ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ

ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ
-ਹਰਮੇਲ ਪਰੀਤ
ਜਦੋਂ ਪੰਜਾਬੀ ਗਾਇਕੀ ਦੀ ਦਸ਼ਾ ਤੇ ਦਿਸ਼ਾ ਬੇਹੱਦ ਨਿਰਾਸ਼ਾਜਨਕ ਆਲਮ 'ਚੋਂ ਗੁਜ਼ਰ ਰਹੀ ਹੈ, ਓਸ ਵੇਲੇ ਡਾ:ਸਤਿੰਦਰ ਸਰਤਾਜ ਨਾਂਅ ਦਾ ਇੱਕ ਸੁਰ ਫਿਜ਼ਾ ਵਿਚ ਗੂੰਜਿਆ। ਉਸ ਦੀ ਸੁਰੀਲੀ
ਗਾਇਕੀ ਤੇ ਸਿੱਧ ਪੱਧਰੀ ਸ਼ਬਦਾਵਲੀ ਵਾਲੇ ਜ਼ਿੰਦਗੀ ਨਾਲ ਜੁੜੇ, ਡੂੰਘੇ ਭਾਵਾਂ ਨੂੰ
ਅਭਿਵਿਅਕਤ ਕਰਦੇ, ਸਮਾਜ ਦੇ ਬਹੁਤ ਸਾਰੇ ਭੈੜਾਂ ਨੂੰ ਪ੍ਰਤਿਬਿੰਬਤ ਕਰਦੇ ਗੀਤਾਂ ਦੇ
ਚਰਚੇ ਚਹੁੰਕੂਟੀਂ ਹੋਣ ਲੱਗੇ। ਲੜਾਈ ਮਾਰਕੁਟਾਈ, ਪੜ੍ਹਾਈ ਦੇ ਨਾਂਅ 'ਤੇ ਆਸ਼ਕੀ, ਕੁੜੀਆਂ
ਨੂੰ ਉਧਾਲ ਕੇ ਲੈ ਜਾਣ ਵਰਗੇ ਬੇਹੱਦ ਖਤਰਨਾਕ ਰੁਝਾਨਾਂ ਨੂੰ ਹਵਾ ਦਿੰਦੇ ਅਤੇ ਨੌਜਵਾਨ
ਨੂੰ ਨਸ਼ਿਆਂ ਤੇ ਬਾਜ਼ਾਰਵਾਦ ਦੀ ਦਲਦਲ ਵਿਚ ਧੱਕਦੇ ਗੀਤਾਂ ਤੋਂ ਅੱਕੇ ਜਾਗਦੀ ਜ਼ਮੀਰ ਵਾਲੇ
ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਤਿੰਦਰ ਦੀ ਗਾਇਕੀ ਤੇ ਗੀਤਾਕਾਰੀ ਨੇ ਨਵੀਆਂ ਉਮੀਦਾਂ
ਜਗਾਈਆਂ।
ਪਰ ਅਚਾਨਕ ਸਾਡਾ ਇਹ ਲਾਡਲਾ ਗਾਇਕ ਵਿਵਾਦਾਂ ਵਿਚ ਘਿਰ ਜਾਂਦਾ ਹੈ। ਉਸ 'ਤੇ ਹੋਰਾਂ ਸ਼ਾਇਰਾਂ ਦੀਆਂ ਰਚਨਾਵਾਂ ਚੋਰੀ ਕਰਕੇ, ਤੋੜ ਮਰੋੜ ਕੇ ਗਾਉਣ ਦਾ ਇਲਜ਼ਾਮ ਲੱਗਾ।
ਇਹ ਇਲਜ਼ਾਮ ਧਰਿਆ ਸ਼ਾਇਰ ਤਿਰਲੋਕ ਜੱਜ ਹੁਰਾਂ। ਇੰਟਰਨੈਟ 'ਤੇ ਇਹ ਚਰਚਾ ਬੜੇ ਹੀ
