ਫੈਸਲਾ

Mandeep Kaur Guraya

MAIN JATTI PUNJAB DI ..
ਮੈਂ ਰਵੀ ਨੂੰ ਬਹੁਤ ਪਿਆਰ ਕਰਦੀ ਸੀ। ਉਹ ਵੀ ਮੈਨੂੰ ਬਹੁਤ ਚਾਹੁੰਦਾ ਸੀ ਅਤੇ ਇੰਝ ਲੱਗਦਾ ਸੀ ਜਿਵੇਂ ਅਸੀਂ ਇਕ-ਦੂਜੇ ਲਈ ਹੀ ਬਣੇ ਹਾਂ। ਮੈਂ ਉਸ ਤੋਂ ਬਿਨਾਂ ਜਿਊਣ ਬਾਰੇ ਸੋਚ ਵੀ ਨਹੀਂ ਸਕਦੀ ਸੀ।
''ਦੀਦੀ, ਜੀਜੂ, ਮੈਨੂੰ ਮੁਆਫ ਕਰ ਦਿਓ, ਮੈਂ ਤੁਹਾਨੂੰ ਬਹੁਤ ਤੰਗ ਕੀਤਾ ਹੈ, ਬਹੁਤ ਰੁਆਇਆ ਹੈ।'' ਅਨੀਸ਼ਾ ਉਨ੍ਹਾਂ ਦੇ ਕਦਮਾਂ 'ਚ ਬੈਠ ਕੇ ਰੋ ਰਹੀ ਸੀ।
''ਦੀਦੀ, ਪਲੀਜ਼, ਮੈਨੂੰ ਮੁਆਫ ਕਰ ਦਿਓ।''
''ਠੀਕ ਹੈ ਪਰ ਇਕ ਸ਼ਰਤ 'ਤੇ। ਅਸੀਂ ...।''
ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਉਹ ਵਿਚੇ ਹੀ ਬੋਲ ਪਈ, ''ਤੁਸੀਂ ਜੋ ਵੀ ਕਹੋਗੇ ਮੈਂ ਕਰਾਂਗੀ।''
''ਠੀਕ ਹੈ ਅਨੀਸ਼ਾ। ਹੁਣ ਇਹ ਰੋਣਾ-ਧੋਣਾ ਬੰਦ ਕਰ। ਅਸੀਂ ਤੈਨੂੰ ਸਪੱਸ਼ਟ ਕਰ ਦਿੱਤਾ ਹੈ।'' ਜੀਜੂ ਨੇ ਮੋਢੇ ਤੋਂ ਫੜ ਕੇ ਚੁੱਕਦਿਆਂ ਉਸ ਨੂੰ ਕਿਹਾ ਅਤੇ ਦੀਦੀ ਨੇ ਮੈਨੂੰ ਅੱਗੇ ਵਧ ਕੇ ਗਲੇ ਨਾਲ ਲਗਾ ਲਿਆ ਤਾਂ ਮੇਰੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਕਿਰ ਆਏ।
''ਜੀਜੂ, ਦੀਦੀ ਤੁਸੀਂ ਦੋਵੇਂ ਕਿੰਨੇ ਚੰਗੇ ਹੋ। ਇਕ ਮੈਂ ਹਾਂ ਜੋ ਬਿਨਾਂ ਸੋਚੇ ਸਮਝੇ ਇੰਨਾ ਵੱਡਾ ਫੈਸਲਾ ਕਰ ਰਹੀ ਸੀ। ਸਮੇਂ ਸਿਰ ਮੇਰੀਆਂ ਅੱਖਾਂ ਨਾ ਖੁੱਲ੍ਹਦੀਆਂ ਤਾਂ ਪਤਾ ਨਹੀਂ ਅੱਜ ਕੀ ਹੋ ਜਾਂਦਾ!''
