ਕੰਬਲ ਪਾਏ ਪੁਆੜੇ

ਐਤਵਾਰ ਛੁੱਟੀ ਵਾਲਾ ਦਿਨ ਸੀ। ਮੈਂ ਆਪਣੀ ਕਲੋਨੀ, ਜਿਥੇ ਵੱਖ ਵੱਖ ਮਹਿਕਮਿਆਂ ਦੇ ਅਫਸਰ ਰਹਿ ਰਹੇ ਸਨ, ਵਿਚ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿਸੇ ਨਿੱਜੀ ਕੰਮ ਖਾਤਰ ਮਿਲਣ ਘਰੋਂ ਨਿਕਲਿਆ। ਜਦ ਰਾਹ ਵਿਚ ਪੈਂਦੀ ਬਸਰਾ ਸਾਹਿਬ ਦੀ ਕੋਠੀ ਅੱਗੋਂ ਲੰਘਿਆ ਤਾਂ ਉਹਨਾਂ ਰੁਕ ਜਾਣ ਲਈ ਕਿਹਾ। ਬਸਰਾ ਸਾਹਿਬ ਪ੍ਰੋਫੈਸਰ ਸਨ, ਮਿੱਠ ਬੋਲੜੇ ਤੇ ਖੁੱਲ੍ਹੇ ਸੁਭਾ ਦੇ। ਉਹ ਆਮ ਤੌਰ ‘ਤੇ ਆਪਣੇ ਘਰ ਦੇ ਬਾਹਰ ਹੀ ਇਕ ਛੋਟੇ ਜਿਹੇ ਪਾਰਕ ਵਿਚ ਬੈਠੇ ਮਿਲ ਜਾਂਦੇ। ਹਰ ਆਉਂਦੇ ਜਾਂਦੇ ਦੀ ਖਬਰ ਸਾਰ ਲੈਂਦੇ। ਮੈਨੂੰ ਦੂਰੋਂ ਦੇਖ ਉਹਨਾਂ ਨੂੰ ਚਾਉ ਚੜ੍ਹ ਗਿਆ ਤੇ ਕਹਿਣ ਲੱਗੇ, “ਅੱਜ ਕਿੱਦਾਂ ਰਸਤਾ ਭੁੱਲ ਗਿਆ? ਆਉ, ਅੰਦਰ ਲੰਘ ਆਉ। ਚਾਹ ਦਾ ਪਿਆਲਾ ਇਕੱਠੇ ਬੈਠ ਕੇ ਪੀਂਦੇ ਹਾਂ।””
ਮੈਂ ਬੋਲਿਆ, “ਧੰਨਵਾਦ, ਮੈਂ ਕਿਸੇ ਕੰਮ ਜਾ ਰਿਹਾ ਹਾਂ। ਮੈਂ ਡੀ.ਈ.ਓ. ਸਾਹਿਬ ਨੂੰ ਮਿਲਣ ਜਾਣਾ ਹੈ, ਵਾਪਸੀ ਤੇ ਤੁਹਾਨੂੰ ਮਿਲ ਕੇ ਹੀ ਜਾਵਾਂਗਾ, ਮੇਰਾ ਵਾਇਦਾ ਰਿਹਾ।””
ਬਸਰਾ ਸਾਹਿਬ ਕਹਿਣ ਲੱਗੇ, “ਅੱਜ ਐਤਵਾਰ ਹੈ। ਸਿੱਖਿਆ ਵਿਭਾਗ ਕਿੱਡਾ ਵੱਡਾ ਹੈ। ਉਹਨਾਂ ਤਕ ਤਾਂ ਹੈਡਮਾਸਟਰਾਂ, ਸਕੂਲ ਦੇ ਪ੍ਰਿੰਸੀਪਲਾਂ ਤੇ ਟੀਚਰਜ਼ ਨੂੰ ਕੰਮ ਹੋਣੇ ਹਨ। ਉੱਥੇ ਤੇ ਲਾਈਨ ਲੱਗੀ ਹੋਣੀ ਹੈ। ਮਹਿਕਮਾ ਵੱਡਾ ਹੈ, ਹੇਠ ਕੰਮ ਕਰ ਰਿਹਾਂ ਦੀ ਗਿਣਤੀ ਦੇ ਹਿਸਾਬ ਨਾਲ ਸਰਕਾਰ ਵੱਲੋਂ ਅਫਸਰਾਂ ਨੂੰ ਦਿੱਤੇ ਘਰ ਛੋਟੇ ਹਨ। ਪਿਛਲੇ ਐਤਵਾਰ ਤਾਂ ਉਹਨਾਂ ਦੇ ਘਰ ਦੇ ਬਾਹਰ ਮੇਲਾ ਹੀ ਲੱਗਾ ਹੋਇਆ ਸੀ। ਹੁਣ ਕੀ ਹਾਲ ਹੈ, ਮੈਂ ਅਜੇ ਉੱਧਰ ਝਾਤੀ ਨਹੀਂ ਮਾਰੀ। ਜਿਹੜੇ ਮਾਸਟਰ ਤੇ ਹੈਡਮਾਸਟਰ ਰੋਜ਼ ਬੱਚਿਆਂ ਦੀ ਹਾਜ਼ਰੀ ਲਾਂਦੇ ਹਨ, ਛੁੱਟੀ ਵਾਲੇ ਦਿਨ ਡੀ.ਈ.ਓ. ਸਾਹਿਬ ਨੂੰ ਹਾਜ਼ਰੀ ਲਾਉਣੀ ਨਹੀਂ ਭੁਲਦੇ। ਚਲੋ ਛੱਡੋ, ਪਹਿਲਾਂ ਅੰਦਰ ਲੰਘ ਆਉ, ਚਾਹ ਦਾ ਪਿਆਲਾ ਇਕੱਠੇ ਬੈਠ ਕੇ ਪੀਂਦੇ ਹਾਂ।”
