ਡੋਲੀ ਤੋਰਨ ਦੀ ਰਸਮ

ਭਾਰਤੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ। ਇਹ ਆਪਣੇ ਅੰਦਰ ਅਨੇਕਾਂ ਰਸਮਾਂ, ਰੀਤੀ-ਰਿਵਾਜਾਂ ਨੂੰ ਸਮੋਈ ਬੈਠਾ ਹੈ। ਸਾਡੇ ਸੱਭਿਆਚਾਰ ਵਿੱਚ ਜਨਮ ਤੋਂ ਲੈ ਕੇ ਮਰਨ ਤਕ ਦੇ ਸਫ਼ਰ ਨਾਲ ਸਬੰਧਤ ਅਨੇਕਾਂ ਰਸਮਾਂ, ਰੀਤੀ-ਰਿਵਾਜ ਹਨ। ਜ਼ਿੰਦਗੀ ਦੇ ਇਸ ਸਫ਼ਰ ਦਾ ਇੱਕ ਖ਼ੂਬਸੂਰਤ ਪੜਾਅ ਹੈ- ਵਿਆਹ। ਪੁਰਾਣੇ ਸਮੇਂ ਵਿੱਚ ਵਿਆਹ ਕਈ-ਕਈ ਦਿਨ ਚਲਦੇ ਸਨ ਪਰ ਵਰਤਮਾਨ ਸਮੇਂ ਵਿੱਚ ਵਿਆਹਾਂ ਦਾ ਸਰੂਪ ਬਿਲਕੁਲ ਬਦਲ ਗਿਆ ਹੈ। ਸਾਡੇ ਸਮਾਜ ਵਿੱਚ ਵਿਆਹ ਸਮੇਂ ਅਨੇਕਾਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਜਿਵੇਂ ਆਟੇ ਪਾਣੀ ਪਾਉਣਾ, ਵਟਣਾ ਮਲਣਾ, ਨ੍ਹਾਈ-ਧੋਈ ਦੀ ਰਸਮ, ਨਾਨਕ ਸ਼ੱਕ, ਜਾਗੋ, ਸਿਹਰਾਬੰਦੀ, ਸੁਰਮਾ ਪਾਉਣਾ, ਰਿਬਨ ਕਟਵਾਉਣਾ, ਮਿਲਣੀ ਕਰਨੀ, ਆਨੰਦ ਕਾਰਜ ਦੀ ਰਸਮ, ਡੋਲੀ ਤੋਰਨਾ ਅਤੇ ਪਾਣੀ ਵਾਰਨਾ ਆਦਿ। ਇਨ੍ਹਾਂ ਤੋਂ ਇਲਾਵਾ ਅਨੇਕਾਂ ਹੋਰ ਛੋਟੀਆਂ-ਛੋਟੀਆਂ ਰਸਮਾਂ ਹਨ ਜੋ ਅਜੋਕੇ ਯੁੱਗ ਵਿੱਚ ਲੋਪ ਹੁੰਦੀਆਂ ਜਾ ਰਹੀਆਂ ਹਨ। ਵਿਆਹ ਦੀਆਂ ਇਨ੍ਹਾਂ ਰਸਮਾਂ ਵਿੱਚੋਂ ਇੱਕ ਮਹੱਤਵਪੂਰਨ ਰਸਮ ਹੈ ਡੋਲੀ ਤੋਰਨ ਦੀ। ਜਦੋਂ ਵਿਆਹ ਦੀ ਸਮਾਪਤੀ ਤੋਂ ਬਾਅਦ ਧੀ ਦੀ ਡੋਲੀ ਤੋਰੀ ਜਾਂਦੀ ਹੈ ਤਾਂ ਘਰ ਦੀਆਂ ਕੰਧਾਂ ਵੀ ਰੋਂਦੀਆਂ ਹਨ। ਕਿੱਡਾ ਵੱਡਾ ਜਿਗਰਾ ਹੁੰਦਾ ਹੈ ਉਸ ਪਿਓ ਦਾ ਜੋ ਆਪਣੇ ਜਿਗਰ ਦਾ ਟੋਟਾ ਦੂਜੇ ਨੂੰ ਸੌਂਪ ਦਿੰਦਾ ਹੈ। ਕਿੰਨਾ ਹੌਸਲਾ ਹੁੰਦਾ ਹੈ ਉਸ ਮਾਂ ਦਾ ਜੋ ਆਪਣੀ ਲਾਡਲੀ ਨੂੰ ਬੇਗਾਨੇ ਹੱਥੀਂ ਸੌਂਪਦੀ ਹੈ ਪਰ ਇਹ ਤਾਂ ਜੱਗ ਦੀ ਰੀਤ ਹੈ ਕਿ ਧੀਆਂ ਨੂੰ ਪਰਾਇਆ ਧਨ ਹੀ ਸਮਝਿਆ ਜਾਂਦਾ ਹੈ ਤੇ ਧੀ ਦੇ ਹੱਥ ਪੀਲੇ ਕਰਕੇ, ਉਨ੍ਹਾਂ ਦੀ ਡੋਲੀ ਤੋਰ ਕੇ ਹੀ ਮਾਪਿਆਂ ਨੂੰ ਚੈਨ ਮਿਲਦਾ ਹੈ। ਅੱਜ ਦੁਨੀਆਂ ਨੇ ਚਾਹੇ ਜਿੰਨੀ ਵੀ ਤਰੱਕੀ ਕੀਤੀ ਹੈ ਪਰ ਧੀਆਂ ਦੇ ਵਿਆਹ ਪ੍ਰਤੀ ਅੱਜ ਵੀ ਉਨ੍ਹਾਂ ਦੀ ਸੋਚ ਓਨੀ ਹੀ ਪੁਰਾਣੀ ਹੈ।
ਪੁਰਾਣੇ ਸਮੇਂ ਵਿੱਚ ਵਿਆਹ ਘਰਾਂ ਵਿੱਚ ਕੀਤੇ ਜਾਂਦੇ ਸਨ ਅਤੇ ਧੀਆਂ ਦੀ ਡੋਲੀ ਘਰੋਂ ਵਿਦਾ ਕੀਤੀ ਜਾਂਦੀ ਸੀ ਪਰ ਹੁਣ ਵਿਆਹ ਘਰ ਦੀ ਬਜਾਏ ਮੈਰਿਜ ਪੈਲੇਸਾਂ ਵਿੱਚ ਕੀਤੇ ਜਾਂਦੇ ਹਨ ਅਤੇ ਧੀਆਂ ਦੀ ਡੋਲੀ ਵੀ ਆਮ ਤੌਰ ’ਤੇ ਮੈਰਿਜ ਪੈਲੇਸ ਵਿੱਚੋਂ ਹੀ ਵਿਦਾ ਕਰ ਦਿੱਤੀ ਜਾਂਦੀ ਹੈ। ਪਹਿਲਾਂ ਧੀਆਂ ਨੂੰ ਡੋਲੀ ਵਿੱਚ ਵਿਦਾ ਕੀਤਾ ਜਾਂਦਾ ਸੀ ਪਰ ਅੱਜ ਡੋਲੀ ਦੀ ਜਗ੍ਹਾ ਕਾਰਾਂ ਨੇ ਲੈ ਲਈ ਹੈ। ਧੀ ਦੀ ਡੋਲੀ ਤੋਰਨ ਲਈ ਸ਼ਰੀਕੇ ਦੇ ਸਾਰੇ ਲੋਕ, ਰਿਸ਼ਤੇਦਾਰ, ਸੱਜਣ-ਮਿੱਤਰ ਇਕੱਠੇ ਹੁੰਦੇ ਸਨ ਜੋ ਕਿ ਧੀ ਨੂੰ ਪਿਆਰ ਤੇ ਅਸੀਸਾਂ ਦਿੰਦੇ ਸਨ ਅਤੇ ਮਾਪਿਆਂ ਨੂੰ ਦਿਲਾਸਾ ਦਿੰਦੇ ਸਨ। ਡੋਲੀ ਤੁਰਨ ਸਮੇਂ ਸਾਕ-ਸਬੰਧੀਆਂ ਵੱਲੋਂ ਨਵ-ਵਿਆਹੀ ਜੋੜੀ ਨੂੰ ਸ਼ਗਨ ਦਿੱਤਾ ਜਾਂਦਾ ਸੀ। ਧੀ ਦੀ ਮਾਂ ਜਾਂ ਪਰਿਵਾਰ ਦੀ ਕੋਈ ਬਜ਼ੁਰਗ ਔਰਤ ਨਵ-ਵਿਆਹੀ ਜੋੜੀ ਨੂੰ ਸ਼ਗਨ ਦਿੰਦੀ ਹੈ ਅਤੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੀ ਹੈ। ਉਸ ਤੋਂ ਬਾਅਦ ਧੀ ਜਾਂਦੇ ਸਮੇਂ ਆਪਣੇ ਬਾਬੁਲ ਦੇ ਘਰ ਵਿੱਚ ਚੌਲਾਂ ਦਾ ਛਿੱਟਾ ਦਿੰਦੀ ਹੋਈ ਜਾਂਦੀ ਹੈ ਤਾਂ ਕਿ ਉਸ ਦੇ ਬਾਬਲ ਦਾ ਘਰ, ਉਸ ਦੇ ਵੀਰਾਂ ਦਾ ਸੰਸਾਰ ਉਸੇ ਤਰ੍ਹਾਂ ਹਰਿਆ-ਭਰਿਆ ਅਤੇ ਹੱਸਦਾ-ਵੱਸਦਾ ਰਹੇ। ਵੀਰ ਵੀ ਡੋਲੀ ਵਾਲੀ ਕਾਰ ਨੂੰ ਧੱਕਾ ਲਾ ਕੇ ਆਪਣੀ ਲਾਡਲੀ ਭੈਣ ਨੂੰ ਵਿਦਾ ਕਰਦੇ ਹਨ। ਡੋਲੀ ਤੁਰਨ ਸਮੇਂ ਧੀ ਰੋ-ਰੋ ਕੇ ਮਾਂ ਅੱਗੇ ਉਸ ਨੂੰ ਇੱਕ ਦਿਨ ਹੋਰ ਰੱਖਣ ਲਈ ਵਾਸਤੇ ਪਾਉਂਦੀ ਆਖਦੀ ਹੈ:
‘‘ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਂ
ਰਹਾਂ ਬਾਪ ਦੀ ਮੈਂ ਬਣ ਕੇ ਗੋਲੀ ਨੀਂ ਮਾਂ’’