ਯੋਜ਼ਨਾਬੱਧ ਅਤੇ ਅਤਿ ਸੰਗਠਤ ਢੰਗ ਨਾਲ ਚਲਾਈ ਗਈ। ਮਗਰੋਂ ਪੰਜਾਬੀ ਦੇ ਇੱਕ ਵੱਡੇ ਅਖਬਾਰ
ਨੇ ਇਸ ਨੂੰ ਆਪਣੇ ਮੁੱਖ ਪੰਨੇ 'ਤੇ ਸ਼ਾਇਆ ਕੀਤਾ। ਕੁੱਝ ਲੋਕ ਜਿਹੜੇ ਸਤਿੰਦਰ ਸਰਤਾਜ ਦੀ
ਚੜ੍ਹਤ ਤੋਂ ਭੈਅ ਭੀਤ ਸਨ, ਕੁੜ ਰਹੇ ਸਨ, ਉਨ੍ਹਾਂ ਨੂੰ ਮੌਕਾ ਲੱਭ ਗਿਆ, ਸਤਿੰਦਰ ਨੂੰ
ਨੀਵਾਂ ਦਿਖਾਉਣ ਦਾ। ਬਹੁਤ ਸਾਰੇ ਕਾਲਮਨਵੀਸਾਂ ਨੂੰ ਡਾ: ਸੰਿਤੰਦਰ ਦੇ ਗੀਤਾਂ ਦਾ ਪੋਸਟ
ਮਾਰਟਮ ਕਰਨ ਦਾ ਇਲਹਾਮ ਹੋਇਆ। ਉਨ੍ਹਾਂ ਨੇ ਬੇਹੱਦ ਮਿਹਨਤ ਕੀਤੀ, ਸਤਿੰਦਰ ਦੇ ਗੀਤਾਂ ਦੀ
ਕੱਲੀ ਕੱਲੀ ਲਾਈਨ ਸੁਣੀ, ਤੇ ਉਸ ਦੇ ਸਿਰ ਘਟੀਆ ਗਾਇਕ ਹੋਣ ਦਾ ਇਲਜ਼ਾਮ ਮੜ੍ਹਨ ਲਈ ਕੁੱਝ
ਚੰਗੇ ਭਲੇ ਗੀਤਾਂ ਦੇ ਮੱਥੇ ਬਦਨਾਮੀ ਦਾ ਟਿੱਕਾ ਲਾਉਣ ਦੀਆਂ ਹੋਛੀਆਂ ਕੋਸ਼ਿਸ਼ਾਂ
ਕੀਤੀਆਂ। ਇਨ੍ਹਾਂ ਲੋਕਾਂ ਵਿਚ ਕੁੱਝ ਨਵੇਂ ਤੇ ਆਪਣੇ ਆਪ ਨੂੰ ਕੁੱਝ ਜ਼ਿਆਦਾ ਹੀ
ਅਗਾਂਹਵਧੂ ਦਰਸਾਉਣ ਵਾਲੇ ਅਤੇ ਖੱਬੇ-ਪੱਖੀ ਧਿਰਾਂ ਦੇ ਆਪੇ ਬਣੇ ਅਖੌਤੀ ਵਾਰਿਸ
ਮੂਹਰਲੀਆਂ ਸਫਾਂ ਵਿਚ ਖੜ੍ਹੇ ਹੋ ਗਏ ਹਨ। ਓਥੇ ਉਦੋਂ ਹੋਰ ਵੀ ਹੈਰਾਨੀ ਹੋਈ ਜਦੋਂ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਵੀ ਇਨ੍ਹਾਂ ਹੀ ਲੋਕਾਂ ਦੇ
ਟੋਲੇ ਵਿਚ ਸ਼ਾਮਲ ਹੁੰਦੇ ਦਿਸੇ। ਸ਼ਾਇਰ ਸੁਰਿੰਦਰ ਸੋਹਲ ਨੂੰ ਵੀ ਪੰਜਾਬੀ ਗਾਇਕੀ ਦੀ
ਸਮੀਖਿਆ ਦਾ ਸ਼ੈਦਾਅ ਕੁੱਦਿਆ ਤੇ ਉਨ੍ਹਾਂ ਨੇ ਵੀ ਇੱਕ ਲੰਮਾ ਲੇਖ ਲਿਖਕੇ ਡਾ:ਸਤਿੰਦਰ
ਵਿਰੋਧੀ ਮੁਹਾਜ਼ ਵਿਚ ਆਪਣੀ ਭਰਪੂਰ ਹਾਜ਼ਰੀ ਲੁਆਈ। ਉਨ੍ਹਾਂ ਦੇ ਇਸ ਆਰਟੀਕਲ ਨੂੰ ਕੁੱਝ
