ਪੰਜਾਬੀ ਸੱਭਿਆਚਾਰ ਵਿੱਚ ‘ਨੱਕ’ ਦੀ ਵਿਸ਼ੇਸ਼ਤਾ

ਸੱਭਿਆਚਾਰ ਕਿਸੇ ਵੀ ਕੌਮ ਦਾ ਕੀਮਤੀ ਨਗੀਨਾ ਮੰਨਿਆ ਜਾਂਦਾ ਹੈ। ਹਰ ਸੱਭਿਆਚਾਰ ਵਿੱਚ ਪ੍ਰਚਲਿਤ ਰੀਤੀ-ਰਿਵਾਜ, ਢੰਗ-ਤਰੀਕੇ ਅਤੇ ਵਰਤਾਰੇ ਵੱਖੋ-ਵੱਖਰੇ ਹੁੰਦੇ ਹਨ। ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਬੰਧ ਉਸ ਅਣਖ ਨਾਲ ਹੈ ਜਿਸ ਅਣਖ ਨੂੰ ਅਸੀਂ ਵਾਰਿਸ ਦੀ ਹੀਰ ਵਿੱਚ ਇੰਝ ਵੇਖ ਸਕਦੇ ਹਾਂ:-
”ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ
ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।”

ਪੰਜਾਬੀ ਸਭਿਆਚਾਰ ਵਿੱਚ ਅਣਖ ਤੋਂ ਇਲਾਵਾ ਪਿਆਰ, ਨਿਡਰਤਾ, ਸਹਿਣਸ਼ੀਲਤਾ, ਹਿੰਮਤ ਤੇ ਜ਼ਿੰਦਗੀ ਦੇ ਹਰੇਕ ਪਲ ਨੂੰ ਬੜੀ ਤੀਬਰ ਇੱਛਾ ਨਾਲ ਮਾਨਣਾ ਪੰਜਾਬੀਆਂ ਦੇ ਸੁਭਾਅ ਵਿੱਚ ਸ਼ਾਮਲ ਹੈ। ਇੰਜ ਕਿਸੇ ਦੀ ਟੈਂ ਨਾ ਮੰਨਣ ਵਾਲਾ ਤੇ ਮੜ੍ਹਕ ਨਾਲ ਤੁਰਨ ਵਾਲਾ ਪੰਜਾਬੀ ਸੱਭਿਆਚਾਰ ਸੰਸਾਰ ਦੇ ਬਾਕੀ ਸੱਭਿਆਚਾਰਾਂ ਵਿੱਚ ਆਪਣਾ ਵਿਲੱਖਣ ਤੇ ਗੌਰਵਮਈ ਸਥਾਨ ਰੱਖਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਮਨੁੱਖੀ ਸ਼ਖ਼ਸੀਅਤ ਨੂੰ ਉਘਾੜਨ ਵਿੱਚ ਮਨੁੱਖੀ ਅੰਗਾਂ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਪੰਜਾਬੀ ਮੁਟਿਆਰ ਦੀ ਸਿਫ਼ਤ ਕੀਤੀ ਗਈ ਹੈ। ਸੱਭਿਆਚਾਰ ਵਿੱਚ ਪੰਜਾਬਣ ਦੇ ਹਰੇਕ ਅੰਗ ਦੀ ਵਿਸ਼ੇਸ਼ਤਾ ਨੂੰ ਬੜੇ ਸਲੀਕੇ ਨਾਲ ਪ੍ਰਗਟਾਇਆ ਗਿਆ ਹੈ।
‘ਨੱਕ’ ਮਨੁੱਖ ਦੇ ਸਰੀਰ ਦਾ ਇੱਕ ਖ਼ਾਸ ਅੰਗ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਮਨੁੱਖੀ ਸੁੰਦਰਤਾ ਦਾ ਕੇਂਦਰ ਬਿੰਦੂ ਹੈ। ਜਦੋਂ ਅਸੀਂ ਪਹਿਲੀ ਵਾਰ ਕਿਸੇ ਅਣਜਾਣ ਵਿਅਕਤੀ ਨੂੰ ਮਿਲਦੇ ਹਾਂ ਤਾਂ ਸਾਡਾ ਧਿਆਨ ਉਸ ਦੀਆਂ ਅੱਖਾਂ ਤੋਂ ਬਾਅਦ ਉਸ ਦੇ ‘ਨੱਕ’ ਉਤੇ ਕੇਂਦਰਿਤ ਹੋ ਜਾਂਦਾ ਹੈ। ਨਵਾਂ ਜੰਮਿਆ ਬੱਚਾ ਹੋਵੇ ਜਾਂ ਫਿਰ ਨਵੀਂ ਦੁਲਹਨ ਹੋਵੇ ਸਭ ਦੀਆਂ ਅੱਖਾਂ ਉਸ ਦੇ ‘ਨੱਕ’ ‘ਤੇ ਪਹੁੰਚ ਹੀ ਜਾਂਦੀਆਂ ਹਨ। ਇਕੱਲੇ ‘ਨੱਕ’ ਵਿੱਚ ਉਨ੍ਹਾਂ ਸਾਰਿਆਂ ਦੀ ਸੁੰਦਰਤਾ ਨੂੰ ਸੰਭਾਲਣ ਜਾਂ ਵਿਗਾੜਨ ਦੀ ਸਮਰੱਥਾ ਹੁੰਦੀ ਹੈ। ਜੇ ‘ਨੱਕ’ ਹੀ ਸੋਹਣਾ ਨਾ ਹੋਇਆ ਤਾਂ ਚਿਹਰੇ ਦੀ ਸੁੰਦਰਤਾ ਨੂੰ ਦਾਗ ਲੱਗ ਜਾਂਦਾ ਹੈ। ਪੰਜਾਬੀ ਸਮਾਜ ਵਿੱਚ ਔਰਤਾਂ ‘ਨੱਕ’ ਸਬੰਧੀ ਇਹ ਆਮ ਕਹਿੰਦੀਆਂ ਹਨ- ‘ਨੀ ਏਹਦਾ ‘ਨੱਕ’ ਤਾਂ ਨਜ਼ਰਵੱਟੂ ਐ।’ ‘ਨੱਕ’ ਕਿਸੇ ਸ਼ੁਭ ਕਾਰਜ ਵਿੱਚ ਰੁਕਾਵਟ ਪਾਉਣ ਦੀ ਤਾਕਤ ਵੀ ਰੱਖਦਾ ਹੈ। ‘ਨੱਕ’ ਦੇ ਨਿੱਛ ਮਾਰਦੇ ਹੀ ਯਾਤਰਾ ਜਾਂ ਕੋਈ ਸ਼ਗਨ ਵਾਲਾ ਕੰਮ ਕੁਝ ਪਲਾਂ ਲਈ ਰੋਕ ਦਿੱਤਾ ਜਾਂਦਾ ਹੈ ਕਿਉਂਕਿ ਪਰੰਪਰਾ ਤੋਂ ਚਲੀ ਆ ਰਹੀ ਸਮਝ ਅਨੁਸਾਰ ਨਿੱਛ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ। ਵਿਆਹ ਸ਼ਾਦੀਆਂ ਦੇ ਮੌਕੇ ਇਹ ਗੱਲ ਕੰਨੀ ਪੈਂਦੀ ਰਹਿੰਦੀ ਹੈ, ”ਭਾਈ! ਨਿੱਛ ਨਾ ਕੋਈ ਮਾਰੇ, ਆਪਣਾ ਨੱਕ ਮਲ ਲਿਓ ਜੇ ਨਿੱਛ ਆਵੇ।”
ਪੰਜਾਬੀ ਸਮਾਜ ਵਿੱਚ ‘ਨੱਕ’ ਹੀ ਅਜਿਹਾ ਅੰਗ ਹੈ ਜਿਸ ਨਾਲ ਸਾਰੇ ਪਿੰਡ ਦੀ ਇੱਜ਼ਤ ਜੁੜੀ ਹੋਈ ਹੁੰਦੀ ਹੈ। ਪੰਜਾਬੀ ਲੋਕ ਸਾਹਿਤ ਦੇ ਅੰਤਰਗਤ ਲੋਕ-ਬੋਲੀਆਂ ਵਿੱਚ ਇਹ ਗੱਲ ਇੰਜ ਸਪਸ਼ਟ ਹੁੰਦੀ ਹੈ:-
