ਫਿਰ ਮਿਲਾਂਗੇ

Mandeep Kaur Guraya

MAIN JATTI PUNJAB DI ..
''ਤੁਸੀਂ.....ਆ........ਏ.........ਹੋ।''
''ਹਾਂ'' ਤੁਸਾਂ ਆਖਿਆ।
''ਮੈਂ ਕਿਧਰੇ ਸੁਪਨਾ ਤਾਂ ਨਹੀਂ ਵੇਖਦੀ?''
''ਨਹੀਂ ਮੈਂ ਸੱਚਮੁੱਚ ਆਇਆ ਹਾਂ...''
''ਅੰਦਰ ਲੰਘ ਆਓ... ਲੰਘ ਆਓ... ਲੰਘ ਵੀ ਆਓ....''
''ਨਹੀਂ ਮੈਂ ਚਲਿਆ ਹਾਂ....'' ਇਹ ਆਖ ਕੇ ਤੁਸੀਂ ਚਲੇ ਗਏ। ਮੈਂ ਬੇਸੁੱਧ ਜਿਹੀ ਹੋ ਗਈ। ਮੇਰੀਆਂ ਅੱਖਾਂ ਵਿਚੋਂ ਆਪ ਮੁਹਾਰੇ ਹੰਝੂ ਵਹਿ ਤੁਰੇ। ਮੇਰਾ ਜੀ ਕੀਤਾ ਕਿ ਮੈਂ ਚੀਕਾਂ ਮਾਰਦੀ ਤੁਹਾਡੇ ਮਗਰ ਉਠ ਨੱਠਾਂ ਪਰ ਸਮਝ ਨਹੀਂ ਆਈ ਕਿਹੜੀਆਂ ਜ਼ੰਜੀਰਾਂ ਨੇ ਮੇਰੇ ਪੈਰ ਜਕੜ ਲਏ। ਮੈਂ ਦਰਵਾਜ਼ੇ ਵਿਚ ਖੜ੍ਹੀ ਰਹੀ ਪਰ ਮੇਰਾ ਮਨ ਤੁਹਾਡੇ ਪਦ ਚਿੰਨ੍ਹਾਂ ਨੂੰ ਚੁੰਮਦਾ ਹੰਝੂ ਕੇਰਦਾ ਤੁਹਾਡੇ ਮਗਰ ਹੀ ਵੱਗ ਗਿਆ। ਮੈਂ ਇੱਕਲੀ ਹੀ ਖੜ੍ਹੀ ਰਹਿ ਗਈ।''
''ਪਹਿਲੀ ਵਾਰ ਕਦੋਂ ਮਿਲੇ ਸਾਂ?.... ਤੁਹਾਨੂੰ ਯਾਦ ਹੀ ਹੋਣਾ। ਮੈਂ ਤਾਂ ਹਰ ਵੇਲੇ ਬੀਤ ਗਏ ਨੂੰ ਯਾਦ ਕਰਦੀ ਰਹਿੰਦੀ ਹਾਂ। ਤੁਹਾਨੂੰ ਕਾਲਜ ਵਿਚ ਦੇਖਿਆ ਸੀ ਪਰ ਕੋਈ ਖਿੱਚ ਨਹੀਂ ਸੀ ਪਈ। ਕਾਲਜ ਦੀ ਹਾਕੀ ਟੀਮ ਆਪ ਆਸਰੇ ਜਿੱਤ ਗਈ। ਆਪ ਨੂੰ ਮਿੱਤਰਾਂ ਨੇ ਚੁੱਕ ਲਿਆ ਤੇ ਜ਼ਿੰਦਾਬਾਦ ਦੇ ਨਾਅਰੇ ਲਏ... ਤੇ ਮੇਰੇ ਮਨ ਨੇ ਤੁਹਾਨੂੰ ਆਪਣਾ ਬਣਾ ਲਿਆ।
''ਫਿਰ ਲਾਆਨ ਵਿਚ ਆਪ ਨਾਲ ਮੁਲਾਕਾਤ ਹੋਈ ਜਦੋਂ ਮੇਰੀਆਂ ਦੋ ਸਹੇਲੀਆਂ ਆਪ ਦੀ ਕਮਾਲ ਦੀ ਹਾਕੀ ਦੀਆਂ ਜਿੱਤ ਬਾਰੇ ਗੱਲਾਂ ਕਰ ਰਹੀਆਂ ਸਨ। ਤੁਸੀਂ ਮਿੱਠਾ-ਮਿੱਠਾ ਮੁਸਕਰਾਈ ਗਏ ਤੇ ਸਾਡੇ ਸਵਾਲਾਂ ਦਾ ਜਵਾਬ ਵੀ ਦੇਈ ਗਏ। ਤੁਹਾਡੇ ਅਜਿਹੇ ਪਿਆਰੇ ਵਰਤਾਅ ਨੇ ਅਤੇ ਸ਼ਾਂਤ ਜਿਹੇ ਸੁਭਾਅ ਨੇ ਮੇਰਾ ਲੂੰ ਲੂੰ ਖਿੜਾ ਦਿੱਤਾ। ਮੇਰਾ ਜੀ ਕਰਨ ਲੱਗਾ ਕਿ ਮੈਂ ਆਪਣਾ ਸਾਰਾ ਆਪਾ ਆਪ ਤੋਂ ਕੁਰਬਾਨ ਕਰ ਦਿਆਂ। ਫਿਰ ਆਪਾ ਆਮ ਤੌਰ ਤੇ ਰੋਜ਼ ਮਿਲ ਪੈਂਦੇ।''
''ਬੱਲੀ ਤੁਹਾਡੇ ਪਿੰਡ ਦੀ ਕੁੜੀ ਸੀ ਤੇ ਮੇਰੀ ਸਹੇਲੀ। ਮੈਂ ਆਪ ਨੂੰ ਬੱਲੀ ਦਾ ਭਰਾ ਦੱਸ ਕੇ ਘਰ ਲੈ ਜਾਣਾ ਸ਼ੁਰੂ ਕਰ ਦਿਤਾ। ਤੁਸੀਂ ਸਾਰਿਆਂ ਦਾ ਮਨ ਮੋਹ ਲਿਆ। ਤੁਸੀਂ ਹਰ ਵਿਸ਼ੇ ਬਾਰੇ ਡੂੰਘੀਆਂ-ਡੂੰਘੀਆਂ ਵਿਚਾਰਾਂ ਕਰਦੇ ਰਹਿੰਦੇ ਘਰ ਵਾਲਿਆ ਨਾਲ ਸਬੰਧ ਇੰਨੇ ਚੰਗੇ ਹੋ ਗਏ ਕਿ ਆਪ ਕਈ ਵਾਰੀ ਮੇਰੀ ਗੈਰ-ਹਾਜ਼ਰੀ ਵਿਚ ਬੀਜੀ ਪਾਪਾ ਜੀ ਪਾਸ ਦੋ-ਦੋ ਘੰਟੇ ਗੱਪਾਂ ਮਾਰਦੇ ਰਹਿੰਦੇ ਤੇ ਕਈ ਵਾਰੀ ਰਾਤ ਵੀ ਰਹਿ ਪੈਂਦੇ।''
''ਮੈਂ ਤੁਹਾਡੇ ਪਿਆਰ ਨੂੰ ਆਪਣਾ ਜੀਵਨ ਮੰਨ ਲਿਆ। ਤੁਸੀਂ ਮੇਰੇ ਲੰਮੇਂ ਵਾਲਾਂ ਦੀ, ਬੋਲਾਂ ਦੀ ਅਤੇ ਪਿਆਰ ਦੀ ਕਿੰਨੀ ਸਿਫਤ ਕਰਦੇ। ਤੁਸਾਂ ਸਾਹਿਤ ਸਿਰਜ਼ਣਾ ਸ਼ੁਰੂ ਕਰ ਦਿਤੀ ਤੁਹਾਡੀਆਂ ਰਚਨਾਵਾਂ ਵਿਚੋਂ ਮੈਂ ਆਪ ਮੁਹਾਰੀ ਸਾਕਾਰ ਹੋ ਜਾਂਦੀ ਸਾਂ। ਮੈਂ ਕਿੰਨੀ ਵਾਰੀ ਆਪ ਆਖਦੀ ਸਾਂ.... ਮੈਨੂੰ ਮਾਣ ਹੈ ਕਿ ਮੈਂ ਕਿਸੇ ਦੀ ਪ੍ਰੇਰਣਾ ਹਾਂ। ਤੇ ਤੁਸੀਂ ਹੱਸ ਛੱਡਦੇ।''
''ਤੁਹਾਨੂੰ ਯਾਦ ਹੋਣਾ ਆਪਾਂ ਕਾਲਜ ਵੱਲੋਂ ਟੂਰ 'ਤੇ ਗਏ ਸਾਂ ਬਹੁਤ ਥਾਂਈ। ਮਹਾਰਾਜਾ ਜੈਪੁਰ ਦੇ ਮਹਿਲ ਦੇਖ ਕੇ ਥੱਕ ਕੇ ਸੁੰਦਰ ਬਾਗ ਵਿਚ ਆਰਾਮ ਕਰਨ ਲਈ ਬੈਠ ਗਏ। ਆਪਾਂ ਦੋਨੋਂ ਨਿਵੇਕਲੀ ਜਿਹੀ ਥਾਂ 'ਤੇ ਬੈਠ ਗਏ। ਤੁਸਾਂ ਬੜੇ ਭੋਲੇ ਜਿਹੇ ਬਣ ਕੇ ਪੁੱਛਿਆ ''ਨੀਰ ਇਹ ਮਹਿਲ, ਇਹ ਬਾਗ, ਇਹ ਇਮਾਰਤਾਂ ਬਾਦਸ਼ਾਹ ਨੇ ਕਿਉਂ ਬਣਾਈਆਂ ਹਨ?'' ਮੈਂ ਬੇਲੋਸ ਜਿਹੀ ਮੁਸਕਰਾਈ ਤੇ ਆਖਿਆ, ''ਮੈਨੂੰ ਤਾਂ ਪਤਾ ਨਹੀਂ ਤੁਸੀਂ ਹੀ ਦੱਸੋ।'' ਤੁਸੀਂ ਵਿਸਮਾਦ ਜਿਹੀ ਦਸ਼ਾ ਵਿਚ ਆ ਗਏ ਤੇ ਪਿਆਰ ਵਿਚ ਗੜੂੰਦ ਹੋ ਕੇ ਆਖਣ ਲੱਗੇ ਮੈਂ ਗਰੀਬ ਤਾਂ ਮਹਿਲ ਨਹੀਂ ਬਣਵਾ ਸਕਦਾ ਪਰ ਪਿਆਰ ਤਾਂ ਕਰ ਸਕਦਾ ਹਾਂ। ਮੈਂ ਪਿਆਰ ਦੇ ਮਹਿਲ ਬਣਾਕੇ ਤੁਹਾਨੂੰ ਖੁਸ਼ ਕਰਾਂਗਾ। ਮੇਰੀ ਹਰ ਰਚਨਾ ਦੇ ਪਹਿਲੇ ਪੰਨੇ 'ਤੇ ਲਿਖਿਆ ਹੋਵੇਗਾ ''ਨੀਰ ਦੇ ਨਾ ਜਿਹਦੀ ਇਹ ਦੇਣ ਹੈ'' ਤੇ ਇਉਂ ਆਪ ਪਿਆਰ ਮੈਅ ਨਾਲ ਰੱਜੇ ਹੋਏ ਬਹੁਤ ਕੁਝ ਆਖ ਰਹੇ ਸੀ। ਪ੍ਰੋਫੈਸਰ ਸਾਹਿਬ ਆ ਗਏ ਤੇ ਆਖਣ ਲੱਗੀ ''ਬਈ ਚੱਲੋ ਚੱਲੀਏ, ਵਾਪਸ ਵੀ ਜਾਣਾ ਹੈ, ਮੈਂ ਸ਼ਰਮ ਨਾਲ ਸੁੰਗੜ ਗਈ।''
ਆਪਣੇ ਬਾਰੇ ਹੁਣ ਸਾਰਿਆਂ ਨੂੰ ਪਤਾ ਸੀ। ਤੁਹਾਡੇ ਮਿੱਤਰ ਇਸ ਪਿਆਰ ਨੂੰ ਸਫਲ ਦੇਖਣਾ ਚਾਹੁੰਦੇ ਸਨ। ਉਹ ਸਾਨੂੰ ਆਕਰਸ਼ਕ ਜੋੜੀ ਮੰਨਦੇ ਕੁੜੀਆਂ ਕਈ ਵਾਰੀ ਮੈਨੂੰ ਆਖਦੀਆਂ ''ਨੀਰ...... ਮਰ ਜਾਏ ਨਾਲੇ ਤਾਂ ਐਮ.ਏ. ਕਰ ਰਹੀ ਏਂ ਨਾਲੇ ਪਿਆਰ ਦੀ ਪੀ. ਐਚ. ਡੀ. ਅੜੀਏ.....ਤੂੰ ਤਾਂ ਖੱਟ ਗਈ।'' ਤੇ ਮੇਰੇ ਤੋਂ ਧੱਕੇ ਨਾਲ ਫੀਸ ਲੈ ਲੈਂਦੀਆਂ। ਮੈਨੂੰ ਯਾਦ ਹੈ ਅਜਿਹੀਆਂ ਫੀਸਾਂ ਤੁਹਾਥੋਂ ਵੀ ਮਿੱਤਰ ਲੈ ਲੈਂਦੇ ਸਨ।''
''ਯਾਦ ਹੈ ਜਦੋਂ ਆਪਾਂ ਨੂੰ ਇਨਾਮ ਮਿਲੇ ਸਨ, ਤੁਹਾਨੂੰ ਵਧੀਆਂ ਖਿਲਾਰੀ ਕਰਕੇ ਤੇ ਮੈਨੂੰ ਚੰਗੀ ਭਾਸ਼ਣਕਾਰ ਵੱਜੋਂ ਤਾਂ ਤੁਹਾਡੇ ਸ਼ਰਾਰਤੀ ਮਿੱਤਰਾਂ ਨੇ ਕਾਲਜ ਵਿਚ ਆਪਣੀ ਫੋਟੋ ਨਾਲ ਨਾਲ ਛਾਪ ਕੇ ਥੱਲੇ ਲਿਖਿਆ ਸੀ 'ਸਾਨੂੰ ਇਨ੍ਹਾਂ ਤੇ ਮਾਣ ਹੈ ਮੈਨੂੰ ਬੜੀ ਹੀ ਖੁਸ਼ੀ ਹੋਈ।' ਹਾਣੇ ਰਾਜੇ ਦੇਖ ਕਿਵੇਂ ਯਾਦਾਂ ਦੇ ਕਾਫਲੇ ਤੁਰੇ ਆ ਰਹੇ ਨੇ-''
