ਸੱਸ ਵੀ ਮਾਂ ਸਮਾਨ

http://punjabstar.ca/wp-content/uploads/Bride-Mother-in-Law.jpg

ਧੀਆਂ ਦੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦਿਆਂ ਹੀ ਮਾਪੇ ਉਨ੍ਹਾਂ ਦੇ ਵਿਆਹ ਸਬੰਧੀ ਫ਼ਿਕਰਮੰਦ ਹੁੰਦੇ ਦਿਖਾਈ ਦਿੰਦੇ ਹਨ। ਹਰ ਮਾਂ-ਬਾਪ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦੀ ‘ਲਾਡਲੀ’ ਨੂੰ ਸਹੁਰੇ ਘਰ ਜਾ ਕੇ ਕੋਈ ਔਖ ਤੇ ਕਮੀ-ਪੇਸ਼ੀ ਨਾ ਆਵੇ। ਉਹ ਸਹੁਰੇ ਘਰ ਜਾ ਕੇ ਰਾਜ ਕਰੇ। ਇਸੇ ਕਰਕੇ ਉਹ ਯਥਾਸ਼ਕਤੀ ਆਪਣੀ ਲਾਡਲੀ ਲਈ ਚੰਗੇ ਤੋਂ ਚੰਗੇ ਵਰ ਘਰ ਦੀ ਤਲਾਸ਼ ਕਰਦੇ ਹਨ।
ਦੂਜੇ ਪਾਸੇ ਉਨ੍ਹਾਂ ਤੋਂ ਵੀ ਵਧ ਕੇ ਚਾਅ ਲੜਕੇ ਦੇ ਮਾਤਾ-ਪਿਤਾ ਖਾਸ ਕਰਕੇ ਕੁੜੀ ਦੀ ਹੋਣ ਵਾਲੀ ‘ਸੱਸ’ ਨੂੰ ਹੁੰਦਾ ਹੈ। ਆਪਣੇ ਲਾਡਲੇ ਪੁੱਤ ਦੇ ਵਿਆਹ ਦੇ ਚਾਅ ਵਿੱਚ ਉਸ ਦੇ ਪੱਬ ਧਰਤੀ ’ਤੇ ਨਹੀਂ ਲੱਗਦੇ। ਆਪਣੀ ਜਾਨ ਤੋਂ ਵੱਧ ਪਿਆਰੇ ਪੁੱਤ-ਨੂੰਹ ਦੇ ਸਿਰ ਤੋਂ ਪਾਣੀ ਵਾਰ-ਵਾਰ ਕੇ ਪੀਂਦੀ ਹੈ। ਉਨ੍ਹਾਂ ਦੇ ਵਾਰੇ-ਵਾਰੇ ਜਾਂਦੀ ਹੈ। ਆਪਣੇ ਹੱਥੀਂ ਉਨ੍ਹਾਂ ਦੇ ਚਾਅ-ਲਾਡ ਕਰਦੀ ਹੈ। ਭਲਾ! ਅਜਿਹੀ ਕਿਹੜੀ ਸੱਸ ਹੋਵੇਗੀ ਜਿਹੜੀ ਆਪਣੇ ਸੌ-ਸੌ ਸੁੱਖਾਂ-ਲੱਧੇ ਪੁੱਤ ਦਾ ਘਰ ਵੱਸਦਾ ਦੇਖ ਕੇ ਖ਼ੁਸ਼ ਨਾ ਹੁੰਦੀ ਹੋਵੇਗੀ। ਵਿਆਹ ਤੋਂ ਕੁਝ ਚਿਰ ਬਾਅਦ ਤਕ ਤਾਂ ਸੱਸ-ਨੂੰਹ, ਘਿਓ-ਖਿਚੜੀ ਹੋ ਕੇ ਬੜੇ ਪ੍ਰੇਮ-ਪਿਆਰ ਨਾਲ ਰਹਿੰਦੀਆਂ ਹਨ ਪਰ ਕਈ ਵਾਰੀ ਛੇਤੀ ਹੀ ਸੱਸ-ਨੂੰਹ ਦੇ ਰਿਸ਼ਤੇ ਵਿੱਚ ਕੜਵਾਹਟ ਭਰਨੀ ਸ਼ੁਰੂ ਹੋ ਜਾਂਦੀ ਹੈ।
