ਪੰਜਾਬ ਦੇ ਮੇਲੇ ਤੇ ਤਿਉਹਾਰ

'MANISH'

yaara naal bahara
ਮੇਲਿਆਂ ਵਿੱਚ ਜਾਤੀ ਖੁੱਲ੍ਹ ਕੇ ਸਾਹ ਲੈਂਦੀ,ਲੋਕ-ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ । ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ,ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ। ਇਹਨਾਂ ਵਿੱਚ ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਤੇ ਇਕਸਰ ਹੋ ਕੇ ਗੂੰਜਦਾ ਹੈ।

ਮੇਲਾ,ਬੀਜ ਰੂਪ ਵਿੱਚ ,ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ। ਪਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਦੂਜੇ ਪ੍ਰਾਤਾਂ ਵਾਲੇ ਕਿਹਾ ਕਰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆਂ ਵਿੱਚ ਮੇਲਾ ਮਨਾਉਣ ਹਨ। ਜਿੱਥੇ ਚਾਰ ਛੇ ਪੰਜਾਬੀ ਜੁੜ ਜਾਣ, ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੁਚ-ਮੁੱਚ ਹੀ ਕੋਈ ਤਿਉਹਾਰ ਜਾਂ ਮੇਲਾ ਹੋਵੇ,ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।

ਮੇਲਾ ਇੱਕੋ ਇੱਕ ਅਜਿਹਾ ਇਕੱਠ ਹੈ,ਜਿਸ ਵਿੱਚ ਸਭ ਲਾੜੇ ਹੁੰਦੇ ਹਨ, ਬਰਾਤੀ ਕੋਈ ਵੀ ਨਹੀ। ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ। ਉਸ ਦਾ 'ਨਿਜ' ਘੋੜੀ ਚੜਿਆ ਹੁੰਦਾ ਹੈ। ਪੰਜਾਬੀ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸਖ਼ਸੀਅਤ,ਰੰਗ ਤੇ ਚਰਿੱਤਰ ਹੁੰਦਾ ਹੈ। ਇਹਨਾਂ ਦੀ ਬਹੁ-ਰੰਗਤਾ ਪੰਜਾਬੀਆਂ ਦੀ ਬਹੁ-ਪੱਖੀ ਜ਼ਿੰਦਗੀ ਦਾ ਹੁੰਗਾਰਾ ਭਰਦੀ ਹੈ। ਮੇਲੇ ਦਾ ਹਰ ਦ੍ਰਿਸ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ, ਸੱਭਿਆਚਾਰਿਕ ਪ੍ਰਤੀ-ਨਿਧਤਾ ਵੀ ਕਰਦਾ ਹੈ। ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀ ਚੀਜ ਜਰੂਰ ਖਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਇੱਕ ਭਰਭੂਰ ਬਜ਼ਾਰ ਉੱਭਰ ਆਉਦਾ ਹੈ,ਜਿੱਥੇ ਖਾਣ-ਪੀਣ ਦੀਆਂ ਵੰਨ-ਸਵੰਨੀਆਂ ਚੀਜ਼ਾ ਦੇ ਨਾਲ ਨਿੱਤ ਵਰਤੋਂ ਦਾ ਨਿੱਕ-ਸੁੱਕ,ਚੂੜੀਆਂ,ਵੰਗਾਂ,ਹਾਰ ਸ਼ਿੰਗਾਰ ਤੇ ਖਿਡੋਣਿਆਂ ਆਦਿ ਦੀਆਂ ਦੁਕਾਨਾਂ,ਨਵੀ ਵਹੁਟੀ ਵਾਂਗ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਆਪੋ-ਆਪਣੀ ਕਲਾ ਦੀਆਂ ਸੁੰਦਰ ਕ੍ਰਿਤਾਂ,ਮੇਲੇ ਵਿੱਚ ਲਿਆ ਕੇ,ਉਸ ਦੇ ਹੁਸਨ ਨੂੰ ਨਿਖਾਰਦੇ ਹਨ ।

ਮੇਲਿਆਂ ਦਾ ਕਾਫ਼ਲਾ
ਮੇਲੇ ਕਈ ਵੰਨਾਂ ਦੇ ਹਨ ਤੇ ਇਹਨਾਂ ਦਾ ਸਜੀਲਾ ਕਾਫ਼ਲਾ ਸਦਾ ਤੁਰਦਾ ਰਹਿੰਦਾ ਹੈ । ਪੰਜਾਬ ਦੇ ਬਹੁਤ ਮੇਲੇ ਮੌਸਮਾਂ,ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ । ਮੋਸਮੀ ਮੇਲੇ,ਜੋ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ,ਰੁੱਤਾਂ ਦੇ ਬਦਲਦੇ ਗੇੜ ਵਿੱਚੌ ਜਨਮੇਂ । ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਿਕ ਵਾਤਾਵਰਨ ਨੂੰ ਲਿਆਉਦੀ ਜੀਵਣ ਵਿੱਚ ਨਵਾਂ ਸਾਹਸ ਭਰਦੀ ਤੇ ਅੱਖਾਂ ਵਿੱਚ ਨਵੇ ਸੁਪਨੇ ਲਟਾਕਾਂਦੀ ਹੈ । ਰੁੱਤਾਂ ਵਿੱਚ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਬਸੰਤ ਦੀ ਹੈ । ਇਸ ਸੁਹਾਵਣੀ ਰੁੱਤੇ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿੱਚ ਬੜੇ ਹੁਲਾਸ ਤੇ ਚਾਅ ਨਾਲ ਮਨਾਇਆ ਜਾਂਦਾ ਹੈ । ਅਨੇਕਾਂ ਥਾਈ ਨਿੱਕੇ-ਵੱਡੇ ਮੇਲੇ ਲਗਦੇ ਹਨ । ਪਟਿਆਲੇ ਤੇ ਛੇਹਰਟਾ ਦੀ ਬਸੰਤ ਪੰਚਮੀ ਖਾਸ ਪ੍ਰਸਿੱਧ ਹੈ । ਦੇਸ ਵੰਡ ਤੋਂ ਪਹਿਲਾਂ ਬਸੰਤ ਦਾ ਇੱਕ ਵੱਡਾ ਮੇਲਾ ਹਕੀਕਤ ਰਾਇ ਦੀ ਸਮਾਧ ਉੱਤੇ , ਲਾਹੋਰ ਵਿੱਚ ਲੱਗਿਆ ਕਰਦਾ ਸੀ ।

ਫੱਗਣ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਹੋਲੀ ਰੰਗਾਂ ਦਾ ਤਿਉਹਾਰ ਹੈ । ਕਹਿੰਦੇ ਹਨ ਕਿ ਰੰਗਾਂ ਵਿੱਚ ਕੁਦਰਤ ਵਸਦੀ ਹੈ ਤੇ ਕੁਦਰਤ ਵਿੱਚ ਰੱਬ । ਰੰਗਾਂ ਨਾਲ ਖੇਡਦਾ ਪੰਜਾਬੀ ਕੁਦਰਤ ਤੇ ਰੱਬ ਦੋਹਾਂ ਨਾਲ ਇਕਸੁਰ ਹੋ ਜਾਂਦਾ ਹੈ ।