ਬਸਰਾ ਸਾਹਿਬ ਬੜੇ ਪਿਆਰ ਤੇ ਸਤਿਕਾਰ ਨਾਲ ਮੇਰੀ ਬਾਂਹ ਫੜ ਕੇ ਅੰਦਰ ਲੈ ਗਏ। ਮੈਂ ਰੁਕ ਨਾ ਸਕਿਆ। ਪਿਆਰ ਦੀ ਸ਼ਕਤੀ ਹੀ ਕੁਝ ਅਜਿਹੀ ਹੈ, ਮੈਂ ਸਭ ਭੁੱਲ ਗਿਆ। ਉਹਨਾਂ ਕੁਰਸੀ ਮੇਰੇ ਅੱਗੇ ਕੀਤੀ ਤੇ ਅੰਦਰ ਵੱਲ ਆਵਾਜ਼ ਮਾਰੀ, “ਮੈਡਮ, ਜ਼ਰਾ ਬਾਹਰ ਤਾਂ ਤੱਕੋ ਕੌਣ ਆਇਆ ਹੈ, ਨਾਲੇ ਚਾਹ ਦਾ ਪਿਆਲਾ ਫੜੀ ਆਉਣਾ।””
ਮੈਂ ਕਿਹਾ, “ਬਸਰਾ ਸਾਹਿਬ, ਚਾਹ ਦੀ ਲੋੜ ਨਹੀਂ। ਮੈਂ ਹੁਣ ਤਾਂ ਘਰੋਂ ਪੀ ਕੇ ਆਇਆ ਹਾਂ।””
ਅੱਗੋਂ ਉਹ ਕਹਿਣ ਲੱਗੇ, “ਪਰ ਮੈਨੂੰ ਤਾਂ ਲੋੜ ਹੈ। ਤੁਹਾਡੇ ਨਾਲ ਬੈਠ ਕੇ ਚਾਹ ਪੀਆਂਗੇ।”
ਵਿੱਚੋਂ ਹੀ ਮੈਂ ਬੋਲ ਪਿਆ, “ਪਰ ਚਾਹ ਦੇ ਪਿਆਲਾ ਤਾਂ ਤੁਸੀਂ ਇਕੋ ਦਾ ਆਰਡਰ ਕੀਤਾ ਹੈ।””
ਬਸਰਾ ਸਾਹਿਬ ਨੇ ਕਿਹਾ, “ਜੀ ਆਰਡਰ ਮੈਂ ਕੀ ਦੇਣਾ ਹੈ, ਮੇਰੀ ਆਵਾਜ਼ ਜ਼ਰਾ ਉੱਚੀ ਹੈ। ਜੇ ਬੇਨਤੀ ਵੀ ਕਰਾਂ ਤਾਂ ਦੂਜੇ ਨੂੰ ਹੁਕਮ ਵਰਗੀ ਲੱਗਦੀ ਹੈ। ਮੇਰੀ ਮੈਡਮ ਦੇਖਣਾ ਦੋਹਾਂ ਹੱਥਾਂ ਵਿਚ ਪਿਆਲੇ ਫੜੀ ਆਵੇਗੀ ਤੇ ਦੂਜੇ ਫੇਰੇ ਖਾਣ ਵਾਸਤੇ ਵੀ ਲਿਆਵੇਗੀ ਜੋ ਕੁਝ ਘਰ ਹੋਇਆ।”
ਇੰਨੇ ਨੂੰ ਸੱਚਮੁੱਚ ਮੈਡਮ ਬਸਰਾ, ਇਕ ਛੋਟੀ ਜਿਹੀ ਟਰਾਲੀ ਰੇੜ੍ਹਦੀ ਹੋਈ ਆਈ, ਜਿਸ ਵਿਚ ਚਾਹ ਦੀ ਕੇਤਲੀ, ਚਾਰ ਪੰਜ ਖਾਲੀ ਕੱਪ ਤੇ ਤਿੰਨ ਚਾਰ ਪਲੇਟਾਂ ਵਿਚ ਕਈ ਕੁਝ ਪਰੋਸਿਆ ਹੋਇਆ ਸੀ।
ਮੈਡਮ ਨੇ ਸਤਿਕਾਰ ਤੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਤੇ ਗਿਲਾ ਕੀਤਾ, “ਇੰਨਾ ਨੇੜੇ ਰਹਿੰਦੇ ਹੋਏ ਵੀ ਕਦੀ ਸਾਡੀ ਖਬਰ ਸਾਰ ਲੈਣੀ ਤੁਸੀਂ ਜ਼ਰੂਰੀ ਨਹੀਂ ਸਮਝੀ।””
ਉਸ ਇਕ ਕੁਰਸੀ ਨੇੜੇ ਖਿਸਕਾ ਕੇ ਚਾਹ ਬਣਾਣੀ ਸ਼ੁਰੂ ਕੀਤੀ ਤੇ ਪੁੱਛਿਆ, “ਖੰਡ ਕਿੰਨੀ ਲਵੋਗੋ?”
