ਚਿਰਾਗ

Mandeep Kaur Guraya

MAIN JATTI PUNJAB DI ..
ਅਕਸਰ ਹੀ ਸਕੂਲੋਂ ਵਾਪਸ ਆਉਂਦਿਆਂ ਸਾਡਾ ਮੇਲ ਹੋ ਜਾਂਦਾ। ਨੀਵੀਂ ਪਾਈ ਉਹ ਤੇਜ਼ ਚਾਲੇ ਤੁਰੀ ਆ ਰਹੀ ਹੁੰਦੀ। ਕਦੇ-ਕਦੇ ਬਸ ਉਸ ਨਾਲ ਮੇਰੀ ਨਿਗ੍ਹਾ ਮਿਲ ਜਾਂਦੀ। ਚੁੱਪਚਾਪ ਮੈਨੂੰ ਸਤਿ ਸ੍ਰੀ ਅਕਾਲ ਕਹਿ ਉਹ ਫੇਰ ਨੀਵੀਂ ਪਾ ਅੱਗੇ ਤੁਰ ਜਾਂਦੀ। ਉਸ ਦੀਆਂ ਮੋਟੀਆਂ ਅੱਖਾਂ ਥੱਲੇ ਕਾਲੇ ਘੇਰੇ ਦਿਨੋਂ-ਦਿਨ ਹੋਰ ਗਹਿਰੇ ਹੁੰਦੇ ਜਾ ਰਹੇ ਸਨ। ਖਾਮੋਸ਼ ਅੱਖਾਂ ਕੁਝ ਨਾ ਕਹਿ ਕੇ ਵੀ ਕਾਫ਼ੀ ਕੁਝ ਕਹਿ ਜਾਂਦੀਆਂ ਸਨ। ਜਿਸ ਦਿਨ ਮੇਰੀ ਨਿਗ੍ਹਾ ਉਸ ਨਾਲ ਨਾਲ ਮਿਲਦੀ, ਉਹ ਦਿਨ ਤਾਂ ਫੇਰ ਨਜ਼ਰਾਂ ਦਾ ਮੇਲ ਹੋ ਜਾਂਦਾ, ਮੇਰੀ ਆਤਮਾ ਨੂੰ ਧੁਰ ਅੰਦਰ ਤੱਕ ਹਲੂਣ ਜਾਂਦਾ। ਬਥੇਰਾ ਸੋਚਦੀ ਕਿ ਉਸ ਤੋਂ ਨਜ਼ਰ ਚੁਰਾ ਕੇ ਲੰਘਿਆ ਜਾਵੇ ਪਰ ਫੇਰ ਵੀ ਪਤਾ ਨਹੀਂ ਉਸ ਵਿਚ ਕੀ ਕਸ਼ਿਸ਼ ਸੀ, ਮੈਂ ਦੂਰੋਂ ਵੇਖ ਕੇ ਵੀ ਉਸ ਨੂੰ ਅਣਗੋਲਿਆ ਨਾ ਕਰ ਸਕਦੀ।
ਬੀ. ਐਡ. ਕਰਦਿਆਂ ਸਾਡੇ ਗਰੁੱਪ ਵਿਚ ਚੁਲਬੁਲੀ ਤਾਂ ਨਹੀਂ ਪਰ ਫਿਰ ਵੀ ਹੱਸਮੁੱਖ ਕੁੜੀ ਸੀ ਉਹ। ਗੋਲ ਚਿਹਰਾ, ਕਾਲੇ-ਲੰਮੇ ਵਾਲ, ਮੋਟੀਆਂ ਅੱਖਾਂ, ਗੋਰਾ ਰੰਗ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਬੜੀ ਸੰਜੀਦਗੀ ਨਾਲ ਉਹ ਸਾਨੂੰ ਸਾਰਿਆਂ ਨੂੰ ਮਿਲਦੀ। ਪੀਰੀਅਡ ਖ਼ਤਮ ਹੋਣ ਤੋਂ ਬਆਦ ਉਸ ਨੂੰ ਘਰ ਵਾਪਸ ਜਾਣ ਦੀ ਕਾਹਲੀ ਹੁੰਦੀ। ਜਿਸ ਉਮਰੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਹੀ ਸਾਰਾ ਦਿਨ ਬਿਤਾ ਦਿੰਦੀਆਂ ਨੇ, ਉਸ ਉਮਰ ਵਿਚ ਇੰਨਾ ਘਰ ਦਾ ਫਿਕਰ ਸਿਮਰਨ ਕਿਉਂ ਕਰਦੀ ਸੀ, ਇਹ ਮੇਰੀ ਸਮਝ 'ਚ ਨਹੀਂ ਸੀ ਆਇਆ। ਕਾਲਜ ਵਿਚ ਨਾ ਹੀ ਕਦੇ ਏਨਾ ਸਮਾਂ ਹੁੰਦਾ ਸੀ ਕਿ ਇਸ ਵਿਸ਼ੇ ਬਾਰੇ ਕੋਈ ਗੱਲਬਾਤ ਕੀਤੀ ਜਾਵੇ ਪਰ ਫਿਰ ਵੀ ਮੇਰਾ ਮਨ ਇਸ ਉਲਝਣ ਦਾ ਕਾਰਨ ਜਾਣਨ ਲਈ ਉਤਸੁਕ ਰਹਿੰਦਾ।
ਤੇ ਜਦੋਂ ਉਸ ਨੇ ਮੇਰੇ ਪ੍ਰਸ਼ਨਾਂ ਦਾ ਉਤਰ ਝਿਜਕਦਿਆਂ-ਝਿਜਕਦਿਆਂ ਦਿੱਤਾ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਘਰ ਵਿਚ ਬਜ਼ੁਰਗ ਮਾਤਾ-ਪਿਤਾ, ਦੋ ਜਵਾਨ ਭਰਾ, ਜਿਨ੍ਹਾਂ ਦਾ ਗੁਜ਼ਾਰਾ ਉਸ ਦੀਆਂ ਟਿਊਸ਼ਨਾਂ ਦੇ ਸਿਰ 'ਤੇ ਚੱਲਦਾ ਸੀ। ਮਾਂ ਮੱਝਾਂ ਦਾ ਦੁੱਧ ਵੇਚ ਕੇ ਕੁਝ ਉਸ ਦਾ ਹੱਥ ਵਟਾਉਂਦੀ ਸੀ, ਨਹੀਂ ਤਾਂ ਦੁਪਹਿਰ ਤੋਂ ਸ਼ਾਮ ਤੱਮ ਬਸ ਟਿਊਸ਼ਨ ਕਰਨਾ ਉਸ ਦੀ ਮਜਬੂਰੀ ਸੀ।
ਉਸ ਦੇ ਇਕ ਉਤਰ ਨੇ ਮੇਰੇ ਦਿਮਾਗ ਅੰਦਰ ਕਈ ਹੋਰ ਪ੍ਰਸ਼ਨ ਖੜ੍ਹੇ ਕਰ ਦਿੱਤੇ.. ਮੇਰੇ ਹੋਰ ਪੁੱਛਣ ਦੀ ਦੇਰ ਸੀ, ਉਹ ਆਪਣੇ 'ਤੇ ਕਾਬੂ ਨਾ ਰੱਖ ਸਕੀ ਤੇ ਮੇਰਾ ਹੱਥ ਫੜ ਕੇ ਫਿਸ ਪਈ। ਮੈਨੂੰ ਉਸ ਦੀਆਂ ਉਦਾਸੀਆਂ ਅੱਖਾਂ ਅਤੇ ਇੰਨੇ ਸੰਜੀਦਾ ਵਿਵਹਾਰ ਦਾ ਕਾਰਨ ਤਾਂ ਸਮਝ ਆ ਗਿਆ ਸੀ ਪਰ ਉਹ ਇੰਨੀ ਮਜਬੂਰ ਸੀ, ਇਸ ਦਾ ਅੰਦਾਜ਼ਾ ਮੈਨੂੰ ਨਹੀਂ ਸੀ। ਘਰ ਵਿਚ ਦੋ ਨਿਕੰਮੇ ਤੇ ਨਸ਼ੇੜੀ ਭਰਾਵਾਂ ਦਾ ਖ਼ਰਚ ਪੂਰਾ ਕਰਨ ਲਈ ਉਸ ਨੂੰ ਮਜਬੂਰੀ ਵੱਸ ਸਾਰਾ ਦਿਨ ਜੁਆਕਾਂ ਨਾਲ ਮੱਥਾ ਮਾਰਨਾ ਪੈਂਦਾ ਸੀ। ਪਤਾ ਨਹੀਂ ਕਿਵੇਂ ਉਸ ਦੀ ਮਾਂ ਐਨੀ ਤੰਗੀ ਵਿਚ ਉਸ ਨੂੰ ਪੜ੍ਹਾ ਰਹੀ ਸੀ। ਘਰ ਵਿਚ ਬਿਮਾਰ-ਲਾਚਾਰ ਪਿਤਾ ਸੀ, ਜੋ ਚਾਹੁੰਦਿਆਂ ਹੋਇਆਂ ਵੀ ਇਸ ਗਊ ਰੂਪੀ ਧੀ ਦਾ ਕੁਝ ਸੰਵਾਰ ਨਹੀਂ ਸੀ ਸਕਦਾ। ਉਸ ਦੀ ਘਰ ਦੀ ਸਥਿਤੀ ਜਾਣਨ ਤੋਂ ਬਾਅਦ ਮੈਂ ਕਦੇ ਵੀ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
ਬੀ. ਐਡ. ਦਾ ਰਿਜ਼ਲਟ ਆਉਂਦਿਆਂ ਹੀ ਸੰਯੋਗਵੱਸ ਸਾਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਇਕ ਦਿਨ ਮੈਂ ਇਕ ਜਾਣੀ-ਪਛਾਣੀ ਆਵਾਜ਼ ਸੁਣ ਕੇ ਜਦ ਪਿਛਾਂਹ ਝਾਕੀ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੇਰੇ ਪਿੱਛੇ ਸਿਮਰਨ ਖੜ੍ਹੀ ਸੀ। ਉਸ ਦਾ ਚਹਿਕਦਾ ਚਿਹਰਾ ਵੇਖ ਮੈਨੂੰ ਉਸ ਤੋਂ ਵੀ ਵੱਧ ਖੁਸ਼ੀ ਹੋਈ ਸੀ ਕਿਉਂਕਿ ਮੈਂ ਸ਼ਾਇਦ ਪਹਿਲੀ ਵਾਰ ਉਸ ਨੂੰ ਏਨੀ ਖੁਸ਼ ਦੇਖਿਆ ਸੀ। ਕੌਫ਼ੀ ਹਾਊਸ ਵਿਚ ਕੌਫ਼ੀ ਪੀਂਦਿਆਂ ਉਸ ਨੇ ਦੱਸਿਆ ਕਿ ਉਸ ਨੂੰ ਵੀ ਨੌਕਰੀ ਮਿਲ ਗਈ ਹੈ। ਸਾਡੀ ਜਮਾਤ 'ਚੋਂ ਹੋਰ ਕਿਹੜੇ-ਕਿਹੜੇ ਖੁਸ਼ਕਿਸਮਤ ਵਿਦਿਆਰਥੀ ਸਿਲੈਕਟ ਹੋਏ ਸਨ, ਅਸੀਂ ਉਨ੍ਹਾਂ ਬਾਰੇ ਗੱਲਾਂ ਕਰਦੀਆਂ ਰਹੀਆਂ ਜੀਅ ਤਾਂ ਬਹੁਤ ਕੀਤਾ ਕਿ ਉਸ ਤੋਂ ਕੁਝ ਪੁੱਛਾਂ ਪਰ ਇਕ ਡਰ ਕਾਰਨ ਖਾਮੋਸ਼ ਰਹੀ ਕਿ ਕਿਤੇ ਉਸ ਦੀ ਇਹ ਮੁਸਕਰਾਹਟ ਫੇਰ ਨਾ ਗੁੰਮ ਹੋ ਜਾਵੇ। ਉਸ ਦਾ ਗੋਰਾ ਰੰਗ ਮੈਨੂੰ ਗੁਲਾਬੀ ਭਾਅ ਮਾਰਦਾ ਪ੍ਰਤੀਤ ਹੋਇਆ। ਮੋਟੀਆਂ-ਮੋਟੀਆਂ ਅੱਖਾਂ 'ਚੋਂ ਖੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਕਾਫ਼ੀ ਦੇਰ ਗੱਲਾਂ ਕਰਨ ਤੋਂ ਬਾਅਦ ਅਸੀਂ ਆਪੋ-ਆਪਣੇ ਘਰ ਤੁਰ ਪਈਆਂ।
ਮੇਰੇ ਮਨ ਨੂੰ ਇਕ ਆਸ ਬੱਝ ਗਈ ਸੀ ਕਿ ਸ਼ਾਇਦ ਉਸ ਦੀ ਜ਼ਿੰਦਗੀ ਬਦਲੇਗੀ। ਉਸ ਦੀ ਮੁਸਕਰਾਹਟ ਛੇਤੀ ਹੀ ਖੰਭ ਲਾ ਕੇ ਉੱਡ ਗਈ। ਜੇਕਰ ਮੁਸਕਰਾਹਟ ਕਰਮਾਂ ਵਿਚ ਨਾ ਲਿਖੀ ਹੋਵੇ ਤਾਂ ਕਿਤੋਂ ਉਧਾਰੀ ਵੀ ਨਹੀਂ ਮਿਲਦੀ। ਉਸ ਦਿਨ ਕੌਫ਼ੀ ਹਾਊਸ ਵਿਚ ਬੈਠਿਆਂ ਮੈਨੂੰ ਸਿਮਰਨ ਦੀ ਮੁਸਕਰਾਹਟ ਉਧਾਰੀ ਲਈ ਹੀ ਜਾਪਦੀ ਸੀ। ਜੀਅ ਕੀਤਾ ਕਿ ਕਿਸੇ ਦਿਨ ਜ਼ਬਰਦਸਤੀ ਉਸ ਨੂੰ ਆਪਣੇ ਨਾਲ ਕੁਝ ਸਮਾਂ ਬਿਤਾਉਣ ਲਈ ਕਹਾਂ ਪਰ ਮੈਂ ਉਸ ਦੇ ਜ਼ਖ਼ਮਾਂ ਨੂੰ ਉਧੇੜ੍ਹਨਾ ਨਹੀਂ ਸਾਂ ਚਾਹੁੰਦੀ। ਉਸ ਦੇ ਨਾਲ ਪੜ੍ਹਾਉਂਦੀ ਅਧਿਆਪਕਾ ਤੋਂ ਸਾਰਾ ਕੁਝ ਜਾਣ-ਲੈਣ ਦੇ ਬਾਵਜੂਦ ਮੈਂ ਅਣਜਾਣ ਬਣੇ ਰਹਿਣ ਵਿਚ ਹੀ ਭਲਾਈ ਸਮਝੀ।