ਇਹ ਤਿਉਹਾਰ ਪ੍ਰਾਚੀਨ ਕਾਲ ਤੋ ਚਲਿਆ ਆ ਰਿਹਾ , ਜਿਸ ਵਿੱਚ ਹਰ ਯੁਗ ਕਈ ਵਿਸ਼ਵਾਸ ਤੇ ਧਾਰਮਿਕ ਅੰਸ਼ ਰਚਾਂਦਾ ਰਿਹਾ ਹੈ, ਜਿਸ ਕਰਕੇ ਇਸਦਾ ਮੂਲ ਸਰੂਪ ਨਿਤਾਰਨਾ ਕਠਨ ਹੋ ਗਿਆ ਹੈ । ਕਈ ਹੋਲੀ ਨੂੰ ਪੁਰਾਣਿਕ ਕਾਲ ਦੇ ਪ੍ਰਹਿਲਾਦ ਭਗਤ ਦੀ ਕਥਾ ਨਾਲ ਜੋੜਦੇ ਹਨ ।

ਗੁਰੂ ਗੋਬਿੰਦ ਸਿੰਘ ਜੀ ਨੇ,ਇਸ ਪੁਰਬ ਨੂੰ,ਪੰਜਾਬੀਆਂ ਦੀਆਂ ਬੀਰ-ਭਾਵਨਾਵਾਂ ਨੂੰ ਪ੍ਰਜਵੱਲਿਤ ਕਰਨ ਲਈ ਨਵੀ ਦਿਸ਼ਾ ਦਿਤੀ । ਉਹ ਹੋਲੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਇੱਕ ਦਰਬਾਰ ਸਜਾਇਆ ਕਰਦੇ, ਜਿਸ ਵਿੱਚ ਸੂਰਮੇ ਇਕੱਠੇ ਹੋ ਕੇ ਸ਼ਸਤਰਾ ਦੇ ਕਰਤੱਬ ਵਿਖਾਉਦੇ ਅਤੇ ਗੁਰੂ ਜੀ ਸਿਰਕੱਢ ਸੂਰਮਿਆਂ ਨੂੰ ਇਨਾਮ ਤੇ ਸਨਮਾਨ ਦਿੱਤਾ ਕਰਦੇ । ਹੁਣ ਵੀ ਹੋਲੇ ਮਹੱਲੇ ਨੂੰ ਅਨੰਦਪੁਰ ਵਿੱਚ ਭਾਰੀ ਮੇਲਾ ਜੁੜਦਾ ਹੈ ।

ਸਾਵਣ ਦੀ ਰੁੱਤ ਦਾ ਆਪਣਾ ਸਵਾਦ ਹੈ । ਇਸ ਸਹਾਵਣੀ ਰੁੱਤੇ ਤੀਆਂ ਦੇ ਮੋਸਮੀ ਮੇਲੇ ਲਗਦੇ ਹਨ । ਨਵੀਆਂ ਵਿਆਹੀਆਂ-ਵਰ੍ਹੀਆਂ ਕੁੜੀਆਂ ਇਸ ਤਿੱਥ ਦੀ ਉਡੀਕ ਖਾਸ ਉਤਸੁਕਤਾ ਨਾਲ ਕਰਦੀਆਂ ਹਨ । ਤੀਆਂ ਦਾ ਮੇਲਾ ਹਰ ਪਿੰਡ ਵਿੱਚ ਲਗਦਾ ਹੈ, ਜੇ ਹੋਰ ਕੁਝ ਨਹੀ ਤਾਂ ਪਿੰਡ ਦੀਆਂ ਕੁੜੀਆਂ, ਪਿਪਲਾਂ ਹੇਠਾਂ ਪੀਂਘਾਂ ਪਾ ਕੇ ਝੂਟੀਆਂ ਤੇ ਤੀਆਂ ਦੇ ਗੀਤ ਗਾਉਦੀਆਂ, ਮੇਲਾ ਰਚ ਲੈਦੀਆਂ ਹਨ ।

ਪੰਜਾਬ ਦੇ ਕੁਝ ਮੇਲੇ ,ਪ੍ਰਾਚੀਨ ਕਾਲ ਤੋ ਚਲੀ ਆ ਰਹੀ ਸਰਪ-ਪੂਜਾ ਦੀ ਦੇਣ ਹਨ । ਪੁਰਾਣ-ਕਥਾਵਾਂ ਅਨੁਸਾਰ ਧਰਤੀ ਸ਼ੇਸ਼ਨਾਗ ਦੇ ਫਣਾਂ ਉੱਤੇ ਖੜੀ ਹੈ । ਪਰਲੋ ਵੇਲੇ ਵਿਸ਼ਨੂੰ ਭਗਵਾਨ ਸ਼ੇਸ਼ਨਾਗ ਦੀ ਸੇਜ ਉਤੇ ਹੀ ਨਿਵਾਸ ਕਰਦੇ ਹਨ ਅਤੇ ਸ਼ੇਸ਼ਨਾਗ ਆਪਣੇ ਹਜ਼ਾਰ ਫਣਾਂ ਨਾਲ,ਵਿਸ਼ਨੂੰ ਦੇ ਸਿਰ ਉੱਤੇ ਛੁਤਰ ਵਾਂਗ ਝੂਲਦਾ ਰਹਿੰਦਾ ਹੈ । ਆਦਿ ਮਨੁੱਖ ਦਾ ਵਿਸ਼ਵਾਸ ਸੀ ਕਿ ਸ਼ੇਸ਼ਨਾਗ ਭੋਇ ਦੀ ਉਤਪਾਦਿਕਤਾ ਉੱਤੇ ਵੀ ਅਸਰ ਪਾਉਦਾ ਹੈ । ਪਹਿਲਿਆਂ ਵਿੱਚ ਕਿਸਾਨ ਪੈਲੀ ਨੂੰ ਵਾਹੁਣ , ਬੀਜਣ ਤੇ ਵੱਢਣ ਤੌਂ ਪਹਿਲਾਂ ਨਾਗ ਪੂਜਿਆ ਕਰਦਾ ਸੀ ਅਤੇ ਇਹਨੀ ਦਿਨੀ ਖੇਤਾਂ ਦੇ ਨੇੜੇ ਮੇਲੇ ਵੀ ਲੱਗਿਆ ਕਰਦੇ ਸਨ , ਜਿਨ੍ਹਾਂ ਵਿੱਚ ਨਾਗ ਦੇਵਤੇ ਦੀ ਉਚੇਚੀ ਪੂਜਾ ਕੀਤੀ ਜਾਂਦੀ ਸੀ । ਇਹਨਾਂ ਮੇਲਿਆਂ ਨੂੰ ਨਾਗ-ਮਾਹਾ ਕਿਹਾ ਜਾਂਦਾ ਸੀ ।

ਗੁੱਗੇ ਨਾਲ ਸੰਬੰਧਿਤ ਮੇਲੇ
ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ । ਗੁੱਗੇ ਦੀ ਪੂਜਾ, ਅਸਲ ਵਿੱਚ ਸਰਪ-ਪੂਜਾ ਦਾ ਹੀ ਵਧੇਰੇ ਸੁਧਰਿਆ ਰੂਪ ਹੈ । ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ । ਲੋਕ-ਧਾਰਾ ਅਨੁਸਾਰ, ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ, ਜੋ ਮਨੁੱਖੀ ਜਾਮੇ ਵਿੱਚ ਸੰਸਾਰ ਵਿੱਚ ਆਇਆ ।

ਜਾਪਦਾ ਹੈ ਕਿ ਕੋਈ ਰਾਜਪੂਤੀ ਯੋਧਾ ਸੀ, ਜਿਸ ਨੇ ਕੁਝ ਲੜਾਈਆਂ ਆਪਣੇ ਕਬੀਲੇ ਦੇ ਲੋਕਾਂ ਨਾਲ ਲੜੀਆਂ ਅਤੇ ਕੁਝ ਬਾਹਰੋਂ ਆਏ ਮੁਸਲਮਾਨ ਧਾੜਵੀਆਂ ਨਾਲ । ਇਸ ਦੀ ਵੀਰ-ਗਾਥਾ ਉੱਤੇ , ਪਿੱਛੋ ਮੁਸਲਮਾਨੀ ਰੰਗ ਚਾੜ੍ਹ ਦਿੱਤਾ ਗਿਆ ਅਤੇ ਸਮੇਂ ਦੇ ਬੀਤਣ ਨਾਲ ਲੋਕ-ਧਾਰਾ ਦੇ ਅਨੇਕਾਂ ਤੱਤ ਇਸ ਕਥਾ ਵਿੱਚ ਸਮਾ ਗਏ । ਹੌਲੀ ਹੌਲੀ ਗੁੱਗੇ ਨੂੰ ਸਰਪ ਪੂਜਾ ਨਾਲ ਜੋੜ ਲਿਆ ਗਿਆ । ਗੁੱਗੇ ਦੀ ਸਿਮਰਤੀ ਵਿੱਚ ਇੱਕ ਵੱਡਾ ਮੇਲਾ ਛਪਾਰ ਵਿਚ ਲਗਦਾ ਹੈ ।

ਛਪਾਰ ਦਾ ਮੇਲਾ
ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿੱਚ, ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ । ਇੱਥੇ , ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇੱਕ ਮਾੜੀ ਹੈ । ਇਸ ਦੀ ਗੁੱਗੇ ਦੇ ਭਗਤਾਂ ਨੇ , ਰਾਜਸਥਾਨ ਦੀ ਕਿਸੇ ਮਾੜੀ ਤੌ ਮਿੱਟੀ ਲਿਆ ਕੇ ੧੮੯੦ ਬਿਕਰਮੀ ਵਿੱਚ , ਇੱਥੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚਲਿਆ ਆ ਰਿਹਾ ਹੈ । ਛਪਾਰ ਦਾ ਮੇਲਾ ਭਾਵੇਂ ਗੁੱਗੇ ਦੀ ਸਿਮਰਤੀ ਵਿੱਚ ਲਗਦਾ ਹੈ, ਪਰ ਇਸ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਮੇਲੇ ਦਾ ਚਰਿੱਤਰ ਲੋਕਿਕ ਹੋ ਗਿਆ ਹੈ । ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਵੇਖਿਆ ਜਾ ਸਕਦਾ ਹੈ ।

ਦੇਵੀ ਮਾਤਾ ਦੇ ਮੇਲੇ
ਕੁਝ ਮੇਲੇ ਦੇਵੀ ਮਾਤਾ ਨੂੰ ਪਤਿਆਣ ਲਈ ਲਗਦੇ ਹਨ । ਦੇਵੀ ਮਾਤਾ ਦੀ ਪੂਜਾ ਇੱਥੇ ਮੁੱਢ ਕਦੀਮ ਤੌਂ ਚਲੀ ਆ ਰਹੀ ਹੈ । ਮਹਿੰਜੋਦੜੋ ਤੇ ਹੜੱਪਾ ਦੀ ਖੋਦਾਈ ਵਿੱਚੌਂ ਕੁਝ ਮੂਰਤੀਆਂ ਇੱਕ ਦੇਵੀ ਮਾਤਾ ਦੀਆਂ ਵੀ ਲੱਭੀਆਂ ਹਨ । ਪੰਜਾਬ ਦੇ ਪਹਾੜੀ ਇਲਾਕੇ ਵਿੱਚ ਦੇਵੀ ਮਾਤਾ ਦੀ ਪੂਜਾ , ਮੈਦਾਨੀ ਇਲਾਕੇ ਦੇ ਮੁਕਾਬਲੇ ਵਿੱਚ ਜ਼ਿਆਦਾ ਪ੍ਰਚਲਿਤ ਹੈ । ਦੇਵੀ ਦਾ ਮੁਖ ਅਸਥਾਨ ਜਵਾਲਾ ਮੁਖੀ ਹੈ, ਦੇਵੀ ਦੇ ਕੁਝ ਹੋਰ ਸਥਾਨ ਚਿੰਤਪੂਰਨੀ, ਨੈਨਾ ਤੇ ਮਨਸਾ ਵਿੱਚ ਹਨ ਤੇ ਇਹਨਾਂ ਸਥਾਨਾਂ ਕਰਕੇ ਦੇਵੀ ਦੇ ਵੀ ਇਹੋ ਨਾਂ ਪ੍ਰਚਲਿਤ ਹੋ ਗਏ ਹਨ । ਦੇਵੀ ਨਾਲ ਸੰਬੰਧਿਤ ਮੇਲੇ ਬਹੁਤੇ ਚੇਤਰ ਤੇ ਅੱਸੂ ਵਿੱਚ ਨਰਾਤਿਆਂ ਦੇ ਦਿਨੀ ਲਗਦੇ ਹਨ । ਨਿੱਕੇ ਨਿੱਕੇ ਮੇਲੇ ਤਾਂ ਕਈ ਥਾਈ ਜੁੜਦੇ ਹਨ , ਪਰ ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ਵਿੱਚ ਹਰ ਸਾਲ ਦੇਵੀ ਦੇ ਦੋ ਭਰਵੇ ਮੇਲੇ ਲਗਦੇ ਹਨ । ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ , ਚਿੰਤਰਪੂਰਨੀ ਵਿਖੇ ਸਾਲ ਵਿੱਚ ਤਿੰਨ ਵੱਡੇ ਮੇਲੇ ਲਗਦੇ ਹਨ ।

ਜਰਗ ਦਾ ਮੇਲਾ
ਇਹ ਮੇਲਾ ਚੇਤਰ ਦੇ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ , ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਪਤਿਆਉਣ ਲਈ ਲਗਦਾ ਹੈ । ਲੋਕਾਂ ਦਾ ਨਿਸਚਾ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ , ਸੀਤਲਾ ਦੇਵੀ ਦੇ ਪ੍ਰਵੇਸ਼ ਕਰਨ ਨਾਲ ਨਿਕਲਦੇ ਹਨ । ਸੀਤਲਾ ਦੇਵੀ ਨੂੰ ਖੁਸ਼ ਰੱਖਣ ਲਈ , ਕਈ ਰੱਖਾਂ ਤੇ ਉਪਾਅ ਕੀਤੇ ਜਾਂਦੇ ਹਨ । ਜਿਨ੍ਹਾਂ ਮਾਵਾਂ ਦੇ ਬੱਚੇ ਅਰੋਗ ਹੌ ਜਾਂਦੇ ਹਨ, ਉਹ ਉਚੇਚੇ ਤੌਰ ਉੱਤੇ ਜਰਗ ਦੇ ਮੇਲੇ ਤੇ ਸੁਖਣਾ ਦੇਣ ਆਉਦੀਆਂ ਹਨ ।

ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲਗਦਾ ਹੈ । ਮਾਤਾ ਦੀ ਪੂਜਾ ਕਰਨ ਵਾਲੇ ,ਟੋਭੇ ਵਿੱਚੋਂ ਮਿੱਟੀ ਕੱਢ ਕੇ , ਇਹ ਮਟੀਲਾ ਜਿਹਾ ਖੜਾ ਕਰ ਲੈਂਦੇ ਹਨ । ਇਸ ਮਟੀਲੇ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਭੇਟਾਵਾਂ ਚਾੜ੍ਹੀਆਂ ਜਾਂਦੀਆਂ ਹਨ।

ਇਸ ਮੇਲੇ ਵਿੱਚ , ਦੇਵੀ ਮਾਤਾ ਨੂੰ ਬਹਿੜੀਏ ਅਥਵੇ ਬਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ । ਇਸੇ ਤੋਂ, ਇਸ ਮੇਲੇ ਨੂੰ 'ਬਹਿੜੀਏ ਦਾ ਮੇਲਾ ' ਵੀ ਕਿਹਾ ਜਾਣ ਲਗ ਪਿਆ ਹੈ । ਜਿੰਨ੍ਹਾਂ ਲੋਕਾਂ ਨੇ ਸੁੱਖਾਂ ਸੁੱਖੀਆਂ ਹੁੰਦੀਆਂ ਹਨ , ਉਹਨਾਂ ਦੁਆਰਾ ਮੇਲੇ ਦੀ ਪੂਰਬ ਸੰਧਿਆ ਨੂੰ , ਮਾਈ ਦੀ ਭੇਟਾ ਲਈ ਗੁਲਗੁਲੇ ਪਕਾ ਕੇ , ਪਹਿਲਾਂ ਸੀਤਲਾ ਦੇਵੀ ਦੇ ਵਾਹਣ , ਖੋਤੇ ਨੂੰ , ਗੁਲਗੁਲੇ ਖਵਾਏ ਜਾਂਦੇ ਹਨ ਤੇ ਫਿਰ ਕੁਝ ਵੰਡੇ ਤੇ ਕੁਝ ਆਪ ਖਾਧੇ ਜਾਂਦੇ ਹਨ ।

ਇਸ ਮੇਲੇ ਵਿੱਚ ਖੋਤਿਆਂ ਦੀ ਬੜੀ ਕਦਰ ਕੀਤੀ ਜਾਂਦੀ ਹੈ । ਲੋਕੀ ਇਹਨਾਂ ਨੂੰ ਸੀਤਲਾ ਮਾਈ ਦਾ ਵਾਹਣ ਹੋਣ ਕਰਕੇ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਆਦਿ ਭੇਟ ਕਰਦੇ ਹਨ । ਘੁਮਿਆਰ ਆਪੋ-ਆਪਣੋ ਖੋਤਿਆਂ ਨੂੰ , ਉਚੇਚੇ ਤੌਰ ਤੇ ,ਸਜਾ-ਸ਼ਿੰਗਾਰ ਕੇ ਲਿਆਉਦੇ ਹਨ । ਕਈਆਂ ਨੇ ਖੋਤਿਆਂ ਉੱਪਰ ਘੋਗਿਆਂ , ਕੋਡੀਆਂ ਤੇ ਮੋਤੀਆਂ ਨਾਲ ਜੜੀਆਂ ਵੰਨ-ਸਵੰਨੀਆਂ ਝੁੱਲਾਂ ਪਾਈਆਂ ਹੁੰਦੀਆਂ ਹਨ ।

ਪੀਰਾਂ ਫ਼ਕੀਰਾਂ ਦੀ ਸ਼ਰਧਾ ਵਿੱਚ ਮੇਲੇ
ਪੰਜਾਬੀਆਂ ਦੇ ਦਿਲਾਂ ਵਿੱਚ , ਪੀਰਾਂ ਫ਼ਕੀਰਾਂ ਲਈ, ਅਥਾਹ ਸ਼ਰਧਾ ਭਰੀ ਹੈ । ਕਹਿੰਦੇ ਹਨ , ਪੀਰਾਂ ਫ਼ਕੀਰਾਂ ਵਿੱਚ ਇੱਕ ਕਣੀ ਹੁੰਦੀ ਹੈ । , ਜਿਸ ਦਾ ਕੁੱਝ ਅੰਸ਼ ਉਹਨਾਂ ਵਿੱਚ ਸਰਧਾ ਰੱਖਣ ਵਾਲੇ ਮੁਰੀਦਾਂ ਵਿੱਚ ਰਚ ਜਾਂਦਾ ਹੈ ਤੇ ਸਹਿਜ ਭਾਵ ਵਿੱਚ ਹੀ ਉਹਨਾਂ ਦੇ ਸੰਕਟ ਦੂਰ ਹੋ ਜਾਂਦੇ ਹਨ ।

ਖ਼ਾਨਗਾਹਾਂ,ਹੁਜਰਿਆਂ ਤੇ ਤੱਕੀਆਂ ਉੱਤੇ ਲਗਦੇ ਮੇਲੇ ਸੁਭਾਅ ਵਿੱਚ ਭਾਵੇਂ ਧਾਰਮਿਕ ਹਨ ਤੇ ਪੀਰਾਂ ਪ੍ਰਤੀ ਆਦਰ ਭਾਵ ਤੇ ਸ਼ਰਧਾ ਪ੍ਰਗਟਾਉਣ ਲਈ , ਉਹਨਾਂ ਦੇ ਮੁਰੀਦਾਂ ਤੇ ਸੇਵਕਾਂ ਵੱਲੋ ਸ਼ੁਰੂ ਕੀਤੇ ਗਏ, ਪਰ ਸਮੇਂ ਦੇ ਗੇੜ ਨਾਲ ਇਹ ਸਾਂਝੇ ਸਭਿਆਚਾਰ ਤੇ ਭਾਵੁਕ ਏਕਤਾ ਦਾ ਹੁੰਗਾਰਾ ਭਰਦੇ ਹਨ । ਅਜਿਹੇ ਬਹੁਤੇ ਮੇਲੇ ਸੂਫੀ਼ ਫਕੀਰਾਂ ਨਾਲ ਸੰਬੰਧਿਤ ਹਨ ।

ਜਗਰਾਵਾਂ ਦੀ ਰੋਸ਼ਨੀ
ਰੋਸ਼ਨੀ ਦਾ ਮੇਲਾ , ਜਗਰਾਵਾਂ ਵਿੱਚ , ਪ੍ਰਸਿੱਧ ਸੂਫ਼ੀ ਫਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ਉੱਤੇ ਹਰ ਸਾਲ ੧੪,੧੫ ਤੇ ੧੬ ਫੱਗਣ ਨੂੰ ਲਗਦਾ ਹੈ । ਭਾਵੇ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ, ਪਰ ਇਲਾਕੇ ਦੇ ਹਿੰਦੂ ਸਿੱਖ ਵੀ ਇਸ ਮੇਲੇ ਹੁੰਮ-ਹੁੰਮਾ ਕੇ ਸ਼ਾਮਲ ਹੁੰਦੇ ਹਨ । ਦੇਸ ਦੀ ਵੰਡ ਪਿੱਛੋਂ, ਮੁਸਲਮਾਨਾਂ ਦੇ ਪੰਜਾਬ ਵਿੱਚੋ ਹਿਜਰਤ ਕਰ ਜਾਣ ਮਗਰੌਂ ਵੀ, ਇਹ ਮੇਲਾ , ਪਹਿਲਾਂ ਵਾਂਗ ਹੀ, ਉਸੇ ਜੋਸ਼ ਤੇ ਉਮੰਗ ਨਾਲ ਲਗਾਤਾਰ ਲਗ ਰਿਹਾ ਹੈ । ਇਸ ਮੇਲਾ ਦਾ ਨਾਉ ' ਰੋਸ਼ਨੀ ' ਇਸ ਲਈ ਪਿਆ ਕਿ ਮੇਲੇ ਦੇ ਦਿਨੀ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਂਗ ਬਾਲੇ ਜਾਂਦੇ ਹਨ , ਜਿੰਨ੍ਹਾਂ ਦੀ ਰੋਸ਼ਨੀ ਕਾਫ਼ੀ ਦੂਰੋ ਵਿਖਾਈ ਦਿੰਦੀ ਤੇ ਅਲੋਕਿਕ ਦ੍ਰਿਸ਼ ਪੇਸ਼ ਕਰਦੀ ਹੈ । ਇਸ ਮੇਲੇ ਦਾ ਆਪਣਾ ਜਲੌ ਹੈ ।