ਚਾਹ ਦਾ ਘੁੱਟ ਭਰਦਿਆਂ ਮੈਂ ਕਿਹਾ, “ਬਸਰਾ ਸਾਹਿਬ, ਚੰਗੇ ਭਾਗਾਂ ਵਾਲੇ ਹੋ। ਰੱਬ ਕਰੇ ਤੁਹਾਡਾ ਇਹ ਪਿਆਰ ਬਣਿਆ ਰਹੇ।”
ਅੱਗੋਂ ਬਸਰਾ ਸਾਹਿਬ ਨੇ ਕਿਹਾ, “ਤੁਹਾਡੀ ਗੱਲ ਠੀਕ ਹੈ“ ਸਾਡਾ ਫੈਸਲਾ ਅੱਜ ਕਰਕੇ ਹੀ ਜਾਣਾ। ਮੈਂ ਇਸ ਨੂੰ ਕਹਿਨਾ ਵਾਂ ਕੇ ਮੈਂ ਚੰਗੇ ਭਾਗਾਂ ਵਾਲਾ ਹਾਂ ਜੋ ਤੇਰਾ ਸਾਥ ਮਿਲਿਆ, ਪਰ ਇਹ ਕਹਿੰਦੀ ਹੈ ਮੈਂ ਵਧੇਰੇ ਭਾਗਾਂ ਵਾਲੀ ਹਾਂ, ਤੁਹਾਡਾ ਸਾਥ ਪਾ ਕੇ।””
ਬਸਰਾ ਸਾਹਿਬ ਕੁਝ ਰੁਕ ਕੇ ਬੋਲੇ, “ਤੁਸੀਂ ਆਪਣਾ ਫੈਸਲਾ ਨਹੀਂ ਸੁਣਾਇਆ?”
ਮੈਂ ਕਿਹਾ, “ਤੁਸੀਂ ਦੋਵੇਂ ਚੰਗੇ ਭਾਗਾਂ ਵਾਲੇ ਹੋ। ਰੱਬ ਕਰੇ ਨਜ਼ਰ ਨਾ ਲੱਗੇ।””
ਉਹ ਅੱਗੋਂ ਪਰਤ ਕੇ ਬੋਲੇ, “ਇਹ ਕੋਈ ਫੈਸਲਾ ਹੈ? ਇਹੋ ਜਿਹਾ ਫੈਸਲਾ ਤਾਂ ਅਸੀਂ ਕਈ ਵਾਰੀ ਸੁਣ ਚੁੱਕੇ ਹਾਂ। ਮੈਨੂੰ ਫੈਸਲਾ ਸਪਸ਼ਟ ਚਾਹੀਦਾ ਹੈ। ਜੇ ਤੁਸੀਂ ਕਿਤੇ ਜੱਜ ਲੱਗੇ ਹੁੰਦੇ ਤਾਂ ਤੁਸੀਂ ਦੋਵੇਂ ਧਿਰਾਂ ਬਰੀ ਕਰ ਦੇਣੀਆਂ ਸਨ। ਫੈਸਲਾ ਉਹ ਜੋ ਕਿਸੇ ਇਕ ਧਿਰ ਦੇ ਹੱਕ ਵਿਚ ਹੋਵੇ ਤੇ ਦੂਜੀ ਧਿਰ ਦੇ ਉਲਟ। … ਚਲੋ ਛੱਡੋ, ਇਹ ਫੈਸਲਾ ਅਸੀਂ ਕਚਹਿਰੀ ਵਾਂਗ ਅਗਲੀ ਪੇਸ਼ੀ ਤੇ ਪਾ ਦੇਂਦੇ ਹਾਂ। ਕੋਈ ਨਾ ਕੋਈ ਤਾਂ ਸਾਨੂੰ ਟੱਕਰੇਗਾ ਜੋ ਸਾਫ ਸਾਫ ਫੈਸਲਾ ਕਰ ਦੇਵੇਗਾ। ਫੈਸਲਾ ਹੋਣਾ ਤਾਂ ਮੇਰੇ ਹੱਕ ਵਿਚ ਹੀ ਹੈ ਜਿੰਨੀਆਂ ਮਰਜ਼ੀ ਪੇਸ਼ੀਆਂ ਪੈ ਜਾਣ।””
ਮੈਂ ਕਿਹਾ, “ਤੁਹਾਡੀ ਇਸ ਲਾਈਨ ਵਿਚ, ਘੱਟੋ ਘੱਟ ਪੰਜ ਸੱਤ ਜੱਜ ਰਹਿੰਦੇ ਹਨ ਉਹਨਾਂ ਅੱਗੇ ਆਪਣਾ ਕੇਸ ਰੱਖ ਕੇ ਵੇਖ ਲੈਣਾ, ਜੇ ਮੇਰੇ ਆਲਾ ਫੈਸਲਾ ਠੀਕ ਨਹੀਂ ਲੱਗਾ।””
ਇਨ੍ਹਾਂ ਜੱਜਾਂ ਦੀ ਭਲੀ ਪੁੱਛੋ, ਪਿਛਲੇ ਹਫਤੇ ਦੀਵਾਲੀ ਸੀ। ਸ਼ਹਿਰ ਦੀ ਇਕ ਵੱਡੀ ਵੂਲਨ ਮਿੱਲ ਵਾਲਿਆਂ ਐਤਕੀਂ ਦੀਵਾਲੀ ਗਿਫਟ ਵਿਚ ਮਿਠਾਈ ਦੇ ਨਾਲ ਐਕਸਪੋਰਟ ਕਵਾਲਟੀ ਦੇ ਕੰਬਲ ਵੀ ਵੰਡੇ। ਇਕ ਵੈਨ ਸਾਡੇ ਘਰ ਦੇ ਮੂਹਰੇ ਆ ਕੇ ਰੁਕ ਗਈ। ਮੈਂ ਤਾਂ ਤੁਹਾਨੂੰ ਪਤਾ ਹੀ ਹੈ ਅਕਸਰ ਬਾਹਰ ਬੈਠ ਕੇ ਖੁੱਲ੍ਹੀ ਹਵਾ ਵਿਚ ਜ਼ਿਆਦਾ ਰਾਜ਼ੀ ਹੁੰਦਾ ਹਾਂ। ਵੈਨ ਪਿੱਛੇ ਦੀਵਾਲੀ ਗਿਫਟ ਦੇ ਪੈਕ ਸਨ। ਇਕ ਕੰਬਲ, ਮਿਠਾਈਆਂ ਦਾ ਡੱਬਾ ਤੇ ਉੱਤੇ ਹੈਪੀ ਦੀਵਾਲੀ ਦਾ ਕਾਰਡ ਸੀ। ਨਾਲ ਦੇ ਘਰ ਤੁਹਾਨੂੰ ਪਤਾ ਹੈ ਜੱਜ ਸਾਹਿਬ ਰਹਿੰਦੇ ਹਨ। ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੇ ਘਰ ਦੀ ਘੰਟੀ ਵਜਾਉਂਦਾ, ਮੈਂ ਅੱਗੇ ਵਧ ਕੇ ਪੁੱਛ ਲਿਆ, ‘ਦੀਵਾਲੀ ਗਿਫਟ ਵੰਡੇ ਜਾ ਰਹੇ ਹਨ?’ ਜਦੋਂ ਉਸ ਨੇ ਹੱਥ ਵਿਚ ਫੜੀ ਲਿਸਟ ਤੇ ਨਜ਼ਰ ਮਾਰਨੀ ਸ਼ੁਰੂ ਕੀਤੀ, ਮੈਂ ਦਲੇਰੀ ਕਰਕੇ ਉਸ ਦੇ ਹੱਥੋਂ ਲਿਸਟ ਖਿਸਕਾ ਲਈ ਤੇ ਨਜ਼ਰ ਮਾਰੀ ਤਾਂ ਪਤਾ ਲੱਗਾ ਕੇ ਇਸ ਅਫਸਰਾਂ ਦੀ ਕਲੋਨੀ ਵਿਚ ਰਹਿੰਦੇ ਸਾਰੇ ਸੱਤਾਂ ਦੇ ਸੱਤ ਜੱਜਾਂ ਦੇ ਨਾਮ ਤੇ ਕੋਠੀ ਨੰਬਰ ਦਰਜ ਸੀ। ਵਿਚ ਕਿਤੇ ਇਕ ਨਾਮ ਸੀਨੀਅਰ ਉਦਯੋਗ ਅਫਸਰ ਦਾ ਵੀ ਸੀ। ਉਸਨੂੰ ਲਿਸਟ ਪਰਤਾਉਂਦੇ ਹੋਏ ਮੈਂ ਕਿਹਾ, “ਸ਼ੁਕਰ ਹੈ ਇਸ ਖੈਰਾਇਤ ਦੀ ਲਿਸਟ ਵਿਚ ਸਾਡਾ ਨਾਮ ਨਹੀਂ। ਫੈਕਟਰੀ ਵਾਲਿਆਂ ਨੂੰ ਪ੍ਰੋਫੈਸਰਾਂ ਤੇ ਡਾਕਟਰਾਂ ਨਾਲ ਵਾਸਤਾ ਵੀ ਕੀ ਹੋ ਸਕਦਾ ਹੈ।?”
ਅੱਗੋਂ ਉਹ ਬੋਲਿਆ, “ਸਰ, ਅਸੀਂ ਤਾਂ ਮੁਲਾਜ਼ਮ ਹਾਂ। ਆਪਣੀ ਡਿਊਟੀ ਵਜਾ ਰਹੇ ਹਾਂ।”” ਉਸ ਘੰਟੀ ਵਜਾਈ ਤਾਂ ਨਾਲ ਦੇ ਘਰ ਵਿੱਚੋਂ ਮੈਡਮ ਬਾਹਰ ਆ ਗਈ, ਉਸ ਅੱਗੇ ਵਧ ਕੇ ਗਿਫਟ ਪੈਕਟ ਇਵੇਂ ਲੈ ਲਿਆ ਜਿਵੇਂ ਵਿਆਹ ਸ਼ਾਦੀ ਸਮੇਂ ਮਿਲਣੀ ਵੇਲੇ ਕੰਬਲ ਤੇ ਲਿਫਾਫਾ ਲਈਦਾ ਹੈ। ਤੇ ਸਾਡੇ ਵੱਲ ਝਾਕੇ ਬਗੈਰ ਅੰਦਰ ਚਲੀ ਗਈ। ਇਹ ਮੈਡਮ ਗੱਲਾਂ ਦੀ ਬਹੁਤ ਸ਼ੁਕੀਨ ਹੈ। ਗੱਲ ਕਰਦੀ ਥੱਕਦੀ ਨਹੀਂ, ਨਾ ਕਰੇ ਤਾਂ ਔਖਾ ਔਖਾ ਮਹਿਸੂਸ ਕਰਦੀ ਹੈ। ਮੇਰੀ ਮੈਡਮ ਕੋਲ ਤਾਂ ਵਿਹਲ ਨਹੀਂ ਹੁੰਦੀ ਉਹ ਮੈਡਮ ਬੱਸ ਮੇਰੇ ਨਾਲ ਗੱਲਾਂ ਕਰ ਲੈਂਦੀ ਹੈ ਤੇ ਮੈਂ ਵੀ ਤੁਹਾਨੂੰ ਪਤਾ ਹੀ ਹੈ ਗੱਲਾਂ ਦਾ ਖੱਟਿਆ ਹੀ ਖਾਂਦਾ ਹਾਂ। ਕੱਲ੍ਹ ਹੀ ਦੀ ਗੱਲ ਹੈ ਇੱਥੇ ਬਾਹਰ ਖੜ੍ਹੀ ਖੜ੍ਹੀ ਕਹਿਣ ਲੱਗੀ, ‘ਬਸਰਾ ਭਰਾ ਜੀ, ਅੱਜ ਗਵਾਂਢ ਲੜਾਈ ਹੋਈ ਮੀਆਂ ਬੀਵੀ ਵਿਚ।’ ਮੈਂ ਕਿਹਾ, ‘ਮੈਡਮ ਇਹ ਕੋਈ ਨਵੀਂ ਗੱਲ ਹੈ। ਮੀਆਂ ਬੀਵੀ ਦਾ ਝਗੜਾ ਤਾਂ ਅਕਸਰ ਹੁੰਦਾ ਹੀ ਰਹਿੰਦਾ ਹੈ।”’ ‘ਨਹੀਂ, ਤੁਸੀਂ ਮੇਰੀ ਗੱਲ ਸੁਣੋ ਤੇ ਸਹੀ। ਝਗੜਾ ਕੰਬਲ ਤੋਂ ਹੋਇਆ। ਉਹੋ ਹੀ ਦੀਵਾਲੀ ਗਿਫਟ ਵਾਲੇ ਕੰਬਲ ਤੋਂ, ਜੱਜ ਸਾਹਿਬ ਦੀ ਭੈਣ ਦੀਵਾਲੀ ਮੌਕੇ ਆਪਣੇ ਬੱਚਿਆਂ ਸਮੇਤ ਜੱਜ ਸਾਹਿਬ ਪਾਸ ਆਈ ਹੋਈ ਸੀ ਪਰ ਜੱਜ ਸਾਹਿਬ ਨੂੰ ਅਚਨਚੇਤ ਆਪਣੇ ਸਹੁਰੇ ਬਠਿੰਡੇ ਜਾਣਾ ਪੈ ਗਿਆ। ਮੀਆਂ ਬੀਵੀ ਆਪਣੇ ਦੋਵੇਂ ਬੱਚੇ ਆਪਣੀ ਭੈਣ ਹਵਾਲੇ ਕਰਕੇ ਚਲੇ ਗਏ।
ਦੀਵਾਲੀ ਗਿਫਟ ਵਿਚ ਜਿਹੜਾ ਕੰਬਲ ਆਇਆ, ਉਹਨੂੰ ਦੇਖ ਜੱਜ ਸਾਹਿਬ ਦੀ ਭੈਣ ਦਾ ਦਿਲ ਲਲਚਾ ਗਿਆ। ਉਸ ਚੁੱਪ ਕਰਕੇ ਕੰਬਲ ਆਪਣੇ ਸਾਮਾਨ ਵਿਚ ਪੈਕ ਕਰ ਲਿਆ ਤੇ ਮਠਿਆਈ ਦਾ ਡੱਬਾ ਹੋਰਾਂ ਥਾਵਾਂ ਤੋਂ ਆਏ ਗਿਫਟਾਂ ਵਿਚ ਰੱਖ ਦਿੱਤਾ। ਗੱਲ ਆਈ ਗਈ ਹੋ ਗਈ।
“ਜੱਜ ਸਾਹਿਬ ਦੀ ਮੈਡਮ ਕੱਲ੍ਹ ਦੁਪਹਿਰੇ ਚੀਮਾ ਸਾਹਿਬ ਦੇ ਘਰ ਪਿਆ ਕੰਬਲ ਦੇਖ ਕੇ ਪੁੱਛ ਬੈਠੀ, ‘ਬਾਹਰਲਾ ਲਗਦਾ ਹੈ।’ ਅੱਗੋਂ ਚੀਮਾ ਮੈਡਮ ਨੇ ਦੱਸ ਦਿੱਤਾ ਕਿ ਤੁਹਾਡੇ ਘਰ ਵੀ ਦੇ ਕੇ ਗਏ ਸਨ ਵੂਲਨ ਕੰਪਨੀ ਵਾਲੇ। ਜੱਜ ਸਾਹਿਬ ਦੀ ਭੈਣ ਨੇ ਮੇਰੇ ਸਾਹਮਣੇ ਉਹ ਪੈਕਟ ਲਿਆ ਸੀ ਉਹਨਾਂ ਪਾਸੋਂ। ਬੱਸ ਮੈਡਮ ਨੇ ਆ ਕੇ ਜੱਜ ਸਾਹਿਬ ਦਾ ਜਿਉਣਾ ਔਖਾ ਕਰ ਦਿੱਤਾ। ਉੱਚੀ ਉੱਚੀ ਅਵਾਜ਼ਾਂ ਆ ਰਹੀਆਂ ਸਨ। ਜੱਜ ਸਾਹਿਬ ਨੇ ਕਹਿ ਦਿੱਤਾ, ‘ਜੇ ਮੇਰੀ ਭੈਣ ਕੰਬਲ ਲੈ ਗਈ ਤਾਂ ਕੀ ਹੋਇਆ, ਉਸ ਨੂੰ ਜਾਂਦੇ ਦੀਵਾਲੀ ਗਿਫਟ ਕੁਝ ਨਾ ਕੁਝ ਦੇਣਾ ਹੀ ਸੀ, ਆਖਰ ਜੱਜ ਭਰਾ ਦੇ ਘਰ ਆਈ ਸੀ।”’ ਅੱਗੋਂ ਮੈਡਮ ਨੇ ਹੁਕਮ ਕੀਤਾ, ‘ਮੈਨੂੰ ਉਸਦੇ ਨਾਲ ਦਾ ਕੰਬਲ ਚਾਹੀਦਾ ਹੈ। ਕੰਪਨੀ ਨੂੰ ਫੂਨ ਕਰਕੇ ਮੰਗਵਾਓ ਜਾਂ ਬਾਜ਼ਾਰ ਤੋਂ ਖਰੀਦ ਕੇ ਲਿਆਉ।’” ਬਸਰਾ ਭਰਾ ਜੀ, ਮੁਆਫ ਕਰਨਾ, ਮੈਂ ਗੈਸ ਉੱਪਰ ਦੁੱਧ ਉੱਬਲਣਾ ਧਰ ਆਈ ਸੀ। ਬੱਸ ਮੈਂ ਗੈਸ ਬੰਦ ਕਰਕੇ ਆਈ।”’