ਇਸ ਦੇ ਜਵਾਬ ਵਿੱਚ ਮਾਂ, ਧੀ ਨੂੰ ਆਖਦੀ ਹੈ:
‘‘ਡੋਲੀ ਦਾ ਵਾਣ ਪੁਰਾਣਾ ਨੀਂ
ਨਾ ਰੋ ਧੀਏ
ਧੀਆਂ ਧਨ ਬੇਗਾਨਾ ਨੀਂ
ਤੇਰੀ ਡੋਲੀ ਨੂੰ ਲੱਗੜੇ ਤੀਰ ਨੀਂ
ਤੈਨੂੰ ਵਿਦਾ ਕਰੇਂਦੇ ਤੇਰੇ ਵੀਰ ਨੀਂ।’’

ਇਸੇ ਤਰ੍ਹਾਂ ਧੀ ਆਪਣੇ ਬਾਬਲ ਅੱਗੇ ਫਰਿਆਦ ਕਰਦੀ ਹੈ ਕਿ ਉਹ ਉਸ ਨੂੰ ਆਪਣੇ ਘਰ ਵਿੱਚ ਰੱਖ ਲਵੇ ਪਰ ਬਾਬਲ ਸਮਾਜਿਕ ਬੰਦਸ਼ਾਂ ਅਤੇ ਰੀਤੀ-ਰਿਵਾਜਾਂ ਤੋਂ ਮਜਬੂਰ ਧੀ ਨੂੰ ਆਪਣੇ ਘਰ ਜਾਣ ਲਈ ਕਹਿੰਦਾ ਹੈ। ਧੀ ਬਾਬਲ ਨੂੰ ਵਾਸਤਾ ਪਾਉਂਦੀ ਹੈ ਕਿ ਉਸ ਤੋਂ ਬਾਅਦ ਉਸ ਦੇ ਘਰ ਵਿੱਚ ਕੌਣ ਗੁੱਡੀਆਂ ਖੇਡੇਗਾ ਤਾਂ ਬਾਬਲ ਆਖਦਾ ਹੈ ਕਿ ਉਸ ਦੇ ਘਰ ਵਿੱਚ ਹੁਣ ਉਸ ਦੀਆਂ ਪੋਤਰੀਆਂ ਗੁੱਡੀਆਂ ਖੇਡਣਗੀਆਂ ਪਰ ਧੀਏ ਤੂੰ ਆਪਣੇ ਘਰ ਜਾ।
‘‘ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ ਜਾਣਾ
ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ
ਬਾਬਲ ਡੋਲਾ ਨਹੀਂ ਲੰਘਦਾ
ਇੱਕ ਇੱਟ ਪੁਟਾ ਦੇਵਾਂ
ਧੀਏ ਘਰ ਜਾ ਆਪਣੇ
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ
ਬਾਬਲ ਗੁੱਡੀਆਂ ਕੌਣ ਖੇਡੂ
ਮੇਰੀਆਂ ਖੇਡਣ ਪੋਤਰੀਆਂ
ਧੀਏ ਘਰ ਜਾ ਆਪਣੇ।’’

ਇਸੇ ਤਰ੍ਹਾਂ ਜਦੋਂ ਧੀ ਨੂੰ ਡੋਲੀ ਬਿਠਾਇਆ ਜਾਂਦਾ ਹੈ ਅਤੇ ਧੀ ਰੋਂਦੀ-ਕੁਰਲਾਉਂਦੀ ਹੈ ਤਾਂ ਸਾਕ-ਸਬੰਧੀ ਧੀ ਨੂੰ ਦਿਲਾਸਾ ਦਿੰਦੇ ਹਨ ਅਤੇ ਉਸ ਦੀ ਝੋਲੀ ਅਸੀਸਾਂ ਨਾਲ ਭਰ ਦਿੰਦੇ ਹਨ। ਜਿਵੇਂ ਕਿਹਾ ਜਾਂਦਾ ਹੈ:
‘‘ਨਾ ਰੋ ਬੀਬੀ ਗੌਰਜਾ
ਕੋਈ ਗੁਝੜੇ ਰੋਣੇ ਨਾ ਰੋ
ਮਾਪਿਆਂ ਡੋਲੀ ਪਾ ਦਿੱਤੀ
ਤੂੰ ਤਾਂ ਬੁੱਢ ਸੁਹਾਗਣ ਹੋ।’’

ਇਸੇ ਤਰ੍ਹਾਂ ਕਿਹਾ ਜਾਂਦਾ ਹੈ:
‘‘ਲਾਲ ਭੈਣੇ ਤੇਰੇ ਕੱਪੜੇ
ਕਾਲੇ ਤੇਰੇ ਕੇਸ
ਮਾਪਿਆਂ ਨੇ ਡੋਲੇ ਪਾ ਦਿੱਤੀ
ਕੋਈ ਖਾਈ ਆਪਣੇ ਲੇਖ।’’