ਇਸ ਦਾ ਇੱਕ ਕਾਰਨ ਸਾਡੇ ਸਮਾਜ ਅੰਦਰ ਵਿਆਹ ਤੋਂ ਪਹਿਲਾਂ ਹੀ ਸੱਸਾਂ ਨੂੰ ਇੱਕ ‘ਹਊਆ’ ਜਿਹਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸ਼ਾਇਦ ਇਸੇ ਕਰਕੇ ਕੁੜੀਆਂ ਬੋਲੀਆਂ, ਗੀਤਾਂ ਵਿੱਚ ਜ਼ਿਆਦਾਤਰ ਸੱਸਾਂ ਦੀ ‘ਬਦਖੋਈ’ ਕਰਦੀਆਂ ਨਜ਼ਰ ਆਉਂਦੀਆਂ ਹਨ। ਜਿਵੇਂ
‘‘ਮਾਪਿਆਂ ਨੇ ਰੱਖੀ ਲਾਡਲੀ, ਅੱਗੋਂਂ ਸੱਸ ਬਘਿਆੜੀ ਟੱਕਰੀ।’’
‘‘ਤੇਰੀ ਆਈ ਮੈਂ ਮਰਜਾਂ, ਮੇਰੀ ਆਈ ਤੋਂ ਮਰੇ ਤੇਰੀ ਮਾਂ।’’
‘‘ਸੁੱਥਣੇ ਸੂਫ਼ ਦੀਏ ਤੈਨੂੰ ਸੱਸ ਦੇ ਮਰੀ ’ਤੇ ਪਾਵਾਂ।’’
ਸੱਸਾਂ ਸਬੰਧੀ ਇਹੋ ਜਿਹੀਆਂ ਕਹਾਵਤਾਂ ‘ਸੱਸ ਤਾਂ ਮਿੱਟੀ ਦੀ ਮਾਨ ਨਹੀਂ’ ਜਾਂ ਫਿਰ ਅੱਜ-ਕੱਲ੍ਹ ਕੁੜੀਆਂ ਮੂੰਹੋਂ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ:
‘ਜਾਂ ਤਾਂ ਸੱਸ ਚੰਗੀ ਹੋਵੇ, ਨਹੀਂ ਫੇਰ ਫੋਟੋ ਟੰਗੀ ਹੋਵੇ’।
ਆਖਰ ਸੱਸਾਂ ਵੀ ਤਾਂ ਕਿਸੇ ਦੀਆਂ ਮਾਵਾਂ ਹੁੰਦੀਆਂ ਹਨ। ਅਸੀਂ ਆਪਣੀਆਂ ਮਾਵਾਂ ਬਾਰੇ ਇਹੋ ਜਿਹੀਆਂ ਗੱਲਾਂ ਕਹਿਣਾ-ਸੁਣਨਾ ਤਾਂ ਦੂਰ, ਸੋਚ ਕੇ ਵੀ ਕੰਬ ਜਾਂਦੇ ਹਾਂ। ਸਹੁਰੇ ਘਰ ਵਿੱਚ ਸੱਸ ਵੀ ਤਾਂ ਮਾਂ ਸਮਾਨ ਹੁੰਦੀ ਹੈ। ਮਾਂ ਤੋਂ ਬਾਅਦ ‘ਸੱਸ ਮਾਂ’ ਹੀ ਹੁੰਦੀ ਹੈ, ਜੋ ਹਮੇਸ਼ਾਂ ਤੁਹਾਡਾ ਭਲਾ ਲੋੜਦੀ ਹੈ। ਸੱਸਾਂ ਆਪਣੇ ਜਵਾਨ ਪੁੱਤ ਨੂੰ ਪਾਲ-ਪਲੋਸ ਕੇ, ਪੜ੍ਹਾ-ਲਿਖਾ ਕੇ ਨੂੰਹਾਂ ਦੇ ਹਵਾਲੇ ਕਰ ਦਿੰਦੀਆਂ ਹਨ। ਉਨ੍ਹਾਂ ਨੇ ਤੀਲਾ-ਤੀਲਾ ਜੋੜ ਕੇ ਆਪਣੇ ਘਰ ਨੂੰ ਬੰਨ੍ਹਿਆ ਹੁੰਦਾ ਹੈ। ਫੇਰ ਉਹ ਆਪਣੀਆਂ ਨੂੰਹਾਂ ਨਾਲੋਂ ਵੱਧ ਤਜਰਬੇਕਾਰ ਹੁੰਦੀਆਂ ਹਨ। ਉਹ ਨੂੰਹਾਂ ਦੀ ਰਹਿਨੁਮਾਈ ਕਰਦੀਆਂ ਹਨ ਤੇ ਉਮਰ ਦਾ ਵੀ ਕੋਈ ਤਕਾਜ਼ਾ ਹੁੰਦਾ ਹੈ।
ਕਈ ਵਾਰੀ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਦੋਹਾਂ ਧਿਰਾਂ ਦੇ ਮਨਾਂ ਵਿੱਚ ਮੁਟਾਵ ਪੈਦਾ ਹੋ ਜਾਂਦਾ ਹੈ। ਆਪਣੇ ਕੰਮਾਂ ਵਿੱਚ ਸੱਸ ਦੀ ਬਹੁਤੀ ਦਖ਼ਲਅੰਦਾਜ਼ੀ ਨੂੰਹਾਂ ਨੂੰ ਪਸੰਦ ਨਹੀਂ ਹੁੰਦੀ। ਉਹ ਆਜ਼ਾਦੀ ਨਾਲ ਵਿਚਰਨਾ ਚਾਹੁੰਦੀਆਂ ਹਨ। ਕਈ ਵਾਰੀ ਉਹ ਸੱਸਾਂ ਨੂੰ ਆਪਣੀ ਆਜ਼ਾਦੀ ਵਿੱਚ ਰੁਕਾਵਟ ਸਮਝਣ ਲੱਗ ਜਾਂਦੀਆਂ ਹਨ। ਕਈ ਵਾਰੀ ਨੰੂਹਾਂ ਇਹ ਵੀ ਸੋਚਣ ਲੱਗ ਜਾਂਦੀਆਂ ਹਨ ਕਿ ਉਸ ਦਾ ਪਤੀ ਉਸ ਦੇ ਇਸ਼ਾਰਿਆਂ ’ਤੇ ਹੀ ਚੱਲੇ। ਦੂਜੇ ਪਾਸੇ ਸੱਸ ਆਪਣਾ ‘ਮਾਂ’ ਹੋਣ ਦਾ ਹੱਕ ਜਤਾਉਂਦੀ ਹੈ। ਪਤੀ ਵਿਚਾਰੇ ਦੀ ਜਾਨ ਦੋ ਪੁੜਾਂ ਵਿਚਕਾਰ ਆ ਕੇ ਟਿਕ ਜਾਂਦੀ ਹੈ। ਉਹ ਕਰੇ ਤਾਂ ਕੀ ਕਰੇ। ਜੇ ਮਾਂ ਦੀ ਮੰਨਦਾ ਹੈ ਤਾਂ ਮਾਂ ਦਾ ‘ਪਿੱਛਲੱਗੂ’ ਜੇ ਪਤਨੀ ਦੀ ਮੰਨਦਾ ਹੈ ਤਾਂ ‘ਜੋਰੂ ਦਾ ਗੁਲਾਮ’। ਬਸ ਇੱਥੋਂ ਹੀ ਘਰ ਵਿੱਚ ਤੰੂ-ਤੰੂ, ਮੈਂ-ਮੈਂ ਸ਼ੁਰੂ ਹੋ ਜਾਂਦੀ ਹੈ। ਚੰਗਾ-ਭਲਾ, ਸ਼ਾਂਤੀ ਭਰਿਆ ਮਾਹੌਲ ਕੁੜੱਤਣ ਨਾਲ ਭਰ ਜਾਂਦਾ ਹੈ। ਘਰ ਵਿੱਚ ਕਲੇਸ਼ ਦੀ ਸ਼ੁਰੂਆਤ ਹੋ ਜਾਂਦੀ ਹੈ। ਕਈ ਵਾਰੀ ਤਾਂ ਇੱਕ-ਦੂਜੇ ਦੇ ਸਾਹਾਂ ਵਿੱਚ ਸਾਹ ਲੈਣ ਵਾਲੇ ਪਰਿਵਾਰ ਦੇ ਮੈਂਬਰਾਂ ਵਿੱਚ ਦੂਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਹੋ ਜਿਹੀ ਸਥਿਤੀ ਤੋਂ ਬਚਣ ਲਈ ਕਈ ਪਤੀਆਂ ਦੀ ਭੂਮਿਕਾ ਬੜੀ ਅਹਿਮ ਹੋ ਨਿੱਬੜਦੀ ਹੈ। ਉਹ ਆਪਣੀ ਮਾਂ ਦਾ ਵੀ ਮਾਣ ਰੱਖ ਲੈਂਦੇ ਹਨ। ਪਤਨੀਆਂ ਨੂੰ ਵੀ ਸਮਝਾ ਦਿੰਦੇ ਹਨ। ਉਹ ਬੜੀ ਸਮਝਦਾਰੀ ਨਾਲ ਨੰੂਹ-ਸੱਸ ਵਿੱਚ ਕੜੀ ਦਾ ਕੰਮ ਕਰਦੇ ਹਨ। ਦੋਵਾਂ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ। ਕਿਸੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਦੇ। ਭਾਵੇਂ ਕਿ ਅੱਜ ਦੀਆਂ ਨੰੂਹਾਂ ਤੇ ਸੱਸਾਂ ਵੀ ਪੜ੍ਹੀਆਂ ਲਿਖੀਆਂ ਹਨ, ਉਹ ਮੌਕੇ ਦੀ ਨਜ਼ਾਕਤ ਨੂੰ ਪਛਾਣਦੀਆਂ ਹਨ ਤੇ ਛੇਤੀ ਕਿਤੇ ਆਪਣੇ ਘਰ-ਪਰਿਵਾਰ ਨੂੰ ਬਿਖਰਨ ਨਹੀਂ ਦਿੰਦੀਆਂ।
ਲੜਕੀ ਨੂੰ ਆਪਣੇ ਮਾਪਿਆਂ ਵੱਲੋਂ ਵਿਰਸੇ ਵਿੱਚ ਮਿਲੀ ਚੰਗੀ ਸਿੱਖਿਆ ਵੀ ਘਰ-ਪਰਿਵਾਰ ਨੂੰ ਜੋੜ ਕੇ ਰੱਖਣ ਵਿੱਚ ਬੜੀ ਸਹਾਈ ਹੁੰਦੀ ਹੈ। ਸੱਸ-ਨੂੰਹ ਵਿੱਚ ਪੀੜ੍ਹੀ-ਪਾੜਾ ਵੀ ਹੁੰਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਦੋਂ ਵੀ ਰਹੇਗਾ, ਜਦੋਂ ਅੱਜ ਦੀਆਂ ‘ਨੂੰਹਾਂ’ ਕੱਲ੍ਹ ਦੀਆਂ ‘ਸੱਸਾਂ’ ਬਣਨਗੀਆਂ।
ਸੱਸ-ਮਾਵਾਂ ਨੂੰ ਵੀ ਇਹ ਗੱਲ ਨਹੀਂ ਵਿਸਾਰਨੀ ਚਾਹੀਦੀ ਕਿ ਨੂੰਹ ਨੇ ਹੀ ਕੱਲ੍ਹ ਨੂੰ ਇਸ ਘਰ ਦੀ ਮਾਲਕਣ ਬਣਨਾ ਹੈ, ਤੇ ਬੁਢਾਪੇ ਦਾ ਸਹਾਰਾ ਵੀ। ਇਸ ਲਈ ਜੇ ਇੱਕ-ਦੂਜੇ ਪ੍ਰਤੀ ਸਕਾਰਾਤਮਕ ਸੋਚ ਅਪਣਾ ਕੇ ਸੱਸਾਂ-ਨੂੰਹਾਂ, ਮਾਵਾਂ-ਧੀਆਂ ਦੀ ਤਰ੍ਹਾਂ ਰਲ-ਮਿਲ ਕੇ, ਪਿਆਰ ਨਾਲ ਰਹਿਣ ਤਾਂ ਜਿੱਥੇ ਪਰਿਵਾਰ ਦੀ ਸ਼ੋਭਾ ਤਾਂ ਵਧੇਗੀ ਹੀ, ਉੱਥੇ ਘਰਾਂ ਦੇ ਵੀ ਵਾਰੇ-ਨਿਆਰੇ ਹੋ ਜਾਂਦੇ ਹਨ। ਸੋ ਆਓ! ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਆਪਣੀਆਂ ਮਾਵਾਂ ਸਮਾਨ ਸੱਸਾਂ ਤੋਂ ਆਸ਼ੀਰਵਾਦ ਪ੍ਰਾਪਤ ਕਰੀਏ ਤਾਂ ਹੀ ਸਾਡੇ ਘਰਾਂ ਨੂੰ ਭਾਗ ਲੱਗਣਗੇ।
 
Top