ਵਿਦਾਊਟ ਟਿਕਟ

ਇਕ ਦਿਨ ਅਜੇ ਸਵੇਰ ਦਾ ਵੇਲਾ ਸੀ ਕਿ ਅੱਧਖੜ ਉਮਰ ਦੀ ਉੱਚੀ ਲੰਮੀ, ਚੁਸਤ ਤੇ ਦਮਦਾਰ ਔਰਤ ਮੇਰੇ ਕਮਰੇ ਵਿਚ ਆ ਧਮਕੀ। ਮੈਂ ਦਫਤਰੀ ਕੰਮ ਵਿਚ ਰੁੱਝਿਆ ਹੋਇਆ ਸਾਂ। ਉਸ ਆਉਂਦੇ ਹੀ ਮੇਰੇ ਮੇਜ਼ ’ਤੇ ਪਏ ਟੈਲੀਫੋਨ ਦਾ ਰਸੀਵਰ ਚੁੱਕ ਲਿਆ, ਤੇ ਜਦ ਨੰਬਰ ਘੁੰਮਾਉਣ ਲੱਗੀ ਤਾਂ ਮੈਂ ਉਸ ਦਾ ਹੱਥ ਰੋਕ ਲਿਆ। ਮੇਰਾ ਹੱਥ ਜਦ ਉਸ ਦੇ ਹੱਥ ਉੱਤੇ ਲੱਗਾ ਤਾਂ ਉਹ ਚੌਂਕ ਗਈ ਤੇ ਘਬਰਾ ਕੇ ਕਹਿਣ ਲੱਗੀ, “ਮਾਫ ਕਰਨਾ, ਗਲਤੀ ਮੇਰੀ ਹੀ ਹੈ। ਮੈਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਸੀ। ਮੇਰੇ ਪਾਸ ਵਕਤ ਥੋੜ੍ਹਾ ਤੇ ਕੰਮ ਜ਼ਰੂਰੀ ਹੈ, ਇਸ ਕਰਕੇ ਮੈਂ ਪਹਿਲਾਂ ਦੱਸਣਾ ਭੁੱਲ ਗਈ।”” ਮੈਂ ਤਨਜ਼ ਕਰਦਿਆਂ ਕਿਹਾ, “ਕਿਤੇ ਅੱਗ ਲੱਗ ਗਈ ਹੈ? ਜੇ ਅੱਗ ਲੱਗ ਵੀ ਗਈ ਹੋਵੇ ਤਾਂ ਵੀ ਕਿਸੇ ਦੇ ਟੈਲੀਫੋਨ ਦੀ ਵਰਤੋਂ ਬਿਨਾਂ ਪੁੱਛੇ ਕਰਨਾ ਯੋਗ ਤਾਂ ਨਹੀਂ।”

ਉਹ ਬੋਲੀ, “ਤੁਹਾਥੋਂ ਪਹਿਲਾਂ ਵਾਲੇ ਅਫਸਰ ਤਾਂ ਅਜਿਹਾ ਨਹੀਂ ਸਨ ਕਰਦੇ।”” ਮੈਂ ਕਿਹਾ, “ਕੰਮ ਕਰਨ ਦਾ ਢੰਗ ਹਰ ਇਕ ਦਾ ਆਪੋ ਆਪਣਾ ਹੁੰਦਾ ਹੈ। ਇਹ ਸਰਕਾਰੀ ਟੈਲੀਫੋਨ ਹੈ ਤੇ ਸਰਕਾਰੀ ਕੰਮਾਂ ਲਈ ਹੀ ਹੈ।”” ਉਹ ਉੱਠ ਕੇ ਜਾਣ ਲੱਗੀ ਤਾਂ ਮੈਂ ਕਿਹਾ, “ਹੁਣ ਟੈਲੀਫੋਨ ਜਿੱਥੇ ਕਰਨਾ ਹੈ ਕਰ ਲਵੋ।”

”ਉਸ ਨੇ ਕੁਰਸੀ ਤੇ ਦੁਬਾਰਾ ਬੈਠਦਿਆਂ ਕਿਹਾ, “ਮੈਨੂੰ ਪਹਿਲਾਂ ਆਪਣੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ, ਤੁਹਾਡਾ ਵੀ ਇਸ ਵਿਚ ਕਸੂਰ ਨਹੀਂ। ਮੈਂ ਤੁਹਾਡੇ ਪੜੋਸ, ਪਿਛਲੀ ਗਲੀ ਵਿਚ ਰਹਿੰਦੀ ਹਾਂ। ਮੇਰਾ ਨਾਮ ਅਮਰਜੀਤ ਕੌਰ ਹੈ। ਨੇੜਤਾ ਵਾਲੇ ਪਿਆਰ ਨਾਲ ਮੈਨੂੰ ਅਮਰੀ ਕਹਿ ਕੇ ਬੁਲਾਂਦੇ ਹਨ। ਮੈਂ ਰੇਲਵੇ ਵਿਚ ਹੈੱਡ ਟਿਕਟ ਚੈੱਕਰ ਹਾਂ।””

ਮੈਂ ਅੱਗੋਂ ਥੋੜ੍ਹਾ ਜਿਹਾ ਹਾਸਾ ਬੁੱਲ੍ਹਾਂ ਤੇ ਲਿਆਉਂਦੇ ਹੋਏ ਕਿਹਾ, “ਮੈਂ ਵਿਦਾਊਟ ਟਿਕਟ ਸਫਰ ਨਹੀਂ ਸੀ ਕਰ ਰਿਹਾ। ਤੁਸੀਂ ਤਾਂ ਇਵੇਂ ਝਪਟੇ ਜਿਵੇਂ ਬੇਟਿਕਟੀ ਸਵਾਰੀ ਨੂੰ ਦਬੋਚੀਦਾ ਹੈ।” ਫਿਰ ਮੈਂ ਯਾਦ ਕਰਾਇਆ, “ਤੁਸੀਂ ਕਿਸੇ ਜ਼ਰੂਰੀ ਕੰਮ ਲਈ ਟੈਲੀਫੋਨ ਕਰਨ ਆਏ ਸੀ। ਹੁਣ ਜਿੱਥੇ ਫੋਨ ਕਰਨਾ ਹੈ, ਕਰ ਲਵੋ, ਪਰ ਗੱਲ ਜ਼ਰਾ ਸੰਖੇਪ ਕਰਨਾ। ਮੈਨੂੰ ਹੈਡਕੁਆਟਰ ਤੋਂ ਫੂਨ ਆਉਣ ਵਾਲਾ ਹੈ, ਮੈਂ ਉਸੇ ਦੀ ਉਡੀਕ ਵਿਚ ਹਾਂ।””