ਸਾਡੇ ਸਮਾਜ ਦੀ ਇੱਕ ਧਾਰਨਾ ਹੈ ਕਿ ਸਭ ਤੋਂ ਵੱਡਾ ਦਾਨ ਧੀ ਦਾ ਹੁੰਦਾ ਹੈ ਜਿਸ ਨੇ ਧੀ ਦੇ ਦਿੱਤੀ ਸਮਝੋ, ਉਸ ਨੇ ਆਪਣਾ ਸਭ ਕੁਝ ਦੇ ਦਿੱਤਾ ਪਰ ਪੈਸੇ ਦੀ ਲੋਭੀ ਦੁਨੀਆਂ ਤਾਂ ਧੀਆਂ ਦੀ ਬਜਾਏ ਧਨ-ਦੌਲਤ ਅਤੇ ਦਾਜ ਨੂੰ ਜ਼ਿਆਦਾ ਮਹੱਤਵ ਦਿੰਦੀ ਹੈ। ਧੀਆਂ ਦੇ ਮਾਪੇ ਤਾਂ ਸਾਰੀ ਉਮਰ ਮੁੰਡੇ ਵਾਲਿਆਂ ਅੱਗੇ ਝੁਕੇ ਹੀ ਰਹਿੰਦੇ ਹਨ। ਡੋਲੀ ਤੋਰਨ ਲੱਗਿਆਂ ਵੀ ਧੀ ਦਾ ਪਿਉ ਆਪਣੇ ਕੁੜਮ ਅੱਗੇ ਬੇਨਤੀ ਕਰਦਾ ਹੈ ਕਿ ਉਹ ਉਨ੍ਹਾਂ ਦੁਆਰਾ ਦਿੱਤੇ ਕੱਪੜੇ, ਗਹਿਣਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੁਆਰਾ ਦਿੱਤੀ ਤਿਲਫੁਲ ਭੇਟਾ ਨੂੰ ਸਵੀਕਾਰ ਕਰ ਲੈਣ ਅਤੇ ਉਨ੍ਹਾਂ ਦੀ ਧੀ ਨੂੰ ਸਹੁਰੇ ਪਰਿਵਾਰ ਵਿੱਚ ਪੂਰਾ ਮਾਣ ਬਖ਼ਸ਼ਣ।
‘‘ਸੁਣਿਓ ਵੇ ਸੁਣਿਓ ਨਵਿਓਂ ਕੁੜਮੋ
ਅਰਜ਼ ਬੰਦੀ ਦੀ ਸੁਣਿਓ ਜੀ
ਜੋ ਅਸੀਂ ਦਿੱਤੀਆਂ ਪਾਟੀਆਂ ਲੀਰਾਂ
ਰੇਸ਼ਮ ਕਰਕੇ ਜਾਣਿਓ ਜੀ
ਜੋ ਅਸੀਂ ਦਿੱਤੇ ਚਾਂਦੀ ਦੇ ਗਹਿਣੇ
ਸੋਨਾ ਕਰਕੇ ਜਾਣਿਓ ਜੀ’’

ਅੱਗੇ ਜੇ ਕੁੜਮ ਵੀ ਸੂਝ-ਸਿਆਣਪ ਵਾਲਾ ਹੋਵੇ ਤਾਂ ਉਹ ਆਪਣੇ ਕੁੜਮ ਨੂੰ ਦਿਲਾਸਾ ਦਿੰਦਾ ਹੈ:
‘‘ਸਾਡਾ ਅੰਦਰ ਵੀ ਭਰਿਆ
ਸਾਡਾ ਬਾਹਰ ਵੀ ਭਰਿਆ
ਕੁੜਮ ਰਾਜਿਓ ਜੀ
ਸਾਡਾ ਭਰਿਆ ਪੱਖ ਪਰਿਵਾਰ
ਹੋ ਜੇ ਧੀ ਜੁ ਦਿੱਤੀ ਤੁਸਾਂ ਡਾਹਢੀ ਸੋਹਣੀ
ਸਾਡੇ ਘਰ ਦਾ ਹੋਇਆ ਸ਼ਿੰਗਾਰ
ਹੋ ਸਾਈ ਵਸਦੇ ਰਹੋ।’’