ਮੈਡਮ ਨੇ ਵਾਪਿਸ ਆਉਂਦੇ ਕਿਹਾ, ‘ਤੁਹਾਡੀ ਮੈਡਮ ਨੂੰ ਤਾਂ ਕਦੇ ਵਿਹਲ ਹੀ ਨਹੀਂ ਮਿਲਦਾ, ਕੰਮ ਵਿਚ ਹੀ ਤੁਸੀਂ ਫਸਾਈ ਰੱਖਦੇ ਹੋ। ਕਦੇ ਦੋ ਘੜੀਆਂ ਬਾਹਰ ਆ ਕੇ ਸਾਹ ਤੇ ਲੈਣ ਦਿਆ ਕਰੋ।”’
ਮੈਂ ਬੋਲਿਆ, “ਮੈਡਮ, ਮੈਂ ਤਾਂ ਕਦੇ ਉਸ ਨੂੰ ਰੋਕਿਆ ਨਹੀਂ। ਨਾਲੇ ਮੇਰੀ ਕੀ ਮਜ਼ਾਲ ਹੈ ਉਸ ਨੂੰ ਕੁਝ ਕਹਾਂ।””
“ਬਸਰਾ ਭਰਾ ਜੀ, ਪਿਛਲੀ ਲੇਨ ਵਿਚ ਜਿਹੜੇ ਨਵੇਂ ਜੱਜ ਸਾਹਿਬ ਹਨ, ਦੋ ਤਿੰਨ ਮਹੀਨੇ ਹੋ ਗਏ ਉਹਨਾਂ ਨੂੰ ਆਏ ਮੇਲ-ਜੋਲ ਘੱਟ ਹੀ ਰੱਖਦੇ ਦੇਖੇ ਹਨ। ਉਹਨਾਂ ਦੀ ਮੈਡਮ ਬਹੁਤ ਤਿੱਖੀ ਹੈ। ਜਦ ਉਸ ਨੂੰ ਉਹ ਗਿਫਟ ਪੈਕਟ ਦੇਣ ਗਏ ਉਸ ਕਈ ਸਵਾਲ ਕੀਤੇ, ਤੇ ਕਿਹਾ ਅਸੀਂ ਤਾਂ ਕੰਪਨੀ ਵਾਲਿਆਂ ਨੂੰ ਜਾਣਦੇ ਨਹੀਂ, ਫੇਰ ਇਹ ਤਾਂ ਲੁਕੀ ਛਿਪੀ ਰਿਸ਼ਵਤ ਹੋਈ।’ ਅੱਗੋਂ ਉਸ ਭੈੜੇ ਤੋਂ ਕਹਿ ਹੋ ਗਿਆ, ‘ਜੱਜ ਸਾਹਿਬ ਨੂੰ ਜ਼ਰਾ ਬਾਹਰ ਤਾਂ ਬੁਲਾਉ।’ ਬੱਸ ਫੇਰ ਕੀ ਸੀ, ਮੈਡਮ ਅੱਗ ਬਾਬੂਲਾ ਹੋ ਗਈ ਤੇ ਕਹਿਣ ਲੱਗੀ, ‘ਇਹ ਤੇਰੀ ਜੁਰਅਤ ਕਿਵੇਂ ਹੋਈ? ਜੱਜ ਸਾਹਿਬ ਦੇ ਲੋਕੀਂ ਪੇਸ਼ ਹੁੰਦੇ ਹਨ, ਤੂੰ ਤਾਂ ਉਹਨਾਂ ਨੂੰ ਬਾਹਰ ਬੁਲਾਉਣ ਦਾ ਹੁਕਮ ਕਰ ਰਿਹਾ ਹੈਂ। ਚੁੱਪ ਕਰਕੇ ਚਲਾ ਜਾ, ਜੇ ਕਿਤੇ ਉਹਨਾਂ ਨੂੰ ਅੰਦਰ ਖਬਰ ਹੋ ਗਈ ਤਾਂ ਪੁਲੀਸ ਬੁਲਾ ਲੈਣੀ ਹੈ ਉਹਨਾਂ ਨੇ।’ ਉਹ ਤਾਂ ਵੈਨ ਭਜਾ ਕੇ ਉੱਥੋਂ ਹੀ ਨੱਠ ਗਏ। ਅਗਲੇ ਦੋਹਾਂ ਘਰਾਂ ਵਿਚ ਜਿਹੜੇ ਜੱਜ ਰਹਿੰਦੇ ਸਨ, ਉਹਨਾਂ ਦੀਆਂ ਮੈਡਮਾਂ ਖੜ੍ਹੀਆਂ ਤੱਕਦੀਆਂ ਹੀ ਰਹਿ ਗਈਆਂ ਗਿਫਟਾਂ ਨੂੰ। ਵਿੱਚੋਂ ਇਕ ਨੇ ਤਾਂ ਕਹਿ ਦਿੱਤਾ, ‘ਵੱਡੇ ਇਮਾਨਦਾਰ ਤਾਂ ਦੇਖੋ, ਆਪ ਤਾਂ ਗਿਫਟ ਲਿਆ ਨਹੀਂ, ਸਾਡੇ ਵੀ ਗਵਾ ਦਿੱਤੇ। ਆਪ ਤਾਂ ਡੁੱਬੀ ਬਾਹਮਣੀ ਜਜਮਾਨ ਵੀ ਨਾਲੇ।”’