ਪੈਲੇਸ ਅੰਦਰ ਪੈਰ ਹੀ ਧਰਿਆ ਸੀ ਕਿ ਮੈਨੂੰ ਕਿਸੇ ਦਾ ਸੁਖਦ ਸਪਰਸ਼ ਮਹਿਸੂਸ ਹੋਇਆ। ਮੇਰੀਆਂ ਅੱਖਾਂ ਕਿਸੇ ਨੇ ਸਖ਼ਤ ਹੱਥਾਂ ਨਾਲ ਢੱਕ ਲਈਆਂ, ਕੋਸ਼ਿਸ਼ ਕਰਨ 'ਤੇ ਵੀ ਮੈਂ ਉਨ੍ਹਾਂ ਸਖ਼ਤ ਹੱਥਾਂ ਦੇ ਸਪਰਸ਼ ਨੂੰ ਪਹਿਚਾਣ ਨਾ ਸਕੀ। ਮਸੋਸੇ ਮਨ ਨਾਲ ਉਸ ਆਪਣੇ ਹੱਥ ਪਿਛਾਂਹ ਖਿੱਚ ਲਏ। ਸਿਮਰਨ ਨੂੰ ਆਪਣੇ ਇੰਨਾ ਨੇੜੇ ਵੇਖ ਕੇ ਉਸ ਨੂੰ ਪਹਿਚਾਣ ਨਾ ਸਕਣ ਦਾ ਮੈਨੂੰ ਕਾਫ਼ੀ ਦੁੱਖ ਹੋਇਆ। ਸ਼ਰਮਿੰਦਗੀ ਦੇ ਅਹਿਸਾਸ ਨੂੰ ਦਬਾਉਣ ਲਈ ਮੈਂ ਉਸਦੇ ਹੱਥ ਏਨੇ ਸਖ਼ਤ ਹੋਣ ਦਾ ਕਾਰਨ ਪੁੱਛ ਬੈਠੀ। ਸਿਮਰਨ ਦੇ ਹੱਥ ਸੁੱਕੀ ਲੱਕੜ ਵਾਂਗ ਜਾਪਦੇ ਸਨ।
ਮੇਰੇ ਬੱਚਿਆਂ ਨੂੰ ਬੜੇ ਪਿਆਰ ਨਾਲ ਮਿਲਣ ਤੋਂ ਬਾਅਦ ਉਸ ਨੇ ਮੈਨੂੰ ਕੁਰਸੀਆਂ 'ਤੇ ਬੈਠਣ ਦਾ ਇਸ਼ਾਰਾ ਕੀਤਾ। ਖੁਸ਼ੀਆਂ ਭਰੇ ਮਾਹੌਲ ਵਿਚ ਜੀਅ ਤਾਂ ਨਹੀਂ ਸੀ ਕਰਦਾ ਕਿ ਮੈਂ ਉਸ ਨਾਲ ਕੋਈ ਗੱਲਾਂ ਛੇੜਾਂ ਪਰ ਇਸ ਤੋਂ ਵਧੀਆ ਮੌਕਾ ਮੈਨੂੰ ਵੀ ਸ਼ਾਇਦ ਦੁਬਾਰਾ ਨਹੀਂ ਸੀ ਮਿਲਣਾ।
ਅੱਜ ਸਿਮਰਨ ਆਪਣੀ ਮੰਮੀ ਨਾਲ ਵਿਆਹ ਵਿਚ ਸ਼ਾਮਲ ਹੋਣ ਆਈ ਸੀ। ਉਸਦੀ ਮੰਮੀ ਵੀ ਹੋਰ ਔਰਤਾਂ ਨਾਲ ਗੱਲੀ ਪੈ ਗਈ। ਮੇਰੇ ਪੁੱਛਣ ਦੀ ਦੇਰ ਸੀ ਜਿਵੇਂ ਉਹ ਅੱਜ ਆਪ ਹੀ ਆਪਣੇ ਦੁੱਖ ਫਰੋਲ ਦੇਣਾ ਚਾਹੁੰਦੀ ਸੀ ਜਿਵੇਂ ਉਹ ਅੱਜ ਆਪ ਹੀ ਆਪਣੇ ਦੁੱਖ ਫਰੋਲ ਦੇਣਾ ਚਾਹੁੰਦੀ ਸੀ। ਉਹ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਲੈ ਆਈ। ਕੁਰਸੀ 'ਤੇ ਬੈਠਦਿਆਂ ਹੀ ਉਸ ਨੇ ਮੇਰੇ ਖਾਮੋਸ਼ ਸਵਾਲਾਂ ਦੇ ਉੱਤਰ ਦੇਣੇ ਸ਼ੁਰੂ ਕਰ ਦਿੱਤੇ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਦੋਵੇਂ ਵੱਡੇ ਭਰਾਵਾਂ ਨੇ ਆਪਣੀ ਪਸੰਦ ਦੇ ਵਿਆਹ ਕਰਵਾ ਲਏ ਸਨ। ਦੋਵਾਂ ਦੇ ਤਿੰਨ ਬੱਚੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤਾਂ ਕੀ ਸੰਭਾਲਣੀਆਂ ਸਨ ਸਗੋਂ ਉਨ੍ਹਾਂ ਦੇ ਪਰਿਵਾਰਾਂ ਦਾ ਬੋਝ ਵਧਣ ਕਰਕੇ ਘਰ ਆਰਥਿਕ ਪੱਖੋਂ ਹੋਰ ਤੰਗ ਹੋ ਗਿਆ ਸੀ। ਬਿਮਾਰ ਪਿਤਾ ਦੇ ਇਲਾਜ 'ਤੇ ਕਾਫ਼ੀ ਖਰਚ ਆ ਰਿਹਾ ਸੀ। ਭਰਜਾਈਆਂ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ ਘਰ ਵਿਚ ਸਾਰਾ ਦਿਨ ਕਲੇਸ਼ ਤੋਰਦੇ ਵੀ ਸਨ ਤਾਂ ਦੋਵੇਂ ਭਰਾ ਕਿਤੇ ਵੀ ਰਿਸ਼ਤਾ ਸਿਰੇ ਨਹੀਂ ਸਨ ਚੜ੍ਹਨ ਦਿੰਦੇ। ਉਨ੍ਹਾਂ ਦੇ ਮਨ ਵਿਚ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਜੇਕਰ ਸਿਮਰਨ ਵਿਆਹ ਤੋਂ ਬਾਅਦ ਆਪਣੀ ਕਮਾਈ ਸਹੁਰਿਆਂ ਦੇ ਹੱਥਾਂ ਵਿਚ ਦੇਵੇਗੀ ਤਾਂ ਉਨ੍ਹਾਂ ਦਾ ਕੀ ਬਣੇਗਾ। ਕੁਝ ਉਂਝ ਵੀ ਜਦੋਂ ਮੁੰਡੇ ਵਾਲਿਆਂ ਨੂੰ ਦੋਵਾਂ ਭਰਾਵਾਂ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਤਾਂ ਉਹ ਅਜਿਹੇ ਘਰ ਨਾਲ ਰਿਸ਼ਤਾ ਜੋੜਨੋਂ ਕੰਨੀਂ ਕਤਰਾਉਂਦੇ। ਮਾਂ-ਪਿਓ ਵੀ ਮਜਬੂਰੀ ਵਿਚ ਚੁੱਪਚਾਪ ਤਮਾਸ਼ਾ ਵੇਖ ਰਹੇ ਸਨ।