ਹੋਰਾਂ ਨੇ ਹਰ ਥਾਂ ਪ੍ਰਚਾਰਤ ਕਰਨ ਦੀ ਕੋਸ਼ਿਸ਼ ਕੀਤੀ।
ਮੇਰੇ ਕੁੱਝ 'ਸੁਹਿਰਦ' ਸਾਥੀਆਂ ਨੂੰ ਸਰਤਾਜ ਦੇ ਗੀਤ ਯਾਮ੍ਹਾ ਅਤੇ ਬਿੱਲੋ ਬੇਹੱਦ ਚੁਭੇ ਹਨ। ਉਨ੍ਹਾਂ ਦੀਆਂ ਟਿੱਪਣੀਆਂ
ਸਾਬਤ ਕਰਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਰਾਇ ਸਿਰਫ ਗੀਤ ਦੇ ਮੁੱਖੜੇ ਸੁਣ ਕੇ ਹੀ ਬਣਾ ਲਈ
ਹੈ। ਕਾਸ਼ ਉਨ੍ਹਾਂ ਨੇ ਡਾ: ਸਤਿੰਦਰ ਬਾਰੇ ਆਪਣੇ ਮਨਾਂ ਅੰਦਰ ਕੋਈ ਵੀ ਮੈਲ ਰੱਖੇ
ਬਿਨਾਂ, ਇਨ੍ਹ੍ਹਾਂ ਗੀਤਾਂ ਨੂੰ ਸੁਣ ਤੇ ਸਮਝ ਲਿਆ ਹੁੰਦਾ। ਬਿੱਲੋ ਦੇ ਆਲੋਚਕਾਂ ਨੂੰ ਇਸ
ਗੀਤ ਵਿਚ ਸਵੇਰੇ ਛੇਤੀ ਜਾਗਣ ਦਾ ਪੈਗ਼ਾਮ, ਸਵੇਰ ਦੀ ਸੈਰ ਕਰਨ, ਸੁਸਤੀ ਛੱਡਣ, ਕੁਦਰਤ
ਦੀ ਗੋਦ ਦੇ ਨਿੱਘ ਨੂੰ ਮਾਣਨ ਦਾ ਮਸ਼ਵਰਾ ਕਿਉਂ ਰਾਸ ਨਹੀਂ ਆਇਆ। ਉਹ ਦੀ ਜਾਣਦੇ ਹੋਣਗੇ।
ਪਰ ਇਹ ਲਾਈਨਾਂ ਉਨ੍ਹਾਂ ਤੋਂ ਇਨਸਾਫ ਜ਼ਰੂਰ ਮੰਗਦੀਆਂ ਹਨ :
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ,
ਕਿਸੇ ਮੰਦਰ ਮਸਜਿਦ ਵੜਦੇ ਨੂੰ,
ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ,
ਜੋ ਸੁਭ੍ਹਾ ਨੂੰ ਸ਼ਬਨਮ ਗਿਰਦੀ ਏ
ਉਹ ਲੱਖ ਰੁਪਈਏ ਕਿੱਲੋ ਜੀ.. .
ਇਸ ਤੋਂ ਤਾਂ ਇੰਞ ਲੱਗਦਾ ਹੈ ਜਿਵੇਂ ਇਹਨਾਂ ਸਭ ਮਹਾਨ ਆਲੋਚਕਾਂ (ਜੇ ਅਲੋਚਨਾ ਦਾ ਧਰਮ
ਜਾਣਦੇ ਹੋਣ) ਦੀਆਂ ਨਜ਼ਰਾਂ ਵਿੱਚ 'ਬਿੱਲੋ' ਸਿਰਫ ਤੇ ਸਿਰਫ ਮਾਸ਼ੂਕ ਲਈ ਵਰਤਿਆ ਜਾਣ ਵਾਲਾ