''ਪਲੀਜ਼ ਅਨੀਸ਼ਾ...ਮੈਂ ਤਾਂ ਇਹੀ ਪ੍ਰਾਥਨਾ ਕਰ ਰਹੀ ਸੀ ਕੀ ਰੱਬ ਤੈਨੂੰ ਸਹੀ ਰਸਤਾ ਦਿਖਾਏ ਅਤੇ ਤਬਾਹੀ ਦੇ ਰਸਤੇ 'ਤੇ ਜਾਣ ਤੋਂ ਬਚਾ ਲਵੇ। ਸ਼ਾਇਦ ਉਸ ਨੇ ਮੇਰੀ ਅਰਦਾਸ ਸੁਣ ਲਈ।''
''ਅਨੀਸ਼ਾ, ਮੈਂ ਤੈਨੂੰ ਕਦੇ ਭੈਣ ਨਹੀਂ ਮੰਨਿਆ,ਆਪਣੀ ਬੇਟੀ ਵਾਂਗ ਪਾਲਿਆ ਹੈ। ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਜਾਣਦੀ ਹੈਂ ਅਮੀਸ਼ਾ.. ਮਰਨ ਤੋਂ ਪਹਿਲਾਂ ਮੈਂ ਡੈਡੀ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਆਪਣੀ ਭੈਣ ਨਹੀਂ ਸਗੋਂ ਬੇਟੀ ਵਾਂਗ ਪਾਲਾਂਗੀ।'' ਉਨ੍ਹਾਂ ਨੇ ਪਿਆਰ ਨਾਲ ਮੇਰੇ ਹੱਥ ਸਹਿਲਾਉਂਦਿਆਂ ਕਿਹਾ ਅਤੇ ਮੈਂ ਦੀਦੀ ਦਾ ਪਿਆਰ ਦੇਖ ਕੇ ਅੰਦਰ ਹੀ ਅੰਦਰ ਬਹੁਤ ਸ਼ਰਮਿੰਦਾ ਹੋਈ।
ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੰਮੀ ਤੇ ਡੈਡੀ ਦੀ ਇਕ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਸੀ। ਉਸ ਵੇਲੇ ਮੈਂ 4-5 ਸਾਲ ਦੀ ਸੀ। ਮੈਨੂੰ ਬਹੁਤਾ ਕੁਝ ਤਾਂ ਯਾਦ ਨਹੀਂ ਪਰ ਹਾਂ ਇੰਨਾ ਜ਼ਰੂਰ ਯਾਦ ਹੈ ਕਿ ਘਰ 'ਚ ਦੀਦੀ, ਮੰਮੀ-ਡੈਡੀ ਦੀ ਬੇਹੱਦ ਲਾਡਲੀ ਸੀ।
ਸਾਡਾ ਕੋਈ ਭਰਾ ਨਹੀਂ ਸੀ। ਦੀਦੀ ਦਾ ਵਿਆਹ ਬਹੁਤ ਪਹਿਲਾਂ ਹੀ ਹੋ ਗਿਆ ਸੀ ਤੇ ਮੈਂ ਦੀਦੀ ਤੋਂ 15 ਸਾਲ ਛੋਟੀ ਸੀ, ਇਹੀ ਕਾਰਨ ਸੀ ਕਿ ਦੀਦੀ ਮੈਨੂੰ ਆਪਣੀ ਬੇਟੀ ਵਾਂਗ ਮੰਨਦੀ ਸੀ। ਉਨ੍ਹਾਂ ਨੂੰ ਰੱਬ ਨੇ ਕੋਈ ਔਲਾਦ ਨਹੀਂ ਦਿੱਤੀ ਸੀ। ਫਿਰ ਵੀ ਉਨ੍ਹਾਂ ਨੇ ਰੱਬ ਨਾਲ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਹਮੇਸ਼ਾ ਖੁਸ਼ ਰਹਿੰਦੀ ਸੀ।
