨਾ ਹੋਜੇ, ਜਿਉਂਦੀ ਰਹਿ! ਜਿੰਨੀ ਵਾਟ ਲੰਘੀ ਬਥੇਰੀ ਏ।’’ ਉਹ ਮੈਨੂੰ ਅਸੀਸ ਤੇ ਅਸੀਸ ਦਿੰਦੀ ਰਹੀ। ‘‘ਤੇਰੇ ਵੀਰ ਜਿਊਣ, ਤੰੂ ਰੱਖ-ਰੱਖ ਭੁੱਲੇਂ, ਤੰੂ ਵੱਡੀ ਅਫਸਰ ਬਣੇ। ਏਨਾ ਤਾਂ ਮੇਰੇ ਆਵਦੇ ਪੁੱਤ ਨੇ ਨਹੀਂ ਕੀਤਾ, ਉਹ ਕੀ ਕਰੇ ਉਹਦੀ ਰੰਨ ਨਹੀਂ ਕਰਨ ਦਿੰਦੀ।’’ ਇਹ ਆਖਦੇ ਉਸ ਦਾ ਗੱਚ ਭਰ ਆਇਆ।
ਇਕ ਦਿਨ ਫਿਰ ਮੈਨੂੰ ਉਹ ਉਸੇ ਸੜਕ ’ਤੇ ਖੜ੍ਹੀ ਮਿਲੀ। ਸੜਕ ’ਤੇ ਬਣੇ ਕਿਸੇ ਲੱਕੜ ਦੇ ਆਰੇ ’ਚ ਖੂੰਜੇ ਜਿਹੇ ’ਚ ਬਣੇ ਕੋਠੜੇ ਵਿਚ ਉਹ ਰਹਿੰਦੀ ਸੀ। ਇਹ ਗੱਲ ਮੈਨੂੰ ਉਸ ਨੇ ਉਸ ਦਿਨ ਦੱਸੀ। ਮੇਰੇ ਨੇੜੇ ਆਉਣ ’ਤੇ ਮੈਨੂੰ ਪਛਾਣ ਕੇ ਉਸ ਨੇ ਕਿਹਾ, ‘‘ਆ ਗਈ ਮੇਰੀ ਧੀ? ਮੈਨੂੰ ਸ਼ੱਕ ਤਾਂ ਸੀ, ਪਰ ਪੱਕਾ ਪਤਾ ਨਹੀਂ ਸੀ। ਕਿੰਨੇ ਵਜੇ ਜਾਨੀਏ ਤੰੂ? ਯਕੀਨਨ ਉਹ ਮੈਨੂੰ ਹੀ ਉਡੀਕ ਰਹੀ ਸੀ। ਮੈਂ ਗੱਲਾਂ-ਗੱਲਾਂ ’ਚ ਪੁੱਛਿਆ, ‘‘ਬੇਬੇ ਤੰੂ ਰੋਟੀ ਤਾਂ ਖਾ ਕੇ ਆਈ ਹੋਵੇਂਗੀ?’’ ‘‘ਪੁੱਤ! ਮੈਥੋਂ ਕਿਹੜੀਆਂ ਮੰਨੀਆਂ ਪੱਕਦੀਆਂ। ਰਾਤ ਚੌਲ ਬਣਾਏ ਸੀ। ਓਹੀ ਭੋਰਾ ਖਾਧੇ ਨੇ। ਮੁੜਦੀ ਨੂੰ ਤਾਂ ਉਹ ਬਚੇ-ਖੁਚੇ ਵੀ ਮੁਸ਼ਕ ਜਾਣਗੇ।’’
ਉਸ ਨੂੰ ਸਰਕਾਰੀ ਹਸਪਤਾਲ ਕੋਲ ਉਤਾਰ ਕੇ ਮੈਂ ਆਪਣੇ ਡੱਬੇ ’ਚੋਂ ਤਿੰਨ ਪਰਾਉਂਠੇ ਤੇ ਨਿੰਬੂ ਦਾ ਆਚਾਰ ਕੱਢਿਆ ਤੇ ਉਸ ਦੇ ਨਾਂਹ-ਨਾਂਹ ਕਰਦੇ ਉਸ ਦੇ ਝੋਲੇ ਵਿਚ ਪਾ ਦਿੱਤੇ।
ਸੱਚਮੁੱਚ ਕੋਈ ਨੇਕੀ ਭਰਿਆ ਕੰਮ ਕਰਨਾ ਕਿੰਨਾ ਸਕੂਨ ਦਿੰਦਾ ਏ। ਆਪਣੇ ਆਪ ਨੂੰ ਜੋ ਅੰਦਰੂਨੀ ਖੁਸ਼ੀ ਮਿਲਦੀ ਏ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਮੈਨੂੰ ਨਾਨੀ, ਦਾਦੀ ਤੋਂ ਘੱਟ ਨਹੀਂ ਲੱਗੀ, ਬੱਸ ਫ਼ਰਕ ਏਨਾ ਸੀ ਕਿ ਉਹ ਵਿਚਾਰੀ ਰਾਹਾਂ ਵਿਚ ਰੁਲ ਰਹੀ ਸੀ। ਉਂਝ ਮੈਂ ਭੁੱਖ ਘੱਟ ਹੀ ਝੱਲਦੀ ਹਾਂ ਪਰ ਉਸ ਦਿਨ ਕਾਲਜ ਵਿਚ ਤਾਂ ਕੀ ਘਰ ਆ ਕੇ ਮੈਨੂੰ ਭੁੱਖ ਨਹੀਂ ਲੱਗੀ।
 
Top