ਸੰਬੋਧਨ ਹੈ ਤੇ ਸ਼ਾਇਦ ਇਹਨਾਂ ਦੀ ਨਜ਼ਰ 'ਚ ਸਿਰਫ ਮਾਸ਼ੂਕ ਹੀ 'ਬਿੱਲੋ' ਹੁੰਦੀ ਹੈ ਪਤਨੀ
ਤਾਂ ਉਹਨਾਂ ਦੀ ਨਜ਼ਰ 'ਚ 'ਵਸਤੂ' ਹੀ ਹੈ।
ਇਹੀ ਹਾਲ ਯਾਹਮੇਂ ਵਾਲੇ ਗੀਤ ਦਾ ਵੀ ਹੈ। ਕਿਸੇ ਨੂੰ ਡਾ: ਸੰਿਤੰਦਰ ਦੇ ਸੂਫੀ ਲਿਬਾਸ ਤੋਂ ਵੀ ਚਿੜ੍ਹ ਹੈ। ਉਹ ਇਸਦੀ ਤੁਲਨਾ ਜੈਜੀ
ਬੀ ਦੇ ਖੜ੍ਹੇ ਵਾਲਾਂ ਨਾਲ ਕਰਦਾ ਹੈ। ਸ਼ਾਇਦ ਓਸ ਬੰਦੇ ਨੇ ਕਦੇ ਬੁੱਲ੍ਹੇ ਸ਼ਾਹ ਤੇ ਹੋਰ
ਸੂਫੀ ਸ਼ਾਇਰਾਂ ਦੀਆਂ ਤਸਵੀਰਾਂ ਨਹੀਂ ਦੇਖੀਆਂ। ਉਸ ਨੂੰ ਡਰ ਪੈਦਾ ਹੋ ਗਿਆ ਹੈ ਕਿ ਕੱਲ੍ਹ
ਨੂੰ ਕਿਤੇ ਬੱਚੇ ਜਾਂ ਨੌਜਵਾਨ ਡਾ:ਸਤਿੰਦਰ ਵਾਲਾ ਲਿਬਾਸ ਨਾ ਧਾਰਨ ਕਰ ਲੈਣ। ਸਦਕੇ ਜਾਣ
ਨੂੰ ਜੀਅ ਕਰਦਾ ਹੈ ਐਸੇ ਸਮੀਖਿਅਕਾਂ ਦੇ।
ਕੀ ਇਹ ਸਮੀਖਿਅਕ ਤੇ ਲੇਖਕ ਸਭਾ ਦੇ ਵੱਡੇ ਅਹੁਦੇਦਾਰ ਇਹ ਦੱਸਣ ਦੀ ਜ਼ਹਿਮਤ ਕਰਨਗੇ ਕਿ ਉ੍ਹਨਾਂ ਨੇ ਅੱਜ ਤੱਕ ਕਦੇ ਲੱਚਰ ਗਾਇਕੀ ਦੇ
ਖਿਲਾਫ ਆਵਾਜ਼ ਉਠਾਈ ਹੈ? ਸਮਾਜ ਅੰਦਰ ਬੇਹੱਦ ਗੰਭੀਰ ਸਕੰਟਾਂ ਨੂੰ ਆਵਾਜ਼ਾਂ ਮਾਰਦੀ
ਅਜੋਕੀ ਗਾਇਕੀ, ਸਕੂਲਾਂ ਕਾਲਜਾਂ ਨੂੰ ਵਿੱਦਿਆ ਮੰਦਰਾਂ ਤੋਂ ਆਸ਼ਕੀ ਦੇ ਅੱਡਿਆਂ ਵਜੋਂ
ਪ੍ਰਚਾਰਨ ਵਾਲੀ ਗਾਇਕੀ, ਪਰਵਾਰਕ ਮੈਂਬਰਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਆਸ਼ਕ ਨੂੰ
ਮਿਲਣ ਦਾ ਪਾਠ ਪੜ੍ਹਾਉਂਦੀ ਗਾਇਕੀ, ਸਮਾਜ ਵਿਚ ਜਾਤ ਪਾਤ ਨੂੰ ਉਤਸ਼ਾਹਿਤ ਕਰਦੀ ਗਾਇਕੀ ਕੀ
ਇਨ੍ਹਾਂ ਦੋਸਤਾਂ ਨੂੰ ਕਦੇ ਸੁਣਾਈ ਨਹੀਂ ਦਿੱਤੀ? ਜੇ ਸੁਣਾਈ ਦਿੰਦੀ ਹੈ ਤਾਂ ਉਸ ਦੇ
ਖਿਲਾਫ ਬੋਲਣ ਦੀ ਹਿੰਮਤ ਕਦੇ ਕਿਸੇ ਲੇਖਕ, ਸਮੀਖਿਅਕ ਜਾਂ ਲੇਖਕ ਸਭਾ ਨੇ ਕਿਉਂ ਨਹੀਂ
ਕੀਤੀ? ਕਿਉਂ ਦਿਨ ਰਾਤ ਗੰਦ ਫੈਲਾਅ ਰਹੇ ਟੀਵੀ ਚੈਨਲਾਂ ਦੇ ਵਿਰੁੱਧ ਲੇਖਕ ਸਭਾ ਕੋਈ
ਐਕਸ਼ਨ ਨਹੀਂ ਲੈਂਦੀ? ਬੋਲਣ ਵੀ ਕਿਵੇਂ ਉਹਨਾਂ ਚੈਨਲਾਂ ਦੇ ਪੈਨਲਾਂ ਵਿੱਚ ਬੈਠ ਕੇ ਚਾਰ
ਛਿੱਲੜ ਜੋ ਖਰੇ ਕਰਨੇ ਹੁੰਦੇ ਆ।
ਇੱਥੇ ਹੀ ਬੱਸ ਨਹੀਂ, ਸ਼ੁਰੂ ਤੋਂ ਹੀ ਇਸ ਸਾਰੇ ਮਾਮਲੇ ਵਿਚ ਡਾ: ਸਤਿੰਦਰ ਦੇ ਹੱਕ ਵਿਚ ਬੋਲਣ ਕਰਕੇ ਬਹੁਤੇ ਲੋਕਾਂ ਨੂੰ ਸਾਡੇ ਨਾਲ
ਡੂੰਘੀ ਨਰਾਜ਼ਗੀ ਹੈ। ਉਹ ਵਿੰਗ ਵਲ ਪਾ ਕੇ ਸਾਨੂੰ ਡਾ:ਸਤਿੰਦਰ ਦੇ 'ਚਮਚੇ' ਦੱਸ ਰਹੇ ਹਨ।
ਪਰ ਸਾਡਾ ਮਤਲਬ ਡਾ:ਸਤਿੰਦਰ ਨਹੀਂ ਸਗੋਂ ਪੰਜਾਬੀ ਗਾਇਕੀ ਅੰਦਰ ਆਏ 'ਕੁੱਝ ਚੰਗੇ ਰੁਝਾਨ
ਦੇ ਨਾਲ ਖੜਨਾ ਹੈ।
ਬਹੁਤ ਸਾਰੇ ਲੋਕ ਆਖਦੇ ਹਨ ਕਿ ਡਾ: ਸਤਿੰਦਰ ਫੇਰ ਇਸ ਮਾਮਲੇ ਵਿਚ ਕੁੱਝ ਬੋਲਦਾ ਕਿਉਂ ਨਹੀਂ। ਸਰਤਾਜ ਇਸ ਵੇਲੇ ਵਿਦੇਸ਼ ਦੌਰੇ 'ਤੇ ਹਨ। ਅਪਰੈਲ ਦੇ
ਪਹਿਲੇ ਹਫਤੇ ਉਸ ਨੇ ਓਥੋਂ ਦੇ ਇੱਕ ਰੇਡੀਓ ਪ੍ਰੋਗਰਾਮ ਵਿਚ ਸੁਣਨ ਵਾਲਿਆਂ ਦੇ ਸਵਾਲਾਂ
ਦੇ ਜਵਾਬ ਦਿੰਦਿਆਂ ਸਪਸ਼ਟ ਕੀਤਾ ਹੈ। ਉਸ ਦਾ ਆਖਣਾ ਹੈ ਕਿ ਉਹ 2002 ਤੋਂ ਪੰਜਾਬ ਵਿਚ
ਆਪਣੀਆਂ ਮਹਿਫਲਾਂ ਸਜਾ ਰਿਹਾ ਹੈ। ਸ਼ੁਰੂ ਦੇ ਦੋ-ਤਿੰਨ ਸਾਲ ਉਹ ਖੁਦ ਲਿਖਦਾ ਨਹੀਂ ਸੀ। (
ਤੇ ਹੁਣ ਵਾਂਗ ਉਸ ਦਾ ਰੇਟ ਵੀ ਲੱਖਾਂ ਰੁਪਏ ਨਹੀਂ ਸੀ-ਲੇਖਕ) ਇਸ ਕਰਕੇ ਬਹੁਤ ਸਾਰੇ
ਸ਼ਾਇਰਾਂ ਦਾ ਕਲਾਮ ਗਾਉਂਦਾ ਸੀ। ਤੇ ਸ਼ਾਇਰਾਂ ਦਾ ਨਾਂਅ ਵੀ ਲੈਂਦਾ ਸੀ। ਪਰ ਉਨ੍ਹਾਂ
