ਪੰਜਾਬ ਦੇ ਰਸਮ-ਰਿਵਾਜ਼

ਰਸਮ-ਰਿਵਾਜ, ਰਹੁ-ਰੀਤਾਂ ਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਜੀਵਨ-ਨਾਟਕ ਦੀਆਂ ਇਹਨਾਂ ਤਿੰਨਾਂ ਝਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ। ਇਹਨਾਂ ਦੇ ਪਾਤਰ ਸਾਡੇ ਪਰਵਾਰ ਦੇ ਹਾਜ਼ਰ ਦੇਵਤਾ ਜਲ ਤੇ ਬੈਸੰਤਰ ਭਾਵ ਜਲ-ਪਰਮੇਸਰ ਤੇ ਬਸੰਤਰ ਦੇਵਤਾ ਹੁੰਦੇ ਹਨ। ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ, ਦਾਈ ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ।

ਇਹ ਸੰਸਕਾਰ ਕਿਵੇਂ ਉਪਜੇ ਅਤੇ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਕੰਮ ਕਰ ਰਹੇ ਸਨ, ਇਹ ਬੜਾ ਦਿਲਚਸਪ ਵਿਸ਼ਾ ਹੈ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰੀਝਾਉਣ ਵਿੱਚੋ ਲੱਭਿਆ ਜਾ ਸਕਦਾ ਹੈ।

ਕੁਝ ਸੰਸਕਾਰ, ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ-ਬ੍ਰਹਮਚਰਜ, ਗ੍ਰਿਹਸਥ, ਬਾਨਪ੍ਰਸਥ ਤੇ ਸੰਨਿਆਸ-ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ। ਇਹਨਾਂ ਦੀ ਮਰਿਆਦਾ ਵਿੱਚ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਦਿੰਦੇ ਸਨ। ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਪ ਹੁੰਦੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਹਨਾਂ ਦੀ ਸਾਂਭ-ਸੰਭਾਲ ਤੇ ਵਰਣਨ ਬੜਾ ਜ਼ਰੂਰੀ ਹੋ ਗਿਆ ਹੈ।

ਸਾਡੇ ਬਹੁਤ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ। ਅਗਨੀ ਚਾਨਣ ਦਾ ਚਿੰਨ੍ਹ ਹੈ; ਪਾਣੀ ਸ਼ੁੱਧਤਾ ਦਾ, ਲੋਹਾ ਬਚਾਉ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਛ ਦੀ ਟਹਿਣੀ ਜਾਂ ਰਹੀ ਘਾਹ ਜਿਸ ਨੂੰ 'ਦੁੱਬ' ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਗਰਭ-ਸੰਸਕਾਰ ਬਾਰੇ ਗੱਲ ਕਰਦੇ ਹਾਂ। ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂ ਉਸ ਦੇ ਪੱਲੇ ਪਾਇਆ ਜਾਂਦਾ ਹੈ। (ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ।) ਉਹ ਇਸ ਨੂੰ ਰਿੰਨ੍ਹ ਕੇ ਖਾਂਦੀ ਹੈ ਤੇ ਭਾਈਚਾਰੇ ਵਿੱਚ ਵੰਡਦੀ ਹੈ। ਵਧੇਰੇ ਕਰਕੇ, ਖਾਸ ਕਰ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਪਿੰਡ ਹੁੰਦਾ ਸੀ। ਇਸ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ-ਪਤਨੀ, ਪਤਨੀ ਦੇ ਸਹੁਰਿਆਂ ਵਲੋਂ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਹਨ। ਚੇਤੇ ਰਹੇ ਕਿ ਪੰਜਾਬ ਵਿੱਚ ਪਹਿਲਾਂ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੰਦੇ ਸਨ। ਪੇਕੇ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂੰ ਹੁੰਦੀ ਸੀ।

ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੇ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਿਹੜਾ ਦਸ ਦਿਨ ਲਗਾਤਾਰ ਜਲਦਾ ਰਹਿੰਦਾ ਸੀ । ਮੁੰਡਾ ਜਮਿਆਂ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਸਨ। ਦੁੱਬ ਨੂੰ ਖ਼ਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ।ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿੱਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ। ਇਹ ਰੀਤਾਂ ਹਾਲੀਂ ਵੀ ਕਾਇਮ ਹਨ।

ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਪਰਮ ਮਹੱਤਵਪੂਰਨ ਮੰਨੀ ਜਾਂਦੀ ਹੈ। ਬੱਚੇ ਨੂੰ ਦਿੱਤੀ 'ਗੁੜ੍ਹਤੀ' ਦਾ ਬੱਚੇ ਦੇ ਸੁਭਾਉ ਉਤੇ ਚੋਖਾ ਅਸਰ ਹੁੰਦਾ ਮਨਿਆ ਜਾਦਾ ਹੈ। ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿੱਚ ਧਾਰ ਲੈਂਦੀਆਂ ਹਨ ਜਿਸ ਤੋਂ ਗੁੜ੍ਹਤੀ ਦਿਵਾਉਣੀ ਹੁੰਦੀ ਹੈ। ਉਹ ਆਪਣੇ ਬੱਚੇ ਨੂੰ ਉਸੇ ਵਰਗਾ ਬਣਦਾ ਵੇਖਣ ਦੀਆਂ ਚਾਹਵਾਨ ਹੁੰਦੀਆਂ ਹਨ। ਗੁੜ੍ਹਤੀ ਮਿਸਰੀ ਦੀ ਡਲੀ ਜਾਂ ਕਿਸੇ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ ਗੁੜ੍ਹਤੀ ਦੇਣ ਦੇ ਸਮੇਂ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ।

ਜਣੇਪੇ ਤੋਂ ਪੰਜ ਦਿਨ ਪਿੱਛੋਂ 'ਪੰਜਵੀਂ-ਨਹਾਉਣ' ਦੀ ਰੀਤ । ਪੰਜਵੇਂ ਦਿਨ ਮਾਵਾਂ ਪਾਣੀ ਵਿੱਚ ਸੇਂਜੀ,ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀਆਂ ਹਨ। ਇਹ 'ਪੰਜਵੀਂ-ਨਹਾਉਣ' ਦਾਈ ਕਰਾਉਂਦੀ ਹੈ। ਨਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦੀ ਰਖਾ ਲੈਂਦੀ ਹੈ, ਜਿਹੜੀ ਬਾਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਹੈ।

ਛੇਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ। ਇਸ ਰੀਤ ਨੂੰ ਪੰਜਾਬ ਵਿੱਚ 'ਛਟੀ' ਕਹਿੰਦੇ ਹਨ।ਇਸ ਵੇਲੇ ਮਾਂ ਰੱਜ ਕੇ ਖਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ।

ਪੰਜਾਬ ਵਿੱਚ 'ਬਾਹਰ ਵਧਾਉਣ' ਦੀ ਰਸਮ ਤੇਰ੍ਹਵੇਂ ਦਿਨ ਕੀਤੀ ਜਾਂਦੀ ਹੈ।ਮੁੰਡਾ ਹੋਵੇ ਤਾਂ ਇਸੇ ਸਮੇਂ ਸਾਰੇ ਲਾਗੀ ਤੋਹਫੇ਼ ਲੈ ਕੇ ਵਧਾਈਆਂ ਦੇਣ ਆਉਂਦੇ ਹਨ।ਮਹਿਰਾ ਮੌਲੀ ਵਿੱਚ ਸਰੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ-ਡੰਡਾ,ਮੋਚੀ ਮੌਜੇ,ਘੁਮਿਆਰ ਨ੍ਹਾਉਣ ਵਾਲਾ ਢੋਰਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਪੇਸ਼ ਕਰਦੀ ਹੈ। ਇਹਨਾਂ ਤੋਹਫਿ਼ਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬਣਦਾ-ਸਰਦਾ ਲਾਗ ਦਿੱਤਾ ਜਾਂਦਾ ਹੈ। ਘਰ ਵਾਲੇ ਲਾਗੀਆਂ ਨੂੰ ਲਾਗ ਦੇ ਕੇ ਭਾਈਚਾਰੇ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ। ਬਾਹਰੋਂ ਚੰਗੇ ਸ਼ਗਨਾਂ ਵਾਸਤੇ ਉਹ ਹਰਾ ਘਾਹ ਪੁੱਟ ਲਿਆਉਂਦੀ ਹੈ ਅਤੇ ਇਸ ਨੂੰ ਲਿਆ ਕੇ ਆਪਣੇ ਸਿਰ੍ਹਾਣੇ ਰਖ ਲੈਂਦੀ ਹੈ। ਇਹ ਘਾਹ ਹਰ ਪ੍ਰਕਾਰ ਉਸ ਦੀ ਰਾਖੀ ਕਰਦਾ ਮੰਨਿਆ ਜਾਂਦਾ ਹੈ।