ਮਲੇਰਕੋਟਲਾ ਵਿੱਚ, ਹੈਦਰ ਸ਼ੇਖ਼ ਦੇ ਮਕਬਰੇ ਉੱਤੇ ਨਿਮਾਣੀ ਇਕਾਦਸ਼ੀ ਨੂੰ ਇੱਕ ਭਾਰੀ ਮੇਲਾ ਲਗਦਾ ਹੈ । ਮਲੇਰਕੋਟਲੇ ਵਿੱਚ ਹੀ ਪੋਹ ਦੇ ਪਹਿਲੇ ਵੀਰਵਾਰ ਸਖੀਸਰਵਰ ਦਾ ਇੱਕ ਹੋਰ ਮੇਲਾ ਲਗਦਾ ਹੈ , ਜਿਸ ਨੂੰ ' ਨਿਗਾਹਾ ਮੇਲਾ' ਕਹਿੰਦੇ ਹਨ । ਅਜਿਹਾ ਹੀ ਇੱਕ ਮੇਲਾ ਮੋਗੇ ਵਿੱਚ ਵੀ ਲਗਦਾ ਹੈ । ਲੁਧਿਆਣੇ ਦੇ ਭਾਡਲਾ ਪਿੰਡ ਵਿਖੇ ਵੀ ਸਖੀਸਰਵਰ ਦੀ ਖ਼ਾਨਗਾਹ ਉੱਤੇ ਜੇਠ ਦੇ ਚਾਨਣ ਪੱਖ ਦੇ ਪਹਿਲੇ ਵੀਰਵਾਰ ਨੂੰ ਇੱਕ ਮੇਲਾ ਲਗਦਾ ਹੈ ।

ਗੁਰੂ ਸਾਹਿਬਾਂ ਦੀ ਸਮ੍ਰਿਤੀ ਵਿੱਚ ਮੇਲੇ
ਪੰਜਾਬ ਗੁਰੂਆਂ ਦੀ ਇਲਾਹੀ ਧਰਤੀ ਹੈ । ਪ੍ਰੋ: ਪੂਰਨ ਸਿੰਘ ਅਨੁਸਾਰ ਪੰਜਾਬ ਜਿਉਦਾ ਹੀ ਗੁਰਾਂ ਦੇ ਨਾਂ ਉੱਤੇ ਹੈ । ਪੰਜਾਬ ਦੀ ਚੱਪਾ-ਚੱਪਾ ਧਰਤੀ ਗੁਰੂਆਂ ਦੇ ਪਾਵਨ ਸਥਾਨਾਂ ਉੱਤੇ, ਖ਼ਾਸ ਖ਼ਾਸ ਤਿੱਥਾਂ ਨੂੰ ਮੇਲੇ ਲਗਦੇ ਰਹਿੰਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜੇ ਸਾਹਿਬ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿੱਚ ਭਾਰੀ ਮੇਲਾ ਲਗਿਆ ਕਰਦਾ ਸੀ । ਲਾਹੋਰ ਵਿੱਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ਉੱਤੇ ਡੇਹਰਾ ਸਾਹਿਬ ਵਿੱਚ ਜੋੜ-ਮੇਲਾ ਲੱਗਿਆ ਕਰਦਾ ਸੀ । ਭਾਰਤੀ ਪੰਜਾਬ ਵਿੱਚ ਮੁਕਤਸਰ, ਤਰਨ ਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਥਾਵ ਉੱਤੇ, ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੇਲੇ ਲਗਦੇ ਹਨ, ਜਿਨ੍ਹਾਂ ਵਿੱਚੋ ਦੋ ਤਿੰਨ ਖ਼ਾਸ ਪ੍ਰਸਿੱਧ ਮੇਲਿਆਂ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ ।

ਮੁਕਤਸਰ ਦਾ ਮੇਲਾ
ਇਹ ਪ੍ਰਸਿੱਧ ਮੇਲਾ, ਮਾਘੀ ਵਾਲੇ ਦਿਨ, ਮੁਕਤਸਰ ਵਿੱਚ ਲਗਦਾ ਹੈ। ਇਤਿਹਾਸ ਦਸਦਾ ਹੈ ਕਿ ੧੭੦੫ ਈ: ਵਿੱਚ ਮੁਗ਼ਲਾਂ ਦੀਆਂ ਫ਼ੋਜਾਂ, ਗੁਰੂ ਗੋਬਿੰਦ ਸਿੰਘ ਦਾ ਪਿੱਛਾ ਕਰਦੀਆਂ ਮਾਲਵੇ ਇਲਾਕੇ ਵਿੱਚ ਆਈਆਂ ਤਾਂ ਸਿੰਘ ਨੇ, ਖਿਦਰਾਣੇ (ਅਜੋਕਾ ਮੁਕਤਸਰ ) ਦੇ ਤਾਲ ਦੇ ਕੰਢੇ ਵੇਰੀਆਂ ਦਾ ਮੁਕਾਬਲਾ ਕੀਤਾ। ਇਸੇ ਯੁੱਧ ਵਿੱਚ, ਚਾਲੀ ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਨੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਫਾੜ ਦਿੱਤਾ ਤੇ ਉਹਨਾਂ ਨਾਲ ਟੁੱਟੀ ਮੁੜ ਗੰਢੀ। ਗੁਰੂ ਜੀ ਨੇ ਇਹਨਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਉਂ ਮੁਕਤਸਰ ਰੱਖਿਆ ।

ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁੰਮਾ ਕੇ ਇੱਥੇ ਆਉਦੀਆਂ ਹਨ ਅਤੇ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ।

ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ
ਹੋਲੀ ਤੌ ਅਗਲੇ ਦਿਨ, ਚੇਤ ਵਦੀ ਪਹਿਲੀ ਨੂੰ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਉੱਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ 'ਹੋਲਾ ਮਹੱਲਾ' ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸ਼ਾਸਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ, ਦੋ ਦਲ ਬਣਾ ਕੇ, ਉਹਨਾਂ ਵਿੱਚ ਮਸਨੂਈ ਲੜਾਈ ਕਰਵਾਉਦੇ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸ਼ਦੇ। ਉਦੋਂ ਤੋ, ਹਰ ਸਾਲ ਅਨੰਦਪੁਰ ਵਿੱਚ, ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ।