ਉਸ ਟੁੱਟੇ ਜਿਹੇ ਦਿਲ ਨਾਲ ਟੈਲੀਫੋਨ ਘੁਮਾਇਆ ਤੇ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਨੂੰ ਨੋਟ ਕਰਾਇਆ ਕਿ ਉਹ ਅੱਜ ਰਾਤ ਦੀ ਡਿਊਟੀ ਨਹੀਂ ਕਰ ਸਕੇਗੀ। ਉਸ ਨੂੰ ਛੁੱਟੀ ਤੇ ਸਮਝਿਆ ਜਾਵੇ।

ਮੈਂ ਕਿਹਾ, “ਗੱਲ ਤਾਂ ਤੁਹਾਡੀ ਵਾਕਿਆ ਹੀ ਬਹੁਤ ਜ਼ਰੂਰੀ ਸੀ ਤੇ ਨਾਲੇ ਹੈ ਵੀ ਸਰਕਾਰੀ ਸੀ।””

ਉਹ ਬੋਲੀ, “ਵੈਸੇ ਤਾਂ ਮੈਂ ਛੁੱਟੀ ਕਦੇ ਲਈ ਨਹੀਂ, ਕੰਮ ਕਰਦੇ ਕਰਦੇ ਸੁਭਾਅ ਹੀ ਅਜਿਹਾ ਬਣ ਗਿਆ ਹੈ ਕਿ ਕੰਮ ਵਿਚ ਦਿਲਚਸਪੀ ਪੈਦਾ ਹੋ ਗਈ ਹੈ।””

ਮੈਂ ਕਿਹਾ, “ਅਸੀਂ ਤਾਂ ਸ਼ੁਕਰ ਕਰਦੇ ਹਾਂ ਕਿ ਹਫਤਾ ਮੁੱਕੇ ਤੇ ਐਤਵਾਰ ਦੀ ਛੁੱਟੀ ਆਵੇ। ਸਾਡੇ ਕੰਮ ਵਿਚ ਤੇ ਤੁਹਾਡੇ ਕੰਮ ਵਿਚ ਬਹੁਤ ਅੰਤਰ ਹੈ। ਸਾਨੂੰ ਤਾਂ ਤਨਖਾਹ ਨਾਲ ਸਬੰਧ ਹੈ, ਜੋ ਮਹੀਨੇ ਪਿੱਛੋਂ ਮਿਲ ਹੀ ਜਾਣੀ ਹੈ। ਬੁਰਾ ਨਾ ਮਨਾਉਣਾ ਤੁਹਾਡੇ ਕੰਮ ਵਿਚ ਕੁਝ ਖਿੱਚ ਤੇ ਲਾਲਸਾ ਹੈ। ਜਿੱਥੇ ਸਰਕਾਰ ਲਈ ਬੇਟਿਕਟਿਆਂ ਤੋਂ ਕੁਝ ਇਕੱਠਾ ਹੁੰਦਾ ਹੈ ਉੱਥੇ ਕਈ ਵੇਰੀਂ ਬੇਟਿਕਟਿਆਂ ਨਾਲ ਮੁੱਕ ਮੁਕਾ ਹੋ ਜਾਂਦਾ ਹੈ। ਦੋਵੇਂ ਧਿਰਾਂ ਰਾਜ਼ੀ ਹੋ ਜਾਂਦੀਆਂ ਹਨ। ਉੱਪਰ ਦੀ ਕਮਾਈ ਦਾ ਸੁਣਿਆ ਹੈ ਵੱਖਰਾ ਹੀ ਮਜ਼ਾ ਹੁੰਦਾ ਹੈ। ਹਿੰਗ ਲੱਗੇ ਨਾ ਫਟਕੜੀ, ਰੰਗ ਚੜ੍ਹੇ ਚੋਖਾ।””

ਉਹ ਕੁਝ ਕ੍ਰੋਧਤ ਹੋ ਕੇ ਬੋਲੀ, “ਤੁਹਾਨੂੰ ਕਿਵੇਂ ਪਤਾ ਹੈ?”

ਮੈਂ ਕਿਹਾ, “ਕੁਝ ਸਮਾਂ ਮੈਂ ਵੀ ਅੰਮ੍ਰਿਤਸਰ ਤੋਂ ਜਲੰਧਰ ਰੇਲ ਗੱਡੀ ਦਾ ਡੇਲੀ ਪਸੰਜਰ ਰਿਹਾ ਹਾਂ। ਸਭ ਕੁਝ ਅੱਖੀਂ ਦੇਖਿਆ ਹੈ। ਨਾਲੇ ਹਰ ਇਕ ਨਾਲ ਵਾਪਰੀ ਹੁੰਦੀ ਹੈ, ਕਦੇ ਨਾ ਕਦੇ। ਕੋਈ ਟਿਕਟ ਲੈਣੀ ਭੁੱਲ ਜਾਂਦਾ ਹੈ, ਕਿਸੇ ਦਾ ਪਾਸ ਉਸਦੇ ਕੱਪੜੇ ਬਦਲਦਿਆਂ ਕਾਹਲੀ ਵਿਚ ਘਰ ਰਹਿ ਜਾਂਦਾ ਹੈ। ਕਿਸੇ ਦਾ ਸਾਮਾਨ ਜ਼ਿਆਦਾ ਹੁੰਦਾ ਹੈ ਤੇ ਕਿਸੇ ਨੇ ਲੰਮੇ ਸਫਰ ਲਈ ਸੀਟ ਮੌਕੇ ਤੇ ਹੀ ਬੁੱਕ ਕਰਾਉਣੀ ਹੁੰਦੀ ਹੈ। ਕਿਸੇ ਦਾ ਬੱਚਾ, ਉਹ ਕਹਿੰਦਾ ਹੈ, ਉਮਰ ਵਿਚ ਛੋਟਾ ਹੈ, ਟਿਕਟ ਨਹੀਂ ਲੱਗਣੀ ਚਾਹੀਦੀ ਤੇ ਤੁਸੀਂ ਕਹਿੰਦੇ ਹੋ ਟਿਕਟ ਵੀ ਲੱਗੇਗੀ ਤੇ ਜੁਰਮਾਨਾ ਵੀ। ਡੇਲੀ ਪੈਸੰਜਰ ਤੋਂ ਕੀ ਲੁਕਿਆ ਹੁੰਦਾ ਹੈ? ਬਹੁਤ ਪੁਰਾਣੇ ਡੇਲੀ ਪੈਸੰਜਰ ਤਾਂ ਰੇਲਵੇ ਸਟਾਫ ਦੇ ਏਨੇ ਭੇਤੀ ਹੋ ਜਾਂਦੇ ਹਨ ਕੇ ਮੁਸੀਬਤ ਵਿਚ ਫਸੀ ਸਵਾਰੀ ਦੀ ਹਾਲਤ ਤੇ ਤਰਸ ਖਾ ਕੇ, ਵਿਚ ਪੈ ਕੇ ਮੁਕ ਮੁਕਾ ਕਰਾ ਦੇਂਦੇ ਹਨ। ਮੈਡਮ, ਜੇ ਰਤਾ ਬੁਰਾ ਨਾ ਮਨਾਉ ਤਾਂ ਕਹਿ ਦੇਵਾਂ ਕਿ ਲੇਡੀ ਚੈੱਕਰ ਵਧੇਰੇ ਸਖਤ ਹੁੰਦੀਆਂ ਹਨ, ਤਰਸ ਕਰਨਾ ਹੀ ਨਹੀਂ ਜਾਣਦੀਆਂ।””