ਮੁੰਡਾ ਹੋਵੇ ਤਾਂ ਬਹੁਤੀ ਥਾਈਂ ਇਸੇ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ, ਖੰਮਣੀ ਤੇ ਗੁੜ ਦੀ ਭੇਲੀ ਭੇਜਦੇ ਹਨ। ਥੋੜ੍ਹਾ ਬਹੁਤ ਸ਼ਗਨ ਬਾਕੀ ਅੰਗਾਂ-ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ। ਉਹ ਅੱਗੇ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ, ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਰ ਆਦਿ ਘੱਲਦੇ ਹਨ। ਉਂਞ ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ 'ਛੂਛਕ' ਭੇਜਣ ਦਾ ਰਿਵਾਜ ਆਮ ਹੈ। ਮੁੰਡੇ ਦੇ ਜਨਮ ਤੋਂ ਪਿੱਛੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ-ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ।

ਪੰਜਾਬ ਵਿੱਚ 'ਨਾਂ ਰੱਖਣ' ਵਾਸਤੇ ਕੋਈ ਖਾਸ 'ਨਾਮ-ਸੰਸਕਾਰ' ਨਹੀਂ ਮਨਾਇਆ ਜਾਂਦਾ। ਕਈ ਵਾਰੀ ਭਰਾਈ ਜਿਹੜਾ ਨਾਮ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੀ-ਆਪਣੀ ਧਾਰਮਿਕ ਪੁਸਤਕ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਖੁੱਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ।

ਹਿੰਦੂ ਪਰਿਵਾਰਾਂ ਵਿੱਚ 'ਮੁੰਡਨ ਸੰਸਕਾਰ' ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ। ਮੁੰਡਨ ਤੋਂ ਪਿੱਛੋਂ, 'ਜਨੇਊ ਪਹਿਨਣ' ਤੱਕ ਪੰਜਾਬ ਦੇ ਹਿੰਦੂ ਆਮ ਤੌਰ ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ।

ਜਿਵੇਂ ਹਿੰਦੂ ਜਨੇਊ ਪਹਿਨਦੇ ਹਨ ਉਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ। ਮੋਟੇ ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਇਹੀ ਮੁੱਖ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਭ ਕਰਦੇ ਹਨ। ਭਾਵੇਂ ਹਰ ਫ਼ਿਰਕਾ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸ਼ਰ੍ਹਾ ਅਨੁਸਾਰ ਇਹਨਾਂ ਵਿੱਚ ਤਬਦੀਲੀ ਕਰ ਲੈਂਦਾ ਹੈ।