ਤਰਨ ਤਾਰਨ ਦੀ ਮੱਸਿਆ
ਤਰਨ ਤਾਰਨ ਵਿੱਚ ਉਂਙ ਤਾਂ ਹਰ ਮੱਸਿਆ ਨੂੰ ਮੇਲਾ ਲਗਦਾ ਹੈ ਪਰ ਭਾਦੋ ਦੀ ਮੱਸਿਆ ਨੂੰ ਇੱਕ ਬੜਾ ਭਾਰੀ ਉਤਸਵ ਮਨਾਇਆ ਜਾਂਦਾ ਹੈ। ਲੋਕੀ ਦੂਰੋਂ ਦੂਰੋਂ ਹੁੰਮ-ਹੁੰਮਾ ਕੇ ਇਸ ਮੇਲੇ ਵਿੱਚ ਆਉਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਥਾਨਾਂ ਤੇ ਵੀ ਮੋਰਿੰਡਾ, ਚਮਕੋਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੱਡੇ ਜੋੜ-ਮੇਲੇ ਲਗਦੇ ਹਨ।

ਪੰਜਾਬੀਆਂ ਦੀ ਆਪਣੇ ਮਹਿਬੂਬ ਪਾਤਰਾਂ ਤੇ ਕਵੀਆਂ ਪ੍ਰਤੀ ਵੀ ਸਨੇਹ ਤੇ ਸ਼ਰਧਾ ਹੈ। ਜਗਦੇਉ ਕਲਾਂ ਵਿੱਚ ਹਾਸ਼ਮ ਸ਼ਾਹ ਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੀ ਯਾਦ ਵਿੱਚ ਮੇਲੇ ਲਗਦੇ ਹਨ।

ਤਿਉਹਾਰ
ਪੰਜਾਬ ਵਿੱਚ ਤਿਉਹਾਰਾਂ ਦਾ ਲੰਮਾ ਕਾਫ਼ਲਾ ਤੁਰਿਆ ਰਹਿੰਦਾ ਹੈ। ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪੁਰਬ ਏਕਾਦਸ਼ੀ, ਪੂਰਨਮਾਸ਼ੀ ਤੇ ਮੱਸਿਆ ਆਦਿ ਖੂਹ ਦੀਆਂ ਟਿੰਡਾਂ ਵਾਂਗ ਗੇੜੇ ਪਏ ਰਹਿੰਦੇ ਹਨ। ਫਿਰ ਸੰਗਰਾਂਦ ਹਰ ਮਹੀਨੇ ਨਵੇਂ ਮੂੰਹ ਆਉਦੀ ਹੈ।

ਪੰਜਾਬ ਵਿੱਚ ਨਵਾਂ ਵਰ੍ਹਾਂ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ 'ਨਵਾਂ ਸੰਮਤ' ਮਨਾਇਆ ਜਾਂਦਾ ਹੈ। ਇਸ ਰੁੱਤ ਵਿੱਚ ਬਹਾਰ ਭਰ ਜੋਬਨ ਵਿੱਚ ਹੁੰਦੀ ਹੈ। ਸੋ, ਰੁੱਤ ਦਾ ਸਵਾਦ ਮਾਨਣ ਲਈ, ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ। ਇਸ ਰੀਤ ਨੂੰ 'ਅੰਨ ਨਵਾਂ ਕਰਨਾ' ਕਹਿੰਦੇ ਹਨ।

ਚੇਤਰ ਸੁਦੀ ਅੱਠਵੀ ਨੂੰ ਦੇਵੀ ਦੇ ਉਪਾਸ਼ਕ ਕੰਜਕਾਂ ਕਰਦੇ ਹਨ। ਇਸ ਦਿਨ ਕਵਾਰੀਆਂ ਕੁੜੀਆਂ ਨੂੰ ਜਿਨ੍ਹਾਂ ਨੂੰ 'ਕੰਜਕਾਂ' ਕਹਿੰਦੇ ਹਨ, ਦੇਵੀ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ ਤੇ ਉਹਨਾਂ ਨੂੰ ਕੜਾਹ ਪੂੜੀਆਂ ਤੇ ਕੁਝ ਪੈਸੇ ਪੈਸੇ ਦੱਖਣਾ ਵਜੋਂ ਭੇਟ ਕੀਤੇ ਜਾਂਦੇ ਹਨ। ਇਹ ਵਿਸ਼ਵਾਸ ਹੈ ਕਿ ਕੰਜਕਾਂ ਕਰਨ ਨਾਲ ਮਾਤਾ ਰਾਣੀ ਪ੍ਰਸੰਨ ਰਹਿੰਦੀ ਹੈ ਤੇ ਬੱਚੇ ਨਰੋਏ।

ਚੇਤਰ ਸੁਦੀ ਨੂੰ ਰਾਮ-ਨੋਮੀ ਦਾ ਤਿਉਹਾਰ ਪੈਂਦਾ ਦਾ ਹੈ। ਇਸ ਤਿੱਥ ਨੂੰ ਸ਼੍ਰੀ ਰਾਮ ਚੰਦਰ ਨੇ ਜਨਮ ਲਿਆ ਸੀ। ਰਾਮ ਨੋਮੀ ਨੂੰ ਮੰਦਰਾਂ ਵਿੱਚ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿੱਚ ਭਜਨ ਗਾਏ ਜਾਂਦੇ ਹਨ ਅਤੇ ਪਾਣੀ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ।

ਜੇਠ ਹਾੜ ਦੀਆਂ ਤਪਦੀਆਂ ਲੂਆਂ ਪਿੱਛੋ ਸਾਵਣ ਦੇ ਮੀਹਾਂ ਦਾ ਆਪਣਾ ਸਵਾਦ ਹੈ। ਇਸ ਰੁੱਤ ਦਾ ਰਸ ਤੇ ਸਵਰਗੀ ਝੂਟਾ ਮਾਨਣ ਲਈ, ਦੀ ਤੀਜੀ ਤਿੱਥ ਨੂੰ ਤੀਆਂ ਮਨਾਈਆਂ ਜਾਂਦੀਆਂ ਹਨ। ਹਰ ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ ਭਰਾ ਦੇ ਨਿਰਮਲ ਪਿਆਰ ਤੇ ਇੱਕ ਦੂਜੇ ਪ੍ਰਤੀ ਮਿੱਠੀਆਂ ਨਿਰਛਲ ਭਾਵਨਾਵਾਂ ਦਾ ਬੋਧਿਕ ਹੈ। ਭੈਣ ਬੜੇ ਚਾਅ ਨਾਲ ਰਾਵਾਂ ਦੀ ਬੀਣੀ ਤੇ ਰੱਖੜੀ ਦਾ ਸੂਤਰ ਬੰਨਦੀਆਂ ਹਨ।

ਭਾਦਰੋ ਦੀ ਮਹੀਨੇ ਗੁੱਗਾ ਨੋਮੀ ਦਾ ਤਿਉਹਾਰ ਆਉਦਾ ਹੈ। ਗੁੱਗੇ ਦੇ ਭਗਤ ਗੁੱਗੇ ਦੀ ਪ੍ਰਸੰਨਤਾ ਲਈ, ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਦੇ ਹਨ। ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ।

ਇਸੇ ਰੁੱਤੇ ਦੁਆਪਰ ਯੁਗ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਧਾਰਨ ਕੀਤਾ ਸੀ। ਇਹਨਾਂ ਦਾ ਪੁਰਬ ਭਾਦਰੋਂ ਦੀ ਕ੍ਰਿਸ਼ਨਾ-ਪੱਖ ਦੀ ਅਠੱਵੀਂ ਨੂੰ 'ਜਨਮ ਅਸ਼ਟਮੀ' ਵਾਲੇ ਦਿਨ ਮਨਾਇਆ ਜਾਂਦਾ ਹੈ।