ਮੱਥੇ ਤੇ ਤਿਊੜੀ ਪਾਉਂਦੇ ਹੋਏ ਉਸ ਕਿਹਾ, “ਮੈਂ ਇਹ ਸਭ ਕੁਝ ਤੁਹਾਡੇ ਪਾਸੋਂ ਸੁਣਨ ਲਈ ਨਹੀਂ ਆਈ ਸੀ, ਸਿਰਫ ਇਕ ਟੈਲੀਫੋਨ ਪਿੱਛੇ, ਉਹ ਵੀ ਜੋ ਤੁਹਾਡਾ ਨਿੱਜੀ ਨਹੀਂ, ਸਰਕਾਰੀ ਹੈ।””

ਮੈਨੂੰ ਲੱਗਾ ਕਿ ਮੈਥੋਂ ਕੁਝ ਜ਼ਿਆਦਾ ਹੀ ਕਹਿ ਹੋ ਗਿਆ ਹੈ। ਘਰ ਆਏ ਦਾ ਤਾਂ ਲਿਹਾਜ ਕਰਨਾ ਬਣਦਾ ਸੀ। ਮੈਂ ਕਿਹਾ, “ਤੁਸੀਂ ਤਾਂ ਐਵੇਂ ਹੀ ਗੁੱਸਾ ਕਰ ਗਏ। ਹੁਣ ਜਦ ਰੇਲਵੇ ਦੀ ਗੱਲ ਚੱਲੇ ਤਾਂ ਕਿਸ ਨੂੰ ਨਹੀਂ ਪਤਾ, ਹਰ ਇਕ ਨਾਲ ਚੰਗੀ ਮਾੜੀ ਬੀਤੀ ਹੁੰਦੀ ਹੈ। ਜੇ ਬਣਾ ਕੇ ਰੱਖੀ ਹੋਵੇ ਤਾਂ ਭਰ ਗਰਮੀ ਦੀ ਰੁੱਤ ਜਾਂ ਅਤਿ ਸਰਦੀ ਦੇ ਮੌਸਮ ਵਿਚ ਬਹੁਤੇ ਡੇਲੀ ਪਸੰਜਰ ਆਰਾਮ ਦੀ ਖਾਤਰ ਕੁਝ ਦੇ ਦਿਵਾ ਕੇ ਏ.ਸੀ. ਡੱਬਿਆਂ ਵਿਚ ਬਹਿ ਕੇ ਅਨੰਦ ਮਾਣਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਬਾਹਰ ਕਿਹੋ ਜਿਹਾ ਮੌਸਮ ਹੈ।”

ਉਹ ਬੋਲੀ, “ਵੈਸੇ ਤਾਂ ਮੈਨੂੰ ਤੁਹਾਡੇ ਤੇ ਗੁੱਸਾ ਆਉਂਦਾ ਹੈ, ਘਰ ਆਏ ਦੀ ਪੱਤ ਦਾ ਕੋਈ ਲਿਹਾਜ ਨਾ ਰੱਖਿਆ ਪਰ ਤੁਹਾਡੀਆਂ ਗੱਲਾਂ ਵਿਚ ਸਚਾਈ ਵੀ ਹੈ। ਅਸੀਂ ਵੀ ਕੀ ਕਰੀਏ, ਹਰ ਪਾਸੇ ਇਹੋ ਕੁਝ ਹੈ। ਮੈਂ ਆਪਣਾ ਮਕਾਨ ਵੇਚ ਦਿੱਤਾ, ਜਿੰਨਾ ਮੈਨੂੰ ਤਹਿਸੀਲ ਦਫਤਰ ਵਾਲਿਆਂ ਤੰਗ ਕੀਤਾ, ਮੈਂ ਸੋਚਾਂ ਸੌਦਾ ਕੈਂਸਲ ਕਰਾ ਦਿਆਂ। ਮੈਨੂੰ ਕਹਿਣ ਇਸ ਮਕਾਨ ਦੀ ਰਜਿਸਟਰੀ ਦਾ ਇੰਤਕਾਲ ਨਹੀਂ ਕਰਾਇਆ। ਮੈਂ ਕਿਹਾ, ਮੈਂ ਆਪ ਜਾ ਕੇ ਕਰਾਇਆ ਸੀ। ਉਹ ਕਹਿਣ ਕੁਝ ਨੁਕਸ ਰਹਿ ਗਏ ਹਨ। ਆਖਰ ਵਸੀਕੇ ਰਾਹੀਂ ਪੰਦਰਾਂ ਸੌ ਵਿਚ ਮੁਕ ਮੁਕਾ ਹੋਇਆ। ਸਭ ਨੁਕਸ ਦੂਰ ਹੋ ਗਏ। ਜਿਹੜੇ ਬਾਬੂ ਗੱਲ ਨਹੀਂ ਸੀ ਕਰਦੇ, ਕੁਰਸੀ ਤੇ ਬਿਠਾ ਕੇ ਗੱਲ ਕਰਦੇ, ਪੈਸੇ ਵਿਚ ਕਿੰਨੀ ਸ਼ਕਤੀ ਹੈ। ਮੈਂ ਸੋਚਦੀ ਹਾਂ ਮੈਂ ਦਸ ਦਸ ਤੇ ਵੀਹ ਵੀਹ ਰੁਪਏ ਇਕੱਠੇ ਕੀਤੇ ਤੇ ਉਸ ਇਕ ਦਮ ਪੰਦਰਾਂ ਸੌ ਰੁਪਏ ਲੈ ਲਏ।”

ਮੈਂ ਕਿਹਾ, “ਤੁਸੀਂ ਲੇਟ ਨਹੀਂ ਹੋ ਰਹੇ?”