”ਸੁਣ ਨੀ ਕੁੜੀਏ ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਭਰੀ ਕਚਹਿਰੀ ਬਾਬਲ ਬੈਠਾ,
ਨੀਵੀਂ ਪਾ ਲੰਘ ਜਾਈਏ,
ਬਾਬਲ ਧਰਮੀ ਦੀ,
ਪੱਗ ਨੂੰ ਦਾਗ ਨਾ ਲਾਈਏ,
ਬਾਬਲ ਧਰਮੀ ਦੀ…।”

ਇੰਜ ‘ਨੱਕ’ ਵੱਢਣਾ ਤੇ ‘ਨੱਕ’ ਰੱਖਣਾ ਸਮਾਜ ਵਿੱਚ ਬੁਰੇ ਤੇ ਚੰਗੇ ਕੰਮ ਦੇ ਸੂਚਕ ਹਨ। ‘ਨੱਕ’ ਇਨਸਾਨ ਦੇ ਚਾਲ-ਚਲਣ ਉਤੇ ਨਿਗ੍ਹਾ ਰੱਖਦਾ ਹੈ। ਸਮਾਜ ਵਿੱਚ ਜਿਸ ਵਿਅਕਤੀ ਨੇ ਆਪਣਾ ‘ਨੱਕ’ ਰੱਖਿਆ ਹੈ, ਉਸ ਕੋਲ ਸਭ ਕੁਝ ਹੈ। ‘ਨੱਕ’ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦਾ ਹੈ। ‘ਗੈਰ-ਜ਼ਿੰਮੇਵਾਰ, ਨਿਖੱਟੂ ਅਤੇ ਅਵਾਰਾ ਮੰੁਡੇ ਦਾ ਨੱਕ ਹੀ ਸਭ ਤੋਂ ਪਹਿਲਾਂ ਕਾਬੂ ਆਉਂਦਾ ਹੈ। ਇਨ੍ਹਾਂ ਨਿਖੱਟੂਆਂ ਬਾਰੇ ਅਕਸਰ ਕਿਹਾ ਜਾਂਦਾ ਹੈ- ‘ਇਨ੍ਹਾਂ ਦੇ ਨੱਕ ‘ਚ ਵਿਆਹ ਦੀ ਨਕੇਲ ਪਾਉ, ਆਪੇ ਸੁਧਰ ਜਾਣਗੇ।’
ਮਨੁੱਖ ਆਪਣੇ ਆਲੇ-ਦੁਆਲੇ ਨੂੰ ਸ਼ਿੰਗਾਰਦਾ ਹੋਇਆ ਆਪਣੇ-ਆਪ ਨੂੰ ਵੀ ਸ਼ਿੰਗਾਰਨ ਦੀ ਰੁਚੀ ਰੱਖਦਾ ਹੈ। ਆਪਣੇ ਸ਼ਿੰਗਾਰਨ ਦੀ ਰੁਚੀ ਨੂੰ ਉਹ ਗਹਿਣਿਆਂ ਦੇ ਨਾਲ ਪੂਰਾ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਗਹਿਣੇ ਪਾਉਣ ਦਾ ਰਿਵਾਜ ਅਤਿਅੰਤ ਪੁਰਾਤਨ ਹੈ। ਪੰਜਾਬੀ ਸ਼ੌਕੀਨ ਪ੍ਰਵਿਰਤੀ ਵਾਲੇ ਹੋਣ ਕਰਕੇ ਅਤੇ ਆਪਣੇ ਜਿਉਣ ਦੇ ਢੰਗ ਨੂੰ ਬੋਰੀਅਤ ਤੋਂ ਦੂਰ ਰੱਖਣ ਵਾਲੇ ਹੁੰਦੇ ਹਨ। ਉਹ ਆਪਣੇ ਆਪ ਨੂੰ ਹਾਰ-ਸ਼ਿੰਗਾਰ ਨਾਲ ਸਜਾ ਕੇ ਆਪਣੀ ਸ਼ਖ਼ਸੀਅਤ ਨੂੰ ਦੂਸਰੇ ਨਾਲੋਂ ਵਿਲੱਖਣ ਦਿਖਾਉਣ ਵਿੱਚ ਵਿਸ਼ਵਾਸ ਰੱਖਦੇ ਹਨ।