ਉਸ ਦਿਨ ਜਦੋਂ ਮੈਂ ਕਾਲਜ ਤੋਂ ਘਰ ਪਹੁੰਚੀ ਤਾਂ ਘਰ 'ਚ ਖੂਬ ਚਹਿਲ-ਪਹਿਲ ਦੇਖੀ। ਦੀਦੀ ਅਤੇ ਜੀਜੂ ਵੀ ਬਹੁਤ ਖੁਸ਼ ਸਨ। ਦੀਦੀ ਨੇ ਮੈਨੂੰ ਬਹੁਤ ਪਿਆਰ ਨਾਲ ਗਲੇ ਲਗਾ ਕੇ ਕਿਹਾ, ''ਅਨੀਸ਼ਾ...ਛੇਤੀ ਛੇਤੀ ਤਿਆਰ ਹੋ ਜਾ ....ਤੈਨੂੰ ਦੇਖਣ ਵਾਲੇ ਆ ਰਹੇ ਹਨ।''
ਮੇਰੇ ਲਈ ਇਹ ਗੱਲ ਕਿਸੇ ਧਮਾਕੇ ਤੋਂ ਘੱਟ ਨਹੀਂ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੇਰਾ ਸਿਰ ਚਕਰਾਉਣ ਲੱਗਾ ਤੇ ਮੈਂ ਉਥੇ ਹੀ ਸੋਫੇ 'ਤੇ ਬੈਠ ਗਈ। ਗੁੱਸੇ ਨਾਲ ਮੇਰਾ ਬੁਰਾ ਹਾਲ ਸੀ। ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।
ਉਦੋਂ ਹੀ ਦੀਦੀ ਮੇਰੇ ਕਮਰੇ 'ਚ ਆਈ ਅਤੇ ਮੈਨੂੰ ਦੇਖਦਿਆਂ ਹੀ ਕਹਿਣ ਲੱਗੀ, ''ਅਨੀਸ਼ਾ! ਤੂੰ ਅਜੇ ਤਿਆਰ ਨਹੀਂ ਹੋਈ। ਉਹ ਲੋਕ ਤਾਂ ਆ ਵੀ ਗਏ। ਛੇਤੀ ਉਠ ਤਿਆਰ ਹੋ ਜਾ। ਸਾਰੇ ਤੇਰੀ ਉਡੀਕ ਕਰ ਰਹੇ ਹਨ।''
ਦੀਦੀ ਨੇ ਮੇਰੇ ਵਲ ਦੇਖਦਿਆਂ ਕਿਹਾ ਤੇ ਮੈਂ ਮੂੰਹ ਲਟਕਾਈ ਉਥੇ ਹੀ ਖੜ੍ਹੀ ਰਹੀ। ਦੀਦੀ ਫਿਰ ਮੇਰੇ ਕੋਲ ਆ ਕੇ ਕਹਿਣ ਲੱਗੀ, ''ਕੀ ਗੱਲ ਹੈ ਜਾਨੂ..? ਤੂੰ ਇੰਨੀ ਉਦਾਸ ਕਿਉਂ ਹੈ? ਕੀ ਗੱਲ ਹੈ ਦੱਸ ਤਾਂ ਸਹੀ।'' ਉਨ੍ਹਾਂ ਨੇ ਬੜੇ ਪਿਆਰ ਨਾਲ ਆਪਣੇ ਹੱਥਾਂ 'ਚ ਮੇਰਾ ਚਿਹਰਾ ਲੈ ਕੇ ਪੁੱਛਿਆ।
''ਕੀ ਦੱਸਾਂ ਦੀਦੀ... ਹੁਣ ਬੋਲਣ ਲਈ ਬਚਿਆ ਹੀ ਕੀ ਹੈ? ਤੁਸੀਂ ਇੰਨਾ ਵੱਡਾ ਫੈਸਲਾ ਕਰ ਲਿਆ ਹੈ ਤੇ ਮੇਰੇ ਕੋਲੋਂ ਪੁੱਛਿਆ ਤਕ ਨਹੀਂ। ਘੱਟੋ-ਘੱਟ ਮੈਥੋਂ ਪੁੱਛ ਤਾਂ ਲਿਆ ਹੁੰਦਾ ਕਿ ਮੈਂ ਇਹ ਵਿਆਹ ਕਰਨਾ ਚਾਹੁੰਦੀ ਹਾਂ ਜਾਂ ਨਹੀਂ?''