ਅਸੂ ਦੇ ਮਹੀਨੇ ਅਕਾਸ਼ ਦੀ ਨੀਲੀ ਭਾਹ ਵੇਖਣ ਵਾਲੀ ਹੁੰਦੀ ਹੈ। ਲੋਕਾਂ ਨੂੰ ਤਾਰਿਆਂ ਵਿੱਚ ਆਪਣੇ ਪਿਤਰ ਵਿਖਾਈ ਦਿੰਦੇ ਹਨ। ਇਸ ਮਹੀਨੇ ਹਨੇਰੇ-ਪੱਖ ਦੀਆਂ ਪੰਦਰਾਂ ਤਿਥਾਂ ਨੂੰ ਸਰਾਧ ਕੀਤੇ ਜਾਂਦੇ ਅਥਵਾ ਪਿਤਰਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਜਾਂਦੀ ਹੈ। ਸਰਾਧ ਇੱਕ ਧਾਰਮਿਕ ਰੀਤ ਹੈ, ਜਿਸ ਦਾ ਮਨੋਰਥ, ਪਿਤਰਾਂ ਨੂੰ ਅਗਲੇ ਲੋਕ ਵਿੱਚ ਭੋਜਨ ਪਹੁੰਚਾਣਾ ਹੈ।

ਸਰਾਧਾਂ ਦੇ ਮੁਕਦਿਆਂ ਹੀ ਨੌਰਾਤੇ ਸ਼ੁਰੂ ਹੋ ਜਾਂਦੇ ਹਨ, ਜੋ ਅੱਸੂ ਮਹੀਨੇ ਦੇ ਚਾਨਣ-ਪੱਖ ਦੀ ਏਕਮ ਤੋਂ ਨੌਵੀਂ ਤਿਥ ਤੱਕ ਰਹਿੰਦੇ ਹਨ। ਇਹਨਾਂ ਤਿਥਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਹ ਮੰਗਲ ਕਾਰਜਾਂ ਲਈ ਬੜੀਆਂ ਸ਼ੁਭ ਮੰਨੀਆਂ ਜਾਂਦੀਆਂ ਹਨ।

ਪਹਿਲੇ ਨੌਰਾਤੇ ਵਾਲੇ ਦਿਨ ਕੁੜੀਆਂ, ਘਰ ਦੀ ਕਿਸੇ ਨੁੱਕਰੇ ਜਾਂ ਕੋਰੇ ਕੁੱਜੇ ਵਿੱਚ ਜੌਂ ਬੀਜਦੀਆਂ ਹਨ, ਜਿਸ ਨੂੰ ਉਹ 'ਖੇਤਰੀ' ਜਾਂ 'ਗੋਰਜਾਂ ਦੀ ਖੇਤੀ' ਆਖਦੀਆਂ ਹਨ। ਦੁਸਹਿਰੇ ਵਾਲੇ ਦਿਨ ਤੱਕ ਇਸ ਖੇਤਰੀ ਵਿੱਚੋਂ ਜੌਂਆਂ ਦੇ ਬੁੰਬਲ ਨਿਕਲ ਆਉਂਦੇ ਹਨ ਤੇ ਕੁੜੀਆਂ ਇਹਨਾਂ ਬੁੰਬਲਾਂ ਨੂੰ ਆਪਣੇ ਅੰਗ-ਸਾਕਾਂ ਦੀਆਂ ਪੱਗਾਂ ਵਿੱਚ ਟੁੰਗਦੀਆਂ ਤੇ ਉਹਨਾਂ ਤੋਂ ਸ਼ਗਨ ਵਜੋਂ ਭੇਟਾ ਲੈਂਦੀਆਂ ਹਨ।

ਨੌਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨੌਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ, ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ। ਮੂਰਤੀ ਵਿੱਚ, ਕਲਾਤਮਿਕ ਸੁੰਦਰਤਾ ਭਰਨ ਲਈ, ਕਈ ਵਿਧੀਆਂ ਵਰਤੀਆਂ ਜਾਂਦੀਆਂ ਹਨ। ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁਬਦਾ ਵਿਖਾਈਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਕੇਵਲ ਉਸ ਦਾ ਚਿੱਤਰ ਹੀ ਉਲੀਕਿਆ ਜਾਂਦਾ ਹੈ। ਸਾਂਝੀ ਦੀ ਮੂਰਤੀ ਤੇ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ ਤੇ ਇਸ ਵਿੱਚੋਂ ਲੋਕ-ਪ੍ਰਤਿਭਾ ਪੂਰੇ ਜਲੌ ਵਿੱਚ ਰੂਪਮਾਨ ਹੋਈ ਹੈ। ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ, ਸਰਘੀ ਵੇਲੇ ਸਾਂਝੀ ਮਾਈ ਦੀ ਮੂਰਤੀ ਨੂੰ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ, ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।

ਨੌਰਾਤਿਆਂ ਵਿੱਚ ਹੀ ਕਸਬਿਆਂ ਤੇ ਸ਼ਹਿਰਾਂ ਵਿੱਚ, ਪੰਜਾਬ ਦਾ ਸਭ ਤੋਂ ਵੱਡਾ ਲੋਕ-ਨਾਟ ਰਾਮ-ਲੀਲ੍ਹਾ ਖੇਡਿਆ ਜਾਂਦਾ ਹੈ। ਦਸਵੇਂ ਨੌਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ।

ਕੱਤਕ ਤੋਂ ਸਰਦੀ ਦੀ ਰੁੱਤ ਸ਼ੁਰੂ ਹੁੰਦੀ ਹੈ। ਇਹ ਰੁੱਤ ਚਾਨਣ ਬੀਜ ਕੇ ਜੰਮੀ ਜਾਪਦੀ ਹੈ। ਇਸ ਰੁੱਤ ਦੀ ਠੰਢ ਵਿੱਚ ਇੱਕ ਨਿੱਘ ਹੈ, ਸਵੇਰ ਵਾਂਗ ਸੱਜਰੀ ਤੇ ਰਾਤ ਵਾਂਗ ਅਲਸਾਈ। ਇਸ ਰੁੱਤ ਵਿੱਚ ਸਭ ਤੋਂ ਵੱਡੇ ਉਸਤਵ ਮਨਾਏ ਜਾਂਦੇ ਹਨ।

ਕੱਤਕ ਦੀ ਪੂਰਨਮਾਸ਼ੀ ਨੂੰ, ਸਾਰੇ ਪੰਜਾਬ ਵਿੱਚ, ਗੁਰੂ ਨਾਨਕ ਦੇਵ ਦਾ ਜਨਮ ਉਤਸਵ, ਬੜੀ ਧੂਮ ਧਾਮ ਨਾਮ ਮਨਾਇਆ ਜਾਂਦਾ ਹੈ।