ਪੰਜਾਬੀ ਸਮਾਜ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਗਹਿਣੇ ਪਾਉਂਦੇ ਰਹੇ ਹਨ। ਇਸ ਦੀ ਉਦਾਹਰਣ ਸਾਨੂੰ ਲੋਕ-ਗੀਤਾਂ ਵਿੱਚੋਂ ਮਿਲਦੀ ਹੈ:-
”ਦੁੱਧ ਰਿੜਕੇ ਝਾਂਜਰਾਂ ਵਾਲੀ
ਨੀ ਕੈਂਠੇ ਵਾਲਾ ਧਾਰ ਕੱਢਦਾ।”

ਔਰਤ ਦਾ ਗਹਿਣਾ ਪਹਿਨਣਾ ਆਪਣੇ ਪਤੀ ਜਾਂ ਪ੍ਰੇਮੀ ਨੂੰ ਚੰਗੇ ਲੱਗਣ ਜਾਂ ਨਾ ਲੱਗਣ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। ਗਹਿਣਿਆਂ ਪ੍ਰਤੀ ਔਰਤ ਦਾ ਮੋਹ ਸ਼ੁਰੂ ਤੋਂ ਹੀ ਜ਼ਿਆਦਾ ਰਿਹਾ ਹੈ। ‘ਨੰਗੀ ਰੱਖਦੀ ਕਲਿੱਪ ਵਾਲਾ ਪਾਸਾ, ਸਹੁਰੇ ਕੋਲੋਂ ਘੰੁਡ ਕੱਢਦੀ’, ਮਨੋਬਿਰਤੀ ਵਾਲੀ ਪੰਜਾਬਣ ਨੇ ਸਦਾ ਹੀ ਆਪਣੇ ਆਪ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਸਜਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕੋਸ਼ਿਸ਼ ਸਦਕਾ ‘ਨੱਕ’ ਵੀ ਸ਼ਿੰਗਾਰ ਦਾ ਇੱਕ ਸਾਧਨ ਬਣ ਬੈਠਾ। ‘ਨੱਕ’ ਵਿੱਚ ਪ੍ਰਮੁੱਖ ਤੌਰ ‘ਤੇ ਲੌਂਗ, ਨੱਥ, ਕੋਕਾ, ਮਛਲੀ, ਤੀਲੀ, ਮੇਖ-ਮੁਰਕੀ ਆਦਿ ਗਹਿਣੇ ਪਾਏ ਜਾਂਦੇ ਹਨ। ਇਨ੍ਹਾਂ ਗਹਿਣਿਆਂ ਬਾਰੇ ਲੋਕ-ਬੋਲੀਆਂ ਵਿੱਚ ਇੰਜ ਫਰਮਾਇਆ ਗਿਆ ਹੈ:-
”ਨੱਥ, ਮਛਲੀ, ਮੇਖ ਤੋਂ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ।”
ਜਾਂ
”ਤੀਲੀ ਵਾਲੀ ਟੁੱਟ ਪੈਣੀ ਨੇ,
ਸਾਰੇ ਪਿੰਡ ‘ਚ ਫਤੂਰ ਮਚਾਇਆ।”

