ਵੱਢ ਦਿਓ ਨੱਕ ਇਹਨਾਂ ਜ਼ੁਲਮ ਦੀਆਂ ਭੈਣਾਂ ਦੇ

ਹਰ ਵਰੇ
ਕਾਗਜ਼ਾਂ ਦੇ ਪੁਤਲੇ ਨੂੰ ਰਾਵਣ ਆਖ
ਸਾੜ ਕੇ ਸ਼ੁਗਲ ਮਨਾਉਣ ਵਾਲਿਓ
ਮੇਰੇ ਮੁਲਕ ਦੇ ਭੋਲਿਓ ਲੋਕੋ ,
ਤੁਹਾਡੇ 'ਚ ਕਦੇ ਜਿਉਂਦੇ ਜਾਗਦੇ
100 ਸਿਰਾਂ ਵਾਲੇ ਰਾਵਣਾਂ ਨੂੰ ਸਾੜਨ ਦੀ ਜ਼ੁਰਅਤ ਪਈ ਏ .....?
ਇਹ ਰਾਵਣ ਕਦੇ 'ਦਾਜ' ਬਣਕੇ
ਤੁਹਾਡੀਆਂ ਫੁੱਲਾਂ ਵਰਗੀਆਂ ਧੀਆਂ ਨੂੰ ਸਾੜ ਦਿੰਦੇ ਨੇ ,
ਉਹ ਧੀਆਂ ਜਿਹਨਾਂ ਨੇ ਕਦੇ ਵੀ ਤੁਹਾਡੇ ਘਰ ਦੀ ਕੋਈ ਲਛਮਣ ਰੇਖਾ ਵੀ ਨਹੀਂ ਪਾਰ ਕੀਤੀ ਹੁੰਦੀ ....
ਇਹ ਰਾਵਣ ਕਦੇ ਨੇਤਾਵਾਂ ਦਾ ਭੇਸ ਧਾਰ ਕੇ
ਤੁਹਾਡੇ ਪੁੱਤਾਂ ਵਰਗੇ ਹੱਕਾਂ ਦਾ ਅਪਹਰਣ ਕਰ ਲੈਂਦੇ ਨੇ ,
ਉਹ ਹੱਕ ਜਿਹਨਾਂ ਨੂੰ ਤੁਸੀਂ ਕਦੇ ਕਿਸੇ ਬਨਵਾਸ 'ਤੇ ਵੀ ਨਹੀਂ ਭੇਜਿਆ ਹੁੰਦਾ ....
ਆਖਿਰ ਕਦੋਂ ਤੱਕ ?
ਕਾਗਜ਼ਾਂ ਦੇ ਪੁਤਲਿਆਂ ਨੂੰ ਸਾੜਕੇ
ਸਬਰ ਕਰਦੇ ਰਹੋਂਗੇ
ਸ਼ੁਗਲ ਮਨਾਉਦੇ ਰਹੋਂਗੇ
ਸਾਂਭੋ ਆਪਣੇ ਫਰਜ਼ਾਂ ਦੀ ਕਮਾਨ ਨੂੰ
ਚੰਡ ਲਵੋ ਮੀਰੀ-ਪੀਰੀ ਦੀਆਂ ਤੇਗਾਂ
ਚੁੱਕੋ ਹੌਂਸਲਿਆਂ ਦੇ ਮਸ਼ਾਲ ਨੂੰ
ਤੇ ਸਾੜ ਦਿਓ ਇਹਨਾਂ ਦੀਆਂ ਪਾਪ ਦੀਆਂ ਭਰਿਸ਼ਟ ਲੰਕਾਵਾਂ...
ਤੇ ਵੱਢ ਦਿਓ ਨੱਕ ਇਹਨਾਂ ਜ਼ੁਲਮ ਦੀਆਂ ਭੈਣਾਂ ਦੇ....
stalinveer singh sidhu
 
Top