ਕੱਤਕ ਦੇ ਮਹੀਨੇ ਜੀਵਨ ਦੀ ਕਣੀ ਪ੍ਰਜਵੱਲਿਤ ਹੁੰਦੀ ਹੈ। ਇਸ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ 'ਕਰਵਾ ਚੌਥ' ਦਾ ਪੂਰਬ ਆਉਂਦਾ ਹੈ। ਇਸ ਦਿਨ ਸੁਹਾਗਣ ਇਸਤਰੀਆਂ ਨਿਰਜਲ ਵਰਤ ਰਖ ਕੇ ਆਪਣੇ ਆਪਣੇ ਪਤੀ ਦੀ ਲੰਮੀ ਆਯੂ ਲਈ ਕਾਮਨਾ ਕਰਦੀਆਂ ਤੇ ਅਹੋਈ ਦੇਵੀ ਦੀ ਪੂਜਾ ਕਰਦੀਆਂ ਹਨ।

ਪਰ ਕੱਤਕ ਦਾ ਸਭ ਤੋਂ ਵੱਡਾ ਲੋਕ-ਪੁਰਬ ਦਿਵਾਲੀ ਦਾ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿੱਚ, ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਲੋਕੀਂ ਆਪਣੇ ਘਰਾਂ ਨੂੰ ਲਿੰਬ-ਪੋਚ ਕੇ ਸੰਵਾਰ-ਸ਼ਿੰਗਾਰ ਲੈਂਦੇ ਹਨ। ਉਹ ਘਰ ਦੀਆਂ ਦੀਵਾਰਾਂ ਉੱਤੇ ਲੱਛਮੀ ਦੇਵੀ, ਉਸ ਦਾ ਵਾਹਣ ਮੋਰ ਅਤੇ ਫੁੱਲ, ਵੇਲਾਂ ਤੇ ਬੂਟੇ ਉਲੀਕ ਕੇ, ਉਹਨਾਂ ਵਿੱਚ ਰੰਗ ਭਰਦੇ ਹਨ।

ਰਾਤ ਵੇਲੇ, ਘਰਾਂ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਕੋਠਿਆਂ ਦੇ ਬਨੇਰਿਆਂ ਉੱਤੇ, ਦੀਵਿਆਂ ਨੂੰ ਪਾਲਾਂ ਵਿੱਚ ਸਜਾ ਕੇ ਬਾਲਿਆ ਜਾਂਦਾ ਹੈ। ਇਸ ਰਾਤ ਕਈ ਲੋਕ ਲਖਸ਼ਮੀ ਦੇਵੀ ਦੀ ਪੂਜਾ ਕਰਦੇ ਹਨ।

ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ। ਅੰਮ੍ਰਿਤਸਰ ਵਿੱਚ ਦਿਵਾਲੀ ਦਾ ਮੁੱਢ ਗੁਰੂ ਹਰਿਗੋਬਿੰਦ ਦੇ ਵੇਲੇ ਬੱਝਿਆ। ਜਦੋਂ ਗੁਰੂ ਹਰਿਗੋਬਿੰਦ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ, ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਸਬੱਬ ਨਾਲ ਦਿਵਾਲੀ ਸੀ। ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਤੇ ਹਰਿਮੰਦਰ ਜਗਮਗਾ ਉਠਿਆ। ਉਦੋਂ ਤੋਂ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਨੂੰ ਉਚੇਚੀ ਰੋਸ਼ਨੀ ਕੀਤੀ ਜਾਂਦੀ ਹੈ।

ਦਿਵਾਲੀ ਮੌਸਮੀ ਉਤਸਵ ਹੈ-ਅੰਦਰ ਦੀ ਜੀਵਨ ਕਣੀ ਕੁਦਰਤ ਦੀ ਕਣੀ ਨਾਲ ਇਕਸੁਰ ਹੋ ਕੇ ਜਗਣ ਦਾ ਉਤਸਵ ਹੈ, ਕੁਦਰਤ ਦੀ ਜੋਤ ਨਾਲ ਅੰਦਰ ਦੀ ਜੋਤੀ ਨੂੰ ਪ੍ਰਜਵੱਲਿਤ ਕਰਨਾ। ਦੀਵਿਆਂ ਦੀ ਜੋਤ ਤਾਂ ਇਸ ਦਾ ਪ੍ਰਤੀਕ ਹੈ। ਪਰ ਮਿਥਿਹਾਸ ਕਹਿੰਦਾ ਹੈ ਰਾਮ ਚੰਦਰ ਰਾਵਨ ਉੱਤੇ ਵਿਜੈ ਪ੍ਰਾਪਤ ਕਰਨ ਪਿੱਛੋਂ ਸੀਤਾ ਨੂੰ ਨਾਲ ਲੈ ਕੇ ਜਦੋਂ ਅਜੁਧਿਆ ਪਹੁੰਚੇ ਤਾਂ ਉਹਨਾਂ ਦੇ ਸਵਾਗਤ ਵਿੱਚ ਸਾਰਾ ਸ਼ਹਿਰ ਜਗਮਗਾ ਉਠਿਆ।

ਪੋਹ ਦੇ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਦੇ ਪੁਰਬ ਤੋਂ ਕੁਝ ਦਿਨ ਪਹਿਲਾਂ, ਛੋਟੇ ਛੋਟੇ ਬੱਚੇ, ਟੋਲੀਆਂ ਬਣਾ ਕੇ, ਸੁਰੀਲੀ ਲੈਅ ਵਿੱਚ ਗੀਤ ਅਲਾਪਦੇ ਹੋਏ ਲੋਹੜੀ ਲਈ ਲੱਕੜਾਂ, ਗੋਹੇ ਤੇ ਢਿੰਗਰ ਆਦਿ ਇਕੱਠਾ ਕਰਦੇ ਹਨ। ਕਿਸੇ ਕਿਸੇ ਗੀਤ ਵਿੱਚ ਤਾਂ ਇਤਿਹਾਸ ਦਾ ਕੋਈ ਅੰਸ਼ ਵੀ ਉਸਲਵੱਟੇ ਲੈ ਰਿਹਾ ਹੈ। 'ਸੁੰਦਰ ਮੁੰਦਰੀਏ' ਗੀਤ ਵਿੱਚ ਦੁੱਲ੍ਹੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵਲ ਸੰਕੇਤ ਹੈ।

ਲੋਹੜੀ ਵਾਲੀ ਰਾਤ ਉਂਞ ਤਾਂ ਹਰ ਗਲੀ-ਮਹੱਲੇ ਵਿੱਚ ਹੀ ਲੋਹੜੀ ਬਾਲੀ ਜਾਂਦੀ ਹੈ, ਪਰ ਜਿਸ ਘਰ ਪੁੱਤਰ ਜੰਮਿਆ ਹੋਵੇ ਜਾਂ ਨਵਾਂ ਨਵਾਂ ਵਿਆਹ ਹੋਇਆ ਹੋਵੇ, ਉਹ, ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲੀ ਮਹੱਲੇ ਵਿੱਚ ਗੁੜ ਤੇ ਚਿੜਵੇ-ਰਿਓੜੀਆਂ ਵੰਡਦੇ ਹਨ।

ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ 'ਮਕਰ ਸੰਕ੍ਰਾਂਤੀ' ਵੀ ਕਿਹਾ ਜਾਂਦਾ ਹੈ। ਮੁਕਤਸਰ ਦਾ ਪ੍ਰਸਿਧ ਮੇਲਾ ਮਾਘੀ ਨੂੰ ਹੀ ਲਗਦਾ ਹੈ। ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਆਉਂਦਾ ਹੈ।

ਇਸ ਤਰ੍ਹਾਂ ਪੰਜਾਬ ਵਿੱਚ ਮੇਲਿਆਂ ਅਤੇ ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਤੁਰਦਾ ਰਹਿੰਦਾ ਹੈ।
 
Top