ਪੰਜਾਬੀ ਮੁਟਿਆਰ ਨੇ ਭਾਵੇਂ ਸਾਰੇ ਗਹਿਣਿਆਂ ਨੂੰ ਪਿਆਰ ਕੀਤਾ ਪਰ ‘ਨੱਕ’ ਵਿੱਚ ਪੈਣ ਵਾਲਾ ਛੋਟਾ ਮਹਿਕਮਾ ਭਾਵ ਲੌਂਗ ਤੇ ਕੋਕਾ ਉਸ ਲਈ ਵੱਧ ਹਰਮਨਪਿਆਰਾ ਬਣਿਆ। ਇਸ ਗੱਲ ਦੀ ਪੁਸ਼ਟੀ ਇਸ ਲੋਕ-ਬੋਲੀ ਰਾਹੀਂ ਹੋ ਜਾਂਦੀ ਹੈ ਜਿਸ ਵਿੱਚ ਮੁਟਿਆਰ ਆਪਣੇ ਪ੍ਰੇਮੀ ਨੂੰ ਇੰਜ ਸੰਬੋਧਨ ਕਰਦੀ ਹੈ:-
‘ਨੱਕ ਲਈ ਲੌਂਗ ਕਰਾ ਮਿੱਤਰਾ,
ਮੱਛਲੀ ਪਾਉਣਗੇ ਮਾਪੇ।’

ਮੁਟਿਆਰ ਦੀ ਰੀਝ ਪੂਰੀ ਕਰਨ ਉਪਰੰਤ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਆਪਣੀ ਦੁਲਹਨ ਸਵੀਕਾਰਦਾ ਹੋਇਆ ਉਸ ਦੇ ਰੂਪ ਦੀ ਸੁੰਦਰਤਾ ਦਾ ਵਖਿਆਨ ‘ਨੱਕ’ ਤੋਂ ਹੀ ਸ਼ੁਰੂ ਕਰਦਾ ਹੈ ਜਿਵੇਂ:-
”ਨੱਕ ਤੇਰੇ ਵਿੱਚ ਲੌਂਗ ਤੇ ਮਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ-ਫਿੱਕਾ।
ਹੱਥੀਂ ਤੇਰੇ ਛਾਪਾਂ ਛੱਲੇ,
ਬਾਹੀਂ ਚੂੜਾ ਛਣਕੇ,
ਨੀ ਫੇਰ ਕੱਦ ਨੱਚੇਂਗੀ,
ਨੱਚ ਲੈ ਪਟੋਲਾ ਬਣਕੇ।
ਨੀ ਫੇਰ ਕੱਦ…।

‘ਨੱਕ’ ਵਿੱਚ ਛੋਟਾ ਮਹਿਕਮਾ ਪਾਉਣ ਤੋਂ ਬਾਅਦ ਅਕਸਰ ਪੰਜਾਬਣ ਦੀ ਤੋਰ ਹੀ ਬਦਲ ਜਾਂਦੀ ਹੈ। ਇਸ ਸਥਿਤੀ ਵਿੱਚ ਔਰਤ ਉਤੇ ਨਖਰੇ ਦਾ ਭਾਰੂ ਹੋਣਾ ਸੁਭਾਵਿਕ ਹੁੰਦਾ ਹੈ। ਛੋਟਾ ਮਹਿਕਮਾ ਅਤੇ ਨਖਰਾ ਜਦੋਂ ਆਪਸ ਵਿੱਚ ਮਿਲ ਜਾਂਦੇ ਹਨ ਤਾਂ ਮੁਟਿਆਰ ਦਾ ਹੋਰਾਂ ਨੂੰ ਵੇਖ ਕੇ ‘ਨੱਕ’ ਵੱਟ ਕੇ ਕੋਲ ਦੀ ਲੰਘਣਾ ਕੋਈ ਅਨੋਖੀ ਗੱਲ ਨਹੀਂ ਹੁੰਦੀ ਹੈ।
ਅਸਲ ਵਿੱਚ ‘ਨੱਕ’ ਦੇ ਸੁਹੱਪਣ ਦੀ ਪਰਖ ਦੇਸ਼ ਅਤੇ ਸੰਸਕ੍ਰਿਤੀ ਅਨੁਸਾਰ ਹੁੰਦੀ ਹੈ। ਭਾਰਤ ਵਿੱਚ ਲੰਮੇ, ਤਿੱਖੇ, ਇਕਹਿਰੇ ਅਤੇ ਤਰਾਸ਼ੇ ਹੋਏ ‘ਨੱਕ’ ਨੂੰ ਪਸੰਦ ਕੀਤਾ ਜਾਂਦਾ ਹੈ। ਨਵੇਂ ਜੰਮੇ ਬੱਚੇ ਦਾ ‘ਨੱਕ’ ਜੇ ਫਿੱਡਾ ਹੋਵੇ ਤਾਂ ਮਾਲਿਸ਼ ਕਰਨ ਸਮੇਂ ਉਸ ਦਾ ਨੱਕ ਥੋੜ੍ਹਾ-ਥੋੜ੍ਹਾ ਇਸ ਲਈ ਹਰ ਰੋਜ਼ ਖਿੱਚਿਆ ਜਾਂਦਾ ਹੈ ਕਿ ਉਹ ਤਿੱਖਾ ਹੋ ਜਾਵੇ। ਪਰ ਨੇਪਾਲ, ਚੀਨ, ਜਾਪਾਨ ਆਦਿ ਦੇਸ਼ਾਂ ਵਿੱਚ ਬੱਚੇ ਦੇ ‘ਨੱਕ’ ਨੂੰ ਮੁੱਕੀਆਂ ਮਾਰ-ਮਾਰ ਕੇ ਫਿੱਡਾ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਫਿੱਡਾ ‘ਨੱਕ’ ਸੁੰਦਰਤਾ ਦਾ ਸੂਚਕ ਹੈ। ਕੁਝ ਵੀ ਹੋਵੇ, ‘ਨੱਕ’ ਦੀ ਸੰਭਾਲ ਹਰ ਦੇਸ਼ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਜੇਕਰ ਦੁਲਹਨ ਦੇ ‘ਨੱਕ’ ਨੂੰ ਨਾ ਸ਼ਿੰਗਾਰਿਆ ਜਾਵੇ ਤਾਂ ਉਸ ਦਾ ਹਾਰ ਸ਼ਿੰਗਾਰ ਅਧੂਰਾ ਹੀ ਮੰਨਿਆ ਜਾਂਦਾ ਹੈ।
‘ਨੱਕ’ ਦਾ ਸਾਹਿਤਕ ਯੋਗਦਾਨ ਵੀ ਕੋਈ ਘੱਟ ਨਹੀਂ। ‘ਨੱਕ’ ਨੇ ਹਰ ਭਾਸ਼ਾ ਦੇ ਸਾਹਿਤ ਭੰਡਾਰ ਨੂੰ ਅਮੀਰ ਬਣਾਉਣ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾਇਆ ਹੈ। ਮੁਹਾਵਰਾ ਅਤੇ ਅਖਾਣ ਕੋਸ਼ ਤਾਂ ‘ਨੱਕ’ ਦਾ ਵਿਸ਼ੇਸ਼ ਰਿਣੀ ਹੈ। ‘ਨੱਕ’ ਨੇ ਪਤਾ ਨਹੀਂ ਕਿੰਨੇ ਕੁ ਮੁਹਾਵਰੇ ਅਤੇ ਅਖਾਣ ਹਰ ਭਾਸ਼ਾ ਅਤੇ ਸਾਹਿਤ ਨੂੰ ਪ੍ਰਦਾਨ ਕੀਤੇ ਹਨ। ‘ਨੱਕ’ ਨਾਲ ਸਬੰਧਤ ਕੁਝ ਪੰਜਾਬੀ ਮੁਹਾਵਰੇ ਵੇਖਣਯੋਗ ਹਨ:-
ਨੱਕ ‘ਚ ਨਕੇਲ ਪਾਉਣਾ, ਨੱਕ ‘ਤੇ ਮੱਖੀ ਨਾ ਬੈਠਣ ਦੇਣਾ, ਨੱਕ ਨਾਲ ਲਕੀਰਾਂ ਕੱਢਣੀਆਂ, ਨਾਸੀਂ ਧੰੂਆਂ ਦੇਣਾ, ਨੱਕ ਰੱਖਣਾ, ਨੱਕ ਵੱਢਣਾ, ਨੱਕ ਵੱਟਣਾ, ਨੱਕ ਥੱਲੇ ਨਾ ਆਉਣਾ, ਨੱਕ ਚਾੜ੍ਹਨਾ, ਨੱਕ ‘ਤੇ ਗੁੱਸਾ ਰਹਿਣਾ ਆਦਿ। ਦਿਮਾਗ ਤੇਜ਼ ਕਰਨ ਵਾਲੀਆਂ ਬੁਝਾਰਤਾਂ ਵੀ ‘ਨੱਕ’ ਦੇ ਸਪਰਸ਼ ਤੋਂ ਨਹੀਂ ਬਚ ਸਕੀਆਂ ਜਿਵੇਂ: ‘ਇੱਕ ਹਵੇਲੀ ਦੋ ਦਰਵਾਜ਼ੇ’, ‘ਦੋ ਗਲੀਆਂ ਇਕ ਬਾਜ਼ਾਰ’ ਆਦਿ।