ਮੈਂ ਕਿਹਾ, “ਬੜੀ ਸਵਾਦਲੀ ਗੱਲ ਹੈ ਇਸ ਕੰਬਲ ਦੀ, ਇਸ ਕਈ ਪਵਾੜੇ ਪਾਏ ਲਗਦੇ ਹਨ।” ਮੈਡਮ, ਸੱਚ ਦੱਸਣਾ, ਤੁਹਾਡੇ ਤਾਂ ਕੋਈ ਝਗੜਾ ਨਹੀਂ ਹੋਇਆ। ਵੈਸੇ ਆਪਣੇ ਜੱਜ ਸਾਹਿਬ ਦੀ ਰੈਪੂਟੇਸ਼ਨ ਬਹੁਤ ਚੰਗੀ ਹੈ। ਇਮਾਨਦਾਰਾਂ ਵਿੱਚੋਂ ਇਮਾਨਦਾਰ ਗਿਣੇ ਜਾਂਦੇ ਹਨ।”
ਮੈਡਮ ਬੋਲੀ, “ਬਸਰਾ ਭਰਾ ਜੀ, ਮੈਂ ਹੀ ਮੌਕਾ ਸੰਭਾਲ ਲਿਆ, ਝਗੜੇ ਦੀ ਨੌਬਤ ਨਹੀਂ ਆਉਣ ਦਿੱਤੀ। ਕੰਬਲ ਭੈੜਾ ਦਿਲ ਖਿੱਚਵਾਂ ਹੈ।” … ਜੱਜ ਸਾਹਿਬ ਜਦ ਰਾਤ ਸੌਣ ਲੱਗੇ ਉਹਨਾਂ ਦੇ ਬਿਸਤਰੇ ਤੇ ਰੱਖ ਦਿੱਤਾ। ਕਹਿਣ ਲੱਗੇ ਦੇਖਣ ਨੂੰ ਬਹੁਤ ਪਿਆਰਾ ਹੈ। ਮੈਂ ਅੱਗੋਂ, ਕਿਹਾ ਨਿੱਘਾ ਵੀ ਬਹੁਤ ਹੈ।
“ਜੱਜ ਸਾਹਿਬ ਕਹਿਣ ਲੱਗੇ, ਕਿੱਥੋਂ ਆਇਆ ਹੈ?
“ਮੈਂ ਡਰੀ ਜਿਹੀ ਨੇ ਕਿਹਾ, ਰਾਤ ਬਹੁਤ ਹੋ ਗਈ ਹੈ, ਰਾਤ ਸੌਣ ਲਈ ਹੁੰਦੀ ਹੈ ਤੇ ਕੰਬਲ ਉੱਤੇ ਲੈਣ ਲਈ ਹੁੰਦਾ ਹੈ, ਇਹ ਸੋਚਣ ਲਈ ਨਹੀਂ ਕੇ ਕਿੱਥੋਂ ਆਇਆ ਹੈ। ਦਿਨ ਚੜ੍ਹੇ ਤੇ ਦੱਸਣਾ, ਨਿੱਘਾ ਵੀ ਸੀ ਕਿ ਨਹੀਂ? ਨੀਂਦ ਚੰਗੀ ਆਈ ਕਿ ਨਹੀਂ। ਫੇਰ ਬਾਕੀ ਵੀ ਦੱਸ ਦਿਆਂਗੀ।”
“ਸਵੇਰੇ ਉੱਠਕੇ ਕਹਿਣ ਲੱਗੇ, ਤੂੰ ਠੀਕ ਕਹਿੰਦੀ ਸੀ ਬਹੁਤ ਨਿੱਘਾ ਹੈ। ਕਾਫੀ ਮਹਿੰਗਾ ਹੋਣਾ ਹੈ? ਮੈਂ ਕਿਹਾ, ਇਹ ਇੱਥੇ ਕਿੱਥੇ ਮਿਲਦਾ ਹੈ। ਇਹ ਐਕਸਪੋਰਟ ਕਵਾਲਟੀ ਹੈ। ਜੱਜ ਸਾਹਿਬ ਸੰਜੀਦਾ ਹੋ ਕੇ ਕਹਿਣ ਲੱਗੇ, ਸਾਡੇ ਦੇਸ਼ ਦੇ ਕਾਰਖਾਨੇਦਾਰ ਬਾਹਰਲੇ ਦੇਸ਼ਾਂ ਨੂੰ ਵਧੀਆ ਮਾਲ ਤਿਆਰ ਕਰਕੇ ਭੇਜਦੇ ਹਨ ਤੇ ਆਪਣੇ ਲੋਕਾਂ ਲਈ ਫਟੇ ਪੁਰਾਣੇ ਕੱਪੜੇ, ਰੈਗਜ਼ ਦਾ ਮਾਲ ਤਿਆਰ ਕਰਕੇ ਵੇਚੀ ਜਾਂਦੇ ਹਨ। ਭਾਵੇਂ ਉੱਪਰ ਲੈਣ ਵਾਲੇ ਨੂੰ ਸਾਹ ਦੀ ਬਿਮਾਰੀ ਜਾਂ ਚਮੜੀ ਰੋਗ ਹੀ ਹੋ ਜਾਵੇ। ਮੈਂ ਸਮਝਿਆ ਗੱਲ ਟਲ ਗਈ ਪਰ ਦੋ ਦਿਨ ਵੀ ਨਾ ਲੰਘੇ ਤਾਂ ਫੇਰ ਉਹਨਾਂ ਗੱਲ ਛੇੜ ਲਈ, ਕੰਬਲ ਤੂੰ ਦੱਸਿਆ ਨਹੀਂ ਕਿੱਥੋਂ ਆਇਆ ਹੈ?