ਉਹ ਕਹਿਣ ਲੱਗੀ, “ਹੁਣ ਤਾਂ ਮੇਰੇ ਪਾਸ ਵਕਤ ਹੀ ਵਕਤ ਹੈ। ਛੁੱਟੀ ਦੀ ਇਤਲਾਹ ਦੇਣੀ ਸੀ ਜੋ ਵਕਤ ਸਿਰ ਦੇ ਦਿੱਤੀ, ਤੁਹਾਡੇ ਇਸ ਸਰਕਾਰੀ ਟੈਲੀਫੋਨ ਰਾਹੀਂ। ਘਰ ਮੈਨੂੰ ਕਿਸ ਉਡੀਕਣਾ ਹੈ? ਇਕੱਲੀ ਜਾਨ ਹਾਂ। ਆਪੇ ਪਕਾਇਆ ਤੇ ਆਪੇ ਹੀ ਖਾ ਲਿਆ।”

ਮੈਂ ਝਕਦੇ ਝਕਦੇ ਪੁੱਛ ਲਿਆ, “ਸਰਦਾਰ ਜੀ ਕੀ ਕਰਦੇ ਹਨ?”

ਉਹ ਉਦਾਸ ਜਿਹੀ ਹੋ ਗਈ ਤੇ ਕਹਿਣ ਲੱਗੀ, “ਤੁਸੀਂ ਸਮਝੋ ਮੇਰੇ ਵੱਲੋਂ ਰੱਬ ਨੂੰ ਪਿਆਰੇ ਹੋ ਗਏ ਹਨ। ਅੱਜ ਤੀਹ-ਪੈਂਤੀ ਵਰ੍ਹੇ ਹੋ ਗਏ ਉਹਨਾਂ ਨੂੰ ਮੈਥੋਂ ਵੱਖ ਹੋਏ ਨੂੰ।” ਮੈਂ ਕਿਹਾ, “ਮੈਨੂੰ ਨਿੱਜੀ ਸਵਾਲ ਪੁੱਛਣਾ ਨਹੀਂ ਸੀ ਚਾਹੀਦਾ। ਤੁਹਾਨੂੰ ਪੁਰਾਣੀ ਯਾਦ ਤਾਜ਼ਾ ਕਰਾ ਦਿੱਤੀ।”

ਉਹ ਕਹਿਣ ਲੱਗੀ, “ਗੱਲ ਜ਼ਰਾ ਲੰਮੀ ਹੈ, ਫੇਰ ਕਿਤੇ ਸਾਂਝੀ ਕਰਾਂਗੇ ਤੁਹਾਡੇ ਨਾਲ।””

ਮੈਂ ਘੰਟੀ ਵਜਾ ਕੇ ਸੇਵਾਦਾਰ ਨੂੰ ਦੋ ਪਿਆਲੇ ਚਾਹ ਲਿਆਉਣ ਲਈ ਕਿਹਾ। ਉਸ ਕਿਹਾ, “ਮੈਂ ਚਾਹ ਦੀ ਤਾਂ ਬਹੁਤ ਸ਼ੌਕੀਨ ਹਾਂ। ਸਾਡੀ ਨੌਕਰੀ ਹੀ ਅਜਿਹੀ ਹੈ ਪਰ ਹੁਣ ਤੁਸੀਂ ਰਹਿਣ ਦਿਉ। ਮੈਂ ਹੁਣੇ ਹੀ ਤਾਂ ਘਰੋਂ ਪੀ ਕੇ ਆਈ ਹਾਂ।””

ਮੈਨੂੰ ਉਹ ਗੱਲਾਂ ਦੀ ਗਲਾਦੜ ਲੱਗੀ। ਤੇ ਮੈਨੂੰ ਵੀ ਗੱਲਾਂ ਸੁਣਨ ਤੇ ਗੱਲਾਂ ਕਰਨ ਵਿਚ ਸਵਾਦ ਜਿਹਾ ਆਉਂਦਾ ਹੈ। ਮੈਂ ਉਸ ਨੂੰ ਕਿਹਾ, “ਤੁਸੀਂ ਕੁਝ ਕਹਿਣ ਲੱਗੇ ਸੀ?”