ਉਦੋਂ ਦੀਦੀ ਨੇ ਹੌਲੀ ਜਿਹੀ ਕਿਹਾ, ''ਅਨੀਸ਼ਾ! ਅਸੀਂ ਜਿਥੇ ਤੇਰਾ ਵਿਆਹ ਕਰਾਂਗੇ ਉਹ ਬਹੁਤ ਹੀ ਚੰਗੇ ਹਨ। ਤੂੰ ਰਾਜ ਨੂੰ ਦੇਖੇਂਗੀ ਤਾਂ ਇਨਕਾਰ ਨਹੀਂ ਕਰ ਸਕੇਗੀ। ਉਹ ਤੇਰੇ ਜੀਜੂ ਦੇ ਦੋਸਤ ਦਾ ਮੁੰਡਾ ਹੈ। ਅਸੀਂ ਜੋ ਵੀ ਕਰ ਰਹੇ ਹਾਂ ਤੇਰੀ ਖੁਸ਼ੀ ਲਈ ਕਰ ਰਹੇ ਹਾਂ।'' ਇਹ ਕਹਿ ਕੇ ਉਹ ਚਲੀ ਗਈ।
''ਮੈਂ ਤਿਆਰ ਹੋ ਕੇ ਹੇਠਾਂ ਹਾਲ 'ਚ ਆ ਗਈ। ਸਾਰੇ ਬੈਠੇ ਸਨ। ਉਨ੍ਹਾਂ ਨੇ ਮੈਨੂੰ ਦੇਖਿਆ ਤੇ ਪਸੰਦ ਕਰ ਲਿਆ। ਵਿਆਹ ਦੀ ਤਰੀਕ ਵੀ ਪੱਕੀ ਹੋ ਗਈ। ਮੇਰੇ ਸਿਵਾਏ ਸਾਰੇ ਲੋਕ ਬਹੁਤ ਖੁਸ਼ ਸਨ। ਅਗਲੇ ਦਿਨ ਮੈਂ ਕਾਲਜ ਪਹੁੰਚੀ ਤਾਂ ਸਭ ਤੋਂ ਪਹਿਲਾਂ ਮੈਂ ਰਵੀ ਨਾਲ ਗੱਲ ਕੀਤੀ।
''ਰਵੀ..! ਅਸੀਂ ਕਦੋਂ ਤਕ ਇਸ ਤਰ੍ਹਾਂ ਲੁਕ-ਲੁਕ ਕੇ ਮਿਲਦੇ ਰਹਾਂਗੇ? ਆਖਿਰ ਉਹ ਦਿਨ ਕਦੋਂ ਆਵੇਗਾ ਜਦੋਂ ਤੂੰ ਮੇਰੇ ਨਾਲ ਵਿਆਹ ਕਰੇਂਗਾ? ਦੇਖ, ਹੁਣ ਤਾਂ ਮੇਰਾ ਵਿਆਹ ਵੀ ਪੱਕਾ ਹੋ ਗਿਆ ਹੈ।'' ਇਹ ਸਭ ਕਹਿੰਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ ਅਤੇ ਮੈਂ ਰੋਣ ਲੱਗੀ।
ਉਦੋਂ ਰਵੀ ਨੇ ਕਿਹਾ, ''ਬਸ ਇਕੋ ਰਸਤਾ ਹੈ। ਅਸੀਂ ਘਰੋਂ ਦੌੜ ਕੇ ਵਿਆਹ ਕਰ ਲਈਏ। ਉਸ ਪਿੱਛੋਂ ਸਭ ਠੀਕ ਹੋ ਜਾਵੇਗਾ। ਮੈਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਜਵਾਬ ਦੇਈਂ ਅਤੇ ਮੈਂ ਜਾਣਦਾ ਹਾਂ ਕਿ ਤੂੰ ਮੇਰੇ ਪਿਆਰ 'ਚ ਸਭ ਕੁਝ ਕਰ ਸਕਦੀ ਹੈਂ।'' ਇਹ ਕਹਿ ਕੇ ਉਹ ਚਲਾ ਗਿਆ।