ਅੱਜ ਦੇ ਆਧੁਨਿਕ ਦੌਰ ਵਿੱਚ ‘ਨੱਕ’ ਨੇ ਆਪਣੇ ਆਪ ਨੂੰ ਹੋਰ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੰੁਡੇ ਅਤੇ ਕੁੜੀਆਂ ਮਾਡçਲੰਗ ਦੇ ਖੇਤਰ ਵਿੱਚ ਆਪਣਾ ਨਾਮ ਤੇ ਪੈਸਾ ਕਮਾਉਣ ਲਈ, ਆਪਣੇ ‘ਨੱਕ’ ਦੀ ਸਰਜਰੀ ਕਰਵਾਉਂਦੇ ਹਨ। ਇਸ ਤੋਂ ਇਲਾਵਾ ਅੱਜ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ‘ਨੱਕ’ ਉੱਪਰ ਚਿੱਤਰਕਾਰੀ (ਟੈਟੂ) ਵੀ ਕਰਵਾਈ ਜਾਂਦੀ ਹੈ। ‘ਨੱਕ’ ਉਤੇ ਧਾਰਨ ਕਰਨ ਵਾਲੇ ਗਹਿਣਿਆਂ ਦੀ ਆਪਣੀ ਮਹੱਤਤਾ ਹੈ ਤੇ ਇਸ ਮਹੱਤਤਾ ਨੂੰ ਕੇਵਲ ਔਰਤ ਜਾਤੀ ਵੱਲੋਂ ਹੀ ਉਜਾਗਰ ਕੀਤਾ ਜਾ ਸਕਦਾ ਹੈ। ਅੱਜ ਕੁਝ ਫੈਸ਼ਨ ਦੇ ਦੀਵਾਨੇ ਨੌਜਵਾਨ ਆਪਣੇ ਆਪ ਨੂੰ ਵੱਧ ਖ਼ੂਬਸੂਰਤ ਵਿਖਾਉਣ ਦੇ ਚਾਅ ਵਿੱਚ ਔਰਤ ਅਤੇ ਮਰਦ ਦੇ ਗਹਿਣਿਆਂ ਦੇ ਅੰਤਰ ਨੂੰ ਭੁੱਲ ਗਏ ਹਨ। ਅੱਜ ਪੱਛਮੀ ਚਕਾਚੌਂਧ ਹੇਠ ਔਰਤ ਮਰਦ ਬਣਨਾ ਚਾਹੁੰਦੀ ਹੈ ਤੇ ਮਰਦ ਔਰਤ ਬਣਨਾ ਪਸੰਦ ਕਰਦਾ ਹੈ। ਅੱਜ ਲੋੜ ਹੈ ਨੌਜਵਾਨ ਪੰਜਾਬੀ ਸੱਭਿਆਚਾਰ ਨੂੰ ਸਮਝਦਾ ਹੋਇਆ- ਕੈਂਠਾ, ਕੜਾ ਤੇ ਤਵੀਤ ਨੂੰ ਆਪਣੇ ਆਕਰਸ਼ਣ ਦਾ ਆਧਾਰ ਬਣਾਵੇ। ਦੂਸਰੇ ਪਾਸੇ ਛੋਟਾ ਮਹਿਕਮਾ ਜਿੱਥੇ ‘ਨੱਕ’ ਵਿੱਚ ਜੁੜ ਕੇ ਔਰਤ ਦੀ ਸੁੰਦਰਤਾ ਨੂੰ ਵਧਾਉਂਦਾ ਹੈ, ਉੱਥੇ ਔਰਤ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਸ ਗਹਿਣੇ ਨੂੰ ਧਾਰਨ ਕਰਕੇ ਹਮੇਸ਼ਾ ਆਪਣੇ ਬਾਬਲੇ ਦੀ ਪੱਗ ਨੂੰ ਬੇਦਾਗ ਰੱਖੇ।
 
Top