ਧੀਆਂ ਤਾਂ ਅਸਲ ਵਿੱਚ ਹਨ ਹੀ ਚਿੜੀਆਂ, ਜਿਨ੍ਹਾਂ ਨੇ ਇੱਕ ਨਾ ਇੱਕ ਦਿਨ ਉਡਾਰੀ ਮਾਰਨੀ ਹੀ ਹੁੰਦੀ ਹੈ। ਧੀਆਂ ਨੂੰ ਤਾਂ ਰਾਜੇ-ਰਜਵਾੜੇ ਵੀ ਘਰ ਨਹੀਂ ਰੱਖ ਸਕਦੇ। ਧੀ ਦੇ ਮਾਪਿਆਂ ਦੀ ਚਿੰਤਾ ਉਸ ਨੂੰ ਸਹੁਰੇ ਘਰ ਤੋਰ ਕੇ ਹੀ ਖ਼ਤਮ ਹੁੰਦੀ ਹੈ। ਹਾਲਾਂਕਿ ਧੀ ਕਦੇ ਵੀ ਆਪਣੇ ਬਾਬਲ ਦਾ ਘਰ ਛੱਡਣਾ ਨਹੀਂ ਚਾਹੁੰਦੀ। ਉਹ ਨਹੀਂ ਚਾਹੁੰਦੀ ਕਿ ਉਹ ਕਦੀ ਵੀ ਉਸ ਸਵਰਗ ਤੋਂ ਦੂਰ ਜਾਵੇ ਜਿੱਥੇ ਉਸ ਦਾ ਬਚਪਨ ਬੀਤਿਆ, ਜਿੱਥੇ ਉਸ ਨੂੰ ਜਵਾਨੀ ਚੜ੍ਹੀ ਹੋਵੇ ਅਤੇ ਜਿੱਥੇ ਉਸ ਨੇ ਜ਼ਿੰਦਗੀ ਦੇ ਦੁੱਖ-ਸੁਖ ਬਿਤਾਏ ਹੋਣ:
‘‘ਕਾਹਨੂੰ ਕਰਨਾ ਗੁਮਾਨ ਬਾਬਲਾ
ਵੇ ਧੀਆਂ ਪਰਦੇਸਣਾਂ
ਕਾਹਨੂੰ ਹੋਈਆਂ ਸੀ ਜਵਾਨ ਬਾਬਲਾ
ਵੇ ਧੀਆਂ ਪਰਦੇਸਣਾਂ।’’

ਭਾਵੇਂ ਵਰਤਮਾਨ ਸਮੇਂ ਵਿਆਹਾਂ ਦਾ ਸਰੂਪ ਬਦਲ ਗਿਆ ਹੈ ਪਰ ਡੋਲੀ ਤੁਰਨ ਸਮੇਂ ਜੋ ਦਰਦ ਕੱਲ੍ਹ ਹੁੰਦਾ ਸੀ, ਉਹੀ ਅੱਜ ਹੁੰਦਾ ਹੈ। ਸੱਚਮੁੱਚ ਕਿੰਨਾ ਵੱਡਾ ਜਿਗਰਾ ਹੈ ਉਨ੍ਹਾਂ ਮਾਪਿਆਂ ਦਾ ਜੋ ਆਪਣੇ ਹੱਥੀਂ ਪਾਲ਼ੀਆਂ ਧੀਆਂ ਨੂੰ ਬੇਗਾਨੇ ਹੱਥੀਂ ਸੌਂਪਦੇ ਹਨ। ਸੱਚਮੁੱਚ ਕਿੰਨਾ ਵੱਡਾ ਜਿਗਰਾ ਹੈ ਇਨ੍ਹਾਂ ਮਾਸੂਮ ਕੁੜੀਆਂ-ਚਿੜੀਆਂ ਦਾ, ਜੋ ਆਪਣੀ ਵਸੀ-ਵਸਾਈ ਦੁਨੀਆਂ ਛੱਡ ਕੇ ਇੱਕ ਨਵੀਂ ਦੁਨੀਆਂ ਨੂੰ ਅਪਣਾਉਂਦੀਆਂ ਹਨ ਅਤੇ ਉਸ ਦੁਨੀਆਂ ਨੂੰ ਸਵਰਗ ਬਣਾਉਣ ਲਈ ਆਪਣਾ ਆਪਾ ਵਾਰ ਦਿੰਦੀਆਂ ਹਨ।


-ਜਸਪ੍ਰੀਤ ਕੌਰ ਸੰਘਾ
 
Top