ਮੈਂ ਰਵੀ ਨੂੰ ਬਹੁਤ ਪਿਆਰ ਕਰਦੀ ਸੀ। ਉਹ ਵੀ ਮੈਨੂੰ ਬਹੁਤ ਚਾਹੁੰਦਾ ਸੀ ਅਤੇ ਇੰਝ ਲੱਗਦਾ ਸੀ ਜਿਵੇਂ ਅਸੀਂ ਇਕ-ਦੂਜੇ ਲਈ ਹੀ ਬਣੇ ਹਾਂ। ਮੈਂ ਉਸ ਤੋਂ ਬਿਨਾਂ ਜਿਊਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਉਹ ਸਾਡੀ ਬਿਰਾਦਰੀ ਦਾ ਨਹੀਂ ਸੀ ਤੇ ਇਹੀ ਕਾਰਨ ਸੀ ਕਿ ਮੈਂ ਦੀਦੀ ਤੇ ਜੀਜੂ ਨੂੰ ਇਸ ਬਾਰੇ ਕੁਝ ਕਹਿ ਨਹੀਂ ਸਕੀ ਸੀ ਕਿਉਂਕਿ ਮੈਨੂੰ ਉਨ੍ਹਾਂ ਦੀ ਇੱਜ਼ਤ ਦਾ ਵੀ ਖਿਆਲ ਸੀ। ਮੈਂ ਬਹੁਤ ਪ੍ਰੇਸ਼ਾਨ ਸੀ, ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਮੈਂ ਕੀ ਕਰਾਂ। ਕਿਸ ਨੂੰ ਮਿਲਾਂ, ਕਿਸ ਨੂੰ ਆਪਣੀ ਗੱਲ ਦੱਸਾਂ!
ਜਦੋਂ ਵੀ ਰਵੀ ਨੂੰ ਕੁਝ ਕਹਿੰਦੀ ਤਾਂ ਉਹ ਇਹੀ ਕਹਿੰਦਾ, ''ਪੈਸੇ ਲੈ ਕੇ ਘਰੋਂ ਦੌੜ ਕੇ ਵਿਆਹ ਕਰਨ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਮੇਰੇ ਮਾਤਾ-ਪਿਤਾ ਵੀ ਸਾਡੇ ਵਿਆਹ ਨਾਲ ਸਹਿਮਤ ਨਹੀਂ ਹਨ।''
ਫਿਰ ਮੈਂ ਆਪਣੇ ਦਿਲ ਦੀ ਗੱਲ ਮੰਨੀ ਤੇ ਫੈਸਲਾ ਕਰ ਲਿਆ ਕਿ ਵਿਆਹ ਕਰਾਂਗੀ ਤਾਂ ਰਵੀ ਨਾਲ ਹੀ ਨਹੀਂ ਤਾਂ ਮਰ ਜਾਵਾਂਗੀ। ਇਹੀ ਫੈਸਲਾ ਮੈਂ ਦੀਦੀ ਨੂੰ ਸੁਣਾ ਦਿੱਤਾ।