ਫੇਰ ਵੀ ਮੇਰੇ ਵੱਲੋਂ ਵਿਆਹ ਕਰਵਾਉਣ 'ਤੇ ਜ਼ੋਰ ਦੇਣ ਕਾਰਨ ਉਸ ਨੇ ਮੈਨੂੰ ਦੋ ਟੁੱਕ ਫੈਸਲਾ ਸੁਣਾ ਦਿੱਤਾ ਕਿ, ''ਮੈਂ ਤਾਂ ਬਸ ਹੁਣ ਆਪਣੇ ਮਾਂ-ਬਾਪ ਦੀ ਖਾਤਰ ਵਿਆਹ ਨਾ ਕਰਵਾਉਣ ਦਾ ਫੈਸਲਾ ਲੈ ਲਿਆ ਹੈ। ਜੇਕਰ ਮੈਂ ਕਿਤੇ ਵਿਆਹ ਕਰਵਾ ਕੇ ਚਲੀ ਗਈ ਤਾਂ ਮੇਰੇ ਮਾਂ-ਪਿਓ ਤਾਂ ਥੁੜ੍ਹਾਂ ਕਾਰਨ ਹੀ ਜਿਊਂਦੇ ਜੀਅ ਮਰ ਜਾਣਗੇ। ਜਿਹੜੇ ਭਰਾ ਅੱਜ ਆਪਣਾ ਟੱਬਰ ਨਹੀਂ ਪਾਲ ਸਕਦੇ ਉਹ ਮਾਂ-ਪਿਓ ਦਾ ਖਰਚ ਕਿਥੇ ਸਹਿਣ ਕਰਨਗੇ।'' ਕੀ ਹੋਇਆ ਜੇ ਮੈਂ ਉਨ੍ਹਾਂ ਦਾ ਪੁੱਤ ਨਹੀਂ, ਆਪਣੀਆਂ ਇੱਛਾਵਾਂ ਅਤੇ ਖਹਿਸ਼ਾਂ ਦਾ ਤਿਆਗ ਕਰ ਮਾਤਾ-ਪਿਤਾ ਦਾ ਪੁੱਤਾਂ ਵਾਂਗ ਆਸਰਾ ਬਣਾਂਗੀ। ਉਸਦਾ ਉਤਰ ਸੁਣ ਮੈਂ ਵੀ ਕੋਈ ਸਵਾਲ ਕਰਨ ਜੋਗੀ ਨਾ ਰਹੀ। ਉਸਦੇ ਚਲੇ ਜਾਣ ਤੋਂ ਬਾਅਦ ਸਟੇਜ 'ਤੇ ਵੱਜ ਰਿਹਾ ਆਰਕੈਸਟ੍ਰਾ ਜਿਵੇਂ ਮੇਰੇ ਸਿਰ ਵਿਚ ਠਾਹ-ਠਾਹ ਵੱਜ ਰਿਹਾ ਸੀ। ਮੁੰਡੇ ਦੀ ਮਾਂ ਨੂੰ ਸ਼ਗਨ ਦਾ ਲਿਫ਼ਾਫ਼ਾ ਫੜਾ ਕੇ ਮੈਂ ਬਿਨਾਂ ਕੁਝ ਖਾਧੇ-ਪੀਤੇ ਪਰਿਵਾਰ ਸਮੇਤ ਵਾਪਸ ਆ ਗਈ। ਥੱਕੇ ਹੋਣ ਕਰਕੇ ਸਾਰਾ ਪਰਿਵਾਰ ਛੇਤੀ ਸੌਂ ਗਿਆ ਪਰ ਮੇਰੀ ਨੀਂਦ ਤਾਂ ਸਿਮਰਨ ਦੀਆਂ ਗੱਲਾਂ ਸੁਣ ਕੇ ਕੋਹਾਂ ਦੂਰ ਚਲੀ ਗਈ ਸੀ। ਮੈਨੂੰ ਸਿਮਰਨ ਉਸ ਚਿਰਾਗ ਵਾਂਗ ਲੱਗ ਰਹੀ ਸੀ ਜੋ ਆਪਣਾ ਤੇਲ ਤੇ ਬੱਤੀ ਬਾਲ ਕੇ ਜੱਗ ਨੂੰ ਰੁਸ਼ਨਾ ਰਹੀ ਹੋਵੇ।
-ਕਮਲਜੀਤ ਕੌਰ
 
Top