ਪਰ ਇਹ ਸਾਰੇ ਚਾਉ-ਮਲ੍ਹਾਰ ਤੇ ਰਸਮਾਂ-ਰੀਤਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸਨ। ਧੀ ਜੰਮਦੀ ਸੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ। ਨਾ ਕੋਈ ਵਧਾਈ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ 'ਨਾਮ ਕਰਨ ਸੰਸਕਾਰ' ਵੀ ਕੋਈ ਨਹੀਂ ਸੀ ਹੁੰਦਾ, 'ਕੰਨ-ਵਿੱਧ ਸੰਸਕਾਰ' ਵੀ ਨਾਂ ਮਾਤਰ ਹੀ ਹੁੰਦਾ ਸੀ। ਕੋਈ ਵਣਜਾਰਾ ਵੰਙਾਂ ਚੜ੍ਹਾਉਣ ਆਵੇ ਤਾਂ ਕੰਨ ਵਿਨ੍ਹ ਜਾਂਦਾ ਸੀ। ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ-ਚੁਆਨੀ ਲੈ ਕੇ ਦੇ ਦਿੰਦੀਆਂ ਸਨ। ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀ ਕੋਣ ਬਦਲ ਰਿਹਾ ਹੈ। ਛੋਟੇ ਪਰਿਵਾਰਾਂ ਦੀ ਲੋੜ ਨੇ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਦਿੱਤਾ ਹੈ। ਉਂਞ ਵੀ ਧੀਆਂ ਕਮਾਉਣ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ ਤੇ ਹੋ ਰਿਹਾ ਹੈ।

ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ, 'ਰੋਕਣ' ਜਾਂ 'ਠਾਕਣ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਈਆ ਭੇਜ ਦਿੰਦੇ ਹਨ ਜਿਸ ਦਾ ਭਾਵ ਇਹ ਹੁੰਦਾ ਹੈ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ।

ਵਰ ਲੱਭ ਕੇ ਨਾਤਾ ਤੈਅ ਹੋ ਜਾਣ ਤੋਂ ਪਿੱਛੋਂ 'ਕੁੜਮਾਈ' ਜਾਂ 'ਸਗਾਈ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮਣੀ, ਰੁਪਈਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਆਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਨੂੰ ਘੱਲ ਦਿੰਦੇ ਹਨ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਅਤੇ ਸਰੀਕੇ ਵਿੱਚ ਸੱਦਾ ਭੇਜਿਆ ਹੁੰਦਾ ਹੈ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਕੀ ਤੇ ਬਿਠਾ ਲੈਂਦੇ ਹਨ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜਾਂ ਉਸ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ ਹੈ। ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਛੁਆਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ ਹੈ। ਬਾਕੀ ਛੁਆਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੁੰਦੀ ਹੈ। ਭਾਈਚਾਰੇ ਦੀਆਂ ਇਸਤਰੀਆਂ ਇੱਕ-ਇੱਕ ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਹਨ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਜਾਂ ਸਹਾਰਾ ਦੇ ਕੇ ਚੌਂਕੀ ਤੋਂ ਉਤਾਰ ਲੈਂਦਾ ਹੈ। ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੰਦੇ ਹਨ।

ਮੁੰਡੇ ਵਾਲੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਘੱਲਦੇ ਹਨ। ਕੁੜੀ ਆਪਣੇ ਘਰ ਨ੍ਹਾ ਧੋ, ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੁੰਹ ਕਰ ਕੇ ਪੀੜ੍ਹੇ ਤੇ ਬੈਠ ਜਾਂਦੀ ਹੈ। ਪਿੰਡ ਦੀ ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੁੰਹ ਵਿੱਚ ਪਾ ਦਿੰਦੀ ਹੈ। ਇਸ ਤਰ੍ਹਾਂ ਉਸ ਦੀ ਵੀ ਸਗਾਈ ਹੋ ਜਾਂਦੀ ਹੈ। ਲਾਲ ਪਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਹੈ, ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ। ਸਹੁਰਿਆਂ ਵੱਲੋਂ ਆਏ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲਿਆਂ ਨੂੰ ਖੁਆਏ ਜਾਂਦੇ ਹਨ। ਥੋੜ੍ਹੇ ਥੋੜ੍ਹੇ ਸ਼ਗਨਾਂ ਦੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ। ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ ਹੈ। ਕੁੜਮਾਈ ਤੋਂ ਵਿਆਹ ਤੱਕ ਹੋਰ ਕੋਈ ਰਸਮ ਨਹੀਂ ਹੁੰਦੀ।

ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨੀਅਤ ਕਰ ਲਈ ਜਾਂਦੀ ਹੈ। ਇਸ ਨੂੰ 'ਸਾਹਾ ਕਢਾੳਣਾ' ਕਹਿੰਦੇ ਹਨ।

ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ 'ਸਾਹੇ ਚਿੱਠੀ' ਜਾਂ 'ਲਗਨ' ਲਿਖਾਉਂਦੇ ਹਨ। ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮਣੀ ਆਦਿ ਵਿੱਚ ਵਲ੍ਹੇਟ ਕੇ ਨਾਈ, ਪੰਡਤ, ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲ੍ਹੀ ਅਤੇ ਪੜ੍ਹੀ ਜਾਂਦੀ ਹੈ। ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ।

ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀ ਵਾਲੇ ਭਾਈਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ। ਅੱਜ-ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ, ਜਿਸ ਵਿੱਚ ਵਿੱਤ ਅਨੁਸਾਰ ਸਭ ਦੇ ਸਭ ਹਿੱਸਾ ਪਾਉਂਦੇ ਹਨ। ਮੁੰਡੇ ਵਾਲੇ ਵੀ ਆਪਣੇ ਘਰ ਵਰੀ ਆਦਿ ਤਿਆਰ ਕਰਨ ਲਗ ਜਾਂਦੇ ਹਨ।

ਜਿਸ ਦਿਨ ਤੋਂ ਲਗਨ ਭੇਜ ਦਿੱਤਾ ਜਾਂਦਾ ਹੈ, ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨ੍ਹਾਂ ਹੋ ਜਾਂਦਾ ਹੈ। ਇਸ ਨੂੰ 'ਸਾਹੇ ਲੱਤ ਬੰਨ੍ਹਣਾ' ਜਾਂ 'ਥੜ੍ਹੇ ਪਾਉਣਾ' ਕਹਿੰਦੇ ਹਨ। ਅਜਿਹਾ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਬਚਣ ਲਈ ਕੀਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇੱਕਠੀਆਂ ਕਰ ਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ। ਇਹ ਸੱਤ ਸੁਹਾਗਣਾਂ ਵਿਆਹ ਦੇ ਹਰ ਕੰਮ ਲਈ ਇੱਕਠੀਆਂ ਹੁੰਦੀਆਂ ਹਨ। ਇੱਕ ਸਮਾਂ ਉਹ ਵੀ ਸੀ ਕਿ ਇਹਨਾਂ ਵਿੱਚੋਂ ਇੱਕ ਵੀ ਘੱਟ ਹੋਵੇ ਤਾਂ ਕੋਈ ਰਸਮ ਸ਼ੁਰੂ ਨਹੀਂ ਸੀ ਹੁੰਦੀ।

ਸੱਤ ਜਾਂ ਨੌ ਦਿਨ ਪਹਿਲਾਂ 'ਕੜਾਹੀ ਚੜ੍ਹਾਈ' ਜਾਂਦੀ ਹੈ। ਵਿਆਂਹਦੜ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ। ਉਹ 'ਨਾਨਕੀ ਛੱਕ' ਦੀ ਤਿਆਰੀ ਕਰਨ ਲਗ ਜਾਂਦੇ ਹਨ। ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ। ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਇੱਕ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਹੁੰਦਾ ਹੈ। ਇਹ ਵਟਣਾ ਘਾਹ ਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ ਦੀ ਲਿਟ ਨੂੰ ਲਾਇਆ ਜਾਂਦਾ ਹੈ। ਇਸ ਤੋਂ ਪਿਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ। ਇਹ ਵਿਆਹ ਵਾਲੇ ਦਿਨ ਤੱਕ ਲਗਦਾ ਰਹਿੰਦਾ ਹੈ।

ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵਧੇਰਾ ਮੇਲ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਣ ਤੇ ਕੱਪੜੇ-ਲੀੜੇ ਲੈ ਕੇ ਆਉਂਦੇ ਹਨ। ਇਹ ਵੀ ਆਮ ਹੈ ਕਿ ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ। ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬਲਾਉਂਦਾ ਪਿੰਡ ਦੀ ਜੂਹ ਵਿੱਚ ਵੜਦਾ ਹੈ। ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਲਈ ਉਡੀਕ ਰਹੇ ਹੁੰਦੇ ਹਨ।

ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ ਕੇ ਨੁਹਾ ਦਿੰਦੇ ਹਨ। ਨੁਹਾ ਕੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ੍ਹ (ਮੁਕਟ) ਜਾਂ ਮੱਥੇ ਤੇ ਸਿਹਰਾ ਬੰਨ੍ਹ ਦਿੰਦੇ ਹਨ। ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ।

ਇਸ ਤੋਂ ਪਿੱਛੋਂ 'ਘੋੜੀ' ਦੀ ਰੀਤ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ 'ਸੁਰਮਾ ਪੁਆਈ' ਲੈ ਲੈਂਦੀ ਹੈ। ਉਸ ਤੋਂ ਪਿੱਛੋ ਉਸ ਦੀ ਭੈਣ ਵਾਂਗ ਫੜਦੀ ਹੈ ਤੇ ਲੜ ਜਾਂ ਪੱਲਾ ਝੱਲਦੀ ਨਾਲ ਤੁਰਦੀ ਹੈ। ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਪੂਰੇ ਸ਼ਗਨ ਮਨਾ ਕੇ ਉਸ ਨੂੰ ਮੋਟਰ, ਰੱਥ ਆਦਿ ਵਿੱਚ ਬਿਠਾ ਦਿੰਦੀਆਂ ਹਨ। ਘੋੜੀ ਉੱਤੋਂ ਉਤਾਰਨ ਤੋਂ ਪਹਿਲਾਂ ਉਹ ਵਾਗ ਫੜਨ ਵਾਲੀ ਭੈਣ ਨੂੰ 'ਵਾਗ ਫੜਾਈ' ਦੇ ਕੇ ਬਾਕੀ ਭੇਣਾਂ ਨੂੰ ਖ਼ੁਸ਼ੀਆਂ ਵਿੱਚ ਰੁਪਈਏ ਵੰਡਦਾ ਘੋੜੀ ਚੜ੍ਹ ਜਾਂਦਾ ਹੈ।

ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜ੍ਹੀ ਹੁੰਦੀ ਹੈ। ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ 'ਮਿਲਣੀ' ਹੁੰਦੀ ਹੈ। ਮਿਲਣੀ ਤੋਂ ਪਿੱਛੋਂ ਜੰਞ ਡੇਰੇ (ਜੰਨਵਾਸ) ਪਹੁੰਚ ਜਾਂਦੀ ਹੈ। ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ। ਜੇ ਜਾਂਞੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਿਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ।

ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ। ਪਰ ਇਹਨਾਂ ਰਸਮਾਂ ਵਿੱਚ ਥਾਂ ਥਾਂ ਤੇ ਰਿਵਾਜ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ। ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ। ਇੱਥੇ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦੇ ਕੇ ਸਨਮਾਨਦੀ ਹੈ। ਸਿੰਘ ਸਭਾ ਲਹਿਰ ਨੇ ਅਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇੱਥੇ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਸੁਹਾਗ-ਜੋੜੀ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾਂ ਭਾਈ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦਾ ਹੈ। ਅਨੰਦ-ਕਾਰਜ ਜਾਂ ਲਗਨ-ਫੇਰਿਆਂ ਨਾਲ ਅਸਲੀ ਕਾਰਜ ਖ਼ਤਮ ਹੋ ਜਾਂਦਾ ਹੈ।