ਦੀਦੀ ਨੇ ਰੋ-ਰੋ ਕੇ ਆਪਣੇ ਪਿਆਰ ਦੀ ਦੁਹਾਈ ਦਿੱਤੀ। ਹਰ ਊਚ-ਨੀਚ ਸਮਝਾਈ। ਇਥੋਂ ਤਕ ਕਿਹਾ ਕਿ, ''ਅਨੀਸ਼ਾ! ਉਹ ਵਿਆਹ ਕਦੇ ਸਫਲ ਨਹੀਂ ਹੁੰਦੇ ਜਿਨ੍ਹਾਂ 'ਚ ਵੱਡਿਆਂ ਦਾ ਆਸ਼ੀਰਵਾਦ ਸ਼ਾਮਲ ਨਾ ਹੋਵੇ ਪਰ ਜੇਕਰ ਤੂੰ ਇਹ ਫੈਸਲਾ ਕਰ ਲਿਆ ਹੈ ਤਾਂ ਮੈਂ ਤੈਨੂੰ ਰੋਕਾਂਗੀ ਵੀ ਨਹੀਂ।'' ਉਨ੍ਹਾਂ ਨੇ ਰੋਂਦਿਆਂ ਕਿਹਾ ਤੇ ਮੈਂ ਉਨ੍ਹਾਂ ਦੇ ਰੋਣ ਨਾਲ ਅੰਦਰ ਤਕ ਹਿਲ ਗਈ। ਮੈਨੂੰ ਲੱਗਾ ਕਿ ਮੈਂ ਆਪਣੀ ਦੀਦੀ 'ਤੇ ਜ਼ੁਲਮ ਕਰ ਰਹੀ ਹਾਂ। ਮੈਂ ਉਨ੍ਹਾਂ ਦਾ ਹੱਥ ਫੜਦਿਆਂ ਕਿਹਾ, ''ਦੀਦੀ ਮੈਂ ਆਪਣੇ ਦਿਲ ਹੱਥੋਂ ਮਜਬੂਰ ਹਾਂ, ਮੈਂ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ। ਤੁਸੀਂ ਜੀਜੂ ਨੂੰ ਸਮਝਾ ਦਿਓ।'' ਮੈਂ ਉਨ੍ਹਾਂ ਦਾ ਹੱਥ ਆਪਣੇ ਹੱਥਾਂ 'ਚ ਲੈ ਕੇ ਕਿਹਾ। ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਆਪਣੇ ਕਮਰੇ 'ਚ ਚਲੀ ਗਈ।
ਅਗਲੇ ਦਿਨ ਮੈਂ ਆਪਣੇ ਸਾਰੇ ਗਹਿਣੇ ਆਦਿ ਲੈ ਕੇ ਉਸ ਦੇ ਫਲੈਟ 'ਤੇ ਪਹੁੰਚ ਗਈ। ਉਹ ਇਕੱਲਾ ਰਹਿੰਦਾ ਸੀ। ਉਸ ਦੇ ਮਾਤਾ-ਪਿਤਾ ਪਿੰਡ ਰਹਿੰਦੇ ਸਨ ਅਤੇ ਉਹ ਹੋਸਟਲ 'ਚ ਰਹਿਣ ਦੀ ਬਜਾਏ ਫਲੈਟ ਲੈ ਕੇ ਰਹਿੰਦਾ ਸੀ। ਮੈਂ ਜਦੋਂ ਉਥੇ ਪਹੁੰਚੀ ਤਾਂ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਹੋਇਆ ਸੀ। ਮੈਂ ਦਸਤਕ ਦੇਣ ਦੀ ਬਜਾਏ ਥੋੜ੍ਹਾ ਜਿਹਾ ਹੱਥ ਰੱਖ ਕੇ ਅੰਦਰ ਝਾਕਿਆ ਤਾਂ ਰਵੀ ਆਪਣੇ ਕੁਝ ਦੋਸਤਾਂ ਨਾਲ ਬੈਠ ਕੇ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ, ''ਹੁਣੇ ਦੇਖਿਓ, ਉਹ ਆਏਗੀ ਆਪਣੇ ਘਰੋਂ ਦੌੜ ਕੇ ਤੇ ਆਪਣੇ ਸਾਰੇ ਗਹਿਣੇ ਲੈ ਕੇ। ਫਿਰ ਅਸੀਂ ਵਿਆਹ ਕਰਾਂਗੇ ਤੇ ਕੁਝ ਸਮੇਂ ਪਿੱਛੋਂ ਮੈਂ ਅਨੀਸ਼ਾ ਨੂੰ ਤਲਾਕ ਦੇ ਦੇਵਾਂਗਾ।''