''ਫਿਰ ਉਹੀ ਹੋਇਆ ਜੋ ਸਾਡੇ ਦੇਸ਼ ਦੀਆਂ ਕੁੜੀਆਂ ਨਾਲ ਹੁੰਦਾ ਹੈ। ਮੇਰੀ ਮੰਗਣੀ ਘਰ ਵਾਲਿਆਂ ਨੇ ਮੇਰੀ ਮਰਜ਼ੀ ਬਿਨਾਂ ਹੀ ਕਿਧਰੇ ਕਰ ਦਿੱਤੀ। ਮੈਂ ਕੂਕਾਂ ਮਾਰੀਆਂ ਪਰ ਸਾਡੀ ਫਰਿਆਦ ਕਿਸੇ ਨਾ ਸੁਣੀ। ਤੁਹਾਨੂੰ ਸਭ ਕੁਝ ਦੱਸਿਆ। ਤੁਸੀਂ ਅਤਿਅੰਤ ਉਦਾਸ ਹੋ ਗਏ।''
''ਤੁਸਾਂ ਕਾਲਜ ਆਉਣਾ ਘੱਟ ਕਰ ਦਿੱਤਾ। ਕਈ ਵਾਰੀ ਮੈਂ ਤੁਹਾਨੂੰ ਦੇਖਣ ਲਈ ਸਹਿਕ ਜਾਂਦੀ। ਇਕ ਦਿਨ ਤੁਸਾਂਂ ਕਮਰੇ ਵਿਚ ਬੁਲਾਇਆ। ਮੈਂ ਉਦਾਸ ਜਿਹੀ ਸੂਰਤ ਲੈ ਕੇ ਆਪ ਪਾਸ ਪੁੱਜ ਗਈ। ਤੁਸੀਂ ਬਾਹਰ ਬੈਠੇ ਆਕਾਸ਼ ਵੱਲ ਦੇਖ ਰਹੇ ਸੋ। ਮੇਰਾ ਜੀ ਕੀਤਾ ਮੈਂ ਤੁਹਾਡੇ ਗੱਲ ਲੱਗ ਕੇ ਰੋਵਾਂ। ਤੁਸਾਂ ਮੈਨੂੰ ਬੈਠਣ ਦਾ ਆਦੇਸ਼ ਦਿੱਤਾ ਤੇ ਫਿਰ ਆਖਣਾ ਸ਼ੁਰੂ ਕੀਤਾ....''ਦੇਖ ਪਹਿਲਾਂ ਜੀਵਨ ਹੋਰ ਤਰ੍ਹਾਂ ਦਾ ਸੀ ਪਰ ਹੁਣ ਬਿਲਕੁਲ ਬਦਲ ਗਿਆ ਹੈ। ਆਪਾਂ ਪਿਆਰ ਦੀ ਕਾਲਪਨਿਕ ਦੁਨੀਆਂ ਵਿਚ ਜੀਊਂਦੇ ਸਾਂ ਪਰ ਹੁਣ ਯਥਾਰਥ ਨੇ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। ਆਪਾਂ ਅਸਫਲ ਹੋ ਗਏ ਹਾਂ। ਕੁਝ ਤੁਹਾਡੀਆਂ ਮਜਬੂਰੀਆਂ ਨੇ ਕੁਝ ਸਾਡੀਆਂ। ਮੈਂ ਚਾਹੁੰਦਾ ਹਾਂ ਕਿ ਆਪਾਂ ਨਾ ਮਿਲੀਏ। ਮੈਂ ਤੁਹਾਡੇ ਘਰ ਨਹੀਂ ਆਵਾਂਗਾ। ਤੁਸੀਂ ਫਿਰ ਆਖਣਾ ਸ਼ੁਰੂ ਕੀਤਾ ''ਤੁਸਾਂ ਇਕ ਨਵੀਂ ਜਿਹੀ ਦੁਨੀਆਂ ਵਸਾਉਣੀ ਹੈ। ਇਕ ਅਣਜਾਣ ਨਾਲ ਜੀਵਨ ਪੰਧ ਤੇ ਚਲਣਾ ਹੈ। ਖਬਰੇ ਸੁਭਾ ਕੈਸਾ ਹੋਵੇ ਜੇਕਰ ਉਸਨੂੰ ਆਪਣੇ ਪਿਆਰ ਦਾ ਪਤਾ ਲੱਗਾ ਤਾ ਉਹ ਦੁੱਖੀ ਹੋਵੇਗਾ ਤੁਹਾਨੂੰ ਦੁੱਖੀ ਕਰੇਗਾ ਤੇ ਆਪ ਦਾ ਜੀਵਨ ਸਵਰਗ ਦੀ ਥਾਂ ਨਰਕ ਵਿਚ ਵਟ ਜਾਏਗਾ।'' ਮੈਂ ਨੀਵੀਂ ਪਾਈ ਆਪ ਦੀ ਗੱਲਾਂ ਸੁਣਦੀ ਰਹੀ। ਅਖੀਰ ਤੁਸਾਂ ਮੰਨ ਹੀ ਲਿਆ ਕਿ ਸਾਡਾ ਮਿਲਣਾ ਘਾਤਕ ਸਿੱਧ ਹੋ ਸਕਦਾ ਹੈ। ਮੈਂ ਅਣ-ਚਾਹਿਆ ੳਠ ਕੇ ਘਰ ਜਾਣ ਲਈ ਤਿਆਰ ਹੋ ਗਈ ਪਤਾ ਨਹੀਂ ਕਿਹੜੇ ਵੇਲੇ ਮੇਰੀਆਂ ਬਾਹਾਂ ਆਪ ਦੇ ਗੱਲ ਵਿਚ ਪੈ ਗਈਆਂ। ਮੈਨੂੰ ਕੁਝ ਵੀ ਯਾਦ ਨਹੀਂ ਹੈ ਪਰ ਲੱਗਦਾ ਹੈ ਮੈਂ ਬੇਸੁਧ ਹੋ ਗਈ ਸਾਂ ਤੇ ਅਖੀਰ ਆਪਾਂ ਸੰਭਾਲ ਕੇ ਮੈਂ ਆਪਣੇ ਘਰ ਪਰਤ ਆਈ ਪਰ ਮੇਰਾ ਮਨ ਤੁਹਾਡੇ ਪਾਸ ਹੀ ਰਹਿ ਗਿਆ ਸੀ।''
''ਤੁਸੀਂ ਇਮਤਿਹਾਨ ਦਿੱਤੇ ਬਿਨਾ ਹੀ ਚੱਲੇ ਗਏ। ਮੈਂ ਬੜੀ ਕਲਪੀ! ਮੇਰਾ ਜੀਅ ਕੀਤਾ ਮੈਂ ਮਰ ਜਾਵਾਂ ਪਰ ਆਪ ਦੇ ਪਿਆਰ ਨੇ ਮਰਨ ਵੀ ਨਾ ਦਿੱਤਾ। ਮਿਲਣ ਲਈ ਮੈਂ ਸਹਿਕਦੀ ਸਾਂ ਪਰ ਤੁਸੀਂ ਸਾਡਾ ਸ਼ਹਿਰ ਛੱਡ ਕੇ ਪਤਾ ਨਹੀਂ ਕਿੱਧਰ ਚਲੇ ਗਏ ਸੀ ਨਾਲੇ ਤਾਂ ਤੁਸਾਂ ਵਾਅਦਾ ਕੀਤਾ ਸੀ ਕਿ ਕਦੇ ਨਾ ਮਿਲਣ ਦਾ। ਮੈਂ ਕਰ ਵੀ ਕੀ ਸਕਦੀ ਸਾਂ? ਤੁਸੀਂ ਆਪਣਾ ਪਤਾ ਵੀ ਨਹੀਂ ਦੱਸ ਗਏ। ਮੈਂ ਯਾਦ ਕਰਦੀ ਰਹੀ ਅਤੇ.....