ਫਿਰ 'ਵਰੀ' ਹੁੰਦੀ ਹੈ। ਜਾਞੀਂ ਜਿਹੜੀ ਵੀ 'ਵਰੀ' ਲੈ ਕੇ ਆਏ ਹੋਣ, ਥਾਲੀਆਂ, ਟੋਕਰਿਆਂ ਵਿੱਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ। ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ।

ਇਸੇ ਤਰ੍ਹਾਂ ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ 'ਦਾਜ' ਤੇ 'ਖੱਟ' ਵਿਖਾਉਂਦੇ ਹਨ। ਇਸ ਵਿੱਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਜਾਂ ਆਪਣੀ ਧੀ ਨੂੰ ਦਿੰਦੇ ਹਨ। ਦਾਜ ਵੇਖ ਕੇ ਬਰਾਤ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਤੇ ਉਸਦਾ ਸਰਬਾਲ੍ਹਾ ਬੈਠਾ ਰਹਿੰਦਾ ਹੈ। ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ। ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਆਦਿ ਸੁਣਦੀਆਂ ਹਨ। ਸਰਬਾਹਲੇ ਨੂੰ ਤਾਂ ਬਸ ਹੱਥਾਂ ਉੱਤੇ ਹੀ ਚੁੱਕ ਲੈਂਦੀਆਂ ਹਨ।

ਇਸ ਤੋਂ ਪਿੱਛੋਂ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲੀ ਜਾਂ ਰਥ ਵਿੱਚ ਬਿਠਾ ਆਉਂਦਾ ਹੈ।

ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੁੰਹ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ ਪਾਣੀ ਨਾਲ 'ਵਾਰਨੇ' ਵਾਰਦੀ ਹੈ। ਉਹ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀ ਵਾਰੀ ਤਾਂ ਉਸ ਦੀਆਂ ਦਿਰਾਣੀਆਂ ਜਿਠਾਣੀਆਂ ਉਸ ਨੂੰ ਬਿਲਕੁਲ ਹੀ ਉਹ ਪਾਣੀ ਨਹੀਂ ਪੀਣ ਦਿੰਦੀਆਂ। ਇਸ ਤੋਂ ਪਿੱਛੋਂ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਮੂੰਹ ਵੇਖਦੀਆਂ ਹਨ।

ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ। ਕਈ ਥਾਂਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ ਸੱਤ ਛਟੀਆਂ ਮਾਰਦੇ ਹਨ। ਇਸੇ ਸ਼ਾਮ ਉਹ 'ਕੰਙਣਾ' ਖੇਲਦੇ ਹਨ।

ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ 'ਦਿਖਾਵਾ' ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ 'ਪੇਟੀ ਖੁਲ੍ਹਾਈ' ਦਾ ਮਨਭਾਉਂਦਾ ਸੂਟ ਕੱਢ ਲੈਂਦੀ ਹੈ। ਵਿਆਹ ਦੀਆਂ ਇਹਨਾਂ ਰਸਮਾਂ ਵਿੱਚ ਹੁਣ ਕਿਤੇ-ਕਿਤੇ ਤਬਦੀਲੀ ਆ ਗਈ ਹੈ।

ਜਨਮ ਅਤੇ ਵਿਆਹ ਦੀਆਂ ਮੁੱਖ ਰਸਮਾਂ ਤੋਂ ਪਿੱਛੋਂ ਅਕਾਲ ਚਲਾਣੇ ਜਾਂ ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਘਰ ਵਿੱਚ ਵੈਣ ਪਾਉਣ ਲਗ ਜਾਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਉਸ ਦੇ ਚੰਗੇ ਅਮਲਾਂ ਦੀ ਸਿਫ਼ਤ ਕਰਦੇ ਹਨ।

ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇ ਇਸਤਰੀ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ, ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ, ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ।

ਮ੍ਰਿਤਕ ਨੂੰ ਨੁਹਾਉਂਦਿਆਂ, ਓਧਰ ਚਿਖਾ ਵਾਸਤੇ ਬਾਲਣ ਢੋ ਲਿਆ ਜਾਂਦਾ ਹੈ ਤੇ ਏਧਰ ਅਰਥੀ ਤਿਆਰ ਕਰ ਲਈ ਜਾਂਦੀ ਹੈ। ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ। ਕਿੱਲਾਂ ਦੀ ਥਾਂ ਬੱਭੜ ਆਦਿ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨ੍ਹਿਆ ਜਾਂਦਾ ਹੈ।

ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ। ਘਰੋਂ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇਹੀ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ।

ਅੱਧ ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ। ਚਿਖਾ ਵਾਸਤੇ ਲੱਕੜੀ ਚਿਣ ਲੈਂਦੇ ਹਨ। ਫਿਰ ਮ੍ਰਿਤਕ ਦੇਹੀ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਉ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਦੁਆਲੇ ਕੱਢਦਾ ਹੈ। ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਟਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸ ਨੂੰ "ਕਪਾਲ ਕ੍ਰਿਆ" ਕਹਿੰਦੇ ਹਨ।

'ਕਪਾਲ ਕ੍ਰਿਆ' ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਤੱਕਣ ਤੋਂ ਵਾਪਸ ਤੁਰ ਪੈਂਦੇ ਹਨ। ਸਾਰੇ ਆਦਮੀ ਇਹਨਾਂ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ, ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।

ਰਾਸਤੇ ਵਿਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪਰ ਉੱਤੇ ਹੋ ਸਕੇ ਤਾਂ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ। ਫੁੱਲਾਂ ਨੂੰ ਹਰਿਦਵਾਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਜਾਂਦਾ ਹੈ।

ਇਸ ਤੋਂ ਪਿੱਛੋਂ ਕੁਝ ਦਿਨ ਦੂਰ-ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ। ਹੰਗਾਮੇ ਦੇ ਸਮੇਂ ਇੱਕ ਰਸਮ 'ਦਸਤਾਰਬੰਦੀ' ਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।

ਜਿੱਥੋਂ ਤੱਕ ਮੁਸਲਮ ਭਾਈਚਾਰੇ ਦਾ ਸੰਬੰਧ ਹੈ ਉਹਨਾਂ ਦੀਆਂ ਰਸਮਾਂ ਵਿੱਚ ਦੋ ਵੱਡੇ ਫਰਕ ਹਨ। ਉਹ ਅੰਮ੍ਰਿਤ-ਪਾਨ/ਜਨੇਉ ਦੀ ਥਾਂ ਸੁੰਨਤ ਦੀ ਰਸਮ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਥਾਂ ਦਫ਼ਨਾਉਂਦੇ ਹਨ।

ਇਸ ਤਰ੍ਹਾਂ ਜੀਵਨ-ਨਾਟਕ ਦੇ ਆਰੰਭ ਤੋਂ ਅੰਤ ਤੱਕ ਵਿਭਿੰਨ ਰਸਮ-ਰਿਵਾਜ ਕੀਤੇ ਜਾਂਦੇ ਹਨ। ਇਹਨਾਂ ਦੀ ਪੂਰਤੀ ਵਿੱਚ ਦਾਈ, ਨਾਈ ਤੇ ਭਾਈ ਕ੍ਰਮਵਾਰ ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਵਿੱਚ ਮਹੱਤਵਪੂਰਨ ਭਾਗ ਲੈਂਦੇ ਹਨ। ਸਮੇਂ ਦੇ ਬਦਲਾਉ ਨਾਲ ਉਪਰ ਦੱਸੇ ਰਸਮ-ਰਿਵਾਜ਼ਾਂ ਵਿੱਚ ਵੀ ਕਿਤੇ-ਕਿਤੇ ਤਬਦੀਲੀ ਆਈ ਹੈ।
 
Top