“ਮੈਂ ਕਿਹਾ, ਗਿਫਟ ਮਿਲਿਆ। ਉਹ “ਕਹਿਣ ਲੱਗੇ, ਜਿਸ ਕਿਸੇ ਦਿੱਤਾ ਹੈ, ਗਿਫਟ ਵਧੀਆ ਵੀ ਹੈ ਤੇ ਕੀਮਤੀ ਵੀ। ਮੈਂ ਦੋ ਦਿਨ ਹੋਰ ਟਾਲ ਦਿੱਤੇ, ਮੈਂ ਕਿਤੇ ਪੜ੍ਹਿਆ ਸੀ ਵਕਤ ਬਹੁਤ ਵੱਡੀ ਮਲ੍ਹਮ ਹੈ। ਜਦ ਉਹਨਾਂ ਬਹੁਤ ਜ਼ਿੱਦ ਕੀਤੀ ਤੇ ਮੇਰੇ ਪਾਸ ਵੀ ਜੁਗਤ ਮੁੱਕ ਗਈ ਤਾਂ ਮੈਂ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ। ਜੱਜ ਸਾਹਿਬ ਕਹਿਣ ਲੱਗੇ, ਇਹ ਗਿਫਟ ਤੈਨੂੰ ਨਹੀਂ ਸੀ ਲੈਣਾ ਚਹੀਦਾ, ਤੂੰ ਚੰਗਾ ਨਹੀਂ ਕੀਤਾ। ਇਹਨਾਂ ਵਿਉਪਾਰੀਆਂ ਦੀਆਂ ਆਪਣੀਆਂ ਗਰਜ਼ਾਂ ਇਨ੍ਹਾਂ ਗਿਫਟਾਂ ਵਿਚ ਲਿਪਟੀਆਂ ਹੁੰਦੀਆਂ ਹਨ। ਹੁਣ ਤੂੰ ਆਪ ਦੱਸ, ਜੇ ਕੱਲ੍ਹ ਨੂੰ ਇਨ੍ਹਾਂ ਦਾ ਕੋਈ ਕੇਸ ਮੇਰੇ ਕੋਲ ਲੱਗ ਜਾਏ, ਤਾਂ ਮੇਰੀ ਹਾਲਤ ਤਾਂ ਉਹੀ ਹੋਈ ਨਾ “ਮੂੰਹ ਖਾਏ ਤੇ ਅੱਖ ਸ਼ਰਮਾਏ” ਮੇਰੀਆਂ ਅੱਖਾਂ ਅੱਗੇ ਉਹ ਕੰਬਲ ਹੀ ਘੁੰਮੇਗਾ।
“ਬਸਰਾ ਭਰਾ ਜੀ, ਮੇਰੀ ਉਹ ਹਾਲਤ ਸੀ ਕਿ ਮੈਂ ਤਾਂ ਕੰਬਲ ਨੂੰ ਛੱਡਾਂ ਪਰ ਕੰਬਲ ਮੈਨੂੰ ਨਾ ਛੱਡੇ। ਮੈਂ ਉਹਨਾਂ ਨੂੰ ਹਾਰ ਕੇ ਕਹਿ ਦਿੱਤਾ, ਜੇ ਕਹੋ ਤਾਂ ਮੈਂ ਅਰਦਲੀ ਹੱਥ ਵਾਪਿਸ ਭੇਜ ਦੇਂਦੀ ਹਾਂ।” ਜੱਜ ਸਾਹਿਬ ਕਹਿਣ ਲੱਗੇ, ਨਹੀਂ, ਹੁਣ ਵਾਪਿਸ ਭੇਜਣ ਦੀ ਲੋੜ ਨਹੀਂ। ਕਾਫੀ ਦਿਨ ਬੀਤ ਗਏ ਹਨ। ਜੋ ਹੋ ਗਿਆ ਸੋ ਹੋ ਗਿਆ। ਵਾਪਿਸ ਭੇਜਣ ਦਾ ਮਤਲਬ ਹੈ ਕਿ ਇਹ ਗਿਫਟ ਛੋਟਾ ਹੈ। ਉਹ ਦੁਬਾਰਾ ਕੋਈ ਵੱਡੀ ਆਈਟਮ ਭੇਜਣਗੇ।”
“ਬਸਰਾ ਭਰਾ ਜੀ, ਮੈਂ ਬੜੀ ਮੁਸ਼ਕਿਲ ਕੰਬਲ ਤੋਂ ਆਪਣੀ ਜਾਨ ਬਚਾਈ। ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੀ।”
ਬਸਰਾ ਸਾਹਿਬ ਨੇ ਕੰਬਲ਼ਾਂ ਦੀ ਕਹਾਣੀ ਸੁਣਾ ਕੇ ਸਾਹ ਲਿਆ।:cadmin
 
Top