ਉ ਬੋਲੀ, “ਹੁਣ ਪੁਰਾਣੀਆਂ ਗੱਲਾਂ ਵਿਚ ਰਹਿ ਕੀ ਗਿਆ ਹੈ? ਮੈਂ ਅਜੇ ਦਸਵੀਂ ਪਾਸ ਹੀ ਕੀਤੀ ਸੀ ਕਿ ਮੈਨੂੰ ਰੇਲਵੇ ਵਿਚ ਟਿਕਟ ਚੈੱਕਰ ਦੀ ਨੌਕਰੀ ਸਪੋਰਟਸ ਕੋਟੇ ਵਿਚ ਮਿਲ ਗਈ। ਮੈਂ ਉੱਚੀ ਲੰਮੀ ਹੋਣ ਕਰਕੇ ਬਾਸਕਟਬਾਲ ਚੰਗਾ ਖੇਡ ਲੈਂਦੀ ਸੀ। ਉਹਨਾਂ ਸਮਿਆਂ ਵਿਚ ਇਸ ਸਾਰੇ ਡਵੀਜ਼ਨ ਵਿਚ ਮੈਂ ਇਕੋ ਇਕ ਲੇਡੀ ਟਿਕਟ ਚੈੱਕਰ ਸਾਂ। ਲੋਕੀਂ ਬਹੁਤ ਹੈਰਾਨ ਹੁੰਦੇ ਮੈਨੂੰ ਦੇਖ ਕੇ। ਚਿੱਟੀ ਵਰਦੀ ਪਾਈ, ਟਿਕਟਾਂ ਚੈੱਕ ਕਰਦੀ ਕਰਦੀ ਮੈਂ ਆਪਣੇ ਕੰਮ ਵਿਚ ਪਰਪੱਕ ਹੋ ਗਈ। … ਮੈਂ ਦਿੱਲੀ ਇਕ ਖੇਡ ਮੇਲੇ ਵਿਚ ਖੇਡਣ ਗਈ। ਦਸਾਂ ਦਿਨਾਂ ਦਾ ਪ੍ਰੋਗਰਾਮ ਸੀ। ਉੱਥੇ ਮੇਰੀ ਪਹਿਚਾਣ ਇਕ ਫੁਟਬਾਲ ਦੇ ਖਿਡਾਰੀ ਨਾਲ ਹੋਈ ਜੋ ਦਿੱਲੀ ਸਟੇਸ਼ਨ ਵਿਚ ਬੁਕਿੰਗ ਕਲਰਕ ਸੀ। ਇਨ੍ਹਾਂ ਅੱਠਾਂ ਦਸਾਂ ਦਿਨਾਂ ਵਿਚ ਉਸ ਮੇਰੇ ਤੇ ਅਜਿਹਾ ਪ੍ਰਭਾਵ ਪਾਇਆ ਕਿ ਮੈਂ ਉਸ ਨਾਲ ਵਿਆਹ ਲਈ ਰਾਜ਼ੀ ਹੋ ਗਈ। ਸਾਡਾ ਵਿਆਹ ਹੋ ਗਿਆ। ਘਰਦਿਆਂ ਦੀ ਪ੍ਰਵਾਨਗੀ ਬਿਨਾਂ। ਮੈਂ ਆਪਣੀ ਡਿਊਟੀ ਦਿੱਲੀ ਵੱਲ ਲਵਾ ਲਈ ਤੇ ਹਫਤੇ ਦਸੀਂ ਦਿਨੀਂ ਦਿੱਲੀ ਪਹੁੰਚ ਜਾਂਦੀ। ਮੈਨੂੰ ਭਿਣਕ ਪਈ ਕਿ ਇਹ ਸਰਦਾਰ ਜੀ ਸੱਚਮੁੱਚ ਹੀ ਖਿਡਾਰੀ ਹਨ ਨਿੱਤ ਨਵਾਂ ਸਾਥ ਲੱਭਣ ਵਿਚ। ਮੈਂ ਵੀ ਟਿਕਟ ਚੈੱਕਰ ਸਾਂ। ਮੈਂ ਇਕ ਦੋ ਵਾਰੀਂ ਅਚਨਚੇਤ ਛਾਪੇ ਮਾਰੇ ਤੇ ਰੰਗੇ ਹੱਥੀਂ ਫੜ ਲਿਆ। ਪਰ ਉਹਨਾਂ ਨੂੰ ਮਾਫੀ ਮੰਗਣ ਦਾ ਚੰਗਾ ਅਭਿਆਸ ਸੀ। ਇਕ ਦਿਨ ਨਸ਼ੇ ਦੇ ਲੋਰ ਵਿਚ ਕਹਿ ਗਏ ਕਿ ਉਹਨਾਂ ਦੀ ਤਨਖਾਹ ਭਾਵੇਂ ਛੇ-ਸੱਤ ਸੌ ਰੁਪਏ ਹੈ ਪਰ ਰੋਜ਼ ਦੀ ਕਮਾਈ ਕਿਤੇ ਜ਼ਿਆਦਾ ਹੈ। ਟਿਕਟਾਂ ਲੈਣ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ। ਗੱਡੀ ਵਿਸਲ ਮਾਰ ਰਹੀ ਹੁੰਦੀ ਹੈ, ਹਰ ਇਕ ਨੂੰ ਕਾਹਲ ਹੁੰਦੀ ਹੈ ਗੱਡੀ ਚੜ੍ਹਨ ਦੀ, ਪਰ ਸਾਨੂੰ ਤਾਂ ਕੋਈ ਕਾਹਲ ਨਹੀਂ ਹੁੰਦੀ। ਅਸੀਂ ਕਿਹੜਾ ਗੱਡੀ ਫੜਨੀ ਹੁੰਦੀ ਹੈ। ਕਾਹਲ ਦਾ ਸਾਨੂੰ ਹੀ ਫਾਇਦਾ ਹੁੰਦਾ ਹੈ। ਬਹੁਤੇ ਤਾਂ ਕਾਹਲ ਵਿਚ ਬਕਾਇਆ ਪੈਸੇ ਲੈਣੇ ਭੁੱਲ ਜਾਂਦੇ ਹਨ ਤੇ ਕਈਆਂ ਨੂੰ ਆਪ ਹੀ ਘੱਟ ਮੋੜੀਦਾ ਹੈ। ਗਿਣਨ ਦਾ ਕਿਸ ਪਾਸ ਸਮਾਂ ਹੁੰਦਾ ਹੈ। ਗੱਡੀ ਵਿਚ ਜਾ ਕੇ ਗਿਣਿਆ ਜਾਂ ਨਾ ਗਿਣਿਆ ਇਕ ਬਰਾਬਰ। ਜੇ ਕਦੇ ਉੱਪਰ ਕੋਈ ਸ਼ਿਕਾਇਤ ਕਰ ਵੀ ਦੇਵੇ ਉਹਨਾਂ ਸਾਡਾ ਹੀ ਪੱਖ ਪੂਰਨਾ ਹੁੰਦਾ ਹੈ, ਹਰ ਮਹੀਨੇ ਉਹਨਾਂ ਦਾ ਹਿੱਸਾ ਜੋ ਪਹੁੰਚਦਾ ਰਹਿੰਦਾ ਹੈ। … ਉਸ ਦਿਨ ਤੋਂ ਮੈਨੂੰ ਲੱਗਿਆ ਕਿ ਮੈਂ ਤਾਂ ਸਵਾਰੀਆਂ ਤੋਂ ਮੁੱਕ-ਮੁਕਾ ਕਰਦਿਆਂ ਪੈਸੇ ਖੋਹ ਕੇ ਨਹੀਂ ਲੈਂਦੀ। ਉਹਨਾਂ ਨੂੰ ਕੁਝ ਕੁ ਰਿਆਇਤ ਕਰਦੀ ਹਾਂ ਜਾਂ ਸਮਝੋ ਅੱਖ ਮੀਟ ਲੈਂਦੀ ਹਾਂ ਪਰ ਸਵਾਰੀਆਂ ਦੇ ਪੈਸੇ ਮਾਰਦੀ ਨਹੀਂ। ਮੁੱਕ-ਮੁਕਾ ਅਤੇ ਠੱਗੀ ਵਿਚ ਬਹੁਤ ਫਰਕ ਹੈ। ਠੱਗੀ ਅਪਰਾਧ ਹੈ ਤੇ ਮੁੱਕ ਮੁਕਾ ਸਮਝੌਤਾ ਹੈ, ਦੋਹਾਂ ਧਿਰਾਂ ਵਿਚਾਲੇ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਨਾਲ ਨਫਰਤ ਹੋ ਗਈ, ਉਹਨਾਂ ਤੋਂ ਘਿਣ ਆਉਣੀ ਸ਼ੁਰੂ ਹੋ ਗਈ। … ਮੈਂ ਉਹਨਾਂ ਨੂੰ ਕਿਹਾ ਇਹ ਧੋਖਾਦੇਹੀ ਹੈ। ਤੁਸੀਂ ਮੰਨ ਲਓ ਜੇ ਕਿਤੇ ਤੁਹਾਡੀ ਹੀ ਮਾਂ ਕਿਸੇ ਸਟੇਸ਼ਨ ਤੇ ਟਿਕਟ ਦੀ ਖਿੜਕੀ ਤੇ ਟਿਕਟ ਲੈ ਰਹੀ ਹੋਵੇ ਤੇ ਉਹਨੂੰ ਬਾਬੂ ਬਕਾਇਆ ਨਾ ਮੋੜੇ! ਬਜਾਏ ਮਹਿਸੂਸ ਕਰਨ ਦੇ ਉਹ ਕਹਿਣ ਲੱਗਾ, ਮੇਰੀ ਮਾਂ ਦੀ ਗੱਲ ਛੱਡ, ਉਸ ਟਿਕਟ ਕਾਹਨੂੰ ਲੈਣੀ ਹੈ ਸਾਰਾ ਰੇਲਵੇ ਵਿਭਾਗ ਉਹਦਾ ਆਪਣਾ ਹੀ ਹੈ। ਜਿੱਥੇ ਕਹਿ ਦੇਵੇ ਮੇਰਾ ਲੜਕਾ ਰੇਲਵੇ ਵਿਚ ਬੁਕਿੰਗ ਕਲਰਕ ਹੈ, ਕਿਸ ਟਿਕਟ ਚੈੱਕਰ ਦੀ ਮਜ਼ਾਲ ਹੈ ਪੁੱਛ ਜਾਵੇ? ਜਦੋਂ ਦਾ ਮੈਂ ਰੇਲਵੇ ਵਿਚ ਭਰਤੀ ਹੋਇਆ ਹਾਂ ਸਾਡੇ ਖਾਨਦਾਨ ਵਿਚ ਕਿਸੇ ਕਦੇ ਟਿਕਟ ਨਹੀਂ ਲਈ। ਜੇ ਕੋਈ ਚੈੱਕ ਹੋ ਜਾਵੇ ਬੱਸ ਮੇਰਾ ਨਾਮ ਹੀ ਕਾਫੀ ਹੈ। ਇਸ ਵਾਧੂ ਕਮਾਈ ਨੇ ਉਸ ਨੂੰ ਅਯਾਸ਼ ਬਣਾ ਦਿੱਤਾ। ਲੋਕਾਂ ਨਾਲ ਠੱਗੀ ਹੁੰਦੀ ਸੀ ਤੇ ਠੱਗੀ ਮੇਰੇ ਨਾਲ ਵੀ ਹੋ ਰਹੀ ਸੀ। ਮੈਨੂੰ ਅਜਿਹੇ ਘਟੀਆ ਇਨਸਾਨ ਤੋਂ ਬਿਨਾਂ ਜੀਵਨ ਕੱਟਣਾ ਚੰਗਾ ਮਹਿਸੂਸ ਹੋਣ ਲੱਗ ਪਿਆ। … ਇਕ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ। ਇਸ ਲੜਾਈ ਝਗੜੇ ਵਾਲੇ ਦਿਨਾਂ ਦੌਰਾਨ ਮੇਰੇ ਇਕ ਬੇਟੀ ਹੋਈ ਜੋ ਮੇਰੀ ਮਾਂ ਨੇ ਮੇਰੇ ਤੇ ਤਰਸ ਕਰਕੇ ਪਾਲੀ, ਸਾਡੇ ਦੋਹਾਂ ਪਾਸ ਤਾਂ ਵਕਤ ਨਹੀਂ ਸੀ। ਹੁਣ ਮੈਂ ਉਸ ਪਾਸ ਦਿੱਲੀ ਜਾਣਾ ਛੱਡ ਦਿੱਤਾ ਤੇ ਮਨ ਨੂੰ ਸਮਝਾ ਰਹੀ ਸਾਂ ਕਿ ਇਸ ਨਾਲ ਮੁੱਕ ਮੁਕਾ ਕਰ ਹੀ ਦਿਆਂ। ਉਸਨੂੰ ਵੀ ਹੁਣ ਮੇਰੇ ਵਿਚ ਕੋਈ ਖਿੱਚ ਨਹੀਂ ਸੀ ਰਹੀ। ਅੰਤ ਸਾਡਾ ਦੋਹਾਂ ਦਾ ਸਮਾਜੀ ਤੌਰ ਤੇ ਲਿਖ ਲਿਖਾ ਕੇ ਮੁੱਕ ਮੁਕਾ ਹੋ ਗਿਆ। … ਮੇਰੀ ਲੜਕੀ ਆਪਣੇ ਪਿਉ ਪਾਸ ਰਹੀ ਤਾਂ ਨਹੀਂ ਪਰ ਗਈ ਉਸੇ ’’ਤੇ। ਕਾਲਿਜ ਪੜ੍ਹਦੀ ਪੜ੍ਹਦੀ ਨੇ ਆਪਣੇ ਹੀ ਪ੍ਰੋਫੈਸਰ ਨਾਲ ਬਿਨਾਂ ਕਿਸੇ ਨੂੰ ਪੁੱਛੇ ਵਿਆਹ ਕਰਾ ਲਿਆ। ਪ੍ਰੋਫੈਸਰ ਨੂੰ ਕਾਲਿਜ ਵਾਲਿਆਂ ਨੇ ਨੌਕਰੀ ਤੋਂ ਕੱਢ ਦਿੱਤਾ, ਹੁਣ ਦੋਵੇਂ ਜੀਅ ਬੰਬਈ ਜਾ ਵਸੇ ਹਨ। ਮੈਂ ਕੁਝ ਚਿਰ ਪ੍ਰੇਸ਼ਾਨ ਰਹੀ। ਉਸ ਨਾਲ ਨਰਾਜ਼ ਵੀ ਰਹੀ ਪਰ ਇਹ ਮਮਤਾ ਬਹੁਤ ਮਾੜੀ ਹੁੰਦੀ ਹੈ, ਮੈਂ ਵੀ ਮਮਤਾ ਦੀ ਮਾਰੀ ਨੇ ਗੋਡੇ ਟੇਕ ਦਿੱਤੇ ਤੇ ਉਹਨੂੰ ਬੰਬਈ ਮਿਲਣ ਜਾਂਦੀ ਰਹੀ ਤੇ ਫੇਰ ਮੋਹ ਵਿਚ ਫਸ ਗਈ। ਮੇਰਾ ਇਹ ਮਕਾਨ ਵੀ ਇਨ੍ਹਾਂ ਨੇ ਹੀ ਵਿਕਾਇਆ ਹੈ ਤੇ ਢੰਗ ਢੰਗ ਨਾਲ ਸਾਰੇ ਪੈਸੇ ਮੈਥੋਂ ਲੈ ਗਏ ਹਨ ਆਪਣੀਆਂ ਮਜਬੂਰੀਆਂ ਦਸ ਕੇ। ਮੈਂ ਫੇਰ ਠੱਗੀ ਗਈ ਆਪਣਿਆਂ ਹੱਥੋਂ। …” ਉਸ ਮੈਨੂੰ ਚੇਤੇ ਕਰਾਇਆ, “ਤੁਹਾਨੂੰ ਹੈਡਕੁਆਟਰ ਤੋਂ ਟੈਲੀਫੋਨ ਆਉਣ ਵਾਲਾ ਸੀ, ਜਿਸਦੀ ਤੁਸੀਂ ਉਡੀਕ ਕਰ ਰਹੇ ਸੀ।”