''ਤਲਾਕ ਪਰ ਕਿਉਂ...?'' ਉਸ ਦੇ ਇਕ ਦੋਸਤ ਨੇ ਪੁੱਛਿਆ।
ਉਦੋਂ ਉਹ ਠਹਾਕਾ ਲਗਾ ਕੇ ਹੱਸਣ ਲੱਗਾ ਅਤੇ ਕਹਿਣ ਲੱਗਾ, ''ਤੁਸੀਂ ਵੀ ਕਿਹੜੀਆਂ ਬਕਵਾਸ ਗੱਲਾਂ ਲੈ ਕੇ ਬੈਠ ਗਏ। ਤਾਂ ਕੀ ਮੈਂ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਾਂਗਾ? ਉਸ ਨੂੰ ਤਾਂ ਮੈਂ ਸਿਰਫ ਆਪਣਾ ਮੋਹਰਾ ਬਣਾਇਆ ਹੈ। ਉਸ ਦੇ ਗਹਿਣੇ ਤੇ ਪੈਸੇ ਹੜੱਪਣ ਲਈ। ਨਹੀਂ ਤਾਂ ਇਹੋ ਜਿਹੀਆਂ ਕੁੜੀਆਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਜੋ ਆਪਣੇ ਘਰ ਦੀ ਇੱਜ਼ਤ ਦੀ ਪ੍ਰਵਾਹ ਕੀਤੇ ਬਿਨਾਂ ਘਰੋਂ ਦੌੜਨ ਲਈ ਰਾਜ਼ੀ ਹੋ ਜਾਣ। ਮੈਂ ਤਾਂ ਕਾਮਿਨੀ ਨਾਲ ਹੀ ਵਿਆਹ ਕਰਾਂਗਾ, ਜਿਸ ਨੂੰ ਮੇਰੇ ਮਾਤਾ-ਪਿਤਾ ਨੇ ਪਸੰਦ ਕੀਤਾ ਹੋਇਆ ਹੈ।''
ਸਭ ਨੇ ਰਵੀ ਦੇ ਦਿਮਾਗ ਦੀ ਸਿਫਤ ਕੀਤੀ ਤੇ ਮੈਂ ਇਕ ਪਲ 'ਚ ਸਾਰੀ ਗੱਲ ਸਮਝ ਗਈ। ਮੇਰਾ ਦਿਮਾਗ ਸੁੰਨ ਹੋ ਚੁੱਕਾ ਸੀ। ਮੈਂ ਪੁੱਠੇ ਪੈਰੀਂ ਛੇਤੀ-ਛੇਤੀ ਉਥੋਂ ਤੁਰ ਪਈ। ਰਵੀ ਦੇ ਪਿਆਰ 'ਚ ਅੰਨ੍ਹੀ ਹੋ ਕੇ ਆਪਣੀ ਪਿਆਰੀ ਦੀਦੀ ਨਾਲ ਬਗਾਵਤ ਕਰਕੇ ਕੋਰਟ ਮੈਰਿਜ ਕਰਨ ਦਾ ਫੈਸਲਾ ਕਰ ਚੁੱਕੀ ਸੀ, ਜਿਵੇਂ ਇਕਦਮ ਹੋਸ਼ 'ਚ ਆ ਗਈ। ਆਟੋ ਰੁਕਵਾਇਆ ਤੇ ਘਰ ਵਲ ਤੁਰ ਪਈ।
 
Top