ਸ਼ਾਇਰਾਂ ਦੀ ਸ਼ਾਇਰੀ ਨੂੰ ਉਸ ਨੇ ਆਫੀਸ਼ਲੀ ਰਿਕਾਰਡ ਕਰਵਾ ਕੇ ਰਿਲੀਜ਼ ਨਹੀਂ ਕੀਤਾ ਅਤੇ ਓਸ
ਸ਼ਾਇਰੀ ਨੂੰ ਆਪਣੇ ਨਾਂਅ ਹੇਠ ਤਾਂ ਕਦੇ ਵੀ ਨਹੀਂ ਗਾਇਆ। 2004 ਤੋਂ ਬਾਅਦ ਉਹ ਆਪਣੀ ਹੀ
ਸ਼ਾਇਰੀ ਗਾਉਣ ਨੂੰ ਤਰਜ਼ੀਹ ਦਿੰਦਾ ਹੈ। ਇਸਦੇ ਬਾਵਜੂਦ ਉਹ ਆਖਦਾ ਹੈ ਕਿ ਜੇਕਰ ਕਦੇ ਤੁਸੀਂ
ਉਸ ਦੀ ਕਿਸੇ ਮਹਿਫਲ ਵਿਚ ਕਿਸੇ ਹੋਰ ਸ਼ਾਇਰ ਦਾ ਸ਼ੇਅਰ ਜਾਂ ਕਲਾਮ ਸੁਣਦੇ ਹੋ ਤਾਂ
ਦੱਸਣਾ। ਕਿਸੇ ਨੂੰ ਕੋਈ ਗਿਲਾ ਹੈ ਤਾਂ ਉਹ ਖੁਦ ਉਸ ਤੋਂ ਮੁਆਫੀ ਮੰਗਣ ਲਈ ਤਿਆਰ ਹੈ। ਇਹ
ਹੈ ਡਾ: ਸਤਿੰਦਰ ਸਰਤਾਜ ਦਾ ਵਿਨਮਰ ਜਵਾਬ।
ਪਰ ਇਂੱਕ ਗੱਲ ਕੀ ਇਸ ਸਾਰੇ ਮਾਮਲੇ, ਖੜ੍ਹੇ ਕੀਤੇ ਵਿਵਾਦ ਤੇ ਉਠੇ ਤੁਫਾਨ ਦਾ ਮਕਸਦ ਸਿਰਫ ਡਾ: ਸਤਿੰਦਰ ਨੂੰ ਉਸ ਦੀ ਗਲਤੀ ਦਾ
ਅਹਿਸਾਸ ਕਰਵਾਉਣਾ ਹੀ ਹੈ? ਜਾਂ ਇਹਦੇ ਪਿੱਛੇ ਉਸ ਦੀ ਪਰਵਾਜ਼ ਨੂੰ ਰੋਕਣਾ ਹੈ, ਉਸ ਦੇ
ਪਰ ਕੱਟਣਾ ਹੈ? ਉਸ ਦੇ ਰਾਹ ਵਿਚ ਰੋੜੇ ਅਟਕਾਉਣਾ ਹੈ? ਜਾਂ ਕੁੱਝ ਹੋਰ ਹੈ ? ਇਹਦੇ ਬਾਰੇ
ਵੀ ਤਾਂ ਸਫਾਈ ਦੀ ਲੋੜ ਹੈ।
ਕੀ ਤੁਹਾਨੂੰ ਇੰਜ ਨਹੀਂ ਲਗਦਾ ਡਾ: ਸਤਿੰਦਰ ਦੇ ਰੂਪ ਵਿਚ ਸਾਹਮਣੇ ਆਈ ਗਾਇਕੀ ਇੱਕ ਚੰਗੀ ਲੱਭਤ ਨੂੰ ਏਸ ਤਰ੍ਹਾਂ ਨਿਰਉਤਸਾਹਤ ਕਰਕੇ ਅਸੀਂ ਓਸੇ
ਗਾਇਕੀ ਦਾ ਸਾਥ ਤਾਂ ਨਹੀਂ ਦੇ ਰਹੇ ਜਿਹੜੀ ਕਿ ਸਾਡੇ ਸਮਾਜ ਦੀਆਂ ਕਦਰਾਂ/ਕੀਮਤਾਂ, ਆਉਣ
ਵਾਲੀਆਂ ਪੀੜ੍ਹੀਆਂ ਦੀ ਨੈਤਿਕਤਾ ਨੂੰ ਚਟਮ ਕਰਕੇ, ਪਤਾ ਨੂੰ ਕੀ ਕੀ ਗੁਲ ਖਿਲਾਉਣ
ਵਾਲੀ ਹੈ।
 
Top