ਮੈਂ ਜਵਾਬ ਦਿੱਤਾ, “ਟੈਲੀਫੋਨ ਤਾਂ ਕੋਈ ਆਉਣ ਵਾਲਾ ਨਹੀਂ ਸੀ, ਮੈਂ ਸੁਭਾਵਿਕ ਕਹਿ ਦਿੱਤਾ ਸੀ ਕਿਉਂ ਜੋ ਮੈਨੂੰ ਡਰ ਲਗਦਾ ਹੈ, ਇਕ ਵੇਰਾਂ ਤੀਵੀਂਆਂ ਦੇ ਹੱਥ ਟੈਲੀਫੋਨ ਲੱਗ ਜਾਵੇ, ਫੇਰ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ। ਇਸੇ ਲਈ ਤੁਹਾਨੂੰ ਕਹਿ ਦਿੱਤਾ ਸੀ, ਗੱਲ ਸੰਖੇਪ ਕਰਨਾ।”

ਉਹ ਬੋਲੀ, “ਤੁਹਾਡਾ ਤਜਰਬਾ ਤੀਵੀਂਆਂ ਬਾਰੇ ਠੀਕ ਹੈ। ਹੁਣ ਮੇਰੇ ਵੱਲ ਹੀ ਤੱਕੋ ਜੇ ਮੈਂ ਟੈਲੀਫੋਨ ਜਲਦੀ ਛੱਡ ਦਿੱਤਾ, ਤੁਹਾਥੋਂ ਡਰਦੇ ਮਾਰੇ ਪਰ ਕਿੰਨੀਆਂ ਗੱਲਾਂ ਕਰ ਗਈ, ਇਕੋ ਸਾਹ ਜਿਵੇਂ ਤੁਸੀਂ ਮੇਰੇ ਚਿਰਾਂ ਦੇ ਜਾਣਕਾਰ ਹੋ।”” ਮੈਂ ਬੋਲਿਆ, “ਤੁਸੀਂ ਕੋਈ ਵਾਧੂ ਗੱਲ ਨਹੀਂ ਕੀਤੀ। ਮਨ ਵਿਚ ਬੋਝ ਰੱਖਣਾ ਨਹੀਂ ਚਾਹੀਦਾ, ਨਹੀਂ ਤਾਂ ਕਈ ਰੋਗ ਲੱਗ ਜਾਂਦੇ ਹਨ। ਇਸ ਤਰ੍ਹਾਂ ਗੱਲ ਸਾਂਝੀ ਕਰਨ ਨਾਲ ਦਿਲ ਹਲਕਾ ਹੋ ਜਾਂਦਾ ਹੈ।”

ਮੈਂ ਚਪੜਾਸੀ ਨੂੰ ਇਸ਼ਾਰਾ ਕਰਕੇ ਹੋਰ ਚਾਹ ਲਿਆਉਣ ਲਈ ਕਿਹਾ। ਉਹ ਮੇਰਾ ਇਸ਼ਾਰਾ ਭਾਂਪ ਗਈ, ਟਿਕਟ ਚੈਕਰ ਜੋ ਸੀ ਤੇ ਕਹਿਣ ਲੱਗੀ, “ਜੇ ਫੇਰ ਚਾਹ ਪੀਣ ਬਹਿ ਗਈ ਤਾਂ ਹੋਰ ਗੱਲਾਂ ਹੋ ਜਾਣਗੀਆਂ, ਮੈਂ ਚੱਲਦੀ ਹਾਂ।”