''ਹੁਣ ਮੈਂ ਪੇਪਰ ਦੇ ਕੇ ਵਿਹਲੀ ਹੋ ਗਈ ਸਾਂ। ਘਰ ਵਾਲੇ ਨਤੀਜਾ ਉਡੀਕ ਰਹੇ ਸਨ। ਉਨ੍ਹਾਂ ਨੇ ਸੋਨੇ ਦੀਆਂ ਜੰਜ਼ੀਰਾਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ। ਉਹ ਮੇਰੇ ਲਈ ਦਾਜ ਬਣਾ ਰਹੇ ਸਨ ਜੋ ਮੈਨੂੰ ਕਫਨ ਜਾਪ ਰਿਹਾ ਸੀ ਤੇ ਮੇਰੀ ਇੱਕੋ-ਇਕ ਇੱਛਾ ਸੀ ਆਪ ਨੂੰ ਮਿਲਣ ਦੀ। ਫਿਰ ਸੁਭਾਗਾ ਦਿਨ ਚੜ੍ਹਿਆ। ਤੁਸੀਂ ਆਏ ਪਲਾਂ ਲਈ ਪਰ ਅੰਦਰ ਲੰਘੇ ਬਿਨਾਂ ਹੀ ਵਾਪਸ ਪਰਤ ਗਏ। ਮੈਨੂੰ ਸਮਝ ਨਹੀਂ ਸੀ ਆਈ ਕਿ ਉਹ ਸੱਚ ਸੀ ਜਾਂ ਸੁਪਨਾ। ਮੈਂ ਰੱਜ ਕੇ ਰੋਈ।''
''ਫਿਰ ਕੁਝ ਦਿਨਾਂ ਮਗਰੋਂ ਮੈਗਜ਼ੀਨ ਮਿਲਿਆ। ਉਸ ਵਿਚ ਆਪ ਦੇ ਨਾਂ ਹੇਠ ਛਪੀ ਇਕ ਕਵਿਤਾ ਮੈਂ ਜਲਦੀ ਜਲਦੀ ਕੱਢ ਕੇ ਪੜ੍ਹਨ ਲੱਗੀ। ਤੁਸਾਂ ਲਿਖਿਆ ਸੀ
''ਮਨ ਨੇ ਚਾਹਿਆ ਫਿਰ
ਉਨ੍ਹਾ ਰਾਹਾਂ ਦੀ ਧੂੜ ਨੂੰ ਚੁੰਮਣਾ, ਜਿਥੇ ਤੇਰੇ ਮੇਰੇ ਹੱਥ ਕਦੇ,
ਗਲਵਕੜੀਆਂ ਪਾਈ ਸਾਹ ਲੈਂਦੇ ਸਨ।
ਮਨ ਬੇਕਾਬੂ ਹੋ
ਧੂਹ ਲਿਆਇਆ ਮੈਨੂੰ।
ਕਮਲੇ ਪੈਰ ਨਾ ਆਖੇ ਲੱਗੇ,
ਬੇਮੁਹਾਰ ਹੋਏ ਨੱਨੇ,
ਚੁੰਮਣ ਲਈ ਤੇਰੀ ਦਹਿਲੀਜ਼ ਨੀਂ ਸੱਜਣੀ।
ਮੇਰੇ ਵਾਇਦੇ ਨੂੰ ਤੋੜ ਉਹ ਹੱਸੇ, ਆਖਣ ਲੱਗੇ ''ਪਿਆਰ ਵਿਚ ਹੈ ਸਭ ਠੀਕ''
ਮੁਆਫ਼ ਕਰੀ ਸੱਜਣੀ ਮੈਨੂੰ ਕੀਤੇ ਕਾਇਦੇ ਨੇ ਤੋੜੇ ਅੱਜ'' ''ਮੇਰੇ ਚੰਗੇ ਸੱਜਣਾ.... ਮੇਰੇ ਪਿਆਰ ਨੇ ਮੇਰੀ ਖਿੱਚ ਨੇ ਤੁਹਾਨੂੰ ਆਂਦਾ ਸੀ! ਮੈਨੂੰ ਦੁੱਖ ਹੈ ਕਿ ਰੱਜ ਕੇ ਗੱਲਾਂ ਵੀ ਨਾ ਕੀਤੀਆਂ। ਚਲੋ ਕੋਈ ਨਹੀਂ ਇਹ ਜਨਮ ਤੁਮਾਰੇ ਲੇਖੇ ਨਾ ਲੱਗਾ! ਪਰ.... ਅਗਲੇ... ਜਨਮ.. ਵਿਚ......ਆਪਾਂ ਫਿਰ ...... ਮਿਲਾਂਗੇ.......ਕਦੇ ਵੀ ਵਿਛੜਨ ਲਈ.....ਫਿਰ ਮਿਲਾਂਗੇ...ਫਿਰ ਮਿਲਾਂਗੇ।''
 
Top