ਇੰਨੇ ਨੂੰ ਚਾਹ ਦੇ ਪਿਆਲੇ ਸਾਹਮਣੇ ਆ ਗਏ। ਚਾਹ ਦਾ ਘੁੱਟ ਭਰਦਿਆਂ ਹੀ ਸ਼ੁਰੂ ਹੋ ਗਈ, “ਸ਼ੁਰੂ ਸ਼ੁਰੂ ਵਿਚ ਮੈਂ ਬਹੁਤ ਸਖਤ ਸੀ। ਅਸੂਲਾਂ ਦੀ ਪੱਕੀ ਸੀ। ਸਟੇਸ਼ਨ ਤੇ ਜਾਂ ਤਾਂ ਚਾਹ ਪੀਂਦੀ ਹੀ ਨਹੀਂ ਸੀ, ਜੇ ਪੀ ਲਵਾਂ ਤਾਂ ਪੈਸੇ ਦਿੱਤੇ ਬਿਨਾਂ ਨਾ ਪੀਂਦੀ। ਅਜੇ ਮੈਂ ਮੁੱਕ ਮੁਕਾ ਦਾ ਭੇਦ ਨਹੀਂ ਸੀ ਪਾਇਆ ਜਾਂ ਕਹਿ ਲਵੋ ਉੱਪਰਲੀ ਕਮਾਈ ਦੀ ਲੱਤ ਨਹੀਂ ਸੀ ਲੱਗੀ। ਹੁਣ ਜਦ ਰਾਤ ਭਰ ਉਹ ਸਾਰੇ ਕਿੱਸੇ ਚੇਤੇ ਆਉਂਦੇ ਹਨ, ਮੈਂ ਡਰ ਜਾਂਦੀ ਹਾਂ। ਨੀਂਦ ਹਰਾਮ ਹੋ ਜਾਂਦੀ ਹੈ। ਮੈਂ ਬੇਟਿਕਟਿਆਂ ਨੂੰ ਅੱਧੀ ਰਾਤ ਗਏ ਭਰ ਸਰਦੀ ਵਿਚ ਜਾਂ ਵਰ੍ਹਦੇ ਮੀਂਹ ਵਿਚ ਗੱਡੀਆਂ ਵਿਚੋਂ ਉਤਾਰ ਦੇਂਦੀ। ਮੰਗਤਿਆਂ, ਸਾਧੂ ਸੰਤਾਂ ਨੇ ਮੈਨੂੰ ਦੇਖ ਡੱਬਾ ਬਦਲ ਬਦਲ ਕੇ ਸਫਰ ਕਰਨਾ। ਇਕ ਵੇਰੀਂ ਦੋ ਨਿਹੰਗ ਬੇਟਿਕਟੇ ਸਨ। ਮੈਂ ਕਿਹਾ, ਟਿਕਟ ਕਟਾਉ। ਉਹਨਾਂ ਵਿੱਚੋਂ ਇਕ ਨੇ ਤਲਵਾਰ ਨੂੰ ਹੱਥ ਪਾਇਆ ਤੇ ਕਹਿਣ ਲੱਗਾ, ਧੁਰ ਦੀ ਟਿਕਟ ਕੱਟ ਦੇਂਦੇ ਹਾਂ ਤੇਰੀ ਤਾਂ।” ਮੈਂ ਡਰਦੀ ਮਾਰੀ ਡੱਬਾ ਬਦਲ ਗਈ। ਮੁੜ ਜਦੋਂ ਵੀ ਨਿਹੰਗ ਮਿਲਣ, ਮੈਂ ਉਹਨਾਂ ਦੀ ਟਿਕਟ ਕਦੇ ਨਹੀਂ ਪੁੱਛੀ। ਹੁਣ ਇਸੇ ਮਹੀਨੇ ਮੈਂ ਰੀਟਾਇਰ ਹੋ ਜਾਣਾ ਹੈ। ਜਿਹੜਾ ਮਕਾਨ ਮੈਂ ਵੇਚਿਆ ਹੈ, ਉਸ ਵਿਚ ਕਮਰਾ, ਰਸੋਈ ਆਪਣੇ ਪਾਸ ਰੱਖਿਆ ਹੈ ਰਿਟਾਇਰ ਹੋਣ ਤੱਕ। ਉਹ ਵੀ ਮੈਨੂੰ ਖਾਲੀ ਕਰਨਾ ਪੈਣਾ ਹੈ। ਟਿਕਾਣਾ ਮੇਰਾ ਕੋਈ ਹੈ ਨਹੀਂ। ਰਾਤ ਨੂੰ ਸੁਪਨੇ ਡਰਾਉਣੇ ਆਉਂਦੇ ਹਨ। ਸੁਪਨੇ ਵਿਚ ਮੈਂ ਪਲੇਟ ਫਾਰਮ ਤੇ ਚੱਕਰ ਲਾਉਂਦੀ ਰਹਿੰਦੀ ਹਾਂ। … ਮੈਨੂੰ ਆਪਣੇ ਵਤੀਰੇ ‘ਤੇ ਹੁਣ ਸ਼ਰਮ ਵੀ ਆਉਂਦੀ ਹੈ ਤੇ ਭੈਅ ਵੀ। ਤੁਸੀਂ ਪਲੇਟ ਫਾਰਮ ਤੇ ਇਕ ਪਤਲੇ ਜਿਹੇ ਸਰਦਾਰ ਨੂੰ ਟਿਕਟ ਚੈੱਕਰ ਦੀ ਵਰਦੀ ਵਿਚ ਚੱਕਰ ਲਗਾਉਂਦੇ ਦੇਖਿਆ ਹੋਣਾ ਹੈ। ਹੁਣ ਤਾਂ ਉਸਦੀ ਵਰਦੀ ਵੀ ਘਸ ਗਈ ਹੈ ਪਰ ਉਹ ਨੇਮ ਨਾਲ ਹਰ ਸਵੇਰ ਸਟੇਸ਼ਨ ਤੇ ਪਹੁੰਚ ਜਾਂਦਾ ਹੈ ਤੇ ਸਮਝਦਾ ਹੈ ਉਹ ਅਜੇ ਡਿਊਟੀ ਤੇ ਹੈ। ਰਾਤ ਗਏ ਉਸਦਾ ਮੁੰਡਾ ਉਸ ਨੂੰ ਆਪਣੇ ਸਾਈਕਲ ਪਿੱਛੇ ਬਿਠਾ ਕੇ ਘਰ ਲੈ ਜਾਂਦਾ ਹੈ ਤੇ ਅਗਲੀ ਸਵੇਰ ਫੇਰ ਉਹ ਪਲੇਟਫਾਰਮ ਤੇ ਪਹੁੰਚ ਜਾਂਦਾ ਹੈ। ਮੇਰੀ ਵੀ ਇਹੋ ਹਾਲਤ, ਮੈਨੂੰ ਨਜ਼ਰ ਆ ਰਹੀ ਹੈ। ਮੇਰਾ ਨਾ ਕੋਈ ਘਰ ਹੈ ਨਾ ਟਿਕਾਣਾ ਹੈ। ਮੈਂ ਠੱਗੀ ਮਾਰਦੀ ਮਾਰਦੀ ਆਪ ਠੱਗੀ ਗਈ। ਲੋਕਾਂ ਦੀਆਂ ਟਿਕਟਾਂ ਚੈੱਕ ਕਰਦੀ ਕਰਦੀ ਆਪਣੀ ਟਿਕਟ ਗਵਾ ਬੈਠੀ। ਤੁਸੀਂ ਦੇਖਿਆ ਹੋਣਾ ਹੈ, ਬੇਟਿਕਟੇ ਕਿਵੇਂ ਅੰਦਰੋਂ ਡਰੇ ਡਰੇ ਤੇ ਅਣਸੁਰਖਿਅਤ ਮਹਿਸੂਸ ਕਰਦੇ ਹਨ। ਮੈਂ ਵੀ ਹੁਣ ਵਿਦਾਊਟ ਟਿਕਟ ਹੋ ਗਈ ਹਾਂ। ਮੇਰਾ ਤੇ ਕੋਈ ਮੁੰਡਾ ਵੀ ਨਹੀਂ ਜੋ ਸਾਈਕਲ ਤੇ ਬਿਠਾ ਕੇ ਮੈਨੂੰ ਰਾਤ ਨੂੰ ਘਰ ਲੈ ਆਵੇਗਾ।” …”

ਇਹ ਕਹਿੰਦੀ ਕਹਿੰਦੀ ਉਹ ਰੋ ਪਈ ਤੇ ਕਹਿਣ ਲੱਗੀ, “ਥੋੜ੍ਹੇ ਦਿਨਾਂ ਦੀ ਗੱਲ ਹੀ ਰਹਿ ਗਈ ਹੈ, ਤੁਸੀਂ ਮੈਨੂੰ ਇੱਦਾਂ ਹੀ ਦੇਖੋਗੇ ਜੇ ਕਦੇ ਸਟੇਸ਼ਨ ਤੇ ਆਏ ਤਾਂ।”

ਮੈਂ ਉਸਨੂੰ ਧੀਰਜ ਦਿੱਤਾ, “ਮਨੁੱਖ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ।”

ਉਸਨੇ ਇੰਨਾ ਹੀ ਕਿਹਾ, “ਗੱਲਾਂ ਕਰਨੀਆਂ ਸੁਖਾਲੀਆਂ ਹਨ। ਜਿਸ ਦੀ ਟਿਕਟ ਗਵਾਚ ਜਾਵੇ, ਉਹ ਕੀ ਕਰੇ?”

ਤੇ ਉਹ ਉੱਠ ਕੇ ਤੁਰ ਪਈ। ਹੁਣ ਉਸ ਵਿਚ ਨਾ ਉਹ ਦਮ ਸੀ ਤੇ ਨਾ ਹੀ ਕਾਹਲ।
 
Top